ਰੂਹ ਦੀਆਂ ਰਮਜ਼ਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਧਰਮ ਦੀ ਧਾਰਮਕਤਾ ਦੀ ਪੁਣਛਾਣ ਕਰਦਿਆਂ ਕਿਹਾ ਸੀ, “ਧਰਮ ਤਾਂ ਆਸ ਤੇ ਵਿਸ਼ਵਾਸ, ਦੁੱਖ ਤੇ ਸੁੱਖ, ਹੌਂਸਲੇ ਤੇ ਹਾਰੇ ਅਤੇ ਥੱਕਿਆਂ ਤੇ ਹਿੰਮਤੀਆਂ ਦਾ ਵੀ ਹੁੰਦਾ। ਪਰ ਇਸ ਦੀ ਅਰਾਧਨਾ ਅਤੇ ਆਸਥਾ ਦਾ ਫਰਕ ਹੀ ਹੁੰਦਾ, ਜੋ ਧਰਮ ਜਾਂ ਅਧਰਮ ਦਾ ਆਧਾਰ ਬਣਦਾ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਰੂਹ ਦੀਆਂ ਗੱਲਾਂ ਕੀਤੀਆਂ ਹਨ। ਉਹ ਕਹਿੰਦੇ ਹਨ, “ਰੂਹ, ਜਿਸਮ ਦੀ ਕੈਦ ਤੋਂ ਮੁਕਤ, ਸਮਾਜਕ ਬੰਦਨਾਂ ਤੋਂ ਬੇਫਿਕਰੀ, ਰਿਸ਼ਤਿਆਂ ਦੇ ਦੰਭ ਨੂੰ ਅਪਨਾਉਣ ਤੋਂ ਆਕੀ ਅਤੇ ਖੁਦ ਲਈ ਖੁਦ ਦੀ ਬਣਦੀ ਸਾਕੀ।…ਜਿਸਮ ਤਾਂ ਵਿਕਾਊ ਹੋ ਸਕਦਾ ਹੈ, ਰੂਹ ਨਹੀਂ।” ਉਹ ਝੂਰਦੇ ਹਨ, “ਰੂਹ ਦੀ ਕੇਹੀ ਤ੍ਰਾਸਦੀ ਕਿ ਅਜੋਕਾ ਮਨੁੱਖ ਰੂਹ-ਹੀਣ ਰਹਿ ਕੇ, ਜਿਸਮ ਵਿਚ ਭਾਵਨਾਵਾਂ ਦੀ ਕਬਰ ਪੁੱਟਣ ਲਈ ਕਾਹਲਾ। ਬਸਤਰਹੀਣ ਹੋ ਕੇ ਤਾਂ ਜੀਵਿਆ ਜਾ ਸਕਦਾ ਪਰ ਰੂਹ ਤੋਂ ਬਗੈਰ ਜਿਉਣ ਨੂੰ ਕੋਈ ਅਰਥ ਨਹੀਂ ਦਿਤੇ ਜਾ ਸਕਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਰੂਹ, ਮਨ ਦੀ ਪਰਵਾਜ਼, ਮਾਨਸਿਕ ਵੇਗ, ਸੁਹਜ-ਸੰਗੀਤ, ਸੁਖਨ-ਸੰਵੇਦਨਾ, ਸਮਝ-ਸਮਰਪਣ ਅਤੇ ਸੁਗਮ-ਸੰਗੀਤ।
ਰੂਹ, ਖੁਦ ਦਾ ਪ੍ਰਗਟਾਵਾ, ਸੰਵੇਦਨਸ਼ੀਲਤਾ ਦਾ ਪ੍ਰਵਾਹ, ਅਦਿੱਖਤਾ ਵਿਚੋਂ ਅਸੀਮਤਾ ਨੂੰ ਨਿਹਾਰਨ ਦੀ ਅਦਾ ਅਤੇ ਮਨ-ਤਰਲਤਾ ਦਾ ਵਹਾਅ।
ਰੂਹ, ਨੈਣ-ਨਗਮਾ, ਹਰਫਾਂ ‘ਚੋਂ ਫੁੱਟਦੀ ਸੀਰ, ਅਰਥਾਂ ਵਿਚੋਂ ਬੱਦਲੋਟੀਆਂ ਦਾ ਪੈਗਾਮ, ਵਰਕਿਆਂ ‘ਤੇ ਝਨਾਂ ਦੀਆਂ ਲਹਿਰਾਂ ਦੀ ਚੁੱਪ-ਆਵਾਜ਼ ਅਤੇ ਹਰਫ-ਇਬਾਰਤ ਵਿਚੋਂ ਪਨਪਦਾ ਇਬਾਦਤੀ ਰਿਆਜ਼।
ਰੂਹ, ਜ਼ਿੰਦ-ਸਾਜ਼ ਬਣਨ ਦੀ ਤਿਆਰੀ, ਬੇਫਿਕਰੀ ਦੇ ਆਲਮ ਦੀ ਖੁਮਾਰੀ ਅਤੇ ਆਤਮਕ ਰੂਪ ਵਿਚ ਕੁਝ ਚੰਗੇਰਾ ਤੇ ਨਰੋਇਆ ਸਿਰਜਣ ਦੀ ਤਿਆਰੀ।
ਰੂਹ, ਬਿਨ-ਆਵਾਜ਼, ਬਿਨ-ਪੈੜਚਾਲ, ਬਿਨ-ਦੱਸਿਆਂ, ਬਿਨ-ਦਸਤਕ ਦਿਤਿਆਂ ਅਤੇ ਬਿਨ-ਅਗਾਮੀ ਸੂਚਨਾ ਦੇ ਤੁਹਾਡੇ ਦੀਦਿਆਂ ‘ਚ ਉਤਰਦੀ। ਛਮ ਛਮ ਰੋਂਦੀਆਂ ਅੱਖਾਂ, ਕਿਸੇ ਦੀ ਪੀੜਾ ਵਿਚ ਪੀੜ ਹੋ ਜਾਣ ਦਾ ਸੁਖਨ, ਕਿਸੇ ਦੇ ਗਮਾਂ ਨੂੰ ਅੰਤਰੀਵ ਵਿਚ ਰਚਾਉਣ ਦਾ ਮਿੱਠਾ-ਮਿੱਠਾ ਦਰਦ ਅਤੇ ਇਸ ਵਿਚੋਂ ਖੁਦਾਈ ਦੇ ਰਸਤੇ ਦੀ ਭਾਲ।
ਰੂਹ, ਰਮਤੇ ਫਕੀਰਾਂ ਦੀ ਅਦਾ, ਰਮਣੀਕਤਾ ਵਿਚ ਲੀਨ ਹੋਈ ਰੂਹਾਨੀਅਤ, ਰਾਗ-ਰੰਗ ਦੀ ਕਰਤਾਰੀ ਅਦਾ ਅਤੇ ਚਿਣਗ ਦਾ ਮਨ-ਮਸਤਕ ਦੇ ਦਰਾਂ ਨੂੰ ਰੁਸ਼ਨਾਉਣ ਦਾ ਪਾਕ-ਕਰਮ।
ਰੂਹ, ਜਿਸਮ ਦੀ ਕੈਦ ਤੋਂ ਮੁਕਤ, ਸਮਾਜਕ ਬੰਦਨਾਂ ਤੋਂ ਬੇਫਿਕਰੀ, ਰਿਸ਼ਤਿਆਂ ਦੇ ਦੰਭ ਨੂੰ ਅਪਨਾਉਣ ਤੋਂ ਆਕੀ ਅਤੇ ਖੁਦ ਲਈ ਖੁਦ ਦੀ ਬਣਦੀ ਸਾਕੀ।
ਰੂਹ, ਸਮਾਜਕ ਸਰੋਕਾਰਾਂ ਸੰਗ ਲਬਰੇਜ਼ਤਾ, ਸੂਖਮ ਭਾਵਨਾਵਾਂ ਦੀ ਤਸਦੀਕ, ਸੁੱਚੀਆਂ ਸੱਧਰਾਂ ਦੀ ਤਹਿਰੀਕ, ਸੰਦਲੀ ਪਲਾਂ ਦੀ ਤਾਰੀਖ ਅਤੇ ਸਦ-ਭਾਵਨਾ ਨਾਲ ਓਤਪੋਤ, ਯੁੱਗਾਂ ਜਿੱਡੀ ਪ੍ਰੀਤ।
ਰੂਹ, ਸਰੀਰਕ ਬੰਦਨਾਂ ਦੀ ਮੁਥਾਜ਼ੀ ਕਦੇ ਨਾ ਅਪਨਾਵੇ। ਨਾ ਹੀ ਆਪਣੀਆਂ ਰਾਹਾਂ ‘ਚ ਬੇੜੀਆਂ ਉਗਾਵੇ, ਪਰ ਸੁਖਨ-ਸਬੂਰੀ ਦੇ ਗੀਤ ਗਾਵੇ।
ਰੂਹ, ਰਾਂਗਲੀ-ਰਾਜ਼ਦਾਰੀ, ਸਾਹ-ਸਰਦਾਰੀ, ਪੂਰਨ-ਖੁਦਮੁਖਤਾਰੀ ਅਤੇ ਸਮਿਆਂ ਦੀ ਸ਼ਾਹ-ਅਸਵਾਰੀ।
ਰੂਹ ਨੂੰ ਅਪਨਾਉਣ ਤੋਂ ਆਕੀ ਨੇ ਕੁਝ ਕੁ ਲੋਕ, ਜੋ ਰੂਹ-ਵਿਹੜੇ ਵਿਚ ਨੱਚਣ ਤੋਂ ਉਕਤਾਉਂਦੇ ਅਤੇ ਰੂਹ-ਰਾਗਣੀਆਂ ਨੂੰ ਦੁਰਕਾਰਦੇ।
ਰੂਹ ਹੀ ਬਚਦੀ ਏ ਕੋਲ ਜਦ ਕੋਈ ਜ਼ਿੰਦਗੀ ਦੀ ਬਾਜ਼ੀ ਹਾਰਦਾ, ਦੁਸ਼ਵਾਰੀਆਂ ਦੀ ਮਾਰ ਸਹਿੰਦਾ ਜਾਂ ਮਾਇਕ ਤੇ ਸਰੀਰਕ ਤੌਰ ‘ਤੇ ਅਪਾਹਜ ਹੋ ਜਾਣ ਦਾ ਸ਼ਿਕਾਰ ਹੋ ਜਾਂਦਾ ਕਿਉਂਕਿ ਰੂਹ ਨੂੰ ਕੌਣ ਖਰੀਦੇਗਾ?
ਰੂਹ-ਰੂਪੀ ਫੁੱਲ ਪੱਤੀ-ਪੱਤੀ ਹੋ ਜਾਂਦਾ ਜਦ ਕੰਡੇ ਇਸ ਨੂੰ ਝਰੀਟਦੇ, ਕਲੀਆਂ ਦੇ ਸੀਨੇ ਵਿਚ ਖੁਸ਼ਬੂ ਖੁਦਕੁਸ਼ੀ ਕਰ ਲੈਂਦੀ ਅਤੇ ਭੌਰਿਆਂ ਨੂੰ ਖੁਦ ਦੇ ਰੁਦਨ ਵਿਚ ਸਾਹ ਸੰਤੋਖਣੇ ਪੈਂਦੇ।
ਰੂਹ ਨਾਲ ਜਦ ਮੁਹੱਬਤ ਹੋ ਜਾਵੇ ਤਾਂ ਮੁੜ ਕਿਸੇ ਨਾਲ ਵੀ ਪਿਆਰ ਦਾ ਸਬੰਧ ਕਾਇਮ ਨਹੀਂ ਹੁੰਦਾ ਕਿਉਂਕਿ ਰੂਹਾਂ ਦੇ ਸੌਦੇ ਤਾਂ ਇਕ ਵਾਰ ਹੀ ਹੋ ਸਕਦੇ। ਰੂਹ ਦਾ ਰੂਹ ‘ਚ ਉਤਰ ਜਾਣਾ, ਰੂਹ ‘ਚੋਂ ਰੂਹ ਦੇ ਦੀਦਾਰੇ ਅਤੇ ਰੂਹ ਨੂੰ ਰੂਹ-ਰਵਾਂ ਬਣਾਉਣ ਪਿਛੋਂ ਤਾਂ ਬਚਦਾ ਹੀ ਕੀ ਏ?
ਰੂਹ ਦੀਆਂ ਰਮਜ਼ਾਂ, ਸਮਝੇ ਕੋਈ। ਰੂਹ ਦੇ ਹਾਣ ਦੀ ਰੂਹ ਜਦ ਹੋਈ, ਤਾਂ ਰੂਹ ਦੀ ਪਰਵਾਜ਼ ਅੰਬਰਾਂ ਜੇਡੀ ਹੋਈ। ਤਾਰਿਆਂ ਦੀ ਬਗਲੀ ਮੋਢੇ ਪਾ ਕੇ, ਚਾਨਣ ਦੀ ਤੰਦ ਛੋਹੀ। ਫਿਜ਼ਾ ਨੂੰ ਰੁਮਕਣ ਦਾ ਵਲ ਸਿਖਾਵੇ, ਪੌਣ-ਕੰਧਾੜੀ ‘ਤੇ ਚੜ੍ਹ ਰਾਗ-ਰਤਨ ਗਾਵੇ ਅਤੇ ਸਮਿਆਂ ਦੀ ਵਹਿੰਗੀ ‘ਚ ਜਿਉਣ-ਜਾਚ ਟਿਕਾਵੇ।
ਰੂਹ ਜਦ ਕਵੀ ਦਾ ਦਰ ਖੜਕਾਵੇ ਤਾਂ ਕਾਵਿਕਤਾ ਵਿਚ ਸੰਵੇਦਨਾ ਧਰ ਜਾਵੇ। ਰੂਹ ਜਦ ਕਿਸੇ ਕਲਾਕਾਰ ਦੀ ਕਲਮ ਛੋਹ ਜਾਵੇ ਤਾਂ ਕੈਨਵਸ ‘ਤੇ ਮਾਰੀਆਂ ਬੁਰਸ਼-ਛੋਹਾਂ ਨੂੰ ਜਿਉਂਦਾ ਕਰ ਜਾਵੇ। ਰੂਹ ਦੀ ਬੰਦਨਾ ਜਦ ਕਰਮਯੋਗੀ ਦੇ ਬੋਲਾਂ ਨੂੰ ਘਰ ਬਣਾਵੇ ਤਾਂ ਉਸ ਦੀ ਸੱਦ ਵਿਹੜਿਆਂ ਵਿਚ ਬਾਣੀ ਦਾ ਨਾਦ ਬਣ ਜਾਵੇ। ਰੂਹ ਜਦ ਕਿਸੇ ਵਿਅਕਤੀ ਦੀ ਕਰਮ-ਜਾਚਨਾ ਨੂੰ ਅਪਨਾਵੇ ਤਾਂ ਉਹ ਇਨਸਾਨੀਅਤ ਦੀ ਉਂਗਲੀ ਲੱਗ ਜਾਵੇ। ਰੂਹ ਜਦ ਕਿਸੇ ਰਿਸ਼ਤੇ ਦੀ ਆਤਮਾ ਦਾ ਰੂਪ ਵਟਾਵੇ ਤਾਂ ਉਸ ਦੇ ਪਿੰਡੇ ‘ਤੇ ਪਾਕੀਜ਼ਗੀ ਅਤੇ ਪਕਿਆਈ ਦੀਆਂ ਬੂਟੀਆਂ ਪਾਵੇ। ਰੂਹ ਜਦ ਕਿਸੇ ਕਿਰਤ ਦੀਆਂ ਰਗਾਂ ਵਿਚ ਰਮਾਵੇ ਤਾਂ ਕਿਰਤ ਦੀ ਸੁੱਚਮ ਤੇ ਸਾਰਥਕਤਾ, ਸਮਿਆਂ ਦਾ ਸੁਲੱਗ ਭਾਗ ਬਣ ਜਾਵੇ। ਰੂਹ ਜਦ ਹਰਫਾਂ ਦਾ ਰੰਗ ਲਗਾਵੇ ਤਾਂ ਉਨ੍ਹਾਂ ਦੀ ਦੂਰ-ਰਸ ਅਤੇ ਰੰਗਰੇਜ਼ਤਾ ਵਿਚੋਂ ਅਰਥਾਂ ਦੀਆਂ ਕਣੀਆਂ ਦੀ ਸਿੱਲ ਆਵੇ। ਰੂਹ ਜਦ ਪੋਟਿਆਂ ਨੂੰ ਛੁਹਾਵੇ ਤਾਂ ਇਸ ਦੀ ਤਰੰਗ-ਤਾਜ਼ਗੀ ਮਰਨਹਾਰੀ ਰੂਹ ਨੂੰ ਜਿਉਣ ਦਾ ਸਲੀਕਾ ਦੱਸ ਜਾਵੇ।
“ਰੂਹ ਲੈ ਗਿਆ ਦਿਲਾਂ ਦਾ ਜਾਨੀ ਕਿ ਹੱਡ ਸਾਨੂੰ ਚੱਕਣਾ ਪਿਆ” ਦੀ ਹੂਕ ਜਦ ਗੂੰਜਦੀ ਤਾਂ ਮਨ ਦੀ ਪਤਿੱਖਣੇ ਲੱਗਦਾ ਖਾਰੇਪਣ ਦਾ ਡੇਰਾ। ਦਿਲਜਾਨੀ ਦੇ ਰਾਹਾਂ ਵਿਚ ਵਿਛਾਈਆਂ ਅੱਖਾਂ ਵੀ ਅੱਥਰੂਆਂ ਤੋਂ ਸੱਖਣੀਆਂ ਹੋ ਜਾਂਦੀਆਂ। ਭਲਾ! ਕੀਹਦੇ ਆਸਰੇ ਰੂਹ ਮੁੜ ਸਜੀਵ ਹੋਵੇ?
ਰੂਹ, ਸਦਾ ਚਿਰੰਜੀਵ। ਹਰ ਪਲ ਅਤੇ ਪਹਿਰ ਇਸ ਦੀ ਹੋਂਦ ਦਾ ਅਹਿਸਾਸ ਬੰਦੇ ਨੂੰ ਮਰਨ ਨਹੀਂ ਦਿੰਦਾ। ਜਿਸਮ ਮਰ ਜਾਂਦੇ ਪਰ ਰੂਹ ਸਦਾ ਜਿਉਂਦੀ ਰਹਿੰਦੀ।
ਰੂਹ ਦੀ ਕੇਹੀ ਤ੍ਰਾਸਦੀ ਕਿ ਅਜੋਕਾ ਮਨੁੱਖ ਰੂਹ-ਹੀਣ ਰਹਿ ਕੇ, ਜਿਸਮ ਵਿਚ ਭਾਵਨਾਵਾਂ ਦੀ ਕਬਰ ਪੁੱਟਣ ਲਈ ਕਾਹਲਾ। ਬਸਤਰਹੀਣ ਹੋ ਕੇ ਤਾਂ ਜੀਵਿਆ ਜਾ ਸਕਦਾ ਪਰ ਰੂਹ ਤੋਂ ਬਗੈਰ ਜਿਉਣ ਨੂੰ ਕੋਈ ਅਰਥ ਨਹੀਂ ਦਿਤੇ ਜਾ ਸਕਦੇ।
ਰੂਹਾਂ ਵਾਲੇ ਲੋਕ ਦੁਰਲੱਭ ਜੀਵ, ਭਾਲਿਆਂ ਨਹੀਂ ਥਿਆਉਂਦੇ। ਅਜਿਹੇ ਲੋਕਾਂ ਦੇ ਬੋਲ, ਬੋਲੇ ਕੰਨ ਸੁਣਨ ਤੋਂ ਨਾਬਰ। ਸਮਿਆਂ ਦੀ ਕੇਹੀ ਤ੍ਰਾਸਦੀ ਕਿ ਅੱਜ ਕੱਲ ਰੂਹਾਂ ਦੀ ਕਬਰ-ਬੋਲੀ ਲੱਗਦੀ ਅਤੇ ਲੋਕ ਰੋਬੋਟ ਬਣ ਕੇ ਜਿਉਣ ਨੂੰ ਤਰਜ਼ੀਹ ਦਿੰਦੇ।
ਰੂਹ-ਹੀਣਤਾ ਦਾ ਇਹ ਕੇਹਾ ਕੋਝਾ ਰੂਪ ਕਿ ਰਿਸ਼ਤਿਆਂ ਦਾ ਰੰਗ ਪਲਿੱਤਣਾਂ ਵਿਚ ਡੁੱਬ ਗਿਆ ਏ, ਸਬੰਧਾਂ ਵਿਚਲੀ ਖੋਟ ਨੇ ਇਹਨੂੰ ਦਾਗੀ ਕਰ ਦਿਤਾ ਏ ਅਤੇ ਮੋਹ ਨੂੰ ਮਾਇਆ ਦੇ ਤਰਾਜੂ ਵਿਚ ਤੋਲ ਕੇ ਪਰਖਿਆ ਜਾਂਦਾ। ਜਦ ਜਿਸਮ, ਰੋਟੀ ਦੀ ਮੁਥਾਜੀ ਲਈ ਵਿਕਾਊ ਹੋ ਜਾਣ, ਚੁੰਨੀਆਂ ਦੀ ਚੁਰੱਸਤੇ ਵਿਚ ਨਿਲਾਮੀ ਹੋਵੇ, ਰੰਗਲੇ ਚੂੜਿਆਂ ਨੂੰ ਤਿੜਕਣ ਦੀ ਸਜ਼ਾ ਮਿਲੇ ਅਤੇ ਮਹਿੰਦੀ ਦਾ ਉਦਾਸ ਰੰਗ ਸਮਿਆਂ ਨੂੰ ਸ਼ਰਮਸ਼ਾਰ ਕਰਦਾ ਹੋਵੇ ਤਾਂ ਰੂਹ ਦੀ ਨਿਸ਼ਾਨਦੇਹੀ ਕਿੰਜ, ਕਿਵੇਂ ਅਤੇ ਕਿਥੋਂ ਕਰੋਗੇ? ਫਿਰ ਖੁਦ ਹੀ ਚੂਲੀ ਭਰ ਪਾਣੀ ‘ਚ ਡੁੱਬ ਮਰੋਗੇ। ਰੂਹ ਤੋਂ ਬਗੈਰ ਮਰਨ ‘ਤੇ ਕਿਸੇ ਨੇ ਨਹੀਂ ਪਾਉਣੇ ਵੈਣ ਅਤੇ ਕਿਹੜੇ ਵਿਸ਼ੇਸ਼ਣਾਂ ਨਾਲ ਤੁਰ ਗਿਆਂ ਨੂੰ ਯਾਦ ਕੀਤਾ ਜਾਵੇਗਾ?
ਰੂਹਾਂ ਦਾ ਹੁੰਦਾ ਰੂਹਾਂ ਨਾਲ ਮੇਲ, ਜੋ ਹੁੰਦਾ ਕਿਸਮਤ ਦਾ ਖੇਲ। ਜੀਵਨ ਦੇ ਸੋਕੇ ‘ਤੇ ਪੈਂਦੀ ਤ੍ਰੇਲ ਅਤੇ ਅੰਬਰ ਦਾ ਧਰਤੀ ਨਾਲ ਹੁੰਦਾ ਸੁਮੇਲ। ਜ਼ਿੰਦਗੀ ਦੀ ਬੀਹੀ ਵਿਚ ਖੁਸ਼ੀਆਂ ਦੇ ਮੇਲੇ ਅਤੇ ਚਾਵਾਂ ਦੀ ਨਗਰੀ ‘ਚ ਸਾਹ-ਸੁਹੇਲੇ।
ਰੂਹ ਵਾਲੇ ਕਦੇ ਨਹੀਂ ਵਿਕਦੇ। ਸਿਰਫ ਜਿਸਮਾਂ ਦੀ ਬੋਲੀ ਲੱਗਦੀ। ਰੂਹਾਂ ਵਾਲੇ ਰੂਹ ਦਾ ਸੌਦਾ ਕਦੇ ਨਹੀਂ ਕਰਦੇ, ਨਾ ਹੀ ਉਹ ਪਲ ਪਲ ਰੂਹ ਵਟਾਉਣ ਦੇ ਆਦੀ ਕਿਉਂਕਿ ਉਹ ਜਾਣਦੇ ਨੇ ਕਿ ਇਸ ਨਾਲ ਹੁੰਦੀ ਸਮੁੱਚ ਦੀ ਬਰਬਾਦੀ।
ਰੂਹਾਂ ਦਾ ਸੰਗ, ਜੀਵਨ ਦਾ ਸੰਦਲੀ ਪਹਿਰ। ਰੂਹ-ਰਾਗਣੀ, ਤਿੱਖੜ ਦੁਪਹਿਰ। ਰੂਹ-ਲਬਰੇਜ਼ਤਾ, ਢਲਦੀ ਦੁਪਹਿਰ। ਰੂਹਾਂ ਦਾ ਵਿਛੋੜਾ, ਉਤਰੀ ਗਹਿਰ। ਰੂਹਾਂ ਦਾ ਤੁਰ ਜਾਣਾ, ਜੀਵਨ-ਹਨੇਰ।
ਰੂਹਾਂ ਵਾਲੇ ਰੂਹਾਂ ਵਾਲਿਆਂ ਲਈ ਪਿਆਰੇ। ਉਨ੍ਹਾਂ ਦੇ ਬੋਲ, ਸ਼ਹਿਦੀ ਛੁਹਾਰੇ। ਉਨ੍ਹਾਂ ਦੀ ਮੁਸਕਣੀ, ਅਦਲੀ ਨਜ਼ਾਰੇ। ਉਨ੍ਹਾਂ ਦੀ ਤੱਕਣੀ, ਅਕਾਸ਼ੀ ਹੁਲਾਰੇ। ਉਨ੍ਹਾਂ ਦੇ ਹਰਫ, ਭਾਂਵੀਂ ਦੁਲਾਰੇ। ਉਨ੍ਹਾਂ ਦੀ ਜੀਵਨ-ਇਬਾਦਤ, ਟਿਮਟਿਮਾਉਂਦੇ ਤਾਰੇ। ਉਨ੍ਹਾਂ ਦੇ ਅੰਬਰ ‘ਚ ਤਾਰੇ ਹੀ ਤਾਰੇ। ਹਰ ਰਾਹ ਤੇ ਪੈੜ ‘ਚ ਚਾਨਣ-ਲਿਸ਼ਕਾਰੇ।
ਰੂਹ ਨਾਲ ਜਿਉਣਾ, ਵਿਰਲਿਆਂ ਦਾ ਨਸੀਬ। ਰੂਹਾਂ ਵਾਲੇ ਕਦੇ ਨਹੀਂ ਹੁੰਦੇ ਗਰੀਬ। ਹੁੰਦੇ ਨੇ ਮਾਨਵਤਾ ਦੇ ਸਭ ਤੋਂ ਕਰੀਬ। ਉਨ੍ਹਾਂ ਦਾ ਨਹੀਂ ਕੋਈ ਰਕੀਬ ਅਤੇ ਹੁੰਦੇ ਨੇ ਹਰਦਿਲ ਅਜ਼ੀਜ਼।
ਰੂਹ ਦੇ ਨੈਣਾਂ ਵਿਚ ਅੱਥਰੂ ਜੰਮ ਜਾਂਦੇ, ਸਿਸਕੀਆਂ ਵਿਚ ਸਾਹ ਔਂਤਰ ਜਾਂਦੇ ਅਤੇ ਸਾਜ਼-ਤਾਰ ‘ਚ ਕੰਬਣੀ ਛਿੜਦੀ ਜਦ ਕੁਝ ਅਜਿਹਾ ਅਣਕਿਆਸਿਆ, ਅਣਚਾਹਿਆ ਅਤੇ ਅਣਬਿਆਨਿਆ ਵਾਪਰਦਾ, ਜੋ ਕਿਸੇ ਗਰੀਬ, ਮਜ਼ਲੂਮ ਜਾਂ ਨਿਹੱਥੇ ਲਈ ਹੰਝੂਆਂ ਦਾ ਸੈਲਾਬ ਸਿਰਜ ਜਾਂਦਾ। ਇਹ ਰੂਹਾਂ ਵਾਲੇ ਹੀ ਨੇ, ਜੋ ਭੁੱਖਿਆਂ ਲਈ ਲੰਗਰ ਲਾਉਂਦੇ, ਲੋੜਵੰਦਾਂ ਲਈ ਹਰ ਸਾਧਨ ਪੈਦਾ ਕਰਦੇ ਅਤੇ ਆਪਣੀਆਂ ਲੋੜਾਂ ਨੂੰ ਘਟਾ ਕੇ ਕਿਸੇ ਦੀ ਕੁੱਲੀ, ਗੁੱਲੀ ਜਾਂ ਜੁੱਲੀ ਦੀ ਲੋੜ-ਪੂਰਤੀ ਲਈ ਹੰਭਲਾ ਮਾਰਦੇ।
ਰੂਹ ਦਾ ਰੰਗੇ ਜਾਣਾ, ਵਿਰਲਿਆਂ ਦਾ ਭਾਗ। ਰੂਹ ਦੀ ਜ਼ਰਖੇਜ਼ਤਾ ‘ਚ ਸੁੱਚੇ ਵਿਚਾਰਾਂ ਦੀ ਖੇਤੀ ਕਰਨੀ, ਕਰਮੀਆਂ ਦਾ ਕਿੱਤਾ। ਰੂਹ ਦੇ ਖੂਹ ‘ਚੋਂ ਪਿਆਸੇ ਹੋਠੀਂ ਘੁੱਟ ਕੁ ਲਾਉਣਾ, ਪੁੰਨ ਦਾ ਕਾਰਜ। ਰੂਹ ਦੀ ਨਗਰੀ ‘ਚ ਦਸਤਕ ਦੇਣ ਵਾਲਿਆਂ ਦਾ ਸੁਆਗਤ ਕਰਨਾ ਤੇ ਉਨ੍ਹਾਂ ਲਈ ਦਿਲ ਦਾ ਪੀਹੜਾ ਡਾਹੁਣਾ, ਨੇਕ ਕਰਮੀਆਂ ਦੀ ਸੁੱਚੀ ਅਰਾਧਨਾ।
ਰੂਹ ਮਰਦੀ ਤਾਂ ਜ਼ਮੀਰ ਮਰਦੀ ਅਤੇ ਜ਼ਮੀਰ ਮਰਨ ਨਾਲ ਬੰਦਾ ਮਰ ਜਾਂਦਾ। ਅੱਜ ਕੱਲ ਤਾਂ ਮਰੇ ਹੋਏ ਅਜਿਹੇ ਵਿਅਕਤੀਆਂ ਦਾ ਹੀ ਯੁੱਗ ਏ।
ਰੂਹ ਦੀ ਆਵਾਜ਼ ਸੁਣ ਕੇ ਆਪਣੇ ਸੋਚ-ਧਰਾਤਲ ਨੂੰ ਵਿਉਂਤਣ ਅਤੇ ਕਰਮ ਸ਼ੈਲੀ ਨੂੰ ਸੇਧ ਦੇਣ ਵਾਲੇ ਹੀ ਕੁਦਰਤ ਦੇ ਸਭ ਤੋਂ ਲਾਡਲੇ ਬੱਚੇ। ਅਜਿਹੇ ਵਿਅਕਤੀਆਂ ਦੀ ਕੀਰਤੀ ਲਈ ਕੁਦਰਤ ਸਦਾ ਰਿਣੀ। ਇਹ ਰਿਣ ਲਾਹੁੰਦਿਆਂ ਹੀ ਜਦ ਜ਼ਿੰਦਗੀ ਦਾ ਆਖਰੀ ਪਹਿਰ ਆਉਂਦਾ ਤਾਂ ਉਹ ਸਮਿਆਂ ਦੇ ਸਦਕੇ ਜਾਂਦੇ।
ਰੂਹ, ਪਾਕ ਤੇ ਪਾਕੀਜ਼, ਸੁਹਜ ਤੇ ਸਹਿਜ, ਸੁੰਦਰ ਤੇ ਸਪੱਸ਼ਟ ਅਤੇ ਸਮਰੂਪ ਤੇ ਸਮਸੋਚ ਵਾਲੇ ਗੁਣਾਂ ਦੀ ਰਹਿਬਰੀ ਕਰੇ ਤਾਂ ਰੂਹ, ਰੂਹ ਹੋਣ ਦਾ ਫਰਜ਼ ਨਿਭਾਵੇ। ਨਹੀਂ ਤਾਂ ਰੂਹ ਅਖਵਾਉਣ ਤੋਂ ਹੀ ਤੋਬਾ ਕਰ ਜਾਵੇ। ਅੱਜ ਕਲ ਦਾਗੀ ਅਤੇ ਗਲੀਜ਼ ਰੂਹਾਂ ਵਾਲੇ ਲੋਕਾਂ ਨੂੰ ਮਨੁੱਖ ਕਹਿਣ ਲੱਗਿਆਂ ਵੀ ਘ੍ਰਿਣਾ ਦਾ ਅਹਿਸਾਸ ਪੈਦਾ ਹੁੰਦਾ। ਕਮੀਨੇ, ਕੁਕਰਮੀ ਅਤੇ ਕਮਦਿਲਿਆਂ ਲਈ ਰੂਹ ਦੀ ਕੋਈ ਹੋਂਦ ਨਹੀਂ।
ਰੂਹ ਵਾਲੇ ਕਦੇ ਕੰਗਾਲ ਨਹੀਂ ਹੁੰਦੇ। ਅਜਿਹੇ ਲੋਕਾਂ ਦੀ ਅਮੀਰੀ ਸੋਚ, ਕਰਮ ਅਤੇ ਕੀਰਤੀ ਰਾਹੀਂ ਪ੍ਰਗਟ ਹੁੰਦੀ ਜੋ ਸਮਿਆਂ ਦਾ ਸੁੱਚਾ ਮੁਹਾਂਦਰਾ ਬਣਦੀ।
ਰੂਹਾਂ ਵਾਲਿਆਂ ਦੇ ਹੋਠਾਂ ‘ਤੇ ਮੋਹ-ਮੁਹਾਰਨੀ, ਸਿਰ ‘ਤੇ ਚਾਅ-ਚੰਦੋਆ, ਮੁੱਖ ‘ਤੇ ਮੁਸਕਰਾਹਟ-ਮਹਿੰਦੀ, ਪੋਟਿਆਂ ‘ਚ ਮਿਕਨਾਤੀਸੀ ਛੋਹ ਦਾ ਅਹਿਸਾਸ। ਉਨ੍ਹਾਂ ਦੇ ਦੀਦਿਆਂ ਦੇ ਦਰਪਣ ‘ਚ ਕੁਝ ਵੀ ਅਛੋਪਲਾ ਜਾਂ ਲੁਕਿਆ ਨਹੀਂ ਰਹਿੰਦਾ। ਰੂਹ-ਹੀਣਾਂ ਤੋਂ ਤੁਸੀਂ ਖੁਦ ਨੂੰ ਕਿਵੇਂ ਬਚਾਵੋਗੇ ਅਤੇ ਆਪਣੀ ਹੋਂਦ ਦਾ ਕਿਹੜਾ ਪਰਚਮ ਸਮਾਜਕ ਦਾਇਰਿਆਂ ਵਿਚ ਲਹਿਰਾਉਗੇ?
ਰੂਹ ਦਾ ਚੀਰ-ਹਰਨ, ਸਭ ਤੋਂ ਵੱਡਾ ਪਾਪ। ਇਹ ਕੇਹਾ ਦੌਰ ਕਿ ਕਈ ਵਾਰ ਮਨੁੱਖ ਨੂੰ ਮਨੁੱਖ ਕਹਿੰਦਿਆਂ ਵੀ ਸਿਰ ਸ਼ਰਮ ਨਾਲ ਝੁੱਕ ਜਾਂਦਾ। ਬੰਦੇ ਨੂੰ ਜਿਸਮਾਨੀ ਤੌਰ ‘ਤੇ ਮਾਰਨਾ, ਸਭ ਤੋਂ ਅਸਾਨ। ਪਰ ਜਦ ਤੁਸੀਂ ਕਿਸੇ ਰੂਹ ਨੂੰ ਸੂਲੀ ‘ਤੇ ਲਟਕਾਉਂਦੇ ਹੋ, ਹਾਅ-ਹੂਕਾਂ ਵਿਚੋਂ ਖੁਸ਼ੀਆਂ ਨੂੰ ਕਿਆਸਦੇ ਹੋ ਪਰ ਖੁਦ ਦੀ ਰੂਹ ਦੇ ਖਾਲੀਪਣ ਦਾ ਪੂਰਨ ਹੋਣਾ ਲੋਚਦੇ ਹੋ ਤਾਂ ਤੁਸੀਂ ਬਹੁਤ ਵੱਡੀ ਗਲਤ-ਫਹਿਮੀ ਵਿਚ ਹੋ। ਯਾਦ ਰਹੇ! ਰੂਹ ਦੀ ਮੌਤ ਨੂੰ ਕਿਆਸਣਾ, ਮਾਨਸਿਕ ਦੀਵਾਲੀਆਪਣ ਅਤੇ ਇਸ ਤੋਂ ਬਚਣਾ, ਸਭ ਤੋਂ ਵੱਡੀ ਪਹਿਲਕਦਮੀ।
ਰੂਹ ਜਦ ਬੋਲ-ਬਾਣੀ ਵਿਚੋਂ ਬੋਲਦੀ, ਕਲਾ-ਕਿਰਤ ਵਿਚੋਂ ਹੁੰਗਾਰੇ ਭਰਦੀ ਜਾਂ ਕਿਸੇ ਕਲਮ ‘ਤੇ ਮੌਲਦੀ ਤਾਂ ਸਮਿਆਂ ਦੀ ਸੁੱਚਮਤਾ ਪਲੀਤ ਪੌਣਾਂ ਅਤੇ ਪਹਿਰਾਂ ਨੂੰ ਮਣਸੀ ਜਾਂਦੀ।
ਰੂਹ ਦੀਆਂ ਬਾਤਾਂ ਪਾਈਏ ਸੱਜਣਾ, ਬਣੀਏ ਹਾਕ-ਹੁੰਗਾਰਾ। ਰੂਹ ਦੀ ਗਜ਼ਾ ਕਰੇਂਦੇ-ਕਰੇਂਦੇ, ਮੱਲੀਏ ਰੂਹ-ਦੁਆਰਾ। ਰੂਹਾਂ ਦੇ ਉਜੜੇ ਖੂਹਾਂ ਤੋਂ, ਰਲ ਕੇ ਕੱਢੀਏ ਗਾਰਾ। ਤਾਂ ਕਿ ਇਸ ਦੀ ਮਲੀਨਤਾ ਮਿੱਟ’ਜੇ, ਉਗਮੇ ਨਿਰਮਲ-ਧਾਰਾ। ਰੂਹ ਦੇ ਸੁੱਕੇ ਬਾਗੀਂ ਜਾ ਕੇ, ਨੈਣੋਂ ਨੀਰ ਵਹਾਈਏ। ਇਸ ਦੇ ਹਰ ਬਿਰਖ ਦੀ ਝੋਲੀ, ਬਹਾਰ ਦਾ ਨਿਉਂਦਾ ਪਾਈਏ। ਰੂਹ ਦੇ ਖੰਡਰੀਂ ਚੱਲ ਕੇ ਦੇਖੀਏ, ਕੀ ਵਰਤਿਆ ਭਾਣਾ। ਕਿਉਂ ਪੱਥਰਾਂ ਵਿਚ ਪੱਥਰ ਹੋ ਕੇ, ਬੰਦੇ ਨੇ ਮਰ ਜਾਣਾ। ਰੂਹ ਦੀ ਲੋਈ ਤਨ ਹੰਢਾਈਏ, ਰੂਹ ਦਾ ਪਾਈਏ ਬਾਣਾ। ਫਿਰ ਦੇਖੀਂ ਕਿੰਜ ਰੂਹ-ਹੀਣਾਂ ਨੇ, ਰੂਹ-ਰਾਜ਼ ਬਣ ਜਾਣਾ। ਰੂਹ ਦੇ ਪੀਲੇ ਰੰਗ ਉਤਾਰ ਕੇ, ਸੰਦਲੀ ਦੇਈਏ ਭਾਅ। ਤਾਂ ਕਿ ਮਨ-ਚਮਨ ਵਿਚ ਚਹਿਕੇ, ਅਜ਼ਲੀ ਜ਼ਿੰਦ-ਅਦਾ। ਰੂਹ ਦੇ ਚੌਂਕੇ ਵਿਚ ਛਿੜਕਾਈਏ, ਸੁੱਚੇ ਜਲ ਦਾ ਪਾਣੀ। ਤਾਂ ਕਿ ਕਦੇ ਨਾ ਹੰਝੂ ਬਣ ਜੇ, ਘਰ ਦੀ ਧੀ-ਧਿਆਣੀ। ਰੂਹ-ਪਲੰਘ ‘ਤੇ ਰਲ ਵਿਛਾਈਏ, ਮਾਂ ਦੀ ਕੱਢੀ ਫੁੱਲਕਾਰੀ। ਤਾਂ ਕਿ ਘਰ ਨੂੰ ਮੱਤਾਂ ਦੇਣੀ, ਕਦੇ ਨਾ ਰਹੇ ਦੁਰਕਾਰੀ। ਰੂਹ-ਰੱਜ ਨੂੰ ਮਾਣਨ ਦੀ, ਜੇ ਆ ਜੇ ਸਾਨੂੰ ਜਾਚ। ਤਾਂ ਜੀਵਨ ਦੇ ਦਿੱਸਹੱਦੇ ‘ਤੇ, ਸੁਣੂ ਸੁਹੰਢਣੀ ਚਾਪ।
ਜਦ ਰੂਹ ‘ਚ ਰੂਹ ਉਤਰਦੀ ਤਾਂ ਉਸ ਵੇਲੇ ਪੀੜ-ਸੰਵਾਦ ਨਾਲ, ਖੁਦ ਦੇ ਦਰਦ ਨੂੰ ਵੀ ਦਰਦ ਹੋਣਾ ਲਾਜ਼ਮੀ ਹੁੰਦਾ। ਅਜਿਹੇ ਦਰਦ ਨੂੰ ਜ਼ੀਰਨਾ ਕਈ ਵਾਰ ਰੂਹ ਦੇ ਵੱਸ ਨਹੀਂ ਹੁੰਦਾ।
ਰੂਹ-ਹੀਣ ਚਿਹਰਿਆਂ ਵਿਚੋਂ ਤੁਸੀਂ ਕਿਹੜੇ ਨਕਸ਼ ਪਛਾਣੋਗੇ? ਕਿਹੜੀ ਤਸਵੀਰ ਨੂੰ ਚਿਤਰੋਗੇ? ਕਿਹੜੇ ਬਿੰਬ ਨੂੰ ਪਛਾਣ ਦਾ ਨਾਂ ਦਿਓਗੇ, ਕਿਉਂਕਿ ਰੂਹ ਤੋਂ ਬਗੈਰ ਤਾਂ ਕੋਈ ਚਿਹਰਾ ਹੀ ਨਹੀਂ ਹੁੰਦਾ।
ਰੂਹ ਦਾ ਰਿਸ਼ਤਾ, ਬੋਲਾਂ ਤੇ ਹਰਫਾਂ ਦਾ ਮੁਥਾਜ਼ ਨਹੀਂ ਹੁੰਦਾ। ਉਹ ਤਾਂ ਫਿਜ਼ਾ ਵਿਚ ਖਿੰਡਰੀ ਮਹਿਕ, ਜੋ ਸਾਹਾਂ ਲਈ ਸੁਗੰਧ-ਸੰਧਾਰਾ। ਇਸ ਰਿਸ਼ਤੇ ਦਾ ਕੋਈ ਨਾਮਕਰਨ ਨਹੀਂ ਹੁੰਦਾ ਅਤੇ ਨਾ ਹੀ ਇਸ ਦੀ ਬੇਲਾਗਤਾ ਨੂੰ ਮਾਪਿਆ ਜਾ ਸਕਦਾ।
ਰੂਹ ਨਾਲ ਪਿਆਰ ਕਰਨ ਵਾਲੇ ਜਿਸਮੀ ਲੋੜਾਂ ਦੀ ਮੁਥਾਜੀ ਵਿਚੋਂ ਹੀ ਜੀਵਨ ਨੂੰ ਪਰਿਭਾਸ਼ਤ ਨਹੀਂ ਕਰਦੇ। ਜਿਸਮ ਤਾਂ ਮੰਡੀਆਂ ‘ਚ ਵੀ ਵਿਕਦੇ ਨੇ ਜਦ ਕਿ ਰੂਹਾਂ ਦੀ ਕਦੇ ਬੋਲੀ ਨਹੀਂ ਲੱਗਦੀ।
ਰੂਹ ਵਿਚ ਰਮ ਜਾਣ ਵਾਲੇ ਕਦੇ ਨਹੀਂ ਭੁੱਲਦੇ, ਕਦੇ ਦੂਰ ਨਹੀਂ ਹੁੰਦੇ ਅਤੇ ਨਾ ਹੀ ਚੇਤਿਆਂ ਦੀ ਚੰਗੇਰ ਨੂੰ ਖਾਲੀਪਣ ਦਾ ਅਹਿਸਾਸ ਹੋਣ ਦਿੰਦੇ। ਉਹ ਤਾਂ ਹਰ ਪਲ ਜੀਵਨ-ਲੰਗਾਰ ਸਿਉਂਦੇ, ਜਿਉਣ ਦਾ ਅਦਬ ਸਿਖਾਉਂਦੇ।
ਰੂਹ ‘ਤੇ ਲੱਗੇ ਜਖਮ, ਚਸਕਦਾ ਤੇ ਰਿਸਦਾ ਫੋੜਾ। ਨਾਸੂਰ ਬਣਿਆ ਦਰਦ ਜਿਸ ਦੀ ਕੋਈ ਨਹੀਂ ਦਵਾ ਅਤੇ ਅਉਧ ਉਮਰਾਂ ਤੋਂ ਵਡੇਰੀ। ਜਿਸਮਾਂ ਦੇ ਜਖਮ ਤਾਂ ਭਲੇ ਹੀ ਭਰ ਜਾਂਦੇ ਅਤੇ ਕਈ ਵਾਰ ਦਾਗ ਵੀ ਨਹੀਂ ਰਹਿੰਦੇ, ਪਰ ਰੂਹ ਦੇ ਜਖਮ ਕਦੇ ਨਹੀਂ ਭਰਦੇ।
ਰੂਹ ਦੀਆਂ ਬਾਤਾਂ, ਰੂਹਾਂ ਵਾਲੇ ਜਾਣਨ। ਉਹ ਹੀ ਹੁੰਗਾਰਾ ਭਰਦੇ, ਜੀਵਨ ਨੂੰ ਸਾਰਥਕ ਕਰਦੇ ਅਤੇ ਰੂਹ-ਬਨੇਰਿਆਂ ‘ਤੇ ਜਗਦੇ ਚਿਰਾਗ ਧਰਦੇ।
ਰੂਹ ਨਾਲ ਸਮਝਣ ਤੇ ਸਮਝਾਉਣ, ਪੜ੍ਹਨ ਤੇ ਪੜ੍ਹਾਉਣ, ਲਿਖਣ ਤੇ ਲਿਖਾਉਣ, ਖੇਡਣ ਤੇ ਖਿਡਾਉਣ, ਮੰਨਣ ਤੇ ਮਨਾਉਣ, ਹੱਸਣ ਤੇ ਹਸਾਉਣ ਅਤੇ ਜੀਣ ਤੇ ਜੀਵਾਣ ਵਾਲਿਆਂ ਦੀ ਨਸਲਕੁਸ਼ੀ ਹੀ ਹੋ ਗਈ। ਕੌਣ ਨੇ ਇਸ ਲਈ ਕਸੂਰਵਾਰ? ਕਿਵੇਂ ਰੂਹ ਦੇ ਬੀਜ-ਨਾਸ਼ ਨੂੰ ਰੂਹ-ਜਰਖੇਜ਼ਤਾ ‘ਚ ਤਬਦੀਲ ਕੀਤਾ ਜਾ ਸਕਦਾ? ਇਹ ਸਮਿਆਂ ਦਾ ਸਭ ਤੋਂ ਵੱਡਾ ਸਵਾਲ। ਸੂਖਮਤਾ, ਸਹਿਜ ਅਤੇ ਸੰਵੇਦਨਾ ਮਰ ਜਾਵੇ ਤਾਂ ਰੂਹ ਦਾ ਮਰਨਾ ਨਿਸ਼ਚਿਤ। ਇਸ ਲਈ ਖੁਦ ਨੂੰ ਬਦਲਣਾ ਪਵੇਗਾ ਅਤੇ ਇਸ ਬਦਲਾਅ ਦੀ ਸ਼ੁਰੂਆਤ ਖੁਦ ਤੋਂ ਕਰਨੀ ਪਵੇਗੀ।
ਕੀ ਤੁਸੀਂ ਇਸ ਸੁਚਾਰੂ, ਸੇਧਮਈ ਅਤੇ ਸੁਹਜਮਈ ਤਬਦੀਲੀ ਲਈ ਤਿਆਰ ਹੋ?
ਆਮੀਨ!