ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ

ਸੁਖਦੇਵ ਮਾਦਪੁਰੀ
ਫੋਨ: 91-94630-34472
ਸ਼ਹੀਦੀ ਜੋੜ ਮੇਲਿਆਂ ਦਾ ਪੰਜਾਬ ਦੇ ਲੋਕ ਜੀਵਨ ਵਿਚ ਅਹਿਮ ਸਥਾਨ ਹੈ| ਇਹ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖ ਜਗਤ ਲਈ ਇਤਿਹਾਸਕ, ਧਾਰਮਕ ਅਤੇ ਸਭਿਆਚਾਰਕ ਮਹੱਤਤਾ ਰੱਖਦੇ ਹਨ| ਇਹ ਸ਼ਹੀਦੀ ਜੋੜ ਮੇਲੇ ਪੋਹ ਦੇ ਮਹੀਨੇ ਵਿਚ ਹਰ ਵਰ੍ਹੇ ਚਮਕੌਰ ਸਾਹਿਬ ਵਿਖੇ 6, 7, 8 ਪੋਹ ਨੂੰ ਅਤੇ ਫਤਹਿਗੜ੍ਹ ਸਾਹਿਬ ਵਿਖੇ 11, 12 ਅਤੇ 13 ਪੋਹ ਨੂੰ ਸ਼ਰਧਾ ਭਾਵਨਾ ਨਾਲ ਬੜੇ ਉਤਸ਼ਾਹ ਅਤੇ ਉਮਾਹ ਨਾਲ ਮਨਾਏ ਜਾਂਦੇ ਹਨ। ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ਼ਾਮਿਲ ਹੋ ਕੇ ਇਨ੍ਹਾਂ ਸਥਾਨਾਂ ‘ਤੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਚੇਤੇ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ|

ਸਿੱਖ ਜਗਤ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ‘ਸੱਚਾ ਪਾਤਸ਼ਾਹ’ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਇਸ ਕਰਕੇ ਉਨ੍ਹਾਂ ਦੇ ਚਾਰੇ ਸਪੁੱਤਰਾਂ ਨੂੰ ਆਦਰ ਵਜੋਂ ਸਿੱਖ ਸੰਗਤਾਂ ‘ਚਾਰ ਸਾਹਿਬਜ਼ਾਦਿਆਂ’ ਦੇ ਨਾਂ ਨਾਲ ਯਾਦ ਕਰਦੀਆਂ ਹਨ। ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ-ਦੋਵੇਂ ਇੱਕੋ ਦਿਨ ਸ਼ਹੀਦ ਹੋਏ, ਇਸ ਕਰਕੇ ਇਨ੍ਹਾਂ ਨੂੰ ‘ਵੱਡੇ ਸਾਹਿਬਜ਼ਾਦੇ’ ਆਖਿਆ ਜਾਂਦਾ ਹੈ| ਇਸੇ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ-ਦੋਹਾਂ ਨੂੰ ਇੱਕੋ ਦਿਨ ਸ਼ਹੀਦ ਕੀਤਾ ਗਿਆ ਸੀ| ਇਸ ਲਈ ਇਨ੍ਹਾਂ ਨੂੰ ‘ਛੋਟੇ ਸਾਹਿਬਜ਼ਾਦੇ’ ਆਖਦੇ ਹਨ| ਇਨ੍ਹਾਂ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਇਨ੍ਹਾਂ ਦਾ ਨਾਂ ਅਰਦਾਸ ਵਿਚ ਵੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਸ਼ਹਿਨਸ਼ਾਹਾਂ ਵਾਂਗ ਰਹਿ ਰਹੇ ਸਨ| ਉਨ੍ਹਾਂ ਦਾ ਤੇਜ਼ ਪ੍ਰਤਾਪ ਆਏ ਦਿਨ ਵੱਧ ਰਿਹਾ ਸੀ| ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਉਨ੍ਹਾਂ ਦੇ ਦਰਬਾਰ ਵਿਚ ਸ਼ਾਮਿਲ ਹੋ ਰਹੇ ਸਨ| ਪਹਾੜੀ ਰਾਜੇ ਉਨ੍ਹਾਂ ਦੀ ਵੱਧ ਰਹੀ ਤਾਕਤ ਤੋਂ ਖਾਰ ਖਾ ਰਹੇ ਸਨ| ਉਨ੍ਹਾਂ ਮੁਗਲ ਸਰਕਾਰ ਨੂੰ ਵੀ ਇਨ੍ਹਾਂ ਵਿਰੁਧ ਭੜਕਾ ਦਿੱਤਾ| ਔਰੰਗਜ਼ੇਬ ਨੇ ਸੂਬਾ ਲਾਹੌਰ ਅਤੇ ਸੂਬਾ ਸਰਹਿੰਦ ਨੂੰ ਗੁਰੂ ਜੀ ਵਿਰੁਧ ਲੜਨ ਲਈ ਪਹਾੜੀ ਰਾਜਿਆਂ ਦੀ ਮਦਦ ਲਈ ਭੇਜਿਆ| ਕਈ ਯੁੱਧ ਹੋਏ| ਖਾਲਸਾਈ ਫੌਜਾਂ ਬੜੀ ਬਹਾਦਰੀ ਨਾਲ ਲੜੀਆਂ| ਆਖਰ ਅਨੰਦਗੜ੍ਹ ਦੇ ਕਿਲੇ ਨੂੰ ਮੁਗਲ ਫੌਜਾਂ ਨੇ ਘੇਰਾ ਪਾ ਲਿਆ| ਬਾਹਰੋਂ ਕਿਲੇ ਨੂੰ ਰਸਦ ਆਦਿ ਜਾਣੀ ਬੰਦ ਹੋ ਗਈ| ਅੱਠ ਮਹੀਨੇ ਘੇਰਾ ਪਿਆ ਰਿਹਾ| ਹੁਣ ਸਿੱਖਾਂ ਲਈ ਬਹੁਤ ਦੇਰ ਲਈ ਕਿਲੇ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਸੀ| ਔਰੰਗਜ਼ੇਬ ਨੇ ਆਪਣੇ ਦਸਤਖਤਾਂ ਹੇਠ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਲਿਖ ਭੇਜੀ ਕਿ ਜੇ ਉਹ ਕਿਲਾ ਖਾਲੀ ਕਰਕੇ ਅਨੰਦਪੁਰ ਛੱਡ ਜਾਣ ਤਾਂ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ|
ਮਾਤਾ ਗੁਜਰੀ ਅਤੇ ਸਿੱਖਾਂ ਦੇ ਜ਼ੋਰ ਦੇਣ ‘ਤੇ ਆਖਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ੍ਹ ਦਾ ਕਿਲਾ ਛੱਡਣ ਦਾ ਫੈਸਲਾ ਕਰ ਲਿਆ| 21-22 ਦਸੰਬਰ 1704 ਈਸਵੀ ਦੀ ਰਾਤ ਨੂੰ ਗੁਰੂ ਜੀ ਆਪਣੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ ਅਤੇ ਹੋਰਨਾਂ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਛੱਡ ਕੇ ਰੋਪੜ ਵੱਲ ਨੂੰ ਚਲੇ ਗਏ|
ਜਦ ਮੁਗਲ ਫੌਜਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ| ਸਰਸਾ ਨਦੀ ਦੇ ਕੰਢੇ ਦੋਹਾਂ ਫੌਜਾਂ ਦਾ ਭਿਆਨਕ ਯੁੱਧ ਹੋਇਆ| ਸਰਸਾ ਨਦੀ ਵਿਚ ਕੀਮਤੀ ਵਸਤਾਂ ਤੇ ਅਨੇਕਾਂ ਸਿੰਘ ਵਹਿ ਗਏ| ਪਰਿਵਾਰ ਵਿਛੜ ਗਿਆ| ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਸਿੰਘਾਂ ਸਮੇਤ ਚਮਕੌਰ ਵਲ ਚਲੇ ਗਏ| ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸਮੇਤ ਉਨ੍ਹਾਂ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਸਹੇੜੀ ਚਲੇ ਗਏ| ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਕਿਵੇਂ ਨਾ ਕਿਵੇਂ ਦਿੱਲੀ ਪੁੱਜਣ ਵਿਚ ਸਫਲ ਹੋ ਗਏ|
ਚਮਕੌਰ ਪੁੱਜ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕੱਚੀ ਗੜ੍ਹੀ ਵਿਚ ਆਣ ਡੇਰੇ ਲਾਏ ਤੇ ਸਿੱਖਾਂ ਨੇ ਮੋਰਚੇ ਸੰਭਾਲ ਲਏ| ਮੁਗਲ ਫੌਜਾਂ ਨੇ ਆ ਕੇ ਗੜ੍ਹੀ ਨੂੰ ਘੇਰ ਲਿਆ| ਇੱਕ ਪਾਸੇ ਭੁੱਖੇ-ਤਿਹਾਏ ਮੁੱਠੀ ਭਰ ਸਿੱਖ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਮੁਗਲ ਫੌਜਾਂ, ਪਰ ਸਿੱਖ ਚੜ੍ਹਦੀ ਕਲਾ ਵਿਚ ਸਨ|
ਮੁਗਲ ਫੌਜਾਂ ਨੇ ਭਰਵੇਂ ਵਾਰ ਕੀਤੇ ਪਰ ਗੁਰੂ ਜੀ ਦੇ ਤੀਰਾਂ ਸਾਹਮਣੇ ਉਨ੍ਹਾਂ ਦੀ ਪੇਸ਼ ਨਾ ਗਈ| ਆਖਰ ਉਨ੍ਹਾਂ ਗੜ੍ਹੀ ਦਾ ਦਰਵਾਜਾ ਤੋੜਨ ਦਾ ਯਤਨ ਕੀਤਾ| ਸਿੱਖਾਂ ਨੇ ਪੰਜ-ਪੰਜ ਦੀ ਗਿਣਤੀ ਵਿਚ ‘ਕੱਠੇ ਹੋ ਕੇ ਗੜ੍ਹੀ ਦੇ ਦਰਵਾਜੇ ਨੂੰ ਬਚਾਉਣ ਦਾ ਫੈਸਲਾ ਕੀਤਾ ਪਰ ਹਜ਼ਾਰਾਂ ਦੇ ਮੁਕਾਬਲੇ ਪੰਜਾਂ ਦੀ ਕੀ ਵੱਟੀ ਦੀ ਸੀ! ਸਿੱਖ ਸੂਰਮੇ ਬੜੀ ਸੂਰਮਤਾਈ ਨਾਲ ਲੜ ਰਹੇ ਸਨ|
ਸੂਰਮਿਆਂ ਦੀ ਬਹਾਦਰੀ ਵੇਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਖੂਨ ਨੇ ਉਬਾਲਾ ਖਾਧਾ| ਉਸ ਨੇ ਗੁਰੂ ਜੀ ਪਾਸੋਂ ਮੈਦਾਨ-ਏ-ਜੰਗ ਵਿਚ ਜਾਣ ਦੀ ਆਗਿਆ ਮੰਗੀ| ਗੁਰੂ ਜੀ ਨੇ ਬਹਾਦਰ ਪੁੱਤਰ ਨੂੰ ਆਪਣੇ ਹੱਥੀਂ ਤਿਆਰ ਕੀਤਾ ਤੇ ਘੋੜੇ ‘ਤੇ ਚੜ੍ਹਾ ਕੇ ਪੰਜ ਸਿੱਖਾਂ ਸਮੇਤ ਮੈਦਾਨ-ਏ-ਜੰਗ ਵਿਚ ਲੜਨ ਲਈ ਭੇਜ ਦਿੱਤਾ| ਇਸ ਸਮੇਂ ਬਾਬਾ ਅਜੀਤ ਸਿੰਘ ਦੀ ਉਮਰ 19 ਕੁ ਸਾਲ ਦੀ ਸੀ| ਉਨ੍ਹਾਂ ਨੇ ਬੜੀ ਬਹਾਦਰੀ ਨਾਲ ਮੁਗਲਾਂ ਦਾ ਮੁਕਾਬਲਾ ਕੀਤਾ ਤੇ ਲੜਦੇ-ਲੜਦੇ ਸ਼ਹਾਦਤ ਦਾ ਜਾਮ ਪੀ ਗਏ| ਇਹ ਘਟਨਾ 22 ਦਸੰਬਰ 1704 ਦੀ ਦੁਪਹਿਰ ਦੀ ਹੈ|
ਆਪਣੇ ਵੱਡੇ ਭਰਾ ਦੀ ਸ਼ਹਾਦਤ ਨੂੰ ਵੇਖ ਕੇ ਬਾਬਾ ਜੁਝਾਰ ਸਿੰਘ ਵੀ ਜੋਸ਼ ਵਿਚ ਆ ਗਏ| ਉਨ੍ਹਾਂ ਗੁਰੂ ਜੀ ਨੂੰ ਜੰਗ ਦੇ ਮੈਦਾਨ ਵਿਚ ਜਾਣ ਦੀ ਆਗਿਆ ਦੇਣ ਲਈ ਬੇਨਤੀ ਕੀਤੀ| ਇਸ ਸਮੇਂ ਉਨ੍ਹਾਂ ਦੀ ਉਮਰ 14 ਸਾਲ ਦੀ ਸੀ| ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੁਝਾਰ ਸਿੰਘ ਨੂੰ ਵੀ ਖਿੜੇ ਮੱਥੇ ਜੰਗ ਵਿਚ ਕੁੱਦਣ ਦੀ ਆਗਿਆ ਦੇ ਦਿੱਤੀ ਤੇ ਆਪਣੇ ਹੱਥੀਂ ਤਿਆਰ ਕੀਤਾ| ਉਹ ਪੰਜ ਸਿੰਘ ਨਾਲ ਲੈ ਕੇ ਜੰਗ-ਏ-ਮੈਦਾਨ ਵਿਚ ਜਾ ਕੁੱਦੇ| ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਵਿਚੋਂ ਤੀਰਾਂ ਦੀ ਬਾਰਿਸ਼ ਵਰ੍ਹਾ ਰਹੇ ਸਨ ਤੇ ਬਾਬਾ ਜੁਝਾਰ ਸਿੰਘ ਤੀਰਾਂ ਦੀ ਛਾਂਵੇਂ ਅੱਗੇ ਵੱਧ ਰਹੇ ਸਨ| ਉਹ ਬੜੀ ਬਹਾਦਰੀ ਨਾਲ ਲੜੇ ਤੇ ਉਨ੍ਹਾਂ ਕਈ ਮੁਗਲਾਂ ਦੇ ਆਹੂ ਲਾਹ ਸੁੱਟੇ। ਆਖਰ ਅਜਿਹੇ ਘੇਰੇ ਵਿਚ ਆਏ ਕਿ ਮੁੜ ਕੇ ਉਠ ਨਾ ਸਕੇ ਅਤੇ ਸ਼ਹੀਦੀ ਪਾ ਗਏ| ਇਹ ਸ਼ਹਾਦਤ 22 ਦਸੰਬਰ 1704 ਦੀ ਸ਼ਾਮ ਨੂੰ ਹੋਈ| ਗੁਰੂ ਗੋਬਿੰਦ ਸਿੰਘ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਬਹਾਦਰ ਪੁੱਤਰਾਂ ਨੂੰ ਸ਼ਹਾਦਤ ਦੇ ਜਾਮ ਪੀਂਦੇ ਵੇਖਿਆ| ਉਨ੍ਹਾਂ ਸੂਰਬੀਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਹਰ ਵਰ੍ਹੇ ਚਮਕੌਰ ਸਾਹਿਬ ਵਿਖੇ 6, 7 ਅਤੇ 8 ਪੋਹ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ|
ਚਮਕੌਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਮੁਗਲ ਫੌਜ ਨੂੰ ਝਕਾਨੀ ਦੇ ਕੇ ਮਾਛੀਵਾੜੇ ਦੇ ਜੰਗਲ ਵੱਲ ਨੂੰ ਤੁਰ ਪਏ| ਇੱਧਰ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਸਰਸਾ ਨਦੀ ਤੋਂ ਵਿਛੜ ਕੇ ਆਪਣੇ ਰਸੋਈਏ ਗੰਗੂ ਬ੍ਰਾਹਮਣ ਦੇ ਘਰ ਮੋਰਿੰਡੇ ਕੋਲ ਸਹੇੜੀ ਆ ਗਏ| ਗੰਗੂ ਉਨ੍ਹਾਂ ਦਾ ਇਤਬਾਰੀ ਰਸੋਈਆ ਸੀ ਤੇ ਉਸ ਨੇ ਗੁਰੂ ਘਰ ਦਾ ਨਮਕ ਖਾਧਾ ਹੋਇਆ ਸੀ| ਇਸੇ ਵਿਸ਼ਵਾਸ ਕਰਕੇ ਮਾਤਾ ਗੁਜਰੀ ਜੀ ਗੰਗੂ ਨਾਲ ਉਸ ਦੇ ਪਿੰਡ ਸਹੇੜੀ ਆ ਗਏ ਸਨ| ਬੰਦੇ ਦਾ ਮਨ ਡੋਲਦਿਆਂ ਚਿਰ ਨਹੀਂ ਲੱਗਦਾ| ਮਾਤਾ ਗੁਜਰੀ ਕੋਲ ਬੇਸ਼ਕੀਮਤੀ ਸਮਾਨ ਸੀ| ਵੇਖ ਕੇ ਗੰਗੂ ਦਾ ਮਨ ਡੋਲ ਗਿਆ| ਉਸ ਨੇ ਰਾਤ ਸਮੇਂ ਸਮਾਨ ਚੋਰੀ ਚੁੱਕ ਕੇ ਇੱਧਰ-ਉਧਰ ਕਰ ਦਿੱਤਾ| ਮਾਤਾ ਜੀ ਨੇ ਜਦੋਂ ਸਵੇਰੇ ਸਮਾਨ ਨਾ ਵੇਖ ਕੇ ਗੱਲ ਕੀਤੀ ਤਾਂ ਉਹ ਉਲਟਾ ਉਨ੍ਹਾਂ ਦੇ ਗਲ ਪੈ ਗਿਆ ਤੇ ਡਰਾਵਾ ਦਿੱਤਾ ਕਿ ਉਹ ਉਨ੍ਹਾਂ ਨੂੰ ਫੜਾ ਦੇਵੇਗਾ|
ਮਾਤਾ ਜੀ ਨੇ ਉਸ ਨੂੰ ਬਥੇਰਾ ਆਖਿਆ ਕਿ ਉਹ ਅਜਿਹਾ ਨਾ ਕਰੇ, ਪਰ ਇਨਾਮ ਦੇ ਲਾਲਚ ਵਸ ਉਸ ਨੇ ਮੋਰਿੰਡੇ ਦੇ ਕੋਤਵਾਲ ਨੂੰ ਗੁਰੂ ਜੀ ਦੀ ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਜਾ ਸੂਹ ਦਿੱਤੀ| ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਸਮੇਤ ਗ੍ਰਿਫਤਾਰ ਕਰਕੇ ਸਰਹਿੰਦ ਲਿਜਾਇਆ ਗਿਆ ਤੇ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ| ਪੋਹ ਦਾ ਮਹੀਨਾ, ਸਖਤ ਸਰਦੀ ਪੈ ਰਹੀ ਸੀ ਪਰ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਹਿੱਕ ਨਾਲ ਲਾਈ ਨਿੱਘ ਦੇ ਰਹੇ ਸਨ ਤੇ ਉਹ ਬੱਚੇ ਚੜ੍ਹਦੀ ਕਲਾ ਵਿਚ ਸਨ| ਇਸ ਸਮੇਂ ਦੋਹਾਂ ਸਾਹਿਬਜ਼ਾਦਿਆਂ-ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ 7 ਤੇ 9 ਸਾਲ ਸੀ| ਦੋ ਨਿਰਦੋਸ਼ ਜਿੰਦਾਂ ਸੂਬਾ ਸਰਹਿੰਦ ਦੀ ਕੈਦ ਵਿਚ ਸਨ|
ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਸਲਾਮ ਕਰਨ ਦੀ ਥਾਂ ਗੱਜ ਕੇ ਫਤਿਹ ਬੁਲਾਈ| ਨਵਾਬ ਦੇ ਵਜ਼ੀਰ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਨਵਾਬ ਸਾਹਮਣੇ ਝੁਕ ਕੇ ਸਲਾਮ ਕਰਨ ਲਈ ਆਖਿਆ ਪਰ ਉਨ੍ਹਾਂ ਨੇ ਅੱਗੋਂ ਉਤਰ ਦਿੱਤਾ, “ਗੁਰੂ ਪਿਤਾ ਨੇ ਸਾਨੂੰ ਇਹੋ ਸਿੱਖਿਆ ਦਿੱਤੀ ਹੈ ਕਿ ਪਰਮਾਤਮਾ ਤੋਂ ਸਿਵਾ ਹੋਰ ਕਿਸੇ ਸਾਹਮਣੇ ਨਹੀਂ ਝੁਕਣਾ|”
ਵਜੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਕਈ ਲਾਲਚ ਦਿੱਤੇ ਅਤੇ ਇਸਲਾਮ ਕਬੂਲ ਕਰਨ ਲਈ ਕਿਹਾ, “ਮੁਸਲਮਾਨ ਬਣ ਜਾਵੋ ਜਾਂ ਮੌਤ ਕਬੂਲ ਕਰੋ, ਦੱਸੋ ਕੀ ਚਾਹੁੰਦੇ ਹੋ?”
ਪਰ ਨੰਨ੍ਹੀਆਂ ਜਿੰਦਾਂ ਡੋਲੀਆਂ ਨਾ| ਉਨ੍ਹਾਂ ਧਾਰਮਕ ਆਜ਼ਾਦੀ ਅਤੇ ਮਨੁੱਖੀ ਸਵੈਮਾਣ ਲਈ ਆਪਣੀ ਜਾਨ ਕੁਰਬਾਨ ਕਰਨੀ ਸਵੀਕਾਰ ਕਰ ਲਈ| “ਸਾਨੂੰ ਮੌਤ ਕਬੂਲ ਹੈ|” ਦੋਹਾਂ ਸਾਹਿਬਜ਼ਾਦਿਆਂ ਨੇ ਨਿਧੱੜਕ ਹੋ ਕੇ ਉਤਰ ਦਿੱਤਾ|
ਸੁਣ ਕੇ ਵਜ਼ੀਰ ਖਾਨ ਰੋਹ ਵਿਚ ਆ ਗਿਆ| ਉਸ ਨੇ ਕਾਜ਼ੀ ਮੁਲਾਣਿਆਂ ਨਾਲ ਮਸ਼ਵਰਾ ਕਰਕੇ ਹੁਕਮ ਦਿੱਤਾ, “ਇਨ੍ਹਾਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ|” ਉਥੇ ਹਾਜ਼ਰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਮਾਸੂਮ ਜਿੰਦਾਂ ਨੂੰ ਛੱਡਣ ਲਈ ਬੇਨਤੀ ਕੀਤੀ ਪਰ ਅੰਨੇ ਮਜਹਬੀ ਜਨੂਨ ਨੇ ਉਸ ਦੀ ਇੱਕ ਨਾ ਸੁਣੀ| ਆਖਰ 27 ਦਸੰਬਰ 1704 ਈਸਵੀ ਨੂੰ ਇਨ੍ਹਾਂ ਦੋ ਨਿਰਦੋਸ਼ ਜਿੰਦਾਂ ਨੂੰ ਸਰਹਿੰਦ ਵਿਖੇ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ| ਮਾਤਾ ਗੁਜਰੀ ਜੀ ਨੇ ਜਦੋਂ ਇਨ੍ਹਾਂ ਦੀ ਸ਼ਹੀਦੀ ਦੀ ਖਬਰ ਸੁਣੀ ਤਾਂ ਉਹ ਵੀ ਠੰਢੇ ਬੁਰਜ ਵਿਖੇ ਪ੍ਰਾਣ ਤਿਆਗ ਗਏ|
ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਫਤਿਹਗੜ੍ਹ ਸਾਹਿਬ ਵਿਖੇ ਬਹੁਤ ਵੱਡਾ ਗੁਰਦੁਆਰਾ ‘ਗੁਰਦੁਆਰਾ ਫਤਿਹਗੜ੍ਹ ਸਾਹਿਬ’ ਬਣਿਆ ਹੋਇਆ ਹੈ, ਜਿੱਥੇ ਹਰ ਵਰ੍ਹੇ 25, 26 ਅਤੇ 27 ਦਸੰਬਰ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ| ਇਸ ਜੋੜ ਮੇਲੇ ਵਿਚ ਲੱਖਾਂ ਸੰਗਤਾਂ ਸ਼ਾਮਿਲ ਹੋ ਕੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ| ਦੀਵਾਨ ਸਜਦੇ ਹਨ, ਜਿਸ ਵਿਚ ਢਾਡੀ ਅਤੇ ਕਵੀਸ਼ਰ ਸਿੱਖ ਇਤਿਹਾਸ ਵਿਚੋਂ ਬੀਰ-ਰਸੀ ਵਾਰਾਂ ਗਾ ਕੇ ਅਤੇ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹਨ|
ਪਹਿਲੇ ਸਮਿਆਂ ਵਿਚ ਸ਼ਹੀਦੀ ਜੋੜ ਮੇਲਿਆਂ ਦੇ ਦਿਨਾਂ ਵਿਚ ਇਸ ਇਲਾਕੇ ਦੇ ਲੋਕ ਇਸ ਨੂੰ ਸੋਗ ਦੇ ਮਹੀਨੇ ਵਜੋਂ ਮਨਾਉਂਦੇ ਸਨ| ਨਾ ਕੋਈ ਵਿਆਹ ਦਾ ਸਮਾਗਮ ਹੁੰਦਾ ਸੀ, ਨਾ ਕੋਈ ਹੋਰ ਖੁਸ਼ੀ ਦਾ ਸਮਾਗਮ ਰਚਾਇਆ ਜਾਂਦਾ ਸੀ| ਲੋਕਾਂ ਵਿਚ ਐਨੀ ਸ਼ਰਧਾ ਸੀ ਕਿ ਲੋਕ ਮੰਜਿਆਂ ਦੀ ਥਾਂ ਧਰਤੀ ‘ਤੇ ਸੌਂ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਸਨ| ਅੱਜ ਕੱਲ ਉਹ ਗੱਲਾਂ ਨਹੀਂ ਰਹੀਆਂ| ਜੋੜ ਮੇਲੇ ‘ਤੇ ਹੁਣ ਸਿਆਸੀ ਪਾਰਟੀਆਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਦੀ ਥਾਂ ਆਪਣੀ ਪਾਰਟੀ ਦੇ ਹੀ ਗੁਣ-ਗਾਨ ਕਰਦੀਆਂ ਜਾਂ ਦੂਜੀ ਨੂੰ ਨਿੰਦਦੀਆਂ ਹਨ|
ਜੋੜ ਮੇਲੇ ਦੇ ਆਖਰੀ ਦਿਨ ਖਾਲਸਾਈ ਸ਼ਾਨ ਨੂੰ ਪ੍ਰਗਟ ਕਰਨ ਵਾਲਾ ਸ਼ਾਨਾਂ ਮੱਤਾ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜਿਸ ਵਿਚ ਖਾਲਸਾਈ ਪਰੰਪਰਾਗਤ ਖੇਡਾਂ ਅਤੇ ਗਤਕਾਬਾਜ਼ੀ ਦੇ ਜੌਹਰ ਵਿਖਾਏ ਜਾਂਦੇ ਹਨ|
ਇਹ ਸ਼ਹੀਦੀ ਜੋੜ ਮੇਲੇ ਜਿੱਥੇ ਨੌਜਵਾਨ ਪੀੜ੍ਹੀ ਨੂੰ ਆਪਣੀ ਮੁਲਵਾਨ ਵਿਰਾਸਤ ਨਾਲ ਜੋੜਦੇ ਹਨ, ਉਥੇ ਇਹ ਉਨ੍ਹਾਂ ਨੂੰ ਗੌਰਵਸ਼ਾਲੀ ਇਤਿਹਾਸ ਤੋਂ ਵੀ ਜਾਣੂ ਕਰਵਾਉਂਦੇ ਹਨ।