ਬਾਦਲਾਂ ਵੱਲੋਂ ਦਸ ਸਾਲਾਂ ਦੇ ‘ਗੁਨਾਹਾਂ’ ਲਈ ਖਿਮਾ ਯਾਚਨਾ

ਅੰਮ੍ਰਿਤਸਰ: ਆਪਣੇ ਦਸ ਸਾਲ ਦੇ ਰਾਜ ਦੌਰਾਨ ਹੋਈਆਂ ਭੁੱਲਾਂ-ਚੁੱਕਾਂ ਦੀ ਖਿਮਾ ਯਾਚਨਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਅਕਾਲ ਤਖ਼ਤ ਦੇ ਨੇੜੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸ੍ਰੀ ਅਖੰਡ ਪਾਠ ਅਰੰਭ ਕਰਵਾਇਆ। ਇਸ ਮੌਕੇ ਬਾਦਲ ਪਰਿਵਾਰ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਵਿਧਾਇਕ, ਸਾਬਕਾ ਮੰਤਰੀ, ਜ਼ਿਲ੍ਹਾ ਪ੍ਰਧਾਨਾਂ ਸਮੇਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂਆਂ ਨੇ ਜੋੜਾ ਘਰ ਵਿਚ ਸੰਗਤਾਂ ਦੇ ਜੋੜੇ ਸਾਫ ਕੀਤੇ, ਲੰਗਰ ਘਰ ਵਿਚ ਸੇਵਾ ਕੀਤੀ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਪ੍ਰਕਾਸ਼ ਸਿੰਘ ਬਾਦਲ ਦੇ 91ਵੇਂ ਜਨਮ ਦਿਨ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਖਿਮਾ ਯਾਚਨਾ ਵਾਸਤੇ ਰੱਖੇ ਅਖੰਡ ਪਾਠ ਮੌਕੇ ਆਰੰਭਤਾ ਦੀ ਅਰਦਾਸ ਵਿਚ ਵੀ ਅਰਦਾਸੀਏ ਸਿੰਘ ਵੱਲੋਂ ਪਿਛਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਕੋਲੋਂ ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਦਾ ਜ਼ਿਕਰ ਕੀਤਾ ਗਿਆ। ਅਰਦਾਸ ਵਿਚ ਖਿਮਾ ਯਾਚਨਾ ਬਾਰੇ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਿਮਾਣੇ ਸਿੱਖ ਵਜੋਂ ਭੁੱਲਾਂ ਚੁੱਕਾਂ ਬਖ਼ਸ਼ਾਉਣ ਵਾਸਤੇ ਹਾਜ਼ਰ ਹੋਏ ਹਨ। ਭੁੱਲਾਂ ਚੁੱਕਾਂ ਕਰਨ ਵਾਲੇ ਸੇਵਕਾਂ ਨੂੰ ਬਖਸ਼ ਕੇ ਆਪਣੇ ਲੜ ਲਾਇਆ ਜਾਵੇ।
ਪਾਠ ਦੀ ਆਰੰਭਤਾ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਸਮੁੱਚੀ ਪਾਰਟੀ ਕੋਲੋਂ ਰਾਜਕਾਲ ਦੌਰਾਨ ਫਰਜ਼ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਯਾਚਨਾ ਕਰਨ ਵਾਸਤੇ ਆਏ ਹਨ। ਵਿਰੋਧੀਆਂ ਵਲੋਂ ਇਸ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਬਾਰੇ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਵਿਰੋਧੀਆਂ ਦਾ ਕੰਮ ਸਿਰਫ ਵਿਰੋਧ ਕਰਨਾ ਹੈ, ਜੋ ਮਰਜ਼ੀ ਕੋਈ ਬੋਲੇ ਪਰ ਅੰਤ ਵਿਚ ਜਿੱਤ ਸਚਾਈ ਦੀ ਹੁੰਦੀ ਹੈ। ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾæ ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਆਦਿ ਨੂੰ ਮੁੜ ਪਾਰਟੀ ਵਿਚ ਸ਼ਾਮਲ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਇਨ੍ਹਾਂ ਸੀਨੀਅਰ ਆਗੂਆਂ ਨੂੰ ਕੁੱਝ ਵੀ ਨਹੀਂ ਕਿਹਾ ਅਤੇ ਨਾ ਹੀ ਕੁੱਝ ਕੀਤਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਆਉਣ ਅਤੇ ਪਹਿਲਾਂ ਵਾਂਗ ਹੀ ਸੇਵਾ ਕਰਨ।
ਉਨ੍ਹਾਂ ਨੇ ਅਸਿੱਧੇ ਢੰਗ ਨਾਲ ਪਾਰਟੀ ਤੋਂ ਵੱਖ ਕੀਤੇ ਇਨ੍ਹਾਂ ਆਗੂਆਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਹੋਣ ਲਈ ਆਖਿਆ ਹੈ। ਜਦੋਂਕਿ ਕੁਝ ਹੋਰ ਆਗੂਆਂ ਵਲੋਂ ਗੱਲਬਾਤ ਦੌਰਾਨ ਰਾਜਕਾਲ ਸਮੇਂ ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਵਾਸਤੇ ਗੁਰੂ ਘਰ ਨਤਮਸਤਕ ਹੋਣ ਬਾਰੇ ਆਖਿਆ ਹੈ ਪਰ ਕਿਸੇ ਵੀ ਆਗੂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਭੁੱਲਾਂ ਚੁੱਕਾਂ ਵਾਸਤੇ ਖਿਮਾ ਯਾਚਨਾ ਕੀਤੀ ਜਾ ਰਹੀ ਹੈ। ਪਾਠ ਆਰੰਭ ਕਰਾਉਣ ਮਗਰੋਂ ਪ੍ਰਕਾਸ਼ ਸਿੰਘ ਬਾਦਲ ਨੇ ਸੰਕੇਤਕ ਤੌਰ ਉਤੇ ਸੰਗਤ ਦੇ ਜੋੜੇ ਝਾੜੇ ਅਤੇ ਲੰਗਰ ਘਰ ਵਿਚ ਸੇਵਾ ਕੀਤੀ ਪਰ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਦੋਵਾਂ ਥਾਵਾਂ ਉੱਤੇ ਇਕ ਇਕ ਘੰਟੇ ਤੋਂ ਵੱਧ ਸਮਾਂ ਸੇਵਾ ਕੀਤੀ। ਉਹ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰਬਾਣੀ ਦਾ ਕੀਰਤਨ ਸੁਣਨ ਵਾਸਤੇ ਵੀ ਹਾਜ਼ਰ ਹੋਏ।
_________________
ਧਰਮ ਦੇ ਨਾਂ ‘ਤੇ ਡਰਾਮਾ ਕੀਤਾ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਧਰਮ ਦੇ ਨਾਂ ‘ਤੇ ਸਿਆਸੀ ਡਰਾਮਾ ਕਰਨ ਅਤੇ ਪਿਛਲੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਕੀਤੀਆਂ ਗਲਤੀਆਂ ਲਈ ਪਸ਼ਚਾਤਾਪ ਕਰਨ ਨੂੰ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਬਾਦਲ ਪਰਿਵਾਰ ਅਤੇ ਹੋਰ ਆਗੂਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀ ਦਲ ਪਿਛਲੇ ਦੋ ਸਾਲਾਂ ਦੌਰਾਨ ਆਪਣਾ ਜਨਤਕ ਸਮਰਥਨ ਪੂਰੀ ਤਰ੍ਹਾਂ ਗੁਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁਆਫੀ ਪ੍ਰਤੀ ਸੰਜੀਦਾ ਹਨ ਤਾਂ ਮਾੜੇ ਕੰਮਾਂ ਨੂੰ ਜਨਤਕ ਤੌਰ ‘ਤੇ ਮੰਨਣ ਦਾ ਉਨ੍ਹਾਂ ਨੂੰ ਹੌਸਲਾ ਦਿਖਾਉਣਾ ਚਾਹੀਦਾ ਹੈ।
_________________
ਬਾਦਲ ਪਰਿਵਾਰ ਦਾ ਗੁਨਾਹ ਮੁਆਫੀ ਯੋਗ ਨਹੀਂ: ਟਕਸਾਲੀ ਆਗੂ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਦਸ ਸਾਲ ਦੇ ਰਾਜ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਵਾਸਤੇ ਰਖਵਾਏ ਗਏ ਅਖੰਡ ਪਾਠ ਨੂੰ ਪਾਰਟੀ ਤੋਂ ਵੱਖ ਹੋਏ ਟਕਸਾਲੀ ਆਗੂਆਂ ਨੇ ਸਿੱਖ ਕੌਮ ਦੀਆਂ ਅੱਖਾਂ ‘ਚ ਘੱਟਾ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿਚੋਂ ਫਾਰਗ ਕੀਤੇ ਗਏ ਸਾਬਕਾ ਸੰਸਦ ਮੈਂਬਰ ਡਾæ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਗੁਨਾਹ ਨਾ ਮੁਆਫ਼ੀਯੋਗ ਹਨ। ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ ਆਖਿਆ ਕਿ ਲਾਮ-ਲਸ਼ਕਰ ਲੈ ਕੇ ਮੁਆਫ਼ੀ ਮੰਗਣ ਆਉਣਾ ਨਿਮਾਣੇ ਸਿੱਖ ਵਜੋਂ ਮੁਆਫ਼ੀ ਮੰਗਣਾ ਨਹੀਂ ਹੈ।
_________________
ਜਾਣ-ਬੁੱਝ ਕੇ ਕੀਤੇ ਪਾਪਾਂ ਦੀ ਮੁਆਫੀ ਨਹੀਂ ਮਿਲਦੀ: ਮਾਨ
ਚੰਡੀਗੜ੍ਹ- ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਸਿਆਸੀ ਜੀਵਨ ਅਤੇ ਖ਼ਾਸ ਕਰ ਕੇ ਪਿਛਲੇ 10 ਸਾਲ ਦੇ ਰਾਜ ਦੌਰਾਨ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਹੈ। ਉਹ ਹੁਣ ਆਪਣੀ ਸਿਆਸੀ ਜ਼ਮੀਨ ਖਿਸਕਦੀ ਦੇਖ ਕੇ ਇਸ ਤਰ੍ਹਾਂ ਦੇ ਡਰਾਮੇ ਕਰ ਰਹੇ ਹਨ। ਉਨ੍ਹਾਂ ਬਾਦਲਾਂ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਕਿਹੜੀਆਂ-ਕਿਹੜੀਆਂ ਭੁੱਲਾਂ ਦੀ ਮੁਆਫੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਲੋਕਾਂ ਦਾ ਧਿਆਨ ਭਟਕਾਉਣ ਲਈ ਧਰਮ ਦਾ ਸਹਾਰਾ ਲੈਂਦੇ ਰਹੇ ਹਨ। ਉਨ੍ਹਾਂ ਨੇ ਭੁੱਲਾਂ ਨਹੀਂ, ਸਗੋਂ ਪਾਪ ਕੀਤੇ ਹਨ।
_________________
ਭੁੱਲ ਬਖ਼ਸ਼ਾਉਣ ਦਾ ਕੰਮ ਬਹੁਤ ਦੇਰੀ ਨਾਲ: ਢੀਂਡਸਾ
ਸੰਗਰੂਰ: ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਆਗੂਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਭੁੱਲ ਬਖ਼ਸ਼ਾਉਣ ਲਈ ਸ਼ੁਰੂ ਕੀਤੀ ਸੇਵਾ ਬਾਰੇ ਕਿਹਾ ਕਿ ਇਹ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਪਿਛਲੀ ਅਕਾਲੀ ਸਰਕਾਰ ਦੌਰਾਨ ਇਕ ਬੈਠਕ ਵਿਚ ਇਸ ਸਬੰਧੀ ਸੁਝਾਅ ਵੀ ਦਿੱਤਾ ਸੀ ਕਿ ਸਾਨੂੰ ਪਸ਼ਚਾਤਾਪ ਕਰਨ ਦੀ ਲੋੜ ਹੈ। ਉਸ ਸਮੇਂ ਇਹ ਗੱਲ ਮੰਨ ਲਈ ਗਈ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਲਈ ਸਹਿਮਤੀ ਹੋ ਗਈ ਸੀ। ਪਾਰਟੀ ਦੇ ਇਕ ਸਿਰਮੌਰ ਆਗੂ (ਨਾਂ ਨਹੀਂ ਲਿਆ) ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਗਏ ਸਨ ਪਰ ਬਾਅਦ ਵਿਚ ਸ਼ਾਇਦ ਕਿਸੇ ਨੇ ਸਲਾਹ ਦੇ ਦਿੱਤੀ ਅਤੇ ਉਹ ਰਸਤੇ ਵਿਚੋਂ ਹੀ ਵਾਪਸ ਪਰਤ ਗਏ।