ਸੁਰਜੀਤ ਜੱਸਲ
ਗੀਤਾਂ ਵਿਚ ਮਾਡਲਿੰਗ ਕਰਨ ਵਾਲੀ ਰੂਪੀ ਗਿੱਲ ਹੁਣ ਫਿਲਮਾਂ ਵਿਚ ਪੂਰੀ ਤਰ੍ਹਾਂ ਸਰਗਰਮ ਹੈ। ਉਸ ਦੀ ਖੂਬਸੂਰਤੀ ਅਤੇ ਅਦਾਕਾਰੀ ਦੇ ਚਰਚੇ ਅੱਜ ਹਰੇਕ ਸਿਨੇਮਾ ਪ੍ਰੇਮੀ ਦੀ ਜ਼ੁਬਾਨ ‘ਤੇ ਹਨ। ਅੱਧੀ ਦਰਜਨ ਦੇ ਕਰੀਬ ਗੀਤਾਂ ਵਿਚ ਕੰਮ ਕਰ ਚੁਕੀ ਕੈਨੇਡਾ ਦੀ ਜੰਮਪਲ ਪੰਜਾਬਣ ਮੁਟਿਆਰ ਰੁਪਿੰਦਰ ਕੌਰ ਗਿੱਲ ਉਰਫ ਰੂਪੀ ਗਿੱਲ ਦੀ ਚਰਚਾ ਗੁਰਨਾਮ ਭੁੱਲਰ ਦੇ ਗੀਤ ‘ਡਾਇਮੰਡ’ ਨਾਲ ਹੋਈ ਤਾਂ ਛੇਤੀ ਹੀ ਉਸ ਦੀ ਝੋਲੀ ਅਮਰਿੰਦਰ ਗਿੱਲ ਦੀ ਫਿਲਮ ‘ਅਸ਼ਕੇ’ ਆ ਗਈ, ਜਿਸ ਨਾਲ ਉਹ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਈ।
ਰੂਪੀ ਗਿੱਲ ਨੇ ਦੱਸਿਆ ਕਿ ਉਸ ਦਾ ਸੁਪਨਾ ਕੈਨੇਡਾ ਪੁਲਿਸ ਵਿਚ ਭਰਤੀ ਹੋਣਾ ਸੀ। ਕਦੇ ਸੋਚਿਆ ਨਹੀਂ ਸੀ ਕਿ ਕਲਾ ਦੇ ਇਸ ਖੇਤਰ ਵਿਚ ਉਸ ਨੂੰ ਅਚਾਨਕ ਪ੍ਰਸਿੱਧੀ ਮਿਲ ਜਾਵੇਗੀ। ਉਸ ਦਾ ਜਨਮ ਭਾਵੇਂ ਕੈਨੇਡਾ ਦਾ ਹੈ, ਪਰ ਉਸ ਨੇ ਆਪਣਾ ਬਚਪਨ ਦਾ ਬਹੁਤਾ ਸਮਾਂ ਆਪਣੇ ਦਾਦਾ-ਦਾਦੀ ਕੋਲ ਪੰਜਾਬ ਵਿਚ ਗੁਜ਼ਾਰਿਆ ਹੈ, ਜਿਸ ਕਰਕੇ ਉਸ ਨੂੰ ਪੰਜਾਬ ਦੀ ਮਿੱਟੀ ਨਾਲ ਮੋਹ ਹੈ, ਮਾਂ ਬੋਲੀ ਨਾਲ ਪਿਆਰ ਹੈ। ਅਦਾਕਾਰੀ ਦਾ ਸ਼ੌਕ ਉਸ ਨੂੰ ਆਪਣੇ ਮਾਤਾ ਜੀ ਤੋਂ ਪਿਆ, ਜਿਸ ਨੇ ਉਸ ਨੂੰ ਚਰਚਿਤ ਗੀਤਾਂ ‘ਚ ਡਾਂਸ ਕਰਨਾ ਸਿਖਾਇਆ। ਸੰਗੀਤਕਾਰ ਸੁੱਖ ਸੰਘੇੜਾ ਦੀ ਬਦੌਲਤ ਉਹ ਅਦਾਕਾਰੀ ਵੱਲ ਆਈ।
ਰੂਪੀ ਗਿੱਲ ਕੋਲ ਇਸ ਵੇਲੇ ਕਈ ਪੰਜਾਬੀ ਫਿਲਮਾਂ ਹਨ। ‘ਅਸ਼ਕੇ’ ਤੋਂ ਬਾਅਦ ਰੂਪੀ ਫਿਲਮ ‘ਵੱਡਾ ਕਲਾਕਾਰ’ ਵਿਚ ਪੰਜਾਬੀ ਗਾਇਕ ਅਲਫਾਜ਼ ਨਾਲ ਬਤੌਰ ਨਾਇਕਾ ਨਜ਼ਰ ਆਵੇਗੀ। ਆਪਣੇ ਕਿਰਦਾਰ ਬਾਰੇ ਉਸ ਨੇ ਦੱਸਿਆ ਕਿ ਇਹ ਇੱਕ ਨਿਰੋਲ ਪਿੰਡਾਂ ਵਾਲੇ ਦੇਸੀ ਮਾਹੌਲ ਦੀ ਕੁੜੀ ਦਾ ਹੈ, ਜਿਸ ਵਿਚ ਉਹ ਸਾਧਾਰਣ ਦਿੱਖ ‘ਚ ਨਜ਼ਰ ਆਵੇਗੀ।
ਰੈਡ ਕੈਸਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਪਾਰੁਲ ਕਟਿਆਲ ਦੀ ਪੇਸ਼ਕਸ, ਨਿਰਮਾਤਾ ਪ੍ਰਿੰਸ ਅਤੇ ਰਾਜਨ ਦੀ ਫਿਲਮ ‘ਵੱਡਾ ਕਲਾਕਾਰ’ ਮੌਜੂਦਾ ਦੌਰ ਵਿਚ ਬਣਨ ਵਾਲੀਆਂ ਆਮ ਫਿਲਮਾਂ ਤੋਂ ਬਹੁਤ ਹੀ ਹਟਵੇਂ ਵਿਸ਼ੇ ਦੀ ਹੈ। ਫਿਲਮ ਦਾ ਨਿਰਦੇਸ਼ਨ ਕੁਲਦੀਪ ਕੌਸ਼ਿਕ ਨੇ ਦਿੱਤਾ ਹੈ, ਜਿਸ ਨੇ ਫਿਲਮ ਕਹਾਣੀ ਨੂੰ ਬਾਖੂਬੀ ਕੈਮਰਬੱਧ ਕੀਤਾ ਹੈ।
ਫਿਲਮੀ ਖੇਤਰ ਵਿਚ ਹੋਰ ਵਧੀਆ ਕਰਨ ਲਈ ਰੂਪੀ ਗਿੱਲ ਬਾਕਾਇਦਾ ਐਕਟਿੰਗ ਦੀਆਂ ਕਲਾਸਾਂ ਵੀ ਲੈ ਰਹੀ ਹੈ। ਫਿਲਮ ਸੈਟ ‘ਤੇ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਦਿਆਂ ਉਹ ਹਮੇਸਾਂ ਸਿੱਖਦੀ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਗਲੈਮਰ ਦੀ ਦੁਨੀਆਂ ਨੇ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ। ਫਿਲਮ ਨਗਰੀ ਨਾਲ ਸਬੰਧਤ ਲੋਕਾਂ ਦੀ ਕੈਮਰੇ ਦੇ ਅੱਗੇ ਦੀ ਜ਼ਿੰਦਗੀ ਹੋਰ ਹੁੰਦੀ ਹੈ ਤੇ ਪਿੱਛੇ ਦੀ ਹੋਰ! ਇਹ ਫਿਲਮ ਇਸ ਸੰਘਰਸ਼ ਭਰੀ ਗਾਥਾ ਨੂੰ ਕਾਮੇਡੀ ਅਤੇ ਭਾਵੁਕਤਾ ਨਾਲ ਪਰਦੇ ‘ਤੇ ਪੇਸ਼ ਕਰਦੀ ਹੈ।
ਫਿਲਮ ਮਨੋਰੰਜਨ ਦੇ ਨਾਲ ਨਾਲ ਨੌਜਵਾਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਵੀ ਦਿੰਦੀ ਹੈ। ਯੋਗਰਾਜ ਸਿੰਘ, ਨਿਰਮਲ ਰਿਸ਼ੀ, ਬੀ. ਐਨ. ਸ਼ਰਮਾ, ਜੱਸੀ ਕੌਰ, ਹਰਬੀ ਸੰਘਾ, ਮਲਕੀਤ ਰੌਣੀ, ਤੇਜ਼ੀ ਸੰਧੂ ਆਦਿ ਬਾਕੀ ਕਲਾਕਾਰ ਹਨ। ਇਸ ਫਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਦੀਦਾਰ ਗਿੱਲ ਦੇ ਹਨ। ਫਿਲਮ ਦੇ ਗੀਤ ਅਲਫਾਜ਼, ਸ਼ਿਆਮ ਬਲਕਾਰ ਤੇ ਬਿੰਦਰ ਨੱਥੂ ਮਾਜਰਾ ਨੇ ਲਿਖੇ ਹਨ, ਜੋ ਗਾਏ ਹਨ ਅਲਫਾਜ਼, ਪ੍ਰਭ ਗਿੱਲ, ਰਣਜੀਤ ਬਾਵਾ, ਕਮਲ ਖਾਂ ਤੇ ਅਫਸਾਨਾ ਖਾਂ ਨੇ। ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਅਲਫਾਜ਼ ਤੇ ਸ਼ਾਮ ਬਲਕਾਰ ਨੇ ਦਿੱਤਾ ਹੈ। 28 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਤੋਂ ਸਾਰੀ ਹੀ ਟੀਮ ਨੂੰ ਬਹੁਤ ਆਸਾਂ ਹਨ।