‘ਕੋਣੇ ਦੇ ਸੂਰਜ’ ਦੀ ਲੋਅ ‘ਚ ਵਿਚਰਦਿਆਂ…

ਸੁਰਿੰਦਰ ਸੋਹਲ
ਮੋਹਨਜੀਤ ਦੀ ਕਾਵਿ-ਪੁਸਤਕ ‘ਕੋਣੇ ਦਾ ਸੂਰਜ’ ਪੜ੍ਹਦਿਆਂ ਇਕ ਵਾਰ ਤਾਂ ਸੁਰਤੀ ਉੜੀਸਾ ਦੇ ‘ਸੂਰਜ ਮੰਦਿਰ’ ਦੀ ਯਾਤਰਾ ਕਰ ਆਉਂਦੀ ਹੈ। ਮੰਜ਼ਰਕਸ਼ੀ ਏਨੀ ਕਮਾਲ ਹੈ ਕਿ ਮੰਦਿਰ ਦੇ ਅਕਸ ਅੱਖਾਂ ਦੇ ਸ਼ੀਸ਼ਿਆਂ ‘ਚ ਲਿਸ਼ਕਣ ਲੱਗ ਪੈਂਦੇ ਨੇ। ਕਵੀ ਏਨੀ ਕਾਰੀਗਰੀ ਨਾਲ ਸ਼ਬਦ ਵਰਤਦਾ ਹੈ ਕਿ ਇਨ੍ਹਾਂ ਰਾਹੀਂ ਸੂਰਜ ਮੰਦਿਰ ਦੀ ਹੋ ਰਹੀ ਉਸਾਰੀ ਸਾਕਾਰ ਕਰ ਦਿੰਦਾ ਹੈ। ਭਾਰੇ-ਭਾਰੇ ਪੱਥਰ ਚੁੱਕੀ ਆਉਂਦੇ ਮਜ਼ਦੂਰਾਂ ਦਾ ਪਸੀਨਾ ਕਿਤਾਬ ਦੇ ਵਰਕੇ ਥੱਲਦੇ ਪਾਠਕ ਦੇ ਪੋਟੇ ਭਿਉਂਦਾ ਮਹਿਸੂਸ ਹੋਣ ਲਗਦਾ ਹੈ।

ਮੂਰਤੀਆਂ ਘੜਦੀਆਂ ਛੈਣੀਆਂ ‘ਤੇ ਵੱਜਦੇ ਹਥੌੜਿਆਂ ਦਾ ਨਾਦ ਕੰਨਾਂ ‘ਚ ਗੂੰਜਣ ਲੱਗ ਪੈਂਦਾ ਹੈ, ਪਰ ਕਵੀ ਦਾ ਪ੍ਰਯੋਜਨ ਆਪਣੇ ਹੁਨਰ ਨਾਲ ਮਹਿਜ ਮੰਜ਼ਰਕਸ਼ੀ ਕਰਕੇ ਪਾਠਕ ਜਾਂ ਸਰੋਤੇ ਨੂੰ ਸੰਮੋਹਿਤ ਕਰਨਾ ਨਹੀਂ, ਕੁਝ ਹੋਰ ਹੈ।
ਰਾਜੇ-ਮਹਾਰਾਜੇ ਵੱਡੇ-ਵੱਡੇ ਭਵਨਾਂ, ਸਮਾਰਕਾਂ, ਸ਼ਿਲਾਲੇਖਾਂ ਆਦਿ ਦੀ ਉਸਾਰੀ ਕਰਵਾ ਕੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਤਾਂ ਕਰਦੇ ਹੀ ਸਨ, ਨਾਲ ਦੀ ਨਾਲ ਇਨ੍ਹਾਂ ਕਲਾ ਕ੍ਰਿਤਾਂ ਰਾਹੀਂ ਆਪਣੇ ਆਪ ਨੂੰ ਅਮਰ ਵੀ ਕਰਨਾ ਚਾਹੁੰਦੇ ਸਨ। ਇਸੇ ਨਜ਼ਰੀਏ ਤੋਂ ਉਹ ਅੰਨੀ ਦੌਲਤ ਇਨ੍ਹਾਂ ‘ਤੇ ਲਾਉਂਦੇ ਸਨ,
ਬਿਨਾ ਸ਼ੱਕ, ਰਾਜੇ
ਮੰਦਿਰ ਨਿਰਮਾਤਾ ਸਨ
ਭਵਨ ਨਿਰਮਾਤਾ
ਵੈਭਵ ਉਨ੍ਹਾਂ ਦੀ
ਸੱਤਾ ਦਾ ਗੌਰਵ ਸੀ
ਹਉਮੈ ਦਾ, ਕੀਰਤੀ ਦਾ
ਦੌਲਤ ਦਾ। (ਪੰਨਾ 25)
ਅੱਜ ਸਾਡੇ ਸਾਹਮਣੇ ਉਸ ਮਹਾਨ ਕਲਾ ਦੇ ਮਹਾਨ ਨਮੂਨੇ (ਬਹੁਤ ਸਾਰੇ ਖੰਡਰਾਂ ਦੇ ਰੂਪ ਵਿਚ ਵੀ) ਤਾਂ ਹਨ ਪਰ ਉਨ੍ਹਾਂ ਨੂੰ ਉਸਾਰਨ ਵਾਲੇ ਕਾਮਿਆਂ ਤੇ ਸ਼ਿਲਪਕਾਰਾਂ ਦੀਆਂ ਪੀੜਾਂ, ਹੌਕੇ, ਮਜਬੂਰੀਆਂ ਅਤੇ ਦੁੱਖ ਬਿਆਨਣ ਵਾਲਾ ਕੋਈ ਨਹੀਂ। ਉਨ੍ਹਾਂ ਰਾਜਿਆਂ ਨੂੰ ਤਾਂ ਕੋਈ ਜਾਣਦਾ ਹੋਏਗਾ ਪਰ ਇਹ ਸ਼ਾਹਕਾਰ ਪੈਦਾ ਕਰਨ ਵਾਲੇ ਹੱਥਾਂ ‘ਚੋਂ ਚੋਂਦਾ ਲਹੂ ਇਤਿਹਾਸ ਦੇ ਖੰਡਰਾਂ ‘ਚ ਕਿਤੇ ਰੁਲ-ਖੁਲ ਗਿਆ ਹੈ। ਸ਼ਾਇਦ ਉਨ੍ਹਾਂ ਸ਼ਿਲਪਕਾਰਾਂ ਤੇ ਕਾਮਿਆਂ ਦੇ ਮਨ ਦੀ ਅਵਸਥਾ ਸੁਰਜੀਤ ਪਾਤਰ ਦੇ ਇਸ ਸ਼ਿਅਰ ਰਾਹੀਂ ਬਾਖੂਬੀ ਪ੍ਰਗਟ ਹੋ ਸਕਦੀ ਹੈ,
ਇਤਨਾ ਹੀ ਬਹੁਤ ਹੈ ਕਿ
ਮੇਰੇ ਖੂਨ ਨੇ ਰੁੱਖ ਸਿੰਜਿਆ,
ਕੀ ਹੋਇਆ ਜੇ ਪੱਤਿਆਂ ‘ਤੇ
ਮੇਰਾ ਨਾਮ ਨਹੀਂ ਹੈ।
ਮੋਹਨਜੀਤ ਨੇ ਆਪਣੀ ਇਸ ਲੰਬੀ ਕਵਿਤਾ ਵਿਚ ਇਸੇ ਪੱਖ ‘ਤੇ ਵੱਧ ਫੋਕਸ ਕੀਤਾ ਹੈ। ਇਹੋ ਜਿਹੇ ਅਜੂਬਿਆਂ ਦੇ ਨਿਰਮਾਣ ਵੇਲੇ ਸ਼ਿਲਪਕਾਰਾਂ ਦਾ ਖੂਨ ਕਿਵੇਂ ਪਸੀਨਾ ਬਣ-ਬਣ ਡੁੱਲ੍ਹਦਾ ਸੀ, ਉਨ੍ਹਾਂ ਦੀਆਂ ਸੱਧਰਾਂ ਕਿਵੇਂ ਪੱਥਰਾਂ ਹੇਠ ਆ ਕੇ ਮਿੱਧੀਆਂ ਜਾਂਦੀਆਂ ਸਨ, ਉਨ੍ਹਾਂ ਦੇ ਸੁਪਨੇ ਕਿਵੇਂ ਛੈਣੀਆਂ ਨਾਲ ਰੇਜ਼ਾ-ਰੇਜ਼ਾ ਹੁੰਦੇ ਸਨ, ਉਨ੍ਹਾਂ ਦਾ ਜੀਵਨ-ਨਾਦ ਕਿਵੇਂ ਹਥੌੜਿਆਂ ਦੀ ਠੱਕ-ਠੱਕ ਵਿਚ ਬੇਰਸਾ ਤੇ ਬੇਸੁਰਾ ਹੋ ਜਾਂਦਾ ਸੀ ਆਦਿ ਵੇਰਵੇ ਇਸ ਕਾਵਿ-ਪੁਸਤਕ ਦੇ ਸਫਿਆਂ ‘ਤੇ ਵਿਛੇ ਪਏ ਮਿਲਦੇ ਹਨ।
ਸ਼ਿਲਪਕਾਰਾਂ ਸਾਹਮਣੇ ਭਾਵੇਂ ਦੇਵਦਾਸੀਆਂ ਪ੍ਰਤੀਰੂਪਾਂ ‘ਚ ਮੌਜੂਦ ਸਨ, ਪਰ ਸ਼ਿਲਪਕਾਰਾਂ ਆਖਰ ਓਹੀ ਘੜਿਆ, ਜੋ ਉਨ੍ਹਾਂ ਦੇ ਅੰਦਰ ਦੱਬਿਆ ਪਿਆ ਸੀ,
ਸੈਂਕੜੇ ਦੇਵਦਾਸੀਆਂ ਸਨ
ਪ੍ਰਤੀਰੂਪ ਲਈ
ਪਰ ਜੋ ਰੂਪ ਸ਼ਿਲਪੀ ਦੀ
ਕਲਪਨਾ ‘ਚ ਸੀ
ਅੰਤ ਵਿਚ ਉਹੀ ਉਘੜਦਾ ਸੀ
ਬਾਕੀ ਤਾਂ ਮੁਦਰਾਵਾਂ ਈ ਸਨ
ਅੰਦਾਜ਼ ਸਨ
ਅੰਗ ਜੋ ਬੇਤਾਬ ਸਨ
ਸੰਜੋਗ ਲਈ
ਭੋਗ ਲਈ
ਆਖਿਰ ਓਹੀ ਬਣਦਾ ਰਿਹਾ
ਜੋ ਕਲਾਕਾਰਾਂ ਦੇ
ਮਨ ਦੀ ਆਰਜ਼ੂ ਸੀ। (ਪੰਨਾ 21)
ਕਵੀ ਥਾਂ-ਥਾਂ ਸੁੱਚਮ ਕੀ ਹੈ? ਕਾਮ ਕੀ ਹੈ? ਨਗਨਤਾ ਕੀ ਹੈ? ਪਿਆਰ ਕੀ ਹੈ? ਵਿਯੋਗ ਕੀ ਹੈ? ਮਰਿਆਦਾ ਕੀ ਹੈ? ਦਾਨ-ਪੁੰਨ ਕੀ ਹੈ? ਰਾਜ-ਸੱਤਾ ਦਾ ਜਬਰ ਕੀ ਹੈ? ਆਮ ਬੰਦੇ ਦੀ ਮਜਬੂਰੀ ਕੀ ਹੈ? ਸਮਾਜ ‘ਚ ਔਰਤ ਦੀ ਦਸ਼ਾ ਕੀ ਹੈ? ਆਦਿ ਸਵਾਲਾਂ ਦੇ ਸਨਮੁਖ ਹੁੰਦਾ ਹੈ।
ਰਾਜਾ ਨਰ ਸਿਹੁੰ ਦੇਵ ਇਕ ਕਲਾ-ਸਮਾਰਕ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਉਸ ਵਾਸਤੇ ਬਾਰਾਂ ਸਾਲ ਦਾ ਸਮਾਂ ਮਿਥਿਆ ਹੋਇਆ ਹੈ। ਇਨ੍ਹਾਂ ਬਾਰਾਂ ਸਾਲਾਂ ਵਿਚ ਮੰਦਿਰ ਉਸਾਰੀ ਕਰਨ ਵਾਲੇ ਔਰਤ-ਮਰਦ ਨੇ ਸੰਗ ਨਹੀਂ ਕਰਨਾ ਤਾਂ ਕਿ ਮੰਦਿਰ ਦੀ ‘ਸੁੱਚਮਤਾ’ ਕਾਇਮ ਰਹਿ ਸਕੇ। ਕਵਿਤਾ ਵਿਚ ਵਿਡੰਬਨਾ ਇਹ ਹੈ ਕਿ ਮੰਦਿਰ ਵਿਚ ਨਗਨ ਤੇ ਮੈਥੁਨ ਕਰਦੀਆਂ ਮੂਰਤੀਆਂ ਘੜੀਆਂ ਜਾਂਦੀਆਂ ਹਨ। ਉਨ੍ਹਾਂ ਦਾ ਪ੍ਰਤੀਰੂਪ (ਮਾਡਲ) ਦੇਵ-ਦਾਸੀਆਂ ਬਣਦੀਆਂ ਹਨ। ਉਹ ਦੇਵ-ਦਾਸੀਆਂ ਕੌਣ ਹਨ,
ਨਿਰਧਨਾਂ, ਦਲਿਤਾਂ ਦੀਆਂ ਜਾਈਆਂ
ਕੁਝ ਕੁ ਧਨ ਜਾਂ
ਭੋਇੰ ਦੇ ਟੁਕੜੇ ਲਈ
ਮੰਦਿਰਾਂ ਨੂੰ ਅਰਪੀਆਂ
ਨਾਜ਼ੁਕ, ਮਲੂਕ ਕੰਜਕਾਂ
ਪ੍ਰਾਕ੍ਰਿਤਕ ਸੁੱਖਾਂ ਤੋਂ ਪਰ੍ਹੇ
ਝੂਠੀ ਧਰਮ-ਪ੍ਰਤਿਸ਼ਠਾ ਲਈ
ਬਣਾਈਆਂ ਦਾਸੀਆਂ
ਪੱਥਰ ਦੇ ਦੇਵਾਂ ਨੂੰ ਰਿਝਾਉਂਦੀਆਂ
ਤਿਲ-ਤਿਲ ਮਰਦੀਆਂ।

ਕਾਮਨਾ ਉਨ੍ਹਾਂ ‘ਚ ਵੀ ਸੀ
ਪਰ ਮਜਬੂਰ ਸਨ
ਮੰਦਿਰ ਦੀ ਜਾਇਦਾਦ ਸਨ
ਪੁਜਾਰੀਆਂ ਦੀ ਹਿਰਸ ਦਾ ਹੁੰਦੀਆਂ ਸ਼ਿਕਾਰ
ਜਾਂ ਉਨ੍ਹਾਂ ਭੱਦਰਾਂ ਦੀ ਵਾਸਨਾ ਦਾ
ਜੋ ਮੱਠਾਂ-ਮੰਦਿਰਾਂ ਦੀ ਮਰਿਆਦਾ ਲਈ
ਦਾਨ ਦਿੰਦੇ ਤੇ ਹੋਰ ਸੁਖ-ਸਹੂਲਤਾਂ। (ਪੰਨਾ 27)
ਕਵੀ ਸਵਾਲ ਕਰਦਾ ਹੈ ਕਿ ਔਰਤ-ਮਰਦ ਦਾ ਸੰਗ ਤਾਂ ਮੰਦਿਰ ਦੀ ਪਵਿੱਤਰਤਾ ਨੂੰ ਭੰਗ ਕਰ ਸਕਦਾ ਹੈ ਪਰ ਔਰਤ ਨੂੰ ਦਾਸੀ ਬਣਾ ਕੇ ਉਸ ‘ਤੇ ਢਾਹਿਆ ਗਿਆ ਜ਼ੁਲਮ ਕਿਧਰਲੀ ‘ਸੁੱਚਮਤਾ’ ਅਤੇ ਇਖਲਾਕ ਹੈ?
‘ਕੋਣੇ ਦਾ ਸੂਰਜ’ ਇਕ ਲੰਬੀ ਕਵਿਤਾ ਹੈ, ਜਿਸ ਦੇ ਦੋ ਹਿੱਸੇ ਹਨ। ਕਵੀ ਨੇ ਲੋਕ-ਮਨ ‘ਚ ਵਸੀਆਂ ਦੋ ਦੰਤ-ਕਥਾਵਾਂ ਨੂੰ ਆਪਣੀ ਗੱਲ ਕਹਿਣ ਦਾ ਜ਼ਰੀਆ ਬਣਾਇਆ ਹੈ।
ਪਹਿਲੇ ਹਿੱਸੇ ਵਿਚ ਸ਼ਿਲਪਕਾਰ ਵਿਸ਼ਨੂੰ ਮਹਾਂਰਾਣਾ ਤੇ ਉਸ ਦੀ ਪਤਨੀ ਦੀ ਕਥਾ ਹੈ। ਪਤਨੀ ਗਰਭਵਤੀ ਹੈ। ਰਾਜੇ ਨਰ ਸਿੰਹੁ ਦੇਵ ਦਾ ਆਦੇਸ਼ ਆਉਂਦਾ ਹੈ। ਕਲਾ-ਸਮਾਰਕ ਸੂਰਜ ਮੰਦਿਰ ਬਣਾਉਣਾ ਹੈ, ਸਾਰੇ ਸ਼ਿਲਪੀ ਚੰਦਰਭਾਗਾ ਨਦੀ ਕਿਨਾਰੇ ਪਹੁੰਚ ਜਾਣ। ਮਜਬੂਰੀ ਵਸ ਵਿਸ਼ਨੂ ਨੂੰ ਵੀ ਜਾਣਾ ਪੈਂਦਾ ਹੈ।
ਇਕ ਪਾਸੇ ਵਿਛੋੜੇ ਦਾ ਸੱਲ ਹੈ, ਦੂਜੇ ਪਾਸੇ ਪ੍ਰਤਿਭਾ ਦਿਖਾਉਣ ਦਾ ਮੌਕਾ ਹੈ। ਇਸ ਦੁਬਿਧਾ ‘ਚੋਂ ਪੈਦਾ ਹੋਈ ਪੀੜ ਨੂੰ ਮੋਹਨਜੀਤ ਨੇ ਬੇਹੱਦ ਮਹੀਨ ਵੇਰਵਿਆਂ ਨਾਲ ਪੇਸ਼ ਕੀਤਾ ਹੈ।
ਵਿਸ਼ਨੂੰ ਦੇ ਘਰ ਮੁੰਡਾ ਜਨਮ ਲੈਂਦਾ ਹੈ, ਧਮਪਦ। ਉਹ ਵੀ ਬਾਪ ਦੇ ਮਗਰ ਹੀ ਸੂਰਜ ਮੰਦਿਰ ਦੀ ਉਸਾਰੀ ‘ਚ ਹਿੱਸਾ ਪਾਉਣ ਚਲਾ ਜਾਂਦਾ ਹੈ। ਜਦੋਂ ਧਮਪਦ ਸੂਰਜ ਮੰਦਿਰ ਵਿਚ ਪਰਵੇਸ਼ ਕਰਦਾ ਹੈ ਤਾਂ ਕਵੀ ਨੇ ਏਨੀ ਬਾਰੀਕ ਮੰਜ਼ਰਕਸ਼ੀ ਕੀਤੀ ਹੈ ਕਿ ਕਲਾ ਦੇ ਨਮੂਨੇ ਦੇਖਦੇ ਧਮਪਦ ਵਾਂਗ ਪਾਠਕ ਵੀ ਵਿਸਮਿਤ ਹੁੰਦਾ ਜਾਂਦਾ ਹੈ,
ਜੰਗ ਬਾਰੇ ਇਕ ਹੋਰ ਸ਼ਿਲਾ-ਮੂਰਤੀ
ਸੈਨਿਕ ਤੇ ਸੈਨਿਕ ਦੀ ਪਤਨੀ ਦੀ
ਸੈਨਿਕ ਯੁੱਧ ਲਈ ਤੁਰਿਆ
ਪਤਨੀ ਦੀ ਗੋਦੀ ਵਿਚ ਬਾਲ
ਚਿਹਰਿਆਂ ਉਤੇ ਡੂੰਘੀ ਚੁੱਪ
ਜੰਗ ਮਨ ਵਿਚ ਵੀ ਤਾਂ ਹੁੰਦੀ। (ਪੰਨਾ 44)

ਭੋਗ ਮੰਡਪ ਦੇ ਮੱਥੇ ਦੇ
ਲਘੂ ਮੰਡਪਾਂ ‘ਚ
ਸੁੰਦਰ ਔਰਤਾਂ ਤੇ
ਕਾਮ-ਰਤ ਜੁਗਲ
ਮੂਰਤੀਆਂ ਦਾ ਜਲੌਅ
ਔਰਤਾਂ ਦੀਆਂ ਅਨਿਕ ਮੁਦਰਾਵਾਂ
ਉਪਰ ਉਠੇ ਹੱਥਾਂ ਨਾਲ ਟਹਿਣੀ ਫੜੀ
ਪਾਲਤੂ ਪੰਖੀ ਨੂੰ ਪਿਆਰਦੀ
ਬੱਚੇ ਨੂੰ ਲਡਾਉਂਦੀ ਮੂਰਤੀ
ਵਾਲਾਂ ਨੂੰ ਨਚੋੜਦੀ ਸੁੰਦਰੀ ਤੇ
ਤੁਪਕੇ ਬੋਚਦਾ ਹੰਸ। (ਪੰਨਾ 54)
ਇਨ੍ਹਾਂ ਮੂਰਤੀਆਂ ਥਾਣੀਂ ਸ਼ਿਲਪਕਾਰਾਂ ਨੇ ਜਿਵੇਂ ਆਪਣੀਆਂ ਕੁੰਠਿਤ ਕਾਮਨਾਵਾਂ ਹੀ ਪ੍ਰਗਟ ਕੀਤੀਆਂ ਹਨ। ਬੱਚਿਆਂ ਨੂੰ ਮਿਲਣ ਦੀ ਤਾਂਘ ਦਰਸਾਉਂਦੀ ਮੂਰਤੀ ਬੱਚਾ ਲਡਾ ਰਹੀ ਹੈ। ਪਤਨੀ ਸੰਗ ਨੂੰ ਤਰਸਦਾ ਸ਼ਿਲਪਕਾਰ ਹੀ ਤਾਂ ਹੰਸ ਹੈ, ਜੋ ਤਰਸੇਵੇਂ ਦੇ ਤੁਪਕੇ ਬੋਚ ਰਿਹਾ ਹੈ।
ਇਸ ਸੰਸਾਰ ਵਿਚ ਕੋਈ ਵੀ ਇੱਛਾ-ਮੁਕਤ ਨਹੀਂ ਹੈ। ਰਾਜ-ਪਾਟ ਦਾ ਮਾਲਕ ਰਾਜਾ ਵੀ ਆਪਣੇ-ਆਪ ਨੂੰ ਇੱਛਾ-ਮੁਕਤ ਨਹੀਂ ਕਰ ਸਕਦਾ,
ਰਾਜੇ ਦੀ ਸੋਚ ਵੀ
ਇੱਛਾ-ਯੁਕਤ ਹੈ
ਮੰਦਿਰ ਦਾ ਸੰਕਲਪ
ਇੱਛਾ-ਰਹਿਤ ਨਹੀਂ
ਸੂਰਜ ਅਰਾਧ ਕੇ ਰਾਜਾ
ਅਮਰਤਵ ਚਾਹੁੰਦਾ ਹੈ
ਇਸੇ ਲਈ ਮੰਦਿਰ ਬਣਾਉਂਦਾ ਹੈ
ਵਡ-ਭਵਨ ਨਿਰਮਾਣ
ਸ਼ਕਤੀ ਦਾ ਵਿਖਾਵਾ। (ਪੰਨਾ 83)
ਮੰਦਿਰ ਦੇ ਸਿਰ ‘ਤੇ ਗੁੰਬਦ ਨਹੀਂ ਟਿਕਦਾ। ਰਾਜੇ ਦਾ ਹੁਕਮ ਹੈ, ਜੇ ਮਿਥੇ ਦਿਨ ਤੱਕ ਗੁੰਬਦ ਨਾ ਟਿਕਿਆ ਤਾਂ ਸਾਰੇ ਸ਼ਿਲਪਕਾਰਾਂ ਦੇ ਹੱਥ ਕੱਟ ਦਿੱਤੇ ਜਾਣਗੇ,
ਰਾਜੇ ਕਲਮ ਕਰਨਾ ਹੀ ਜਾਣਦੇ
ਘੜਨਾ ਨਹੀਂ ਜਾਣਦੇ
ਉਸਾਰਨਾ, ਬਣਾਉਣਾ
ਅਹਿਸਾਸ ਦੇ ਘੇਰੇ ਦੀ ਗੱਲ ਹੈ
ਸੰਵੇਦਨਾ, ਕਲਾ ਦਾ ਮੂਲ ਹੈ
ਆਦੇਸ਼ ਤੇ ਕਲਾ ਦਾ
ਮੁੱਢੋਂ ਵਿਰੋਧ ਹੈ। (ਪੰਨਾ 61)

ਬਾਪ ਤੇ ਪੁੱਤਰ ਨੇ
ਇਹ ਗੁੱਥੀ ਵੀ ਸੁਲਝਾਈ
ਪਲ ਭਰ ਇਹ ਵੀ ਸੋਚਿਆ
ਕਲਾ ਦਾ ਉਮਰ ਨਾਲ ਕੀ ਵਾਸਤਾ!
ਇਹ ਤਾਂ ਰੋਸ਼ਨੀ ਹੈ
ਅੰਦਰ ਦਾ ਚਾਨਣ
ਚੇਤਨ ਤੇ ਅਵਚੇਤਨ ਦੀ ਲੋਅ। (ਪੰਨਾ 63)
ਧਮਪਦ ਨੇ ਗੁੰਬਦ ਤਾਂ ਮੰਦਿਰ ਦੇ ਸਿਖਰ ‘ਤੇ ਟਿਕਾ ਦਿੱਤਾ ਪਰ ਬਾਪ ਵਿਸ਼ਨੂ ਦੇ ਗੌਰਵ ਦਾ ਖਿਆਲ ਕਰ ਕੇ ਚੰਦਰਭਾਗਾ ‘ਚ ਛਾਲ ਮਾਰ ਕੇ ਜਲ-ਸਮਾਧੀ ਲੈ ਲਈ।
ਦੂਜੀ ਕਥਾ ਸ਼ਿਲਪਕਾਰ ਕਮਲ ਦੀ ਹੈ। ਉਸ ਦਾ ਚੰਦਰਭਾਗਾ ਨਾਂ ਦੀ ਕੁੜੀ ਨਾਲ ਤਿੰਨ ਦਿਨਾਂ ਨੂੰ ਵਿਆਹ ਹੈ ਪਰ ਰਾਜੇ ਦਾ ਆਦੇਸ਼ ਹੈ ਕਿ ਸੂਰਜ ਮੰਦਿਰ ਦੇ ਨਿਰਮਾਣ ਲਈ ਪਹੁੰਚੋ। ਕੁਆਰੇ ਚਾਅ ਰਾਜੇ ਦੇ ਆਦੇਸ਼-ਪੱਥਰ ਹੇਠ ਦੱਬ ਕੇ ਉਨ੍ਹਾਂ ਨੂੰ ਵਿਛੜਨਾ ਪੈਂਦਾ ਹੈ।
ਨ੍ਰਿਤ-ਗੁਰੂ ਦੀ ਧੀ ਸ਼ਿਲਪਾ ਕਮਲ ‘ਤੇ ਮੋਹਿਤ ਹੋ ਗਈ। ਉਸ ਸਾਹਮਣੇ ਪ੍ਰਤੀਰੂਪ (ਮਾਡਲ) ਬਣ ਕੇ ਮੂਰਤਾਂ ਬਣਵਾਉਂਦੀ ਰਹੀ। ਕਮਲ ਸ਼ਿਲਪਾ ‘ਚੋਂ ਆਪਣੀ ਮੰਗੇਤਰ ਚੰਦਰਭਾਗਾ ਦੇ ਨਕਸ਼ ਤਲਾਸ਼ਦਾ ਰਿਹਾ ਤੇ ਮੂਰਤੀਆਂ ਤਰਾਸ਼ਦਾ ਰਿਹਾ।
ਸੂਰਜ ਮੰਦਿਰ ਬਣ ਗਿਆ। ਨਰ ਸਿਹੁੰ ਦੇਵ ਸ਼ਿਲਪਕਾਰਾਂ ਦੇ ਸ਼ਾਹਕਾਰ ਦੇਖ ਦੇਖ ‘ਵਾਹ ਵਾਹ’ ਕਰਦਾ ਰਿਹਾ। ਉਸ ਦੀ ‘ਵਾਹ ਵਾਹ’ ਹੇਠ ਹਜ਼ਾਰਾਂ ਸ਼ਿਲਪਕਾਰਾਂ ਦੇ ਹੌਕਿਆਂ ਨੂੰ ਜ਼ਬਾਨ ਦੇ ਕੇ ਅਗਰਭੂਮੀ ਵਿਚ ਲਿਆਉਣਾ ਇਸ ਕਾਵਿ-ਪੁਸਤਕ ਦਾ ਪ੍ਰਮੁੱਖ ਉਦੇਸ਼ ਹੈ।
ਮੂਰਤੀਆਂ ਵਿਚੋਂ ਨ੍ਰਿਤ-ਗੁਰੂ ਆਪਣੀ ਧੀ ਸ਼ਿਲਪਾ ਦੇ ਨਕਸ਼ ਪਛਾਣ ਲੈਂਦਾ ਹੈ। ਸ਼ਿਲਪਾ ਪ੍ਰਵਾਨਿਤ ਦੇਵਦਾਸੀ ਨਹੀਂ ਸੀ। ਉਸ ਨੇ ਰਾਜ-ਨਿਯਮਾਂ ਦਾ ਉਲੰਘਣ ਕੀਤਾ ਸੀ। ਨ੍ਰਿਤ-ਗੁਰੂ ਉਸ ਨੂੰ ਘਰੋਂ ਕੱਢ ਦਿੰਦਾ ਹੈ। ਉਹ ਜਿਸ ਬੇੜੀ ‘ਚ ਸਵਾਰ ਹੋ ਕੇ ਸ਼ਹਿਰ ਛੱਡਣਾ ਚਾਹੁੰਦੀ ਹੈ, ਉਹ ਤੂਫਾਨ ਦੀ ਜ਼ੱਦ ‘ਚ ਆ ਜਾਂਦੀ ਹੈ। ਉਸ ਨੂੰ ਬਚਾਉਣ ਲਈ ਕੁਆਰੀ ਸ਼ਿਲਪਾ ਵੀ ਧਮਪਦ ਵਾਂਗ ਜਲ-ਸਮਾਧੀ ਲੈ ਕੇ ਬਲੀਦਾਨ ਦੇ ਦਿੰਦੀ ਹੈ।
ਕਮਲ ਦੇ ਮਾਪਿਆਂ ਨੇ ਚੰਦਰਭਾਗਾ ਦੇ ਮਰਨ ਦੀ ਅਫਵਾਹ ਫੈਲਾਈ ਸੀ। ਸੂਰਜ ਮੰਦਿਰ ਦੀ ਉਸਾਰੀ ਮੁਕੰਮਲ ਹੋਣ ‘ਤੇ ਨਿਕਲੇ ਜਲੂਸ ‘ਚੋਂ ਉਹ ਚੰਦਰਭਾਗਾ ਦੇ ਨਕਸ਼ ਤਾਂ ਪਛਾਣ ਲੈਂਦਾ ਹੈ ਪਰ ਇਨ੍ਹਾਂ ਬਾਰਾਂ ਸਾਲਾਂ ‘ਚ ਉਨ੍ਹਾਂ ਅੰਦਰੋਂ ਜਿੰਨਾ ਕੁਝ ਮਰ-ਮੁਕ ਗਿਆ ਹੈ, ਉਸ ਦਾ ਹਿਸਾਬ ਕਿਸ ਨੇ ਕਰਨਾ ਹੈ!
ਕਲਾ ਦਾ ਇਹ ਮਹਾਨ ਸਮਾਰਕ ਕੋਣਾਰਕ, ਸੂਰਜ ਮੰਦਿਰ, ਅਰਕਦੇਵ, ਕੋਨਾਦਿੱਤਿਆ ਆਦਿ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਅਰਕ ਦਾ ਅਰਥ ਹੈ, ਸੂਰਜ। ਇਉਂ ਇਸ ਦਾ ਅਰਥ ਕੋਣੇ ਦਾ ਸੂਰਜ ਬਣਦਾ ਹੈ। ਮੋਹਨਜੀਤ ਦੀ ਕਵਿਤਾ ਦਾ ਇਹ ਕੋਣੇ ਥਾਣੀਂ ਉਗਿਆ ਸੂਰਜ ਉਨ੍ਹਾਂ ਸਥਿਤੀਆਂ, ਸ਼ਿਲਪਕਾਰਾਂ, ਮਿਹਨਤਕਸ਼ਾਂ, ਮਜਬੂਰ ਲੋਕਾਂ ਨੂੰ ਆਪਣੀ ਰੋਸ਼ਨੀ ਨਾਲ ਵਰਤਮਾਨ ਦੇ ਚਿਤਰਪਟ ‘ਤੇ ਚਮਕਾਉਂਦਾ ਹੈ, ਜਿਨ੍ਹਾਂ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਗਿਆ ਸੀ। ਮੱਧਕਾਲ ਦੀ ਇਸ ਵਾਰਤਾ ਨੂੰ ਜੇ ਵਰਤਮਾਨ ਸਥਿਤੀ ‘ਚ ਰੱਖ ਕੇ ਦੇਖੀਏ ਤਾਂ ਇਸ ਦੇ ਅਰਥ ਹੋਰ ਵੀ ਗਹਿਰੇ ਤੇ ਗੂੜ੍ਹੇ ਹੋ ਕੇ ਦ੍ਰਿਸ਼ਟਮਾਨ ਹੁੰਦੇ ਹਨ।