ਨਿਆਣਿਆਂ ਦੇ ਖਿਡੌਣੇ ਖਰੀਦਣ ਵਿਚ ਵੀ ਕਰੋੜਾਂ ਦੀ ਹੇਰਾਫੇਰੀ

ਬਠਿੰਡਾ: ਪੰਜਾਬ ਵਿਚ ਆਂਗਨਵਾੜੀ ਕੇਂਦਰਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ‘ਖਿਡੌਣਾ ਕਿੱਟਾਂ’ ਦੇ ਮਾਮਲੇ ਵਿਚ ਕਰੋੜਾਂ ਦੇ ਘਪਲੇ ਦੇ ਤੱਥ ਸਾਹਮਣੇ ਆਏ ਹਨ। ਇਨ੍ਹਾਂ ‘ਲਰਨਿੰਗ ਕਿੱਟਾਂ’ ਵਿਚ ਚਾਕ, ਬੋਰਡ, ਗੇਂਦਾਂ ਆਦਿ ਸਾਮਾਨ ਹੁੰਦਾ ਹੈ। ਇਨ੍ਹਾਂ ਖਿਡੌਣਾ ਕਿੱਟਾਂ ਦੀ ਖ਼ਰੀਦ ਵੇਲੇ ਕਰੋੜਾਂ ਦੀ ਹੇਰਾਫੇਰੀ ਹੋਈ ਹੈ, ਜਿਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਉਤੇ ਉਂਗਲ ਉੱਠੀ ਹੈ। ਇਨ੍ਹਾਂ ਕਿੱਟਾਂ ਦੀ ਸਪਲਾਈ ਸੰਗਰੂਰ ਦੇ ਮਿੱਤਲ ਪਰਿਵਾਰ ਦੀ ਫਰਮ ਟੀæਆਰæ ਟਰੇਡਰਜ਼ ਨੇ ਦਿੱਤੀ ਸੀ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਉੱਚ ਅਫਸਰਾਂ ‘ਤੇ ਆਧਾਰਿਤ ਚਾਰ ਟੀਮਾਂ ਤੋਂ ਇਨ੍ਹਾਂ ਲਰਨਿੰਗ ਕਿੱਟਾਂ ਬਾਰੇ ਪੜਤਾਲ ਕਰਾਈ ਹੈ। ਵਿਭਾਗ ਵੱਲੋਂ ਪੜਤਾਲੀਆ ਰਿਪੋਰਟ ਹੁਣ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਹੁਣ ਅਗਲਾ ਫੈਸਲਾ ਵਿਭਾਗ ਦੀ ਮੰਤਰੀ ਵੱਲੋਂ ਲਿਆ ਜਾਣਾ ਹੈ। ਸੰਗਰੂਰ ਦਾ ਮਿੱਤਲ ਪਰਿਵਾਰ ਪਹਿਲਾਂ ਹੀ ਕਈ ਘਪਲਿਆਂ ਵਿਚ ਉਲਝਿਆ ਹੋਇਆ ਹੈ। ਵੇਰਵਿਆਂ ਅਨੁਸਾਰ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਕਰੀਬ 10-10 ਆਂਗਨਵਾੜੀ ਸੈਂਟਰਾਂ ਵਿਚ ਪੁੱਜੀਆਂ ਲਰਨਿੰਗ ਕਿੱਟਾਂ ਦੀ ਪੜਤਾਲ ਕੀਤੀ ਗਈ ਹੈ। ਕੰਟਰੋਲਰ ਆਫ ਸਟੋਰਜ਼ ਵੱਲੋਂ ਲਰਨਿੰਗ ਕਿੱਟ ਦੀ ਪ੍ਰਤੀ ਕਿੱਟ 690 ਰੁਪਏ ਕੀਮਤ ਨਿਸ਼ਚਿਤ ਕੀਤੀ ਗਈ ਹੈ ਤੇ ਕਿੱਟ ਦੀ ਬਾਕਾਇਦਾ ਸਪੈਸ਼ੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਲਰਨਿੰਗ ਕਿੱਟ ਵਿਚ ਸੱਤ ਆਈਟਮਾਂ ਨੂੰ ਸ਼ਾਮਲ ਕੀਤਾ ਗਿਆ।
ਪੰਜਾਬ ਵਿਚ ਕਰੀਬ 27650 ਆਂਗਨਵਾੜੀ ਕੇਂਦਰ ਹਨ, ਜਿਨ੍ਹਾਂ ਨੂੰ ਦੋ ਵਰ੍ਹਿਆਂ ਦੌਰਾਨ ਸਪਲਾਈ ਦਿੱਤੀ ਗਈ। ਸੂਤਰਾਂ ਅਨੁਸਾਰ ਦਰਜਨ ਜ਼ਿਲ੍ਹਿਆਂ ਵਿਚ ਲਰਨਿੰਗ ਕਿੱਟਾਂ ਦੀ ਖਰੀਦ 2017-18 ਵਿਚ ਕੀਤੀ ਗਈ। ਪੜਤਾਲ ਰਿਪੋਰਟ ਅਨੁਸਾਰ ਲਰਨਿੰਗ ਕਿੱਟਾਂ ਗ਼ੈਰ-ਮਿਆਰੀ ਨਿਕਲੀਆਂ ਹਨ ਅਤੇ ਕਿੱਟਾਂ ਵਿਚ ਸਾਮਾਨ ਦੀ ਘੱਟ ਪਾਇਆ ਗਿਆ ਹੈ। ਲਰਨਿੰਗ ਕਿੱਟ ਵਿਚਲਾ ਬਲੈਕ ਬੋਰਡ ਛੋਟੇ ਆਕਾਰ ਦਾ ਪਾਇਆ ਗਿਆ। ਹਰ ਚਾਕ ਦੇ ਡੱਬੇ ਵਿਚ 50 ਚਾਕਾਂ ਦੀ ਥਾਂ 25 ਤੋਂ 30 ਚਾਕ ਹੀ ਨਿਕਲੇ ਹਨ। ਲਰਨਿੰਗ ਚਾਰਟ ਸਪਲਾਈ ਤਾਂ ਲੈਮੀਨੇਟਿਡ ਕਰਨੇ ਸਨ, ਪਰ ਸਧਾਰਨ ਚਾਰਟ ਦੇ ਦਿੱਤੇ। ਪਲਾਸਟਿਕ ਦੀ ਜੋ ਹਾਰਡ ਗੇਂਦ ਸਪਲਾਈ ਕਰਨੀ ਸੀ, ਉਸ ਦੀ ਥਾਂ ਹਲਕੀ ਪਲਾਸਟਿਕ ਗੇਂਦ ਦਿੱਤੀ ਗਈ। ਜ਼ਿਲ੍ਹਾ ਬਠਿੰਡਾ ਵਿਚ 2017-18 ਦੌਰਾਨ ਲਰਨਿੰਗ ਕਿੱਟਾਂ ਲਈ 41æ75 ਲੱਖ ਰੁਪਏ ਖਰਚ ਕੀਤੇ ਗਏ ਹਨ। ਜ਼ਿਲ੍ਹੇ ਦੇ ਅੱਠ ਬਲਾਕਾਂ ਵਿਚ 6045 ਲਰਨਿੰਗ ਕਿੱਟਾਂ ਦੀ ਸਪਲਾਈ ਹੋਈ, ਜਿਨ੍ਹਾਂ ਵਿਚੋਂ ਰਾਮਪੁਰਾ ਵਿਚ 640, ਫੂਲ ਵਿਚ 470, ਭਗਤਾ ਭਾਈ ਕਾ ਵਿਚ 558, ਨਥਾਣਾ ਵਿਚ 580, ਤਲਵੰਡੀ ਸਾਬੋ ਵਿਚ 880, ਸੰਗਤ ਵਿਚ 610, ਮੌੜ ਵਿਚ 467 ਤੇ ਬਠਿੰਡਾ ਵਿਚ 1840 ਕਿੱਟਾਂ ਭੇਜੀਆਂ ਗਈਆਂ। ਪੜਤਾਲ ਵਿਚ ਪਾਇਆ ਗਿਆ ਕਿ ਕਿੱਟ ਦਾ ਅੰਦਾਜ਼ਨ ਅਸਲੀ ਭਾਅ 190 ਰੁਪਏ ਹੈ, ਜਦੋਂਕਿ ਇਸ ਦੀ ਖ਼ਰੀਦ 690 ਰੁਪਏ ਵਿਚ ਕੀਤੀ ਗਈ, ਭਾਵ ਪ੍ਰਤੀ ਕਿੱਟ 500 ਰੁਪਏ ਦੀ ਗੜਬੜੀ ਹੋਈ ਹੈ।
ਪੜਤਾਲ ਦੌਰਾਨ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਕਰੀਬ 30 ਲੱਖ ਰੁਪਏ ਦਾ ਘਪਲਾ ਦੱਸਿਆ ਗਿਆ ਹੈ, ਜਦੋਂਕਿ ਪੂਰੇ ਪੰਜਾਬ ਵਿਚ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗਿਆ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਵੱਲੋਂ ਜ਼ਿਲ੍ਹਾ ਪੱਧਰ ‘ਤੇ ਕਿੱਟਾਂ ਦੀ ਖ਼ਰੀਦ ਕੀਤੀ ਗਈ ਹੈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਲਰਨਿੰਗ ਕਿੱਟਾਂ ਦੀ ਖ਼ਰੀਦ ਉਨ੍ਹਾਂ ਤੋਂ ਪਹਿਲਾਂ ਦੀ ਹੋਈ ਹੈ ਤੇ ਪੜਤਾਲੀਆ ਟੀਮ ਕਿੱਟਾਂ ਬਾਰੇ ਜਾਂਚ ਕਰ ਚੁੱਕੀ ਹੈ, ਪਰ ਰਿਪੋਰਟ ਬਾਰੇ ਪਤਾ ਨਹੀਂ ਹੈ। ਸੂਤਰਾਂ ਅਨੁਸਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਜਦੋਂ ਕੰਟਰੋਲਰ ਆਫ ਸਟੋਰਜ਼ ਤੋਂ ਪੁੱਛਿਆ ਤਾਂ ਕੰਟਰੋਲਰ ਦਫਤਰ ਨੇ ਲਿਖਿਆ ਕਿ ਸਪਲਾਈ ਦੇਣ ਵੇਲੇ ਫਰਮ ਨੇ ਲਰਨਿੰਗ ਕਿੱਟਾਂ ਹੀ ਬਦਲ ਦਿੱਤੀਆਂ। ਸਮਾਜਿਕ ਸੁਰੱਖਿਆ ਵਿਭਾਗ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੋਂ ਹੀ ਕਿੱਟਾਂ ਦੀ ਰਿਪੋਰਟ ਮੰਗੀ ਸੀ। ਜਦੋਂ ਤਸੱਲੀ ਨਾ ਹੋਈ ਤਾਂ ਵਿਭਾਗ ਨੇ ਦਰਜਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗੀ। ਡਿਪਟੀ ਕਮਿਸ਼ਨਰ ਸੰਗਰੂਰ ਨੇ ਇਨ੍ਹਾਂ ਕਿੱਟਾਂ ਦੇ ਗ਼ੈਰ-ਮਿਆਰੀ ਹੋਣ ਅਤੇ ਘੱਟ ਮਾਤਰਾ ਵਿਚ ਆਈਟਮਾਂ ਹੋਣ ਦੀ ਰਿਪੋਰਟ ਵਿਭਾਗ ਨੂੰ ਭੇਜੀ ਸੀ। ਅਖੀਰ ਹੁਣ ਵਿਭਾਗ ਨੇ ਚਾਰ ਟੀਮਾਂ ਬਣਾ ਕੇ ਪੜਤਾਲ ਕਰਾਈ ਹੈ।