ਬਾਬੇ ਨਾਨਕ ਦਾ ਫਲਸਫਾ ਤੇ ਕਰਤਾਰਪੁਰ ਲਾਂਘਾ

ਡਾ. ਪਰਮਜੀਤ ਸਿੰਘ ਕੱਟੂ
ਫੋਨ: 91-70873-20578
ਦੁਨੀਆਂ ਵਿਚ ਜਿਥੇ ਵੀ ਕਿਤੇ ਧਰਤੀ ਦੀ ਵੰਡ ਹੋਈ, ਉਥੇ ਖਿੱਤਿਆਂ ਦੇ ਨਾਂ ਬਦਲ ਗਏ। ਭਾਰਤ ਨਾਲੋਂ ਇਕ ਖਿੱਤਾ ਵੱਖ ਹੋਇਆ ਤਾਂ ਪਾਕਿਸਤਾਨ ਬਣ ਗਿਆ। ਬੰਗਾਲ ਦੀ ਵੰਡ ਹੋਈ ਤਾਂ ਪੱਛਮੀ ਬੰਗਾਲ ਤੇ ਬੰਗਲਾ ਦੇਸ਼ ਬਣ ਗਏ। ਕੋਰੀਆ ਦੀ ਵੰਡ ਹੋਈ ਤਾਂ ਉਤਰੀ ਕੋਰੀਆ ਅਤੇ ਦੱਖਣੀ ਕੋਰੀਆ ਬਣ ਗਏ ਪਰ ਜਦ ਪੰਜਾਬ ਵੰਡਿਆ ਗਿਆ ਤਾਂ ਪੰਜਾਬ, ਪੰਜਾਬ ਹੀ ਰਿਹਾ, ਭਾਵੇਂ ਪੰਜ ਦਰਿਆ ਵੰਡੇ ਗਏ, ਢਾਈ-ਢਾਈ ਰਹਿ ਗਏ। ਇਹ ਰਾਜ਼ ਸਮਝ ਨਾ ਆਇਆ! ਬਹੁਤੀ ਵਾਰ ਸਿਆਣਿਆਂ ਨਾਲ ਗੱਲ ਹੁੰਦੀ ਤਾਂ ਆਖਦੇ ਕਿ ਇਹ ਰਾਜਨੀਤੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੰਡੇ ਜਾਣ ਦਾ ਅਹਿਸਾਸ ਹੀ ਨਾ ਹੋਵੇ। ਸਿਆਣਿਆਂ ਦੇ ਇਸ ਤਰਕ ਵਿਚ ਵਜ਼ਨ ਲੱਗਦਾ ਰਿਹਾ ਪਰ ਕਰਤਾਰਪੁਰ ਲਾਂਘੇ ਦੇ ਮੁੱਦੇ ਨੇ ਨਵੇਂ ਸਿਰਿਓਂ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।

ਭਾਵੇਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਹੋਣ ਜਾਂ ਇਮਰਾਨ ਖਾਨ ਦੇ ਬਿਆਨ। ਇਨ੍ਹਾਂ ਦੇ ਸ਼ਬਦਾਂ ਵਿਚੋਂ ਬਾਬੇ ਨਾਨਕ ਦੇ ਫਲਸਫੇ ਦੀ ਗੂੰਜ ਸੁਣਾਈ ਦੇ ਰਹੀ ਹੈ ਕਿਉਂਕਿ ਇਹ ਜੋ ਕੁਝ ਵਾਪਰ ਰਿਹਾ ਹੈ, ਇਹ ਸਿਆਸਤ ਤੋਂ ਪਾਰ ਦੀ ਗੱਲ ਹੈ। ਸਿਆਸਤ ਨੇ ਤਾਂ ਵੰਡ ਕਰਵਾਈ ਸੀ ਤੇ ਇਹ ਲਾਂਘਾ ਖੁੱਲ੍ਹਣ ਦੀ ਘਟਨਾ ਸਿਆਸਤ ਤੋਂ ਪਾਰ ਜਾ ਕੇ ਹੀ ਵਾਪਰ ਸਕਦੀ ਹੈ। ਸਿਆਸਤ ਤੋਂ ਪਾਰ ਜਾਣ ਦਾ ਫਲਸਫਾ ਹੀ ਤਾਂ ਬਾਬੇ ਨਾਨਕ ਦਾ ਫਲਸਫਾ ਹੈ, ਜਿਸ ਵੱਲ ਇਸ਼ਾਰਾ ਪ੍ਰੋ. ਪੂਰਨ ਸਿੰਘ ਕਰ ਗਏ ਸਨ:
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਂ ‘ਤੇ।
ਪੰਜਾਬ ਦੇ ਗੁਰਾਂ ਦੇ ਨਾਂ ‘ਤੇ ਜੀਣ ਦੀ ਕਥਾ ਦੁਨੀਆਂ ਦੀ ਬਹੁਤ ਪਿਆਰੀ ਕਥਾ ਹੈ। ਬਾਬਾ ਨਾਨਕ ਦੇ ਆਗਮਨ ਭਾਵ 1469 ਈਸਵੀ ਤੋਂ ਲੈ ਕੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਜੋਤੀ-ਜੋਤ ਸਮਾਉਣ ਭਾਵ 1708 ਤਕ ਪੰਜਾਬ ਦੀ ਧਰਤੀ ਉਪਰ ਐਸੀ ਰਹਿਮਤ ਦੀ ਬਰਖਾ ਹੋਈ ਕਿ ਪੰਜਾਬ ਦੀ ਆਬੋ-ਹਵਾ ਬਦਲ ਗਈ। ਇਸ 239 ਸਾਲਾਂ ਦੇ ਸਮੇਂ ਵਿਚ ਪੰਜਾਬ ਦੀ ਜੈਨੇਟਿਕਸ ਬਦਲ ਗਈ। ਇਸ ਤਬਦੀਲੀ ਦੀ ਨੀਂਹ ਗੁਰੂ ਨਾਨਕ ਦੇਵ ਨੇ ਰੱਖੀ।
ਬਾਬੇ ਨਾਨਕ ਨੇ ਬਾਣੀ ਰਾਹੀਂ ਸਰਬੱਤ ਦੇ ਭਲੇ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਬਾਣੀ ਅਤੇ ਸੰਗੀਤ ਦਾ ਬੇਮਿਸਾਲ ਸੰਗਮ ਕੀਤਾ ਅਤੇ ਹੋਰਨਾਂ ਬਾਣੀਕਾਰਾਂ ਦੀ ਬਾਣੀ ਇਕੱਤਰ ਕੀਤੀ। ਇਹ ਗੱਲ ਰਾਬਿੰਦਰ ਨਾਥ ਟੈਗੋਰ ਦੇ ਹਵਾਲੇ ਨਾਲ ਸਾਹਮਣੇ ਆ ਚੁਕੀ ਹੈ ਕਿ ਜਦੋਂ ਟੈਗੋਰ ਨੂੰ ਪੁੱਛਿਆ ਗਿਆ ਕਿ ਉਹ ਰਾਸ਼ਟਰੀ ਗੀਤ ਤੋਂ ਬਾਅਦ ਅੰਤਰਰਾਸ਼ਟਰੀ ਗੀਤ ਲਿਖਣ ਬਾਰੇ ਕੀ ਸੋਚਦੇ ਹਨ ਤਾਂ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਗੀਤ ਲਿਖਣ ਬਾਰੇ ਸੋਚਿਆ ਸੀ ਪਰ ਜਦੋਂ ਤੋਂ ਗੁਰੂ ਨਾਨਕ ਦੇਵ ਦੀ ਆਰਤੀ ਦਾ ਪਾਠ ਕੀਤਾ ਤਾਂ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਆਰਤੀ ਦੇ ਰੂਪ ਵਿਚ ਰਚ ਗਏ ਹਨ। ਇਹੀ ਨਹੀਂ, ਉਨ੍ਹਾਂ ਸਮਿਆਂ ਵਿਚ ਆਰਤੀ ਇਕ ਵਿਸ਼ੇਸ਼ ਧਾਰਮਕ ਰੀਤ ਸੀ ਤੇ ਆਰਤੀ ਦੇ ਸਮਵਿੱਥ ਆਰਤੀ ਦੀ ਰਚਨਾ ਕਰਨਾ ਤੇ ਉਸ ਨੂੰ ਬ੍ਰਹਿਮੰਡੀ ਸਰੋਕਾਰਾਂ ਨਾਲ ਜੋੜਨਾ ਇਹ ਗੁਰੂ ਜੀ ਦੀ ਅਦੁੱਤੀ ਦੇਣ ਸੀ।
ਬਾਬੇ ਨਾਨਕ ਨੇ ਗੋਸ਼ਟਿ ਦੇ ਰੂਪ ਵਿਚ ਸੰਵਾਦ ਪਰੰਪਰਾ ਨੂੰ ਨਵੀਨਤਾ ਬਖਸ਼ੀ। ‘ਕਲਿ ਕਾਤੀ ਰਾਜੇ ਕਸਾਈ’ ਕਹਿ ਕੇ ਨਾਬਰੀ ਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਖੇਤਾਂ ਨੂੰ ਪਾਣੀ ਦੇ ਕੇ ਸਮਕਾਲੀ ਧਾਰਮਕ ਪਖੰਡ ਦਾ ਵਿਰੋਧ ਕੀਤਾ। ‘ਨੀਚਾਂ ਅੰਦਰਿ ਨੀਚ ਜਾਤ’ ਦਾ ਪ੍ਰਵਚਨ ਦਿੰਦਿਆਂ ਦੱਬਿਆਂ-ਕੁਚਲਿਆਂ ਦੀ ਬਾਂਹ ਫੜੀ। ‘ਸੋ ਕਿਉ ਮੰਦਾ ਆਖੀਐ’ ਦੇ ਪ੍ਰਵਚਨ ਰਾਹੀਂ ਔਰਤ ਨੂੰ ਮਾਣ ਦਿੱਤਾ। ਮਲਿਕ ਭਾਗੋ ਦੇ ਪੂੜਿਆਂ ‘ਚੋਂ ਲਹੂ ਤੇ ਭਾਈ ਲਾਲੋ ਦੀ ਰੋਟੀ ‘ਚੋਂ ਦੁੱਧ ਦਿਖਾ ਕੇ ਅੱਖਾਂ ਦੇ ਪਰਦੇ ਲਾਹ ਦਿੱਤੇ। ਠੱਗ ਨੂੰ ਸੱਜਣ ਕਰ ਦਿੱਤਾ। ਚਹੁੰ ਦਿਸ਼ਾਵਾਂ ਵਿਚ ਮੱਕਾ ਦਿਖਾ ਦਿੱਤਾ। ਯੋਗ ਨੂੰ ਗੁਰੂਤਾਗੱਦੀ ਦੇ ਕੇ ਸਮਰੱਥਾ ਦਾ ਪੈਮਾਨਾ ਨਿਰਧਾਰਤ ਕੀਤਾ। ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਉਪਦੇਸ਼ ਦਿੱਤਾ ਤੇ ਆਪ ਲਾਸਾਨੀ ਜੀਵਨ ਜੀਅ ਕੇ ਵਿਸ਼ਵ ਨੂੰ ਨਵੀਂ ਰੌਸ਼ਨੀ ਬਖਸ਼ੀ। ਬਾਬੇ ਨਾਨਕ ਨੇ ਹਰ ਤਰ੍ਹਾਂ ਦੀਆਂ ਸਰਹੱਦਾਂ ਪਾਰ ਕੀਤੀਆਂ ਭਾਵੇਂ ਧਾਰਮਕ ਪਖੰਡ ਦੀਆਂ ਹੋਣ, ਨਾਬਰੀ ਦੀਆਂ ਹੋਣ, ਬਰਾਬਰੀ ਦੀਆਂ ਹੋਣ, ਭਾਵੇਂ ਮੁਲਕਾਂ ਦੀਆਂ ਹੋਣ, ਭਾਸ਼ਾਵਾਂ ਦੀਆਂ ਅਤੇ ਭਾਵੇਂ ਪਰੰਪਰਾ ਦੀਆਂ ਸਰਹੱਦਾਂ ਹੋਣ। ਬਾਬਾ ਨਾਨਕ ਬਿੰਦੂ ਤੋਂ ਬ੍ਰਹਿਮੰਡ ਤੀਕ ਹਰ ਵਸਤ-ਵਰਤਾਰੇ ਨੂੰ ਮੁਖਾਤਿਬ ਹੋਏ, ਉਪਦੇਸ਼ ਦਿੱਤਾ ਤੇ ਬਦਲ ਕੇ ਰੱਖ ਦਿੱਤਾ। ਇਹ ਸਾਰਾ ਕੁਝ ਇਸ ਤਰ੍ਹਾਂ ਪਹਿਲੀ ਵਾਰ ਦੁਨੀਆਂ ਵਿਚ ਵਾਪਰ ਰਿਹਾ ਸੀ।
ਜਦੋਂ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਗੁਰੂ ਸਾਹਿਬ ਨੇ ਪੰਜਾਬ ਦੀ ਆਬੋ-ਹਵਾ ਬਦਲੀ ਤਾਂ ਇਸ ਵਿਚ ਸਾਰਾ ਕੁਝ ਬਹੁਤ ਹੀ ਕਮਾਲ ਦੇ ਢੰਗ ਨਾਲ ਵਿਧੀਵਤ ਰੂਪ ਵਿਚ ਵਾਪਰਦਾ ਹੈ। ਇਹ ਆਪਣੇ ਆਪ ਵਿਚ ਵੱਖਰੇ ਲੇਖਾਂ ਦੀ ਮੰਗ ਕਰਦਾ ਹੈ ਪਰ ਸੰਖੇਪ ਵਿਚ ਕਹਿਣਾ ਹੋਵੇ ਤਾਂ ਨਾਨਕ ਜੋਤ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੀ ਸਿਰਜਣਾ ਦੇ ਨਾਲ-ਨਾਲ ਉਨ੍ਹਾਂ ਦੀ ਭਾਸ਼ਾਈ ਦੇਣ ਹੀ ਸੀ ਕਿ ਪੰਜਾਬੀ ਭਾਸ਼ਾ ਇਸ ਕਦਰ ਸਮਰੱਥ ਹੋ ਸਕੀ। ਨਗਰ ਨਿਰਮਾਣ ਕਰਵਾਏ, ਜੋ ਆਪਣੇ ਆਪ ਵਿਚ ਆਰਕੀਟੈਕਟ ਦਾ ਬਿਹਤਰੀਨ ਕਲਮਾਤਮਕ ਨਮੂਨਾ ਹੈ। ਪਾਣੀ ਦੀ ਸਾਂਭ-ਸੰਭਾਲ ਵਿਚ ਵੀ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਨਿਰੰਤਰ ਕੀਰਤਨ ਪ੍ਰਵਾਹ ਸ਼ੁਰੂ ਕਰਕੇ ਗੁਰੂ ਜੀ ਨੇ ਸੰਗੀਤ ਦੀ ਪਰੰਪਰਾ ਨੂੰ ਵਿਸ਼ਾਲ ਕੀਤਾ। ਉਨ੍ਹਾਂ ਵਲੋਂ ਲਾਵਾਂ ਦੀ ਸਿਰਜਣਾ ਨੇ ਭਾਰਤੀ ਸਭਿਆਚਾਰ ਦੇ ਸਮਵਿੱਥ ਵਿਆਹ ਪ੍ਰਬੰਧ ਨੂੰ ਨਵਾਂ ਰੂਪ ਦਿੱਤਾ ਅਤੇ ਸਿੱਖ ਸਭਿਆਚਾਰ ਵਿਚ ਲਾਵਾਂ ਦੀ ਰਸਮ ਰਾਹੀਂ ਵਿਆਹ ਨੂੰ ਅਧਿਆਤਮ ਰੰਗਤ ਦਿੱਤੀ।
ਆਦਿ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਆਪਣੇ ਆਪ ਵਿਚ ਦੁਨੀਆਂ ਦੀ ਵਿਲੱਖਣ ਮਿਸਾਲ ਹੈ। ਆਦਿ ਗ੍ਰੰਥ ਲਈ ਕਾਗਜ਼ ਤਿਆਰ ਕਰਵਾਉਣਾ, ਕਲਮ ਬਣਵਾਉਣੀ ਆਦਿ ਕਲਾਤਮਕ ਕਾਰਜ ਸਨ। ਹਰਿਮੰਦਰ ਸਾਹਿਬ ਦੀ ਉਸਾਰੀ ਵਾਸਤੂ ਕਲਾ ਦਾ ਲਾਸਾਨੀ ਕਾਰਜ ਹੈ। ਲੋੜ ਪੈਣ ‘ਤੇ ਸ਼ਹਾਦਤ ਦਿੱਤੀ ਜੋ ਬਾਅਦ ਵਿਚ ਸਿੱਖ ਧਰਮ ਦੀ ਲਾਸਾਨੀ ਪਰੰਪਰਾ ਬਣ ਗਈ। ਮੀਰੀ-ਪੀਰੀ ਦੀ ਘਟਨਾ, ਅਕਾਲ ਤਖਤ ਸਾਹਿਬ ਦੀ ਸਥਾਪਨਾ, ਇਹ ਆਉਣ ਵਾਲੇ ਸਮੇਂ ਵਿਚ ਖਾਲਸਾ ਪੰਥ ਦਾ ਆਧਾਰ ਬਣੇ। ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਦਿੱਤਾ। ਖਾਲਸਾ ਪੰਥ ਦੀ ਸਿਰਜਣਾ ਸਮੇਂ ਵਸਤਰ, ਚਿੰਨ੍ਹ ਆਦਿ ਸਾਰਾ ਕੁਝ ਕਲਾ ਦਾ ਉਤਮ ਨਮੂਨਾ ਹਨ। ਦਸ਼ਮੇਸ਼ ਪਿਤਾ ਨੇ ਕੌਮ ਦੀ ਸਿਰਜਣਾ ਲਈ ਸਰਬੰਸ ਵਾਰ ਦਿੱਤਾ। ਗੁਰੂ ਸਾਹਿਬਾਨ ਦੁਆਰਾ ਵੱਖ-ਵੱਖ ਨਗਰਾਂ ਨੂੰ ਵਸਾਉਣਾ, ਉਥੇ ਕੰਧ-ਚਿੱਤਰਕਾਰੀ ਦਾ ਬੇਮਿਸਾਲ ਕਾਰਜ ਕਰਵਾਉਣਾ ਕਲਾ ਦੇ ਵਡੇਰੇ ਨਮੂਨੇ ਹਨ।
ਗੁਰੂ ਗ੍ਰੰਥ ਸਾਹਿਬ ਨੂੰ ਮੈਂ ਬ੍ਰਹਿੰਮਡੀ ਪਾਵਨ ਘਟਨਾ ਵਜੋਂ ਤੇ ਗੁਰੂ ਪੰਥ ਨੂੰ ਬ੍ਰਹਿਮੰਡੀ ਭਾਈਚਾਰੇ ਵਜੋਂ ਦੇਖਦਾ ਹਾਂ। ਗੁਰੂ ਸਾਹਿਬਾਨ ਨੇ ਪੰਜਾਬ ਦੀ ਆਬੋ-ਹਵਾ ਬਦਲ ਦਿੱਤੀ ਸੀ ਤੇ ਪੰਜਾਬ ਨੂੰ ਸਰਬੱਤ ਦੇ ਭਲੇ ਦਾ ਕੇਂਦਰ ਬਣਾ ਦਿੱਤਾ ਸੀ। ਕਰਤਾਰਪੁਰ ਲਾਂਘੇ ਦੀ ਘਟਨਾ ਗੁਰੂ ਨਾਨਕ ਦੇਵ ਵਲੋਂ ਲਾਏ ਗਏ ਸਾਂਝੀਵਾਲਤਾ ਦੇ ਬਿਰਖ ਦੀ ਇਕ ਸ਼ਾਖ ਹੈ ਤੇ ਇਸ ਬਿਰਖ ਦੀਆਂ ਰਹਿਮਤਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਆਓ, ਜ਼ਰਾ ਭਾਈ ਗੁਰਦਾਸ ਤੋਂ ਬਾਬੇ ਨਾਨਕ ਦੀ ਮਹਿਮਾ ਸੁਣੀਏ। ਬਾਬਾ ਨਾਨਕ ਸਾਰੀ ਕਾਇਨਾਤ ਨੂੰ ਤਾਰਨ ਵਾਲੇ ਨੇ ਤੇ ਕਰਤਾਰਪੁਰ ਲਾਂਘੇ ਨੂੰ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਰਾਹੀਂ ਸਮਝੀਏ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ॥