ਪੰਜ ਰਾਜਾਂ ਦੇ ਨਤੀਜੇ ਬਣੇ ਦੇਸ਼-ਵਿਦੇਸ਼ ਦੇ ਅਖਬਾਰਾਂ ਵਿਚ ਚਰਚਾ ਦਾ ਵਿਸ਼ਾ

ਮੁਹੰਮਦ ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਭਾਰਤ ਇਕ ਜਮਹੂਰੀ ਦੇਸ਼ ਹੈ। ਜਮਹੂਰੀਅਤ ਦੀ ਇਹ ਖੂਬਸੂਰਤੀ ਹੀ ਕਹੀ ਜਾ ਸਕਦੀ ਹੈ ਕਿ ਜੇ ਕੋਈ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰਦੀ ਤਾਂ ਲੋਕ ਉਸ ਨੂੰ ਚੋਣਾਂ ਰਾਹੀਂ ਬਦਲ ਦਿੰਦੇ ਹਨ। ਲੋਕ ਵੋਟਾਂ ਸਮੇਂ ਜੇ ਆਪਣੀਆਂ ਮੌਜੂਦਾ ਸਰਕਾਰਾਂ ਨੂੰ ਮਿਆਦ ਪੂਰੀ ਹੋਣ ਉਪਰੰਤ ਬਦਲਦੇ ਰਹਿਣ ਤਾਂ ਯਕੀਨਨ ਇਹ ਅਮਲ ਜਮਹੂਰੀਅਤ ਨੂੰ ਹੋਰ ਮਜਬੂਤ ਕਰ ਸਕਦਾ ਹੈ।

ਭਾਰਤ ਵਿਚ ਹਾਲ ਹੀ ਵਿਚ ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ‘ਚੋਂ ਚਾਰ ਸੂਬਿਆਂ ਦੇ ਲੋਕਾਂ ਨੇ ਯਕੀਨਨ ਜਮਹੂਰੀਅਤ ਨੂੰ ਮਜਬੂਤ ਕਰਨ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸੇ ਕਾਰਨ ਅੱਜ ਇਨ੍ਹਾਂ ਨਤੀਜਿਆਂ ਦੀ ਚਰਚਾ ਨਾ ਸਿਰਫ ਦੇਸ਼ ਸਗੋਂ ਵਿਦੇਸ਼ੀ ਅਖਬਾਰਾਂ ਅਤੇ ਮੀਡੀਏ ਵਿਚ ਵੀ ਖੂਬ ਹੋ ਰਹੀ ਹੈ।
ਜਿਸ ਤਰ੍ਹਾਂ ਤਿੰਨ ਸੂਬਿਆਂ ਵਿਚ ਸੱਤਾ ‘ਤੇ ਕਾਬਜ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸ ਸਬੰਧੀ ਨਿਊ ਯਾਰਕ ਤੋਂ ਛਪਦੇ ਅਖਬਾਰ ‘ਦਾ ਨਿਊ ਯਾਰਕ ਟਾਈਮਜ਼’ ਨੇ ਜੋ ਰਿਪੋਰਟ ਛਾਪੀ ਹੈ, ਉਸ ਦਾ ਟਾਈਟਲ ਹੈ, ‘ਕੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸ਼ਕਿਲ ‘ਚ ਹਨ?’ ਅਖਬਾਰ ਲਿਖਦਾ ਹੈ, ‘ਚਾਰ ਸਾਲ ਪਹਿਲਾਂ ਮੋਦੀ ਨੇ ਵੱਡੇ-ਵੱਡੇ ਵਾਅਦਿਆਂ ਨਾਲ ਸੱਤਾ ਹਾਸਲ ਕੀਤੀ ਸੀ, ਪਰ ਉਨ੍ਹਾਂ ਦੀ ਪਾਰਟੀ ਨੂੰ ਆਮ ਚੋਣਾਂ ਤੋਂ ਠੀਕ ਪਹਿਲਾਂ ਪੰਜ ਸੂਬਿਆਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ‘ਚ ਭਾਜਪਾ ਦੀ ਇਹ ਸਭ ਤੋਂ ਵੱਡੀ ਹਾਰ ਹੈ। ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ 100 ਵਿਧਾਨ ਸਭਾ ਸੀਟਾਂ ਦਾ ਨੁਕਸਾਨ ਹੋਇਆ ਹੈ, ਜੋ ਆਉਣ ਵਾਲੇ ਸਮੇਂ ‘ਚ ਮੋਦੀ ਦੀ ਹਾਰ ਦਾ ਕਾਰਨ ਬਣ ਸਕਦਾ ਹੈ। ਜਿਨ੍ਹਾਂ 5 ਸੂਬਿਆਂ ‘ਚ ਚੋਣਾਂ ਹੋਈਆਂ, ਉਥੇ ਬਹੁਤੇ ਵੋਟਰ ਦਿਹਾਤੀ ਖੇਤਰਾਂ ‘ਚ ਰਹਿੰਦੇ ਹਨ। ਅਖਬਾਰ ਨੇ ਕਾਂਗਰਸ ਬਾਰੇ ਲਿਖਿਆ ਹੈ ਕਿ ਇਨ੍ਹਾਂ ਚੋਣਾਂ ਤੋਂ ਜਾਪਦਾ ਹੈ ਜਿਵੇਂ ਸੁੱਤੀ ਹੋਈ ਕਾਂਗਰਸ ਪਾਰਟੀ ਜਾਗ ਗਈ ਹੈ, ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ‘ਚ 2019 ‘ਚ ਮੋਦੀ ਨੂੰ ਰਾਹੁਲ ਦੀ ਸਿੱਧੀ ਟੱਕਰ ਮਿਲੇਗੀ।
ਇਸੇ ਤਰ੍ਹਾਂ ਬ੍ਰਿਟੇਨ ਦਾ ਅਖਬਾਰ ‘ਦ ਗਾਰਡੀਅਨ’ ਟੈਗਲਾਈਨ ‘ਚ ਲਿਖਦਾ ਹੈ ਕਿ ਹਿੰਦੀ ਹਾਰਟਲੈਂਡ ‘ਚ ਹੋਈਆਂ ਚੋਣਾਂ ‘ਚ ਮੋਦੀ ਤੇ ਭਾਜਪਾ ਦੀ ਵੱਡੀ ਹਾਰ। ਅੱਗੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਾਰਟੀ ਨੂੰ ਦੋ ਸੂਬਿਆਂ ‘ਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤੀਜੇ ਸੂਬੇ ‘ਚ ਕਰੜੀ ਟੱਕਰ ਰਹੀ। ਇਸ ਹਾਰ ਨੇ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਕਮਜ਼ੋਰੀ ਜੱਗ ਜਾਹਰ ਕਰ ਦਿੱਤੀ ਹੈ।
ਗੁਆਂਢੀ ਦੇਸ਼ ਪਾਕਿਸਤਾਨ ਦੀ ਅਖਬਾਰ ‘ਦ ਡੌਨ’ ਦੀ ਸੁਰਖੀ ਹੈ, ‘ਪੀ. ਐਮ. ਮੋਦੀ ਨੂੰ ਲੱਗਣ ਵਾਲੇ ਝਟਕਿਆਂ ਤਹਿਤ ਭਾਜਪਾ ਮੁੱਖ ਸੂਬਿਆਂ ‘ਚ ਹਾਰਨ ਵਾਲੀ ਹੈ।’ ਅਖਬਾਰ ਨੇ ਅੱਗੇ ਲਿਖਿਆ ਗਿਆ ਹੈ ਕਿ ਇਨ੍ਹਾਂ ਚੋਣਾਂ ਨੂੰ 2019 ਦੀਆਂ ਆਮ ਚੋਣਾਂ ਦੇ ਕਈ ਹੋਣ ਵਾਲੇ ਜਨਮਤ ਸੰਗ੍ਰਿਹ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਸੂਬਿਆਂ ‘ਚ ਹਾਰ ਮੋਦੀ ਦੀ ਕਦੇ ਨਾ ਹਾਰਨ ਵਾਲੇ ਅਕਸ ਨੂੰ ਖਰਾਬ ਕਰੇਗੀ ਤੇ ਭਾਜਪਾ ਨੂੰ ਪਛਾੜ ਕੇ ਰੱਖ ਦੇਵੇਗੀ।
ਗੁਆਂਢੀ ਦੇਸ਼ ਚੀਨ ਦਾ ‘ਸ਼ਿੰਹੁਆ’ ਲਿਖਦਾ ਹੈ ਕਿ ਇੰਡੀਆ ਦੀ ਵਿਰੋਧੀ ਕਾਂਗਰਸ ਤਿੰਨ ਸੂਬਿਆਂ ‘ਚ ਭਾਜਪਾ ਤੋਂ ਅੱਗੇ ਨਿਕਲੀ, ਜੋ ਇੱਕ ਛੋਟਾ ਸੂਬਾ ਵੀ ਹਾਰ ਗਈ। ਇਹ ਨਤੀਜੇ ਰਾਜਨੀਤੀ ਦੇ ਲਿਹਾਜ਼ ਕਾਫੀ ਅਹਿਮ ਹਨ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ‘ਤੇ ਇਨ੍ਹਾਂ ਦਾ ਸਿੱਧਾ ਅਸਰ ਪਵੇਗਾ। ਇਨ੍ਹਾਂ ਨਤੀਜਿਆਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਤੇ ਇਸ ਨਾਲ ਸਾਫ ਹੋਵੇਗਾ ਕਿ ਉਹ ਲੋਕਾਂ ‘ਚ ਕਿੰਨੇ ਕੁ ਪ੍ਰਸਿੱਧ ਜਾਂ ਹਰਮਨ ਪਿਆਰੇ ਹਨ।
ਦੇਸ਼ ਦੇ ਵੱਖ ਵੱਖ ਅਖਬਾਰਾਂ ਤੇ ਮੀਡੀਆ ਚੈਨਲਾਂ ‘ਤੇ ਵੀ ਇਨ੍ਹਾਂ ਨਤੀਜਿਆਂ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ‘ਪੰਜਾਬ ਕੇਸਰੀ’ ਗਰੁੱਪ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਇਨ੍ਹਾਂ ਚੋਣਾਂ ‘ਚ ਵੋਟਰਾਂ ਨੇ ਤਬਦੀਲੀ ਦੇ ਪੱਖ ਵਿਚ ਵੋਟਿੰਗ ਕੀਤੀ ਹੈ…ਜਿੱਥੇ ਇਹ ਚੋਣਾਂ ਤਬਦੀਲੀ ਦੀ ਲਹਿਰ ਲੈ ਕੇ ਆਈਆਂ ਹਨ, ਉਥੇ ਇਨ੍ਹਾਂ ਦੇ ਨਤੀਜਿਆਂ ‘ਚ ਭਾਜਪਾ ਆਗੂਆਂ ਲਈ ਇਕ ਸੰਦੇਸ਼ ਵੀ ਲੁਕਿਆ ਹੈ ਕਿ ਉਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ, ਜੋ ਇਕ ਇਕ ਕਰਕੇ ਉਨ੍ਹਾਂ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਸੰਪਾਦਕੀ ਵਿਚ ਮੋਦੀ ਮੰਤਰੀ ਮੰਡਲ ‘ਚੋਂ ਹਾਲ ਹੀ ‘ਚ ਮੁਸਤਫੀ ਹੋਏ ਮੰਤਰੀ ਉਪੇਂਦਰ ਕੁਸ਼ਵਾਹਾ ਦੇ ਇਸ ਬਿਆਨ ਦਾ ਵੀ ਹਵਾਲਾ ਦਿੱਤਾ ਗਿਆ ਹੈ ਕਿ ‘ਲੋਕਤੰਤਰ ‘ਚ ਹਮੇਸ਼ਾ ਲੋਕ-ਹਿਤ ਦੀ ਹੀ ਜਿੱਤ ਹੁੰਦੀ ਹੈ ਤੇ ਜੁਮਲੇਬਾਜੀ ਦੀ ਪੋਲ ਇਕ ਦਿਨ ਖੁੱਲ੍ਹ ਕੇ ਹੀ ਰਹਿੰਦੀ ਹੈ।’
‘ਪੰਜਾਬੀ ਟ੍ਰਿਬਿਊਨ’ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ, ਵੱਡੇ ਪ੍ਰਸੰਗ ਵਿਚ ਨਰਿੰਦਰ ਮੋਦੀ-ਅਮਿਤ ਸ਼ਾਹ ਦੀ ਹਰ ਚੋਣ ਜਿੱਤਣ ਦੀ ਰਣਨੀਤੀ ਸਾਹਮਣੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਛਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਪਿਛਲੇ ਪੰਦਰਾਂ ਸਾਲਾਂ ਤੋਂ ਰਾਜ ਕਰ ਰਹੀ ਸੀ ਅਤੇ ਉਸ ਨੂੰ ਸਥਾਪਤੀ-ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਹੋਏ ਮੁਕਾਬਲੇ ਭਾਜਪਾ ਦੇ ਅੰਦਰੂਨੀ ਝਮੇਲਿਆਂ ਦੀ ਵੀ ਝਲਕ ਹਨ।
ਇਕ ਹੋਰ ਅਖਬਾਰ ‘ਅਜੀਤ’ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਇਨ੍ਹਾਂ ਚੋਣ ਨਤੀਜਿਆਂ ਨਾਲ ਜਿਥੇ ਕਾਂਗਰਸ ‘ਚ ਉਤਸ਼ਾਹ ਵਧੇਗਾ, ਉਥੇ ਭਾਜਪਾ ਨੂੰ ਆਪਣੀ ਕਾਰਜ ਸ਼ੈਲੀ ਨੂੰ ਸੀਮਤ ਸਮੇਂ ਵਿਚ ਬਦਲਣ ਬਾਰੇ ਸੋਚਣਾ ਹੋਵੇਗਾ। ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਉਸ ਤੋਂ ਇਹ ਪ੍ਰਭਾਵ ਪਰਪੱਕ ਹੁੰਦਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਚੜ੍ਹਤ ਪਹਿਲਾਂ ਵਾਲੀ ਨਹੀਂ ਰਹੇਗੀ ਅਤੇ ਸਿਆਸੀ ਖੇਤਰ ਵਿਚ ਉਸ ਨੂੰ ਵੱਡੀਆਂ ਚੁਣੌਤੀਆਂ ਨਾਲ ਜੂਝਣਾ ਪਵੇਗਾ।
ਭਾਰਤ ਦੇ ਇਕ ਹੋਰ ਅਖਬਾਰ ‘ਰਾਸ਼ਟਰੀਆ ਸਹਾਰਾ’ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਜੋ ਪਾਰਟੀਆਂ ਹੁਣ ਤੱਕ ਸੰਗਠਨਾਂ ਵਿਚ ਸ਼ਾਮਲ ਹੋਣ ਦੇ ਸੰਦਰਭ ਵਿਚ ਫੈਸਲਾ ਲੈਣ ਲਈ ਦੁਬਿਧਾ ਦਾ ਸ਼ਿਕਾਰ ਸਨ, ਉਨ੍ਹਾਂ ਨੂੰ ਫੈਸਲਾ ਲੈਣ ਵਿਚ ਆਸਾਨੀ ਹੋਵੇਗੀ। ਇਨ੍ਹਾਂ ਨਤੀਜਿਆਂ ਨੇ ਰਾਸ਼ਟਰੀ ਤੇ ਸੂਬਾਈ ਪਾਰਟੀਆਂ ਨੂੰ ਹਾਲਾਤ ਨੂੰ ਸਮਝਣ ਦਾ ਮੌਕਾ ਦੇ ਦਿੱਤਾ ਹੈ ਅਤੇ ਉਹ ਹਾਲਾਤ ਨੂੰ ਸਮਝਦਿਆਂ ਜਲਦੀ ਤੋਂ ਜਲਦੀ ਚੁਣਾਵੀ ਹਿਕਮਤ ਤੈਅ ਕਰਨਾ ਚਾਹੁਣਗੀਆਂ। ਪ੍ਰੰਤੂ ਇਕ ਮੁੱਖ ਸਵਾਲ ਇਹ ਵੀ ਹੈ ਕਿ ਕੀ ਹਾਲੇ ਵੀ ਲੋਕ ਸਭਾ ਚੋਣਾਂ ਭਾਵੁਕ ਮੁੱਦਿਆਂ ‘ਤੇ ਲੜੀਆਂ ਜਾਣਗੀਆਂ ਜਾਂ ਫਿਰ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਬੇਰੁਜ਼ਗਾਰਾਂ ਲਈ ਅਹਿਮੀਅਤ ਰੋਜ਼ਗਾਰ ਦੀ ਹੈ, ਬਦ-ਹਾਲ ਲੋਕਾਂ ਲਈ ਅਹਿਮੀਅਤ ਸਰਕਾਰ ਵੱਲੋਂ ਉਨ੍ਹਾਂ ਦੀ ਖੁਸ਼ਹਾਲੀ ਲਈ ਚੁਕੇ ਜਾਣ ਵਾਲੇ ਉਪਰਾਲਿਆਂ ਦੀ ਹੈ? ਜੇ ਹੋਰ ਸੂਬਿਆਂ ਦੇ ਲੋਕਾਂ ਦਾ ਵੀ ਰੁਝਾਨ ਇਨ੍ਹਾਂ ਪੰਜ ਰਾਜਾਂ ਦੇ ਲੋਕਾਂ ਦੇ ਰੁਝਾਨ ਵਾਂਗ ਹੈ ਤਾਂ ਅਜਿਹੇ ਲੀਡਰਾਂ ਨੂੰ ਅੱਗੇ ਤੋਂ ਜਜ਼ਬਾਤੀ ਜਾਂ ਭਾਵੁਕ ਬਿਆਨ ਦਾਗਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਜੋ ਇਸ ਤਰ੍ਹਾਂ ਦੇ ਬਿਆਨਾਂ ਨੂੰ ਹੀ ਆਪਣੀ ਸਫਲਤਾ ਦੀ ਕੁੰਜੀ ਸਮਝਦੇ ਹਨ।
ਕੁੱਲ ਮਿਲਾ ਕੇ ਇਨ੍ਹਾਂ ਨਤੀਜਿਆਂ ਨੇ ਮੌਜੂਦਾ ਹਾਲਾਤ ਵਿਚ ਕਾਫੀ ਹੱਦ ਤੱਕ ਤਬਦੀਲੀ ਲਿਆਂਦੀ ਹੈ। ਇਨ੍ਹਾਂ ਨਤੀਜਿਆਂ ਨੇ ਜਿੱਥੇ ਪਿਛਲੇ ਲਗਭਗ ਪੰਜ ਸਾਲ ਤੋਂ ਲਗਾਤਾਰ ਹਾਸ਼ੀਏ ‘ਤੇ ਜਾ ਰਹੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਮੁੜ ਤੋਂ ਸੰਜੀਵਨੀ ਪ੍ਰਦਾਨ ਕੀਤੀ ਹੈ, ਉਥੇ ਸੱਤਾ ‘ਤੇ ਬਿਰਾਜਮਾਨ ਭਾਜਪਾ ਨੂੰ ਵੀ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਜੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕੁਝ ਚੰਗੀ ਕਾਰਗੁਜ਼ਾਰੀ ਵਿਖਾਉਣੀ ਹੈ ਤਾਂ ਖਾਲੀ ਵੱਡੀ ਬਿਆਨਬਾਜੀ ਨਾਲ ਕੰਮ ਨਹੀਂ ਚੱਲੇਗਾ ਅਤੇ ਨਾ ਹੀ ਭਾਵੁਕ ਮਸਲਿਆਂ ਨੂੰ ਉਛਾਲ ਕੇ ਕੁਝ ਬਣੇਗਾ ਸਗੋਂ ਕਿਸਾਨ ਹਿੱਤਾਂ ਜਾਂ ਉਨ੍ਹਾਂ ਦੀ ਕਰਜ ਮੁਆਫੀ ਸਬੰਧੀ ਵਿਸ਼ੇਸ਼ ਕਦਮ ਚੁੱਕਣੇ ਪੈਣਗੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਜਮੀਨੀ ਪੱਧਰ ‘ਤੇ ਕੰਮ ਕਰਨੇ ਪੈਣਗੇ। ਇਸ ਦੇ ਨਾਲ ਹੀ 2014 ਵਿਚ ਦੇਸ਼ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਸੁਹਿਰਦ ਉਪਰਾਲੇ ਕਰਨੇ ਪੈਣਗੇ। ਬਸ ਇੰਜ ਸਮਝ ਲਓ ਕਿ ਹੁਣ ‘ਮਨ ਕੀ ਬਾਤ’ ਦੀ ਥਾਂ ਲੋਕਾਂ ਦੇ ਦਿਲਾਂ ਦੀ ਆਵਾਜ਼ ਸੁਣਨੀ ਪਵੇਗੀ ਭਾਵ ਆਵਾਮ ਦੀਆਂ ਰੋਜ਼ਾਨਾ ਜੀਵਨ ਨਾਲ ਜੁੜੀਆਂ ਮੁੱਖ ਲੋੜਾਂ ਨੂੰ ਗੰਭੀਰਤਾ ਨਾਲ ਸਮਝਣਾ ਪਵੇਗਾ ਅਤੇ ਉਨ੍ਹਾਂ ਦੀ ਪੂਰਤੀ ਲਈ ਵਿਸ਼ੇਸ਼ ਉਪਰਾਲੇ ਕਰਨੇ ਪੈਣਗੇ। ਜੇ ਹਾਲੇ ਵੀ ਲੋਕਾਂ ਨੂੰ ਖਾਲੀ ਜੁਮਲੇਬਾਜੀ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮਝੋ ਬਾਜੀ ਬੀਤ ਗਈ, ਕਿਉਂਕਿ, ਯੇ ਜੋ ਪਬਲਿਕ ਹੈ, ਯੇ ਸਬ ਜਾਨਤੀ ਹੈ…!