ਫੀਲਡ ਹਾਕੀ ਵਿਸ਼ਵ ਕੱਪ: ਨੀਦਰਲੈਂਡ ਨੂੰ ਹਰਾ ਕੇ ਬੈਲਜੀਅਮ ਨੇ ਜਿੱਤੀ ਕਾਲਿੰਗਾ ਦੀ ਜੰਗ

ਭੁਬਨੇਸ਼ਵਰ (ਸੁਖਵੀਰ ਗਰੇਵਾਲ): ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਨੇ ਪੁਰਸ਼ ਵਰਗ ਦਾ 14ਵਾਂ ਵਿਸ਼ਵ ਫੀਲਡ ਹਾਕੀ ਕੱਪ ਜਿੱਤ ਲਿਆ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿਚ ਬੈਲਜੀਅਮ ਦੀ ਇਹ ਪਲੇਠੀ ਖਿਤਾਬੀ ਜਿੱਤ ਹੈ। ਭੁਬਨੇਸ਼ਵਰ ਦੇ ਕਾਲਿੰਗਾ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਬੈਲਜੀਅਮ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਅਤੇ ਪਿਛਲੇ ਵਾਰ ਦੀ ਉਪ ਜੇਤੂ ਨੈਦਰਲੈਂਡ ਨੂੰ ‘ਸਡਨ ਡੈਥ’ ਰਾਹੀਂ ਦੋ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਹਰਾ ਦਿੱਤਾ। ਦੱਸਣਯੋਗ ਹੈ ਕਿ ਪੂਲ ਮੈਚ ਵਿਚ ਭਾਰਤ ਅਤੇ ਬੈਲਜੀਅਮ ਬਰਾਬਰ ਰਹੇ ਸਨ। ਪਿਛਲੇ ਵਾਰ ਦੀ ਜੇਤੂ ਆਸਟਰੇਲੀਆ ਨੂੰ ਕਾਂਸੀ ਦਾ ਤਮਗਾ ਮਿਲਿਆ।

ਇਸ ਤੋਂ ਪਹਿਲਾਂ ਬੈਲਜੀਅਮ ਦਾ ਬਿਹਤਰੀਨ ਪ੍ਰਦਰਸ਼ਨ 2014 ਦਾ ਵਿਸ਼ਵ ਕੱਪ ਸੀ, ਜਦੋਂ ਇਹ ਟੀਮ ਪੰਜਵੇਂ ਸਥਾਨ ‘ਤੇ ਰਹੀ ਸੀ। ਪਿਛਲੇ ਦਸ ਸਾਲਾਂ ਦੌਰਾਨ ਬੈਲਜੀਅਮ ਨੇ ਹਾਕੀ ਨੂੰ ਲੈ ਕੇ ਜੋ ਨੀਤੀ ਬਣਾਈ ਸੀ, ਉਸ ਦਾ ਸਬੂਤ ਰੀਓ ਉਲੰਪਿਕ (ਚਾਂਦੀ ਦਾ ਤਮਗਾ) ਵਿਚ ਹੀ ਮਿਲ ਗਿਆ ਸੀ ਪਰ ਇਸ ਪ੍ਰਾਪਤੀ ਨੇ ਬੈਲਜੀਅਮ ਦੀ ਚੜ੍ਹਤ ਉਪਰ ਪੱਕੀ ਮੋਹਰ ਲਾ ਦਿੱਤੀ ਹੈ। ਬੈਲਜੀਅਮ ਦੀ ਟੀਮ ਪਹਿਲੀ ਵਾਰ ਇਸ ਕੱਪ ਦੇ ਸੈਮੀ ਫਾਈਨਲ ਵਿਚ ਪੁੱਜੀ ਤੇ ਟਰਾਫੀ ‘ਤੇ ਕਬਜ਼ਾ ਕਰ ਲਿਆ।
ਫਾਈਨਲ ਮੈਚ ਬੇਹੱਦ ਰੌਚਕ ਰਿਹਾ, ਜਿਸ ਦੇ ਨਿਰਧਾਰਿਤ ਸਮੇਂ ਤੱਕ ਕੋਈ ਵੀ ਟੀਮ ਗੋਲ ਨਾ ਕਰ ਸਕੀ। ਦੋਹਾਂ ਟੀਮਾਂ ਵਲੋਂ ਸਾਫ ਸੁਥਰੀ ਹਾਕੀ ਖੇਡੇ ਜਾਣ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਮੈਚ ਦੌਰਾਨ ਕਿਸੇ ਵੀ ਖਿਡਾਰੀ ਨੂੰ ਚਿਤਾਵਨੀ ਜਾਂ ਕਾਰਡ ਨਹੀਂ ਮਿਲਿਆ। ਪੈਨਲਟੀ ਸ਼ੂਟ ਆਊਟ ਦੌਰਾਨ ਵੀ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਰਹੀਆਂ। ‘ਸਡਨ ਡੈਥ’ ਦੌਰਾਨ ਨੀਦਰਲੈਂਡ ਦਾ ਜੈਰਨ ਹਰਜ਼ਬਰਗਰ ਗੋਲ ਕਰਨ ਵਿਚ ਅਸਫਲ ਰਿਹਾ ਜਦ ਕਿ ਬੈਲਜੀਅਮ ਦੇ ਵਾਨ ਅਬੁਲ ਫਲੋਰੈਂਟ ਨੇ ਗੋਲ ਕਰਕੇ ਇਹ ਵੱਕਾਰੀ ਟਰਾਫੀ ਪਹਿਲੀ ਵਾਰ ਬੈਲਜੀਅਮ ਦੀ ਝੋਲੀ ਪਾ ਦਿੱਤੀ।
ਇਸ ਤੋਂ ਪਹਿਲਾਂ ਕਾਂਸੀ ਦੇ ਤਮਗੇ ਲਈ ਖੇਡੇ ਗਏ ਮੈਚ ਵਿਚ ਪਿਛਲੀ ਵਾਰ ਦੀ ਜੇਤੂ ਆਸਟਰੇਲੀਆ ਨੇ ਇੰਗਲੈਂਡ ਨੂੰ 8-1 ਦੇ ਫਰਕ ਨਾਲ ਹਰਾ ਦਿੱਤਾ। ਵਿਸ਼ਵ ਕੱਪ ਦੇ ਇਤਿਹਾਸ ਵਿਚ ਤਮਗੇ ਲਈ ਖੇਡੇ ਗਏ ਮੈਚ ਦਾ ਇਹ ਸਭ ਤੋਂ ਵੱਡਾ ਸਕੋਰ ਹੋ ਨਿਬੜਿਆ। ਇਸ ਤੋਂ ਪਹਿਲਾਂ 1994 ਦੇ ਵਿਸ਼ਵ ਕੱਪ ਵਿਚ ਆਸਟਰੇਲੀਆ ਨੇ ਕਾਂਸੀ ਦੇ ਤਮਗੇ ਲਈ ਜਰਮਨੀ ਨੂੰ 5-2 ਦੇ ਫਰਕ ਨਾਲ ਹਰਾਇਆ ਸੀ। ਪਹਿਲੇ ਅੱਧ ਦੇ ਖਤਮ ਹੋਣ ਤੱਕ ਜੇਤੂ ਟੀਮ 3-0 ਦੇ ਫਰਕ ਨਾਲ ਅੱਗੇ ਸੀ। ਆਸਟਰੇਲੀਆ ਇਹ ਕੱਪ ਜਿੱਤਣ ਲਈ ਸਭ ਤੋਂ ਵੱਡਾ ਦਾਅਵੇਦਾਰ ਸੀ ਪਰ ਟੀਮ ਨੂੰ ਤੀਜੇ ਸਥਾਨ ‘ਤੇ ਹੀ ਸਬਰ ਕਰਨਾ ਪਿਆ। ਇੰਗਲੈਂਡ ਦੀ ਟੀਮ ਪਿਛਲੀ ਵਾਰ ਵੀ ਇਸ ਟੂਰਨਾਮੈਂਟ ਵਿਚ ਚੌਥੇ ਸਥਾਨ ‘ਤੇ ਰਹੀ ਸੀ।
ਇਸ ਮੈਚ ਵਿਚ ਆਸਟਰੇਲੀਆ ਦੀ ਟੀਮ ਸ਼ੁਰੂ ਵਿਚ ਹੀ ਇੰਗਲੈਂਡ ‘ਤੇ ਮਾਨਸਿਕ ਦਬਾਅ ਬਣਾਉਣ ਵਿਚ ਕਾਮਯਾਬ ਰਹੀ। ਮੈਚ ਦੇ ਅੱਠਵੇਂ ਮਿੰਟ ਵਿਚ ਆਸਟਰੇਲੀਆ ਨੇ ਬਲੈਕ ਗੋਵਰਜ਼ ਦੇ ਗੋਲ ਰਾਹੀਂ ਖਾਤਾ ਖੋਲ੍ਹਿਆ। ਗੋਵਰਜ਼ ਦਾ ਇਸ ਟੂਰਾਨਮੈਂਟ ਵਿਚ ਸੱਤਵਾਂ ਗੋਲ ਸੀ ਜਿਸ ਨਾਲ ਉਸ ਨੇ ਟੂਰਨਮੈਂਟ ਵਿਚ ਸਭ ਤੋਂ ਵੱਧ ਗੋਲ ਕਰਨ (ਸੱਤ ਗੋਲ) ਵਾਲੇ ਬੈਲਜੀਅਮ ਦੇ ਹੈਂਡਰੈਕਿਸ ਅਲੈਗਜੈਂਡਰ ਦੀ ਬਰਾਬਰੀ ਕਰ ਲਈ। ਦੋਹਾਂ ਨੂੰ ਸਾਂਝੇ ਤੌਰ ‘ਤੇ ਟਾਪ ਸਕੋਰਰ ਦਾ ਸਨਮਾਨ ਦਿੱਤਾ ਗਿਆ। ਇਸ ਉਪਰੰਤ ਟੌਮ ਗਰੈਗ ਨੇ ਦੋ ਗੋਲ ਦਾਗ ਕੇ ਪਹਿਲਾ ਅੱਧ ਆਸਟਰੇਲੀਆ ਦੇ ਹੱਕ ਵਿਚ 3-0 ‘ਤੇ ਨਿਬੇੜ ਦਿੱਤਾ। ਦੂਜੇ ਅੱਧ ਵਿਚ ਜੈਰਮੀ ਹੇਵਾਰਡ ਨੇ ਦੋ, ਟੌਮ ਗਰੈਗ ਅਤੇ ਟਰੈਂਟ ਮਿਟਨ ਨੇ ਇੱਕ-ਇੱਕ ਗੋਲ ਕੀਤਾ। ਇੰਗਲੈਂਡ ਵਲੋਂ ਇੱਕੋ-ਇੱਕ ਗੋਲ ਮਿਡਲਟਨ ਬੇਰੀ ਨੇ ਕੀਤਾ।
ਤਿੰਨ ਗੋਲ ਕਰਨ ਵਾਲੇ ਟੌਮ ਕਰੈਗ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਨੀਦਰਲੈਂਡ ਦੇ ਗੋਲਕੀਪਰ ਬਲਕ ਪੈਰਮਨ ਨੂੰ ਟੂਰਨਾਮੈਂਟ ਦਾ ਬਿਹਤਰੀਨ ਗੋਲਕੀਪਰ ਐਲਾਨਿਆ ਗਿਆ। ਬੈਲਜੀਅਮ ਦਾ ਅਰਥਰ ਡੌਰਨ ਵਾਨ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਬਣਿਆ। ਸਭ ਤੋਂ ਸਾਫ ਸੁਥਰੀ ਹਾਕੀ ਲਈ ਸਪੇਨ ਨੂੰ ਫੇਅਰ ਪਲੇਅ ਸਨਮਾਨ ਦਿੱਤਾ ਗਿਆ। ਮੇਜ਼ਬਾਨ ਭਾਰਤ ਨੂੰ ਬਿਹਤਰੀਨ ਗੋਲ ਸੈਲੀਬਰੇਸ਼ਨ ਟਰਾਫੀ ਨਾਲ ਸਨਮਾਨਿਆ ਗਿਆ।
ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਐਫ਼ ਆਈ. ਐਚ. ਦੇ ਪ੍ਰਧਾਨ ਨਰਿੰਦਰ ਬੱਤਰਾ, ਹਾਕੀ ਇੰਡੀਆ ਦੇ ਪ੍ਰਧਾਨ ਰਜਿੰਦਰ ਸਿੰਘ, ਕ੍ਰਿਕਟਰ ਸਚਿਨ ਤੇਂਦੁਲਕਰ ਤੇ ਸਾਬਕਾ ਹਾਕੀ ਉਲੰਪੀਅਨ ਦਿਲੀਪ ਟਿਰਕੀ ਨੇ ਇਨਾਮਾਂ ਦੀ ਵੰਡ ਕੀਤੀ।
ਵਿਸ਼ਵ ਰੈਂਕਿੰਗ ‘ਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੈਲਜੀਅਮ ਦੀ ਟੀਮ ਦੁਨੀਆਂ ਦੀ ਨੰਬਰ ਇੱਕ ਟੀਮ ਬਣ ਗਈ ਹੈ। ਪਿਛਲੇ ਕਈ ਸਾਲਾਂ ਤੋਂ ਨੰਬਰ ਇੱਕ ‘ਤੇ ਟਿਕੀ ਹੋਈ ਆਸਟਰੇਲੀਆ ਦੀ ਟੀਮ ਹੁਣ ਦੂਜੇ ਸਥਾਨ ‘ਤੇ ਖਿਸਕ ਗਈ ਹੈ। ਐਫ਼ ਆਈ. ਐਚ. ਵਲੋਂ ਨਵੀਂ ਰੈਂਕਿੰਗ ਸੂਚੀ ਇੱਥੇ ਖਤਮ ਹੋਏ ਵਿਸ਼ਵ ਕੱਪ ਵਿਚ ਟੀਮਾਂ ਦੀ ਕਾਰਗੁਜ਼ਾਰੀ ਤੋਂ ਬਾਅਦ ਜਾਰੀ ਕੀਤੀ ਗਈ ਹੈ।
ਬੈਲਜੀਅਮ ਦੀ ਟੀਮ ਕੋਲ 2196 ਅੰਕ ਹਨ, ਜਦ ਕਿ 15 ਅੰਕਾਂ ਨਾਲ ਪਛੜ ਕੇ ਆਸਟਰੇਲੀਆ ਦੀ ਟੀਮ ਦੂਜੇ ਸਥਾਨ ‘ਤੇ ਆ ਗਈ ਹੈ। ਵਿਸ਼ਵ ਕੱਪ ਵਿਚ ਉਪ ਜੇਤੂ ਬਣਨ ਦਾ ਨੀਦਰਲੈਂਡ ਨੂੰ ਫਾਇਦਾ ਹੋਇਆ ਹੈ, ਜਿਸ ਕਰਕੇ ਇਹ ਟੀਮ ਚੌਥੇ ਸਥਾਨ ਤੋਂ ਤੀਜੇ ਸਥਾਨ ‘ਤੇ ਪੁੱਜ ਗਈ ਹੈ। ਉਲੰਪਿਕ ਚੈਂਪੀਅਨ ਅਰਜਨਟਾਈਨਾ ਦਾ ਇਸ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਬਹੁਤਾ ਵਧੀਆ ਨਹੀਂ ਰਿਹਾ ਜਿਸ ਕਰਕੇ ਟੀਮ ਦੀ ਰੈਂਕਿੰਗ ਤੀਜੇ ਸਥਾਨ ਤੋਂ ਖਿਸਕ ਕੇ ਚੌਥੇ ਸਥਾਨ ‘ਤੇ ਆ ਗਈ ਹੈ।