ਗਦਰ ਵਾਸਤੇ ਰਸਤਾ ਸਾਫ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ,

ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ। ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਇਨ੍ਹਾਂ ਲੇਖਾਂ ਵਿਚੋਂ ਗਦਰੀਆਂ ਦੇ ਸਿਦਕ, ਸਿਰੜ ਅਤੇ ਸੁੱਚੀ ਸੋਚ ਦੇ ਝਲਕਾਰੇ ਮਿਲਦੇ ਹਨ ਅਤੇ ਉਸ ਵੇਲੇ ਆਜ਼ਾਦੀ ਲਈ ਉਠ ਰਹੇ ਵਲਵਲਿਆਂ ਦਾ ਪਤਾ ਲਗਦਾ ਹੈ। -ਸੰਪਾਦਕ

(15 ਸਤੰਬਰ 1914 ਨੂੰ ਛਪਿਆ)
ਇਹ ਲਿਖਿਆ ਜਾ ਚੁੱਕਾ ਹੈ ਕਿ ਹਿੰਦੁਸਤਾਨੀ ਫੌਜਾਂ ਯੂਰਪ ਵਿਚ ਲੜਨ ਜਾਣਗੀਆਂ। ਇਹ ਗੱਲ ਅਸਾਂ ਦੁੱਖ ਨਾਲ ਪ੍ਰਗਟ ਕੀਤੀ ਹੈ ਕਿ ਅਗਰ ਹਿੰਦੀ ਫੌਜੀ ਯੂਰਪ ਵਿਚ ਜ਼ਾਲਮ ਅੰਗਰੇਜ਼ਾਂ ਵਾਸਤੇ ਜਰਮਨ ਨਾਲ ਲੜਨਗੇ ਤਾਂ ਹਿੰਦੀਆਂ ਨੂੰ ਸ਼ਰਮ ਨਾਲ ਡੁੱਬਣਾ ਪਵੇਗਾ ਅਤੇ ਸਦੀਆਂ ਤਕ ਸਾਡੇ ਮੱਥੇ ਉਤੇ ਗ਼ੁਲਾਮੀ ਦਾ ਟਿੱਕਾ ਨਹੀਂ ਮਿਟੇਗਾ। ਅਸੀਂ ਖੁਦ ਤਾਂ ਗ਼ੁਲਾਮ ਹਾਂ, ਦੂਸਰਿਆਂ ਨੂੰ ਭੀ ਜ਼ਾਲਮ ਫਰੰਗੀਆਂ ਦਾ ਗ਼ੁਲਾਮ ਬਣਾਉਣ ਵਾਸਤੇ ਲੜਦੇ ਹਾਂ। ਅਫਰੀਕਾ, ਅਫਗਾਨਿਸਤਾਨ ਅਤੇ ਨੇਪਾਲ ਵਿਚ ਅਸੀਂ ਲੜੇ ਅਤੇ ਇਸ ਦਾ ਫਲ ਮਿਲਿਆ ਅੰਗਰੇਜ਼ਾਂ ਨੂੰ, ਹੁਣ ਸਾਡੀਆਂ ਫੌਜਾਂ ਦੁਨੀਆਂ ਭਰ ਦੀ ਦਰਿਆ(ਦਿਲੀ) ਅਤੇ ਦਾਨਾਈ ਦੇ ਘਰ ਜਰਮਨ ਉਤੇ ਧਾਵਾ ਕਰਨ ਜਾਂਦੀਆਂ ਹਨ। ਸਾਡੇ ਦਸ-ਦਸ ਰੁਪਏ ਦੇ ਗ਼ੁਲਾਮ ਸਿਪਾਹੀ ਤਰਕੀ (ਤੁਰਕੀ), ਈਰਾਨ, ਹਿੰਦੁਸਤਾਨ, ਮਿਸਰ ਅਤੇ ਤਮਾਮ ਗੁਲਾਮ ਦੇਸ਼ਾਂ ਦੇ ਲੀਡਰ ਜਰਮਨ ਨਾਲ ਲੜਨ ਜਾਂਦੇ ਹਨ। ਇਹ ਸੋਚਦਿਆਂ ਹੀ ਤਮਾਮ ਦੇਸ਼ ਭਗਤਾਂ ਦੇ ਦਿਲਾਂ ਉਤੇ ਅਫਸੋਸ ਅਤੇ ਗ਼ਮ ਦੇ ਬੱਦਲ ਛਾ ਜਾਂਦੇ ਹਨ। ਇਹ ਤਾਂ ਅੱਗੇ ਹੀ ਪ੍ਰਗਟ ਹੈ ਕਿ ਜਿਸ ਤਰ੍ਹਾਂ ਫਰਾਂਸ ਦੀ ਅਲਜੀਰੀਆ ਆਦਿ ਗ਼ੁਲਾਮ ਫੌਜ ਆਪਣੇ ਮਾਲਕ ਫਰਾਂਸ ਵਾਸਤੇ ਜ਼ਰੂਰ ਹੀ ਜਾਨ ਤੋੜ ਕੇ ਲੜੀ, ਮਗਰ ਜਰਮਨ ਦੀਆਂ ਖੂਨੀ ਤੋਪਾਂ ਨੇ ਮਕੱਈ ਵਾਂਗ ਭੁੰਨ ਸੁੱਟਿਆ। ਇਸ ਤਰ੍ਹਾਂ ਸਾਡੇ ਹਿੰਦੀ ਬਹਾਦਰ ਫੌਜ ਭੀ ਜਰਮਨ ਦੀਆਂ ਤੋਪਾਂ ਦੇ ਸਾਹਮਣੇ ਆਉਂਦੀ ਹੀ ਭਸਮ ਹੋ ਜਾਵੇਗੀ, ਮਗਰ ਹਾਏ ਅਫਸੋਸ; ਇਹ ਗ਼ੁਲਾਮੀ ਅਤੇ ਬੇਵਕੂਫੀ ਦਾ ਧੱਬਾ ਸਦੀਵ ਸਾਡੇ ਮੱਥੇ ਉਤੇ ਰਹੇਗਾ ਕਿਉਂਕਿ ਅਸੀਂ ਆਪਣੇ ਦੋਸਤ ਅਤੇ ਵਿਦਿਆ ਦੇ ਸਾਗਰ ਜਰਮਨ ਨਾਲ ਲੜੇ ਜੋ ਹਮੇਸ਼ਾ, ਹਿੰਦੁਸਤਾਨ, ਤਰਕੀ (ਤੁਰਕੀ), ਈਰਾਨ ਨੂੰ ਅੰਗਰੇਜ਼ਾਂ ਦੇ ਜ਼ੁਲਮ ਤੋਂ ਬਚਾਉਣ ਦੀ ਫਿਕਰ ਦੇ ਵਿਚ ਰਹਿੰਦਾ ਹੈ।
10 ਸਤੰਬਰ ਨੂੰ ਜਦ ਇਹ ਖਬਰ ਅਖਬਾਰਾਂ ਵਿਚ ਛਪ ਗਈ ਕਿ 70 ਹਜ਼ਾਰ ਹਿੰਦੁਸਤਾਨੀ ਫੌਜ (ਜਿਸ ਵਿਚ ਗੋਰੀ ਹਿੰਦੀ ਫੌਜਾਂ ਹਨ) ਯੂਰਪ ਨਾਲ ਲੜਨ ਜਾਣਗੀਆਂ ਅਤੇ 70 ਹਜ਼ਾਰ ਵਿਚੋਂ ਅੱਧੀ ਫੌਜ ਫਰਾਂਸ ਵਿਚ ਜਾ ਪਹੁੰਚੀ ਹੈ ਅਤੇ ਅਖਬਾਰਾਂ ਵਿਚ ਬੀਰ ਰਾਜਪੂਤ, ਬਹਾਦਰ ਸਿੱਖ, ਨਿਡਰ ਮੁਸਲਮਾਨ, ਡੋਗਰੇ ਅਤੇ ਗੋਰਖਿਆਂ ਦੀਆਂ ਤਸਵੀਰਾਂ ਛਪੀਆਂ ਤਾਂ ਸਭ ਅਮਰੀਕਨਾਂ ਨੇ ਹਿੰਦੀਆਂ ਨੂੰ ਸ਼ਰਮ ਦਿੱਤੀ ਕਿ ਤੁਸੀਂ ਗ਼ੁਲਾਮ ਦਰ ਗ਼ੁਲਾਮ ਉਲਟਾ ਆਪਣੇ ਉਤੇ ਜ਼ੁਲਮ ਕਰਨ ਵਾਲੇ ਅੰਗਰੇਜ਼ਾਂ ਵਾਸਤੇ ਲੜਨ ਜਾਂਦੇ ਹੋ। ਹਿੰਦੀ ਉਨ੍ਹਾਂ ਅੰਗਰੇਜ਼ਾਂ ਵਾਸਤੇ ਲੜਨ ਜਾਂਦੇ ਹਨ ਜਿਨ੍ਹਾਂ ਅੰਗਰੇਜ਼ਾਂ ਨੇ ਅਫਰੀਕਾ ਵਿਚ ਸਾਡੀਆਂ ਮਾਵਾਂ ਅਤੇ ਭੈਣਾਂ ਨੂੰ ਕੈਦ ਕੀਤਾ ਹੈ। ਹਿੰਦੀ ਉਸ ਫਰੰਗੀ ਵਾਸਤੇ ਯੂਰਪ ਵਿਚ ਲੜਨ ਜਾਂਦੇ ਹਨ ਜਿਸ ਜ਼ਾਲਮ ਫਰੰਗੀ ਨੇ ਕੈਨੇਡਾ ਵਿਚੋਂ ਸਾਡੇ ਤਿੰਨ ਸੌ ਹਿੰਦੀ ਭਰਾਵਾਂ ਨੂੰ ਬੜੇ-ਬੜੇ ਦੁੱਖ ਦੇ ਕੇ ਮੋੜਿਆ ਹੈ। ਹਾਏ; ਹਾਏ; ਅੱਜ ਅਸੀਂ ਭੋਲੇ ਭਾਲੇ ਹਿੰਦੀ ਉਸ ਫਰੰਗੀ ਵਾਸਤੇ ਲੜਨ ਜਾਂਦੇ ਹਾਂ ਜਿਸ ਫਰੰਗੀ ਨੇ ਸਾਡੇ ਚਾਰ ਕਰੋੜ ਭਾਈ ਭੈਣ ਕੈਦ ਅਤੇ ਕਾਲ ਵਿਚ ਮਰਵਾ ਦਿੱਤੇ ਹਨ।
ਵੱਡੇ ਡਾਕੂ (ਹਾਰਡਿੰਗ) ਨੇ ਡਾਕੂ ਸਭਾ ਵਿਚ ਬੜੀ ਹੇਹ ਨਾਲ ਆਖਿਆ ਹੈ ਕਿ ਹਿੰਦੀ ਫੌਜਾਂ ਖੁਸ਼ੀ ਨਾਲ ਯੂਰਪ ਵਿਚ ਲੜਨ ਜਾਂਦੀਆਂ ਹਨ। ਇਹ ਉਹੀ ਡਾਕੂ ਹਨ ਜਿਸ ਨੇ ਕੈਨੇਡਾ ਦੇ ਬਾਰੇ ਵਿਚ ਖਾਲਸਾ ਡੈਪੂਟੇਸ਼ਨ ਨੂੰ ਆਖਿਆ ਸੀ ਕਿ ਕੈਨੇਡਾ ਦੇ ਬਾਰੇ ਮੈਂ ਕੁਝ ਨਹੀਂ ਕਰ ਸਕਦਾ। ਹਿੰਦੀ ਫੌਜਾਂ ਦੇ ਬਿਨਾਂ ਬੀਕਾਨੇਰ ਦੇ ਰਾਜਾ ਪ੍ਰਤਾਪ ਸਿੰਘ, ਮਹਾਰਾਜਾ ਪਟਿਆਲਾ, ਰਤਲਾਮ, ਕ੍ਰਿਸ਼ਨਗੜ੍ਹ, ਜੋਧਪੁਰ, ਨਵਾਬ ਜੋਧਾ, ਸਰੀਨ, ਭੂਪਾਲ ਅਤੇ ਮਲਕ ਉਮਰ ਹਯਾਤ ਆਦਿ ਰਈਸ ਭੀ ਆਪਣੀਆਂ ਫੌਜਾਂ ਸਮੇਤ ਯੂਰਪ ਵਿਚ ਲੜਨ ਗਏ ਹਨ।
ਇਸ ਬੇਵਕੂਫ ਟੋਲੇ ਤੋਂ ਬਿਨਾਂ ਹਿੰਦੁਸਤਾਨ ਦੇ ਖਜ਼ਾਨੇ ਵਿਚੋਂ ਦਸ ਲੱਖ ਪੌਂਡ ਇਨ੍ਹਾਂ ਫੌਜਾਂ ਦੇ ਖਰਚ ਵਾਸਤੇ ਭੇਜਿਆ ਜਾਵੇਗਾ। ਇਸ ਰੁਪਏ ਤੋਂ ਬਿਨਾਂ ਪੰਜਾਹ ਲੱਖ ਰੁਪਿਆ ਮੈਸੂਰ, ਦੋ ਲੱਖ ਕਸ਼ਮੀਰ ਅਤੇ ਇਕ ਲੱਖ ਜੋਧਪੁਰ ਦੇ ਰਾਜਿਆਂ ਨੇ ਇਸ ਲੜਾਈ ਵਾਸਤੇ ਦਿੱਤਾ ਹੈ, ਤਿੱਬਤ ਦੇ ਗ਼ੁਲਾਮ ਰਾਜਾ ਨੇ ਇਕ ਹਜ਼ਾਰ ਨੌਜਵਾਨ ਯੂਰਪ ਨੂੰ ਭੇਜੇ ਹਨ।

ਜਾਉ
ਅਫਰੀਕਾ, ਫਿਜੀ, ਚੀਨ, ਕੈਨੇਡਾ, ਮਲਾਇਆ, ਅਮਰੀਕਾ ਅਤੇ ਆਸਟ੍ਰੇਲੀਆ ਵਿਚ ਰਹਿਣ ਵਾਲੇ ਹਿੰਦੀਓ; ਜਾਉ, ਹਿੰਦੁਸਤਾਨ ਅਤੇ ਉਥੇ ਜੋ ਅੱਜ ਕਲ੍ਹ ਹੱਲਾ-ਗੁੱਲਾ ਹੋ ਰਿਹਾ ਹੈ, ਉਸ ਦੀਆਂ ਖੂਬ ਪੱਕੀਆਂ ਜੜ੍ਹਾਂ ਕਰੋ। ਸ਼ਹੀਦਾਂ ਅਤੇ ਸੂਰਬੀਰਾਂ ਦਾ ਲਿਬਾਸ ਪਹਿਨ ਕੇ ਰਣਭੂਮੀ ਵਿਚ ਬੁਜ਼ਦਿਲ ਫਰੰਗੀ ਨੂੰ ਲਲਕਾਰੋ ਆਦਿ ਅਤੇ ਹਿੰਦੁਸਤਾਨ ਦੇ ਆਉਣ ਵਾਲੇ ਇਤਿਹਾਸ ਨੂੰ ਖੂਨ ਨਾਲ ਰੰਗ ਦਿਉ। ਐ ਹਿੰਦੀ ਭਾਈਓ; ਤੁਸੀਂ ਵੇਖਦੇ ਹੋ, ਅੱਜ ਹਿੰਦੁਸਤਾਨ ਦੇ ਆਉਣ ਵਾਲੇ ਇਤਿਹਾਸ ਨੂੰ ਹਰ ਪਾਸਿਓਂ ਅੰਗਰੇਜ਼ਾਂ ਦੀ ਮਦਦ ਦੀਆਂ ਖੋਖਲੀਆਂ ਆਵਾਜ਼ਾਂ ਆ ਰਹੀਆਂ ਹਨ, ਨਕਲੀ ਸਾਂਗ ਰਚਣ ਵਾਲੇ ਲੀਡਰ ਅੰਗਰੇਜ਼ਾਂ ਵਾਸਤੇ ਵਾਲੰਟੀਅਰ ਭਰਤੀ ਕਰ ਰਹੇ ਹਨ। ਹਿੰਦੁਸਤਾਨੀਆਂ ਦੇ ਗ਼ਰੀਬਾਂ ਅਤੇ ਕਿਸਾਨਾਂ ਦੇ ਧਨ ਨਾਲ ਮੋਟੇ ਹੋਏ ਰਈਸ, ਧਨਵਾਨ ਰਾਜੇ ਅਤੇ ਨਵਾਬ ਯੂਰਪ ਦੀ ਲੜਾਈ ਵਾਸਤੇ ਅੰਗਰੇਜ਼ਾਂ ਨੂੰ ਲੱਖ ਪੌਂਡ ਦੇ ਰਹੇ ਹਨ।
ਸੱਤਰ ਹਜ਼ਾਰ ਹਿੰਦੀ ਗ਼ੁਲਾਮ ਫੌਜ ਜੋ ਯੂਰਪ ਨਾਲ ਲੜਨ ਗਈ ਸੀ, ਉਹਦਾ ਖਰਚ ਹਿੰਦੁਸਤਾਨ ਤੋਂ ਜਾਵੇਗਾ। ਹਿੰਦੀਆਂ ਦਾ ਅੱਜ ਹਰ ਇਕ ਫਿਰਕਾ ਇਹ ਐਲਾਨ ਕਰਦਾ ਹੈ ਕਿ (ਅਤੇ) ਜ਼ਰਾ ਨਹੀਂ ਸ਼ਰਮਾਉਂਦਾ ਕਿ ਫਲਾਣਾ ਫਿਰਕਾ ਨਈਂ, ਅਸੀਂ ਬਹੁਤੇ ਵਫਾਦਾਰ ਹਾਂ ਅਤੇ ਅੰਗਰੇਜ਼ਾਂ ਦੀ ਸੇਵਾ ਸਾਡੇ ਤੋਂ ਕਿਸੇ ਨੇ ਬਹੁਤ ਨਹੀਂ ਕੀਤੀ, ਅਥਵਾ ਅਸੀਂ ਬੜੇ ਬੇਸ਼ਰਮ ਤੇ ਬੇਹਯਾ ਗ਼ੁਲਾਮ ਹਾਂ ਅਤੇ ਇਸ ਗੱਲ ਉਤੇ ਬੜਾ ਮਾਣ ਕਰਦੇ ਹਾਂ, ਪਰ ਅਜਿਹੀਆਂ ਆਵਾਜ਼ਾਂ ਦੀ ਗ਼ਦਰ ਦੇ ਸਿਪਾਹੀਆਂ ਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ ਸਗੋਂ ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ ਕਿ ਇਹ ਸਭ ਗੱਲਾਂ ਥੋਥੀਆਂ ਅਤੇ ਬੋਦੀਆਂ ਹਨ। ਅਜਿਹੇ ਸਭ ਦਿਵਾ-ਦਿਖਾਵੇ ਦੇ ਲੋਕ ਛਿਤਰ ਦੇ ਯਾਰ ਹਨ। ਜਦ ਗ਼ਦਰ ਦੇ ਸਿਪਾਹੀ ਆਪਣਾ ਡੰਡਾ ਖੜਕਾਉਣਾ ਆਰੰਭ ਕਰ ਦੇਣਗੇ ਤਾਂ ਉਸ ਵੇਲੇ ਸਾਰੇ ਦੇਸੀ ਐਰੇ ਗੈਰੇ ਨਥੂ ਖੈਰੇ ਸਾਡੇ ਵੱਲ ਹੋ ਜਾਣਗੇ। ਵਿਦੇਸ਼ੀ ਸਰਕਾਰ ਦੇ ਜ਼ੁਲਮ ਤੋਂ ਹਰ ਇਕ ਜਾਣੂ ਹੈ। ਅੰਗਰੇਜ਼ੀ ਸਰਕਾਰ ਦੀ ਦਿਲੋਂ ਭਲਾਈ ਮੰਗਣ ਵਾਲੇ ਥੋੜ੍ਹੇ ਹਨ। ਤਮਾਮ ਲੋਕ ਫਰੰਗੀਆਂ ਦੇ ਵਿਰੁਧ ਗ਼ਦਰ ਮਚਾਉਣ ਨੂੰ ਹਰਦਮ ਤਿਆਰ ਹਨ। ਇਹ ਸਿਰਫ ਵਫਾਦਾਰੀ, ਗੁਲਾਮੀ, ਬੇਸ਼ਰਮੀ, ਬੇਹਯਾਈ ਦਾ ਰਾਗ ਗਾਉਣ ਵਾਲੇ ਥੋੜ੍ਹੇ ਅਖਬਾਰ ਨਵੀਸ, ਰਈਸ, ਲੀਡਰ, (ਗਿੱਦੜ) ਅੰਗਰੇਜ਼ਾਂ ਦੇ ਨੌਕਰ ਹਨ, ਜਾਂ ਉਨ੍ਹਾਂ ਦੀ ਜੁੱਤੀ ਪਾਸੋਂ ਡਰਦੇ ਹਨ। ਇਸ ਵਾਸਤੇ ਤੁਸੀਂ ‘ਗ਼ਦਰ’ ਦੇ ਸਿਪਾਹੀਓ, ਸੰਸਾਰੀ ਦੌਲਤਾਂ ਉਤੇ ਲੱਤ ਮਾਰ ਕੇ ਕਿਸੇ ਸਾਲੇ ਸੁਸਰੇ ਪਾਸੋਂ ਨਾ ਡਰਦੇ ਹੋਏ ਕੇਸਰੀ ਲਿਬਾਸ ਪਹਿਨ ਕੇ ਰਣਭੂਮੀ ਵਿਚ ਨਿਕਲ ਆਉ ਅਤੇ ਅੰਗਰੇਜ਼ੀ ਜ਼ੁਲਮ ਅਤੇ ਧੋਖੇਬਾਜ਼ੀਆਂ ਨੂੰ ਦੁਨੀਆਂ ਉਤੇ ਪ੍ਰਗਟ ਕਰ ਦਿਉ ਅਤੇ ਗ਼ਦਰ ਦਾ ਨਾਅਰਾ ਲਾ ਕੇ ਕੁਰਬਾਨੀ ਅਤੇ ਬਹਾਦਰੀ ਦੀ ਅੱਗ ਨਾਲ ਬੁਜ਼ਦਿਲੀ ਅਤੇ ਡਰਪੋਕੀ ਨੂੰ ਸਾੜ ਕੇ ਸੁਆਹ ਕਰ ਦਿਉ। ਲੋਕਾਂ ਨੂੰ ਆਖ ਦਿਉ ਕਿ ਸਦੀਆਂ ਦੀ ਗ਼ੁਲਾਮੀ ਛੱਡ ਦਿਉ, ਮਰਦ ਬਣੋ ਅਤੇ ਗ਼ਦਰ ਦੀ ਫੌਜ ਵਿਚ ਸ਼ਾਮਿਲ ਹੋ ਕੇ ਆਪਣੇ ਪਿਛਲੇ ਗ਼ੁਲਾਮੀ ਤੇ ਗੋਰਿਆਂ ਦੀ ਤਾਬਿਆਦਰੀ ਕਰਨ ਦੇ ਪਾਪਾਂ ਨੂੰ ਧੋ ਸੁੱਟੋ; ਗ਼ਦਰ ਦੇ ਦਰਿਆ ਵਿਚ ਨਹਾ ਕੇ ਸੈਂਕੜੇ ਸਾਲਾਂ ਦੀ ਕਾਇਰਤਾ ਅਤੇ ਗ਼ੁਲਾਮੀ ਦੀ ਮੈਲ ਕੁਚੈਲ ਸਾਫ ਕਰ ਦਿਉ। ਜਾਉ; ਜਾਉ; ਹਿੰਦੀਓ; ਹਿੰਦੁਸਤਾਨ; ਆਜ਼ਾਦੀ ਦੇ ਮੰਦਰ ਵਿਚ ਆਪਣੀ ਭੇਂਟ ਚੜ੍ਹਾਉਣ ਜਾਉ। ਭਰਾਵਾਂ ਨੂੰ ਜਗਾਉਣ ਅਤੇ ਅੰਗਰੇਜ਼ਾਂ ਨੂੰ ਤੰਗ ਕਰਨ ਜਾਉ। ਗ਼ਦਰ ਦੀ ਪਲਟਨ ਵਿਚ ਭਰਤੀ ਹੋਣ ਵਾਸਤੇ ਦੇਰੀ ਅਤੇ ਸੁਸਤੀ ਦਾ ਕੀ ਮਤਲਬ? ਅੰਗਰੇਜ਼ਾਂ ਨਾਲ ਜੰਗ ਦਾ ਬਿਗਲ ਵਜ ਗਿਆ ਹੈ, ਹੁਣ ਇਥੇ ਦਿਨ ਗਵਾਉਣ ਵਿਚ ਕੀ ਫਾਇਦਾ? ਪਿਆਰੇ; ਗ਼ਦਰ ਵਾਸਤੇ ਬੇਕਰਾਰ ਹੋ ਜਾਉ। ਕੀ ਸਰਵੀਆ (ਸਰਬੀਆ) ਦਾ ਬਾਰਾਂ ਸਾਲਾਂ ਦਾ ਲੜਕਾ ਆਪਣੇ ਦੁਸ਼ਮਣਾਂ ਨਾਲ ਲੜ ਸਕਦਾ ਹੈ? ਜਰਮਨੀ, ਫਰਾਂਸ, ਇੰਗਲੈਂਡ ਦੀਆਂ ਔਰਤਾਂ ਦੇਸ਼ ਦੀ ਇੱਜ਼ਤ ਵਾਸਤੇ ਲੜ ਸਕਦੀਆਂ ਹਨ? ਬੈਲਜੀਅਮ ਦੀ ਰਾਣੀ ਅਤੇ ਸ਼ਹਿਜ਼ਾਦੀਆਂ ਅਤੇ ਰੂਸ ਦੇ ਕਮਾਂਡਰ ਦੀਆਂ ਪੁੱਤਰੀਆਂ ਆਪਣੇ ਵਤਨ ਵਾਸਤੇ ਲੜ ਸਕਦੀਆਂ ਹਨ? ਤਾਂ ਫੇਰ ਕੀ ਅਸੀਂ ਹਿੰਦੁਸਤਾਨੀ ਮਰਦ ਆਪਣੇ ਦੇਸ਼ ਦੀ ਰੱਖਿਆ ਵਾਸਤੇ ਨਹੀਂ ਲੜ ਸਕਦੇ? ਉਠੋ, ਭਾਰਤ ਮਾਤਾ ਦੇ ਤਾਰਿਓ, ਗ਼ਦਰ ਦੇ ਬੀਰ ਸਿਪਾਹੀਓ; ਆਪਣੇ ਸੁਸਤ ਖਿਆਲ ਵਾਲੇ ਮਕਾਨ ਦੀ ਸਫਾਈ ਕਰੋ। ਗ਼ੁਲਾਮ ਇੱਜ਼ਤ ਦੇ ਨਾਲ ਜੀਉਂਦਾ ਨਹੀਂ ਹੈ ਤਾਂ ਇਸ ਦੁਨੀਆਂ ਵਿਚ ਉਸ ਦਾ ਦਰਜਾ ਪਸ਼ੂ ਨਾਲੋਂ ਵਧ ਕੇ ਨਹੀਂ ਹੈ। ਇਸ ਵਾਸਤੇ ਮੁਬਾਰਕ ਅਤੇ ਪਵਿਤਰ ਜੀਵਨ ਉਹੀ ਹੈ, ਜੋ ਜਾਤੀ ਦੇ ਮਾਣ ਅਤੇ ਆਜ਼ਾਦੀ ਵਾਸਤੇ ਜ਼ੁਲਮ ਦੇ ਵਿਰੁਧ ਗ਼ਦਰ ਵਿਚ ਸਹਾਇਤਾ ਹੋਵੇ। ਜ਼ਾਲਮ ਬਦਮਾਸ਼ ਸਰਕਾਰ ਦਾ ਮੁਕਾਬਲਾ ਕਰੋ, ਆਜ਼ਾਦੀ ਦੇ ਸੂਰਜ ਨੂੰ ਪ੍ਰਕਾਸ਼ ਕਰਨ ਵਿਚ ਮਦਦ ਦੇਵੋ।
ਬਸ ਅੱਜ ਗ਼ਦਰ ਫਿਜੀ, ਚੀਨ, ਮਲਾਇਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਅਫਰੀਕਾ ਦੇ ਹਿੰਦੀਆਂ ਨੂੰ ਲਲਕਾਰ ਕੇ ਆਖਦਾ ਹੈ ਕਿ ਗ਼ਦਰ ਤੋਂ ਬਿਨਾਂ ਆਜ਼ਾਦੀ ਸੰਭਵ ਹੈ ਅਤੇ ਇਸ ਗ਼ਦਰ ਵਾਸਤੇ ਇਹੋ ਵੇਲਾ ਹੈ। ਜਾਉ ਹਿੰਦ!

ਉਠੋ ਮੁਰਦਿਓ ਖੀਰ ਖਾਓ
(22 ਸਤਬੰਰ 1914 ਨੂੰ ਛਪਿਆ)
ਹਿੰਦੁਸਤਾਨੀਓ; ਵੈਸੇ ਤਾਂ ਜ਼ਾਲਮ ਫਰੰਗੀਆਂ ਪਾਸੋਂ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਬੜੀ ਭਾਰੀ ਤਿਆਰੀ ਕਰਨੀਆਂ ਪੈਂਦੀਆਂ। ਬਦਕਾਰ ਰੂਸ, ਫਰਾਂਸ ਅਤੇ ਜਾਪਾਨ ਨਾਲ ਭੀ ਲੜਨਾ ਪੈਂਦਾ, ਮਗਰ ਹੁਣ ਬਦਚਾਲ ਅੰਗਰੇਜ਼ ਰੂਸ, ਜਾਪਾਨ, ਫਰਾਂਸ ਸਭ ਬਹਾਦਰ ਜਰਮਨੀ ਨਾਲ ਜੰਗ ਵਿਚ ਰੁੱਝੇ ਹੋਏ ਹਨ। ਬਸ ਇਹੀ ਵੇਲਾ ਹੈ, ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਬਾਹਰ ਕੱਢਣ ਦਾ ਅਤੇ ਆਜ਼ਾਦੀ ਦੇ ਰਾਜ ਨੂੰ ਰੁਖ ਕਰਨ ਦਾ।
ਤਮਾਮ ਹਿੰਦੀ ਰਾਜਪੂਤ, ਸਿੱਖ, ਪਠਾਣ, ਡੋਗਰੇ, ਗੋਰਖੇ, ਸਿਪਾਹੀ ਨੂੰ ਯੂਰਪ ਦੀ ਜੰਗ ਵਿਚ ਬੀਰ ਜਰਮਨ ਦੇ ਸਾਹਮਣੇ ਹਥਿਆਰ ਸੁੱਟ ਦੇਣੇ ਚਾਹੀਦੇ ਹਨ ਅਤੇ ਫੇਰ ਜਰਮਨ ਨਾਲ ਮਿਲ ਕੇ ਅੰਗਰੇਜ਼ਾਂ ਨਾਲ ਲੜਨਾ ਚਾਹੀਦਾ ਹੈ ਤਾਂ ਕਿ ਹਿੰਦੁਸਤਾਨ, ਕਸ਼ਮੀਰ, ਈਰਾਨ, ਕਲਕੱਤਾ, ਅਫਗ਼ਾਨਿਸਤਾਨ, ਬਲੋਚਿਸਤਾਨ, ਚੀਨ, ਫਰੰਗੀਆਂ ਦੇ ਜ਼ੁਲਮ ਅਤੇ ਗ਼ੁਲਾਮੀ ਤੋਂ ਬਿਲਕੁਲ ਆਜ਼ਾਦ ਹੋ ਜਾਣ ਅਤੇ ਤੁਰਕੀ, ਕਾਬਲ, ਨੇਪਾਲ ਆਦਿ ਭੀ ਸਭ ਦੇਸ਼ ਫਰੰਗੀ ਅਤੇ ਰੂਸ ਦੇ ਦਬਾਉ ਅਤੇ ਜ਼ੁਲਮ ਤੋਂ ਛੁੱਟ ਜਾਣ ਅਤੇ ਹਰ ਜਗ੍ਹਾ ਬਦੇਸ਼ੀ ਰਾਜ ਨੀਅਤ ਹੋ ਜਾਵੇ ਅਤੇ ਸਭ ਨਰ ਨਾਰੀ ਇਸ ਦੁੱਖਾਂ ਤੋਂ ਸੁਖ ਪ੍ਰਾਪਤ ਕਰਨ।
ਹਿੰਦੁਸਤਾਨ ਦੇ ਇਕ ਫੌਜੀ ਸਿਪਾਹੀ ਨੂੰ ਕੀ ਤਨਖਾਹ ਮਿਲਦੀ ਹੈ? ਦਸ ਜਾਂ ਹੱਦ ਬਾਰਾਂ ਰੁਪਏ। ਤਾਅਜੁਬ ਦੀ ਗੱਲ ਹੈ, ਬੀਰ ਹਿੰਦੁਸਤਾਨੀ ਸਿਰਫ ਦਸ ਬਾਰਾਂ ਰੁਪਿਆਂ ਵਾਸਤੇ ਆਪਣਾ ਸਿਰ ਫਰੰਗੀਆਂ ਅੱਗੇ ਵੇਚਦੇ ਹਨ, ਹਾਲਾਂਕਿ ਗੋਰਿਆਂ ਨੂੰ ਇਨ੍ਹਾਂ ਨਾਲੋਂ ਦੁਗਣੀ ਤਿਗਣੀ ਤਨਖਾਹ ਅਤੇ ਰਸਦ ਮਿਲਦੀ ਹੈ ਅਤੇ ਫੇਰ ਇਹ ਬਹਾਦਰ ਹਿੰਦੁਸਤਾਨੀ ਦਸ ਬਾਰਾਂ ਰੁਪਿਆਂ ਦੇ ਬਦਲੇ ਆਪਣੇ ਹੀ ਦੇਸ਼ ਹਿੰਦ ਨੂੰ ਫਰੰਗੀਆਂ ਦਾ ਗ਼ੁਲਾਮ ਬਣਾਉਂਦੇ ਹਨ ਅਤੇ ਅੰਗਰੇਜ਼ ਕਰੋੜਾਂ, ਅਰਬਾਂ ਰੁਪਏ ਸਾਡੇ ਦੇਸ਼ ਵਿਚੋਂ ਹਰ ਸਾਲ ਵਲੈਤ ਲੈ ਜਾਂਦੇ ਹਨ।
ਹਿੰਦੁਸਤਾਨ ਵਿਚੋਂ ਹਰ ਕਿਸਮ ਦੇ ਦਾਣੇ ਅਤੇ ਫਲ ਵਲੈਤ ਨੂੰ ਜਾਂਦੇ ਹਨ ਅਤੇ ਕਰੋੜਾਂ ਹਿੰਦੁਸਤਾਨੀ ਭੁੱਖ, ਕੈਹਤ, ਪਲੇਗ, ਮਲੇਰੀਆ ਨਾਲ ਮਰ ਚੁੱਕੇ ਹਨ। ਦੇਸ਼ ਭਗਤ ਹਿੰਦੁਸਤਾਨੀ ਅੰਗਰੇਜ਼ਾਂ ਦੇ ਜੇਲ੍ਹਖਾਨਿਆਂ ਵਿਚ ਟਾਟ ਅਤੇ ਬੋਰੀਆਂ ਦੇ ਕੱਪੜੇ ਪਹਿਨਦੇ ਹੋਏ ਸੜ ਰਹੇ ਹਨ, ਉਨ੍ਹਾਂ ਨੂੰ ਚਾਬਕ ਅਤੇ ਕੋੜੇ ਮਾਰੇ ਜਾਂਦੇ ਹਨ, ਉਨ੍ਹਾਂ ਨੂੰ ਕੋਹਲੂ ਜਾਂ ਖੂਹ ਅੱਗੇ ਬਲਦਾਂ ਵਾਂਗ ਜੋਇਆ ਜਾਂਦਾ ਹੈ, ਉਨ੍ਹਾਂ ਨੂੰ ਚੱਕੀ ਵੀ ਪੀੜਨੀ ਪੈਂਦੀ ਹੈ, ਬੀਰ ਸਿੱਖ ਹਿੰਦੂਆਂ ਮੁਸਲਮਾਨ ਕੈਨੇਡਾ ਅਤੇ ਅਫਰੀਕਾ ਦੇ ਜੇਲ੍ਹਖਾਨਿਆਂ ਵਿਚ ਸੜ ਰਹੇ ਹਨ ਅਤੇ ਅੰਗਰੇਜ਼ ਇਨ੍ਹਾਂ ਹਿੰਦੀਆਂ ਉਤੇ ਨਿਤ ਨਵੇਂ ਸਲੂਕ ਜ਼ੁਲਮ ਕਰਦੇ ਹਨ ਅਤੇ ਹਿੰਦੁਸਤਾਨੀ ਔਰਤਾਂ ਤਕ ਬਦਜ਼ਾਤ ਗੋਰੇ ਹਮੇਸ਼ਾ ਬੇਇਜ਼ਤੀ ਕਰਦੇ ਰਹਿੰਦੇ ਹਨ। ਸਮਝੋ ਇਨ੍ਹਾਂ ਭੋਲੇ ਭਾਲੇ ਹਿੰਦੁਸਤਾਨੀ ਸਿਪਾਹੀਆਂ ਨੇ ਅਫਗਾਨਿਸਤਾਨ, ਨੇਪਾਲ, ਈਰਾਨ, ਬਲੋਚਿਸਤਾਨ, ਅਫਰੀਕਾ, ਚੀਨ ਵਿਚ ਜੰਗ ਕਰਕੇ ਬਹੁਤ ਖੂਨ ਵਗਿਆ (ਵਹਾਇਆ) ਹੈ। ਮਗਰ ਕਿਸ ਵਾਸਤੇ? ਧੋਖੇਬਾਜ਼ ਅੰਗਰੇਜ਼ਾਂ ਵਾਸਤੇ। ਅਸੀਂ ਹੀ ਹਿੰਦੁਸਤਾਨੀ ਸਿਪਾਹੀ ਹਿੰਦੁਸਤਾਨ ਅਤੇ ਸਭ ਦੁਨੀਆਂ ਨੂੰ ਗ਼ੁਲਾਮ ਬਣਾ ਰਹੇ ਹਾਂ। ਅਤੇ ਅੰਗਰੇਜ਼ ਹਰ ਜਗ੍ਹਾ ਤੋਂ ਕਰੋੜਾਂ ਅਤੇ ਅਰਬਾਂ ਰੁਪਿਆ ਵਲੈਤ ਲੈ ਜਾਂਦੇ ਹਨ ਅਤੇ ਉਥੇ ਕਾਲ, ਪਲੇਗ, ਮੇਲੇ ਦੀ ਮਲੇਰੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਾਉਂਦੇ ਹਨ ਅਤੇ ਇਨ੍ਹਾਂ ਸਾਰੀਆਂ ਗੱਲਾਂ ਦੇ ਬਦਲੇ ਪਾਪ ਸਾਨੂੰ ਗ਼ੁਲਾਮ ਦੇ ਰੂਪ ਵਿਚ ਭਰਨਾ ਪੈਂਦਾ ਹੈ।
ਹੁਣ ਚਾਹੀਦਾ ਹੈ ਕਿ ਅਸੀਂ ਸਾਰੇ ਹਿੰਦੁਸਤਾਨੀ ਰਾਜਪੂਤ, ਸਿੱਖ, ਪਠਾਣ, ਗੋਰਖੇ, ਡੋਗਰੇ, ਬੀਰ ਸਿਪਾਹੀ ਆਪਣੇ ਹੀ ਸੀਨੇ ਵਿਚ ਹੋਰ ਕਟਾਰ ਨਾ ਠੋਕਣ ਅਤੇ ਜ਼ਾਲਮ ਅੰਗਰੇਜ਼ਾਂ ਦਾ ਸਾਥ ਛੱਡ ਕੇ ਹਿੰਦੁਸਤਾਨ, ਤੁਰਕੀ ਅਤੇ ਤਮਾਮ ਗ਼ੁਲਾਮ ਕੌਮਾਂ ਦੇ ਦੋਸਤ ਬਹਾਦਰ ਜਰਮਨ ਦੇ ਅੱਗੇ ਹਥਿਆਰ ਸੁੱਟ ਦੇਣ ਅਤੇ ਉਨ੍ਹਾਂ ਨਾਲ ਮਿਲ ਕੇ ਫਿਰ ਬਦਮਾਸ਼ ਅੰਗਰੇਜ਼ਾਂ ਨੂੰ ਈਰਾਨ, ਚੀਨ, ਬਰਮਾ, ਮਲਾਇਆ, ਬਲੋਚਿਸਤਾਨ ਅਤੇ ਅਫਰੀਕਾ ਤੋਂ ਭਜਾ ਦਿਉ ਅਤੇ ਸਾਰੀ ਦੁਨੀਆਂ ਨੂੰ ਜ਼ਾਲਮ ਬਦਜ਼ਾਤ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰ ਦਿਉ ਅਤੇ ਹਿੰਦੁਸਤਾਨ, ਨੇਪਾਲ, ਈਰਾਨ, ਮਲਾਇਆ, ਬਰਮਾ, ਅਫਗ਼ਾਨਿਸਤਾਨ, ਕਲਕੱਤਾ, ਬਲੋਚਿਸਤਾਨ ਵਿਚ ਆਪਣਾ ਆਪਣਾ ਰਾਜ ਸਥਾਪਿਤ ਕਰਨ ਅਤੇ ਖੁਦ ਆਪਣੇ ਦੇਸ਼ ਦੇ ਮਾਲਕ, ਸ਼ਹਿਨਸ਼ਾਹ ਬਣਨ, ਢਿੱਡ ਭਰ ਕੇ ਸੁਖ ਨਾਲ ਰੋਟੀ ਖਾਵਣ। ਦੇਸ਼ ਬਦੇਸ਼ ਵਿਚ ਆਪਣੀਆਂ ਭੈਣਾਂ ਅਤੇ ਭਰਾਵਾਂ ਦੀ ਇੱਜ਼ਤ ਅਤੇ ਹੱਕ ਕਾਇਮ ਕਰਨ।
ਐ ਹੀਰੇ ਜਿਹੇ ਹਿੰਦੁਸਤਾਨੀ ਨੌਜਵਾਨੋ; ਲੋ ਲੰਬੇ ਚੌੜੇ ਸ਼ੇਰਾਂ ਵਰਗੇ ਬਲਵਾਨੋ, ਬੇਇਜ਼ਤੀ ਗ਼ੁਲਾਮੀ ਅਤੇ ਦਸ ਬਾਰਾਂ ਰੁਪਏ ਦੀ ਨੌਕਰੀ ਚਾਕਰੀ ਦਾ ਕਾਲਾ ਬੁਰਕਾ ਮੂੰਹ ਉਤੋਂ ਲਾਹ ਦਿਉ, ਜਾਦੂ ਦੇ ਮਹੱਲ ਵਿਚੋਂ ਬਾਹਰ ਆ ਜਾਓ। ਇਹ ਚੰਗਾ ਮੂਹਰਤ ਹੈ। ਹਿੰਮਤ ਕਰੋ, ਦਿਲ ਪੱਕਾ ਕਰਕੇ ਇਕ ਵਾਰੀ ਆਜ਼ਾਦੀ ਦਾ ਪ੍ਰਣ ਧਾਰਨ ਕਰੋ ਅਤੇ ਆਪਣੇ ਦੇਸ਼ਵਾਸੀਆਂ ਦੀ ਆਜ਼ਾਦੀ ਭਲਾਈ ਵਾਸਤੇ ਸ਼ਹੀਦ ਹੋ ਜਾਉ।

ਜੰਗ ਅਤੇ ਹਿੰਦੁਸਤਾਨ
(8 ਨਵੰਬਰ 1914 ਨੂੰ ਛਪਿਆ)
ਹਿੰਦੀ ਨਵਾਬ
ਨਵਾਬ ਨਸੀਰ ਅਲਾਹ ਖਾਨ ਪਿਸਰ ਬੇ ਰਾਮ ਭੂਪਾਲ ਫੌਜ ਦਾ ਮੇਜਰ ਅਫਸਰ ਹੈ। ਵਫਾਦਾਰੀ ਦੇ ਖਿਆਲ ਤੋਂ ਯੂਰਪ ਵਿਚ ਅੰਗਰੇਜ਼ਾਂ ਦੀ ਖਾਤਿਰ ਲੜਨ ਵਾਸਤੇ ਹਿੰਦੁਸਤਾਨ ਤੋਂ ਰਵਾਨਾ ਹੋਇਆ, ਪਰ ਅਦਨ (ਯਮਨ) ਪਹੁੰਦੇ ਸਾਰ ਬਰਖੁਰਦਾਰ ਨਸੀਰ ਅਲਾਹ ਦੀ ਤਬੀਅਤ ਜਹਾਜ਼ ਦੇ ਹਚਕੋਲਿਆਂ ਨਾਲ ਘਬਰਾ ਗਈ ਅਤੇ ਵਾਪਸ ਮੁੜ ਆਏ। ਵਾਹ ਰੇ ਨਵਾਬ ਤੇਰੀ ਨਵਾਬੀ, ਇਤਨੀ ਨਜ਼ਾਕਤ ਕਿ ਜਹਾਜ਼ ਦੇ ਹਚਕੋਲਿਆਂ ਨਾਲ ਬਿਮਾਰ ਹੋ ਗਏ ਹੋ, ਐਸੇ ਹਜ਼ਰਤ ਜੋ ਜਹਾਜ਼ ਵਿਚ ਘਬਰਾ ਜਾਂਦੇ, ਉਹ ਯੁੱਧ ਦੇ ਮੈਦਾਨ ਵਿਚ ਜਰਮਨ ਦੀ ਫੌਲਾਦੀ ਤਲਵਾਰ ਸਾਹਮਣੇ ਕੀ ਲੜਨਗੇ। ਅਜਿਹੇ ਹੀ ਹਨ, ਹਿੰਦ ਦੇ ਸਭ ਰਾਜੇ ਨਵਾਬ ਜਿਨ੍ਹਾਂ ਦੀ ਬਹਾਦਰੀ ਦੀਆਂ ਦਾਸਤਾਨ ਅੱਜ ਕੱਲ੍ਹ ਅੰਗਰੇਜ਼, ਅਮਰੀਕਾ ਦੇ ਅਖਬਾਰਾਂ ਵਿਚ ਮਸ਼ਹੂਰ ਕਰਦੇ ਹਨ, ਭਲਾ ਐਸੇ ਰਾਜੇ ਨਵਾਬ ਅੰਗਰੇਜ਼ਾਂ ਦੇ ਮਦਦਗਾਰ ਹੋਣ ਤਾਂ ਕਿਹੜੇ ਤੀਰ ਮਾਰ ਲੈਣਗੇ ਅਤੇ ਜੇਕਰ ਗ਼ਦਰ ਪਾਰਟੀ ਵਿਚ ਸ਼ਾਮਿਲ ਹੋਣ ਤਾਂ ਕਿਹੜਾ ਪਹਾੜ ਉਠਾ ਲੈਣਗੇ। ਇਸ ਵਾਸਤੇ ਗ਼ਦਰ ਦੇ ਪ੍ਰੇਮੀਆਂ ਨੂੰ ਅੰਗਰੇਜ਼ਾਂ ਦੇ ਇਨ੍ਹਾਂ ਰਾਜਿਆਂ ਨਵਾਬਾਂ ਦੇ ਜੰਗ ਵਿਚ ਜਾਣ ਦੀ ਬਾਬਤ ਲੰਬੇ ਲੰਬੇ ਤਾਰ ਪੜ੍ਹ ਕੇ ਹੈਰਾਨ ਨਾ ਹੋਣ- ਗ਼ਦਰ ਦੀ ਤਾਕਤ ਆਪਣਾ ਕੰਮ ਸੱਚੇ ਬੀਰਾਂ ਵਿਚ ਬਰਾਬਰ ਕਰ ਰਹੀ ਹੈ। ਮਿਸਟਰ ਗਾਂਧੀ ਅਤੇ ਕਈ ਹੋਰ ਗ਼ੁਲਾਮ ਹਿੰਦੀਆਂ ਦੇ (ਨੇ) ਲੰਡਨ ਵਿਚ ਹਿੰਦੀਆਂ ਨੂੰ ਇਕ ਖੁਫੀਆ ਚਿੱਠੀ ਜਾਰੀ ਕੀਤੀ ਹੈ ਜੋ ਸਾਨੂੰ ਭੀ ਕਿਸੀ ਤਰ੍ਹਾਂ ਮਿਲ ਗਈ ਹੈ। ਇਸ ਵਿਚ ਲਿਖਿਆ ਹੈ ਕਿ ਅੰੰਗਰੇਜ਼ਾਂ ਦੀ ਮਦਦ ਕਰੋ ਕਿਉਂਕਿ ਇਨ੍ਹਾਂ ‘ਤੇ ਹੁਣ ਬਿਪਤਾ ਬਣੀ ਹੈ। ਅਸੀਂ ਕਹਿੰਦੇ ਹਾਂ ਕਿ ਇਨ੍ਹਾਂ ਦੀ ਮਦਦ ਬਿਲਕੁਲ ਨਾ ਕਰੋ ਤਾਂ ਅੱਜ ਹੀ ਗ਼ਦਰ ਕਰਕੇ ਅੰਗਰੇਜ਼ਾਂ ਦੇ ਸਿਰ ‘ਤੇ ਹਥੋੜਾ ਮਾਰੋ, ਇਹ ਵੇਲਾ ਆਜ਼ਾਦੀ ਹਾਸਲ ਕਰਨ ਦਾ ਹੈ।