ਨੀਹਾਂ ਪੁੱਟਣ ਵੇਲੇ ਕਿਸੇ ਨੂੰ ਨਹੀਂ ਪਤਾ ਸੀ ਕਿ ਇਥੇ ਤਾਜ ਮਹਿਲ ਬਣਨ ਲੱਗਾ ਹੈ। ਜਦੋਂ ਸਾਜ਼ ਸੁਰ ਕੀਤੇ ਜਾ ਰਹੇ ਹੋਣ ਤਾਂ ਆਮ ਬੰਦਾ ਖਿਝ ਕੇ ਕਹੀ ਜਾਂਦੈ, ‘ਆਹ ਕੀ ਕਰੀ ਜਾਂਦੈ।’æææਤੇ ਧਮਾਲ ਪੈਣ ਵੇਲੇ ਇਹੋ ਲੋਕ ਲੱਕ ‘ਤੇ ਹੱਥ ਰੱਖ ਦੂਹਰੇ ਹੋ ਕੇ ਨੱਚ ਰਹੇ ਹੁੰਦੇ ਹਨ।æææਤੇ ਕਈ ਵਾਰ ਕੀੜਿਆਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਲਗਦਾ ਕਿ ਤਾਣਾ ਰੇਸ਼ਮ ਦਾ ਬੁਣਨ ਲੱਗੇ ਹਨ। ਜਿਹੜੀ ਬਾਤ ਮੈਂ ਥੋਡੇ ਅੱਗੇ ਪਾਉਣ ਲੱਗਾ ਹਾਂ, ਉਹਦਾ ਹੁੰਗਾਰਾ ਲੰਬਾ ਹੋ ਜਾਣ ਦੀ ਆਸ ਹੈ, ਪਰ ਇਹ ਵਾਅਦਾ ਜ਼ਰੂਰ ਕਰਦਾ ਹਾਂ ਕਿ ਨੀਹਾਂ ਭਰਨ ਵੇਲੇ ਸ਼ਾਇਦ ਤੁਹਾਨੂੰ ਕੁਝ ਅਕੇਵਾਂ ਮਹਿਸੂਸ ਹੋਵੇਗਾ। ਅੱਗੇ ਚੱਲ ਕੇ ਉਨਾ ਹੀ ਸੁਆਦ ਆਵੇਗਾ, ਜਿਵੇਂ ਸਰਦੀਆਂ ਵਿਚ ਦੇਸੀ ਘਿਓ ਦੀਆਂ ਅਲਸੀ ਵਾਲੀਆਂ ਪਿੰਨੀਆਂ ਸੁਆਦ ਨਾਲ ਤਾਕਤ ਵੀ ਦੇਈ ਜਾਂਦੀਆਂ ਹਨ, ਤੇ ਮੇਰੀ ਇਸ ਗੱਲ ਨਾਲ ਸਹਿਮਤ ਹੁੰਦਿਆਂ ਸਹੀ ਪਾ ਦਿਓਗੇ ਕਿ ਕਈ ਗਾਉਣ ਵਾਲੇ ਗਾਉਣ ਤੋਂ ਵੱਧ ਕੁਝ ਵੀ ਨਹੀਂ ਸਨ। ਇਸ ਲਈ ਥੋੜ੍ਹਾ ਠਹਿਰ ਕੇ ਜਿਨ੍ਹਾਂ ਨਾਂਵਾਂ ਨੂੰ ਤੁਸੀਂ ਝੁਕ ਕੇ ਸਲਾਮਾਂ ਕਰਦੇ ਰਹੇ ਹੋ, ਜਦੋਂ ਉਨ੍ਹਾਂ ਦੇ ਸਿੱਧੀਆਂ ਗਿੱਟੇ ਗੋਡਿਆਂ ‘ਚ ਵੱਜਣਗੀਆਂ ਤਾਂ ਸੋਚੋਗੇ ਕਿ ਇਹ ਸੁਰ ‘ਚ ਗਾਉਂਦੇ ਹੀ ਰਹੇ ਹਨ, ਆਪ ਸੁਰ ‘ਚ ਨਹੀਂ ਹੋ ਸਕੇ; ਤੇ ਬਹੁਤਿਆਂ ਨੇ ਇਨਸਾਨੀਅਤ ਦੀ ਵੀਹੀ ‘ਚੋਂ ਲੰਘਣ ਦਾ ਯਤਨ ਹੀ ਨਹੀਂ ਕੀਤਾ। ਮੈਂ ਵੀ ਪੁਰਾਣੇ ਸਾਜ਼ਾਂ ਨੂੰ ਨਵੇਂ ਯੁੱਗ ‘ਚ ਸੁਰ ਕਰਨ ਲੱਗਾ ਹਾਂæææਬੜੀ ਦੇਰ ਬਾਅਦ। ਇਸੇ ਲਈ ਹਾਲ ਦੀ ਘੜੀ ਮੇਰੇ ਨਾਲ ਥੋੜ੍ਹਾ ਧੀਮੀ ਗਤੀ ਵਿਚ ਚੱਲਣਾ ਪਵੇਗਾ। ਆਸ ਕਰਾਂਗਾ ਹੱਥ ਵਧਾ ਕੇ ਰੱਖੋਗੇ।
ਐਸ਼ ਅਸ਼ੋਕ ਭੌਰਾ
ਬਚਪਨ ‘ਚੋਂ ਨਿਕਲ ਕੇ ਜਦੋਂ ਜ਼ੋਰ ਅਤੇ ਜਵਾਨੀ ਦਾ ਨਸ਼ਾ ਚੜ੍ਹਦਾ ਹੈ ਤਾਂ ਬੰਦਾ ਸੋਚਦੈ, ਜ਼ਿੰਦਗੀ ਦਾ ਸੁਆਦ ਹੀ ਹੁਣ ਆਉਣ ਲੱਗਾ ਹੈ; ਪਰ ਸਿਆਣੇ ਮਾਂ-ਬਾਪ ਜਦੋਂ ਘੰਢ ਫੁੱਟਣ ਨਾਲ ਆਵਾਜ਼ ਬਦਲਦੀ ਸੁਣਦੇ ਹਨ ਤਾਂ ਥੋੜ੍ਹਾ ਉਦਾਸ ਹੋ ਜਾਂਦੇ ਹਨ ਕਿ ਫੁੱਲਾਂ ਦੀ ਸੇਜ ‘ਚੋਂ ਨਿਕਲ ਕੇ ਇਹ ਪੂਰੇ ਦਾ ਪੂਰਾ ਚਿੰਤਾਵਾਂ ਤੇ ਫਿਕਰਾਂ ਦੀ ਕੰਡਿਆਲੀ ਤਾਰ ਵਿਚ ਫਸ ਕੇ ਸਾਰੀ ਉਮਰ ਗ੍ਰਹਿਸਥ ਦੇ ਲੀੜੇ ਪੜਵਾਉਂਦਾ ਰਹੇਗਾ। ਅਮੀਰਾਂ ਤੇ ਗਰੀਬਾਂ ਦੇ ਬੱਚਿਆਂ ਅੰਦਰ ਪਹਿਨਣ, ਖਾਣ ਤੇ ਰਹਿਣ-ਸਹਿਣ ਦਾ ਫਰਕ ਹੋ ਸਕਦਾ ਹੈ, ਪਰ ਸੋਚ ਲਗਭਗ ਇਕੋ ਜਿਹੀ ਹੁੰਦੀ ਹੈ।
ਇਕ ਅਮੀਰ ਦਾ ਬੱਚਾ ਦੁਜੇ ਨੂੰ ਦੱਸ ਰਿਹਾ ਸੀ, “ਕੱਲ੍ਹ ਮੇਰਾ ਡੈਡੀ ਸ਼ਹਿਰੋਂ ਗੁਲਾਬ ਜਾਮਣਾਂ ਲੈ ਕੇ ਆਇਆ ਸੀ।” ਗਰੀਬ ਦਾ ਬੱਚਾ ਬੋਲਿਆ, “ਸ਼ਹਿਰ ਜਾਣ ਦੀ ਕੀ ਲੋੜ ਸੀ, ਕੱਲ੍ਹ ਨੂੰ ਆਪਣੇ ਡੈਡੀ ਨੂੰ ਲੈ ਕੇ ਸਾਡੇ ਘਰ ਆਈਂ, ਜਿੰਨੇ ਮਰਜ਼ੀ ਗੁਲਾਬ ਤੋੜ ਲਿਓ ਤੇ ਭਾਪਾ ਮੇਰਾ ਜਾਮਣਾਂ ਝਾੜ ਕੇ ਤੇਰਾ ਪੱਲਾ ਭਰ ਦਊ।”
æææਤੇ ਜ਼ਿੰਦਗੀ ਦੇ ਭਿੰਨ-ਭਿੰਨ ਵਰਤਾਰੇ ਤੋਂ ਨਾਵਾਕਿਫ ਦੋਵੇਂ ਬੱਚੇ ਬਚਪਨ ਦੀ ਰਾਮ ਲੀਲ੍ਹਾ ਖੇਡਦਿਆਂ ਗਲਵੱਕੜੀ ਹੋ ਗਏ।
ਕਈ ਬੰਦੇ ਆਪਣੇ ਨਾਂ ਨਾਲ ਗੋਤ ਜੋੜ ਕੇ ਫੰਨੇ ਖਾਂ ਬਣਨ ਦੀ ਕੋਸ਼ਿਸ਼ ਕਰਦੇ ਹਨ। ਕਈਆਂ ਨੇ ਗੱਲ ਇਥੋਂ ਹੀ ਸ਼ੁਰੂ ਕਰਨੀ ਹੁੰਦੀ ਹੈ, ‘ਮੈਂ ਸੰਧੂਆਂ ‘ਚੋਂ ਹਾਂ।’ ਦੂਜਾ ਕਹੇਗਾ, ‘ਮੈਂ ਸ਼ਰਮਿਆਂ ‘ਚੋਂ’ ਅਤੇ ਤੀਜਾ ਵੀ ਗੱਲ ਮੁਕਾ ਦਿੰਦੈਂ, ‘ਮੈਂ ਗਿੱਲਾਂ ‘ਚੋਂ ਹਾਂ।’ ਅਸਲ ਵਿਚ ਇਨ੍ਹਾਂ ਨਾਲੋਂ ਵੀ ਵੱਧ ਇਨਸਾਨਾਂ ਵਾਲੀ ਜਮਾਂਬੰਦੀ ਵਿਚ ਨਾਂ ਦਰਜ ਕਰਵਾਉਣ ਦੀ ਲੋੜ ਹੁੰਦੀ ਐ। ਦਰਅਸਲ ਲੋਭ ਲਾਲਚ, ਭਰਮ ਤੇ ਹਉਮੈ ਦੀਆਂ ਸਾਰੀਆਂ ਬਿਮਾਰੀਆਂ ਬਚਪਨ ਤੋਂ ਬਾਅਦ ਹੀ ਇਕੋ ਵੇਲੇ ਹੱਲਾ ਕਰਦੀਆਂ ਹਨ।
ਰਸੂਲ ਹਮਜ਼ਾਤੋਵ ਭਾਵੇਂ ਲੱਖ ਕਹੇ ਕਿ ਚਾਲੀਆਂ ਸਾਲਾਂ ਦੀ ਉਮਰ ਵਿਚ ਜਿਸ ਬੰਦੇ ਕੋਲ ਟਕਾ ਨਹੀਂ, ਉਹ ਅਮੀਰ ਨਹੀਂ ਹੋ ਸਕਦਾ; ਪਰ ਜਿਸ ਨੇ ਇੰਨਾ ਕੁ ਸਮਾਂ ਸੰਗੀਤ ਨਾਲ ਸੰਗੀਤ ਦੀ ਦੁਨੀਆਂ ਵਿਚ ਗਹਿਗੱਚ ਹੋ ਕੇ ਗੁਜ਼ਾਰਿਆ ਹੋਵੇ, ਉਹ ਭਾਗਾਂ ਵਾਲਾ ਹੋਵੇਗਾ। ਉਂਜ ਵੀ ਖਿਡਾਰੀਆਂ ਨਾਲੋਂ ਰੈਫਰੀ ਜਾਂ ਅੰਪਾਇਰ ਦਾ ਸਤਿਕਾਰ ਕੁਝ ਜ਼ਿਆਦਾ ਹੀ ਰਿਹਾ ਹੈ। ਇਸੇ ਲਈ ਵਿਸਲਾਂ ਮੈਂ ਵਜਾਵਾਂਗਾ ਤੇ ਖੇਡ ਦਾ ਅਨੰਦ ਤੁਸੀਂ ਲਿਓ। ਮੈਂ ਤਾਂ ਇਸ ਖੇਤਰ ‘ਚ ਬਚਪਨ ‘ਚ ਦਾਖਲ ਹੋਇਆ ਸੀ, ਜਾਣੀ ‘ਬੀਅ’ ਤੋਂ ਦਰਖ਼ਤ ਬਣ ਗਿਆ ਹਾਂ, ਪਰ ਕਈ ਗਾਇਕ ਤਾਂ ਬਹੁਤ ਵੱਡੇ ਬਣੇ ਪਰæææਨਹੀਂ ਬਣ ਸਕੇ।æææਤੇ ਇਹੋ ਝੋਰਾ ਮੈਨੂੰ ਵੀ ਰਿਹੈ। ਪੀਣ ਵਾਲੇ ਜਾਣਦੇ ਹਨ ਕਿ ਓਲਡ ਵਾਈਨ ਜਾਂ ਓਲਡ ਵਿਸਕੀ ਗੋਲਡ ਵੀ ਹੁੰਦੀਆਂ ਹਨ। ਇਸੇ ਕਰ ਕੇ ਸੋਚਦਾ ਹਾਂ, ਪੁਰਾਣੀਆਂ ਬਾਤਾਂ ਨਵੇਂ ਯੁੱਗ ਵਿਚ ਸੁਆਦਲੀਆਂ ਬਹੁਤ ਲੱਗਣਗੀਆਂ।
ਮੇਰੀ ਜਨਮ ਭੋਇੰ ਪੇਂਡੂ ਹੈ। ਪਹਿਲਾਂ ਇਹ ਪਿੰਡ ਜਲੰਧਰ ਜ਼ਿਲ੍ਹੇ ਵਿਚ ਸੀ, ਫਿਰ ਨਵਾਂ ਸ਼ਹਿਰ ‘ਚ ਆ ਗਿਆ। ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ ਵਿਚ ਹੈ- ਪਿੰਡ ਭੌਰਾ। ਮੈਂ ਵੀ ਪਹਿਲਾਂ ਆਪਣੇ ਨਾਂ ਨਾਲ ਗੋਤ ਲਾਇਆ ਸੀ ‘ਸਰੋਆ’। ਕੁਝ ਚਿਰ ਇਹ ਮੇਰੇ ਨਾਂ ਨਾਲ ਅਖ਼ਬਾਰਾਂ ਵਿਚ ਛਪਦਾ ਵੀ ਰਿਹਾ, ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਭੌਰਾ ਦੇ ਨਾਂ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਹੋ ਕੇ ਆਪਣੇ ਨਾਂ ਨਾਲ ਪਿੰਡ ਦਾ ਨਾਂ ਜੋੜ ਲਿਆ ਤੇ ਹਾਲਾਤ ਹੁਣ ਇਹ ਨੇ ਕਿ ਸਾਰਾ ਪਿੰਡ ਹੀ ਜੱਟ ਗੋਤਾਂ ਦੀ ਨਹੀਂ, ਭੌਰਾ ਤਖੱਲਸ ਦੀ ਵਰਤੋਂ ਹੀ ਕਰਦਾ ਹੈ।
ਪਿੰਡ ਦੀ ਨਿਸ਼ਾਨਦੇਹੀ ਵੀ ਕਰਵਾ ਹੀ ਦਿੰਦਾ ਹਾਂ। ਜਦੋਂ ਕਦੇ ਜਲੰਧਰ ਤੋਂ ਅਨੰਦਪੁਰ ਸਾਹਿਬ ਜਾਣ ਦਾ ਮੌਕਾ ਲੱਗੇ, ਤਾਂ ਧਿਆਨ ਰੱਖਿਓ, ਬੰਗਾ ਤੋਂ ਅੱਗੇ ਤੇ ਗੜ੍ਹਸ਼ੰਕਰ ਤੋਂ ਪਹਿਲਾਂ ਬਾਬਾ ਸੇਵਾ ਸਿੰਘ ਦਾ ਪਿੰਡ ਆਵੇਗਾ-ਨੌਰਾ ਤੇ ਅੱਗੇ ਇਕ ਕਿਲੋਮੀਟਰ ‘ਤੇ ਲੱਗਾ ਬੋਰਡ ਦੱਸੇਗਾ-ਭੌਰਾ। ਇਹ ਇਕ ਕਿਲੋਮੀਟਰ ‘ਤੇ ਖੱਬੇ ਹੱਥ ਹੈ। ਸੱਤ ਪੱਕੀਆਂ ਸੜਕਾਂ ਇਸ ਪਿੰਡ ਨੂੰ ਇਲਾਕੇ ਨਾਲ ਜੋੜਦੀਆਂ ਹਨ ਤੇ ਪਿੰਡ ਦੇ ਇਕ ਹੱਥ ਸ਼ਹੀਦ ਭਗਤ ਸਿੰਘ ਦੇ ਨਾਨਕਿਆਂ ਦਾ ਪਿੰਡ ਮੋਰਾਂਵਾਲੀ ਹੈ। ਅੱਜਕੱਲ੍ਹ ਇਹ ਪਿੰਡ ਸ਼ਹਿਰਾਂ ਵਰਗਾ ਹੈ ਤੇ ਅੰਦਰ ਵੜ ਕੇ ਦੇਖੋਗੇ ਤਾਂ ਪੱਕੀਆਂ ਗਲੀਆਂ ਨਾਲੀਆਂ, ਵਿਦੇਸ਼ੀ ਧਨ ਨਾਲ ਬਣੀਆਂ ਆਲੀਸ਼ਾਨ ਇਮਾਰਤਾਂ ਕਈ ਵਾਰ ਸ਼ਹਿਰ ਨੂੰ ਵੀ ਮਾਤ ਪਾਉਂਦੀਆਂ ਹਨ। ਫਿਲਹਾਲ ਆਬਾਦੀ ਸਾਢੇ ਕੁ ਪੰਜ ਹਜ਼ਾਰ ਹੈ ਪਰ ਲੋਕ ਸੁਚੇਤ ਹੋਣ ਕਰ ਕੇ ਇਸ ਦੇ ਜ਼ਿਆਦਾ ਵਧਣ ਦੀ ਉਮੀਦ ਨਹੀਂ ਹੈ। ਨਸ਼ਿਆਂ ‘ਚ ਹੁਣ ਇਸ ਪਿੰਡ ਦੇ ਲੋਕ ਵੀ ਗੁੱਟ ਰਹਿਣ ਲੱਗ ਪਏ ਹਨ।
ਮੈਂ ਹਮੇਸ਼ਾ ਇਸ ਗੱਲ ਨੂੰ ਖੁਸ਼ਕਿਸਮਤੀ ਨਾਲ ਲਿਆ ਕਿ ਮੈਂ ਦਿਹਾੜੀਦਾਰ ਅਨਪੜ੍ਹ ਬਾਪ ਰਾਮ ਦਿੱਤਾ ਦਾ ਪੁੱਤਰ ਹਾਂ, ਪਰ ਚਾਰ ਭਰਾਵਾਂ ਤੇ ਦੋ ਭੈਣਾਂ ਵਿਚ ਸਭ ਤੋਂ ਛੋਟਾ ਹੋਣ ਕਾਰਨ ਲਾਡਲਾ ਤਾਂ ਸੀ, ਪਰ ਢਾਈ ਕੁ ਸਾਲ ਦਾ ਸਾਂ ਜਦੋਂ ਬਾਪ ਤੁਰ ਗਿਆ ਤੇ ਮੇਰੇ ਵਾਂਗ ਫਿਰ ਸਾਰਾ ਟੱਬਰ ਮਾਂ ਦੀ ਮਮਤਾ ‘ਚੋਂ ਜ਼ਿੰਦਗੀ ਲੱਭਣ ਦਾ ਸੰਘਰਸ਼ ਕਰਨ ਲੱਗ ਪਿਆ। ਮੁਕੱਦਰਾਂ ਵਾਲਾ ਆਪਣੇ ਆਪ ਨੂੰ ਹੋਰ ਵੀ ਇਸ ਕਰ ਕੇ ਮੰਨਦਾ ਹਾਂ ਕਿ ਪਿੰਡ ਦੇ ਵੱਡੇ ਲੋਕ ਕਈ ਵਾਰ ਆਪਣੀ ਪਛਾਣ ਇਥੋਂ ਸ਼ੁਰੂ ਕਰਦੇ ਹਨ ਕਿ ਅਸ਼ੋਕ ਸਾਡੇ ਪਿੰਡ ਦਾ ਹੈ ਤੇ ਆਲੇ-ਦੁਆਲੇ ਦੇ ਪਿੰਡਾਂ ਵਾਲੇ ਕਹਿੰਦੇ ਹਨ-‘ਅਸੀਂ ਅਸ਼ੋਕ ਦੇ ਇਲਾਕੇ ‘ਚੋਂ ਹਾਂ।’ ਵੱਖਰੀ ਗੱਲ ਹੈ ਕਿ ਹਾਲਾਤ ਨੇ ਧੱਕੇ ਦੇ ਕੇ ਮੈਨੂੰ ਮੇਰੇ ਪੁੱਤਰਾਂ ਤੇ ਪਤਨੀ ਸਮੇਤ ਪਿੰਡੋਂ ਕੱਢ ਲਿਆਂਦਾ ਹੈ।
ਸਿਆਣੇ ਬੰਦੇ ਕਹਿੰਦੇ ਨੇ ਕਿ ਹਾਲਾਤ ਹੀ ਦੱਸਦੇ ਨੇ, ਮੀਂਹ ਪਵੇਗਾ ਜਾਂ ਨ੍ਹੇਰੀ ਆਵੇਗੀ, ਜਾਂ ਫਿਰ ਗਿੱਧਾ ਪਵੇਗਾ ਜਾਂ ਵੈਣ ਪੈਣਗੇ। ਤੇ ਵਕਤ ਦੀ ਸੁਰ ਨਾਲ ਇਕ ਸੁਰ ਹੋ ਕੇ ਹੀ ਸ਼ਖ਼ਸੀਅਤ ਉਸਰਦੀ ਹੈ। ਮੇਰਾ ਖਿਆਲ ਹੈ ਕਿ ਜਿਹੜੇ ਲੋਕ ਬੰਦੇ ਦੀ ਯੋਗਤਾ ਦੇਖ ਕੇ ਸੁਭਾਅ ਪਰਖਦੇ ਹਨ, ਉਹ ਮਕੈਨੀਕਲ ਇੰਜੀਨੀਅਰ ਸੁਣ ਕੇ ਕਹਿਣਗੇ-ਖੁਸ਼ਕ ਜਿਹਾ ਮਸ਼ੀਨੀ ਬੰਦਾ ਹੋਊ, ਤੇ ਜਿਨ੍ਹਾਂ ਨੂੰ ਮੇਰੇ ਕਾਗਜ਼ੀ ਸਰਟੀਫਿਕੇਟਾਂ ਬਾਰੇ ਕੋਈ ਜਾਣਕਾਰੀ ਨਹੀਂ, ਉਹ ਸੋਚਣਗੇ ਮਰਾਸੀਆਂ ਦਾ ਮੁੰਡਾ ਹੋਊ। ਕਰੀਬ ਦੋ ਦਹਾਕੇ ਜਿਨ੍ਹਾਂ ਨੇ ਮੇਰੇ ਦਰਸ਼ਨ ਟੈਲੀਵਿਜ਼ਨ ‘ਤੇ ਹੀ ਕੀਤੇ, ਉਹ ਕਹਿੰਦੇ ਸੀ ਦੂਰਦਰਸ਼ਨ ਦਾ ਮੁਲਾਜ਼ਮ ਹੈ। ਅਖ਼ਬਾਰਾਂ ਪੜ੍ਹਨ ਵਾਲੇ ਸੋਚਦੇ ਰਹੇ ਕਿ ਇਹ ਫੁੱਲ ਟਾਈਮ ਇਹੋ ਕੰਮ ਕਰਦੈ। ਜਿਨ੍ਹਾਂ ਨੂੰ ਇਹ ਪਤਾ ਸੀ ਕਿ ਅਸ਼ੋਕ ‘ਮਾਹਟਰ’ ਲੱਗਾ ਹੋਇਐ, ਉਹ ਹੈਰਾਨ ਸਨ ਕਿ ‘ਮਾਹਟਰ’ ਦੇ ਸੱਦੇ ‘ਤੇ ਗਵਰਨਰ ਵੀ ਆਈ ਜਾਂਦੇ ਨੇ, ਤੇ ਸਿੱਖਿਆ ਵਿਭਾਗ ਪੰਜਾਬ ਨੂੰ ਅਖੀਰ ਤੱਕ ਇਹ ਯਕੀਨ ਹੀ ਨਹੀਂ ਆਇਆ ਕਿ ਇਹ ਬੰਦਾ ਸਾਡੇ ਕੋਲ ਸਤਾਈ ਸਾਲ ਨੌਕਰੀ ਵੀ ਕਰ ਗਿਐ।æææਤੇ ਜਿਸ ਸੰਗੀਤ ਦੇ ਖੇਤਰ ਵਿਚ ਮੈਂ ਤਿੰਨ ਦਹਾਕੇ ਤੋਂ ਵੱਧ ਸਮਾਂ ਗੁਜ਼ਾਰਿਆ, ਜਿਹਨੂੰ ਕਈ ਲੋਕ ਕੰਜਰਖਾਨਾ ਵੀ ਦੱਸਦੇ ਰਹੇ ਹਨ, ਜਦੋਂ ਵਿਆਹ ਦੀ ਰੁੱਤੇ ਕਈ ਰਿਸ਼ਤੇ ਆਏ ਤਾਂ ਇਕ ਥਾਂ ਭਾਨੀਮਾਰ ਇਹ ਵੀ ਕਹਿਣ ਗਏ ਕਿ ਮੁੰਡਾ ਤਾਂ ਨੱਚਣ-ਗਾਉਣ ਵਾਲੀਆਂ ‘ਚ ਰਹਿੰਦੈ। ਤੁਹਾਡੀ ਕੁੜੀ ਕਿੱਥੇ ਰੱਖੂ।æææਤੇ ਪੰਜਾਬ ਦੇ ਮਾੜੇ ਹਾਲਾਤ ‘ਚ ਸਿਸ਼ਤਾਂ ਦੀ ਸੰਗੀਨ ਤੇ ਡਰਾਉਣੀ ਛਾਂ ਹੇਠੋਂ ਮੈਂ ਬੜਾ ਔਖਾ ਨਿਕਲਿਆ।
ਅਸਲ ਵਿਚ ਮੇਰੇ ਅੰਦਰ ਦੋ ਮਨੁੱਖ ਤੀਂਗੜਦੇ ਰਹੇ ਹਨ। ਪਹਿਲਾ ਇਹ ਕਿ ਮੈਂ ਉਸ ਤਰ੍ਹਾਂ ਦਾ ਕਹਾਣੀਕਾਰ ਪੰਜਾਬੀ ਖੇਤਰ ਵਿਚ ਬਣਨਾ ਚਾਹੁੰਦਾ ਸੀ ਜਿਵੇਂ ਮੁਨਸ਼ੀ ਪ੍ਰੇਮ ਚੰਦ ਦਾ ਸਥਾਨ ਹਿੰਦੀ ਕਹਾਣੀ ‘ਚ ਹੈ। ਇਸੇ ਲਈ ਸੰਤ ਸਿੰਘ ਸੇਖੋਂ ਦੀਆਂ ਲੱਤਾਂ ਬੜੀਆਂ ਘੁੱਟੀਆਂ। ਸ਼ਾਇਰੀ ਦੀ ਬਹਿਰ ਮੈਂ ਨੌਵੀਂ ‘ਚ ਪੜ੍ਹਦੇ ਨੇ ਪਿੰਗਲ ਪੜ੍ਹ ਕੇ ਸਿੱਖ ਲਈ ਤੇ ਗਜ਼ਲ ਵੀ ਲਿਖਣ ਲੱਗ ਪਿਆ ਸੀ, ਪਰ ਮੈਨੂੰ ਸ਼ਿਵ ਜਾਂ ਪਾਤਰ ਬਣਨ ਦਾ ਭਰਮ ਨਹੀਂ ਸੀ। ਗੀਤਕਾਰੀ ‘ਚ ਦੇਵ ਥਰੀਕਿਆਂ ਵਾਲਾ ਬਣਨ ਦਾ ਚਾਅ ਗੋਡੇ-ਗੋਡੇ ਚੜ੍ਹਿਆ ਰਿਹਾ। ਲਿਖਣ ਦੇ ਸ਼ੁਰੂਆਤੀ ਦੌਰ ਵਿਚ ‘ਜੱਗਬਾਣੀ’, ‘ਅਜੀਤ’ ਤੇ ‘ਪੰਜਾਬੀ ਟ੍ਰਿਬਿਊਨ’ ਨੇ ਮੇਰੀਆਂ ਕਹਾਣੀਆਂ ਉਦੋਂ ਛਾਪੀਆਂ ਜਦੋਂ ਹਾਲੇ ਮੈਂ ਦਸਵੀਂ ਤੋਂ ਵੀ ਪਿਛਾਂਹ ਸਾਂ ਤੇ ਕੁਲਵੰਤ ਸਿੰਘ ਵਿਰਕ ਦੀ ‘ਦੁੱਧ ਦਾ ਛੱਪੜ’, ਕਰਤਾਰ ਸਿੰਘ ਦੁੱਗਲ ਦੀ ‘ਕਰਾਮਾਤ’ ਵਰਗੀਆਂ ਕਹਾਣੀਆਂ ਵੀ ਨਹੀਂ ਪੜ੍ਹੀਆਂ ਸਨ, ਪਰ ਨਾਲ-ਨਾਲ ਲੁੱਚ-ਗੜੁੱਚ ਪੁੱਠੇ ਸਿੱਧੇ ਗੀਤ ਲਿਖਣ ਲੱਗ ਪਿਆ ਸਾਂ; ਇਸ ਵਹਿਮ ਨਾਲ ਕਿ ਲੋਕ ਰਾਤੋ-ਰਾਤ ਮੈਨੂੰ ਜਾਨਣ ਲੱਗ ਪੈਣਗੇ।
ਸੰਗੀਤ ਨਾਲ ਹਰ ਮਨੁੱਖ ਦਾ ਸਬੰਧ ਹੈ। ਵੱਖਰੀ ਗੱਲ ਹੈ ਕਿ ਕਈ ਲੋਕਾਂ ਨੂੰ ਇਸ ਗੱਲ ਨਾਲ ਇਸ਼ਕ ਕਰਨ ਦਾ ਚਾਅ ਹੀ ਨਹੀਂ ਉਠਦਾ। ਸੰਗੀਤ ਦਾ ਦੀਵਾ ਹਰ ਕਿਸੇ ਦੀ ਜ਼ਿੰਦਗੀ ਵਿਚ ਬਲਦਾ ਹੈ, ਪਰ ਇਸ ਦੀ ਆਰਤੀ ਉਤਾਰਨੀ ਕਿਸੇ-ਕਿਸੇ ਨੂੰ ਹੀ ਆਉਂਦੀ ਹੈ। ਮੈਂ ਇਸ ਦੀ ਜੋਤ ਹਰ ਵੇਲੇ ਜਗਾ ਕੇ ਰੱਖੀ ਹੈ ਤੇ ਸੰਗੀਤ ਦਾ ਪ੍ਰਸਾਦ ਕਰੀਬ ਤਿੰਨ ਦਹਾਕੇ ਵੰਡਦਾ ਰਿਹਾ ਹਾਂ। ਸਾਰੇ ਮੰਨਦੇ ਨੇ ਕਿ ਮਹਾਂਭਾਰਤ ਸਿਆਣੇ ਲੋਕਾਂ ਦੀ ਮੂਰਖਾਂ ਵਾਲੀ ਕਹਾਣੀ ਹੈ, ਪਰ ਪੰਜਾਬੀ ਗਾਇਕੀ ਤੇ ਸੰਗੀਤ ਦੇ ਜਿਸ ਮਹਾਂਭਾਰਤ ‘ਚੋਂ ਮੈਂ ਪਾਤਰ ਬਣ ਕੇ ਗੁਜ਼ਰਿਆ ਹਾਂ, ਉਹਦੀ ਗੱਲ ਕਰਦਿਆਂ ਕਈ ਵਾਰ ਮਹਿਸੂਸ ਹੁੰਦਾ ਹੈ, ਮੁੰਦਰਾਂ ਤਾਂ ਅਸਲੀ ਸਨ ਪਰ ਕੰਨ ਨਕਲੀ ਲਗਦੇ ਰਹੇ। ਦਰੋਪਦੀ ਕਾਰਵਾਂ ਨੇ ਨਹੀਂ, ਪਾਂਡਵਾਂ ਨੇ ਹੀ ਨਿਰਵਸਤਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਹਾਂਖੇਤਰ ਵਿਚ ਵਿਚਰਦਿਆਂ ਹੀ ਪਤਾ ਲੱਗਾ ਕਿ ਸੀ ਤਾਂ ਖਰਬੂਜਾ, ਪਰ ਵਿਚੋਂ ਬੀਅ ਪਤਾ ਨਹੀਂ ਕਰੇਲੇ ਦੇ ਕਿਵੇਂ ਨਿਕਲ ਆਏ? ਇਸ ਖਿੱਤੇ ‘ਚ ਰਹਿ ਕੇ ਹੀ ਅਹਿਸਾਸ ਹੋਇਆ ਕਿ ਭਾਈ ਗੁਰਦਾਸ ਨੇ ਸ਼ਾਇਦ ‘ਮਦ ਵਿਚ ਰਿੱਧਾ ਪਾ ਕੇ ਕੁੱਤੇ ਦਾ ਮਾਸ’ ਅਕ੍ਰਿਤਘਣ ਲੋਕਾਂ ਬਾਰੇ ਸਤਰਾਂ ਇਸ ਕਰ ਕੇ ਲਿਖੀਆਂ ਹੋਣ ਕਿ ਇਹ ਸ਼ਾਇਦ ਇਸ ਖਿੱਤੇ ਦੇ ਲੋਕਾਂ ‘ਤੇ ਵੱਧ ਢੁਕਵੀਆਂ ਸਾਬਤ ਹੋਣਗੀਆਂ।
ਖ਼ੈਰ! ਥੋੜ੍ਹਾ ਪਿੱਠ-ਭੂਮੀ ਵੱਲ ਮੁੜਦੇ ਹਾਂ। ਸਾਡੇ ਇਲਾਕੇ ‘ਚ ਜਾਡਲੇ ਦੇ ਮਲੂਕ ਚੰਦ ਪਾਗਲ ਦੇ ਡਰਾਮੇ ਬੜੇ ਮਸ਼ਹੂਰ ਸਨ ਤੇ ਰਵਿਦਾਸ ਲੀਲ੍ਹਾ ਵੀ ਉਹ ਬਹੁਤ ਪਿਆਰੀ ਖੇਡਦਾ ਸੀ। ਮੇਰਾ ਸਭ ਤੋਂ ਵੱਡਾ ਭਰਾ ਨਸੀਬ ਚੰਦ ਉਦਾਂ ਦਾ ਹੀ ਸੀ, ਜਿੱਦਾਂ ਦੇ ਸੁਭਾਅ ਦੇ ਫੋਜੀ ਹੁੰਦੇ ਹੀ ਹਨ, ਪਰ ਦੂਜੇ ਨੰਬਰ ਵਾਲਾ ਅਮਰੀਕ ਪਹਿਲਾਂ ਤੋਂ ਹੀ ਸੰਤ ਸੁਭਾਅ ਦਾ ਤੇ ਹੁਣ ਤੱਕ ਗਿਆਨੀ ਧਿਆਨੀ ਹੀ ਹੈ। ਉਹਦਾ ਸਫ਼ਰ ਹਾਲੇ ਤੱਕ ਵੀ ਗੁਰੂ ਘਰ ਤੋਂ ਅੱਗੇ ਨਹੀਂ ਜਾਂਦਾ। ਅਨਪੜ੍ਹ ਹੋਣ ਦੇ ਬਾਵਜੂਦ ਉਹਨੂੰ ਜਾਨੀ ਚੋਰ, ਨਲ-ਦਮਯੰਤੀ, ਰਾਜਾ ਰਸਾਲੂ ਦੀਆਂ ਕਹਾਣੀਆਂ ਜ਼ੁਬਾਨੀ ਯਾਦ ਸਨ ਤੇ ਮੇਰੀਆਂ ਦੋਵੇਂ ਭੈਣਾਂ ਕਮਲਾ ਤੇ ਪਰਮਿੰਦਰ ਗਰਮੀਆਂ ਵਿਚ ਕਦੇ-ਕਦੇ, ਪਰ ਸਰਦੀਆਂ ਵਿਚ ਤਕਰੀਬਨ ਹਰ ਰਾਤ ਨੂੰ ਰਜਾਈ ‘ਚ ਬੈਠ ਕੇ ਸਾਂਝੇ ਟੱਬਰ ਵਿਚ ਕਦੇ ਬਾਤਾਂ ਤੇ ਕਦੇ ਅਜਿਹੀਆਂ ਕਹਾਣੀਆਂ ਸੁਣਦੇ। ਘਰ ਵਿਚ ਸਭ ਤੋਂ ਛੋਟਾ ਹੋਣ ਕਰ ਕੇ ਹੁੰਗਾਰਾ ਮੇਰੀਆਂ ਭੈਣਾਂ ਦਿੰਦੀਆਂ, ਪਰ ਸੁਣਦਾ ਮੈਂ ਵੀ। ਕਈ ਵਾਰ ਭਰਾ ਆਨਾ-ਕਾਨੀ ਕਰਦਾ ਤਾਂ ਬੇਬੇ ਬੁਝਾਰਤਾਂ ਨਾਲ ਸੌਣ ਤੋਂ ਪਹਿਲਾਂ ਦਾ ਸੰਗੀਤਕ ਮਾਹੌਲ ਬਣਾ ਦਿੰਦੀ।
ਡਰਾਮੇ, ਰਾਮ ਲੀਲ੍ਹਾ, ਨਕਲਾਂ ਮੇਰੇ ਉਕਤ ਭਰਾ ਨੇ ਮੈਨੂੰ ਦਸ-ਦਸ ਕੋਹ ‘ਤੇ ਮੋਢਿਆਂ ਉਤੇ ਬਿਠਾ ਕੇ ਪੈਦਲ ਚੱਲ ਕੇ ਦਿਖਾਈਆਂ। ਉਦੋਂ ਨਹੀਂ ਲਗਦਾ ਸੀ ਕਿ ਮੇਰਾ ਇਹ ਭਰਾ ਕਿਸੇ ਅਜਿਹੇ ਮਕਾਨ ਦੀ ਨੀਂਹ ਰੱਖ ਰਿਹੈ ਜਿਸ ਦੀਆਂ ਦੀਵਾਰਾਂ ਦੀ ਚਿਣਾਈ ਤੇ ਲਿਪਾਈ ਮੈਂ ਬਾਅਦ ਵਿਚ ‘ਕੱਲਾ ਹੀ ਕਰਾਂਗਾ। ਪਤਾ ਤਾਂ ਮੈਨੂੰ ਬਾਅਦ ‘ਚ ਲੱਗਾ ਕਿ ਚੰਗੀਆਂ ਕਿਤਾਬਾਂ ਚੋਰੀ ਕਰਨ ਵਿਚ ਕੋਈ ਹਰਜ ਨਹੀਂ ਹੁੰਦਾ, ਪਰ ਪਤਾ ਨਹੀਂ ਮੈਂ ਕਿਵੇਂ ਛੇਵੀਂ ਵਿਚ ਪੜ੍ਹਦੇ ਨੇ ਲਾਗਲੇ ਪਿੰਡ ਮਾਹਿਲ ਗਹਿਲਾਂ ਦੇ ਦੁਸਹਿਰੇ ਤੋਂ ਕਮਜ਼ੋਰ ਨਜ਼ਰ ਵਾਲੇ ਇਕ ਬਜ਼ੁਰਗ ਦੀ ਦੁਕਾਨ ਤੋਂ ‘ਜ਼ਿੰਦਗੀ ਬਿਲਾਸ’ ਚੋਰੀ ਕਰ ਲਿਆ ਤੇ ਕੁਝ ਦਿਨਾਂ ਬਾਅਦ ਸਾਡੇ ਪਿੰਡ ਸਿੰਬਲ ਮਜਾਰੇ ਵਾਲੇ ਗਿਆਨੀ ਮਹਿੰਗਾ ਸਿੰਘ ਦਾ ਜਦੋਂ ਡਰਾਮਾ ਖੇਡਿਆ ਗਿਆ, ਤਾਂ ਸਾਰੀ ਟੀਮ ਸਾਡੇ ਬਾਹਰਲੇ ਘਰ ਠਹਿਰੀ। ਮੈਨੂੰ ਪਤਾ ਸੀ ਕਿ ਇਨ੍ਹਾਂ ਨੇ ਰਾਤ ਨੂੰ ਅਠਿਆਨੀ ਨੂੰ ਕਿੱਸੇ ਵੇਚੇ ਸਨ ਗੀਤਾਂ ਵਾਲੇ, ਤੇ ਜਦੋਂ ਸਵੇਰ ਨੂੰ ਸਾਡੇ ਘਰਾਂ ਲਾਗੇ ਚਲਦੇ ਹਲਟ ‘ਤੇ ਡਰਾਮੇ ਵਾਲੀ ਸਾਰੀ ਟੀਮ ਨਹਾਉਣ ਚੱਲੀ ਤਾਂ ਮੈਨੂੰ ‘ਕਾਕਾ ਸਾਡੇ ਸਾਮਾਨ ਦੀ ਰਾਖੀ ਕਰੀਂ’ ਕਹਿ ਕੇ ਉਨ੍ਹਾਂ ਤਾਂ ਮੈਨੂੰ ਇਮਾਨਦਾਰ ਸਮਝਿਆ, ਪਰ ਮੈਂ ਫਿਰ ‘ਕਿੱਸਿਆਂ ਦਾ ਚੋਰ’ ਬਣ ਗਿਆ। ਉਨ੍ਹਾਂ ਦੇ ਇਕ ਬੈਗ ‘ਚੋਂ ਮੈਂ ਚਾਰ ਕਿੱਸੇ ਕੱਢ ਕੇ ਲਕੋ ਲਏ ਤੇ ਚਾਲੀ ਸਾਲ ਬੀਤਣ ਦੇ ਬਾਵਜੂਦ ਹਾਲੇ ਤੀਕਰ ਸੰਭਾਲੇ ਪਏ ਹਨ। ਮਹਿੰਦਰ ਸਿੰਘ ਪਰਦੇਸੀ ਦੇ ਲਿਖੇ ਇਨ੍ਹਾਂ ਧਾਰਮਿਕ ਭਜਨਾਂ ‘ਚੋਂ ਹਾਲੇ ਵੀ ਮੈਨੂੰ ਕੁਝ ਸਤਰਾਂ ਚੇਤੇ ਹਨ:
ਚੰਗੇ ਕੰਮ ਕਰ ਬੰਦਿਆ,
ਏਥੇ ਚਾਰ ਦਿਨਾਂ ਦਾ ਰਹਿਣਾ,
ਕ੍ਰਿਸ਼ਨ ਮੁਰਾਰੀ ਨੇ
ਫੜ ਕੇ ਕੇਸਾਂ ਤੋਂ ਪਟਕਾਉਣਾæææ।
ਰੰਗਾਂ ਵਾਲੀ ਹੋਲੀ ਮੈਂ ਕਦੇ ਨਹੀਂ ਖੇਡੀ, ਪਰ ਸੰਗੀਤ ਦੀ ਹੋਲੀ ਵਿਚ ਅਗਲਾ ਰੰਗ ਮੇਰੇ ‘ਤੇ ਇਹ ਪਿਆ ਕਿ ਸਾਡੇ ਪਿੰਡ ਦਾ ਬਜ਼ੁਰਗ ਮੰਗਲ ਸਿੰਘ ਸੀ ਤਾਂ ਕੋਰੇ ਕਾਗਜ਼ ਵਰਗਾ ਅਨਪੜ੍ਹ, ਪਰ ਉਹ ਢਾਡੀ ਅਮਰ ਸਿੰਘ ਸ਼ੌਂਕੀ ਦੇ ਗੀਤ ਬੜੀ ਰੀਝ ਨਾਲ ਗਾਉਂਦਾ ਸੀ। ਆਥਣੇ ਬੇਈਂ ਕਿਨਾਰੇ ਡੰਗਰ ਚਾਰਦੇ ਗੱਭਰੂਆਂ ਨੇ ਉਹਨੂੰ ਗਾਉਣ ਲਈ ਆਖਣਾ, ਪਰ ਉਹ ਛੇਤੀ ਕੀਤੇ ਮੰਨਦਾ ਨਹੀਂ ਸੀ। ਤੇ ਅਸੀਂ ਤਾਇਆ ਤਾਇਆ ਕਹਿ ਕੇ ਉਹ ਨੂੰ ਮਨਾ ਲੈਂਦੇ। ਸ਼ੁਰੂ ਹੋਣ ਦੀ ਦੇਰ ਸੀ, ਫਿਰ ਉਹ ਹਟਦਾ ਆਪਣੀ ਮਰਜ਼ੀ ਨਾਲ ਹੀ ਸੀ:
ਸੱਜਣੀ ਹੱਸ ਕੇ ਹੱਸ ਕੇ ਬੋਲ਼ææ
ਜਾਂ
ਦੋ ਤਾਰਾ ਵੱਜਦਾ ਵੇæææ
ਜਾਂ
ਛੋਟੇ ਲਾਲ ਦੇ ਪਿਆਰੇæææ
ਉਹਨੇ ਫਿਰ ਇਕੋ ਸਾਹੇ ਗਾ ਕੇ ਹੀ ਸਾਹ ਲੈਣਾ। ਮੁੰਡ੍ਹੀਰ ਨੇ ਮੰਗਲ ਸਿਹੁੰ ਦਾ ਨਾਂ ‘ਸੱਜਣੀ’ ਪਾ ਲਿਆ ਸੀ ਤੇ ਲੰਘਦੇ ਵੜਦੇ ਨੂੰ ਜਦੋਂ ‘ਸੱਜਣੀ ਆ ਗਈ’ ਕਹਿਣਾ ਤਾਂ ਉਹਨੇ ਮਣ-ਮਣ ਪੱਕੀਆਂ ਗਾਲਾਂ ਕੱਢਣੀਆਂ। ਇਹ ਬਜ਼ੁਰਗ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਇਸ ਗੱਲ ਦਾ ਮੈਂ ਜ਼ਿਕਰ ਅੱਗੇ ਚੱਲ ਕੇ ਕਰਾਂਗਾ ਕਿ ਇਸੇ ਬਜ਼ੁਰਗ ਨੇ ਮੈਨੂੰ ਸ਼ੌਂਕੀ ਮੇਲਾ ਲਾਉਣ ਲਈ ਸਪੇਰੇ ਵਾਂਗ ਕੀਲ ਲਿਆ ਸੀ।
ਇਕ ਵਾਰ ਸਾਡੇ ਪਿੰਡ ਬਿਮਲਾ ਨਾਂ ਦੀ ਗਾਉਣ ਵਾਲੀ ਆਈ ਤਾਂ ਰੁੜਕੇ ਵਾਲੇ ਜੱਟਾਂ ਨੇ ਉਹਨੂੰ ਹਵੇਲੀ ਪੱਕੇ ਤੌਰ ‘ਤੇ ਹੀ ਰੱਖ ਲਿਆ। ਸੁਨੱਖੀ ਹੋਣ ਕਰ ਕੇ ਜੱਟ ਊਂ ਸ਼ੁਦਾਈ ਜਿਹੇ ਹੋ ਗਏ ਤੇ ਰੋਜ਼ ਆਥਣੇ ਉਨ੍ਹਾਂ ਦੀ ਹਵੇਲੀ ਅਖਾੜਾ ਲੱਗਣਾ। ਭਲੇ ਦਿਨ ਗੈਸ ਲੈਂਪ ਜਗਣੇ ਤੇ ਸਾਰੇ ਪਿੰਡ ਨੇ ਕਣਕ ਵੱਢਦਿਆਂ, ਹਾੜ੍ਹੀ ਸੰਭਾਲਦਿਆਂ ਰਾਤ ਚਾਵਾਂ ਨਾਲ ਗੁਜ਼ਰਨੀ। ਇਹ ਵੀ ਗੱਲ ਸੱਚੀ ਹੈ ਕਿ ਸਾਡੇ ਪਿੰਡ ਦਾ ਇਕ ਬੋਲਾ ਜਿਹਨੂੰ ਬਤਨਾ ਆਂਹਦੇ ਸਨ, ਗਾਇਕਾ ਬਿਮਲਾ ਦੇ ਵਿਯੋਗ ‘ਚ ਪਾਗਲ ਹੋ ਗਿਆ ਸੀ। ਸਾਰੇ ਪੈਸੇ ਲੁਟਾ ‘ਤੇ। ਜਦੋਂ ਕਿਤੇ ਬੋਲੇ ਨੇ ਗਲੀ ‘ਚੋਂ ਲੰਘਣਾ ਤਾਂ ਛੋਕਰ-ਖੇਲ ਨੇ ਛੇੜ ਦੇਣਾ-‘ਆ ਗਈ ਬੋਲਿਆ ਬਿਮਲਾ।’ ਬਿਮਲਾ ਨਾਂ ਪਤਾ ਨਹੀਂ ਉਹਨੂੰ ਕਿਵੇਂ ਸੁਣ ਜਾਂਦਾ ਸੀ, ਉਹਨੇ ਗੁੱਸੇ ‘ਚ ਆ ਕੇ ਗਾਲਾਂ ਕੱਢਣੀਆਂ, “ਸਾਲਿਓ, ਕਿਥੇ ਐ? ਤੁਹਾਡੀ ਮਾਸੀ, ਭੂਆ ਲਗਦੀ ਐ ਕੰਜਰ ਦਿਓæææਕੁੱਤਿਓ ਸਾਲਿਓ। ਇਕ ਦਿਨ ਬਿਮਲਾ ਘਰ ਨਾ ਲਿਆਂਦੀ ਤਾਂ ਬੋਲਾ ਨਾ ਕਿਹੋ।” ਉਦੋਂ ਮੈਂ ਸੱਤਵੀਂ ‘ਚ ਪੜ੍ਹਦਾ ਸੀ। ਇਨ੍ਹਾਂ ਗੱਲਾਂ ਦਾ ਤਾਂ ਮੈਨੂੰ ਬਹੁਤਾ ਇਲਮ ਨਹੀਂ ਸੀ ਪਰ ਸਕੂਲੋਂ ਆ ਕੇ ਹਾਣੀਆਂ ਨਾਲ ਰੁੜਕੀਆਂ ਦੀ ਹਵੇਲੀ ਚਲੇ ਜਾਣਾ ਤੇ ਗੱਲਾਂ ਕਰਨੀਆਂ, “ਆਹ ਐ ਬਿਮਲਾ ਜਿਹੜੀ ਰਾਤ ਨੂੰ ਗਾਉਂਦੀ ਹੁੰਦੀ ਐ।” ਜੋਗਿੰਦਰ ਨੇ ਕਹਿਣਾ, “ਮਾੜੀ ਧੀੜੀ ਨਹੀਂ ਗਾ ਸਕਦੀ। ਗਾਉਣਾ ਸੋਹਣੀਆਂ ਨੂੰ ਹੀ ਆਉਂਦੈ।” ਤੇ ਫਾਂਟਾਂ ਵਾਲਾ ਪਜਾਮਾ ਪਾ ਕੇ ਲੱਕ ‘ਤੇ ਇਕ ਹੱਥ ਰੱਖ ਟੇਡਾ ਜਿਹਾ ਹੋ ਕੇ ਬਿਮਲਾ ਹੀ ਦੇਖੀ ਜਾਣੀ, “ਓ ਨਿੰਮਿਆ, ਭੱਜ ਕੇ ਆ, ਸਾਲਿਆ ਦੇਖ ਅਹੁ ਰੋਟੀ ਕਿੱਦਾਂ ਖਾਂਦੀ ਐ।” ਸਾਥੋਂ ਦੋ-ਤਿੰਨ ਸਾਲ ਵੱਡੇ ਲਫੰਗੇ ਜਿਹੇ ਬਿੱਕਰ ਨੇ ਕਹਿਣਾ, “ਢੋਲਕੀਆਂ ਬਾਜੇ ਵਾਲੇ ਚੰਗੇ ਆ ਸਾਲੇ, ਜਿਨ੍ਹਾਂ ਨਾਲ ਹਰ ਵੇਲੇ ਰਹਿੰਦੀ ਐ।”
ਅਸਲ ਵਿਚ ਇਹ ਸਾਰਾ ਕੁਝ ਉਵੇਂ ਸੀ ਜਿਵੇਂ ਕਿਸੇ ਨਵੇਂ ਰੰਗਰੂਟ ਨੂੰ ਸਰਹੱਦ ‘ਤੇ ਜਾਣ ਤੋਂ ਪਹਿਲਾਂ ਔਖੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੱਚ ਤਾਂ ਇਹ ਵੀ ਸੀ ਕਿ ਪੰਜਾਬੀ ਗਾਇਕੀ ‘ਚ ਦਾਖਲ ਹੋਣ ਦਾ ਇਹ ਮੇਰਾ ਐਂਟਰੈਂਸ ਟੈਸਟ ਹੋ ਰਿਹਾ ਸੀ ਜਿਵੇਂ ਨੱਚਣ ਤੋਂ ਪਹਿਲਾਂ ਝਾਂਜਰਾਂ ਗਿੱਟੇ ਦੁਆਲੇ ਬੰਨ੍ਹਣ ਦਾ ਜੁਗਾੜ ਹੋ ਰਿਹਾ ਹੋਵੇ।
(ਚਲਦਾ)
Leave a Reply