ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਦੀ ਸਾਜ਼ਿਸ਼ ਦੱਸ ਕੇ ਘਿਰਿਆ ਕੈਪਟਨ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਫੌਜ ਦੀ ਸਾਜ਼ਿਸ਼ ਦੱਸਣ ਵਾਲੇ ਬਿਆਨ ਉਤੇ ਸਿੱਖ ਜਥੇਬੰਦੀਆਂ ਸਮੇਤ ਸਿਆਸੀ ਧਿਰਾਂ ਵਿਚ ਗੁੱਸੇ ਦੀ ਲਹਿਰ ਹੈ। ਪੰਜਾਬ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੀ ਨਿਖੇਧੀ ਹੋ ਰਹੀ ਹੈ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਨਾਲ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਚੱਲ ਰਹੀ ਪ੍ਰਕਿਰਿਆ ਨੂੰ ਧੱਕਾ ਲੱਗ ਸਕਦਾ ਹੈ।

ਕੈਨੇਡਾ ਤੋਂ ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਜੇ ਪਾਕਿਸਤਾਨ ਖਾੜਕੂ ਲਹਿਰ ਨੂੰ ਮੁੜ ਖੜ੍ਹੀ ਕਰਨ ਦੀ ਕੋਸ਼ਿਸ਼ ਵਿਚ ਹੈ, ਤਾਂ ਇਹ ਮੁੱਦਾ ਸਰਕਾਰੀ ਪੱਧਰ ‘ਤੇ ਨਜਿੱਠਿਆ ਜਾਣਾ ਚਾਹੀਦਾ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਸੁਖਜਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਬੋਲੀ ਬੋਲ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ। ਯੂਨਾਈਟਿਡ ਖਾਲਸਾ ਦਲ ਯੂਕੇ ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਸ਼ਹਿ ‘ਤੇ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਸਤੀ ਦੀ ਪਹਿਲਕਦਮੀ ਕਰਕੇ ਭਾਜਪਾ ਦਾ ਏਜੰਡਾ ਫੇਲ੍ਹ ਕਰ ਦਿੱਤਾ ਹੈ, ਜਿਹੜਾ ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਵਰਤਣਾ ਸੀ। ਇਸੇ ਕਰਕੇ ਪਾਕਿਸਤਾਨ ਨੂੰ ਅਤਿਵਾਦੀ ਸਰਗਰਮੀਆਂ ਦੇ ਕੇਂਦਰ ਵਜੋਂ ਉਭਾਰ ਕੇ ਭਾਜਪਾ ਹਿੰਦੂ ਵੋਟਾਂ ਲੈਣਾ ਚਾਹੁੰਦੀ ਹੈ।
ਇਸੇ ਤਰ੍ਹਾਂ ਕੈਲੇਫੋਰਨੀਆ ਤੋਂ ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਸਿੱਖ ਸ਼ਰਧਾਲੂਆਂ ਨੂੰ ਸ਼ੱਕ ਦੇ ਘੇਰੇ ਵਿਚ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਵੱਡਾ ਸੰਤਾਪ ਭੋਗਿਆ ਹੈ। ਹੁਣ ਫਿਰ ਅਜਿਹੀ ਬਿਆਨਬਾਜ਼ੀ ਨਾਲ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਵੀ ਸੋਸ਼ਲ ਮੀਡੀਆ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਬਾਰੇ ਕਿਹਾ ਕਿ ਵਾਘਾ ਸਰਹੱਦ ਤੋਂ ਵੀ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕ ਪਾਕਿਸਤਾਨੀ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਕਰਤਾਰਪੁਰ ਲਾਂਘਾ ਖੋਲ੍ਹਣ ਨਾਲ ਅਤਿਵਾਦ ਨਹੀਂ ਆ ਸਕਦਾ।
__________________
ਲਾਂਘੇ ਨੂੰ ਸਿਆਸੀ ਰੰਗਤ ਚਾੜ੍ਹਨ ਤੋਂ ਪਾਕਿਸਤਾਨ ਨਰਾਜ਼
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਉਨ੍ਹਾਂ ਦੀ ਪਹਿਲਕਦਮੀ ਨੂੰ ਭਾਰਤ ਸਿਆਸੀ ਰੰਗਤ ਚਾੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਬਹੁਤ ਹੀ ਅਫਸੋਸਨਾਕ ਹੈ। ਪਾਕਿਸਤਾਨ ਸਰਕਾਰ ਨੇ ਪਿਛਲੇ ਮਹੀਨੇ ਭਾਰਤੀ ਸਿੱਖਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਮੁਕਤ ਲਾਂਘਾ ਦੇਣ ਲਈ ਨੀਂਹ ਪੱਥਰ ਰੱਖਿਆ ਸੀ।
ਸਿੱਖਾਂ ਲਈ ਕਰਤਾਰਪੁਰ ਸਾਹਿਬ ਬਹੁਤ ਹੀ ਮੁਕੱਦਸ ਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ ਤੇ ਖੇਤੀ ਕੀਤੀ ਸੀ। ਡਾਅਨ ਅਖ਼ਬਾਰ ਨੇ ਲਿਖਿਆ ਹੈ ਕਿ ਸ੍ਰੀ ਖ਼ਾਨ ਨੇ ਕੈਬਨਿਟ ਦੀ ਮੀਟਿੰਗ ਵਿਚ ਆਖਿਆ ਕਿ ਭਾਰਤੀ ਮੀਡੀਆ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਰਿਹਾ ਹੈ ਜਿਵੇਂ ਕਿ ਅਸੀਂ ਕਿਸੇ ਕਿਸਮ ਦਾ ਸਿਆਸੀ ਫਾਇਦਾ ਲੈਣ ਲਈ ਇਹ ਸਭ ਕੁਝ ਕੀਤਾ ਹੋਵੇ। ਇਹ ਸਹੀ ਨਹੀਂ ਹੈ। ਅਸੀਂ ਇਹ ਤਾਂ ਕੀਤਾ ਕਿਉਂਕਿ ਇਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੈਨੀਫੈਸਟੋ ਦਾ ਹਿੱਸਾ ਸੀ। ਜਨਾਬ ਖ਼ਾਨ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਲਾਂਘਾ ਖੋਲ੍ਹਣ ਦੀ ਕਾਰਵਾਈ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਲਈ ਕਰਤਾਰਪੁਰ ਦਾ ਉਹੀ ਮੁਕਾਮ ਹੈ ਜੋ ਸਾਡੇ ਮੁਸਲਮਾਨਾਂ ਲਈ ਮਦੀਨਾ ਹੈ।
___________________
ਪਾਕਿਸਤਾਨ ਨੇ ਸ਼ੁਰੂ ਕੀਤੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ
ਅੰਮ੍ਰਿਤਸਰ: ਸ੍ਰੀ ਕਰਤਾਰਪੁਰ ਸਾਹਿਬ ਸਾਂਝੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਿਆਂ ਵੱਲੋਂ ਭਾਵੇਂ ਕਿ ਅਜੇ ਤੱਕ ਆਪਸ ਵਿਚ ‘ਮੈਮੋਰੰਡਮ ਆਫ ਅੰਡਰਸਟੈਂਡਿੰਗ’ ਭਾਵ ਆਪਸੀ ਲਿਖਤੀ ਸਮਝੌਤਾ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਪਹਿਲਕਦਮੀ ਕਰਦਿਆਂ ਲਾਂਘੇ ਦੀ ਉਸਾਰੀ ਆਰੰਭ ਕਰ ਦਿੱਤੀ ਹੈ। ਇਸ ਦੇ ਚੱਲਦਿਆਂ ਉਸਾਰੀ ਦਾ ਕੰਮ ਕਰਨ ਵਾਲੀ ਕੰਪਨੀ ਵੱਲੋਂ ਭਾਰੀ ਮਸ਼ੀਨਾਂ, ਸਰੀਆ, ਬਜਰੀ, ਰੇਤ, ਸੀਮੈਂਟ ਭਾਰੀ ਮਾਤਰਾ ‘ਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਾਇਆ ਜਾ ਰਿਹਾ ਹੈ। ਉਕਤ ਕੰਪਨੀ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤਰਫੋਂ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦੀ ਉਸਾਰੀ ਦਾ ਕੰਮ ਦੋ ਪੜਾਅ ‘ਚ ਖਤਮ ਕੀਤਾ ਜਾਵੇਗਾ।
ਲਾਂਘੇ ਦੀ ਉਸਾਰੀ ਲਈ ਪਹਿਲੇ ਪੜਾਅ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਦਰਸ਼ਨੀ ਸਥਲ ਤੱਕ ਆਉਂਦੇ ਲਗਭਗ 4æ5 ਕਿੱਲੋਮੀਟਰ ਲੰਬੇ ਰਸਤੇ ‘ਤੇ ਪੱਕੀ ਸੜਕ ਬਣਾਉਣ ਲਈ ਕੱਚੇ ਰਸਤੇ ਉਤੇ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਇਸ ਰਸਤੇ ਦੇ ਵੱਡੇ ਹਿੱਸੇ ਨੂੰ ਪੱਧਰਾ ਕਰ ਲਿਆ ਗਿਆ ਹੈ ਅਤੇ ਬਾਕੀ ਸਾਰੇ ਰਸਤੇ ‘ਤੇ ਵੀ ਨਿਸ਼ਾਨਦੇਹੀ ਲਈ ਝੰਡੀਆਂ ਅਤੇ ਆਰਜ਼ੀ ਗੇਟ ਬਣਾ ਲਏ ਗਏ ਹਨ।
ਪਹਿਲੇ ਪੜਾਅ ‘ਚ ਹੀ ਸਰਹੱਦੀ ਟਰਮੀਨਲ ਅਤੇ 629 ਮੀਟਰ ਚੌੜੇ ਦਰਿਆ ਰਾਵੀ ‘ਤੇ ਪੁਲ ਦੀ ਉਸਾਰੀ ਸ਼ੁਰੂ ਕੀਤੇ ਜਾਣ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਪਾਕਿ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਲਈ ਸਰਾਂ, ਉਡੀਕ-ਘਰ, ਗੈਲਰੀ, ਇਮੀਗ੍ਰੇਸ਼ਨ ਤੇ ਸਿਹਤ ਸੇਵਾਵਾਂ ਕੇਂਦਰ ਵੀ ਬਣਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਸਾਰੀ ਦੇ ਦੂਜੇ ਪੜਾਅ ‘ਚ ਸ਼ਰਧਾਲੂਆਂ ਲਈ ਹੋਟਲ ਤੇ ਸਰਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਚੁਫੇਰੇ ਉੱਚੀ ਦੀਵਾਰ ਬਣਾਈ ਜਾਵੇਗੀ।