ਟ੍ਰੈਜਡੀ ਪ੍ਰਚਲਨ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਪੰਜਾਬੀ ਵਿਚ ਟ੍ਰੈਜਡੀ ਨੂੰ ਤ੍ਰਾਸਦੀ ਕਹਿੰਦੇ ਹਨ। ਸੰਸਕ੍ਰਿਤ ਵਿਚ ਤ੍ਰਾਸ ਅੰਤਾਂ ਦੇ ਡਰ ਨੂੰ ਕਹਿੰਦੇ ਹਨ ਅਤੇ ਅਸਹਿ ਸਦਮੇ ਜਾਂ ਦੁੱਖ ਤਕਲੀਫ ਨੂੰ ਵੀ ਇਹੋ ਕਹਿ ਲੈਂਦੇ ਹਨ।
ਅੰਗਰੇਜ਼ੀ ਵਾਲੇ ਟ੍ਰੈਜਡੀ ਲਫਜ਼ ਦੀ ਨਿਰੁਕਤੀ ਬਾਬਤ ਸਪਸ਼ਟ ਨਹੀਂ ਹਨ। ਉਹ ਘੁੰਮ ਘੁਮਾ ਕੇ ਗੋਟ ਸੌਂਗ ਤੱਕ ਪੁੱਜਦੇ ਹਨ ਤੇ ਫਿਰ ਆਪੇ ਹੀ ਸਵਾਲ ਕਰਦੇ ਹਨ ਕਿ ਬੱਕਰਾ ਵੀ ਕਦੀ ਕਿਸੇ ਨੇ ਗਾਉਂਦਾ ਸੁਣਿਆ ਹੈ!

ਬੱਕਰੇ ਬਾਬਤ ਅਖਾਣ ਹੈ ਕਿ ਬੱਕਰੇ ਦੀ ਮਾਂ ਨੇ ਕਦ ਤੱਕ ਖੈਰ ਮਨਾਉਣੀ ਹੈ। ਇਹ ਵੀ ਕਹਿੰਦੇ ਹਨ ਕਿ ਬੱਕਰੀ ਜਾਨੋਂ ਗਈ ਖਾਣ ਵਾਲੇ ਨੇ ਸੁਆਦ ਨਾ ਪਾਇਆ।
ਜਦ ਕਦੀ ਕਿਸੇ ਨੂੰ ਕਿਸੇ ਹੋਰ ਦੀ ਥਾਂ ਕੋਈ ਜੋਖਮ ਉਠਾਉਣਾ ਪਵੇ ਤਾਂ ਉਸ ਨੂੰ ‘ਬਲੀ ਦਾ ਬੱਕਰਾ’ ਬਣਾਉਣਾ ਕਹਿੰਦੇ ਹਨ। ਕਈ ਲੋਕ ਬਕਰੀਦ ਦਾ ਅਰਥ ਵੀ ਬੱਕਰੇ ਵਾਲੀ ਈਦ ਕਰ ਲੈਂਦੇ ਹਨ, ਜਦਕਿ ਅਰਬੀ ਵਿਚ ਬੱਕਰ ਗਊ ਨੂੰ ਕਹਿੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਵਿਚ ਈਦ ਸਮੇਂ ਬੱਕਰਾ ਹੀ ਕੋਹਿਆ ਜਾਂਦਾ ਹੈ, ਇਸ ਲਈ ਇੱਧਰ ਬਕਰੀਦ ਪ੍ਰਚਲਿਤ ਹੋ ਗਿਆ ਹੈ।
ਯੂਨਾਨ ਵਿਚ ਜਦ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੋਵੇਗੀ ਤਾਂ ਬੱਕਰੇ ਦੀ ਮਿਆਂਕ ਨੂੰ ਵੀ ਟ੍ਰੈਜਡੀ ਕਿਹਾ ਗਿਆ ਹੋ ਸਕਦਾ ਹੈ, ਪਰ ਹੁਣ ਇਸ ਦਾ ਅਰਥ ਇਹ ਨਹੀਂ ਰਿਹਾ। ਕਈ ਲੋਕ ਕਿਸੇ ਵੀ ਦੁਰਘਟਨਾ ਨੂੰ ਟ੍ਰੈਜਡੀ ਕਹਿ ਲੈਂਦੇ ਹਨ।
ਮੇਰੇ ਮੁਰਸ਼ਦ ਡਾ. ਸੱਚਰ ਨੇ ਟ੍ਰੈਜਡੀ ਦੇ ਅਰਥ ਸਮਝਾਏ ਸਨ ਕਿ ਜਦ ਕੋਈ ਮਹਾਂ ਨਾਇਕ ਕਿਸੇ ਬਦੀ ਦੇ ਮੁਜੱਸਮੇ ਨਾਲ ਭਿੜ ਕੇ ਮਰਦਾ ਹੈ ਤਾਂ ਉਹ ਟ੍ਰੈਜਡੀ ਨਹੀਂ ਬਣਦੀ। ਕਿਸੇ ਯੋਧੇ ਦਾ ਹਿੱਕ ‘ਤੇ ਦੁਸ਼ਮਣ ਦਾ ਵਾਰ ਖਾਣਾ ਟ੍ਰੈਜਡੀ ਨਹੀਂ ਹੁੰਦਾ। ਯੋਧੇ ਦਾ ਯੋਧੇ ਹੱਥੋਂ ਮਰਨਾ ਟ੍ਰੈਜਡੀ ਨਹੀਂ ਹੁੰਦਾ, ਬਲਕਿ ਜਦ ਗੱਦਾਰ ਲੋਕ ਯੋਧੇ ਨਾਲ ਵਿਸਾਹਘਾਤ ਕਰਦੇ ਹਨ, ਤਾਂ ਟ੍ਰੈਜਡੀ ਹੁੰਦੀ ਹੈ।
ਸਕਤੇ ਦੇ ਸਕਤੇ ਹੱਥੋਂ ਮਾਰੇ ਜਾਣ ‘ਤੇ ਗੁਰੂ ਨਾਨਕ ਦੇਵ ਦੇ ਮਨ ਨੂੰ ਵੀ ਕੋਈ ਰੋਸ ਨਹੀਂ ਸੀ, ਪਰ ਸਕਤੇ ਹੱਥੋਂ ਗਊ ਗਰੀਬ ਦੇ ਮਰਨ ਦਾ ਉਨ੍ਹਾਂ ਵੀ ਸਖਤ ਨੋਟਿਸ ਲਿਆ ਸੀ।
ਜਿਨ੍ਹਾਂ ਦੀ ਮੁਕਤੀ ਖਾਤਰ ਕੋਈ ਮਹਾਂ ਨਾਇਕ ਬਦੀ ਦੇ ਮੁਜੱਸਮੇ ਨਾਲ ਟਕਰਾਉਂਦਾ ਹੈ, ਉਹੀ ਲੋਕ ਆਪਣੇ ਨਾਇਕ ਦੀ ਪਿੱਠ ਵਿਚ ਛੁਰਾ ਖੋਭ ਦੇਣ ਤਾਂ ਉਹ ਟ੍ਰੈਜਡੀ ਹੁੰਦੀ ਹੈ।
ਸਾਡੇ ਆਸ-ਪਾਸ ਹਰ ਰੋਜ ਟ੍ਰੈਜਡੀ ਵਾਪਰ ਰਹੀ ਹੈ; ਅਸੀਂ ਹੱਸ ਹੱਸ ਦੇਖਦੇ ਰਹਿੰਦੇ ਹਾਂ। ਜਦ ਸਾਡੀ ਵਾਰੀ ਆਉਂਦੀ ਹੈ, ਫਿਰ ਅਸੀਂ ਆਸੇ-ਪਾਸੇ ਦੇਖਦੇ ਹਾਂ ਕਿ ਕੋਈ ਸਾਡਾ ਸਾਥ ਦੇਵੇ। ਉਸ ਵੇਲੇ ਸਾਡੇ ਕੋਲ ਪਛਤਾਵੇ ਦੇ ਸਿਵਾ ਕੋਈ ਚਾਰਾ ਨਹੀਂ ਬਚਦਾ; ਉਦੋਂ ਤੱਕ ਚਿੜੀਆਂ ਚੋਗ ਚੁਗ ਚੁਕੀਆਂ ਹੁੰਦੀਆਂ ਹਨ।
ਦੁਸ਼ਮਣ ਤਾਂ ਦੁਸ਼ਮਣ ਹੁੰਦੇ ਹਨ, ਉਨ੍ਹਾਂ ‘ਤੇ ਕਾਹਦਾ ਗਿਲਾ! ਗਿਲਾ ਤਾਂ ਉਨ੍ਹਾਂ ‘ਤੇ ਹੁੰਦਾ ਹੈ, ਜਿਨ੍ਹਾਂ ਨੇ ਆਜ਼ਾਦੀ ਦਾ ਨਿੱਘ ਮਾਣਨਾ ਹੁੰਦਾ ਹੈ ਅਤੇ ਜੋ ਜ਼ਿਬਾਹ ਹੋ ਰਹੇ ਬੱਕਰੇ ਦੀ ਮਿਆਂਕ ਸੁਣ ਸੁਣ ਕੁਸਕਣਾ ਤਾਂ ਕਿਤੇ ਰਿਹਾ ਸਗੋਂ ਹਿੜ ਹਿੜ ਕਰਦੇ ਹਨ। ਉਹ ਕਲਹਿਣੇ ਲੋਕ ਇਸ ਵਹਿਮ ਵਿਚ ਰਹਿੰਦੇ ਹਨ ਕਿ ਉਨ੍ਹਾਂ ਦੀ ਵਾਰੀ ਕਦੀ ਨਹੀਂ ਆਵੇਗੀ।
ਇਤਿਹਾਸ ਗਵਾਹ ਹੈ ਅਤੇ ਅਜਿਹੀਆਂ ਗਵਾਹੀਆਂ ਨਾਲ ਭਰਿਆ ਪਿਆ ਹੈ ਕਿ ਜਿਸ ਤਰ੍ਹਾਂ ਦੀ ਮੌਤ ਗੱਦਾਰ ‘ਵਫਾਦਾਰ’ ਮਰਦੇ ਹਨ, ਉਸ ਤਰ੍ਹਾਂ ਯੋਧੇ ਕਦੇ ਨਹੀਂ ਮਰਦੇ। ਇਹ ਟ੍ਰੈਜਡੀ ਸਾਡੇ ਚਾਰੇ ਪਾਸੇ ਵਾਪਰ ਰਹੀ ਹੈ; ਘਰ ਵਿਚ, ਮਹੱਲੇ ਵਿਚ, ਸ਼ਹਿਰ, ਸੂਬੇ ਅਤੇ ਦੇਸ਼ ਵਿਚ ਵੀ। ਯੋਧੇ ਜ਼ਿਬਾਹ ਹੋ ਰਹੇ ਹਨ ਤੇ ਕਾਇਰ, ਕਮੀਨੇ ਅਤੇ ਜਾਹਲ ਕਿਸਮ ਦੇ ਲੋਕ ਵਫਾਦਾਰੀਆਂ ਦੇ ਲਿਬਾਸ ਵਿਚ ਗੱਦਾਰੀਆਂ ਨੂੰ ਅੰਜਾਮ ਦੇ ਰਹੇ ਹਨ। ਖਬਰਾਂ ਦੇ ਹਰੇਕ ਚੈਨਲ ‘ਤੇ ਗੱਦਾਰੀਆਂ ਦੇ ਲੁਕਵੇਂ ਅਤੇ ਨਵੇਂ ਨਵੇਂ ਨਾਚ ਹਰ ਰੋਜ ਦੇਖਣ ਨੂੰ ਮਿਲਦੇ ਹਨ।
ਹਿੰਦੁਸਤਾਨ ਬੇਤਾਜ ਟ੍ਰੈਜਡੀ ਕਿੰਗ ਬਣਦਾ ਜਾ ਰਿਹਾ ਹੈ। ਇਸ ਤੋਂ ਵੱਧ ਚਿੰਤਾਜਨਕ ਗੱਲ ਹੋਰ ਕੀ ਹੋ ਸਕਦੀ ਹੈ!
‘ਐਟ ਟਿਊ, ਬਰੂਟ’ ਲੈਟਿਨ ਦਾ ਮੁਹਾਵਰਾ ਹੈ, ਜਿਸ ਦਾ ਅਰਥ ਹੈ: ਬਰੂਟੇ, ਤੂੰ ਵੀ! ਇਸ ਲਾਤੀਨੀ ਮੁਹਾਵਰੇ ਦੀ ਵਰਤੋਂ ਸ਼ੇਕਸਪੀਅਰ ਨੇ ਆਪਣੀ ਟ੍ਰੈਜਡੀ ਵਿਚ ਬੜੇ ਹੀ ਦਿਲ ਟੁੰਬਵੇਂ ਅੰਦਾਜ਼ ਵਿਚ ਕੀਤੀ ਹੈ ਕਿ ਇਹ ਮੁਹਾਵਰਾ ਸ਼ੇਕਸਪੀਅਰ ਦਾ ਹੀ ਹੋ ਗਿਆ ਹੈ।
ਮਿੱਤਰ ਬਰੂਟਸ ਨੂੰ ਆਪਣੇ ਕਾਤਲਾਂ ਵਿਚ ਸ਼ਾਮਲ ਦੇਖ ਕੇ ਜਖਮੀ ਬਾਦਸ਼ਾਹ ਸੀਜ਼ਰ ਨੇ ਇਹ ਸ਼ਬਦ ਆਖੇ ਸਨ। ਉਸ ਨੂੰ ਵਿਰੋਧੀਆਂ ‘ਤੇ ਨਹੀਂ ਸਗੋਂ ਆਪਣੇ ਮਿੱਤਰ ‘ਤੇ ਹਿਰਦੇਵੇਧਕ ਹੈਰਾਨੀ, ਅਤੇ ਅੰਤਾਂ ਦਾ ਦੁੱਖ ਹੋਇਆ ਸੀ।
ਵੱਟੇ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਸਜ਼ਾ ਯਾਫਤਾ ਮਨਸੂਰ ਨੂੰ ਲੋਕਾਂ ਦੇ ਪੱਥਰਾਂ ਦੀ ਜ਼ਰਾ ਤਕਲੀਫ ਨਹੀਂ ਸੀ ਹੋਈ, ਪਰ ਉਹ ਆਪਣੇ ਮਿੱਤਰ ਸ਼ਿਵਲੀ ਵਲੋਂ ਮਾਰੇ ਗਏ ਫੁੱਲ ਕਾਰਨ ਜ਼ਾਰ ਜ਼ਾਰ ਰੋ ਪਿਆ ਸੀ। ਇੱਥੋਂ ਹੀ ‘ਸ਼ਿਵਲੀ ਦਾ ਫੁੱਲ’ ਮੁਹਾਵਰਾ ਬਣਿਆ ਹੋਇਆ ਹੈ।
ਜਸਵੰਤ ਸਿੰਘ ਕੰਵਲ ਦੀ ਕਹਾਣੀਆਂ ਦੀ ਕਿਤਾਬ ‘ਸੰਧੂਰ’ ਵਿਚਲੀ ਕਹਾਣੀ ‘ਭੱਠੀ ਤੋਂ ਸਾਣ ਤੱਕ’ ਵਿਚ ਇੱਕ ਕਮਿਊਨਿਸਟ ਕਾਰਕੁਨ ਕੁੜੀ ‘ਤੇ ਉਸੇ ਦਾ ਹਮਜਮਾਤੀ, ਹਮਖਿਆਲ, ਹਮਪੱਲਾ ਅਤੇ ਹਮਰਕਾਬ ਦੋਸਤ ਅਰਥਾਤ ਸਾਬਕਾ ਕਾਮਰੇਡ ਮਿੱਤਰ, ਪੁਲਿਸ ਵਿਚ ਭਰਤੀ ਹੋ ਕੇ ਛਾਪਾ ਮਾਰਦਾ ਹੈ, ਤਾਂ ਉਹ ਕੁੜੀ ਅਤਿ ਦੀ ਹੈਰਾਨੀ ਅਤੇ ਪਸ਼ੇਮਾਨੀ ‘ਚ ਡੁੱਬ ਕੇ ਉਸ ਨੂੰ ਆਖਦੀ ਹੈ, “ਤੂੰ ਵੀ?”
ਕਈ ਕਹਿੰਦੇ ਹਨ, ਕੰਵਲ ਨੇ ਇਹ ਖਿਆਲ ਸ਼ੇਕਸਪੀਅਰ ਤੋਂ ਲਿਆ ਹੋਵੇਗਾ। ਪਰ, ਮੈਨੂੰ ਨਹੀਂ ਲੱਗਦਾ ਕੰਵਲ ਨੇ ਸ਼ੇਕਸਪੀਅਰ ਪੜ੍ਹਿਆ ਹੋਵੇ! ਨਹੀਂ ਤਾਂ ਉਸ ਨੇ ਹੋਰ ਸੂਖਮ ਹੋਣਾ ਸੀ।
ਭਾਰਤ ਨੂੰ ਆਜ਼ਾਦੀ ਮਿਲਣ ਪਿਛੋਂ ਮਹਾਤਮਾ ਗਾਂਧੀ ਨੂੰ ਕੱਟੜ ਜਨੂਨੀ ਨੱਥੂ ਰਾਮ ਗੌਡਸੇ ਨੇ ਸ਼ਰਧਾਲੂ ਦੇ ਲਿਬਾਸ ਵਿਚ ਗੋਲੀ ਮਾਰ ਕੇ ਮਾਰ ਦਿੱਤਾ ਸੀ। ‘ਰਾਮ’ ਅਤੇ ‘ਗੌਡ’ ਜਿਸ ਦੇ ਨਾਂ ਦਾ ਹਿੱਸਾ ਸਨ ਅਤੇ ਜਿਹੜਾ ਸ਼ਰਧਾਲੂ ਦੇ ਭੇਖ ਵਿਚ ਗਾਂਧੀ ਜੀ ਦੇ ‘ਦਰਸ਼ਨ’ ਕਰਨ ਆਇਆ ਸੀ, ਉਸ ਦੀ ਗੋਲੀ ਖਾ ਕੇ, ਗਾਂਧੀ ਜੀ ਨੇ ਤਿੰਨ ਵਾਰੀ ‘ਹੇ ਰਾਮ’ ਪੁਕਾਰਿਆ ਸੀ।
ਡਿਗਦੇ ਹੋਏ ਗਾਂਧੀ ਜੀ ਦੇ ਮੂਹੋਂ ਤਿੰਨ ਵਾਰ ‘ਰਾਮ’ ਸੁਣ ਕੇ, ਨੱਥੂ ਰਾਮ ਗੌਡ(ਸੇ) ਨੂੰ ਪਤਾ ਨਹੀਂ ਕੁਝ ਹੋਇਆ ਸੀ ਕਿ ਨਹੀਂ, ਪਰ ਕਹਿੰਦੇ ਹਨ, ਫਿਲਮ ‘ਗਾਂਧੀ’ ਵਿਚ ਗਾਂਧੀ ਜੀ ਦਾ ਰੋਲ ਕਰਨ ਵਾਲੇ ਐਕਟਰ ਦੇ ਮੂੰਹੋਂ ‘ਓ ਗੌਡ’ ਸੁਣ ਕੇ, ਗੌਡਸੇ ਦਾ ਰੋਲ ਕਰਨ ਵਾਲੇ ਐਕਟਰ ਨੂੰ ਉਸ ਕਹਿਰ ਦੀ ਨਮੋਸ਼ੀ ‘ਚੋਂ ਬਾਹਰ ਆਉਣ ਲਈ ਸਾਇਕੈਟਰਿਸਟ ਕੋਲ ਜਾਣਾ ਪਿਆ ਸੀ।
ਇਹ ਹੁੰਦੀ ਹੈ, ਸੰਵੇਦਨਸ਼ੀਲਤਾ! ਇਸੇ ਨੂੰ ਕਹਿੰਦੇ ਹਨ, ਮਨੁੱਖਤਾ! ਜੋ ਲੋਕ ਗੌਡਸੇ ਨੂੰ ਮਹਾਨ ਸਮਝਦੇ ਹਨ, ਉਨ੍ਹਾਂ ਦੀ ‘ਮਹਾਨਤਾ’ ‘ਤੇ ਸਾਰਾ ਦੇਸ਼ ਨਰਕ ਵਿਚ ਗਰਕ ਸਕਦਾ ਹੈ।
ਉਤਲਿਆਂ ਦੇ ‘ਵਫਾਦਾਰ’ ਬਣ ਕੇ, ਮਿੱਤਰਾਂ ਨੂੰ ਦਬਕਾਉਣ, ਜਰਕਾਉਣ ਜਾਂ ਧਮਕਾਉਣ ਵਾਲੇ ਨਿਰਲੱਜ ਅਤੇ ਬੇਲੱਜ ਬੰਦੇ, ਬੰਦੇ ਨਹੀਂ ਸਗੋਂ ਬੰਦਿਆਂ ਦੀ ਜੂਨ ‘ਚ ਆਏ ਕੁਝ ‘ਹੋਰ’ ਹੁੰਦੇ ਹਨ। ਮਿੱਤਰਾਂ ਖਾਤਰ ਆਪਣੀ ਬਲੀ ਦੇਣ ਤੇ ਆਪਣੇ ਮੁਫਾਦ ਲਈ ਮਿੱਤਰਾਂ ਨੂੰ ਹੀ ਬਲੀ ਚਾੜ੍ਹ ਦੇਣ ‘ਚ ਸ਼ਹੀਦ ਅਤੇ ਗੱਦਾਰ ਜਿੰਨਾ ਫਰਕ ਹੁੰਦਾ ਹੈ।
ਗੱਲ ਟ੍ਰੈਜਡੀ ਦੀ ਹੋ ਰਹੀ ਸੀ। ਜਦ ਆਪਣੇ ਹੀ ਬੇਗਾਨੇ ਮੁਜਰਮਾਨਾ ਵਿਰੋਧੀਆਂ ਨਾਲ ਰਲ ਕੇ ਵਾਰ ਅਤੇ ਮਾਰ ਕਰਦੇ ਹਨ, ਤਦ ਅਸਲ ਟ੍ਰੈਜਡੀ ਵਾਪਰਦੀ ਹੈ। ਬਰਦਾਸ਼ਤ ਦੇ ਬਾਹਰ ਇਹੀ ਟ੍ਰੈਜਡੀ ਹੁੰਦੀ ਹੈ। ਬਾਕੀ ਸਾਰੇ ਦੁੱਖ ਸਹਿ ਅਤੇ ਕਹਿ ਹੋ ਜਾਂਦੇ ਹਨ, ਟ੍ਰੈਜਡੀ ਨਹੀਂ।