ਕਿਆਮਤ-7

ਹਰਮਹਿੰਦਰ ਚਾਹਲ ਦਾ ਨਾਵਲ ‘ਕਿਆਮਤ’ ਇਰਾਕ ਦੇ ਛੋਟੇ ਜਿਹੇ ਅਕੀਦੇ/ਕਬੀਲੇ ਜਾਜ਼ੀਦੀ ਨਾਲ ਸਬੰਧਤ ਕੁੜੀ ਆਸਮਾ ਦੇ ਜੀਵਨ ਦੁਆਲੇ ਬੁਣਿਆ ਗਿਆ ਹੈ। ਇਸ ਵਿਚ ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ. ਐਸ਼ ਆਈ. ਐਸ਼) ਦੇ ਦਹਿਸ਼ਤਗਰਦਾਂ ਦੀਆਂ ਜ਼ਿਆਦਤੀਆਂ ਦਾ ਚਿੱਠਾ ਫਰੋਲਿਆ ਗਿਆ ਹੈ। ਇਰਾਕ ਵਿਚ ਸੱਦਾਮ ਹੁਸੈਨ ਦੇ ਜ਼ਮਾਨੇ ਵਿਚ ਇਨ੍ਹਾਂ ਲੋਕਾਂ ‘ਤੇ ਬਹੁਤ ਕਹਿਰ ਵਾਪਰਿਆ, ਪਰ ਆਈ. ਐਸ਼ ਆਈ. ਐਸ਼ ਦੇ ਉਭਾਰ ਪਿਛੋਂ ਤਾਂ ਉਨ੍ਹਾਂ ਉਤੇ ਕਹਿਰ ਦੀ ਹੱਦ ਹੋ ਗਈ ਜਿਸ ਨੂੰ ਪੜ੍ਹ-ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ।

‘ਪੰਜਾਬ ਟਾਈਮਜ਼’ ਦੇ ਪਾਠਕ ਕੁਝ ਅਰਸਾ ਪਹਿਲਾਂ ਚਾਹਲ ਦੀ ਇਕ ਹੋਰ ਲਿਖਤ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁਕੇ ਹਨ, ਜਿਸ ਵਿਚ ਉਸ ਨੇ ਅਲ-ਕਾਇਦਾ ਨਾਲ ਜੁੜੀ ਅਤੇ ਅਮਰੀਕਾ ਵਿਚ ਪੜ੍ਹਦੀ ਕੁੜੀ ਆਫੀਆ ਸਿੱਦੀਕੀ ਦੇ ਜੀਵਨ ਦੇ ਆਧਾਰ ‘ਤੇ ਕਹਾਣੀ ਬੁਣੀ ਸੀ। ਆਫੀਆ ਨੂੰ 2010 ਵਿਚ 86 ਵਰ੍ਹਿਆਂ ਦੀ ਕੈਦ ਹੋਈ ਸੀ, ਉਹ ਅੱਜ ਕੱਲ੍ਹ ਅਮਰੀਕੀ ਜੇਲ੍ਹ ਵਿਚ ਬੰਦ ਹੈ। -ਸੰਪਾਦਕ

ਤੁਸੀਂ ਪੜ੍ਹ ਚੁਕੇ ਹੋ…
ਇਰਾਕ ਦੇ ਇਕ ਹਿੱਸੇ ਉਤੇ ਆਈ. ਐਸ਼ ਆਈ. ਐਸ਼ ਦੇ ਕਬਜ਼ੇ ਤੋਂ ਬਾਅਦ ਜਾਜ਼ੀਦੀ ਕਬੀਲੇ ਨਾਲ ਸਬੰਧਤ ਲੋਕ ਉਜੜ-ਪੁੱਜੜ ਗਏ। ਅਤਿਵਾਦੀਆਂ ਦੇ ਹੱਥ ਆਈਆਂ ਜਾਜ਼ੀਦੀ ਕੁੜੀਆਂ ਵੱਖ-ਵੱਖ ਥਾਂਈਂ ਰੁਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਕੁੜੀ ਆਸਮਾ ਨੂੰ ਸੀਰੀਆ ਭੇਜਿਆ ਜਾ ਰਿਹਾ ਹੈ ਪਰ ਉਹ ਉਨ੍ਹਾਂ ਦੀ ਚੁੰਗਲ ਵਿਚੋਂ ਬਚ ਨਿਕਲਦੀ ਹੈ। ਉਸ ਨੂੰ ਆਪਣੇ ਘਰ ਅਤੇ ਘਰ ਦੇ ਜੀਆਂ ਦਾ ਚੇਤਾ ਆਉਂਦਾ ਹੈ, ਉਹ ਚੇਤਿਆਂ ਵਿਚ ਹੀ ਆਪਣੇ ਪਿੰਡ ਜਾ ਵੜਦੀ ਹੈ। ਇਹ ਉਹ ਸਮਾਂ ਹੈ ਜਦੋਂ ਅਮਰੀਕਾ ਨੇ ਸੱਦਾਮ ਹੁਸੈਨ ਦਾ ਤਖਤਾ ਪਲਟਣ ਲਈ ਇਰਾਕ ਉਤੇ ਹਮਲਾ ਕਰ ਦਿੱਤਾ ਸੀ। ਸੱਦਾਮ ਮਾਰਿਆ ਗਿਆ। ਨਵੀਂ ਹਕੂਮਤ ਆ ਗਈ ਪਰ ਉਦੋਂ ਹੀ ਸੁੰਨੀ ਮੁਸਲਮਾਨਾਂ ਦੇ ਕੁਝ ਧੜੇ ਦਹਿਸ਼ਤਪਸੰਦ ਬਣ ਗਏ ਅਤੇ ਸ਼ੀਆ ਮੁਸਲਮਾਨਾਂ ਤੇ ਜਾਜ਼ੀਦੀਆਂ ‘ਤੇ ਕਹਿਰ ਢਾਹੁਣ ਲੱਗੇ। ਇਹ ਲੋਕ ਆਈ. ਐਸ਼ ਆਈ. ਐਸ਼ ਵਜੋਂ ਮਸ਼ਹੂਰ ਹੋਏ। ਇਸੇ ਦੌਰਾਨ ਇਨ੍ਹਾਂ ਦੇ ਜਾਜ਼ੀਦੀਆਂ ਦੇ ਇਲਾਕੇ ਵਲ ਵਧਣ ਦੀਆਂ ਸੂਹਾਂ ਮਿਲਣ ਲੱਗੀਆਂ ਅਤੇ ਉਨ੍ਹਾਂ ਆਸਮਾ ਦੇ ਪਿੰਡ ਨੂੰ ਘੇਰਾ ਪਾ ਲਿਆ। ਹੁਣ ਪੜ੍ਹੋ ਇਸ ਤੋਂ ਅੱਗੇ…

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(8)
ਮਾਂ ਨੇ ਕਣਕ ਉਬਾਲੀ ਅਤੇ ਅੱਧੀ-ਅੱਧੀ ਕੜਛੀ ਸਭ ਨੂੰ ਪਾ ਦਿੱਤੀ। ਮੈਂ ਪਲੇਟ ‘ਚੋਂ ਚਮਚਾ ਭਰ ਕੇ ਮੂੰਹ ਨੂੰ ਲਾਇਆ ਹੀ ਸੀ ਕਿ ਬੀਹੀ ਵਲੋਂ ਇਸਲਾਮਕ ਸਟੇਟ ਵਾਲਿਆਂ ਦਾ ਬੋਲ-ਬੁਲਾਰਾ ਜਿਹਾ ਸੁਣਿਆ। ਉਹ ਸਪੀਕਰ ਰਾਹੀਂ ਪਿੰਡ ‘ਚ ਹੋਕਾ ਦਿੰਦੇ ਘੁੰਮ ਰਹੇ ਸਨ। ਮੈਂ ਉਧਰ ਧਿਆਨ ਕੀਤਾ ਤਾਂ ਆਵਾਜ਼ ਕੰਨੀ ਪਈ, “ਸੁਣੋ ਸਭ ਪਿੰਡ ਵਾਲਿਓ ਸੁਣੋ! ਇਸਲਾਮਕ ਸਟੇਟ ਦੇ ਕਮਾਂਡਰ ਦਾ ਹੁਕਮ ਐ ਕਿ ਪਿੰਡ ਦੇ ਲੋਕ ਸਕੂਲ ‘ਚ ਇਕੱਠੇ ਹੋਣ। ਹਰ ਕੋਈ ਤੁਰੰਤ ਘਰੋਂ ਨਿਕਲ ਕੇ ਗਲੀ ‘ਚ ਆ ਜਾਵੇ। ਸਾਡੇ ਲੜਾਕੇ ਤੁਹਾਨੂੰ ਸਕੂਲ ਤੱਕ ਲੈ ਕੇ ਜਾਣਗੇ। ਚਲੋ ਛੇਤੀ ਤੁਰੋ।”
ਸੁਣਦਿਆਂ ਹੀ ਮੇਰੇ ਹੱਥੋਂ ਚਮਚਾ ਡਿੱਗ ਪਿਆ। ਬਾਕੀਆਂ ਦਾ ਵੀ ਇਹੋ ਹਾਲ ਸੀ। ਹਰ ਕੋਈ ਘਾਬਰਿਆ ਉਠ ਖੜੋਤਾ। ਖਾਣਾ ਵਿਚੇ ਹੀ ਰਹਿ ਗਿਆ। ਤੰਦੂਰ ਕੋਲ ਖੜ੍ਹੀ ਮਾਂ ਨੇ ਹੱਥਾਂ ‘ਚ ਚੁੱਕਿਆ ਬਾਲਣ ਥਾਂ ‘ਤੇ ਹੀ ਸੁੱਟ ਸਿਰ ਦੀ ਚੁੰਨੀ ਠੀਕ ਕੀਤੀ ਤੇ ਲੰਬਾ ਸਾਹ ਲੈਂਦਿਆਂ ਬੋਲੀ, “ਹੋਣੀ ਨਾ ਟਲੀ… ਹਾਏ ਰੱਬਾ ਸਾਥੋਂ ਕੀ ਕਸੂਰ ਹੋ ਗਿਆ ਸੀ… ਬੱਚਿਉ…?” ਇੰਨਾ ਕਹਿੰਦਿਆਂ ਮਾਂ ਨੇ ਆਲੇ-ਦੁਆਲੇ ਨਜ਼ਰ ਮਾਰੀ। ਸਾਰੇ ਜਣੇ ਛੇਤੀ ਦੇਣੇ ਉਸ ਦੇ ਨੇੜੇ ਇਕੱਠੇ ਹੋ ਗਏ। ਫਿਰ ਉਸ ਨੇ ਕਿਹਾ, “ਸਾਰੇ ਮੇਰੀ ਗੱਲ ਸੁਣੋ। ਜੋ ਵੀ ਸਮਾਨ ਤਿਆਰ ਕੀਤਾ ਐ, ਚੁੱਕ ਲਵੋ। ਜਿਵੇਂ ਉਹ ਕਹਿੰਦੇ ਐ, ਉਵੇਂ ਕਰੋ। ਤੇ ਤੁਸੀਂ ਕੁੜੀਉ…।” ਮਾਂ ਨੇ ਗੱਲ ਵਿਚਾਲੇ ਛੱਡਦਿਆਂ ਸਾਡੇ ਵਲ ਵੇਖਿਆ। ਸ਼ਾਇਦ ਪੱਕ ਕਰ ਰਹੀ ਸੀ ਕਿ ਅਸੀਂ ਸੱਭੇ ਉਸ ਨੂੰ ਸੁਣ ਰਹੀਆਂ ਹਾਂ। ਉਹ ਬੋਲੀ, “ਤੁਸੀਂ ਸਾਰੀਆਂ ਆਪਣੇ ਪਹਿਨੇ ਕੱਪੜਿਆਂ ਦੇ ਉਤੋਂ ਦੀ ਜਿੰਨੇ ਹੋ ਸਕਦਾ ਐ, ਹੋਰ ਪਾ ਲਵੋ। ਖਿਆਲ ਰੱਖਿਉ, ਤੁਹਾਡਾ ਸਾਰਾ ਸਰੀਰ ਚੰਗੀ ਤਰ੍ਹਾਂ ਢਕਿਆ ਹੋਵੇ। ਫਿਕਰ ਤੇ ਡਰ ਛੱਡੋ, ਹੁਣ ਛੇਤੀ ਦੇਣੇ ਤੁਰਨ ਦੀ ਤਿਆਰੀ ਕਰੋ।”
ਅਸੀਂ ਸਮਝ ਗਈਆਂ ਸਾਂ। ਮੈਂ ਆਪਣੇ ਪਹਿਨੇ ਕੱਪੜਿਆਂ ਦੇ ਉਤੋਂ ਦੀ ਤਿੰਨ ਜੋੜੇ ਹੋਰ ਪਾ ਲਏ। ਇਵੇਂ ਹੀ ਬਾਕੀਆਂ ਨੇ ਕੀਤਾ। ਖੈਰੀ ਹੋਰੀਂ ਵੀ ਸਭ ਛੇਤੀ ਛੇਤੀ ਚੌਂਕੇ ਨੇੜੇ ਮਾਂ ਕੋਲ ਆ ਗਏ। ਇੰਨੇ ਨੂੰ ਦਰਵਾਜਾ ਪਟਾਕ ਦੇਣੇ ਖੁੱਲ੍ਹਿਆ ਤੇ ਆਵਾਜ਼ ਆਈ, “ਚਲੋ ਬਾਹਰ ਨਿਕਲੋ। ਛੇਤੀ ਕਰੋ।” ਇਹ ਇਸਲਾਮਕ ਸਟੇਟ ਦੇ ਮਿਲੀਟੈਂਟ ਸਨ, ਜਿਨ੍ਹਾਂ ਦੇ ਗਲੀਂ ਰਾਈਫਲਾਂ ਲਟਕ ਰਹੀਆਂ ਸਨ। ਸਭ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਮੂੰਹ ਢਕੇ ਹੋਏ ਸਨ। ਢਕੇ ਚਿਹਰਿਆਂ ‘ਚੋਂ ਸਿਰਫ ਵਹਿਸ਼ੀ ਅੱਖਾਂ ਦਿਸ ਰਹੀਆਂ ਸਨ। ਉਨ੍ਹਾਂ ਨੂੰ ਵੇਖ ਕੇ ਸਰੀਰ ‘ਚੋਂ ਸੀਤ ਲਹਿਰ ਲੰਘ ਗਈ। ਜਦੋਂ ਅਸੀਂ ਸਾਰੇ ਇਕੱਠੇ ਹੋ ਗਏ ਤਾਂ ਮਾਂ ਨੇ ਤੁਰਨ ਲੱਗਿਆਂ ਨੂੰ ਕਿਹਾ, “ਜੋ ਰੱਬ ਦੀ ਰਜ਼ਾ ਐ, ਉਹ ਹੋ ਕੇ ਰਹਿਣਾ ਐ। ਉਸ ਦੇ ਭਾਣੇ ਨੂੰ ਮੰਨਿਉ, ਕਿਸੇ ਨੇ ਹੌਸਲਾ ਨ੍ਹੀਂ ਹਾਰਨਾ ਪਰ ਯਾਦ ਰੱਖਿਉ, ਆਪਣੇ ਨਾਲ ਬਹੁਤ ਬੁਰਾ ਵੀ ਵਾਪਰ ਸਕਦਾ ਐ। ਚਲੋ ਤੁਰੋ।”
ਮਾਂ ਦੀ ਗੱਲ ਕਾਲਜੇ ‘ਚ ਤੀਰ ਵਾਂਗ ਖੁੱਭ ਗਈ। ਪਹਿਲੀ ਵਾਰ ਅਹਿਸਾਸ ਹੋਇਆ ਕਿ ਕੁਝ ਵੀ ਵਾਪਰ ਸਕਦਾ ਹੈ। ਫਿਰ ਮਾਂ ਨੇ ਵਿਹੜੇ ‘ਚ ਖੜ੍ਹੋ ਕੇ ਚਾਰ-ਚੁਫੇਰੇ ਨਜ਼ਰ ਮਾਰਦਿਆਂ ਹਉਕਾ ਭਰਿਆ ਤੇ ਘਰੋਂ ਨਿਕਲ ਪਈ। ਬਾਕੀ ਸਭ ਉਸ ਦੇ ਮਗਰ ਤੁਰ ਪਏ। ਪਰਿਵਾਰ ਦੇ ਗਿਆਰਾਂ ਜੀਆਂ ਤੋਂ ਬਿਨਾ, ਬਾਕੀਆਂ ਨੂੰ ਮਿਲਾ ਕੇ ਗਿਣਤੀ ਪੰਝੀ ਦੇ ਕਰੀਬ ਸੀ। ਘਰੋਂ ਬਾਹਰ ਨਿਕਲਦਿਆਂ ਮੈਂ ਪਿੱਛੇ ਮੁੜ ਕੇ ਵੇਖਿਆ। ਤੰਦੂਰ ‘ਚੋਂ ਧੂੰਆਂ ਉਠ ਰਿਹਾ ਸੀ। ਇਕ ਪਾਸੇ ਸਭ ਦਾ ਪਾਇਆ ਖਾਣਾ ਉਵੇਂ ਹੀ ਪਿਆ ਸੀ। ਕਾਹਲ ‘ਚ ਇਕ ਕਮਰੇ ਦਾ ਬੂਹਾ ਵੀ ਖੁੱਲ੍ਹਾ ਰਹਿ ਗਿਆ ਸੀ ਪਰ ਹੁਣ ਪਿੱਛੇ ਮੁੜਨ ਦੀ ਇਜਾਜ਼ਤ ਨਹੀਂ ਸੀ। ਇੰਨੇ ਨੂੰ ਇਸਲਾਮਕ ਸਟੇਟ ਦੇ ਲੜਾਕੇ ਦੀ ਆਵਾਜ਼ ਕੰਨੀਂ ਪਈ। ਉਸ ਨੇ ਕਾਹਲੀ ਤੁਰਨ ਲਈ ਦਬਕਾ ਮਾਰਿਆ ਸੀ। ਮੈਂ ਛੇਤੀ ਦੇਣੇ ਬਾਕੀਆਂ ਦੇ ਨਾਲ ਰਲ ਗਈ। ਬੀਹੀ ‘ਚ ਪਹੁੰਚੇ ਤਾਂ ਮੈਂ ਪਿਛਾਂਹ ਨਜ਼ਰ ਮਾਰੀ। ਮੇਰੀ ਸਹੇਲੀ ਫੌਜ਼ੀਆ ਦੇ ਪਰਿਵਾਰ ਸਮੇਤ ਉਧਰੋਂ ਵੀ ਕਈ ਜਣੇ ਸਾਡੇ ਵਾਂਗ ਤੁਰੇ ਆਉਂਦੇ ਸਨ। ਸਭ ਤੋਂ ਪਿੱਛੇ ਸ਼ਾਮੀ ਅੰਮਾ ਹੌਲੀ-ਹੌਲੀ ਖਰੌੜੀਆਂ ਘੜੀਸਦੀ ਆ ਰਹੀ ਸੀ। ਮੈਂ ਚਾਹੁੰਦੀ ਸੀ ਕਿ ਹੌਲੀ ਹੋ ਜਾਵਾਂ ਤਾਂ ਕਿ ਉਹ ਸਾਡੇ ਨਾਲ ਆ ਰਲੇ ਪਰ ਬਰਾਬਰ ਤੁਰ ਰਹੇ ਲੜਾਕੇ ਦੇ ਡਰੋਂ ਮੈਂ ਉਵੇਂ ਹੀ ਤੁਰੀ ਗਈ। ਅਗਾਂਹ ਜਾ ਕੇ ਵੱਡੀ ਬੀਹੀ ‘ਚ ਪੈਰ ਰੱਖਿਆ ਤਾਂ ਵੇਖਿਆ ਕਿ ਪਿੰਡ ਵਾਲੇ ਪਾਸਿਉਂ ਗਲੀ, ਲੋਕਾਂ ਦੀ ਭਰੀ ਆ ਰਹੀ ਸੀ। ਕਿਸੇ ਨੇ ਸਿਰ ‘ਤੇ ਸਮਾਨ ਦੀ ਗਠੜੀ ਚੁੱਕੀ ਹੋਈ ਸੀ ਤੇ ਕਿਸੇ ਦੇ ਗਲ ਬੈਗ ਲਟਕ ਰਿਹਾ ਸੀ। ਵਡੇਰੀ ਉਮਰ ਦੇ ਕਈ ਲੋਕ ਬਹੁਤ ਔਖੇ ਤੇ ਪੈਰ ਘੜੀਸਦੇ ਹੌਲੀ-ਹੌਲੀ ਤੁਰ ਰਹੇ ਸਨ। ਕਈਆਂ ਨੇ ਪਰਿਵਾਰ ਦੇ ਕਿਸੇ ਬਜੁਰਗ ਨੂੰ ਵ੍ਹੀਲਚੇਅਰ ‘ਤੇ ਬਿਠਾਇਆ ਹੋਇਆ ਸੀ। ਕਿਸੇ ਨੇ ਆਪਣੇ ਜ਼ਿਆਦਾ ਬਿਰਧ ਮਾਪੇ ਮੋਢਿਆਂ ‘ਤੇ ਚੁੱਕੇ ਹੋਏ ਸਨ। ਲੋਕ ਧੀਮੀ ਤੋਰ ਤੁਰਦੇ ਜਾ ਰਹੇ ਸਨ। ਕੋਈ ਕੁਝ ਨਹੀਂ ਸੀ ਬੋਲ ਰਿਹਾ। ਸਭ ਦੇ ਚਿਹਰੇ ਉਡੇ ਹੋਏ ਸਨ। ਲੋਕਾਂ ਦੇ ਪੈਰਾਂ ਦੀ ਪੈਛੜ ਤੋਂ ਬਿਨਾ ਹੋਰ ਕੋਈ ਖੜਕਾ ਨਹੀਂ ਹੋ ਰਿਹਾ ਸੀ।
ਘਾਬਰੀਆਂ ਮਾਂਵਾਂ ਨੇ ਨਿੱਕੇ ਨਿਆਣਿਆਂ ਦੇ ਮੂੰਹ ਵੀ ਬੰਦ ਕੀਤੇ ਹੋਏ ਸਨ ਤਾਂ ਕਿ ਕੋਈ ਮਿਲੀਟੈਂਟ ਚਿੜ ਕੇ ਕਿਸੇ ਜੁਆਕ ਨੂੰ ਹੀ ਨਾ ਮਾਰ ਸੁੱਟੇ। ਦਸ ਪੰਦਰਾਂ ਮਿੰਟਾਂ ‘ਚ ਅਸੀਂ ਸਕੂਲ ਪਹੁੰਚ ਗਏ। ਅਗਾਂਹ ਬਹੁਤ ਵੱਡਾ ਇਕੱਠ ਸੀ। ਮੈਂ ਆਲੇ-ਦੁਆਲੇ ਖੜ੍ਹੇ ਲੋਕਾਂ ਦੇ ਚਿਹਰਿਆਂ ਵਲ ਨਜ਼ਰ ਮਾਰੀ। ਸਭ ਦੀਆਂ ਅੱਖਾਂ ‘ਚ ਡਰ ਦਾ ਸਾਇਆ ਸੀ। ਕਈ ਕੰਬ ਰਹੇ ਸਨ। ਕਈ ਹੰਝੂ ਵਹਾ ਰਹੇ ਸਨ ਪਰ ਇਸਲਾਮਕ ਸਟੇਟ ਦੇ ਲੜਾਕਿਆਂ ਤੋਂ ਡਰਦੇ ਉਚੀ ਸਾਹ ਨਹੀਂ ਸਨ ਕੱਢ ਰਹੇ। ਹਰ ਪਾਸੇ ਦਹਿਸ਼ਤ ਸੀ। ਆਲੇ-ਦੁਆਲੇ ਇਸਲਾਮਕ ਸਟੇਟ ਦੇ ਸੈਂਕੜੇ ਮਿਲੀਟੈਂਟ ਘੁੰਮ ਰਹੇ ਸਨ। ਰਾਤ ਵੇਲੇ ਗੱਡੀਆਂ ਦੇ ਆਉਣ ਦਾ ਜੋ ਖੜਕਾ ਸੁਣਦਾ ਰਿਹਾ ਸੀ, ਸ਼ਾਇਦ ਇਨ੍ਹਾਂ ਨੂੰ ਹੀ ਲੈ ਕੇ ਆਈਆਂ ਸਨ।
ਅਗਾਂਹ ਵੇਖਿਆ, ਕੁਝ ਲੋਕ ਸਕੂਲ ਅੰਦਰ ਦਾਖਲ ਹੋ ਗਏ ਸਨ। ਬਾਕੀ ਅਜੇ ਪਿੱਛੇ ਹੀ ਲਾਈਨ ‘ਚ ਸਨ। ਸਕੂਲ ਦੇ ਗੇਟ ‘ਤੇ ਅੱਪੜੇ ਤਾਂ ਇਸਲਾਮਕ ਸਟੇਟ ਦਾ ਵੱਡਾ ਕਮਾਂਡਰ ਹਾਜੀ ਮੁਰਤਜ਼ਾ ਮੂਹਰੇ ਖੜ੍ਹਾ ਸੀ। ਸਾਡਾ ਮੁਖਤਾਰ, ਅਹਿਮਦ ਜਾਸੋ ਵੀ ਉਸ ਦੇ ਕੋਲ ਸੀ। ਮੈਂ ਸਮਝ ਗਈ ਕਿ ਕਮਾਂਡਰ ਨੇ ਸਾਡੇ ਮੁਖਤਾਰ ਨੂੰ ਪਿੰਡ ਦਾ ਮੁਖੀਆ ਹੋਣ ਕਰਕੇ ਕੋਲ ਖੜ੍ਹਾ ਕੀਤਾ ਹੋਇਆ ਹੈ। ਜਿਵੇਂ ਹੀ ਸਾਡਾ ਗਰੁੱਪ ਗੇਟ ਦੇ ਨੇੜੇ ਪੁੱਜਾ ਤਾਂ ਕਮਾਂਡਰ ਮੂਹਰੇ ਆ ਗਿਆ। ਉਸ ਨੇ ਉਚੀ ਆਵਾਜ਼ ‘ਚ ਕਿਹਾ, “ਜਿਹੜੇ ਮੁਸਲਮਾਨ ਬਣਨ ਲਈ ਤਿਆਰ ਨੇ, ਉਹ ਇਧਰ ਖੱਬੇ ਹੱਥ ਦੇ ਪਾਰਕ ‘ਚ ਆ ਜਾਣ।” ਇੰਨਾ ਆਖ ਉਹ ਸਭ ਵਲ ਵੇਖਣ ਲੱਗਾ ਪਰ ਕਿਸੇ ਨੇ ਵੀ ਨਾ ਉਸ ਨਾਲ ਅੱਖ ਮਿਲਾਈ ਤੇ ਨਾ ਹੀ ਕੋਈ ਪਾਰਕ ਵਾਲੇ ਪਾਸੇ ਜਾਣ ਲਈ ਨਿਕਲਿਆ। ਉਸ ਨੇ ਮੁੜ ਕਿਹਾ, “ਜੋ ਕੋਈ ਮੁਸਲਮਾਨ ਬਣ ਜਾਵੇਗਾ, ਉਸ ਨੂੰ ਘਰ ਪਰਤ ਜਾਣ ਦੀ ਖੁੱਲ੍ਹ ਹੋਵੇਗੀ। ਉਹ ਆਰਾਮ ਨਾਲ ਇਸੇ ਪਿੰਡ ‘ਚ ਆਪਣੀ ਜ਼ਿੰਦਗੀ ਬਿਤਾ ਸਕੇਗਾ। ਅਜੇ ਮੌਕਾ ਐ ਸੋਚ ਲਵੋ।”
ਪਰ ਸੋਚਣ ਵਿਚਾਰਨ ਵਾਲੀ ਤਾਂ ਗੱਲ ਹੀ ਨਹੀਂ ਸੀ। ਸਭ ਨੂੰ ਪਤਾ ਸੀ ਕਿ ਅਸੀਂ ਧਰਮ ਬਦਲਣ ਵਾਲੇ ਲੋਕ ਨਹੀਂ ਹਾਂ। ਖੈਰ! ਕੁਝ ਦੇਰ ਉਡੀਕਣ ਪਿੱਛੋਂ ਵੀ ਜਦੋਂ ਕਿਸੇ ਨੇ ਕਮਾਂਡਰ ਦੀ ਗੱਲ ਨਾ ਮੰਨੀ ਤਾਂ ਉਸ ਨੇ ਗੁੱਸੇ ‘ਚ ਕਿਹਾ ਕਿ ਚਲੋ ਫਿਰ ਸਕੂਲ ਵਿਚ ਚੱਲੋ। ਅਸੀਂ ਸਭ ਅੰਦਰ ਤੁਰ ਪਏ। ਅਗਾਂਹ ਦੂਸਰੇ ਮਿਲੀਟੈਂਟ ਸਭ ਨੂੰ ਵੱਖੋ ਵੱਖਰੇ ਕਰ ਰਹੇ ਸਨ। ਬੰਦਿਆਂ ਨੂੰ ਇਕ ਪਾਸੇ ਤੇ ਔਰਤਾਂ ਨੂੰ ਦੂਜੇ ਪਾਸੇ। ਅਣਦਾੜ੍ਹੀਏ ਮੁੰਡਿਆਂ ਨੂੰ ਵੀ ਔਰਤਾਂ ਵਲ ਭੇਜ ਰਹੇ ਸਨ। ਬੰਦੇ ਸਕੂਲ ਦੇ ਗਰਾਊਂਡ ਵਲ ਚਲੇ ਗਏ ਅਤੇ ਔਰਤਾਂ ਨੂੰ ਸਕੂਲ ਦੇ ਕਮਰਿਆਂ ‘ਚ ਜਾਣ ਦਾ ਹੁਕਮ ਹੋਇਆ। ਅਸੀਂ ਉਧਰ ਤੁਰ ਪਈਆਂ ਅਤੇ ਇਕ ਕਮਰੇ ਦੇ ਕੋਨੇ ‘ਚ ਜਾ ਬੈਠੀਆਂ। ਮੈਂ ਵੇਖਿਆ, ਹਰ ਕੋਈ ਮਾਂ ਦੇ ਨੇੜੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਾਂ ਨੇ ਛੋਟਿਆਂ ਨੂੰ ਆਪਣੇ ਕੋਲ ਬਿਠਾ ਲਿਆ। ਉਦੋਂ ਨੂੰ ਦੂਸਰੇ ਪਾਸੇ ਨਾਲ ਹੀ ਸ਼ਾਮੀ ਅੰਮਾ ਆ ਬੈਠੀ ਤਾਂ ਕਈ ਜਣੇ ਉਸ ਨਾਲ ਲੱਗ ਕੇ ਬਹਿ ਗਏ। ਵਾਲਿਦ, ਖਾਲਿਦ ਅਤੇ ਹਾਜ਼ਮ ਵੀ ਔਰਤਾਂ ਨਾਲ ਉਧਰ ਹੀ ਆ ਗਏ ਸਨ। ਮੇਰੇ ਖੱਬੇ ਹੱਥ ਫੌਜ਼ੀਆ ਦਾ ਪਰਿਵਾਰ ਸੀ। ਦਰਵਾਜੇ ਕੋਲ ਦੋ ਮਿਲੀਟੈਂਟ ਬੰਦੂਕਾਂ ਲਈ ਪਹਿਰੇ ‘ਤੇ ਖੜ੍ਹੇ ਸਨ। ਇਕ ਪਾਸਿਉਂ ਕਈਆਂ ਦੇ ਰੋਣ ਦੀ ਆਵਾਜ਼ ਆਈ ਤਾਂ ਮਿਲੀਟੈਂਟ ਦੂਰੋਂ ਗੁੱਸੇ ‘ਚ ਬੋਲਿਆ, “ਕਿਸੇ ਦੀ ਵੀ ਆਵਾਜ਼ ਨਾ ਆਵੇ। ਜਦੋਂ ਤੱਕ ਤੁਹਾਡੀ ਵਾਰੀ ਨ੍ਹੀਂ ਆਉਂਦੀ, ਚੁੱਪ ਕਰਕੇ ਬੈਠੋ।”
ਇੰਨੇ ਨਾਲ ਹੀ ਰੋਂਦਿਆਂ ਦੀਆਂ ਹਿਚਕੀਆਂ ਵਿਚੇ ਦਬ ਗਈਆਂ। ਵਾਰੀ ਆਉਣ ਵਾਲੀ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਸਾਨੂੰ ਅਜੇ ਕੁਝ ਦੇਰ ਇਵੇਂ ਹੀ ਬੈਠਣਾ ਪਵੇਗਾ। ਬੈਠਣਾ ਵੀ ਸੌਖਾ ਨਹੀਂ ਸੀ। ਹੁੰਮਸ ਬਹੁਤ ਸੀ। ਇਸ ਦੇ ਨਾਲ ਹੀ ਤੀਹਰੇ-ਚਹੁਰੇ ਕੱਪੜੇ ਪਾਏ ਹੋਣ ਕਰਕੇ ਵੀ ਗਰਮੀ ਵੱਟ ਕੱਢ ਰਹੀ ਸੀ। ਮੈਂ ਉਠ ਕੇ ਤਾਕੀ ਵਿਚੋਂ ਪਿੰਡ ਵਲ ਨਜ਼ਰ ਮਾਰੀ। ਸਾਡੇ ਘਰ ਦੀ ਛੱਤ ਦਿਸ ਰਹੀ ਸੀ। ਇਸ ਦੇ ਨਾਲ ਹੀ ਘਰ ਦੇ ਵਿਹੜੇ ਵਿਚਲੇ ਦਰਖਤ ਦੀ ਟੀਸੀ ਨਜ਼ਰ ਆ ਰਹੀ ਸੀ। ਦੂਰ ਪਿੰਡ ਵਲੋਂ ਲੋਕਾਂ ਦੇ ਘਰਾਂ ‘ਚੋਂ ਧੂੰਆਂ ਉਠ ਰਿਹਾ ਸੀ। ਕਈਆਂ ਦੀਆਂ ਛੱਤਾਂ ਤੋਂ ਟੀ. ਵੀ. ਐਨਟੀਨੇ ਨਜ਼ਰ ਆ ਰਹੇ ਸਨ। ਪਿੰਡ ਖਾਮੋਸ਼ ਪਿਆ ਸੀ। ਬਸ ਕਦੇ ਕਦੇ ਭੌਂਕਦੇ ਕੁੱਤਿਆਂ ਦੀਆਂ ਆਵਾਜ਼ਾਂ ਇਸ ਖਾਮੋਸ਼ੀ ਨੂੰ ਤੋੜ ਰਹੀਆਂ ਸਨ। ਪਲ ਦੀ ਪਲ ਮੇਰੇ ਮਨ ‘ਚੋਂ ਵਿਚਾਰ ਲੰਘ ਗਿਆ ਕਿ ਮੁੜ ਕੇ ਸ਼ਾਇਦ ਇਸ ਪਿੰਡ ‘ਚ ਪੈਰ ਪਾਉਣਾ ਨਸੀਬਾਂ ‘ਚ ਨਾ ਹੋਵੇ।
ਫਿਰ ਮੈਂ ਬਾਹਰ ਸਕੂਲ ਦੇ ਗਰਾਊਂਡ ਵਲ ਵੇਖਿਆ। ਇਸਲਾਮਕ ਸਟੇਟ ਵਾਲਿਆਂ ਨੇ ਬੰਦਿਆਂ ਨੂੰ ਇਕ ਪਾਸੇ ਇਕੱਠੇ ਕਰ ਲਿਆ ਹੋਇਆ ਸੀ। ਉਹ ਸਭ ਨੀਵੀਂ ਪਾਈ ਖੜ੍ਹੇ ਸਨ। ਪਾਸੇ ਤੋਂ ਕਮਾਂਡਰ ਦੀ ਉਚੀ ਆਵਾਜ਼ ਫਿਰ ਸੁਣੀ। ਉਸ ਨੇ ਮੁਸਲਮਾਨ ਬਣ ਜਾਣ ਵਾਲੀ ਗੱਲ ਦੁਹਰਾਈ ਸੀ ਪਰ ਨੀਵੀਂ ਪਾਈ ਖੜ੍ਹੇ ਬੰਦਿਆਂ ‘ਚੋਂ ਕਿਸੇ ਨੇ ਵੀ ਉਸ ਦੀ ਗੱਲ ਦਾ ਉਤਰ ਨਾ ਦਿੱਤਾ। ਫਿਰ ਉਸ ਨੇ ਮੁਖਤਾਰ ਨੂੰ ਕਿਹਾ ਕਿ ਉਹ ਆਪ ਲੋਕਾਂ ਨੂੰ ਪੁੱਛੇ। ਮੁਖਤਾਰ ਨੇ ਕਮਾਂਡਰ ਦੀ ਗੱਲ ਕਹਿ ਸੁਣਾਈ। ਉਸ ਦਾ ਵੀ ਕਿਸੇ ਨੇ ਜੁਆਬ ਨਾ ਦਿੱਤਾ। ਕਮਾਂਡਰ ਨੇ ਗੁੱਸੇ ‘ਚ ਆਲੇ-ਦੁਆਲੇ ਵੇਖਿਆ ਤੇ ਫਿਰ ਮੁਖਤਾਰ ਨੂੰ ਬੋਲਿਆ, “ਮੁਖਤਾਰ, ਪਿੰਡ ਦਾ ਮੁਖੀਆ ਹੋਣ ਦੇ ਨਾਤੇ ਤੂੰ ਆਪਣਾ ਫਰਜ਼ ਨਿਭਾ ਲਿਆ ਐ। ਤੇਰਾ ਕੰਮ ਇਥੇ ਈ ਖਤਮ। ਤੂੰ ਵੀ ਇਨ੍ਹਾਂ ਲੋਕਾਂ ‘ਚ ਜਾ ਬੈਠ। ਤੁਹਾਡਾ ਇੰਤਜ਼ਾਮ ਕਰਦੇ ਆਂ।”
“ਕੀ ਇੰਤਜ਼ਾਮ ਕਰੋਗੇ ਜਨਾਬ? ਕਿਥੇ ਲੈ ਕੇ ਜਾਵੋਗੇ ਸਾਨੂੰ? ਸਿੰਜਾਰ ਪਹਾੜਾਂ ‘ਤੇ ਛੱਡਣ ਜਾਵੋਗੇ?” ਮੁਖਤਾਰ ਨੇ ਇੰਨਾ ਪੁੱਛਿਆ ਤਾਂ ਕਮਾਂਡਰ ਵਹਿਸ਼ੀ ਹਾਸੀ ਹੱਸਿਆ, “ਆਹੋ, ਬੜੀ ਜਲਦੀ ਥੋਨੂੰ ਤੁਹਾਡੇ ਵਡੇਰਿਆਂ ਕੋਲ ਭੇਜਦੇ ਆਂ।”
ਉਸ ਦੀ ਗੱਲ ‘ਚੋਂ ਵਡੇਰਿਆਂ ਕੋਲ ਭੇਜਣ ਵਾਲੀ ਗੱਲ ਸੁਣਦਿਆਂ ਮੇਰਾ ਮੱਥਾ ਠਣਕਿਆ। ਮੈਨੂੰ ਜਾਪਿਆ, ਵਾਕਿਆ ਹੀ ਸਿੰਜਾਰ ਪਹਾੜਾਂ ‘ਤੇ ਭੇਜਣ ਵਾਲਾ ਸਿਰਫ ਲਾਰਾ ਹੀ ਸੀ। ਇਨ੍ਹਾਂ ਦੇ ਇਰਾਦੇ ਕੁਝ ਹੋਰ ਹੀ ਹਨ। ਇੰਨੇ ਨੂੰ ਮੈਂ ਵੇਖਿਆ ਕਿ ਹੇਠਾਂ ਦੋ ਮਿਲੀਟੈਂਟਾਂ ਨੇ ਬੈਗ ਚੁੱਕੇ ਹੋਏ ਸਨ ਤੇ ਉਹ ਕਤਾਰ ‘ਚ ਖੜ੍ਹੇ ਪਿੰਡ ਵਾਲਿਆਂ ਦੇ ਸਾਹਮਣੇ ਫਿਰ ਰਹੇ ਸਨ। ਅਸਲ ‘ਚ ਉਹ, ਉਨ੍ਹਾਂ ਦੀਆਂ ਕੀਮਤੀ ਚੀਜ਼ਾਂ-ਵਸਤਾਂ ਇਕੱਠੀਆਂ ਕਰ ਰਹੇ ਸਨ। ਜਦੋਂ ਹੀ ਉਹ ਕਿਸੇ ਦੇ ਕੋਲ ਆਉਂਦੇ ਤਾਂ ਉਹ ਬਟੂਆ, ਸੈਲ ਫੋਨ ਜਾਂ ਹੱਥ ਘੜੀ ਬਗੈਰਾ ਬੈਗ ‘ਚ ਸੁੱਟ ਦਿੰਦਾ। ਫਿਰ ਉਹ ਅਗਲੇ ਜਣੇ ਕੋਲ ਪਹੁੰਚਦੇ। ਉਨ੍ਹਾਂ ਹੈਂਜ਼ੀ ਅਤੇ ਖੈਰੀ ਤੋਂ ਉਨ੍ਹਾਂ ਦਾ ਸੈਲ ਫੋਨ, ਬਟੂਆ ਬਗੈਰਾ ਲੈ ਲਿਆ। ਅਗਾਂਹ ਉਹ ਦਾਊਦ ਮੂਹਰੇ ਜਾ ਖਲੋਤੇ ਪਰ ਉਸ ਨੇ ਉਨ੍ਹਾਂ ਨਾਲ ਅੱਖ ਨਾ ਮਿਲਾਈ ਤੇ ਨਾ ਹੀ ਉਨ੍ਹਾਂ ਦੇ ਹੁਕਮ ਮੁਤਾਬਕ ਆਪਣੀਆਂ ਚੀਜ਼ਾਂ ਉਨ੍ਹਾਂ ਦੇ ਹਵਾਲੇ ਕੀਤੀਆਂ। ਮੇਰਾ ਕਾਲਜਾ ਡੁੱਬ ਗਿਆ, ਕਿਉਂਕਿ ਮੈਂ ਦਾਊਦ ਦੇ ਗੁਸੈਲ ਅਤੇ ਮਾਣਮੱਤੇ ਸੁਭਾਅ ਨੂੰ ਜਾਣਦੀ ਸਾਂ।
ਉਨ੍ਹਾਂ ਦਬਕਾ ਮਾਰਿਆ ਤਾਂ ਦਾਊਦ ਨੇ ਗੁੱਸੇ ‘ਚ ਉਨ੍ਹਾਂ ਵਲ ਵੇਖਿਆ। ਇੰਨੇ ਨੂੰ ਇਕ ਜਣੇ ਨੇ ਦਾਊਦ ਦਾ ਘੜੀ ਵਾਲਾ ਹੱਥ ਮਰੋੜ ਕੇ ਘੜੀ ਉਤਾਰਨੀ ਚਾਹੀ। ਇਸ ‘ਤੇ ਦਾਊਦ ਦਾ ਗੁੱਸਾ ਫਟ ਗਿਆ। ਉਹ ਮਿਲੀਟੈਂਟ ਨੂੰ ਧੱਕਾ ਦਿੰਦਿਆਂ ਉਸ ਦੇ ਗਲ ਨੂੰ ਪੈ ਗਿਆ। ਦੂਸਰੇ ਮਿਲੀਟੈਂਟ ਨੇ ਉਸ ਦੇ ਬੰਦੂਕ ਦਾ ਬੱਟ ਮਾਰਿਆ। ਫਿਰ ਕਿੰਨੇ ਹੀ ਪਾਸਿਆਂ ਤੋਂ ਉਸ ਦੇ ਕੁੱਟ ਪੈਣ ਲੱਗ ਪਈ। ਇਹ ਵੇਖ ਕੇ ਮੇਰੀ ਚੀਕ ਨਿਕਲਣ ਲੱਗੀ ਸੀ ਪਰ ਮਾਂ ਵਲ ਵੇਖਦਿਆਂ ਮੈਂ ਦਰਦ ਅੰਦਰੇ ਦਬਾ ਲਿਆ। ਉਦੋਂ ਨੂੰ ਮਿਲੀਟੈਂਟਾਂ ਨੇ ਦਾਊਦ ਦੇ ਹੱਥ ਪਿੱਛੇ ਬੰਨ੍ਹ ਕੇ ਟਰੱਕ ‘ਚ ਚੜ੍ਹਾ ਦਿੱਤਾ। ਉਧਰੋਂ ਨਜ਼ਰ ਹਟਾ ਕੇ ਮੈਂ ਪਿੰਡ ਵਲ ਵੇਖਣ ਲੱਗੀ। ਅਜੇ ਲੋਕ ਆ ਰਹੇ ਸਨ। ਜਦੋਂ ਪਿੰਡ ਦੇ ਲੋਕ ਆਉਣੋਂ ਬੰਦ ਹੋ ਗਏ ਤਾਂ ਪਿੱਛੇ ਬਹੁਤ ਸਾਰੇ ਮਿਲੀਟੈਂਟ ਨਜ਼ਰ ਆਏ। ਮੈਂ ਸਮਝ ਗਈ ਕਿ ਇਹ ਸਭ ਲੋਕਾਂ ਨੂੰ ਘਰਾਂ ‘ਚੋਂ ਕੱਢਣ ਲਈ ਗਏ ਸਨ। ਹੁਣ ਸ਼ਾਇਦ ਇਹ ਪਿੰਡ ਖਾਲੀ ਕਰ ਆਏ ਹਨ।
ਬਾਹਰ ਸਕੂਲ ਦੇ ਗਰਾਊਂਡ ਵਿਚ ਮਿਲੀਟੈਂਟ ਸਭ ਤੋਂ ਸਮਾਨ ਇਕੱਠਾ ਕਰ ਹਟੇ। ਫਿਰ ਕਮਾਂਡਰ ਨੇ ਇਸ਼ਾਰਾ ਕੀਤਾ ਤਾਂ ਬਾਹਰੋਂ ਟਰੱਕ ਬੈਕ ਹੋਣ ਲੱਗੇ। ਟਰੱਕ ਅੰਦਰ ਆ ਗਏ ਤਾਂ ਕਮਾਂਡਰ ਨੇ ਬੰਦਿਆਂ ਨੂੰ ਵਾਰੋ-ਵਾਰੀ ਟਰੱਕ ‘ਚ ਚੜ੍ਹਨ ਦਾ ਹੁਕਮ ਦਿੱਤਾ, “ਚਲੋ ਛੇਤੀ ਸਵਾਰ ਹੋਵੋ। ਤੁਹਾਨੂੰ ਪਹਾੜਾਂ ‘ਤੇ ਛੱਡ ਆਈਏ।” ਉਸ ਦੀ ਗੱਲ ਸੁਣ ਕੇ ਬੰਦੇ ਹੌਲੀ-ਹੌਲੀ ਟਰੱਕਾਂ ਵਲ ਖਿਸਕਣ ਲੱਗ ਪਏ। ਪਿੱਛੋਂ ਮਿਲੀਟੈਂਟ ਬੰਦੂਕਾਂ ਦੇ ਬੱਟ ਮਾਰਨ ਲੱਗੇ ਤਾਂ ਸਭ ਕਾਹਲੀ ਨਾਲ ਟਰੱਕਾਂ ‘ਚ ਚੜ੍ਹਨ ਲੱਗੇ। ਬਹੁਤੇ ਭੋਲੇ ਹਾਲੇ ਵੀ ਇਸੇ ਉਮੀਦ ‘ਚ ਸਨ ਕਿ ਉਹ ਸਿੰਜਾਰ ਪਹਾੜਾਂ ‘ਤੇ ਜਾ ਰਹੇ ਹਨ। ਜਦੋਂ ਇਕ ਟਰੱਕ ਭਰ ਗਿਆ ਤਾਂ ਪਿੱਛੋਂ ਬੰਦ ਕਰਕੇ ਉਹ ਬਾਹਰ ਖੜ੍ਹਾ ਕਰ ਦਿੱਤਾ ਤੇ ਫਿਰ ਦੂਸਰਾ ਟਰੱਕ ਭਰਨ ਲੱਗਿਆ।
ਮੈਂ ਵੇਖਿਆ, ਖੈਰੀ ਅਤੇ ਹੈਂਜ਼ੀ ਅੱਗੜ-ਪਿੱਛੜ ਟਰੱਕ ‘ਚ ਚੜ੍ਹ ਰਹੇ ਸਨ। ਉਹ ਡਰ ਨਾਲ ਕੰਬ ਰਹੇ ਸਨ। ਜਿਉਂ ਹੀ ਖੈਰੀ ਨੇ ਟਰੱਕ ਦੀ ਆਖਰੀ ਪੌੜੀ ‘ਤੇ ਪੈਰ ਰੱਖਿਆ ਤਾਂ ਉਸ ਨੇ ਪਿਛਾਂਹ ਮੁੜ ਕੇ ਵੇਖਿਆ। ਉਸ ਦਾ ਚਿਹਰਾ ਪੀਲਾ ਜ਼ਰਦ ਸੀ ਤੇ ਉਸ ਦੀਆਂ ਨਜ਼ਰਾਂ ਸ਼ਾਇਦ ਸਾਨੂੰ ਭਾਲ ਰਹੀਆਂ ਸਨ। ਮੈਂ ਤਾਕੀ ‘ਚੋਂ ਉਸ ਵਲ ਹੌਲੀ ਜਿਹੀ ਹੱਥ ਹਿਲਾਇਆ ਪਰ ਉਸ ਨੂੰ ਨਜ਼ਰ ਨਾ ਆਇਆ ਤੇ ਉਹ ਉਦਾਸ ਜਿਹਾ ਟਰੱਕ ‘ਚ ਵੜ ਗਿਆ। ਇਵੇਂ ਹੀ ਹੈਂਜ਼ੀ ਨੇ ਕੀਤਾ। ਉਹ ਆਖਰੀ ਪੌੜੀ ‘ਤੇ ਰੁਕਦਾ ਪਿੱਛੇ ਮੁੜ ਕੇ ਵੇਖਣ ਲੱਗਾ। ਉਹ ਇਧਰ ਉਧਰ ਝਾਕੀ ਗਿਆ ਪਰ ਜਦੋਂ ਉਸ ਨੂੰ ਸਾਡੇ ‘ਚੋਂ ਕੋਈ ਵੀ ਨਾ ਦਿਸਿਆ ਤਾਂ ਉਹ ਹਰਾਸਿਆ ਜਿਹਾ ਉਥੇ ਹੀ ਖੜ੍ਹੋ ਗਿਆ। ਉਦੋਂ ਹੀ ਪਿੱਛੇ ਖੜ੍ਹੇ ਮਿਲੀਟੈਂਟ ਨੇ ਉਸ ਦੇ ਧੱਫਾ ਮਾਰਿਆ। ਹੈਂਜ਼ੀ ਬੁਛਾੜ ਪਰਨੇ ਟਰੱਕ ‘ਚ ਜਾ ਡਿੱਗਿਆ। ਮੇਰੀ ਭੁੱਬ ਨਿੱਕਲੀ ਪਰ ਮੈਂ ਮੂੰਹ ‘ਤੇ ਹੱਥ ਧਰਦਿਆਂ ਰੋਣਾ ਅੰਦਰੇ ਦਬਾ ਲਿਆ। ਇਹ ਟਰੱਕ ਵੀ ਭਰ ਗਿਆ ਸੀ। ਇਸ ਨੂੰ ਵੀ ਬਾਹਰ ਕੱਢ ਕੇ ਖੜ੍ਹਾ ਕਰ ਦਿੱਤਾ, ਫਿਰ ਹੋਰ ਟਰੱਕ ਭਰਨ ਲੱਗੇ।
ਜਦੋਂ ਸਾਰੇ ਟਰੱਕ ਭਰ ਗਏ ਤਾਂ ਕਮਾਂਡਰ ਦੇ ਹੁਕਮ ‘ਤੇ ਇਕ-ਇਕ ਕਰ ਕੇ ਅੱਗੜ-ਪਿੱਛੜ ਟਰੱਕ ਤੁਰ ਗਏ। ਉਨ੍ਹਾਂ ਦੇ ਮਗਰ ਕਮਾਂਡਰ ਨੇ ਆਪਣੀ ਜੀਪ ਲਾ ਲਈ। ਸਭ ਔਰਤਾਂ ਉਚੀ ਸਿਰ ਚੁੱਕ ਕੇ ਆਪਣੇ ਮਰਦਾਂ ਨੂੰ ਜਾਂਦਿਆਂ ਵੇਖਦੀਆਂ ਰਹੀਆਂ। ਟਰੱਕ ਸੜਕ ਛੱਡ ਕੇ ਖੇਤਾਂ ਵਲ ਹੋ ਗਏ ਅਤੇ ਥੋੜ੍ਹੀ ਦੇਰ ‘ਚ ਅੱਖਾਂ ਤੋਂ ਓਝਲ ਹੋ ਗਏ। ਕੋਈ ਪੰਦਰਾਂ ਕੁ ਮਿੰਟਾਂ ਬਾਅਦ ਲਗਾਤਾਰ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਮੈਨੂੰ ਲੱਗਾ, ਜਿਵੇਂ ਕਿਸੇ ਨੇ ਕਾਲਜਾ ਰੁੱਗ ਭਰ ਕੇ ਬਾਹਰ ਖਿੱਚ ਲਿਆ ਹੋਵੇ। ਜੋ ਡਰ ਸੀ, ਉਹ ਸੱਚ ਹੋ ਗਿਆ ਸੀ। ਅੰਦਰ ਚੀਕ ਚਿਹਾੜਾ ਮੱਚ ਗਿਆ। ਸਭ ਔਰਤਾਂ ਉਚੀ-ਉਚੀ ਰੋਣ-ਕੁਰਲਾਉਣ ਲੱਗੀਆਂ। ਮਿਲੀਟੈਂਟ ਦਬਕੇ ਮਾਰਦੇ ਚੁੱਪ ਕਰਵਾ ਰਹੇ ਸਨ ਪਰ ਔਰਤਾਂ ਦਾ ਰੋਣਾ ਉਚਾ ਹੋ ਰਿਹਾ ਸੀ। ਫਿਰ ਅਗਲਿਆਂ ਨੇ ਬੰਦੂਕਾਂ ਦੀਆਂ ਹੁੱਝਾਂ ਮਾਰ-ਮਾਰ ਕੇ ਔਰਤਾਂ ਨੂੰ ਚੁੱਪ ਕਰਵਾਉਣਾ ਸ਼ੁਰੂ ਕਰ ਦਿੱਤਾ। ਉਹ ਫਿਰ ਵੀ ਚੁੱਪ ਨਾ ਹੋਈਆਂ ਤਾਂ ਇਕ ਮਿਲੀਟੈਂਟ ਨੇ ਬੰਦੂਕ ਦੇ ਫਾਇਰ ਸ਼ੁਰੂ ਕਰ ਦਿੱਤੇ। ਇਸ ਨਾਲ ਇਕਦਮ ਚੁੱਪ ਪਸਰ ਗਈ। ਕਿਸੇ ਨੇ ਇਹ ਵੇਖਣ ਲਈ ਸਿਰ ਉਚਾ ਵੀ ਨਾ ਕੀਤਾ ਕਿ ਗੋਲੀ ਕਿਸ ਦੇ ਲੱਗੀ ਹੈ। ਇਹ ਸਿਰਫ ਹਵਾਈ ਫਾਇਰ ਸਨ। ਮੈਂ ਵੇਖਿਆ, ਮਾਂ ਚੁੰਨੀ ‘ਚ ਮੂੰਹ ਕਰ ਕੇ ਕੁਰਲਾ ਰਹੀ ਸੀ, “ਉਨ੍ਹਾਂ ਮੇਰੇ ਪੁੱਤਰਾਂ ਨੂੰ ਮਾਰ ਸੁੱਟਿਆ ਵੇ ਲੋਕੋ, ਹਾਏ ਮੈਂ ਮਰ ਗਈ ਵੇ…।”
ਉਸ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਸ਼ਾਮੀ ਅੰਮਾ ਨੇ ਹੌਲੀ ਦੇਣੇ ਕਿਹਾ, “ਸਾਇਰਾ ਬੀਬੀ, ਜੋ ਹੋ ਗਿਆ, ਉਸ ਨੂੰ ਭੁੱਲ ਜਾਵੋ। ਇਹ ਸੋਚੋ ਕਿ ਇਸ ਵੇਲੇ ਜੋ ਕੁਛ ਪਿੱਛੇ ਰਹਿ ਗਿਆ ਐ, ਉਹ ਕਿਵੇਂ ਬਚਾਉਣਾ ਐ। ਆਪਣੇ ਆਪ ਨੂੰ ਕਿਵੇਂ ਜਿੰਦਾ ਰੱਖਣਾ ਐ।”
ਮਾਂ ਨੇ ਹੰਝੂ ਪੂੰਝੇ ਤੇ ਆਲੇ-ਦੁਆਲੇ ਬੈਠੇ ਆਪਣੇ ਬੱਚਿਆਂ ਦੇ ਚਿਹਰਿਆਂ ਵਲ ਵੇਖਿਆ। ਹਰ ਦੀ ਨਿਗਾਹ ਉਸੇ ‘ਤੇ ਜੰਮੀ ਹੋਈ ਸੀ। ਉਸ ਨੇ ਨਜ਼ਰਾਂ ਦੇ ਇਸ਼ਾਰੇ ਨਾਲ ਹੀ ਸਭ ਨੂੰ ਹੌਸਲਾ ਰੱਖਣ ਨੂੰ ਕਿਹਾ। ਸੜਕ ਵਲੋਂ ਖੜਕਾ ਸੁਣਿਆ ਤਾਂ ਮੈਂ ਉਧਰ ਨਜ਼ਰ ਘੁਮਾਈ। ਸਾਰੇ ਟਰੱਕ ਅਤੇ ਕਮਾਂਡਰ ਦੀ ਜੀਪ ਮੁੜੇ ਆਉਂਦੇ ਦਿਸੇ। ਉਹ ਖੂਨੀ ਖੇਡ, ਖੇਡ ਕੇ ਵਾਪਸ ਪਰਤ ਆਏ ਸਨ। ਹੇਠਾਂ ਤੋਂ ਕੰਮ ਨਬੇੜ ਕੇ ਕਮਾਂਡਰ ਅੰਦਰ ਔਰਤਾਂ ਵਲ ਤੁਰ ਪਿਆ। ਕੋਲ ਆ ਕੇ ਉਸ ਨੇ ਹੁਕਮ ਸੁਣਾਇਆ, “ਚਲੋ ਸਭ, ਟਰੱਕਾਂ ‘ਚ ਸਵਾਰ ਹੋਵੋ। ਉਠੋ ਛੇਤੀ।”
ਉਸ ਦੇ ਹੁਕਮ ‘ਤੇ ਸਭ ਉਠ ਕੇ ਹੌਲੀ-ਹੌਲੀ ਬਾਹਰ ਨੂੰ ਜਾਣ ਲੱਗੀਆਂ। ਉਹ ਤੇਜ਼ ਤੁਰਨ ਦਾ ਕਹਿ ਰਹੇ ਸਨ ਪਰ ਦੁੱਖ ਦੀਆਂ ਝੰਬੀਆਂ ਔਰਤਾਂ ਦਾ ਉਨ੍ਹਾਂ ਵਲ ਕੋਈ ਧਿਆਨ ਨਹੀਂ ਸੀ। ਉਹ ਉਵੇਂ ਹੀ ਪੈਰ ਘੜੀਸਦੀਆਂ ਹੌਲੀ-ਹੌਲੀ ਤੁਰੀਆਂ ਗਈਆਂ। ਮਿਲੀਟੈਂਟ ਸਭ ਨੂੰ ਟਰੱਕਾਂ ‘ਚ ਚੜ੍ਹਾਉਣ ਲੱਗੇ। ਪਹਿਲਾ ਟਰੱਕ ਭਰ ਗਿਆ। ਮੈਂ, ਜ਼ਾਹਰਾ, ਜ਼ੀਨਤ ਅਤੇ ਫੌਜ਼ੀਆ ਟਰੱਕ ‘ਚ ਚੜ੍ਹ ਚੁੱਕੀਆਂ ਸਾਂ ਪਰ ਮਾਂ ਅਜੇ ਪਿੱਛੇ ਹੀ ਸੀ। ਅਸੀਂ ਕੋਸ਼ਿਸ਼ ਕੀਤੀ ਕਿ ਮਾਂ ਨੂੰ ਅਗਾਂਹ ਲੈ ਆਈਏ ਪਰ ਮਿਲੀਟੈਂਟਾਂ ਨੇ ਸਾਡੀ ਇਕ ਨਾ ਚੱਲਣ ਦਿੱਤੀ ਤੇ ਟਰੱਕ ਦਾ ਦਰਵਾਜਾ ਬੰਦ ਕਰ ਦਿੱਤਾ। ਅਸੀਂ ਮਨ ਮਸੋਸ ਕੇ ਰਹਿ ਗਈਆਂ। ਟਰੱਕ ਤੁਰ ਪਿਆ। ਡਰਾਈਵਰ ਨੇ ਇਕਦਮ ਟਰੱਕ ਤੇਜ਼ ਕਰ ਦਿੱਤਾ। ਊਬੜ-ਖਾਬੜ ਰਸਤਾ ਸੀ ਅਤੇ ਅਸੀਂ ਇਕ ਦੂਜੀ ਦੇ ਉਤੋਂ ਦੀ ਇੱਧਰ-ਉਧਰ ਡਿਗਦੀਆਂ ਚੀਕਾਂ ਮਾਰਨ ਲੱਗੀਆਂ ਪਰ ਡਰਾਈਵਰ ਨੇ ਕੋਈ ਪਰਵਾਹ ਨਾ ਕੀਤੀ। ਜਦੋਂ ਤੱਕ ਸੜਕ ਨਾ ਆ ਗਈ, ਅਸੀਂ ਉਵੇਂ ਹੀ ਇੱਧਰ-ਉਧਰ ਡਿਗਦੀਆਂ ਗਈਆਂ। ਫਿਰ ਥੋੜ੍ਹਾ ਸੌਖਾ ਸਾਹ ਆਇਆ ਤਾਂ ਭੁੱਖ ਪਿਆਸ ਵਲ ਧਿਆਨ ਗਿਆ। ਭੁੱਖ ਲਈ ਤਾਂ ਕੋਲ ਕੁਝ ਨਹੀਂ ਸੀ ਪਰ ਬੋਤਲ ਕੱਢ ਕੇ ਕੁਝ ਘੁੱਟਾਂ ਪਾਣੀ ਦੀਆਂ ਪੀ ਲਈਆਂ।
ਬਾਹਰ ਨਜ਼ਰ ਮਾਰੀ ਤਾਂ ਪਤਾ ਲੱਗਾ ਕਿ ਟਰੱਕ ਸਿੰਜਾਰ ਪਹਾੜਾਂ ਵਲ ਜਾ ਰਿਹਾ ਸੀ। ਮਨ ‘ਚ ਉਮੀਦ ਜਿਹੀ ਜਾਗੀ ਕਿ ਪਰਿਵਾਰਾਂ ਦੇ ਮਰਦ ਮੈਂਬਰ ਨਾਲ ਤਾਂ ਪਤਾ ਨਹੀਂ ਕੀ ਵਾਪਰਿਆ, ਚਲੋ ਕਮ ਸੇ ਕਮ ਸਾਨੂੰ ਤਾਂ ਉਥੇ ਲਿਜਾਇਆ ਜਾ ਰਿਹਾ ਹੈ। ਜਦੋਂ ਟਰੱਕ, ਪਹਾੜ ਦੇ ਬਿਲਕੁਲ ਕੋਲ ਜਾ ਕੇ ਖੱਬੇ ਹੱਥ ਮੁੜ ਗਿਆ ਤਾਂ ਸਭ ਉਮੀਦਾਂ ਖਤਮ ਹੋ ਗਈਆਂ। ਕੋਈ ਘੰਟੇ ਭਰ ਪਿੱਛੋਂ ਟਰੱਕ ਸਿੰਜਾਰ ਸ਼ਹਿਰ ਦੀ ਹੱਦ ‘ਚ ਦਾਖਲ ਹੋ ਗਿਆ। ਸ਼ਹਿਰ ‘ਚ ਪਹੁੰਚ ਕੇ ਵੇਖਿਆ, ਸਭ ਕੁਝ ਆਮ ਵਾਂਗ ਹੀ ਦਿਸ ਰਿਹਾ ਸੀ। ਪਹਿਲਾਂ ਵੀ ਇਸ ਸ਼ਹਿਰ ‘ਚ ਬਹੁਤ ਵਾਰ ਆਏ ਸਾਂ। ਸ਼ਹਿਰ ‘ਚ ਕੋਈ ਖਾਸ ਤਬਦੀਲੀ ਨਾ ਦਿਸੀ, ਸਿਰਫ ਇਕ ਗੱਲ ਦੇ ਕਿ ਹਰ ਪਾਸੇ ਇਸਲਾਮਕ ਸਟੇਟ ਵਾਲੇ ਹਰਲ-ਹਰਲ ਕਰਦੇ ਫਿਰਦੇ ਸਨ। ਫਿਰ ਉਮੀਦ ਹੋਈ ਕਿ ਸ਼ਾਇਦ ਸਾਨੂੰ ਸ਼ਹਿਰ ‘ਚ ਹੀ ਛੱਡ ਦੇਣ ਪਰ ਟਰੱਕ ਸ਼ਹਿਰ ‘ਚੋਂ ਲੰਘਦਾ ਅਗਾਂਹ ਤੁਰ ਗਿਆ। ਅੱਧੇ ਕੁ ਘੰਟੇ ਬਾਅਦ ਟਰੱਕ ਰੁਕਿਆ ਤਾਂ ਵੇਖਿਆ ਕਿ ਇਹ ਕਿਸੇ ਵਿਦਿਅਕ ਅਦਾਰੇ ਦੀ ਬਿਲਡਿੰਗ ਸੀ। ਸਾਨੂੰ ਹੇਠਾਂ ਉਤਾਰਿਆ ਗਿਆ ਤਾਂ ਪਤਾ ਲੱਗਾ ਕਿ ਸੁਲਾਘ ਇੰਸਟੀਚਿਊਟ ਹੈ। ਕਾਲਜ ਖਾਲੀ ਸੀ ਤੇ ਵੱਡੇ ਕਮਰੇ ਵਿਹਲੇ ਪਏ ਸਨ। ਸਾਨੂੰ ਉਤਾਰ ਕੇ ਵੱਡੇ ਹਾਲ ਕਮਰੇ ਅੰਦਰ ਬਿਠਾ ਦਿੱਤਾ ਗਿਆ। ਥੋੜ੍ਹੀ ਦੇਰ ਹੀ ਹੋਈ ਸੀ ਕਿ ਦੂਸਰੇ ਟਰੱਕ ਦੇ ਸਵਾਰ ਵੀ ਆ ਗਏ। ਮੈਂ ਉਤਰਨ ਵਾਲਿਆਂ ਵਲ ਵੇਖ ਰਹੀ ਸਾਂ। ਜਦੋਂ ਮਾਂ ਬੱਚਿਆਂ ਸਮੇਤ ਨਜ਼ਰ ਆਈ ਤਾਂ ਮਨ ਨੂੰ ਸਕੂਨ ਜਿਹਾ ਆ ਗਿਆ। ਉਸ ਦੇ ਪਿੱਛੇ ਸ਼ਾਮੀ ਅੰਮਾ ਸੀ। ਸਭ ਨੂੰ ਸਾਡੇ ਕਮਰੇ ਅੰਦਰ ਹੀ ਭੇਜ ਦਿੱਤਾ ਗਿਆ। ਅਸੀਂ ਮਾਂ ਨੂੰ ਚੰਬੜ ਗਈਆਂ ਪਰ ਮਾਂ ਚੁੱਪ ਸੀ। ਉਸ ਦਾ ਚਿਹਰਾ ਭਾਵ ਰਹਿਤ ਸੀ।
ਸਾਰਾ ਪਰਿਵਾਰ ਮਾਂ ਦੇ ਆਲੇ-ਦੁਆਲੇ ਬਹਿ ਗਿਆ। ਆਸੇ ਪਾਸੇ ਹੋਰ ਕਈ ਔਰਤਾਂ ਸਨ। ਸਭ ਰੋ ਰਹੀਆਂ ਸਨ। ਕੁਝ ਤਾਂ ਉਚੀ-ਉਚੀ ਕੀਰਨੇ ਪਾਉਣ ਲੱਗ ਜਾਂਦੀਆਂ ਤੇ ਫਿਰ ਇਸਲਾਮਕ ਸਟੇਟ ਵਾਲੇ ਬੰਦੂਕਾਂ ਦੀਆਂ ਹੁੱਝਾਂ ਮਾਰ ਮਾਰ ਕੇ ਚੁੱਪ ਕਰਵਾਉਂਦੇ। ਇੰਨੇ ਨੂੰ ਖਾਣ ਲਈ ਚੌਲ ਤੇ ਚਿਪਸ ਵਗੈਰਾ ਅਤੇ ਪਾਣੀ ਦੀ ਇਕ-ਇਕ ਬੋਤਲ ਦਿੱਤੀ ਗਈ ਪਰ ਕੁਝ ਵੀ ਅੰਦਰ ਨਾ ਲੰਘਿਆ। ਐਵੇਂ ਇਕ-ਅੱਧ ਬੁਰਕੀ ਖਾ ਕੇ ਬਾਕੀ ਸੁੱਟ ਦਿੱਤਾ। ਪਾਣੀ ਦੀਆਂ ਬੋਤਲਾਂ ਸੰਭਾਲ ਕੇ ਰੱਖ ਲਈਆਂ। ਸ਼ਾਮ ਪੈ ਗਈ ਸੀ, ਇਕ ਮਿਲੀਟੈਂਟ ਆਇਆ। ਉਸ ਨੇ ਆਲੇ-ਦੁਆਲੇ ਵੇਖਦਿਆਂ ਹਾਲ ਕਮਰੇ ਦਾ ਜਾਇਜ਼ਾ ਲਿਆ ਤੇ ਫਿਰ ਕੁਰੱਖਤ ਆਵਾਜ਼ ‘ਚ ਬੋਲਿਆ, “ਮੇਰਾ ਨਾਂ ਅਬੂ ਬਾਤ ਐ। ਹੁਣ ਤੁਹਾਡੀ ਸਭ ਦੀ ਜ਼ਿੰਮਵਾਰੀ ਮੇਰੀ ਐ। ਅੱਜ ਦੀ ਰਾਤ ਇਥੇ ਈ ਰੁਕਣਾ ਐ। ਖਬਰਦਾਰ ਕਿਸੇ ਨੇ ਕੋਈ ਚੂੰ-ਚਾਂ ਕੀਤੀ ਤਾਂ।”
ਗੱਲ ਸੁਣਦਿਆਂ ਹੀ ਇਕ ਵਾਰ ਤਾਂ ਚੁੱਪ ਪਸਰ ਗਈ। ਨਾਲ ਹੀ ਇਹ ਧਰਵਾਸਾ ਵੀ ਮਿਲਿਆ ਕਿ ਚਲੋ ਅੱਜ ਦੀ ਰਾਤ ਤਾਂ ਸਾਰੇ ਇਕੱਠੇ ਗੁਜ਼ਾਰਾਂਗੇ। ਉਹ ਫਿਰ ਬੋਲਿਆ, “ਇਸ ਹਾਲ ਕਮਰੇ ਦੇ ਬਾਹਰ ਬਾਥਰੂਮ ਨੇ। ਵੱਡੇ ਦਰਵਾਜੇ ਬੰਦ ਰਹਿਣਗੇ ਪਰ ਬਾਹਰ ਸਾਡਾ ਪਹਿਰਾ ਰਹੇਗਾ। ਕਿਸੇ ਨੇ ਵੀ ਭੱਜਣ ਨੱਸਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਹੋਰ ਮੁਸ਼ਕਿਲ ਖੜ੍ਹੀ ਕੀਤੀ ਤਾਂ ਸਿਰ ‘ਚੋਂ ਦੀ ਗੋਲੀ ਕੱਢ ਦੂੰ।”
ਇੰਨਾ ਆਖ ਉਹ ਹਾਲ ਕਮਰੇ ‘ਚੋਂ ਬਾਹਰ ਗਿਆ ਅਤੇ ਮੁੱਖ ਕਮਰੇ ਨੂੰ ਜੰਦਰਾ ਮਾਰ ਦਿੱਤਾ। ਅੰਦਰ ਅੰਤਾਂ ਦੀ ਗਰਮੀ ਸੀ, ਉਪਰੋਂ ਚਾਰ-ਚਾਰ ਜੋੜੀ ਕੱਪੜੇ ਪਾਏ ਹੋਏ ਸਨ। ਛੱਤ ਵਾਲੇ ਪੱਖੇ ਚੱਲ ਰਹੇ ਸਨ। ਇਹ ਵੇਖ ਕੇ ਹੈਰਾਨੀ ਹੋਈ ਕਿ ਸਾਡੇ ਪਿੰਡਾਂ ਵਲ ਤਾਂ ਬਿਜਲੀ ਦੋ ਹਫਤੇ ਪਹਿਲਾਂ ਗਈ ਮੁੜ ਕੇ ਨਹੀਂ ਆਈ ਸੀ। ਹੁਣ ਅਹਿਸਾਸ ਹੋਇਆ ਕਿ ਉਹ ਸ਼ਾਇਦ ਇਸਲਾਮਕ ਸਟੇਟ ਵਾਲਿਆਂ ਨੇ ਜਾਣ ਬੁੱਝ ਕੇ ਬੰਦ ਕੀਤੀ ਹੋਵੇਗੀ ਤਾਂ ਲੋਕਾਂ ਨੂੰ ਤੰਗ ਕਰਦਿਆਂ ਉਨ੍ਹਾਂ ‘ਤੇ ਦਬਾਅ ਪਾਇਆ ਜਾ ਸਕੇ। ਗਰਮੀ ਭਾਵੇਂ ਕਾਫੀ ਸੀ ਪਰ ਪੱਖਿਆਂ ਕਰਕੇ ਕੁਝ ਆਰਾਮ ਮਿਲ ਰਿਹਾ ਸੀ। ਮੈਂ ਆਲੇ-ਦੁਆਲੇ ਨਜ਼ਰ ਮਾਰੀ। ਛੋਟੇ ਜੁਆਕ ਤਾਂ ਟੂਲੇ ਲੈ ਰਹੇ ਸਨ ਪਰ ਵੱਡੇ ਨਿੰਮੋਝੂਣੋ ਹੋਏ ਨੀਵੀਆਂ ਪਾਈ ਬੈਠੇ ਸਨ। ਮਾਂ ਉਵੇਂ ਜਿਵੇਂ ਗੁੰਮ-ਸੁੰਮ ਸੀ। ਕੋਈ ਕਿਸੇ ਨੂੰ ਕੀ ਧਰਵਾਸਾ ਦੇ ਸਕਦਾ ਸੀ, ਹਰ ਕੋਈ ਤਾਂ ਖੁਦ ਪ੍ਰੇਸ਼ਾਨ ਸੀ, ਟੁੱਟਿਆ ਹੋਇਆ ਸੀ। ਫਿਰ ਮੈਂ ਸ਼ਾਮੀ ਅੰਮਾ ਵਲ ਨਜ਼ਰ ਮਾਰੀ। ਉਹ ਅੱਖਾਂ ਮੀਚੀ ਪ੍ਰਾਰਥਨਾ ਕਰ ਰਹੀ ਸੀ। ਉਠ ਕੇ ਬਾਹਰ ਵੇਖਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲੀ ਕਿਉਂਕਿ ਸ਼ੀਸ਼ੇ ਬਾਰੀਆਂ, ਕਾਗਜ਼ ਲਾ ਕੇ ਢਕੇ ਹੋਏ ਸਨ। ਰਾਤ ਬੀਤਣ ਲੱਗੀ, ਪਰ ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ। ਦਿਨ ਵੇਲੇ ਪਿੰਡ ਦੇ ਸਕੂਲ ‘ਚ ਹੋਇਆ ਬੀਤਿਆ ਵਾਰ-ਵਾਰ ਅੱਖਾਂ ਮੂਹਰਿਉਂ ਲੰਘ ਰਿਹਾ ਸੀ। ਬਿੰਦੇ ਝੱਟੇ ਖੈਰੀ, ਹੈਂਜ਼ੀ ਤੇ ਦਾਊਦ ਦੀਆਂ ਸ਼ਕਲਾਂ ਅੱਖਾਂ ਮੂਹਰੇ ਆ ਜਾਂਦੀਆਂ ਤਾਂ ਹੰਝੂ ਡੁੱਲ੍ਹਣ ਲੱਗ ਪੈਂਦੇ। ਮਨ ਪਿੰਡ ਦੀਆਂ ਗਲੀਆਂ ‘ਚ ਹੀ ਘੁੰਮ ਰਿਹਾ ਸੀ।
ਦੂਰੋਂ ਕਿਧਰੋਂ ਮਸਜਿਦ ‘ਚੋਂ ਫਜ਼ਰ ਦੀ ਨਮਾਜ਼ ਲਈ ਬਾਂਗ ਸੁਣੀ ਤਾਂ ਖਿਆਲਾਂ ਦੀ ਲੜੀ ਭੰਗ ਹੋਈ। ਅੰਦਾਜ਼ਾ ਹੋਇਆ ਕਿ ਵੱਡਾ ਤੜਕਾ ਹੋ ਚੁਕਾ ਹੈ। ਦਿਨ ਚੜ੍ਹਿਆ ਤਾਂ ਤਾਕੀਆਂ ਦੇ ਬਾਹਰ ਚਾਨਣ ਦਿਸਣ ਲੱਗਾ। ਅੱਠ ਕੁ ਵਜੇ ਮਿਲੀਟੈਂਟ ਪਾਣੀ ਅਤੇ ਉਬਲੇ ਚੌਲ ਲੈ ਕੇ ਆ ਗਏ। ਉਹ ਥੋੜ੍ਹੇ-ਥੋੜ੍ਹੇ ਚੌਲ ਅਤੇ ਪਾਣੀ ਦੀ ਇਕ-ਇਕ ਬੋਤਲ ਸਭ ਨੂੰ ਦੇ ਗਏ। ਜਾਂਦੇ ਹੋਏ ਕਹਿ ਗਏ ਕਿ ਥੋੜ੍ਹੀ ਦੇਰ ‘ਚ ਵਾਪਸ ਆਉਣਗੇ। ਫਿਰ ਕਈ ਘੰਟੇ ਲੰਘ ਗਏ ਪਰ ਕੋਈ ਮੁੜ ਕੇ ਨਾ ਆਇਆ। ਸਾਰਾ ਦੁਪਹਿਰਾ ਕਮਰਿਆਂ ਅੰਦਰ ਤੜੇ ਮੱਚਦੇ ਰਹੇ। ਆਖਰ ਦਿਨ ਢਲੇ ਦਰਵਾਜਾ ਖੁੱਲ੍ਹਿਆ ਅਤੇ ਕਈ ਮਿਲੀਟੈਂਟ ਅੰਦਰ ਦਾਖਲ ਹੋਏ। ਉਨ੍ਹਾਂ ਨਾਲ ਕੋਈ ਵੱਡਾ ਕਮਾਂਡਰ ਵੀ ਸੀ। ਕਮਾਂਡਰ ਨੇ ਹੁਕਮ ਚਾੜ੍ਹਿਆ, “ਜੁਆਕਾਂ ਵਾਲੀਆਂ ਔਰਤਾਂ ਇਕ ਪਾਸੇ ਹੋ ਜਾਣ।”
ਉਸ ਦੀ ਗੱਲ ਸੁਣ ਕੇ ਜਦੋਂ ਕੋਈ ਨਾ ਉਠੀ ਤਾਂ ਉਸ ਨੇ ਦਬਕਾ ਮਾਰਿਆ। ਔਰਤਾਂ ਹੌਲੀ-ਹੌਲੀ ਉਠਦੀਆਂ ਜੁਆਕਾਂ ਨੂੰ ਸੰਭਾਲਣ ਲੱਗੀਆਂ। ਮਾਂ ਨੇ ਨੂਰੀ ਨੂੰ ਗੋਦੀ ਚੁੱਕ ਲਿਆ ਅਤੇ ਵਾਲਿਦ ਖਾਲਿਦ ਹੋਰਾਂ ਦੀ ਬਾਂਹ ਫੜੀ ਦੂਜੇ ਪਾਸੇ ਜਾ ਬੈਠੀ। ਸ਼ਾਮੀ ਅੰਮਾ ਨੇ ਵੀ ਹਾਜ਼ਮ ਨੂੰ ਨਾਲ ਲਿਆ ਤੇ ਮਾਂ ਕੋਲ ਚਲੀ ਗਈ। ਜਦੋਂ ਸਾਰੀਆਂ ਔਰਤਾਂ ਦੋ ਗਰੁਪਾਂ ‘ਚ ਵਟ ਗਈਆਂ ਤਾਂ ਕਮਾਂਡਰ ਅਗਾਂਹ ਆਇਆ। ਉਹ ਥੋੜ੍ਹੇ ਵੱਡੇ ਮੁੰਡਿਆਂ ਨੂੰ ਉਠਾਉਂਦਾ ਬਾਹਰ ਕੱਢਣ ਲੱਗਾ। ਮਾਂਵਾਂ ਨੇ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਹਰ ਚਾਰਾਜੋਈ ਕੀਤੀ ਪਰ ਬਹੁਤੀਆਂ ਕਾਮਯਾਬ ਨਾ ਹੋਈਆਂ। ਮਾਂ ਨੇ ਵਾਲਿਦ ਅਤੇ ਖਾਲਿਦ ਦੀਆਂ ਘੁੱਟ ਕੇ ਬਾਂਹਾਂ ਫੜ ਲਈਆਂ ਪਰ ਕਮਾਂਡਰ ਨੇ ਮਾਂ ਨੂੰ ਤੋੜ ਕੇ ਪਾਸੇ ਸੁੱਟਿਆ ਤੇ ਵਾਲਿਦ ਹੋਰਾਂ ਨੂੰ ਬਾਹਰ ਲੈ ਗਏ।
ਫਿਰ ਕਮਾਂਡਰ ਜੁਆਕਾਂ ਵਾਲੀਆਂ ਔਰਤਾਂ ਵਲ ਗਿਆ। ਉਹ ਹਰ ਜੁਆਕ ਵਲ ਗਹੁ ਨਾਲ ਝਾਕਦਾ ਮੁਆਇਨਾ ਕਰਨ ਲੱਗਾ। ਕਈ ਹੋਰ ਮੁੰਡਿਆਂ ਨੂੰ ਉਸ ਨੇ ਮਾਂਵਾਂ ਕੋਲੋਂ ਉਠਾ ਕੇ ਬਾਹਰ ਨੂੰ ਤੋਰ ਦਿੱਤਾ। ਮਾਂਵਾਂ ਰੋਂਦੀਆਂ ਕਹਿ ਰਹੀਆਂ ਸਨ ਕਿ ਇਹ ਤਾਂ ਅਜੇ ਜੁਆਕ ਹਨ ਪਰ ਉਨ੍ਹਾਂ ਕਿਸੇ ਦੀ ਪ੍ਰਵਾਹ ਨਾ ਮੰਨੀ। ਕਮਾਂਡਰ ਨੇ ਸ਼ਾਮੀ ਅੰਮਾ ਕੋਲ ਬੈਠੇ ਹਾਜ਼ਮ ਨੂੰ ਖੜ੍ਹਾ ਕੀਤਾ ਤਾਂ ਅੰਮਾ ਨੇ ਕਿਹਾ ਕਿ ਇਹ ਤਾਂ ਬਹੁਤ ਛੋਟਾ ਹੈ। ਇਸ ‘ਤੇ ਕਮਾਂਡਰ ਨੇ ਹਾਜ਼ਮ ਨੂੰ ਬਾਂਹਾਂ ਉਪਰ ਚੁੱਕਣ ਲਈ ਕਿਹਾ। ਸ਼ਾਇਦ ਇਹ ਵੇਖ ਕੇ ਕਿ ਉਸ ਦੀਆਂ ਕੱਛਾਂ ‘ਚ ਅਜੇ ਲੂੰਈ ਵੀ ਨਹੀਂ ਫੁੱਟੀ, ਉਸ ਨੇ ਉਸ ਨੂੰ ਬੈਠਣ ਲਈ ਕਹਿ ਦਿੱਤਾ। ਅਸੀਂ ਸ਼ੁਕਰ ਮਨਾਇਆ ਕਿ ਚਲੋ ਇਹ ਬੱਚਾ ਤਾਂ ਮਾਂ ਕੋਲ ਰਹੇਗਾ। ਮੇਰੀ ਭਰਜਾਈ ਜਿਨਾਲ ਵੀ ਕੁਝ ਹੀ ਦਿਨਾਂ ਦੇ ਬੱਚੇ ਨੂੰ ਗੋਦੀ ਚੁੱਕੀ ਮਾਂ ਹੋਰਾਂ ਮਗਰ ਚਲੀ ਗਈ ਸੀ। ਕਮਾਂਡਰ ਦਾ ਅਗਲਾ ਹੁਕਮ ਆਇਆ, “ਸਭ ਜੁਆਨ ਕੁੜੀਆਂ ਬਾਹਰ ਚੱਲੋ।” ਅਸੀਂ ਸਭ ਕੰਬ ਗਈਆਂ। ਡਾਢਿਆਂ ਅੱਗੇ ਕੋਈ ਜ਼ੋਰ ਨਹੀਂ ਸੀ। ਮੈਂ, ਜ਼ਾਹਰਾ, ਜ਼ੀਨਤ ਅਤੇ ਮੇਰੀ ਸਹੇਲੀ ਫੌਜ਼ੀਆ ਨਾਲ-ਨਾਲ ਰਹਿਣ ਦੀ ਕੋਸ਼ਿਸ ‘ਚ ਇਕ ਦੂਜੀ ਦੇ ਨਾਲ-ਨਾਲ ਰਹੀਆਂ। ਬਾਹਰ ਨਿਕਲੀਆਂ ਤਾਂ ਗਰਾਉਂਡ ‘ਚ ਬੈਠਣ ਦਾ ਹੁਕਮ ਹੋਇਆ। ਬਾਹਰ ਗਰਮੀ ਬਹੁਤ ਸੀ। ਦੂਜੇ ਪਾਸੇ ਨਜ਼ਰ ਮਾਰੀ ਤਾਂ ਵੇਖਿਆ, ਵਾਲਿਦ ਹੋਰੀਂ ਬੈਠੇ ਸਨ। ਫਿਰ ਬਾਹਰੋਂ ਵੱਡੀਆਂ ਬੱਸਾਂ ਆ ਕੇ ਰੁਕੀਆਂ। ਸਭ ਤੋਂ ਪਹਿਲਾਂ ਬੱਚਿਆਂ ਵਾਲੀਆਂ ਔਰਤਾਂ ਨੂੰ ਬੱਸਾਂ ‘ਚ ਚੜ੍ਹਾ ਦਿੱਤਾ ਗਿਆ ਤੇ ਫਿਰ ਮੁੰਡਿਆਂ ਨੂੰ। ਉਨ੍ਹਾਂ ਵਲ ਵੇਖਦਿਆਂ ਮੈਨੂੰ ਇਕਦਮ ਸੁਣੀ ਹੋਈ ਗੱਲ ਯਾਦ ਆ ਗਈ। ਸਰੀਰ ਕੰਬ ਉਠਿਆ। ਸੁਣਦੇ ਸਾਂ ਕਿ ਇਸਲਾਮਕ ਸਟੇਟ ਵਾਲੇ ਇਸ ਉਮਰ ਦੇ ਮੁੰਡਿਆਂ ਨੂੰ ਆਤਮਘਾਤੀ ਦਸਤੇ ਬਣਾਉਂਦੇ ਹਨ। ਹੁਣ ਯਕੀਨ ਹੋ ਗਿਆ ਕਿ ਵਾਲਿਦ ਅਤੇ ਖਾਲਿਦ ਹੋਰੀਂ ਵੀ ਇਕ ਦਿਨ ਖਤਰਨਾਕ ਆਤਮਘਾਤੀ ਬੰਬ ਬਣਨਗੇ। ਇਹ ਖਿਆਲ ਚੱਲ ਹੀ ਰਿਹਾ ਸੀ ਕਿ ਉਨ੍ਹਾਂ ਦੀ ਬੱਸ ਤੁਰ ਪਈ ਪਰ ਗੇਟ ਤੋਂ ਬਾਹਰ ਨਿਕਦਿਆਂ ਹੀ ਬੱਸ ਰੁਕੀ। ਉਦੋਂ ਨੂੰ ਦੂਸਰੀ ਬੱਸ ਵੀ ਤੁਰ ਪਈ ਤੇ ਪਹਿਲੀ ਦੇ ਪਿੱਛੇ ਜਾ ਕੇ ਖੜ੍ਹੋ ਗਈ। ਫਿਰ ਸਾਡੀ ਵਾਰੀ ਆਈ। ਦਿਨ ਤਕਰੀਬਨ ਛੁਪ ਚੁਕਾ ਸੀ। ਉਦੋਂ ਹੀ ਅਬੂ ਬਾਤ ਸਾਡੇ ਵਲ ਆਇਆ। ਮੈਂ ਹੈਰਾਨ ਪ੍ਰੇਸ਼ਾਨ ਹੋ ਗਈ, ਮੈਨੂੰ ਲੱਗਾ ਕਿ ਉਹ ਮੇਰੇ ਵਲ ਹੀ ਆ ਰਿਹਾ ਹੈ ਪਰ ਉਹ ਮੈਥੋਂ ਅੱਗੇ ਖੜ੍ਹੀ ਫੌਜ਼ੀਆ ਕੋਲ ਜਾ ਖੜੋਤਾ। ਕੁਝ ਪਲ ਉਸ ਦੇ ਚਿਹਰੇ ਵਲ ਵੇਖਿਆ, ਫਿਰ ਬੋਲਿਆ, “ਤੂੰ ਮੈਨੂੰ ਬੜੀ ਪਸੰਦ ਐਂ। ਚਾਹੇਂ ਤਾਂ ਤੂੰ ਤੇ ਤੇਰਾ ਪਰਿਵਾਰ ਸਭ ਇਥੇ ਰਹਿ ਸਕਦੇ ਨੇ। ਬਸ ਤੂੰ ਇਕੋ ਕੰਮ ਕਰਨਾ ਐਂ।”
ਫੌਜ਼ੀਆ ਅੱਖਾਂ ਪੁੱਟ ਕੇ ਸੁਆਲੀਆ ਨਜ਼ਰਾਂ ਨਾਲ ਉਸ ਵਲ ਝਾਕੀ ਤਾਂ ਉਹ ਬੋਲਿਆ, “ਤੂੰ ਮੁਸਲਮਾਨ ਹੋ ਜਾ। ਫਿਰ ਤੈਨੂੰ ਮੌਜਾਂ ਹੀ ਮੌਜਾਂ।” ਇੰਨਾ ਆਖ ਉਹ ਉਸ ਦੇ ਚਿਹਰੇ ਵਲ ਵੇਖਣ ਲੱਗਾ। ਫੌਜ਼ੀਆ ਬੋਲੀ ਕੁਝ ਨਾ, ਪਰ ਉਸ ਨੇ ਚਿਹਰੇ ਦੇ ਭਾਵਾਂ ਨੇ ਨਾਂਹ ਕਹਿ ਦਿੱਤੀ। ਇਹ ਵੇਖ ਕੇ ਉਹ ਬੋਲਿਆ, “ਦਫਾ ਹੋ ਪਰ੍ਹੇ।”
ਫਿਰ ਸਾਨੂੰ ਵੀ ਬੱਸ ‘ਚ ਚੜ੍ਹਨ ਦਾ ਹੁਕਮ ਹੋਇਆ। ਅਸੀਂ ਇਕੱਠੀਆਂ ਰਹਿੰਦੀਆਂ ਨਾਲ ਦੀਆਂ ਸੀਟਾਂ ‘ਤੇ ਬੈਠੀਆਂ। ਬੱਸ ਦੇ ਸ਼ੀਸ਼ੇ ਕਾਗਜ਼ ਨਾਲ ਢਕੇ ਹੋਏ ਸਨ। ਆਲੇ-ਦੁਆਲੇ ਕੁਝ ਵੀ ਨਹੀਂ ਦਿਸਦਾ ਸੀ। ਮੈਂ ਸ਼ੀਸ਼ੇ ਵਾਲੇ ਪਾਸੇ ਬਹਿ ਗਈ। ਮੇਰੇ ਖੱਬੇ, ਵਿਚਕਾਰ ਵਲ ਫੌਜ਼ੀਆ ਬੈਠੀ ਸੀ। ਪਿੱਛੇ ਦੀ ਸੀਟ ‘ਤੇ ਜ਼ਾਹਿਰਾ ਅਤੇ ਜ਼ੀਨਤ ਸਨ। ਦੂਸਰੇ ਪਾਸੇ ਦੀ ਸੀਟ ‘ਤੇ ਨਫੀਸਾ ਬੈਠੀ ਸੀ। ਉਹ ਮੇਰੇ ਗੁਆਂਢ ਤੋਂ ਮੇਰੀ ਸਹੇਲੀ ਸੀ। ਨਫੀਸਾ ਅਤੇ ਮੈਂ ਇਕੋ ਕਲਾਸ ‘ਚ ਪੜ੍ਹਦੀਆਂ ਰਹੀਆਂ ਸਾਂ। ਖੈਰ! ਜਦੋਂ ਬੱਸ ਬਿਲਡਿੰਗ ‘ਚੋਂ ਬਾਹਰ ਨਿਕਲੀ ਤਾਂ ਅਹਿਸਾਸ ਹੋਇਆ ਕਿ ਤਿੰਨੇ ਬੱਸਾਂ ਇਕੱਠੀਆਂ ਜਾਣਗੀਆਂ। ਸਾਡੀ ਬੱਸ ਦੇ ਤੁਰਦਿਆਂ ਹੀ ਅਗਲੀਆਂ ਬੱਸਾਂ ਮੂਹਰੇ-ਮੂਹਰੇ ਚੱਲ ਪਈਆਂ।
(ਚਲਦਾ)