ਤੀਜੇ ਮੋਰਚੇ ਲਈ ਸਰਗਰਮੀਆਂ: ਪੰਜਾਬ ਦੀ ਸਿਆਸਤ ‘ਚ 16 ਦਸੰਬਰ ਨੂੰ ਆਏਗਾ ਉਬਾਲ

ਚੰਡੀਗੜ੍ਹ: ਪੰਜਾਬ ਦੀ ਸਿਆਸਤ ‘ਚ 16 ਦਸੰਬਰ ਨੂੰ ਉਬਾਲ ਆਏਗਾ। ਇਸ ਦਿਨ ਇੱਕ ਪਾਸੇ ਪੰਚਾਇਤੀ ਚੋਣਾਂ ਕਰ ਕੇ ਸਿਆਸੀ ਪਾਰਾ ਚੜ੍ਹਿਆ ਹੋਏਗਾ ਤੇ ਦੂਜੇ ਪਾਸੇ ਦੋ ਨਵੀਆਂ ਪਾਰਟੀਆਂ ਦਾ ਐਲਾਨ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦਾ ਸੁਖਪਾਲ ਖਹਿਰਾ ਦੀ ਅਗਵਾਈ ਵਾਲਾ ਬਾਗੀ ਧੜਾ 16 ਦਸੰਬਰ ਨੂੰ ਨਵੀਂ ਪਾਰਟੀ ਬਾਰੇ ਵੱਡਾ ਐਲਾਨ ਕਰੇਗਾ। ਇਸ ਦੇ ਨਾਲ ਹੀ ਅਕਾਲੀ ਦਲ ਦੇ ਬਾਗ਼ੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਵੀ ਇਸ ਦਿਨ ਆਪਣੇ ਪੱਤੇ ਖੋਲ੍ਹਣਗੇ।

ਦਰਅਸਲ ‘ਆਪ’ ਦੇ ਬਾਗ਼ੀ ਧੜੇ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਤੇ ਪੰਜਾਬ ਮੰਚ ਦੇ ਮੁਖੀ ਤੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਵੱਲੋਂ 8 ਦਸੰਬਰ ਤੋਂ ਨੌਂ ਰੋਜ਼ਾ ਇਨਸਾਫ਼ ਮਾਰਚ, ਤਲਵੰਡੀ ਸਾਬੋ ਤੋਂ ਕੀਤਾ ਗਿਆ ਹੈ। ਇਹ ਮਾਰਚ 16 ਦਸੰਬਰ ਨੂੰ ਪਟਿਆਲੇ ਖਤਮ ਹੋਵੇਗਾ, ਜਿੱਥੇ ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਕੋਈ ਵੱਡਾ ਸਿਆਸੀ ਐਲਾਨ ਕਰਨਗੇ। ਦੂਜੇ ਪਾਸੇ 16 ਦਸੰਬਰ ਨੂੰ ਹੀ ਬਾਗੀ ਟਕਸਾਲੀ ਅਕਾਲੀ ਲੀਡਰ ਵੀ ਆਪਣੀ ਅਗਲੀ ਰਣਨੀਤੀ ਐਲਾਨਣਗੇ। ਉਨ੍ਹਾਂ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਹ 16 ਦਸੰਬਰ ਨੂੰ ਅਗਲੇ ਪੱਤੇ ਖੋਲ੍ਹਣਗੇ। ਉਂਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨਵਾਂ ਅਕਾਲੀ ਦਲ ਬਣਾਉਣ ਦੇ ਐਲਾਨ ਦਾ ਸਵਾਗਤ ਕਰ ਚੁੱਕੇ ਹਨ। ਇਸ ਦੇ ਨਾਲ ਹੀ ਖਹਿਰਾ ਨੇ ਇਤਰਾਜ਼ ਕੀਤਾ ਸੀ ਕਿ ਉਨ੍ਹਾਂ ਨਾਲ ਸਲਾਹ ਕਰਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨਾ ਚਾਹੀਦਾ ਸੀ।
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਸਿੱਖਾਂ ਦੀ ਬਹੁ-ਗਿਣਤੀ ਹੋਵੇ, ਅਖੌਤੀ ਪੰਥਕ ਸਰਕਾਰ ਹੋਵੇ, ਉਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਦੋਸ਼ੀਆਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੈਲਿੰਜ ਕੀਤਾ ਜਾਵੇ, ਫਿਰ ਵੀ ਦੋਸ਼ੀ ਫੜੇ ਨਾ ਜਾਣ ਤਾਂ ਸਰਕਾਰ ਲਈ ਇਸ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਨਿਆਂ ਅਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਮਾਰਚ ਕੱਢਿਆ ਜਾ ਰਿਹਾ ਹੈ।
__________________
ਇਨਸਾਫ਼ ਮਾਰਚ ਵਿਚ ਜ਼ੱਫਰਵਾਲ ਦੀ ਮੌਜੂਦਗੀ ਨੇ ਛੇੜੀ ਚਰਚਾ
ਚੰਡੀਗੜ੍ਹ: ਸਾਬਕਾ ਖ਼ਾਲਿਸਤਾਨੀ ਆਗੂ ਵੱਸਣ ਸਿੰਘ ਜ਼ੱਫਰਵਾਲ ਤੇ ਉਸ ਦੀ ਪਾਰਟੀ ਯੂਨਾਈਟਡ ਅਕਾਲੀ ਦਲ ਦੇ ਹੋਰਨਾਂ ਆਗੂਆਂ ਨਾਲ ‘ਆਪ’ ਦੇ ਬਾਗ਼ੀ ਆਗੂਆਂ ਤੇ ਹੋਰਨਾਂ ਧਿਰਾਂ ਵੱਲੋਂ ਤਲਵੰਡੀ ਸਾਬੋ ਤੋਂ ਸ਼ੁਰੂ ਕੀਤੇ ਗਏ ਇਨਸਾਫ ਮਾਰਚ ਵਿਚ ਸ਼ਿਰਕਤ ਕਰਨ ਨਾਲ ਚਰਚਾ ਛਿੜ ਪਈ ਹੈ। ਜ਼ੱਫਰਵਾਲ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੇ ਧੜੇ ਦੀ ਹਮਾਇਤ ਦਾ ਐਲਾਨ ਕੀਤਾ ਸੀ ਜਿਸ ਨੇ ਪਟਿਆਲਾ ਤੋਂ ਐਮæਪੀæ ਡਾæ ਧਰਮਵੀਰ ਗਾਂਧੀ ਅਤੇ ਲੋਕ ਇਨਸਾਫ਼ ਪਾਰਟੀ ਨਾਲ ਮਿਲ ਕੇ ਇਨਸਾਫ ਮਾਰਚ ਸ਼ੁਰੂ ਕੀਤਾ ਹੈ।
ਜ਼ੱਫਰਵਾਲ ਨੇ ਕਿਹਾ ਕਿ ਉਹ ਹੁਣ ਖ਼ਾਲਿਸਤਾਨ ਜਾਂ ਵੱਖਰੇ ਰਾਜ ਦੀ ਮੰਗ ਨਹੀਂ ਕਰਦੇ। ਖ਼ਾਲਿਸਤਾਨ ਦੀ ਲਹਿਰ ਦੇ ਉਹ ਦਿਨ ਹੁਣ ਨਹੀਂ ਰਹੇ। ਅੱਜ ਦੇ ਪੰਜਾਬ ਦੀ ਇਹ ਮੰਗ ਨਹੀਂ ਹੈ। ਅੱਜ ਪੰਜਾਬ ਨੂੰ ਨਸ਼ਿਆਂ ਦੀ ਅਲਾਮਤ, ਬੇਰੁਜ਼ਗਾਰੀ, ਖੇਤੀ ਸੰਕਟ ਤੇ ਲੋਕਾਂ ਤੇ ਸੂਬੇ ਦੀ ਡਿਗਦੀ ਸਿਹਤ ਜਿਹੇ ਮੁੱਦਿਆਂ ਨੇ ਗ੍ਰਸਿਆ ਹੋਇਆ ਹੈ। ਮੈਂ ਇਨਸਾਫ਼ ਮਾਰਚ ਵਿਚ ਇਸ ਲਈ ਸ਼ਾਮਲ ਹੋਇਆ ਹਾਂ ਕਿਉਂਕਿ ਇਸ ਦੇ ਆਗੂ ਇਹ ਮੁੱਦੇ ਉਠਾ ਰਹੇ ਹਨ।
__________________
ਅਕਾਲੀ ਦਲ ਅਸੂਲਾਂ ਵਾਲੀ ਪਾਰਟੀ ਨਹੀਂ ਰਹੀ: ਬ੍ਰਹਮਪੁਰਾ
ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਮਾਝੇ ਦੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ ‘ਤੇ ਅਕਾਲੀ ਦਲ ਵਿਚ ਵਾਪਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਮੰਨਣ-ਮਨਾਉਣ ਵਾਲੀ ਕੋਈ ਗੱਲ ਨਹੀਂ ਰਹੀ, ਕਿਉਂਕਿ ਅਕਾਲੀ ਦਲ ਅਸੂਲਾਂ ਦੀ ਪਾਰਟੀ ਨਹੀਂ ਰਹੀ ਤੇ ਇਸ ਪਾਰਟੀ ਵਿਚ ਆਗੂਆਂ ਅਤੇ ਵਰਕਰਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਉਹ 16 ਦਸੰਬਰ ਨੂੰ ਨਵਾਂ ਅਕਾਲੀ ਦਲ ਬਣਾ ਰਹੇ ਹਨ, ਇਸ ਲਈ ਪੰਜਾਬ ਭਰ ਦੇ ਟਕਸਾਲੀ ਅਕਾਲੀ ਆਗੂਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
__________________
ਜਥੇਦਾਰ ਬਡਾਲੀ ਨੇ ਟਕਸਾਲੀ ਆਗੂਆਂ ਨਾਲ ਸੁਰ ਮਿਲਾਈ
ਕੁਰਾਲੀ: ਟਕਸਾਲੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਨੂੰ ਲੈ ਕੇ ਕੁੱਝ ਸਮੇਂ ਤੋਂ ਅਲਾਪੀਆਂ ਜਾ ਰਹੀਆਂ ਬਾਗੀ ਸੁਰਾਂ ਦਾ ਸੇਕ ਹਲਕਾ ਖਰੜ ਤੱਕ ਪਹੁੰਚ ਗਿਆ ਹੈ। ਹਲਕਾ ਖਰੜ ਦੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਕਈ ਮਹੀਨਿਆਂ ਦੀ ਸਿਆਸੀ ਚੁੱਪ ਮਗਰੋਂ ਟਕਸਾਲੀ ਆਗੂਆਂ ਨਾਲ ਤੁਰਨ ਦਾ ਫੈਸਲਾ ਕੀਤਾ ਹੈ। ਜਥੇਦਾਰ ਬਡਾਲੀ ਨੇ ਇਹ ਐਲਾਨ ਆਪਣੇ ਪਿੰਡ ਸੁਲਤਾਨਪੁਰ ਟੱਪਰੀਆਂ ਵਿਚ ਹੋਏ ਇਕੱਠ ਦੌਰਾਨ ਲੋਕ ਸਭਾ ਮੈਂਬਰ ਅਤੇ ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜ਼ਰੀ ਵਿਚ ਕੀਤਾ। ਜਥੇਦਾਰ ਬ੍ਰਹਮਪੁਰਾ ਨੇ ਜਥੇਦਾਰ ਬਡਾਲੀ ਦੀ ਅਗਵਾਈ ਹੇਠ ਟਕਸਾਲੀ ਆਗੂਆਂ ਨਾਲ ਤੁਰਨ ਵਾਲੇ ਅਕਾਲੀ ਵਰਕਰਾਂ ਦਾ ਸਵਾਗਤ ਕੀਤਾ।