ਪਦਮਿਨੀ ਕੋਹਲਾਪੁਰੀ ਦਾ ਫਿਲਮੀ ਸਫਰ

ਫਿਲਮ ‘ਯਾਦੋਂ ਕੀ ਬਾਰਾਤ’ ਦੇ ਸੁਪਰਹਿਟ ਗੀਤ ‘ਯਾਦੋਂ ਕੀ ਬਾਰਾਤ ਨਿਕਲੀ ਹੈ ਆਜ ਦਿਲ ਕੇ ਦੁਆਰੇ’ ਵਿਚ ਲਤਾ ਮੰਗੇਸ਼ਕਰ ਦੀ ਆਵਾਜ਼ ਨਾਲ ਨੰਨ੍ਹੀ ਗਾਇਕਾ ਦੀ ਆਵਾਜ਼ ਵੀ ਸਾਡੇ ਕੰਨੀਂ ਪੈਂਦੀ ਹੈ। ਇਹ ਆਵਾਜ਼ ਹੈ ਆਪਣੇ ਸਮੇਂ ਦੀ ਜਾਣੀ-ਪਛਾਣੀ ਅਦਾਕਾਰਾ ਪਦਮਿਨੀ ਕੋਹਲਾਪੁਰੀ ਦੀ। ਸੰਗੀਤਕ ਪਰਿਵਾਰ ਨਾਲ ਨਾਤਾ ਰੱਖਣ ਵਾਲੀ ਪਦਮਿਨੀ ਕੋਹਲਾਪੁਰੀ ਜੋ ਰਿਸ਼ਤੇਦਾਰੀ ‘ਚ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਦੀ ਭਾਣਜੀ ਲੱਗਦੀ ਹੈ, ਵੀ ਗਾਇਕੀ ਦੇ ਖੇਤਰ ਵਿਚ ਆਪਣਾ ਸਥਾਨ ਬਣਾਉਣਾ ਚਾਹੁੰਦੀ ਸੀ ਕਿਉਂ ਜੋ ਉਸ ਨੂੰ ਪਰਿਵਾਰ ਨੇ ਸੰਗੀਤ ਦੀ ਸਿੱਖਿਆ ਬਚਪਨ ਤੋਂ ਹੀ ਦੇਣੀ ਸ਼ੁਰੂ ਕਰ ਦਿੱਤੀ ਸੀ

ਪਰ ਕਿਸਮਤ ਉਸ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਆਈ। ਜਦੋਂ ਆਸ਼ਾ ਭੋਂਸਲੇ, ਪਦਮਨੀ ਦੇ ਘਰ ਜਾਂਦੀ ਤਾਂ ਪਦਮਨੀ, ਆਸ਼ਾ ਜੀ ਨੂੰ ਫਿਲਮੀ ਗਾਣਿਆਂ ‘ਤੇ ਨੱਚ ਕੇ ਦਿਖਾਉਂਦੀ। ਆਸ਼ਾ ਭੌਂਸਲੇ ਨੂੰ ਪਦਮਿਨੀ ਦੀ ਦਾਦੀ ਆਖਦੀ ਕਿ ਉਹ ਪਦਮਿਨੀ ਨੂੰ ਫਿਲਮਾਂ ‘ਚ ਕੰਮ ਦਿਵਾਏ ਕਿਉਂਕਿ ਉਹ ਪਦਮਿਨੀ ਨੂੰ ਫਿਲਮਾਂ ‘ਚ ਕੰਮ ਕਰਦੀ ਦੇਖਣਾ ਚਾਹੁੰਦੀ ਹੈ।
ਫਿਲਮ ‘ਇਸ਼ਕ ਇਸ਼ਕ ਇਸ਼ਕ’ ਦੇ ਗੀਤ ‘ਅੱਲ੍ਹਾ ਕਿਆ ਨਜ਼ਾਰਾ ਹੈ, ਮੌਸਮ ਬੜਾ ਪਿਆਰਾ ਹੈ’ ਵਿਚ ਗਾਇਕ ਕਿਸ਼ੋਰ ਕੁਮਾਰ ਨਾਲ ਕੋਰਸ ਗਾਇਕਾ ਦੇ ਤੌਰ ‘ਤੇ ਸੱਤ ਸਾਲਾ ਪਦਮਿਨੀ ਵੀ ਗਾ ਰਹੀ ਸੀ। ਇਸ ਰਿਕਾਰਡਿੰਗ ਦੌਰਾਨ ਉਥੇ ਦੇਵ ਆਨੰਦ ਆਏ ਤਾਂ ਪਦਮਿਨੀ ਨੂੰ ਆਸ਼ਾ ਭੌਂਸਲੇ ਨੇ ਉਨ੍ਹਾਂ ਨਾਲ ਮਿਲਾ ਦਿੱਤਾ। ਦੇਵ ਆਨੰਦ ਨੂੰ ਆਪਣੀ ਫਿਲਮ ‘ਇਸ਼ਕ ਇਸ਼ਕ ਇਸ਼ਕ’ ਲਈ ਕੁਝ ਬੱਚਿਆਂ ਦੀ ਭਾਲ ਸੀ। ਉਨ੍ਹਾਂ ਨੇ ਪਦਮਿਨੀ ਆਪਣੀ ਫਿਲਮ ਵਿਚ ਬਾਲ ਕਲਾਕਾਰ ਵਜੋਂ ਲੈ ਲਿਆ। ਇਸ ਫਿਲਮ ਵਿਚ ਪਦਮਿਨੀ ਨਾਲ ਸ਼ੇਖਰ ਕਪੂਰ, ਪੂਨਮ ਸਿਨਹਾ, ਸ਼ਬਾਨਾ ਅਤੇ ਜ਼ਰੀਨਾ ਵਹਾਬ ਨੇ ਵੀ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ। ਇਹ ਫਿਲਮ ਫਲਾਪ ਰਹੀ ਅਤੇ ਪਦਮਿਨੀ ਨੂੰ ਕਿਸੇ ਵੀ ਹੋਰ ਫਿਲਮ ਦੀ ਪੇਸ਼ਕਸ਼ ਨਾ ਹੋਈ ਪਰ ਉਹ ਕੋਰਸ ਗਾਇਕਾ ਦੇ ਤੌਰ ‘ਤੇ ਗੀਤ ਗਾਉਂਦੀ ਰਹੀ ਅਤੇ ਸਟੇਜ ‘ਤੇ ਆਪਣੀ ਡਾਂਸ ਪ੍ਰਤਿਭਾ ਦਿਖਾਉਂਦੀ ਰਹੀ। ਇਸ ਦੌਰਾਨ ਰੌਸ਼ਨ ਤਨੇਜਾ ਦੀ ਸੰਸਥਾ ਦੇ ਉਦਘਾਟਨੀ ਸਮਾਗਮ ‘ਚ ਪਦਮਿਨੀ ਦੇ ਫੁੱਫੜ ਦੀ ਫਰਮਾਇਸ਼ ‘ਤੇ ਰੌਸ਼ਨ ਤਨੇਜਾ ਨੇ ਪਦਮਿਨੀ ਨੂੰ ਆਸ਼ਾ ਭੌਂਸਲੇ ਦੇ ਗਾਏ ਗੀਤ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ। ਉਥੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ੋਅਮੈਨ ਰਾਜ ਕਪੂਰ ਆਏ ਹੋਏ ਸਨ। ਪਦਮਿਨੀ ਨੂੰ ਸਮਾਗਮ ਤੋਂ ਬਾਅਦ ਰਾਜ ਕਪੂਰ ਨੇ ਬੁਲਾਇਆ ਅਤੇ ਪੁੱਛਿਆ ਕਿ ਉਹ ਫਿਲਮਾਂ ‘ਚ ਕੰਮ ਕਰਨਾ ਪਸੰਦ ਕਰੇਗੀ ਤਾਂ ਪਦਮਿਨੀ ਨੇ ਕਿਹਾ ਕਿ ਉਹ ਇਕ ਫਿਲਮ ਵਿਚ ਪਹਿਲਾਂ ਹੀ ਕੰਮ ਕਰ ਚੁੱਕੀ ਹਾਂ। ਰਾਜ ਕਪੂਰ ਨੇ ਪਦਮਿਨੀ ਨੂੰ ਮਾਪਿਆਂ ਨਾਲ ਆਰ.ਕੇ. ਸਟੂਡੀਓ ਆਉਣ ਦਾ ਸੱਦਾ ਦਿੱਤਾ। ਉਥੇ ਰਾਜ ਕਪੂਰ ਨੇ ਫਿਲਮ ‘ਸੱਤਿਅਮ ਸ਼ਿਵਮ ਸੁੰਦਰਮ’ ਲਈ ਬਾਲ ਕਲਾਕਾਰ ਦਾ ਆਡੀਸ਼ਨ ਰੱਖਿਆ ਹੋਇਆ ਸੀ। ਉਨ੍ਹਾਂ ਨੇ ਤਕਰੀਬਨ 200 ਬਾਲ ਕਲਾਕਾਰਾਂ ਦਾ ਆਡੀਸ਼ਨ ਲਿਆ ਪਰ ਪਦਮਿਨੀ ਦਾ ਸਕਰੀਨ ਟੈਸਟ ਨਹੀਂ ਲਿਆ। ਪਦਮਿਨੀ ਨੂੰ ਬੇਬੀ ਨਾਜ਼ ਦੇ ਕੱਪੜੇ ਪਹਿਨਾ ਕੇ ਇਕ ਥਾਂ ਤੋਂ ਦੂਜੀ ਥਾਂ ‘ਤੇ ਚੱਲਣ ਲਈ ਕਿਹਾ ਗਿਆ ਤੇ ਨਾਲ ਹੀ ਪਦਮਿਨੀ ਦੀ ਆਵਾਜ਼ ਵੀ ਟੈਸਟ ਕੀਤੀ ਗਈ। ਚਾਹੇ ਰਾਜ ਕਪੂਰ ਦੇ ਸਹਾਇਕ ਨੇ ਇਹ ਕਿਹਾ ਸੀ ਕਿ ਪਦਮਿਨੀ ਇਸ ਭੂਮਿਕਾ ਲਈ ਫਿੱਟ ਨਹੀਂ ਬੈਠੇਗੀ ਕਿਉਂਕਿ ਜਿਸ ਉਮਰ ਦੀ ਬਾਲ ਕਲਾਕਾਰ ਇਸ ਫਿਲਮ ਲਈ ਚਾਹੀਦੀ ਸੀ, ਉਸ ਮੁਤਾਬਕ ਪਦਮਿਨੀ ਠੀਕ ਨਹੀਂ ਸੀ।
ਇਨ੍ਹਾਂ ਸਾਰੇ ਸੁਝਾਵਾਂ ਨੂੰ ਨਕਾਰਦੇ ਹੋਏ ਰਾਜ ਕਪੂਰ ਨੇ ‘ਸੱਤਿਅਮ ਸ਼ਿਵਮ ਸੁੰਦਰਮ’ ਫਿਲਮ ਦੀ ਬਾਲ ਕਲਾਕਾਰ ਦੀ ਭੂਮਿਕਾ ਲਈ ਪਦਮਿਨੀ ਨੂੰ ਹਰੀ ਝੰਡੀ ਦਿਖਾ ਦਿੱਤੀ। ਬਿਨਾਂ ਆਡੀਸ਼ਨ ਤੋਂ ਚੁਣੀ ਗਈ ਇਸ ਅਦਾਕਾਰਾ ਨੇ ਬਾਅਦ ਵਿਚ ਰਾਜ ਕਪੂਰ ਦੀ ਚਰਚਿਤ ਫਿਲਮ ‘ਪ੍ਰੇਮ ਰੋਗ’ ਵਿਚ ਮੁੱਖ ਭੂਮਿਕਾ ਅਦਾ ਕੀਤੀ। ‘ਸੱਤਿਅਮ ਸ਼ਿਵਮ ਸੁੰਦਰਮ’ ਤੋਂ ਬਾਅਦ ਬਾਲ ਕਲਾਕਾਰ ਦੇ ਤੌਰ ‘ਤੇ ਪਦਮਿਨੀ ਦੀ ਤੂਤੀ ਬੋਲਣ ਲੱਗੀ ਅਤੇ ਉਸ ਨੇ ‘ਸਾਜਨ ਬਿਨਾਂ ਸੁਹਾਗਣ’, ‘ਡ੍ਰੀਮ ਗਰਲ’ ਤੇ ‘ਜ਼ਿੰਦਗੀ’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ। ਇਹ ਸਿਲਸਿਲਾ ਫਿਲਮ ‘ਇਨਸਾਫ ਕਾ ਤਰਾਜ਼ੂ’ ਤਕ ਚਲਦਾ ਰਿਹਾ। ‘ਇਨਸਾਫ ਕਾ ਤਰਾਜ਼ੂ’ ਪਦਮਿਨੀ ਦੀ ਬਾਲ ਕਲਾਕਾਰ ਵਜੋਂ ਆਖਰੀ ਫਿਲਮ ਸੀ। ਫਿਲਮ ‘ਇਨਸਾਫ ਕਾ ਤਰਾਜ਼ੂ’ ਦੇ ਗਾਣੇ ਦਾ ਫਿਲਮਾਂਕਣ ਦੇਖਣ ਆਏ ਰਿਸ਼ੀ ਕਪੂਰ ਨੂੰ ਪਦਮਿਨੀ ਦੀ ਅਦਾਕਾਰੀ ਪਸੰਦ ਆਈ ਤਾਂ ਉਨ੍ਹਾਂ ਪਦਮਿਨੀ ਬਾਰੇ ਨਿਰਮਾਤਾ-ਨਿਰਦੇਸ਼ਕ ਨਾਸਿਰ ਹੁਸੈਨ ਨੂੰ ਦੱਸਿਆ। ਨਾਸਿਰ ਹੁਸੈਨ ਨੇ ਪਦਮਿਨੀ ਨੂੰ ਫਿਲਮ ‘ਜ਼ਮਾਨੇ ਕੋ ਦਿਖਾਨਾ ਹੈ’ ਸਮੇਤ ਦੋ ਹੋਰ ਫਿਲਮਾਂ ਲਈ ਸਾਈਨ ਕਰ ਲਿਆ। ਇਸ ਸਮੇਂ ਹੀ ਫਿਲਮ ‘ਏਕ ਦੂਜੇ ਕੇ ਲੀਏ’ ਦਾ ਨਿਰਮਾਣ ਸ਼ੁਰੂ ਹੋਣ ਵਾਲਾ ਸੀ। ‘ਏਕ ਦੂਜੇ ਕੇ ਲੀਏ’ ਦੀ ਟੀਮ ਨੇ ਪਦਮਿਨੀ ਨੂੰ ਅਦਾਕਾਰ ਕਮਲ ਹਸਨ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ ਅਤੇ ਇਹ ਫਿਲਮ 6 ਮਹੀਨੇ ‘ਚ ਰਿਲੀਜ਼ ਕਰਨ ਲਈ ਕਿਹਾ ਜਦੋਂਕਿ ਦੂਜੇ ਪਾਸੇ ਨਾਸਿਰ ਹੁਸੈਨ ਫਿਲਮ ‘ਜ਼ਮਾਨੇ ਕੋ ਦਿਖਾਨਾ ਹੈ’ ਨੂੰ ਪਹਿਲਾਂ ਰਿਲੀਜ਼ ਕਰਨਾ ਚਾਹੁੰਦੇ ਸੀ। ਇਸੇ ਹੀ ਕਸ਼ਮਕਸ਼ ‘ਚ ਪਦਮਨੀ ਇਹ ਫਿਲਮ ਨਾ ਕਰ ਸਕੀ ਅਤੇ ਇਹ ਭੂਮਿਕਾ ਅਦਾਕਾਰਾ ਰਤੀ ਅਗਨੀਹੋਤਰੀ ਦੀ ਝੋਲੀ ਜਾ ਪਈ ਜੋ ਉਸ ਲਈ ਸਫਲਤਾ ਦਾ ਸਿੱਕਾ ਸਾਬਤ ਹੋਈ। ਇਸ ਦੌਰਾਨ ਰਾਜ ਕਪੂਰ ਨੂੰ ਵੀ ਪਦਮਿਨੀ ਦੇ ਨਾਇਕਾ ਵਜੋਂ ਫਿਲਮਾਂ ‘ਚ ਕੰਮ ਕਰਨ ਬਾਰੇ ਪਤਾ ਲੱਗਿਆ। ਉਨ੍ਹਾਂ ਪਦਮਿਨੀ ਨੂੰ ਆਰ.ਕੇ. ਸਟੂਡੀਓ ਬੁਲਾਇਆ ਅਤੇ ਫਿਲਮ ‘ਪ੍ਰੇਮ ਰੋਗ’ ਲਈ ਸਫੈਦ ਸਾੜੀ ਪਹਿਨਾ ਕੇ ਉਸ ਦਾ ਆਡੀਸ਼ਨ ਲਿਆ। ‘ਪ੍ਰੇਮ ਰੋਗ’ ਫਿਲਮ ਦੌਰਾਨ ਪਦਮਿਨੀ ਦੀ ਉਮਰ ਸਿਰਫ 14 ਸਾਲ ਦੀ ਸੀ। 14 ਸਾਲ ਦੀ ਉਮਰ ‘ਚ ਉਸ ਨੇ ਵਿਧਵਾ ਦਾ ਕਿਰਦਾਰ ਅਦਾ ਕਰਕੇ ਇਹ ਸਿੱਧ ਕਰ ਦਿੱਤਾ ਕਿ ਅਦਾਕਾਰੀ ਉਮਰ ਦੇ ਬੰਧਨਾਂ ਤੋਂ ਮੁਕਤ ਹੁੰਦੀ ਹੈ। ਪਦਮਿਨੀ ਦੀਆਂ ‘ਆਹਿਸਤਾ-ਆਹਿਸਤਾ’, ‘ਪ੍ਰੇਮ ਰੋਗ’ ਤੇ ‘ਜ਼ਮਾਨੇ ਕੋ ਦਿਖਾਨਾ ਹੈ’ ਫਿਲਮਾਂ ਇਕੋ ਸਮੇਂ ਬਣਨੀਆਂ ਸ਼ੁਰੂ ਹੋਈਆਂ। ਫਿਲਮਾਂ ‘ਚ ਮਸਰੂਫ ਹੋਣ ਕਾਰਨ ਪਦਮਿਨੀ ਦਾ ਸਕੂਲ ਛੁੱਟ ਗਿਆ ਤੇ ਉਹ ਸਿਰਫ ਨੌਂ ਜਮਾਤਾਂ ਹੀ ਪਾਸ ਕਰ ਸਕੀ। ਪਦਮਿਨੀ ਦੀ ਨਾਇਕਾ ਵਜੋਂ ‘ਆਹਿਸਤਾ-ਆਹਿਸਤਾ’ ਫਿਲਮ ਸਭ ਤੋਂ ਪਹਿਲਾਂ ਰਿਲੀਜ਼ ਹੋਈ। ‘ਪ੍ਰੇਮ ਰੋਗ’ ਵਿਚ ਪਦਮਿਨੀ ਦੀ ਅਦਾਕਾਰੀ ਦੇਖ ਕੇ ਹੁਨਰ ਤੇ ਕਲਾ ਦੇ ਪਾਰਖੀ ਰਾਜ ਕਪੂਰ ਨੇ ਕਿਹਾ ਸੀ ਕਿ ਪਦਮਿਨੀ ਨੂੰ ‘ਪ੍ਰੇਮ ਰੋਗ’ ਲਈ ਲੋਕ ਹਮੇਸ਼ਾਂ ਯਾਦ ਰੱਖਣਗੇ। ਇਸ ਤੋਂ ਬਾਅਦ ਚਾਹੇ ਪਦਮਿਨੀ ਨੇ ‘ਪਿਆਰ ਝੁਕਤਾ ਨਹੀਂ’, ‘ਵੋਹ ਸਾਤ ਦਿਨ’, ‘ਦੋ ਦਿਲੋਂ ਕੀ ਦਾਸਤਾਂ’, ‘ਵਿਧਾਤਾ’ , ‘ਸੌਤਨ’, ‘ਸਵਰਗ ਸੇ ਸੁੰਦਰ’ ਤੇ ‘ਲਵਰਜ਼’ ਸਮੇਤ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਪਰ ‘ਪ੍ਰੇਮ ਰੋਗ’ ਦੀ ਅਦਾਕਾਰੀ ਨਾਲ ਪਦਮਿਨੀ ਦਰਸ਼ਕਾਂ ਦੇ ਦਿਲਾਂ ‘ਚ ਹਮੇਸ਼ਾ ਲਈ ਘਰ ਕਰ ਗਈ।