ਸਿਆਸਤ ਦੀ ਗੂਗਲੀ ‘ਚ ਸਿੱਧੂ

ਬਬੀਤਾ ਨਾਭਾ
ਇਨ੍ਹੀਂ ਦਿਨੀਂ ਪੰਜਾਬ ਦੀ ਸਿਆਸਤ ਦੀ ਗੂਗਲੀ ਨਵਜੋਤ ਸਿੰਘ ਸਿੱਧੂ ਦੇ ਦੁਆਲੇ ਘੁੰਮ ਰਹੀ ਹੈ। ਗੱਲ ਕਰਤਾਰਪੁਰ ਲਾਂਘੇ ਤੋਂ ਸ਼ੁਰੂ ਹੋ ਕੇ ਕੈਪਟਨ ਨੂੰ ਆਪਣਾ ਨੇਤਾ ਮੰਨਣ ਤੋਂ ਮੁਨਕਰ ਹੋਣ ਤੱਕ ਆ ਗਈ ਹੈ। ਬਿਨਾ ਸ਼ੱਕ ਕਰਤਾਰਪੁਰ ਲਾਂਘੇ ਬਾਰੇ ਸਿੱਧੂ ਦਾ ਵਿਚਾਰ ਬਹੁਤ ਵਧੀਆ ਸੀ। ਇਹ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਲੋਂ ਦਿਖਾਈ ਫਰਾਖਦਿਲੀ ਅਤੇ ਪਹਿਲ ਦਾ ਨਤੀਜਾ ਹੈ। ਮੁਕਦੀ ਗੱਲ, ਜੇ ਅਸੀਂ ਆਪਣੀ ਧਾਰਮਕ ਆਸਥਾ ਲਈ ਵੀ ਕ੍ਰੈਡਿਟ ਲੈਣ ਦੀ ਹੋੜ ਵਿਚ ਲੱਗ ਜਾਂਦੇ ਹਾਂ ਤਾਂ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਤੋਂ ਕੁਝ ਸਿੱਖਿਆ ਹੀ ਨਹੀਂ। ‘ਮੈਂ’ ਨੂੰ ਮਿਟਾਉਣ ਦੀ ਗੱਲ ਹੀ ਤਾਂ ਗੁਰੂ ਸਾਹਿਬ ਦਾ ਪਹਿਲਾ ਉਪਦੇਸ਼ ਹੈ।

ਚਲੋ ਜੋ ਵੀ ਹੋਇਆ, ਲਾਂਘਾ ਖੁੱਲ੍ਹਣ ਦੀ ਸ਼ੁਰੂਆਤ ਹਰੇਕ ਪੰਜਾਬੀ ਲਈ ਖੁਸ਼ੀਆਂ ਲੈ ਕੇ ਆਈ। ਪਾਕਿਸਤਾਨ ਵਾਲੇ ਪਾਸੇ ਇਸ ਦਾ ਉਦਘਾਟਨ ਹੋਣ ਸਮੇਂ ਧੁਰ ਵਿਰੋਧੀ ਹੁੰਦਿਆਂ ਹਰਸਿਮਰਤ ਕੌਰ ਬਾਦਲ ਅਤੇ ਨਵਜੋਤ ਸਿੱਧੂ ਦਾ ਧਾਰਮਕ ਕਾਰਜ ਲਈ ਇੱਕਠੇ ਖੜ੍ਹੇ ਦਿਸਣਾ ਸਕੂਨ ਵਾਲੀ ਗੱਲ ਸੀ, ਪ੍ਰੰਤੂ ਇਹ ਕੀ! ਪੰਜਾਬ ਆਉਂਦੇ ਹੀ ਤੂਫਾਨ ਮੱਚ ਗਿਆ ਕਿ ਸਿੱਧੂ ਨੇ ਖਾਲਿਸਤਾਨੀ ਅਤਿਵਾਦੀ ਨਾਲ ਫੋਟੋਆਂ ਖਿੱਚਵਾਈਆਂ, ਪਰ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਤਸਵੀਰ ਵੀ ਉਸ ਸ਼ਖਸ ਨਾਲ ਬੈਠਿਆਂ ਦੀ ਆ ਗਈ ਤਾਂ ਵਿਵਾਦ ਕੁਝ ਸਾਵਾਂ ਹੋ ਗਿਆ। ਸਿੱਧੂ ਨੇ ਵੀ ਇਹ ਕਿਹਾ ਕਿ ਉਸ ਨਾਲ ਤਾਂ ਬਹੁਤ ਲੋਕ ਫੋਟੋ ਖਿਚਵਾਉਂਦੇ ਨੇ, ਉਸ ਨੂੰ ਕੀ ਪਤਾ ਕਿ ਕੌਣ ਸੀ?
ਸਿੱਧੂ ਦਾ ਪਾਕਿਸਤਾਨੀ ਮੀਡੀਆ ਵਿਚ ਦਿੱਤਾ ਇੱਕ ਬਿਆਨ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ‘ਜਰਨੈਲ ਨੂੰ ਜੱਫੀ ਹੀ ਤਾਂ ਪਾਈ ਸੀ, ਰਾਫੈਲ ਡੀਲ ਤਾਂ ਨਹੀਂ ਕੀਤੀ।’ ਇਹ ਬਿਆਨ ਉਸ ਦੇ ਬੜਬੋਲੇਪਨ ਦੀ ਮਿਸਾਲ ਸੀ। ਕਿਸੇ ਬਿਗਾਨੇ ਮੁਲਕ ਵਿਚ ਜਾ ਕੇ ਆਪਣੇ ਦੇਸ਼ ਦੇ ਅੰਦਰੂਨੀ ਮਸਲਿਆਂ ਬਾਰੇ ਸੋਚ ਵਿਚਾਰ ਨਾਲ ਗੱਲ ਕਰਨੀ ਚਾਹੀਦੀ ਹੈ।
ਸਿੱਧੂ ਜਿਹਾ ਜ਼ਹੀਨ ਸ਼ਖਸ, ਜਿਸ ਨੂੰ ਰੱਬ ਨੇ ਕਾਫੀ ਕਾਬਲੀਅਤ ਦਿੱਤੀ ਹੈ, ਸਿਰਫ ਆਪਣੀ ਜ਼ੁਬਾਨ ਕਾਰਨ ਵਿਵਾਦਾਂ ਵਿਚ ਫਸ ਜਾਂਦਾ ਹੈ। ਇਸ ਬਿਆਨ ਦੀ ਅੱਗ ਅਜੇ ਮੱਠੀ ਨਹੀਂ ਸੀ ਪਈ ਕਿ ਉਸ ਦਾ ਹੈਦਰਾਬਾਦ ਵਿਖੇ ਦਿੱਤਾ ਤਾਜ਼ਾ ਬਿਆਨ ਸਾਹਮਣੇ ਆ ਗਿਆ, ‘ਕੌਣ ਕੈਪਟਨ? ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ।’ ਬਹੁਤ ਹੀ ਹਾਸੋਹੀਣਾ ਸੀ। ਕੀ ਸਿੱਧੂ ਉਸ ਕੈਪਟਨ ਨੂੰ ਨਹੀਂ ਜਾਣਦੇ, ਜਿਸ ਅਧੀਨ ਪੰਜਾਬ ਸਰਕਾਰ ਚੱਲ ਰਹੀ ਹੈ ਅਤੇ ਉਸੇ ਕੈਪਟਨ ਦੇ ਨਾਅਰੇ ‘ਤੇ ਚੋਣਾਂ ਲੜੀਆਂ ਸਨ ਕਿ ‘ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ।’
ਸਿੱਧੂ ਦੀ ਜ਼ੁਬਾਨ ਵਿਚ ਕੈਪਟਨ ਪ੍ਰਤੀ ਰੰਜਿਸ਼ ਸਾਫ ਜਾਹਰ ਹੈ। ਇਹ ਤਾਂ ਇੰਜ ਜਾਪਦਾ ਹੈ, ਜਿਵੇਂ ਇੱਕ ਮਿਆਨ ਵਿਚ ਰਾਹੁਲ ਗਾਂਧੀ ਨੇ ਦੋ ਤਲਵਾਰਾਂ ਫਿੱਟ ਕੀਤੀਆਂ ਹੋਣ, ਜਿਨ੍ਹਾਂ ਦਾ ਇੱਕਠੇ ਰਹਿਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਜਾਪ ਰਿਹਾ ਹੈ, ਕਿਉਂਕਿ ਗਾਹੇ-ਬਗਾਹੇ ਸਿੱਧੂ ਫੈਮਿਲੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਇੱਕ ਦੂਜੇ ਦੀ ਕਾਟ ਕਰਨ ਵਾਲੇ ਹੀ ਹੁੰਦੇ ਹਨ। ਅਜੇ ਕੈਪਟਨ ਸਰਕਾਰ ਦਾ ਸਮਾਂ ਤਿੰਨ ਸਾਲ ਹੋਰ ਪਿਆ ਹੈ, ਜੇ ਆਪਸ ਵਿਚ ਖਿੱਚੋਤਾਣ ਹੀ ਚੱਲਦੀ ਰਹੀ ਤਾਂ ਲੋਕ ਭਲਾਈ ਦੇ ਫੈਸਲੇ ਕਿਸ ਤਰ੍ਹਾਂ ਲਏ ਜਾਣਗੇ? ਪੰਜਾਬ ਦੀ ਜਨਤਾ ਸਿਆਸਤਦਾਨਾਂ ਦੀਆਂ ਗੂਗਲੀਆਂ ਵਿਚ ਫਸੀ ਹੋਈ ਮਹਿਸੂਸ ਕਰ ਰਹੀ ਹੈ।