ਚੁਰਾਸੀ ਦੇ ਜ਼ਖਮ ਭਰਨੇ ਸੌਖੇ ਨਹੀਂ

ਰਾਹੁਲ ਬੇਦੀ
1984 ਵਿਚ ਪੂਰਬੀ ਦਿੱਲੀ ਦੀ ਤ੍ਰਿਲੋਕਪੁਰੀ ਕਲੋਨੀ ਵਿਚ ਸਿੱਖਾਂ ਦਾ ਕਤਲੇਆਮ ਹੋਇਆ। ਹਿੰਦੋਸਤਾਨ ਦੀ ਰਾਜਧਾਨੀ ਵਿਚ ਵਾਪਰੇ ਇਸ ਅਤਿ ਘਿਨਾਉਣੇ ਅਪਰਾਧ ਨੇ ਪੂਰੀ ਦੁਨੀਆ ਨੂੰ ਝੰਜੋੜ ਦਿੱਤਾ। ਇਸ ਕਾਂਡ ਨੂੰ ਵਾਪਰਿਆਂ ਜਦੋਂ ਦੋ ਪੀੜ੍ਹੀਆਂ ਲੰਘ ਚੁੱਕੀਆਂ ਹਨ ਤੇ ਹੁਣ ਕਿਤੇ ਜਾ ਕੇ ਦਿੱਲੀ ਹਾਈ ਕੋਰਟ ਨੇ ਇਸ ਕਤਲੇਆਮ ਲਈ ਟ੍ਰਾਇਲ ਕੋਰਟ ਵਲੋਂ ਦੋਸ਼ੀ ਠਹਿਰਾਏ ਗਏ 88 ਲੋਕਾਂ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ।

ਦੋ ਭੀੜੀਆਂ ਤੇ ਇੱਟਾਂ ਦੀ ਬਿਸਾਤ ਵਾਲੀਆਂ ਗਲੀਆਂ ਵਾਲੀ ਇਸ ਜਮਨਾ ਪਾਰ ਕਲੋਨੀ ਵਿਚ 350 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਕਰੀਬ 34 ਸਾਲਾਂ ਬਾਅਦ ਪੂਰ ਚੜ੍ਹੀ ਇਸ ਅਦਾਲਤੀ ਕਾਰਵਾਈ ਨਾਲ ਉਨ੍ਹਾਂ ਦਿਨਾਂ ਵਿਚ ਜ਼ਿੰਦਾ ਬਚਣ ਵਾਲਿਆਂ ਤੇ ਉਨ੍ਹਾਂ ਦੇ ਸਕੇ ਸਬੰਧੀਆਂ ਲਈ ਉਨ੍ਹਾਂ ਦਿਨਾਂ ਦੀਆਂ ਯਾਦਾਂ ਸਮੇਟਣ ਦੀ ਰਸਮ ਵੀ ਪੂਰੀ ਹੁੰਦੀ ਨਹੀਂ ਦਿਸਦੀ।
ਇਸ ਨੂੰ ਸਿਰਫ ਮਜ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਦੋ ਸਿੱਖ ਅੰਗ ਰੱਖਿਅਕਾਂ ਵਲੋਂ ਇੰਦਰਾ ਗਾਂਧੀ ਦੀ ਹੱਤਿਆ ਤੋਂ ਇਕ ਦਿਨ ਬਾਅਦ ਪਹਿਲੀ ਨਵੰਬਰ 1984 ਤੋਂ 48 ਘੰਟਿਆਂ ਵਿਚ ਤ੍ਰਿਲੋਕਪੁਰੀ ਦੇ ਬਲਾਕ-32 ਵਿਚ ਸੈਂਕੜੇ ਸਿੱਖਾਂ ਦਾ ਕਤਲੇਆਮ ਕਰਨ ਦੇ ਦੋਸ਼ੀਆਂ ਨੂੰ ਪੰਜ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਕਤਲੇਆਮ ਦਾ ਸਿਲਸਿਲਾ ਇੰਨਾ ਲੰਮਾ ਸੀ ਕਿ ਕਾਤਲਾਂ ਨੂੰ ਆਪਣਾ ਕੰਮ ਛੱਡ ਕੇ ਰੋਟੀ ਪਾਣੀ ਛਕਣਾ ਪਿਆ ਤੇ ਫਿਰ ਆ ਕੇ ਉਨ੍ਹਾਂ ਦਲਿਤ ਸਿੱਖਾਂ ਦੀ ਕਲੋਨੀ ਵਿਚ ਵਹਿਸ਼ਤ ਦਾ ਤਾਂਡਵ ਰਚਾਇਆ ਜਿਥੋਂ ਦੇ ਬਾਸ਼ਿੰਦੇ ਮੰਜੇ ਬੁਣ ਕੇ ਗੁਜ਼ਰ-ਬਸਰ ਕਰਦੇ ਸਨ। ਦਿੱਲੀ ਤੇ ਭਾਰਤ ਦੇ ਕਈ ਹੋਰ ਛੋਟੇ ਵੱਡੇ ਕਸਬਿਆਂ ਵਿਚ ਵਹਿਸ਼ਤ ਦਾ ਸ਼ਿਕਾਰ ਬਣਨ ਵਾਲੇ ਹਜ਼ਾਰਾਂ ਹੋਰਨਾਂ ਦੀ ਤਰ੍ਹਾਂ ਉਨ੍ਹਾਂ ਦਾ ਗੁਨਾਹ ਸਿਰਫ ਇੰਨਾ ਸੀ ਕਿ ਉਹ ਸਿੱਖ ਸਨ।
ਸਿੱਖਾਂ ਦਾ ਖੂਨ ਵਹਾਉਣ ਵਾਲੇ ਕਾਤਲਾਂ ਨੂੰ ਪੁਲਿਸ ਜਾਂ ਪ੍ਰਸ਼ਾਸਨ ਦਾ ਰੱਤੀ ਭਰ ਵੀ ਡਰ ਨਹੀਂ ਸੀ, ਕਿਉਂਕਿ ਉਹ ਕਤਲੇਆਮ ਦੀ ਜਿਸ ਮੁਹਿੰਮ ‘ਤੇ ਚੜ੍ਹੇ ਹੋਏ ਸਨ, ਉਸ ਦਾ ਪੂਰਾ ਇੰਤਜ਼ਾਮ ਵੋਟਰ ਸੂਚੀਆਂ ਸਹਿਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਕੀਤਾ ਸੀ। ਸਿੱਖਾਂ ਦੀ ਪਛਾਣ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਵਾਪਰੇ ਉਸ ਸਾਕੇ ‘ਚੋਂ ਜ਼ਿੰਦਾ ਬਚੇ ਲੋਕਾਂ ਲਈ ਲੋਥਾਂ, ਲਹੂ-ਲੁਹਾਣ ਅਤੇ ਕੇਸਾਂ ਦੀ ਬੇਅਦਬੀ ਨਾਲ ਲਬਰੇਜ਼ ਤ੍ਰਿਲੋਕਪੁਰੀ ਦੀਆਂ ਗਲੀਆਂ ਦੀਆਂ ਯਾਦਾਂ ਭੁਲਾ ਸਕਣਾ ਕਦੇ ਸੰਭਵ ਨਹੀ ਹੋ ਸਕੇਗਾ। ਅੱਜ ਵੀ ਉਨ੍ਹਾਂ ‘ਚੋਂ ਕਿਸੇ ਨੂੰ ਵੀ ਇਨ੍ਹਾਂ ਗਲੀਆ ‘ਚੋਂ ਸਹਿਜ ਭਾਅ ਨਹੀਂ ਲੰਘ ਸਕਣਾ ਅਸੰਭਵ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ, ਮਤੇ ਉਨ੍ਹਾਂ ਦਾ ਪੈਰ ਕਿਸੇ ਲੋਥ ਜਾਂ ਵੱਢੇ ਹੋਏ ਅੰਗ ‘ਤੇ ਨਾ ਜਾ ਪਵੇ। ਇਹ ਹੌਲਨਾਕ ਵਾਕਿਆ ਉਦੋਂ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ ਜਦੋਂ ਨਵੰਬਰ ਦੇ ਸਰਦ ਦਿਨ ਸਨ ਤੇ ਜੋ ਦ੍ਰਿਸ਼ ਸਾਡੇ ਸਾਹਮਣੇ ਸੀ, ਉਹ ਅੰਤਾਂ ਦਾ ਡਰਾਉਣਾ/ਵਿਕਰਾਲ ਸੀ। ਜੰਮੇ ਹੋਏ ਖੂਨ ਦੀ ਮੈਲ ‘ਤੇ ਮੱਖੀਆਂ ਅਤੇ ਹੋਰ ਕਿਰਮ ਭਿਣਭਿਣਾਉਣ ਲੱਗ ਪਏ ਸਨ।
ਕਤਲੇਆਮ ਜਦੋਂ ਜ਼ੋਰਾਂ ‘ਤੇ ਚੱਲ ਰਿਹਾ ਸੀ ਤਾਂ ਪੋਲੀਓ ਦੀ ਮਾਰੀ ਇਕ ਮੁਟਿਆਰ ਮਾਂ ਘਰ ਦੇ ਦਰਾਂ ‘ਤੇ ਆਪਣੀ ਬੱਚੀ ਨੂੰ ਗੋਦ ਵਿਚ ਲਈ ਸਿੱਲ ਪੱਥਰ ਬਣੀ ਬੈਠੀ ਹੋਈ ਹੈ; ਉਸ ਦੇ ਪਰਿਵਾਰ ਦੇ ਲਗਭਗ ਸਾਰੇ ਮਰਦ ਮੈਂਬਰਾਂ ਦੀਆਂ ਲੋਥਾਂ ਉਸ ਦੇ ਪਿਛਲੇ ਪਾਸੇ ਖਿੰਡੀਆਂ ਪਈਆਂ ਹਨ। ਅਖਬਾਰਾਂ ਦੇ ਪੱਤਰਕਾਰਾਂ ਦੀ ਟੋਲੀ ਜਿਸ ਵਿਚ ਖੁਦ ਮੈਂ ਵੀ ਸ਼ਾਮਲ ਸਾਂ, ਨੇ ਜਦੋਂ ਕਲੋਨੀ ਵਿਚ ਜਾ ਕੇ ਕਤਲੇਆਮ ਦਾ ਮੰਜ਼ਰ ਤੱਕਿਆ ਤੇ ਬਦਹਵਾਸੀ ਦੇ ਆਲਮ ਵਿਚ ਉਹ ਟੋਲੀ ਉਸ ਔਰਤ ਦੇ ਨੇੜੇ ਢੁੱਕੀ ਤਾਂ ਉਸ ਨੇ ਬਿਨਾਂ ਕੁਝ ਬੋਲੇ ਆਪਣੀ ਬੱਚੀ ਨੂੰ ਮਾਰ ਦੇਣ ਲਈ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਅਸੀਂ ਉਨ੍ਹਾਂ ਦੋਵਾਂ ਨੂੰ ਸਹਾਰਾ ਦਿੱਤਾ ਤੇ ਉਨ੍ਹਾਂ ਨੂੰ ਉਥੇ ਹੁਣੇ ਹੁਣੇ ਪੁੱਜੇ ਕੁਝ ਪੁਲਿਸ ਕਰਮੀਆਂ ਦੇ ਹਵਾਲੇ ਕੀਤਾ ਪਰ ਫਿਰ ਉਨ੍ਹਾਂ ਨੂੰ ਦੁਬਾਰਾ ਕਦੇ ਨਹੀਂ ਵੇਖਿਆ। ਲਾਗੇ ਹੀ ਤਿੰਨ ਕੁ ਸਾਲ ਦੀ ਬੱਚੀ ਸੀ ਜੋ ਆਪਣੇ ਪਿਤਾ ਤੇ ਤਿੰਨ ਭਰਾਵਾਂ ਦੀਆਂ ਲਾਸ਼ਾਂ ਤੇ ਨਾਲ ਦੀ ਗਲੀ ਵਿਚ ਬਿਖਰੀਆਂ ਪਈਆਂ ਕਿੰਨੀਆਂ ਹੀ ਲਾਸ਼ਾਂ ਨੂੰ ਉਲੰਘ ਕੇ ਸਾਡੇ ਇਕ ਸਾਥੀ ਨਾਲ ਚਿੰਬੜ ਗਈ ਤੇ ਮਦਦ ਲਈ ਪੁਕਾਰ ਰਹੀ ਸੀ। ਉਹ ਆਪਣੇ ਘਰ ਜਾਣਾ ਚਾਹੁੰਦੀ ਸੀ। ਘਰ ਦੇ ਬਾਹਰ ਇੰਨਾ ਕੁਝ ਵਾਪਰਿਆ ਸੀ ਕਿ ਲੋਥਾਂ ਦੇ ਅੰਬਾਰ ਵਿਚ ਉਸ ਨੂੰ ਇਹ ਭੁੱਲ ਗਿਆ ਸੀ ਕਿ ਉਹ ਤਾਂ ਘਰ ਵਿਚ ਹੀ ਖੜ੍ਹੀ ਸੀ ਪਰ ਘਰ ਦਾ ਨਕਸ਼ਾ ਬਦਲ ਚੁੱਕਾ ਸੀ ਕਿਉਂਕਿ ਘਰ ਲਾਸ਼ਾਂ ਨਾਲ ਭਰਿਆ ਹੋਇਆ ਸੀ।
ਇਸ ਕਤਲੇਆਮ ਦਾ ਸਭ ਤੋਂ ਸੁੰਨ ਕਰ ਦੇਣ ਵਾਲਾ ਪਹਿਲੂ ਸੀ, ਉਨ੍ਹਾਂ ਇਲਾਕਿਆਂ ਵਿਚ ਪਸਰੀ ਚੁੱਪ। ਜਿਨ੍ਹਾਂ ਇਲਾਕਿਆਂ ਵਿਚ ਕਤਲੇਆਮ ਵਾਪਰਿਆ, ਉਨ੍ਹਾਂ ਦੇ ਆਸੇ ਪਾਸੇ ਘੁੱਗ ਵਸਦੇ ਇਲਾਕੇ ਸਨ ਤੇ ਉਨ੍ਹਾਂ ਵਿਚ ਕਈ ਬਿਨਾਂ ਸ਼ੱਕ ਕਾਤਲ ਦੀਆਂ ਧਾੜਾਂ ਵਿਚ ਸ਼ਾਮਲ ਸਨ। ਇਸ ਦੌਰਾਨ ਕਾਹਲੀ ਨਾਲ ਜਗਾਈਆਂ ਕੁਝ ਰੌਸ਼ਨੀਆਂ ਨੇ ਜਦੋਂ ਕਤਲੇਆਮ ਦੇ ਦਿਲ ਦਹਿਲਾ ਦੇਣ ਵਾਲੇ ਮੰਜ਼ਰ ‘ਤੇ ਝਾਤ ਪਵਾਈ ਤਾਂ ਹਜੂਮ ਦੇ ਲਬਾਂ ‘ਤੇ ਉਫ ਤੱਕ ਨਹੀਂ ਸੀ। ਖੂਨ ਦੀਆਂ ਤਿਹਾਈਆਂ ਉਹ ਅੱਖਾਂ ਉਦੋਂ ਸਾਡੇ ਹਰ ਕਦਮ ਦਾ ਪਿੱਛਾ ਕਰ ਰਹੀਆਂ ਸਨ ਤੇ ਅੱਜ 34 ਸਾਲਾਂ ਬਾਅਦ ਵੀ ਉਸ ਖੌਫ ਦੀ ਤੀਬਰਤਾ ਕਾਇਮ ਹੈ। ਦਿੱਲੀ ਵਿਚ ਹੋਏ ਕਤਲੇਆਮ ਜਿਸ ਨੂੰ ਦੰਗਿਆਂ ਦਾ ਨਾਂ ਦਿੱਤਾ ਜਾਂਦਾ ਹੈ, ਵਿਚ ਸਰਕਾਰੀ ਤੌਰ ‘ਤੇ ਮੌਤਾਂ ਦੀ ਗਿਣਤੀ 2730 ਸੀ। ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਵਲੋਂ ਵਧੇਰੇ ਹਕੀਕੀ ਢੰਗ ਨਾਲ ਕੀਤੀ ਉਨ੍ਹਾਂ ਦੀ ਪੜਤਾਲ ਮੁਤਾਬਕ ਮੌਤਾਂ ਦੀ ਸੰਖਿਆ ਸਰਕਾਰੀ ਅੰਕੜਿਆਂ ਨਾਲੋਂ ਦੁੱਗਣੀ ਬਣਦੀ ਸੀ।
ਉਸ ਵੇਲੇ ਦਿੱਲੀ ਦੇ ਸਿੱਖਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਸੀ ਕਿ ਉਨ੍ਹਾਂ ਨਾਲ ਇਹ ਕੀ ਭਾਣਾ ਵਰਤ ਗਿਆ ਹੈ ਤੇ ਸਰਕਾਰ ਨੇ ਯੋਜਨਾਬੱਧ ਢੰਗ ਨਾਲ ਕਤਲੇਆਮ ਰਚਾ ਕੇ ਉਨ੍ਹਾਂ ਤੋਂ ਇੰਜ ਬਦਲਾ ਲਿਆ ਹੈ। ਉਨ੍ਹਾਂ ਨੂੰ ਵਾਕਈ ਕੋਈ ਅਹਿਸਾਸ ਨਹੀਂ ਸੀ ਕਿ ਕੋਈ ਵੱਡਾ ਦਰੱਖਤ ਡਿੱਗਣ ਨਾਲ ਧਰਤੀ ਕੰਬ ਗਈ ਸੀ। ਫਿਰ ਕਤਲੇਆਮ ਦਾ ਦੌਰ ਮੱਠਾ ਪਿਆ ਤੇ ਵੱਖ ਵੱਖ ਥਾਵਾਂ ‘ਤੇ ਜਾਨ ਬਚਾਉਣ ਲਈ ਲੁਕੇ ਹਜ਼ਾਰਾਂ ਡਰੇ ਸਹਿਮੇ ਸਿੱਖ ਗੁਰਦੁਆਰਿਆਂ ਤੇ ਸਕੂਲਾਂ ਦੇ ਅਹਾਤਿਆਂ ਵਿਚ ਕਾਹਲੀ ਕਾਹਲੀ ਕਾਇਮ ਕੀਤੇ ਰਾਹਤ ਕੈਂਪਾਂ ਵੱਲ ਆਉਣ ਲੱਗੇ। ਗ਼ਮਜ਼ਦਾ ਸਿੱਖ ਜਦੋਂ ਆਪਣੇ ਪਿਆਰਿਆਂ ਦੀਆ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਤੇ ਬੁਰੀ ਤਰ੍ਹਾਂ ਝੰਜੋੜੀ ਜ਼ਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਦੇ ਕਾਰਜ ਵਿਚ ਸ਼ਾਮਿਲ ਸਨ ਤਾਂ ਕਿਸੇ ਕੋਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ। ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਤਿੰਨ ਨਵੰਬਰ ਨੂੰ ਇੰਦਰਾ ਗਾਂਧੀ ਦੀ ਅੰਤਮ ਯਾਤਰਾ ਨਾਲ ਖਤਮ ਹੋਇਆ।
ਇਸ ਤੋਂ ਬਾਅਦ ਭਾਰਤੀ ਫੌਜ ਦੀਆਂ ਟੁਕੜੀਆਂ ਪੂਰੀ ਦਿੱਲੀ ਵਿਚ ਉਘੜ-ਦੁਘੜ ਢੰਗ ਨਾਲ ਤਾਇਨਾਤ ਕਰ ਦਿੱਤੀਆਂ ਗਈਆਂ ਤੇ ਆਖਰਕਾਰ ਕੇਂਦਰ ਸਰਕਾਰ ਵਲੋਂ ਕਤਲੇਆਮ ਕਰ ਰਹੇ ਹਜੂਮਾਂ ਅਤੇ ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਗਏ। ਭਾਰਤੀ ਰਾਜ ਦੇ ਹਾਲੀਆ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਕਾਂਗਰਸ ਦੀ ਅਗਵਾਈ ਹੇਠਲਾ ਰਾਜਕੀ-ਤੰਤਰ ਗਿਣ-ਮਿਥ ਕੇ ਇਸ ਕਿਸਮ ਦੇ ਖੂਨੀ ਬਦਲੇ ਦੇ ਕਾਰਜ ਵਿਚ ਸ਼ਾਮਲ ਹੋਇਆ ਤੇ ਬਾਅਦ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਮੁੱਦੇ ਨੂੰ ਚੁਣਾਵੀ ਮੁੱਦਾ ਬਣਾ ਕੇ ਉਸ ਦੇ ਪੁੱਤਰ ਰਾਜੀਵ ਗਾਂਧੀ ਦੀ ਖਾਤਰ ਭਾਰਤ ਦੇ ਚੁਣਾਵੀ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਵਾਈ।
ਇਸ ਲੰਮੇ ਅਰਸੇ ਦੌਰਾਨ ਘੱਟੋ-ਘੱਟ ਨੌਂ ਜਾਂਚ ਕਮਿਸ਼ਨ, ਰੁਕ ਰੁਕ ਕੇ ਹੋਈਆਂ ਅਦਾਲਤੀ ਕਾਰਵਾਈਆਂ ਅਤੇ ਹਾਲ ਹੀ ਵਿਚ ਨਿਆਇਕ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਤੇ ਫਿਰ ਅੰਤ ਨੂੰ ਮਰੀਅਲ ਜਿਹਾ ਫੈਸਲਾ ਦੇ ਕੇ 1984 ਦੇ ਸਾਕੇ ਨੂੰ ਸਮੇਟਣ ਦਾ ਪੜੁੱਲ ਬੰਨ੍ਹ ਦਿੱਤਾ ਗਿਆ। ਪੁਲਿਸ ਜਾਂ ਪ੍ਰਸ਼ਾਸਨ ਦੇ ਕਿਸੇ ਸੀਨੀਅਰ ਅਫਸਰ, ਸਿਆਸਤਦਾਨ ਜਾਂ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ। ਕਤਲੇਆਮ ਵਿਚ ਸ਼ਾਮਲ ਬਹੁਤ ਸਾਰੇ ਲੋਕ ਹੁਣ ਤੱਕ ਫੌਤ ਹੋ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਖਿਲਾਫ ਸਿੱਖ ਕਤਲੇਆਮ ਵਿਚ ਨਿਭਾਈ ਭੂਮਿਕਾ ਮੁਤੱਲਕ ਅੰਤਹੀਣ ਪੜਤਾਲੀਆ ਤੇ ਨਿਆਇਕ ਕਾਰਵਾਈਆਂ ਬੰਨੇ ਲਗਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਅਗਸਤ ਮਹੀਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਡਨ ਵਿਚ ਇਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਆਖਿਆ ਸੀ ਕਿ ਉਨ੍ਹਾਂ ਦੀ ਪਾਰਟੀ 1984 ਦੇ ਇਸ ਕਤਲੇਆਮ ਵਿਚ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਸੀ। ਹੋ ਸਕਦਾ ਹੈ, ਕੁਝ ਵਰ੍ਹੇ ਲੰਘਣ ਬਾਅਦ ਕਾਂਗਰਸ ਪਾਰਟੀ ਇਹ ਮੰਨਣ ਤੋਂ ਵੀ ਇਨਕਾਰ ਕਰ ਦੇਵੇ ਕਿ ਇਹ ਕਤਲੇਆਮ ਹੋਇਆ ਵੀ ਸੀ।