ਸੁਖਬੀਰ ‘ਤੇ ਸਿਆਸੀ ਸੰਕਟ ਨੂੰ ਟਾਲਣ ਲਈ ਬਾਦਲ ਹੋਏ ਸਰਗਰਮ

ਚੰਡੀਗੜ੍ਹ: ਪੰਜਾਬ ਦੇ ਸਭ ਤੋਂ ਵਡੇਰੀ ਉਮਰ ਦੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਕਟ ਵਿਚੋਂ ਕੱਢਣ ਲਈ ਪਾਰਟੀ ਉਪਰ ਦਬਦਬਾ ਕਾਇਮ ਰਹਿਣ ਦਾ ਪ੍ਰਭਾਵ ਦੇਣ ਦੇ ਯਤਨ ਕੀਤੇ ਜਾਣ ਲੱਗੇ ਹਨ।

ਬਾਦਲ ਪਰਿਵਾਰ ਸਮੇਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਕੀਤੀ ਸੇਵਾ ਅਤੇ ਭੁੱਲਾਂ ਬਖ਼ਸ਼ਾਉਣ ਦੀ ਪ੍ਰਕਿਰਿਆ ਤੋਂ ਬਾਅਦ ਜਿਸ ਢੰਗ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਮੋਹਰੀ ਭੂਮਿਕਾ ਨਿਭਾਈ ਅਤੇ ਸੁਖਬੀਰ ਸਿੰਘ ਬਾਦਲ ਨੂੰ ਪਰਦੇ ਪਿੱਛੇ ਧੱਕ ਦਿੱਤਾ ਹੈ, ਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਦੇ 9ਵੇਂ ਦਹਾਕੇ ਵਿਚੋਂ ਲੰਘ ਰਹੇ ਬਾਦਲ ਨੂੰ ਪਾਰਟੀ ਅਤੇ ਪਰਿਵਾਰ ਦਾ ਸੰਕਟ ਟਾਲਣ ਲਈ ਜੱਦੋ-ਜਹਿਦ ਕਰਨੀ ਪਵੇਗੀ। ਮਾਝੇ ਦੇ ਟਕਸਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਖ਼ਿਲਾਫ਼ ਬਗਾਵਤ ਕੀਤੀ ਸੀ, ਜਦੋਂ ਕਿ ਪਾਰਟੀ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਿੱਧੇ ਤੌਰ ‘ਤੇ ਛੋਟੇ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਗਈ ਸੀ। ਵੱਡੇ ਬਾਦਲ ਦੀਆਂ ਇਨ੍ਹਾਂ ਗਤੀਵਿਧੀਆਂ ਨੇ ਅਕਾਲੀ ਦਲ ਅੰਦਰ ਨਵੀਂ ਚਰਚਾ ਵੀ ਛੇੜੀ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਨਮੋਸ਼ੀ ਭਰੀ ਹਾਰ ਤੋਂ ਬਾਅਦ ਸ੍ਰੀ ਬਾਦਲ ਨੇ ਆਪਣੀਆਂ ਗਤੀਵਿਧੀਆਂ ਸੀਮਤ ਕਰ ਲਈਆਂ ਸਨ।
ਪੰਜਾਬ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਬੇਹੱਦ ਸੰਕਟਮਈ ਦੌਰ ਵਿਚੋਂ ਲੰਘ ਰਿਹਾ ਹੈ। ਪਾਰਟੀ ਲੀਡਰਸ਼ਿਪ ਦੀ ਭਰੋਸੇਯੋਗਤਾ ਇਕ ਤਰ੍ਹਾਂ ਨਾਲ ਦਾਅ ‘ਤੇ ਹੀ ਲੱਗੀ ਹੋਈ ਹੈ। ਲੋਕ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਪਾਰਟੀ ਲਈ ਚੁਣੌਤੀਆਂ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਸੰਸਦੀ ਚੋਣਾਂ ਦੀ ਅਗਵਾਈ ਵੱਡੇ ਬਾਦਲ ਕਰ ਸਕਦੇ ਹਨ ਜਦੋਂ ਕਿ ਪਹਿਲਾਂ ਪਾਰਟੀ ਦਾ ਸਾਰਾ ਕੰਮ ਛੋਟੇ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ‘ਤੇ ਹੀ ਛੱਡ ਦਿੱਤੇ ਜਾਣ ਦਾ ਪ੍ਰਭਾਵ ਜਾਣ ਲੱਗਿਆ ਸੀ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਕੁਝ ਸੀਨੀਅਰ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਪਾਰਟੀ ਵਿਚਲੇ ਕੁੱਝ ਮਸਲਿਆਂ ‘ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਵੱਡੇ ਬਾਦਲ ਚਰਚਾ ਕਰਨ ਤੋਂ ਮੂੰਹ ਫੇਰ ਲੈਂਦੇ ਤੇ ਕਹਿੰਦੇ “ਕੋਈ ਵੀ ਗੱਲ ਕਰਨੀ ਹੈ ਤਾਂ ਸੁਖਬੀਰ ਨਾਲ ਹੀ ਕਰੋ ਜਥੇਦਾਰ ਜੀ।” ਸ੍ਰੀ ਬਾਦਲ ਦਾ ਇਹ ਮਸ਼ਵਰਾ ਸੀਨੀਅਰ ਅਕਾਲੀ ਆਗੂਆਂ ਨੂੰ ਰਾਸ ਨਹੀਂ ਸੀ ਆ ਰਿਹਾ, ਕਿਉਂਕਿ ਛੋਟੇ ਬਾਦਲ ਅਤੇ ਜਥੇਦਾਰਾਂ ਦਰਮਿਆਨ ਪੀੜ੍ਹੀ ਅੰਤਰ (ਜੈਨਰੇਸ਼ਨ ਗੈਪ) ਹੋਣ ਕਾਰਨ ਦੂਰੀਆਂ ਵਧ ਰਹੀਆਂ ਹਨ।
ਪਾਰਟੀ ਅੰਦਰ ਬਗਾਵਤੀ ਸੁਰਾਂ ਉਠਣ ਦਾ ਕਾਰਨ ਵੀ ਸ੍ਰੀ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਗਰਮ ਸਿਆਸਤ ਤੋਂ ਅਣਐਲਾਨਿਆ ਕਿਨਾਰਾ ਕਰਨਾ ਹੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਬਗਾਵਤੀ ਸੁਰਾਂ ਉਠਣ ਤੋਂ ਬਾਅਦ ਭਾਵੇਂ ਪਾਰਟੀ ਦੇ ਕਈ ਆਗੂਆਂ ਖਾਸ ਕਰ ਕੇ ਨਿਰਮਲ ਸਿੰਘ ਕਾਹਲੋਂ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ ਆਦਿ ਦੀ ਅਕਾਲੀ ਦਲ ਦੇ ਅੰਦਰ ਕੋਈ ਖਾਸ ਭੂਮਿਕਾ ਨਹੀਂ ਸੀ ਮੰਨੀ ਜਾਂਦੀ ਪਰ ਇਸ ਸਮੇਂ ਇਨ੍ਹਾਂ ਆਗੂਆਂ ਨੂੰ ਮੂਹਰਲੀਆਂ ਸਫ਼ਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਵੱਡੇ ਬਾਦਲ ਦੀਆਂ ਜੇਕਰ ਸਰਗਰਮ ਨਹੀਂ ਹੁੰਦੇ ਤਾਂ ਸੰਕਟ ਟਾਲਣਾ ਹੀ ਮੁਸ਼ਕਲ ਨਹੀਂ ਸਗੋਂ ਪਾਰਟੀ ਨੂੰ ਆਉਂਦੀਆਂ ਚੋਣਾਂ ਦੌਰਾਨ ਸਿਆਸੀ ਤੌਰ ‘ਤੇ ਵੱਡਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਛੋਟੇ ਬਾਦਲ ਅਜੇ ਲੋਕਾਂ ਦੇ ਮਨ ‘ਚ ਸੁਲਝੇ ਸਿਆਸਤਦਾਨ ਵਾਲੀ ਥਾਂ ਬਣਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਵੱਡੇ ਬਾਦਲ ਆਪਣੇ ਵਿਧਾਨ ਸਭਾ ਹਲਕੇ ਲੰਬੀ ਦੇ ਪਿੰਡਾਂ ਵਿੱਚ ਹੀ ਆਪਣੇ ਹਮਾਇਤੀਆਂ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦੇ ਹਨ ਜਾਂ ਫਿਰ ਕਦੇ ਕਦਾਈਂ ਚੰਡੀਗੜ੍ਹ ਵਿਚ ਵਰਕਰਾਂ ਦੇ ਸ਼ਿਕਵੇ ਸੁਣਨ ਦੇ ਬਹਾਨੇ ਲੋਕਾਂ ਨਾਲ ਰਾਬਤਾ ਰੱਖ ਰਹੇ ਹਨ।
______________________
ਬਾਦਲਾਂ ਦੀ ‘ਸੇਵਾ’ ਲਈ ਸ਼੍ਰੋਮਣੀ ਕਮੇਟੀ ਰਹੀ ਪੱਬਾਂ ਭਾਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਲ ਦੀ ਲੀਡਰਸ਼ਿਪ ਦੀ ‘ਸੇਵਾ’ ਲਈ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਪੱਬਾਂ ਭਾਰ ਫਿਰ ਰਹੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜੋ ਕਿ ਅਕਾਲੀ ਸਰਕਾਰ ਸਮੇਂ ਮੰਤਰੀ ਵੀ ਰਹੇ ਹਨ, ਵੀ ਅਕਾਲੀ ਆਗੂਆਂ ਨਾਲ ਦੋ ਦਿਨ ਤੋਂ ਬਾਕਾਇਦਾ ਜੋੜੇ ਪਾਲਿਸ਼ ਕਰਨ ਤੇ ਲੰਗਰ ਦੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕਰ ਰਹੇ। ਇਥੇ ਹੀ ਬੱਸ ਨਹੀਂ ਉਨ੍ਹਾਂ ਨਾਲ ਸਮੁੱਚੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਵੀ ਅਕਾਲੀ ਆਗੂਆਂ ਦੀ ਟਹਿਲ ਸੇਵਾ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਹੋਰ ਤਾਂ ਹੋਰ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਦਫਤਰ ਵੀ ਖੁੱਲ੍ਹੇ ਰੱਖੇ ਗਏ। ਸ੍ਰੀ ਦਰਬਾਰ ਸਾਹਿਬ ਦਾ ਸੂਚਨਾ ਕੇਂਦਰ ਅਕਾਲੀ ਆਗੂਆਂ ਤੇ ਸਮਰਥਕਾਂ ਦੇ ਮਿਲਣ-ਗਿਲਣ ਦਾ ਮੁੱਖ ਕੇਂਦਰ ਬਣਿਆ ਰਿਹਾ।