ਹਨੇਰੀ ਨਾਲ ਰੁੱਖ ਪੁੱਟੇ ਜਾਂਦੇ, ਪਰ ਝਿੜੀ ਕਦੇ ਨਹੀਂ

-ਜਤਿੰਦਰ ਪਨੂੰ
ਭਾਰਤ ਉਸ ਚੌਰਾਹੇ ਵਿਚ ਦਾਖਲ ਹੋ ਚੁਕਾ ਹੈ, ਜਿੱਥੇ ਇਸ ਨੇ ਆਪਣੇ ਅਗਲੇ ਦੌਰ ਲਈ ਇੱਕ ਰਾਹ ਚੁਣਨਾ ਹੈ ਤੇ ਇਹ ਚੋਣ ਇਸ ਦੇਸ਼ ਦੇ ਲੋਕਾਂ ਨੇ ਵੋਟਾਂ ਪਾ ਕੇ ਕਰਨੀ ਹੈ, ਜਿਸ ਨੂੰ ਲੋਕਾਂ ਦਾ ਫਤਵਾ ਕਿਹਾ ਜਾਂਦਾ ਹੈ। ਲੰਘੀ 26 ਨਵੰਬਰ ਨੂੰ ਇਸ ਦੀ ਮੌਜੂਦਾ ਸਰਕਾਰ ਦੇ ਸਾਢੇ ਚਾਰ ਸਾਲ ਪੂਰੇ ਹੋ ਜਾਣ ਪਿੱਛੋਂ ਆਖਰੀ ਛਿਮਾਹੀ ਚੱਲ ਪਈ ਹੈ ਤਾਂ ਹਰ ਕਿਸੇ ਦਾ ਧਿਆਨ ਅਗਲੀ ਚੋਣ ਵੱਲ ਲੱਗਾ ਪਿਆ ਹੈ। ਸਿਆਸੀ ਗੱਠਜੋੜ ਬਣਦੇ ਫਿਰਦੇ ਹਨ। ਇਸ ਦੌਰਾਨ ਹਾਲਾਤ ਦੇ ਉਤਲੇ ਵਹਿਣ ਹੇਠ ਭਾਰਤੀ ਸਮਾਜ ਵਿਚ ਜੋ ਦੱਬੀ ਜਿਹੀ ਲਹਿਰ ਚੱਲ ਰਹੀ ਹੈ, ਉਹ ਬਹੁਤੇ ਲੋਕਾਂ ਨੂੰ ਅਜੇ ਦਿੱਸ ਨਹੀਂ ਰਹੀ।

ਇਸ ਹਫਤੇ ਭਾਰਤ ਦੇ ਸਭ ਤੋਂ ਵੱਡੇ ਰਾਜ ਉਤਰ ਪ੍ਰਦੇਸ਼ ਵਿਚ ਇੱਕ ਪੁਲਿਸ ਇੰਸਪੈਕਟਰ ਦੇ ਕਤਲ ਨੇ ਉਸ ਨੂੰ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ, ਪਰ ਉਸ ਨੂੰ ਅਣਗੌਲਿਆ ਕਰ ਕੇ ਭਾਰਤ ਦੀ ਰਾਜਨੀਤੀ ਤੇ ਸਮਾਜ ਦੇ ਰਹਿਬਰ ਆਪਣੀ ਪੱਕੀ ਲੀਹ ਉਤੇ ਤੁਰੇ ਜਾਣ ਨੂੰ ਪਹਿਲ ਦੇ ਰਹੇ ਹਨ। ਅਣਗੌਲਿਆ ਕਰਨਾ ਹੀ ਤਾਂ ਖਤਰਨਾਕ ਹੈ।
ਜਦੋਂ ਆਪਰੇਸ਼ਨ ਬਲੂ ਸਟਾਰ ਦੀ ਮੰਦਭਾਗੀ ਘਟਨਾ ਹੋਈ ਤਾਂ ਇਸ ਦਾ ਪਹਿਲਾ ਤੇ ਸਭ ਤੋਂ ਦੁਖਦਾਈ ਅਸਰ ਸਾਡੇ ਪੰਜਾਬ ਵਿਚ ਪਿਆ ਸੀ, ਤੇ ਬਹੁਤਾ ਕਰ ਕੇ ਪੰਜਾਬੀਆਂ ਨੇ ਭੁਗਤਿਆ ਸੀ। ਉਸ ਪਿਛੋਂ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਵਾਪਰੀ ਅਤੇ ਉਸ ਪਿੱਛੋਂ ਦਿੱਲੀ ਤੇ ਹੋਰ ਥਾਂਈਂ ਸਿੱਖ ਵਿਰੋਧੀ ਹਿੰਸਾ ਹੁੰਦੀ ਵੇਖੀ ਗਈ ਤਾਂ ਉਸ ਦਾ ਅਸਰ ਵੀ ਬਹੁਤਾ ਕਰ ਕੇ ਉਦੋਂ ਪੰਜਾਬ ਤੇ ਸਿੱਖਾਂ ਉਤੇ ਪਿਆ ਹੋਣ ਦੇ ਨਾਲ ਬਾਕੀ ਭਾਰਤ ਦੇ ਸਮਾਜ ਅਤੇ ਰਾਜਨੀਤੀ ਉਤੇ ਉਸ ਦਾ ਜਿੱਦਾਂ ਦਾ ਅਸਰ ਪਿਆ ਸੀ, ਉਸ ਨੂੰ ਵੇਲੇ ਸਿਰ ਨੋਟ ਨਹੀਂ ਕੀਤਾ ਗਿਆ। ਹਕੀਕਤ ਇਹ ਸੀ ਕਿ ਉਨ੍ਹਾਂ ਦੋ ਘਟਨਾਵਾਂ ਦਾ ਅਸਰ ਪੈ ਕੇ ਇਸ ਦੇਸ਼ ਦੀ ਬਹੁ-ਗਿਣਤੀ ਨੂੰ ਉਕਸਾਉਣ ਦੀ ਸਿਆਸੀ ਲਹਿਰ ਚੱਲ ਪਈ ਅਤੇ ਹੌਲੀ-ਹੌਲੀ ਇਸ ਹੱਦ ਤੱਕ ਚਲੀ ਗਈ ਕਿ ਅੱਜ ਦੇ ਸਮੇਂ ਵਿਚ ਜਦੋਂ ਚੋਣਾਂ ਦਾ ਦੌਰ ਆਉਂਦਾ ਹੈ, ਸੁੱਖ ਮੰਗਣ ਨੂੰ ਜੀਅ ਕਰਦਾ ਹੈ। ਉਦੋਂ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਨੇ ਇਨ੍ਹਾਂ ਘਟਨਾਵਾਂ, ਖਾਸ ਕਰ ਕੇ ਆਪਣੀ ਮਾਂ ਦੇ ਕਤਲ ਦੇ ਬਾਅਦ ਹਿੰਦੂ ਫਿਰਕਾ ਪ੍ਰਸਤੀ ਨੂੰ ਵਰਤਣ ਦਾ ਦਾਅ ਖੇਡਿਆ ਸੀ, ਜਿਸ ਨਾਲ ਉਹ ਲੋਕ ਸਭਾ ਵਿਚ ਚਾਰ ਸੌ ਤੋਂ ਵੱਧ ਸੀਟਾਂ ਲੈ ਗਿਆ ਤੇ ਹਿੰਦੂਤਵ ਮਾਅਰਕੇ ਦੀ ਸਿਆਸਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਪੱਲੇ ਸਿਰਫ ਦੋ ਸੀਟਾਂ ਪਈਆਂ ਸਨ। ਰਾਜੀਵ ਇਸ ਤੋਂ ਖੁਸ਼ ਸੀ, ਪਰ ਬਾਕੀ ਲੋਕ ਇਸ ਗੱਲੋਂ ਅਵੇਸਲੇ ਸਨ ਕਿ ਇਸ ਵਿਚੋਂ ਹਿੰਦੂ ਭਾਈਚਾਰੇ ਨੂੰ ਉਕਸਾਉਣ ਦੀ ਮੁਕਾਬਲੇਬਾਜ਼ੀ ਹੋਵੇਗੀ ਤੇ ਉਹ ਉਕਸਾਊਪੁਣਾ ਇਸ ਦੇਸ਼ ਨੂੰ ਲੀਹੋਂ ਲਾਹ ਦੇਵੇਗਾ। ਅੱਜ ਇਹ ਕੁਝ ਹੁੰਦਾ ਸਾਫ ਦਿੱਸਦਾ ਹੈ।
ਉਸ ਵਕਤ ਇਹ ਗੱਲ ਭੁਲਾ ਦਿੱਤੀ ਗਈ ਸੀ ਕਿ ਜੇ ਸਿੱਖਾਂ ਨੂੰ ਉਕਸਾਉਣ ਦਾ ਮੁਕਾਬਲਾ ਹੋਵੇ ਤਾਂ ਅਕਾਲੀ ਦਲ ਦੇ ਆਗੂਆਂ ਨਾਲ ਮੁਕਾਬਲੇ ਵਿਚ ਕਾਂਗਰਸ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ ਤੇ ਏਦਾਂ ਹੀ ਹਿੰਦੂ ਫਿਰਕਾਪ੍ਰਸਤੀ ਵਾਲੇ ਮੋਰਚੇ ਉਤੇ ਨਿਰੋਲ ਹਿੰਦੂਤਵ ਦੀ ਹਮਾਇਤੀ ਭਾਜਪਾ ਨਾਲ ਕਾਂਗਰਸ ਬਰਾਬਰ ਨਹੀਂ ਭਿੜ ਸਕਦੀ। ਕਾਂਗਰਸੀ ਆਗੂ ਤਾਂ ਸਿਰਫ ਚੋਭਾਂ ਲਾ ਕੇ ਸੀਮਤ ਜਿਹੀ ਫਿਰਕਾਪ੍ਰਸਤੀ ਦਾ ਦਾਅ ਖੇਡਦੇ ਅਤੇ ਇਸ ਦਾ ਲਾਹਾ ਖੱਟਣ ਦਾ ਕੰਮ ਹੀ ਕਰ ਸਕਦੇ ਹਨ, ਉਹ ਇਹ ਗੱਲ ਨਹੀਂ ਜਾਣਦੇ ਕਿ ਜੋ ਚੁਆਤੀ ਉਹ ਲਾਉਂਦੇ ਹਨ, ਉਸ ਨੂੰ ਉਨ੍ਹਾਂ ਦੇ ਵਿਰੋਧੀ ਵਰਤਦੇ ਰਹੇ ਹਨ ਅਤੇ ਅੱਜ ਵੀ ਵਰਤ ਰਹੇ ਹਨ।
ਬਾਬਰੀ ਮਸਜਿਦ ਅਤੇ ਰਾਮ ਮੰਦਿਰ ਵਾਲੇ ਵਿਵਾਦ ਵਿਚ ਜਿਸ ਅਹਾਤੇ ਨੂੰ ਤਾਲਾ ਲੱਗਾ ਕਾਂਗਰਸ ਦੇ ਪ੍ਰਧਾਨ ਮੰਤਰੀ ਹੁੰਦਿਆਂ ਰਾਜੀਵ ਗਾਂਧੀ ਨੇ ਖੁੱਲ੍ਹਵਾਇਆ ਸੀ, ਉਸ ਥਾਂ ਮਸਜਿਦ ਨੂੰ ਢਾਹੁਣ ਅਤੇ ਫਿਰ ਮੰਦਿਰ ਬਣਾਉਣ ਦੀ ਮੁਹਿੰਮ ਦੀ ਕਮਾਂਡ ਭਾਜਪਾ ਨੇ ਖੋਹ ਲਈ ਸੀ। ਕਾਂਗਰਸੀ ਆਗੂ ਆਪਣੇ ਹੱਥਾਂ ਨਾਲ ਗੰਢਾਂ ਦੇਣ ਪਿੱਛੋਂ ਦੰਦਾਂ ਨਾਲ ਵੀ ਖੋਲ੍ਹਣ ਵਿਚ ਕਾਮਯਾਬ ਨਹੀਂ ਹੋ ਰਹੇ, ਤੇ ਭੁਗਤਣ ਲਈ ਮਜਬੂਰ ਹਨ। ਹੋਇਆ ਸਗੋਂ ਇਹ ਹੈ ਕਿ ਹਿੰਦੂ ਫਿਰਕਾਪ੍ਰਸਤੀ ਏਨੀ ਖੁੱਲ੍ਹ ਖੇਡਣ ਲੱਗ ਪਈ ਹੈ ਕਿ ਉਸ ਨੂੰ ਕੋਈ ਝਿਜਕ ਵੀ ਨਹੀਂ ਰਹੀ।
ਪੈਂਤੀ ਸਾਲ ਪਹਿਲਾਂ ਤੱਕ ਦੰਗੇ ਤਾਂ ਹੋ ਜਾਂਦੇ ਸਨ, ਪਰ ਕਦੇ ਇਹ ਨਹੀਂ ਸੀ ਸੁਣਿਆ ਕਿ ਫਿਰਕਾਪ੍ਰਸਤਾਂ ਨੇ ਕਿਸੇ ਬੁੱਧੀਜੀਵੀ ਜਾਂ ਤਰਕਸ਼ੀਲ ਨੂੰ ਇਸ ਕਰ ਕੇ ਮਾਰ ਦਿੱਤਾ ਹੋਵੇ ਕਿ ਉਹ ਉਨ੍ਹਾਂ ਦੀ ਸੋਚ ਦਾ ਵਿਰੋਧ ਕਰਦਾ ਸੀ। ਪਿਛਲੇ ਸਾਲਾਂ ਵਿਚ ਜੋ ਕਾਂਗ ਆਈ ਸੀ, ਉਸ ਵਿਚ ਖੱਬੇ-ਪੱਖੀ ਆਗੂ ਗੋਵਿੰਦ ਪੰਸਾਰੇ, ਤਰਕਸ਼ੀਲ ਨਰਿੰਦਰ ਦਾਭੋਲਕਰ ਤੇ ਇੱਕ ਸਾਬਕਾ ਵਾਈਸ ਚਾਂਸਲਰ ਕਲਬੁਰਗੀ ਦੇ ਕਤਲ ਪਿੱਛੋਂ ਦਲੀਲ ਨਾਲ ਲਿਖਣ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨੌਬਤ ਵੀ ਆ ਚੁਕੀ ਹੈ। ਜੋ ਲੋਕ ਗੌਰੀ ਲੰਕੇਸ਼ ਅਤੇ ਹੋਰ ਕਤਲਾਂ ਲਈ ਫੜੇ ਗਏ ਹਨ, ਉਨ੍ਹਾਂ ਦੀ ਹਿੱਟ ਲਿਸਟ ਵਿਚ ਏਦਾਂ ਦੇ ਬੁੱਧੀਜੀਵੀ ਹੋਰ ਵੀ ਲਿਖੇ ਨਿਕਲੇ ਹਨ ਤੇ ਇਨ੍ਹਾਂ ਵਿਚ ਦੋ ਪੰਜਾਬੀ ਹਨ। ਇਹ ਕਦੋਂ ਤੱਕ ਜਿੰਦਾ ਰਹਿਣਗੇ, ਅੱਜ ਵਾਲੇ ਮਾਹੌਲ ਵਿਚ ਕੋਈ ਗਾਰੰਟੀ ਨਹੀਂ ਮਿਲ ਸਕਦੀ।
ਰਾਜ-ਸ਼ਕਤੀ ਦੇ ਆਸ਼ੀਰਵਾਦ ਨਾਲ ਉਤਰ ਪ੍ਰਦੇਸ਼ ਵਿਚ ਕਾਤਲਾਂ ਨੇ ਉਹ ਪੁਲਿਸ ਇੰਸਪੈਕਟਰ ਮਾਰ ਦਿੱਤਾ ਹੈ, ਜਿਸ ਨੇ ਮੌਜੂਦਾ ਸਰਕਾਰ ਬਣਨ ਤੋਂ ਕੁਝ ਦਿਨ ਪਿੱਛੋਂ ਉਸ ਰਾਜ ਦੇ ਇੱਕ ਪਿੰਡ ਵਿਚ ਮਾਰੇ ਗਏ ਅਖਲਾਕ ਖਾਨ ਦੇ ਕੇਸ ਦੀ ਜਾਂਚ ਕੀਤੀ ਸੀ। ਇੰਸਪੈਕਟਰ ਦੇ ਘਰ ਵਾਲੇ ਦੱਸਦੇ ਹਨ ਕਿ ਉਸ ਨੂੰ ਉਸ ਕੇਸ ਦੀ ਜਾਂਚ ਉਤੇ ਗਵਾਹੀ ਦੇਣ ਤੋਂ ਰੋਕਣ ਲਈ ਧਮਕੀਆਂ ਮਿਲ ਰਹੀਆਂ ਸਨ ਤੇ ਜਦੋਂ ਇਸ ਹਫਤੇ ਬੁਲੰਦ ਸ਼ਹਿਰ ਵਿਚ ਗਊ ਹੱਤਿਆ ਦੇ ਰੌਲੇ ਦੌਰਾਨ ਉਸ ਦੀ ਹੱਤਿਆ ਹੋਈ ਤਾਂ ਭੀੜ ਹੱਥੋਂ ਮਾਰਿਆ ਗਿਆ ਦੱਸ ਕੇ ਉਸ ਨੂੰ ਮਾਰ ਮੁਕਾਇਆ ਗਿਆ ਹੈ। ਜਾਹਰਾ ਤੌਰ ‘ਤੇ ਕਿਹਾ ਗਿਆ ਕਿ ਭੜਕੀ ਹੋਈ ਭੀੜ ਨੇ ਕੁੱਟ-ਕੁੱਟ ਮਾਰ ਦਿੱਤਾ ਹੈ, ਪਰ ਬਾਅਦ ਵਿਚ ਗੱਲ ਸਾਹਮਣੇ ਆਈ ਕਿ ਮੌਤ ਗੋਲੀ ਨਾਲ ਹੋਈ ਹੈ, ਭੀੜ ਤਾਂ ਐਵੇਂ ਉਸ ਦੀ ਲਾਸ਼ ਨੂੰ ਹੀ ਡਾਂਗਾਂ ਨਾਲ ਕੁੱਟਦੀ ਰਹੀ ਸੀ।
ਗੁੰਡਿਆਂ ਨਾਲ ਮੁਕਾਬਲਾ ਕਰਦਿਆਂ ਮਾਰੇ ਗਏ ਪੁਲਿਸ ਅਫਸਰ ਦਾ ਪੁੱਤਰ ਉਹ ਇੰਸਪੈਕਟਰ ਆਪਣੇ ਬਾਪ ਵਾਂਗ ਆਪਣੇ ਫਰਜ਼ ਤੋਂ ਕੁਰਬਾਨ ਹੋ ਗਿਆ, ਪਰ ਸਮਾਜ ਨੂੰ ਉਸ ਦੀ ਕੋਈ ਪ੍ਰਵਾਹ ਹੀ ਨਹੀਂ। ਪ੍ਰਵਾਹ ਇਸ ਕਰ ਕੇ ਨਹੀਂ ਕਿ ਇਸ ਸਮਾਜ ਅਤੇ ਸਿਆਸਤ ਦੇ ਵਹਿਣ ਹੇਠਾਂ ਇੱਕ ਵਹਿਣ ਹੋਰ ਵਗਦਾ ਪਿਆ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਇੱਕ ਆਗੂ ਅਸ਼ੋਕ ਸਿੰਘਲ ਇਸ ਵੇਲੇ ਦੁਨੀਆਂ ਵਿਚ ਨਹੀਂ। ਉਹ ਕਿਹਾ ਕਰਦਾ ਸੀ ਕਿ ਨਰਿੰਦਰ ਮੋਦੀ ਸਰਕਾਰ ਆਈ ਤਾਂ ਸਾਡੀ ਅੱਠ ਸੌ ਸਾਲਾਂ ਦੀ ਗੁਲਾਮੀ ਕੱਟੀ ਗਈ ਹੈ। ਇਸ ਦਾ ਅਰਥ ਇਹ ਸੀ ਕਿ ਉਹ ਕੁਤਬ-ਉਦ-ਦੀਨ ਐਬਕ ਅਤੇ ਉਸ ਤੋਂ ਬਾਅਦ ਦੇ ਸਾਰੇ ਭਾਰਤੀ ਹਾਕਮਾਂ ਦੇ ਰਾਜ ਨੂੰ ਗੁਲਾਮੀ ਮੰਨਦਾ ਸੀ। ਅੱਗੋਂ ਇਸ ਦਾ ਭਾਵ ਇਹ ਹੈ ਕਿ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਇੰਦਰ ਕੁਮਾਰ ਗੁਜਰਾਲ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਸਮੇਂ ਨੂੰ ਵੀ ਉਹ ਹਿੰਦੂਆਂ ਦੀ ਗੁਲਾਮੀ ਸਮਝਦਾ ਸੀ ਤੇ ਜਦੋਂ ਉਹ ਨਰਿੰਦਰ ਮੋਦੀ ਰਾਜ ਵੇਲੇ ਇਸ ਗੁਲਾਮੀ ਦਾ ਖਾਤਮਾ ਕਹਿ ਰਿਹਾ ਸੀ ਤਾਂ ਇਸ ਦਾ ਭਾਵ ਹੈ ਕਿ ਵਾਜਪਾਈ ਸਰਕਾਰ ਨੂੰ ਵੀ ਉਹ ਏਸੇ ਖਾਤੇ ਵਿਚ ਰੱਖਦਾ ਸੀ। ਉਦੋਂ ਅਸ਼ੋਕ ਸਿੰਘਲ ਇੱਕੋ ਬੰਦਾ ਇਹੋ ਜਿਹੇ ਭਾਸ਼ਣ ਕਰਦਾ ਹੁੰਦਾ ਸੀ, ਅੱਜ ਉਹੋ ਜਿਹੀ ਬੋਲੀ ਵਰਤਣ ਵਾਲੇ ਹੋਰ ਕਈ ਏਦਾਂ ਦੇ ਲੋਕ ਨਿਕਲ ਆਏ ਹਨ, ਜਿਨ੍ਹਾਂ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹ ਵੀ ਏਦਾਂ ਦੇ ਹੋ ਸਕਦੇ ਹਨ।
ਮੌਕਾ ਬਹੁਤ ਨਾਜ਼ੁਕ ਹੈ। ਫਿਰਕੂ ਕਾਂਗ ਚੜ੍ਹਦੀ ਅਤੇ ਹੋਰ ਚੜ੍ਹਦੀ ਜਾ ਰਹੀ ਹੈ। ਇਸ ਦਾ ਰਾਹ ਰੋਕਣ ਵਾਲੇ ਲੋਕਾਂ ਦੇ ਮੱਤਭੇਦ ਏਨੇ ਜ਼ਿਆਦਾ ਹਨ ਕਿ ਲੋਕਾਂ ਦੇ ਦਰਦ ਵਾਲੀ ਜਿਸ ਕਮੇਟੀ ਵਿਚ ਪੰਜ ਜਣੇ ਬਾਕੀ ਹਨ, ਉਨ੍ਹਾਂ ਨੇ ਹੋਰ ਕੋਈ ਕਾਰਵਾਈ ਕੀ ਕਰਨੀ, ਪਹਿਲਾਂ ਮੀਟਿੰਗ ਦੀ ਪ੍ਰਧਾਨਗੀ ਦੇ ਮੁੱਦੇ ਤੋਂ ਸਿੰਗ ਫਸਾਉਣ ਤੱਕ ਚਲੇ ਜਾਂਦੇ ਹਨ। ਹਨੇਰੀ ਵੱਡੀ ਆਵੇ ਤਾਂ ਚੁਗੱਤਿਆਂ ਵੇਲੇ ਲਾਏ ਹੋਏ ਰੁੱਖ ਵੀ ਪੁੱਟੇ ਜਾਂਦੇ ਹੁੰਦੇ ਹਨ। ਰੁੱਖਾਂ ਦੀ ਝਿੜੀ ਨਹੀਂ ਪੁੱਟੀ ਜਾਂਦੀ। ਕਾਰਨ ਇਹ ਹੈ ਕਿ ਝਿੜੀ ਵਾਲੇ ਇੱਕ ਦੂਜੇ ਨਾਲ ਪੱਕੇ ਯਾਰਾਂ ਦੇ ਕੜੰਗੜੀ ਪਾਉਣ ਵਾਂਗ ਫਸੇ ਹੁੰਦੇ ਹਨ। ਆਹ ਵਕਤ ਆਪਸੀ ਮੱਤਭੇਦਾਂ ਦੇ ਫੁੰਕਾਰੇ ਛੱਡਣ ਦਾ ਨਹੀਂ, ਭਾਰਤ ਦੇ ਭਵਿੱਖ ਲਈ ਸੈਕੂਲਰ ਤਾਕਤਾਂ ਦੇ ਰੁੱਖਾਂ ਦੀ ਝਿੜੀ ਵਾਂਗ ਜੁੜਨ ਦਾ ਹੈ। ਜੇ ਵਕਤ ਗੁਆ ਬੈਠੇ ਤਾਂ ਸਭ ਨੂੰ ਭੁਗਤਣਾ ਪਵੇਗਾ, ਪੂਰੇ ਦੇਸ਼ ਨੂੰ ਭੁਗਤਣਾ ਪਵੇਗਾ। ‘ਮੈਂ ਹੀ ਮੈਂ’ ਕਰਨ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ‘ਡੂਬੇਗੀ ਕਿਸ਼ਤੀ ਤੋ ਡੂਬੇਂਗੇ ਸਾਰੇ, ਨਾ ਤੁਮ ਹੀ ਬਚੋਗੇ, ਨਾ ਸਾਥੀ ਤੁਮ੍ਹਾਰੇ।’