ਭੁੱਲਾਂ ਬਖਸ਼ਾ ਕੇ ਕਸੂਤੇ ਘਿਰੇ ਬਾਦਲ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਖਾਸਕਰ ਬਾਦਲ ਪਰਿਵਾਰ ਤੋਂ ਸਿਆਸੀ ਸੰਕਟ ਟਾਲਣ ਲਈ ਪਾਰਟੀ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭੁੱਲ ਬਖਸ਼ਾਉਣ ਲਈ ਤਿੰਨ ਦਿਨ ਕੀਤੀ ਸੇਵਾ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਸੇਵਾ ਦੌਰਾਨ ਅਕਾਲੀ ਆਗੂ ਵਾਰ-ਵਾਰ ਆਖਦੇ ਰਹੇ ਕਿ 10 ਸਾਲ ਦੀ ਸੱਤਾ ਦੌਰਾਨ ਉਨ੍ਹਾਂ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹਨ। ਇਥੋਂ ਤੱਕ ਕਿ ਸ੍ਰੀ ਅਖੰਡ ਪਾਠ ਦੇ ਅਰੰਭ ਤੇ ਭੋਗ ਮੌਕੇ ਪਾਠੀ ਸਿੰਘ ਨੇ ਭੁੱਲਾਂ ਬਖਸ਼ਣ ਦੀ ਅਰਦਾਸ ਕੀਤੀ।

ਅਕਾਲੀ ਆਗੂਆਂ, ਖਾਸਕਰ ਬਾਦਲਾਂ ਨੂੰ ਤਿੰਨ ਦਿਨ ਦੀ ਸੇਵਾ ਦੌਰਾਨ ਇਹੀ ਸਵਾਲ ਕੀਤੇ ਗਏ ਕਿ ਉਹ ਕਿਹੜੀਆਂ ਭੁੱਲਾਂ ਦੀ ਮੁਆਫੀ ਮੰਗ ਰਹੇ ਹਨ ਪਰ ਇਸ ਬਾਰੇ ਕੋਈ ਢੁਕਵਾਂ ਜਵਾਬ ਨਾ ਦਿੱਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਦੇ ਪਹਿਲੇ ਦਿਨ ਇਹ ਆਖ ਕੇ ਮੀਡੀਆ ਤੋਂ ਖਹਿੜਾ ਛੁਡਾ ਲਿਆ ਕੇ ਭੋਗ ਵਾਲੇ ਦਿਨ ਉਹ ਸਭ ਦੱਸ ਦੇਣਗੇ, ਜਦੋਂ ਭੋਗ ਪੈਣ ਤੋਂ ਬਾਅਦ ਬਾਦਲ ਤੋਂ ਪੁੱਛਿਆ ਗਿਆ ਤਾਂ ਉਹ ਇੰਨਾ ਆਖ ਕੇ ਟਾਲ ਗਏ ਕਿ ‘ਗੁਰੂ ਨੂੰ ਕੋਈ ਭੁੱਲਾਂ ਦੀ ਸੂਚੀ ਨਹੀਂ ਦੇਣੀ, ਗੁਰੂ ਜਾਣੀ-ਜਾਣ ਹੈ ਅਤੇ ਬਖਸ਼ਣਹਾਰ ਹੈ।’ ਭਾਵੇਂ ਬਾਦਲ ਇਨ੍ਹਾਂ ਭੁੱਲਾਂ ਬਾਰੇ ਕੁਝ ਨਹੀਂ ਬੋਲੇ ਪਰ ਇਸ ਗੱਲ ਦੀ ਚਰਚਾ ਛਿੜ ਗਈ ਹੈ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਵਿਚ ਬਾਦਲਾਂ ਨੇ ਆਪਣੇ ਆਪ ਨੂੰ ਦੋਸ਼ੀ ਮੰਨ ਲਿਆ ਹੈ। ਸਿੱਖ ਬੁੱਧੀਜੀਵੀ ਤੇ ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਵੀਕਾਰ ਲਿਆ ਹੈ ਕਿ ਬੇਅਦਬੀ ਤੇ ਪੰਥਕ ਸੰਕਟ ਲਈ ਉਹ ਹੀ ਜ਼ਿੰਮੇਵਾਰ ਹਨ। ਸਿੱਖ ਆਗੂਆਂ ਨੇ ਕਿਹਾ ਹੈ ਕਿ ਪਹਿਲਾਂ ਇਹ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਅਕਾਲੀ ਲੀਡਰ ਕਿਹੜੀ-ਕਿਹੜੀ ਗਲਤੀ ਤੇ ਅਵੱਗਿਆ ਦੀ ਮੁਆਫੀ ਮੰਗ ਰਹੇ ਹਨ।
ਸੋਸ਼ਲ ਮੀਡੀਆ ਉਪਰ ਬਾਦਲਾਂ ਖਿਲਾਫ਼ ਸਖਤ ਤੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਹ ਸਵਾਲ ਵੀ ਕੀਤਾ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ 10 ਸਾਲਾਂ ਦੇ ਸ਼ਾਸਨ ਨੂੰ ‘ਰਾਜ ਨਹੀਂ ਸੇਵਾ’ ਦਾ ਨਾਂ ਦਿੱਤਾ ਗਿਆ ਸੀ ਪਰ ਫਿਰ ਸੇਵਾ ਕਰਦਿਆਂ ਕਿਹੜੀਆਂ ਗਲਤੀਆਂ ਹੋ ਗਈਆਂ, ਇਹ ਵੀ ਸਪੱਸ਼ਟ ਕੀਤਾ ਜਾਵੇ। ਫੇਸਬੁੱਕ ‘ਤੇ ਇਹ ਟਿੱਪਣੀ ਵੀ ਕੀਤੀ ਗਈ, ‘ਇਹ ਕਿਹੋ ਜਿਹੀ ਭੁੱਲ ਹੋਈ ਕਿ ਖੁਦ ਹੀ ਗਲਤੀਆਂ ਮੰਨ ਲਈਆਂ, ਜੱਜ ਵੀ ਆਪ ਹੀ ਬਣ ਗਏ ਤੇ ਸਜ਼ਾ ਵੀ ਖੁਦ ਹੀ ਸੁਣਾ ਲਈ ਗਈ। ਬਾਦਲਾਂ ਦੀ ਸੇਵਾ ਦੀ ਇਸ ਪੱਖੋਂ ਵੀ ਨੁਕਤਾਚੀਨੀ ਹੋ ਰਹੀ ਹੈ ਕਿ ਵੀæਵੀæਆਈæਪੀæ ਸੁਰੱਖਿਆ ਕਰ ਕੇ ਆਮ ਸ਼ਰਧਾਲੂਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਅਕਾਲੀ ਆਗੂਆਂ ਦੀ ਸੁਰੱਖਿਆ ਵਿਚ ਮੌਜੂਦ ਕਰਮਚਾਰੀਆਂ ਵੱਲੋਂ ਮਰਿਆਦਾ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆਏ। ਬਾਦਲਾਂ ਦੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਗਲੀਚੇ ਵਿਛਾਉਣ ਦੀ ਵੀ ਅਲੋਚਨਾ ਹੋ ਰਹੀ ਹੈ। ਸਵਾਲ ਇਹ ਵੀ ਉੱਠ ਰਹੇ ਹਨ ਕਿ ਜੇਕਰ ਬਾਦਲ ਪਰਿਵਾਰ ਨੂੰ ਆਪਣੀ ਗਲਤੀ ਉਤੇ ਕੋਈ ਪਛਤਾਵਾ ਸੀ ਤਾਂ ਆਪਣਾ ਵੀæਵੀæਆਈæਪੀæ ਵਾਲਾ ਰੁਤਬਾ ਘਰ ਹੀ ਛੱਡ ਕੇ ਇਕ ਨਿਮਾਣੇ ਸਿੱਖ ਵਾਂਗੂ ਆਉਂਦੇ।