ਨਵੀਂ ਦਿੱਲੀ: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੱਡੀ ਨਮੋਸ਼ੀ ਮਿਲੀ ਹੈ। ਇਨ੍ਹਾਂ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਪ੍ਰਚਾਰਿਆ ਗਿਆ ਸੀ। ਇਹ ਸੈਮੀਫਾਈਨਲ ਤਕਰੀਬਨ-ਤਕਰੀਬਨ ਕਾਂਗਰਸ ਦੇ ਨਾਮ ਰਿਹਾ। ਕਾਂਗਰਸ ਦੇ ਇਸ ਉਭਾਰ ਨੇ ਅਗਲੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਦੇ ਪੱਕੇ ਦਾਅਵੇ ਕਰੀ ਬੈਠੀ ਭਗਵਾ ਧਿਰ ਦੇ ਸਾਰੇ ਸੁਪਨੇ ਤੋੜ ਦਿੱਤੇ ਹਨ।
ਛੱਤੀਸਗੜ੍ਹ ਵਿਚ ਕਾਂਗਰਸ ਨੂੰ ਦੋ-ਤਿਹਾਈ ਬਹੁਮਤ ਨਾਲ ਮਿਲੀ ਜਿੱਤ ਦੀ ਅਹਿਮੀਅਤ ਇਸ ਗੱਲੋਂ ਵੀ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਚੋਣਾਂ ਵਿਚ ਇਹ ਪਹਿਲਾ ਸੂਬਾ ਹੈ ਜਿਸ ਵਿਚ ਕਾਂਗਰਸ ਨੇ ਭਾਜਪਾ ਨੂੰ ਫੈਸਲਾਕੁਨ ਤਰੀਕੇ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਪਿਛਲੇ ਪੰਦਰਾਂ ਸਾਲਾਂ ਤੋਂ ਰਾਜ ਕਰ ਰਹੀ ਸੀ ਅਤੇ ਉਸ ਨੂੰ ਸਥਾਪਤੀ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਾਂਗਰਸ ਨੇ ਜ਼ੋਰਦਾਰ ਵਾਪਸੀ ਕਰਦਿਆਂ ਛੱਤੀਸਗੜ੍ਹ ਵਿਚ ਆਪਣੇ ਦਮ ‘ਤੇ ਬਹੁਮਤ ਹਾਸਲ ਕਰ ਲਿਆ। ਰਾਜਸਥਾਨ ਚੋਣ ਵੀ ਕਾਂਗਰਸ ਦੇ ਹੱਕ ਵਿਚ ਰਹੀ। ਤਿਲੰਗਾਨਾ ਵਿਚ ਕੇæ ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਤਿਲੰਗਾਨਾ ਰਾਸ਼ਟਰੀ ਸਮਿਤੀ (ਟੀæਆਰæਐਸ਼) ਨੇ ਦੋ ਤਿਹਾਈ ਬਹੁਮਤ ਨਾਲ ਮੁੜ ਸੱਤਾ ਵਿਚ ਵਾਪਸੀ ਕੀਤੀ। ਮਿਜ਼ੋਰਮ ਵਿਚ ਮਿਜ਼ੋ ਨੈਸ਼ਨਲ ਫਰੰਟ (ਐਮæਐਨæਐਸ਼) ਨੇ ਕਾਂਗਰਸ ਕੋਲੋਂ ਸੱਤਾ ਖੋਹ ਲਈ ਹੈ। ਪੰਜ ਰਾਜਾਂ ਵਿਚੋਂ ਸਭ ਤੋਂ ਵੱਧ ਹੈਰਾਨ ਕਰਨ ਵਾਲੇ ਨਤੀਜੇ ਕਬਾਇਲੀ ਰਾਜ ਛੱਤੀਸਗੜ੍ਹ ਦੇ ਰਹੇ, ਜਿਥੇ ਮੁੱਖ ਮੰਤਰੀ ਰਮਨ ਸਿੰਘ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ 15 ਸਾਲ ਦੇ ਕਾਰਜਕਾਲ ਦਾ ਭੋਗ ਪੈ ਗਿਆ।
ਤਿੰਨ ਅਹਿਮ ਰਾਜਾਂ ਵਿਚ ਸੱਤਾ ਗੁਆਉਣ ਵਾਲੀ ਭਾਜਪਾ ਦੇ ਵੋਟ ਫੀਸਦੀ ਨੂੰ ਸਾਲ 2013 ਦੇ ਮੁਕਾਬਲੇ ਐਤਕੀਂ ਭਾਵੇਂ ਵੱਡਾ ਖੋਰਾ ਲੱਗਾ ਹੈ, ਪਰ ਇਸ ਖੋਰੇ (ਵੋਟਾਂ) ਦਾ ਲਾਹਾ ਇਕੱਲੀ ਕਾਂਗਰਸ ਨੂੰ ਨਹੀਂ ਬਲਕਿ ਹੋਰਨਾਂ ਪਾਰਟੀਆਂ ਨੂੰ ਵੀ ਮਿਲਿਆ ਹੈ। 2014 ਦੀਆਂ ਆਮ ਚੋਣਾਂ ਮਗਰੋਂ ਭਗਵੀਂ ਪਾਰਟੀ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵੋਟ ਫੀਸਦੀ ਪੱਖੋਂ ਵੱਡਾ ਝਟਕਾ ਲੱਗਾ ਹੈ। ਪਾਰਟੀ ਨੇ 2014 ਵਿਚ ਇਨ੍ਹਾਂ ਤਿੰਨਾਂ ਰਾਜਾਂ ਦੀਆਂ 65 ਲੋਕ ਸਭਾ ਸੀਟਾਂ ‘ਚੋਂ 62 ‘ਤੇ ਜਿੱਤ ਦਰਜ ਕਰਦਿਆਂ ਹੂੰਝਾ ਫੇਰ ਦਿੱਤਾ ਸੀ। ਛੱਤੀਸਗੜ੍ਹ ਵਿਚ ਕਾਂਗਰਸ ਨੂੰ 43æ2 ਫੀਸਦੀ ਵੋਟ ਮਿਲੇ ਜਦੋਂਕਿ 2013 ‘ਚ ਇਹ ਅੰਕੜਾ 40æ3 ਫੀਸਦੀ ਸੀ। ਉਧਰ, ਇਸ ਕਬਾਇਲੀ ਰਾਜ ਵਿਚ ਭਾਜਪਾ ਦੇ ਵੋਟ ਸ਼ੇਅਰ ਨੂੰ 8æ1 ਫੀਸਦੀ ਦਾ ਖੋਰਾ ਲੱਗਾ ਹੈ। ਵੋਟ ਸਮੀਖਿਅਕਾਂ ਮੁਤਾਬਕ ਕੁਝ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਵੱਧ ਵੋਟਾਂ ਲੈਣ ਵਿਚ ਸਫਲ ਰਹੇ ਹਨ। ਅਜੀਤ ਜੋਗੀ ਦੀ ਪਾਰਟੀ ਨੂੰ 10æ7 ਫੀਸਦੀ ਵੋਟਾਂ ਮਿਲੀਆਂ ਹਨ।
ਆਜ਼ਾਦ ਉਮੀਦਵਾਰਾਂ ਨੇ ਵੀ 5æ3 ਫੀਸਦੀ ਦੀ ਥਾਂ 6æ3 ਫੀਸਦੀ ਵੋਟਾਂ ਹਾਸਲ ਕਰ ਕੇ ਆਪਣੀ ਕਾਰਗੁਜ਼ਾਰੀ ‘ਚ ਸੁਧਾਰ ਕੀਤਾ ਹੈ। ਰਾਜਸਥਾਨ ਵਿਚ ਭਾਜਪਾ ਦੀ ਵੋਟ ਪ੍ਰਤੀਸ਼ਤ 38æ8 ਫੀਸਦੀ (2013 ਵਿਚ 45æ2 ਫੀਸਦੀ) ਰਹੀ। ਲੋਕ ਸਭਾ ਚੋਣਾਂ ਵਿਚ 25 ਸੀਟਾਂ ‘ਤੇ ਜਿੱਤ ਨਾਲ ਇਹ ਅੰਕੜਾ 55 ਫੀਸਦੀ ਦੇ ਕਰੀਬ ਸੀ। ਕਾਂਗਰਸ ਨੇ ਐਤਕੀਂ 2013 ਦੇ ਮੁਕਾਬਲੇ 6æ1 ਫੀਸਦੀ ਵੱਧ ਵੋਟਾਂ ਹਾਸਲ ਕੀਤੀਆਂ। ਮੱਧ ਪ੍ਰਦੇਸ਼, ਜਿਥੇ ਭਾਜਪਾ ਤੇ ਕਾਂਗਰਸ ਦਰਮਿਆਨ ਮੁਕਾਬਲਾ ਕਾਫੀ ਸਖਤ ਸੀ, ਵਿਚ ਅੰਕੜੇ ਕਾਫੀ ਦਿਲਚਸਪ ਹਨ। ਕਾਂਗਰਸ ਦਾ ਇਥੇ ਵੋਟ ਸ਼ੇਅਰ 41æ4 ਫੀਸਦੀ ਰਿਹਾ, ਜੋ ਪੰਜ ਸਾਲ ਪਹਿਲਾਂ 36æ4 ਫੀਸਦੀ ਸੀ। ਉਧਰ, ਸ਼ਿਵਰਾਜ ਚੌਹਾਨ ਦੀ ਅਗਵਾਈ ਵਾਲੀ ਭਾਜਪਾ ਦਾ ਵੋਟ ਸ਼ੇਅਰ 3æ6 ਫੀਸਦ ਹੀ ਘਟਿਆ ਹੈ, ਪਰ ਪਾਰਟੀ ਸੱਤਾ ਤੋਂ ਲਾਂਭੇ ਹੋ ਗਈ ਹੈ।