ਗੁਰਦੇਵ ਸਿੰਘ ਸਿੱਧੂ (ਡਾ.)
ਪੰਜਾਬ ਦੇ ਇਤਿਹਾਸ ਵਿਚ ਦਸੰਬਰ ਮਹੀਨੇ ਦੇ ਪਿਛਲੇ ਪੰਦਰਵਾੜੇ ਦਾ ਵਿਸ਼ੇਸ਼ ਸਥਾਨ ਹੈ। ਇਨ੍ਹੀਂ ਦਿਨੀਂ ਹੀ ਇਕ ਪਿਤਾ ਦੇ ਚਾਰ ਪੁੱਤਰ ਕੌਮ ਅਤੇ ਧਰਮ ਲਈ ਆਪਾ ਵਾਰ ਗਏ ਸਨ। ਇਨ੍ਹਾਂ ਵਿਚੋਂ ਵੱਡੇ ਦੋ ਸਾਹਿਬਜ਼ਾਦੇ-ਅਜੀਤ ਸਿੰਘ ਤੇ ਜੁਝਾਰ ਸਿੰਘ, ਜਿਨ੍ਹਾਂ ਚਮਕੌਰ ਦੇ ਮੈਦਾਨ-ਏ-ਜੰਗ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾਏ ਅਤੇ ਛੋਟੇ ਦੋ ਸਾਹਿਬਜ਼ਾਦੇ-ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਸਨ, ਜਿਨ੍ਹਾਂ ਨੇ ਸੂਬਾ ਸਰਹਿੰਦ ਦੇ ਦਿੱਤੇ ਦੁਨਿਆਵੀ ਲਾਲਚਾਂ ਨੂੰ ਠੁਕਰਾਉਂਦਿਆਂ ਆਪਣੇ ਧਰਮ ਪ੍ਰਤੀ ਆਸਥਾ ਨੂੰ ਠੇਸ ਨਹੀਂ ਪੁੱਜਣ ਦਿੱਤੀ।
ਇਸ ਘਟਨਾਵਲੀ ਦਾ ਅਰੰਭ ਮਈ 1704 ਵਿਚ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਵਲੋਂ ਗੁਰੂ ਗੋਬਿੰਦ ਸਿੰਘ ਦੇ ਟਿਕਾਣੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਤੋਂ ਹੁੰਦਾ ਹੈ। ਜਦ ਦੁਸ਼ਮਣ ਆਪਣੀ ਸੈਨਾ ਨਾਲ ਸਿੰਘਾਂ ਨੂੰ ਦਬਕਾਉਣ ਵਿਚ ਸਫਲ ਨਾ ਹੋਇਆ ਤਾਂ ਉਸ ਨੇ ਇਕ ਪਾਸੇ ਨਗਰ ਵਿਚ ਜਾਣ ਵਾਲੇ ਪਾਣੀ ਦੇ ਸਰੋਤ ਨੂੰ ਰੋਕ ਦਿੱਤਾ ਅਤੇ ਦੂਜੇ ਪਾਸੇ ਕੁਰਾਨ ਤੇ ਦੇਵੀ ਦੇ ਨਾਂ ਉਤੇ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਕਿਲਾ ਖਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦੇ ਦਿੱਤਾ ਜਾਵੇਗਾ। ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਅਤੇ ਸਿੱਖ ਸੈਨਾ ਨਾਲ ਅਜੇ ਅਨੰਦਪੁਰ ਤੋਂ ਬਹੁਤੀ ਦੂਰ ਨਹੀਂ ਸਨ ਪਹੁੰਚੇ ਕਿ ਦੁਸ਼ਮਣ ਨੇ ਪਿੱਛਿਓਂ ਹਮਲਾ ਕਰ ਦਿੱਤਾ।
ਗੁਰੂ ਜੀ ਨੇ ਰਣਨੀਤਕ ਪੈਂਤੜੇ ਵਜੋਂ ਸਿੰਘਾਂ ਦੇ ਤਿੰਨ ਜਥਿਆਂ ਨੂੰ ਵੱਖ-ਵੱਖ ਸਥਾਨਾਂ ‘ਤੇ ਤਾਇਨਾਤ ਕੀਤਾ ਹੋਇਆ ਸੀ। ਉਨ੍ਹਾਂ ਜਥਿਆਂ ਨੇ ਦੁਸ਼ਮਣ ਨੂੰ ਉਲਝਾਈ ਰੱਖਿਆ, ਜਿਸ ਦੌਰਾਨ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦਾ ਪਰਿਵਾਰ ਅਤੇ ਕੁਝ ਸਿੰਘ ਸਰਸਾ ਨਦੀ ਤਕ ਪਹੁੰਚ ਗਏ ਪਰ ਇਸ ਹਫੜਾ-ਦਫੜੀ ਵਿਚ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਵੱਡੇ ਦੋਵੇਂ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਨਾਲ, ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਨਾਲ ਅਤੇ ਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਤੇ ਮਾਤਾ ਜੀਤੋ ਭਾਈ ਮਨੀ ਸਿੰਘ ਦੇ ਨਾਲ ਸਨ। ਦੋਹਾਂ ਮਾਤਾਵਾਂ ਨੂੰ ਭਾਈ ਮਨੀ ਸਿੰਘ ਦਿੱਲੀ ਲੈ ਗਏ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਉਨ੍ਹਾਂ ਦਾ ਰਸੋਈਆ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ ਅਤੇ ਵੱਡੇ ਸਾਹਿਬਜ਼ਾਦੇ ਗੁਰੂ ਜੀ ਦੇ ਨਾਲ ਚਮਕੌਰ ਪੁੱਜੇ। ਹੋਰ ਚਾਲੀ ਸਿੰਘ ਵੀ ਇਸ ਜਥੇ ਵਿਚ ਸ਼ਾਮਲ ਸਨ।
ਗੁਰੂ ਜੀ ਜਾਣਦੇ ਸਨ ਕਿ ਦੁਸ਼ਮਣ ਸੈਨਾ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ, ਇਸ ਲਈ ਉਨ੍ਹਾਂ ਚਮਕੌਰ ਦੀ ਕੱਚੀ ਗੜ੍ਹੀ ਵਿਚ ਮੋਰਚੇ ਲਾ ਲਏ। ਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਤੀਰ, ਗੋਲੀਆਂ ਆਦਿ ਵੰਡ ਕੇ ਉਨ੍ਹਾਂ ਨੂੰ ਚੁਫੇਰੇ ਨਜ਼ਰ ਰੱਖਣ ਲਈ ਆਖਿਆ। ਇਉਂ ਇਥੇ ਉਹ ਅਸਾਵੀਂ ਜੰਗ ਲੜੀ ਗਈ ਜਿਥੇ ਇਕ ਪਾਸੇ ਕੱਚੀ ਗੜ੍ਹੀ ਵਿਚ ਗਿਣਤੀ ਦੇ ਚਾਲੀ ਸਿੰਘ ਸਨ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਦੁਸ਼ਮਣ ਸੈਨਾ। ਜਿਉਂ ਹੀ ਦੁਸ਼ਮਣ ਗੜ੍ਹੀ ਦੇ ਨੇੜੇ ਆਉਂਦਾ, ਗੁਰੂ ਜੀ ਅਤੇ ਸਿੰਘ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ। ਜਦ ਤੀਰ ਅਤੇ ਗੋਲੀਆਂ ਖਤਮ ਹੋ ਗਏ ਤਾਂ ਗੁਰੂ ਜੀ ਤੋਂ ਆਗਿਆ ਲੈ ਕੇ ਸਿੰਘ ਛੋਟੀਆਂ-ਛੋਟੀਆਂ ਟੋਲੀਆਂ ਵਿਚ ਗੜ੍ਹੀ ਤੋਂ ਬਾਹਰ ਜਾ ਕੇ ਦੁਸ਼ਮਣ ਉਤੇ ਹਮਲਾਵਰ ਹੋਏ।
ਗੜ੍ਹੀ ਉਤੇ ਖੜ੍ਹ ਕੇ ਸਿੰਘਾਂ ਦੀ ਸੂਰਬੀਰਤਾ ਨੂੰ ਵੇਖ ਅਜੀਤ ਸਿੰਘ ਨੇ ਗੁਰੂ-ਪਿਤਾ ਅੱਗੇ ਜੰਗ ਦੇ ਮੈਦਾਨ ਵਿਚ ਜਾਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਮੱਥਾ ਚੁੰਮ ਕੇ ਉਨ੍ਹਾਂ ਨੂੰ ਛਾਤੀ ਨਾਲ ਲਾਇਆ ਤੇ ਹੱਥੀਂ ਜੰਗ ਦੇ ਮੈਦਾਨ ਵਿਚ ਤੋਰਿਆ। ਵੱਡੇ ਵੀਰ ਨੂੰ ਬਹਾਦਰੀ ਨਾਲ ਜੂਝਦਿਆਂ ਵੇਖ ਛੋਟੇ ਸਾਹਿਬਜ਼ਾਦੇ ਦੇ ਮਨ ਵਿਚ ਵੀ ਉਤਸ਼ਾਹ ਪੈਦਾ ਹੋਇਆ ਤਾਂ ਉਨ੍ਹਾਂ ਨੇ ਵੀ ਗੁਰੂ-ਪਿਤਾ ਨੂੰ ਬੇਨਤੀ ਕੀਤੀ, “ਦਿਹੋ ਆਗਿਆ ਪਿਤਾ ਜੀ ਮੇਰੇ ਤਾਈਂ, ਜਾਵਾਂ ਜੰਗ ਅੰਦਰ ਲਲਕਾਰ ਕਰ ਕੇ।” ਇਹ ਬੇਨਤੀ ਸੁਣ ਕੇ ਗੁਰੂ ਜੀ ਖੁਸ਼ ਹੋਏ ਅਤੇ ਉਸ ਨੂੰ ਵੀ ਜੰਗ ਦੇ ਮੈਦਾਨ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ।
ਚਮਕੌਰ ਦੀ ਜੰਗ ਦਾ ਮਹੱਤਵ ਇਸ ਕਾਰਨ ਨਹੀਂ ਕਿ ਭੋਜਨ ਅਤੇ ਅਸਲੇ ਤੋਂ ਵਾਂਝੇ ਚਾਲੀ ਸਿੰਘਾਂ, ਦੋਹਾਂ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਨੇ ਦੁਸ਼ਮਣ ਫੌਜ ਦਾ ਬੇਮਿਸਾਲ ਬਹਾਦਰੀ ਨਾਲ ਮੁਕਾਬਲਾ ਕੀਤਾ, ਸਗੋਂ ਇਕ ਬਾਪ ਵਲੋਂ ਆਪਣੇ ਜਿਗਰ ਦੇ ਟੋਟਿਆਂ ਨੂੰ ਸਾਹਮਣੇ ਖੜ੍ਹੀ ਮੌਤ ਵੱਲ ਆਪ ਤੋਰ ਕੇ ਹਉਕੇ ਲੈਣ ਦੀ ਥਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਕਰਕੇ ਵੀ ਹੈ। ਵੱਡੇ ਸਾਹਿਬਜ਼ਾਦਿਆਂ ਦੀ ਜੰਗ ਦੇ ਮੈਦਾਨ ਵਿਚ ਸ਼ਹੀਦੀ ਤੋਂ ਕੁਝ ਹੀ ਦਿਨ ਪਿੱਛੋਂ ਸਰਹਿੰਦ ਦਾ ਸਾਕਾ ਵਰਤਿਆ।
ਸਰਸਾ ਨਦੀ ‘ਤੇ ਗੁਰੂ ਜੀ ਦੇ ਮੁੱਖ ਜਥੇ ਤੋਂ ਵਿਛੜੀ ਮਾਤਾ ਗੁਜਰੀ, ਸਿਆਲ ਦੀ ਠੰਢੀ ਠਾਰ ਰਾਤ ਵਿਚ ਵਗ ਰਹੀ ਠੱਕੇ ਦੀ ਹਵਾ, ਨਦੀ ਪਾਰ ਕਰਨ ਸਮੇਂ ਭਿੱਜੇ ਕੱਪੜੇ ਅਤੇ ਚਾਰ-ਚੁਫੇਰੇ ਹਰਲ-ਹਰਲ ਕਰਦੇ ਦੁਸ਼ਮਣਾਂ ਤੋਂ ਬਾਲਾਂ ਨੂੰ ਬਚਾ ਕੇ ਕਿਸੇ ਸੁਰੱਖਿਅਤ ਟਿਕਾਣੇ ਲਿਜਾਣ ਬਾਰੇ ਸੋਚ ਹੀ ਰਹੀ ਸੀ ਕਿ ਗੁਰੂ ਘਰ ਦਾ ਰਸੋਈਆ ਗੰਗੂ ਆ ਗਿਆ। ਉਸ ਨੇ ਮਾਤਾ ਗੁਜਰੀ ਨੂੰ ਧਰਵਾਸ ਦਿੰਦਿਆਂ ਆਖਿਆ, “ਏਥੋਂ ਥੋੜ੍ਹੇ ਹੀ ਕੋਹਾਂ ‘ਤੇ ਪਿੰਡ ਮੇਰਾ, ਓਹ ਤਾਂ ਸਮਝ ਤੂੰ ਆਪਣਾ ਘਰ ਮਾਈ।” ਡੁੱਬਦੇ ਨੂੰ ਤਿਣਕੇ ਦਾ ਸਹਾਰਾ; ਮਾਤਾ ਗੁਜਰੀ ਨੇ ਉਸ ਨਾਲ ਜਾਣ ਦੀ ਸਹਿਮਤੀ ਦੇ ਦਿੱਤੀ।
ਮਾਤਾ ਗੁਜਰੀ ਕੋਲ ਦੌਲਤ ਵੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਘਰ ਪਹੁੰਚ ਕੇ ਉਸ ਨੇ ਪਹਿਲਾਂ ਧਨ ਕਾਬੂ ਕੀਤਾ ਅਤੇ ਫਿਰ ਉਨ੍ਹਾਂ ਬਾਰੇ ਮੋਰਿੰਡੇ ਦੇ ਮੁਗਲ ਹਾਕਮ ਪਾਸ ਜਾ ਮੁਖਬਰੀ ਕੀਤੀ। ਮੋਰਿੰਡੇ ਦੇ ਹਾਕਮਾਂ ਨੇ ਮਾਤਾ ਗੁਜਰੀ ਅਤੇ ਦੋਹਾਂ ਬਾਲ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਕੋਲ ਪਹੁੰਚਾਉਣ ਵਿਚ ਦੇਰ ਨਾ ਲਾਈ।
ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਮਾਲਵੇ ਵਲ ਜਾ ਰਹੇ ਗੁਰੂ ਗੋਬਿੰਦ ਸਿੰਘ ਦਾ ਪਿੱਛਾ ਕਰਨਾ ਛੱਡ ਕੇ ਵਜ਼ੀਰ ਖਾਂ ਸੂਬਾ ਸਰਹੰਦ ਰਾਜਧਾਨੀ ਪਰਤਿਆ ਤਾਂ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦਿਆਂ ‘ਤੇ ਮੁਸਲਮਾਨ ਬਣਨ ਲਈ ਜ਼ੋਰ ਪਾਇਆ ਗਿਆ, ਪਰ ਉਹ ਨਾ ਮੰਨੇ। ਫਿਰ ਲਾਲਚ ਦਿੱਤੇ ਗਏ, ਫਿਰ ਵੀ ਦੋਹਾਂ ਸਾਹਿਬਜ਼ਾਦਿਆਂ ਨੂੰ ਧਰਮ ਬਦਲਣ ਲਈ ਨਾ ਮਨਾ ਸਕੇ। ਆਖਰ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ ਗਿਆ। ਸ਼ਹੀਦੀ ਮੌਕੇ ਸਾਹਿਬਜ਼ਾਦਿਆਂ ਦੀ ਉਮਰ ਕ੍ਰਮਵਾਰ ਨੌਂ ਸਾਲ ਤੇ ਸੱਤ ਸਾਲ ਸੀ ਅਤੇ ਇਉਂ ਉਹ ਸੰਸਾਰ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਏ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦੁਖਦਾਈ ਖਬਰ ਮਿਲੀ ਤਾਂ ਮਾਤਾ ਗੁਜਰੀ ਦੇ ਪ੍ਰਾਣ ਪੰਖੇਰੂ ਵੀ ਉਡਾਰੀ ਮਾਰ ਗਏ।
ਚਮਕੌਰ ਸਾਹਿਬ ਅਤੇ ਸਰਹਿੰਦ ਵਿਚ ਵਾਪਰੀਆਂ ਇਨ੍ਹਾਂ ਦੋਹਾਂ ਅਦੁੱਤੀ ਘਟਨਾਵਾਂ ਦੀ ਮਹੱਤਤਾ ਦ੍ਰਿੜਾਉਣ ਲਈ ਵਿਦਵਾਨ ਲੇਖਕ ਖੋਜੀ ਕਾਫਿਰ ਦੇ ਆਪਣੀ ਪੁਸਤਕ ‘ਸਿੱਖ ਇਤਿਹਾਸਕਾਰੀ ਵਿਚ ਤੁਕਾਕਾਰੀ’ ਵਿਚ ਲਿਖੇ ਇਹ ਸ਼ਬਦ ਵਿਚਾਰਨਯੋਗ ਹਨ, “ਅਨੰਦਪੁਰ ਛੱਡਣ ਤੋਂ ਲੈ ਕੇ ਚਮਕੌਰ ਅਤੇ ਸਰਹਿੰਦ ਵਾਲੇ ਸਾਕੇ, ਇਕ ਹਫਤੇ ਦੇ ਬੜੇ ਸੰਖੇਪ ਸਮੇਂ ‘ਚ ਵਾਪਰਦੇ ਆ, ਮਗਰ ਸਾਕਿਆਂ ‘ਚ ਸਮੋਇਆ ਇਤਿਹਾਸ ਸੰਖੇਪ ਨਹੀਂ, ਸਗੋਂ ਅਤਿ ਵਿਸ਼ਾਲ ਏ, ਸੰਘਣਾ ਵੀ। ਸੰਸਾਰ ਦੇ ਇਤਿਹਾਸ ਦੇ ਪ੍ਰਸੰਗ ਨਾਤੇ ਵੀ, ਖਾਸ ਕਰ ਕੇ ਚਮਕੌਰ ਦੀ ਅਜੋੜ ਜੰਗ ਅਤੇ ਸਰਹਿੰਦ ਵਿਚਲੀ ਸ਼ਹੀਦੀ ਦਾ ਤੋੜ, ਸ਼ਾਇਦ ਕਿਧਰੇ ਨਹੀਂ ਮਿਲਦਾ।”