ਕਰਤਾਰਪੁਰ ਸਾਹਿਬ ਲਾਂਘੇ ਦੇ ਆਰ-ਪਾਰ

ਪਸ਼ੌਰਾ ਸਿੰਘ ਢਿੱਲੋਂ
ਫੋਨ: 559-708-4399
ਨਵੰਬਰ ਦਾ ਮਹੀਨਾ ਭਾਰਤ ਵਿਚ ਪਵਿੱਤਰ ਤਿਉਹਾਰਾਂ ਦਾ ਮਹੀਨਾ ਹੈ। ਇਸੇ ਮਹੀਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੋਣ ਕਰ ਕੇ ਨਵੰਬਰ ਮਹੀਨਾ ਪੰਜਾਬੀਆਂ ਲਈ ਹੋਰ ਵੀ ਅਹਿਮ ਹੈ, ਜਦੋਂ ਇਹ ਉਤਸਵ ਦੇਸ-ਪਰਦੇਸ ਵਿਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਨਗਰ ਕੀਰਤਨ ਕਢੇ ਜਾਂਦੇ ਹਨ, ਵਧਾਈਆਂ, ਸ਼ੁਭ ਇੱਛਾਵਾਂ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ।

ਕੈਲੀਫੋਰਨੀਆ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਤੇ ਯੋਗਦਾਨ ਦਾ ਮਾਣ ਰਖਦਿਆਂ ਕੈਲੀਫੋਰਨੀਆ ਸਰਕਾਰ ਵਲੋਂ ਵੀ ਪਿਛਲੇ 8 ਸਾਲ ਤੋਂ ਨਵੰਬਰ ਮਹੀਨਾ ਸਿੱਖ ਚੇਤਨਾ ਮਹੀਨੇ ਵਜੋਂ ਵੇਖਿਆ ਜਾਂਦਾ ਹੈ। ਸਿੱਖ ਜਥੇਬੰਦੀਆਂ ਜਨਤਕ ਅਧਿਕਾਰੀਆਂ, ਵਿਦਿਆਕ ਅਦਾਰਿਆਂ, ਸੁਰੱਖਿਆ ਕਰਮਚਾਰੀਆਂ, ਮਲਟੀਫੇਥ ਸੁਸਾਇਟੀ ਅਤੇ ਇੰਟਰਫੇਥ ਅਲਾਇੰਸ ਆਦਿ ਸਥਾਨਕ ਭਾਈਚਾਰੇ ਨਾਲ ਮਿਲ ਕੇ ਸਾਂਝੇ ਚੇਤਨਾ ਸਮਾਗਮ ਕਰਦੀਆਂ ਹਨ। ਇਸ ਵੇਰ ਦੋ ਹੋਰ ਚਮਤਕਾਰ ਨਵੰਬਰ ਮਹੀਨੇ ਵਿਚ ਸ਼ਾਮਿਲ ਹੋ ਗਏ ਹਨ ਅਤੇ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਵਿਚ ਸਭ ਤੋਂ ਪਹਿਲਾ ਕਰਤਾਰਪੁਰ ਲਾਂਘੇ ਦਾ ਖੁਲ੍ਹਣਾ ਚਮਤਕਾਰ ਹੀ ਤਾਂ ਹੈ। ਉਸ ਬਰ੍ਹੇ-ਸਗ਼ੀਰ ਵਿਚ ਜਿਥੇ ਦੋ ਦੇਸ਼ ਵਰ੍ਹਿਆਂ ਤੋਂ ਪ੍ਰਮਾਣੂ ਹਥਿਆਰਾਂ ਦੇ ਬਟਨਾਂ ‘ਤੇ ਉਂਗਲਾਂ ਰੱਖੀ ਰਖਣ ਲਈ ਬਜ਼ਿਦ ਬੈਠੇ ਸਨ, ਅਚਾਨਕ ਹੱਥ ਫੜ ਕੇ ਉਸ ਬਾਬੇ ਦੇ ਦਰ ਵਲ ਤੁਰ ਪਏ ਹਨ, ਜੋ ਉਨ੍ਹਾਂ ਵਿਚੋਂ ਹੀ ਇਕ ਦਾ ਗੁਰੂ ਅਤੇ ਦੂਜੇ ਦਾ ਪੀਰ ਹੈ। ਕਹਿੰਦੇ ਨੇ, ਬਾਬੇ ਦੇ ਘਰ ਦੇਰ ਹੈ, ਅੰਧੇਰ ਨਹੀਂ!
ਦੂਜਾ ਚਮਤਕਾਰ ਸੱਤ ਸਮੁੰਦਰ ਪਾਰ ਕੈਲੀਫੋਰਨੀਆ ਵਿਚ ਉਦੋਂ ਵਾਪਰਿਆ, ਜਦੋਂ ਸਰਕਾਰੀ ਸਕੂਲਾਂ ਦੀਆਂ ਨਵੀਆਂ ਛਪੀਆਂ ਪਾਠ-ਪੁਸਤਕਾਂ ਵਿਚ ਪਹਿਲੀ ਵੇਰ ਸਿੱਖੀ ਬਾਰੇ ਜਾਣਕਾਰੀ ਦੀ ਸ਼ਮੂਲੀਅਤ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ। ਨਤੀਜੇ ਵਜੋਂ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵਲੋਂ ਇਲਾਕੇ ਦੀਆਂ ਸੰਗਤਾਂ ਨਾਲ ਮਿਲ ਕੇ ਗੁਰਦੁਆਰਾ ਕਰੱਦਰਜ਼ ਵਿਖੇ ਐਤਵਾਰ, 2 ਦਸੰਬਰ 2018 ਨੂੰ 549ਵਾਂ ਗੁਰੂ ਨਾਨਕ ਪ੍ਰਕਾਸ਼ ਦਿਹਾੜਾ ਅਤੇ ਚੇਤਨਾ ਸਮਾਗਮ ਇੱਕਠੇ ਮਨਾਏ ਗਏ।
ਬਾਬੇ ਦਾ ਸ਼ੁਕਰਾਨਾ ਕਰਦਿਆਂ ਰਵਾਇਤਨ ਸਜਾਏ ਗਏ ਕੀਰਤਨ ਅਤੇ ਕਥਾ ਦਰਬਾਰ ਉਪਰੰਤ ਇਹ ਖੁਸ਼ਖਬਰੀ ਸਾਂਝੀ ਕਰਨ ਲਈ ਇਸ ਵੇਰ ਫਰਿਜ਼ਨੋ ਕਾਉਂਟੀ ਸਕੂਲਾਂ ਦੇ ਇੰਚਾਰਜ ਸੁਪਰਿਨਟੈਂਡੈਂਟ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਬਹੁ-ਸਭਿਆਚਾਰੀ ਸਮਾਜ ਵਾਲੇ ਬਹੁ-ਰੰਗੀ ਗੁਲਦਸਤੇ ਵਿਚ ਸਿੱਖੀ ਦੇ ਪਹਿਲੀ ਵੇਰ ਸ਼ਾਮਿਲ ਹੋਣ ਦੀ ਸੁਲੱਖਣੀ ਘੜੀ ਬਾਰੇ ਕੁਝ ਹੋਰ ਲਿਖਣ ਤੋਂ ਪਹਿਲਾਂ ਇਸ ਦੇ ਪਿਛੋਕੜ ਬਾਰੇ ਸੰਖੇਪ ਜਾਣਕਾਰੀ ਦੇਣਾ ਉਚਿਤ ਹੋਵੇਗਾ।
ਕਹਿੰਦੇ ਨੇ, ਅਤੀਤ ਸਮਾਜ ਦੀਆਂ ਜੜ੍ਹਾਂ ਅਤੇ ਭਵਿਖ ਪੈਣ ਵਾਲੇ ਫੁੱਲ ਹੁੰਦਾ ਹੈ। ਸੱਤ ਸਮੁੰਦਰ ਪਾਰ ਇਸ ਨਵੇਂ ਦੇਸ਼ ਵਿਚ ਸਾਡੇ ਭਵਿੱਖ ਵਿਚ ਪੈਣ ਵਾਲੇ ਫੁੱਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਹਨ। ਇਸ ਸੰਦਰਭ ਵਿਚ ਇਥੇ ਅਤੀਤ ਅਤੇ ਭਵਿੱਖ-ਦੋਹਾਂ ਦੀ ਸਲਾਮਤੀ ਲਈ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਮਾਂ’ ਦੇ ਅਰਥ ਸਮਝਣੇ ਜ਼ਰੂਰੀ ਹਨ। ਉਸ ਛੋਟੀ ਜਿਹੀ ਨਜ਼ਮ ਦੀਆਂ ਆਖਰੀ ਦੋ ਸਤਰਾਂ ਹਨ:
ਬਾਕੀ ਕੁਲ ਦੁਨੀਆਂ ਦੇ ਬੂਟੇ
ਜੜ੍ਹ ਸੁੱਕਿਆਂ ਮੁਰਝਾਉਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ
ਇਹ ਬੂਟਾ ਸੁੱਕ ਜਾਏ!
ਦੂਜੇ ਸ਼ਬਦਾਂ ਵਿਚ ਇਸ ਨਵੇਂ ਦੇਸ਼ ਵਿਚ ਸਾਡੀ ਜੜ੍ਹ ਅਤੇ ਫੁੱਲ-ਦੋਹਾਂ ਦੀ ਸਲਾਮਤੀ ਆਪਸੀ ਸੱਭਿਆਚਾਰਕ ਰਸ-ਰਸਾਈ ‘ਤੇ ਨਿਰਭਰ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਦੇ ਮੋਕਲੇ ਸੱਭਿਆਚਾਰ ਵਿਚ ਇਹ ਸੰਭਵ ਹੈ, ਪਰ ਸੌਖਾ ਨਹੀਂ। ਸੰਭਵ ਇਸ ਲਈ ਕਿ ਇਨ੍ਹਾਂ ਵਿਚਕਾਰ ਕੋਈ ਸਿਧਾਂਤਕ ਵਿਰੋਧ ਨਹੀਂ ਹੈ, ਭਾਵ ਅਮਰੀਕਨ ਨਵੀਂ ਕੌਮ ਦਾ ਲਾਈਫ, ਲਿਬਰਟੀ, ਪਰਸੂਟ ਆਫ ਹੈਪੀਨੈਸ, ਜਸਟਿਸ ਫਾਰ ਆਲ ਅਤੇ ਆਲ ਮੈਨ ਆਰ ਕਰੀਏਟਿਡ ਇਕੁਅਲ ਅੰਡਰ ਗੌਡ ਵਾਲਾ ਜੋ ਸੰਕਲਪ ਹੈ; ਚੜ੍ਹਦੀ ਕਲਾ, ਸਰਬੱਤ ਦਾ ਭਲਾ ਮੰਗਦੀ ਸਾਡੀ ਪੰਜਾਬੀਆਂ ਦੀ ਆਧਾਰਸ਼ਿਲਾ ਵੀ ਉਹੀ ਹੈ। ਹੱਕ ਦੀ ਕਮਾਈ ‘ਚੋਂ ਦਸਵੰਧ ਕੱਢਣ ਅਤੇ ਸਮਾਜ ਲਈ ਸੇਵਾ ਭਾਵ ਰੱਖਣ ਵਾਲੇ ਸਾਡੇ ਸਦਾਚਾਰਕ ਅਸੂਲ ਤਾਂ ਸਗੋਂ ਇਸ ਨੂੰ ਹੋਰ ਅਮੀਰ ਬਣਾਉਂਦੇ ਹਨ, ਜੋ ਕੇਵਲ ਪੰਜਾਬੀ ਅਮਰੀਕਨਾਂ ਲਈ ਹੀ ਨਹੀਂ, ਸਮੁੱਚੇ ਅਮਰੀਕੀ ਸਮਾਜ ਵਾਸਤੇ ਸਹਾਈ ਹਨ, ਪਰ ਇਸ ਸ਼ਕਤੀਸ਼ਾਲੀ ਸੱਭਿਆਚਾਰ ਅੰਦਰ ਵਿਚਰਦਿਆਂ ਆਪਣੀ ਬੋਲੀ, ਵਿਰਸੇ ਅਤੇ ਇਤਿਹਾਸ ਨਾਲ ਜੁੜੇ ਰਹਿਣਾ ਸੌਖਾ ਨਹੀਂ ਹੈ। ਉਸ ਤੋਂ ਵੀ ਜ਼ਰੂਰੀ ਹੈ, ਆਪਣੇ ਸੱਭਿਆਚਾਰ ਦੀ ਖੁਸ਼ਬੋ ਵਿਧੀਵਤ ਢੰਗ ਨਾਲ ਦੂਜਿਆਂ ਨਾਲ ਸਾਂਝਾ ਕਰਨ ਦੀ ਵਿਧਾ। ਇਕ ਦੂਜੇ ਪ੍ਰਤੀ ਗਲਤਫਹਿਮੀਆਂ, ਨਫਰਤ, ਭੇਦ ਭਾਵ ਅਤੇ ਵੈਰ-ਵਿਰੋਧ ਅਗਿਆਨ ਤੇ ਬੇਇਲਮੀ ਵਿਚੋਂ ਹੀ ਜਨਮ ਲੈਂਦੇ ਹਨ। ਇਸ ਵਿਚ ਮਾਂ-ਪਿਉ ਦੀ ਸੇਧ ਅਤੇ ਧਾਰਮਕ ਅਦਾਰਿਆਂ ਦੀ ਯੋਗ ਅਗਵਾਈ ਦਾ ਅਹਿਮ ਰੋਲ ਹੈ, ਜੋ ਭਾਈਚਾਰਿਆਂ ਦਾ ਮੁਢਲਾ ਫਰਜ਼ ਹੈ। ਪਰੰਤੂ ਇੰਨਾ ਹੀ ਕਾਫੀ ਨਹੀਂ ਹੈ। ਇਸ ਬਹੁ-ਸੱਭਿਆਚਾਰੀ ਪੜ੍ਹੇ-ਲਿਖੇ ਸਮਾਜ ਵਿਚ ਵਿਧੀਵਤ ਢੰਗ ਨਾਲ ਸਿੱਖਿਆ ਪ੍ਰਣਾਲੀ ਰਾਹੀਂ ਹੀ ਇਸ ਵਿਰਸੇ ਦੇ ਮੀਰੀ ਗੁਣਾਂ ਨੂੰ ਮੁੱਖ ਧਾਰਾ ਨਾਲ ਸਾਂਝਾ ਕਰਨਾ ਅਤੇ ਆਉਣ ਵਾਲੀਆਂ ਨਸਲਾਂ ਲਈ ਸਾਰਥਕ ਤੇ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਕਾਰਜ ਸਰਕਾਰੀ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਪੜ੍ਹਾਏ ਜਾਣ ਅਤੇ ਕੌਮੀ ਇਤਿਹਾਸ ਵਿਚ ਯੋਗ ਥਾਂ ਹਾਸਿਲ ਹੋਣ ਨਾਲ ਹੀ ਸੰਭਵ ਹੋ ਸਕਦਾ ਹੈ।
ਗੱਲ ਨੂੰ ਸਪੱਸ਼ਟ ਕਰਨ ਲਈ ਇਤਿਹਾਸ ਵਿਚੋਂ ਹੀ ਇਕ ਮਿਸਾਲ ਲਈ ਜਾ ਸਕਦੀ ਹੈ:
15ਵੀਂ-16ਵੀਂ ਸਦੀ ਵਿਚ ਪ੍ਰੋਫੈਸਰ ਮਾਰਟਿਨ ਲੂਥਰ ਨੇ ਜਰਮਨੀ ਵਿਚ ਰੋਮਨ ਕੈਥੋਲਿਕ ਧਰਮ ਵਿਚ ਆਏ ਨਿਘਾਰ ਦਾ ਵਿਰੋਧ ਕੀਤਾ। ਉਨ੍ਹਾਂ ਪੋਪ ਵਲੋਂ ਰਾਜਸੀ ਤਾਕਤਾਂ ਦੀ ਮਿਲੀ-ਭੁਗਤ ਧਰਮ ਦੇ ਨਾਂ ‘ਤੇ ਲੋਕਾਂ ਨਾਲ ਖਿਲਵਾੜ ਅਤੇ ਵੱਡੀ ਪਧਰ ‘ਤੇ ਕੀਤੀ ਜਾ ਰਹੀ ਲੁੱਟ-ਘਸੁੱਟ ਦਾ ਪਰਦਾ ਫਾਸ਼ ਕੀਤਾ। ਰਿਫਾਰਮੇਸ਼ਨ (ਸੁਧਾਰ) ਨਾਂ ਦੀ ਲਹਿਰ ਚਲਾਈ ਤੇ ਪ੍ਰੋਟੈਸਟੈਂਟ ਚਰਚ ਦਾ ਮੁੱਢ ਬੰਨਿਆ। ਵਿਸ਼ਵ ਦੇ ਇਤਿਹਾਸ ਵਿਚ ਇਸ ਲਹਿਰ ਨੂੰ ਵਿਸ਼ੇਸ਼ ਮੁਕਾਮ ਦਿੱਤਾ ਗਿਆ, ਜੋ ਮਗਰੋਂ ਸਕੂਲਾਂ, ਕਾਲਜਾਂ ਦੀਆਂ ਪਾਠ ਪੁਸਤਕਾਂ ਵਿਚ ਵੀ ਪੜ੍ਹਾਇਆ ਜਾਣ ਲੱਗਾ। ਚੇਅਰਾਂ ਸਥਾਪਤ ਹੋਈਆਂ। ਸਿੱਟੇ ਵਜੋਂ ਮਾਰਟਿਨ ਲੂਥਰ, ਉਹਦੀਆਂ ਪ੍ਰਾਪਤੀਆਂ ਅਤੇ ਪ੍ਰੋਟੈਸਟੈਂਟ ਈਸਾਈ ਧਰਮ ਅਜ ਪੱਕੇ ਪੈਰੀਂ ਹੈ ਅਤੇ ਵਿਸ਼ਵ ਪੱਧਰ ‘ਤੇ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ।
ਦੂਜੇ ਪਾਸੇ ਦੱਖਣ-ਪੂਰਬੀ ਏਸ਼ੀਆ ਵਿਚ ਮਾਰਟਿਨ ਲੂਥਰ ਦੇ ਪੈਦਾ ਹੋਣ ਤੋਂ ਵੀ 14-15 ਸਾਲ ਪਹਿਲਾਂ 1469 ਵਿਚ ਪੰਜਾਬ ‘ਚ ਜਨਮੇ ਗੁਰੂ ਨਾਨਕ ਨੇ ਇਕ ਨਹੀਂ, ਦੋ ਸਥਾਪਤ ਧਰਮਾਂ ਵਿਚਲੀਆਂ ਕਮਜ਼ੋਰੀਆਂ, ਵਧੀਕੀਆਂ, ਧਾਂਦਲੀਆਂ, ਅੰਧਵਿਸ਼ਵਾਸਾਂ, ਜਾਤ-ਪਾਤ ਅਤੇ ਆਪਸੀ ਟਕਰਾਓ ਕਾਰਨ ਆਏ ਨਿਘਾਰ ਨੂੰ ਚੁਣੌਤੀ ਦਿਤੀ। ਮਾਰਟਨ ਲੂਥਰ ਤਾਂ ਉਦੋਂ ਅਜੇ ਟੀਨਏਜਰ ਹੀ ਸੀ, ਜਦੋਂ ਗੁਰੂ ਨਾਨਕ ਨੇ ਸੁਲਤਾਨਪੁਰ ਲੋਧੀ ਤੋਂ ਉਸ ਨਿਘਰ ਗਈ ਦੁਨੀਆਂ ਨੂੰ ਸੋਧਣ ਲਈ ਪਹਿਲੀ ਉਦਾਸੀ ਵੀ ਅਰੰਭ ਦਿਤੀ ਸੀ।
ਮਾਰਟਿਨ ਲੂਥਰ ਦੀ ਰਿਫਾਰਮੇਸ਼ਨ ਮੂਵਮੈਂਟ (ਸੁਧਾਰ ਲਹਿਰ) ਯੂਰਪ ਵਿਚ ਰੈਨੇਸਾਂਸ ਅਰਥਾਤ ‘ਪੁਨਰਜਾਤ’ ਦੇ ਤੁਰੰਤ ਬਾਅਦ ਉਦੋਂ ਆਈ ਸੀ, ਜਦੋਂ ਮਧ ਕਾਲ ਵਿਚੋਂ ਨਿਕਲ ਕੇ ਯੂਰਪ ਉਂਜ ਵੀ ਜਾਗ ਚੁਕਾ ਸੀ, ਪ੍ਰੰਤੂ ਭਾਰਤ ਤਾਂ ਉਸ ਵੇਲੇ ਡੂੰਘੇ ਸੰਕਟ ਵਿਚੋਂ ਲੰਘ ਰਿਹਾ ਸੀ। ਉਸ ਸਮੇਂ ਦੀ ਹਰ ਪੱਖੋਂ ਅਤਿ ਨਿਘਰੀ ਤਸਵੀਰ ਅਤੇ ਆ ਰਹੀ ਜਾਗ੍ਰਿਤੀ ਦੇ ਮਸੀਹਾ ਗੁਰੂ ਨਾਨਕ ਬਾਰੇ ਸਭ ਤੋਂ ਉਤਮ ਵਿਚਾਰ ਕਿਸੇ ਹੋਰ ਵਲੋਂ ਨਹੀਂ, ਇਕ ਸੰਸਾਰ ਪ੍ਰਸਿਧ ਸ਼ਾਇਰ, ਫਿਲਾਸਫਰ ਤੇ ਪੰਜ ਨਮਾਜ਼ਾਂ ਪੜ੍ਹਨ ਵਾਲੇ ਮੁਸਲਮਾਨ ਅਲਾਮਾ ਇਕਬਾਲ ਵਲੋਂ ‘ਬਾਂਗੇ ਦੱਰਾ’ ਕਿਤਾਬ ਵਿਚ ‘ਨਾਨਕ’ ਨਜ਼ਮ ਹੇਠ ਅੰਕਿਤ ਹਨ।
ਭਾਰਤੀ ਕੌਮ ਨੂੰ ਜਦੋਂ ਮਹਾਤਮਾ ਬੁਧ ਦੇ ਪੈਗਾਮਾਂ ਦੀ ਸਮਝ ਨਾ ਆਈ ਤੇ ਉਹ ਬੰਜਰ ਜਮੀਨ ‘ਤੇ ਹੋਈ ਬਾਰਿਸ਼ ਵਾਂਗ ਵਰ੍ਹ ਕੇ ਨਿਕਲ ਗਏ, ਤਾਂ ਅਲਾਮਾ ਇਕਬਾਲ ਲਿਖਦੇ ਹਨ:
ਆਸ਼ਕਾਰ ਉਸ ਨੇ ਕੀਆ
ਜੋ ਜ਼ਿੰਦਗੀ ਕਾ ਰਾਜ਼ ਥਾ।
ਹਿੰਦ ਕੋ ਲੇਕਿਨ ਖਿਆਲੀ
ਫਲਸਫੇ ਪਰ ਨਾਜ਼ ਥਾ।
ਸ਼ੱਮੇ ਹੱਕ ਸੇ ਜੋ ਮਨੱਵਰ ਹੋ
ਯਿਹ ਵੋਹ ਮਹਿਫਲ ਨਾ ਥੀ।
ਬਾਰਿਸ਼ੇ ਰਹਿਮਤ ਹੂਈ
ਲੇਕਿਮ ਜ਼ਮੀਂ ਕਾਬਿਲ ਨਾ ਥੀ।
ਆਹ! ਸ਼ੂਦਰ ਕੇ ਲੀਏ
ਹਿੰਦੁਸਤਾਂ ਗ਼ਮਖਾਨਾ ਹੈ।
ਦਰਦ-ਏ-ਇਨਸਾਨੀ ਸੇ ਇਸ ਬਸਤੀ ਕਾ
ਦਿਲ ਬੇਗਾਨਾ ਹੈ।
ਬਰਾਹਮਨ ਸਰਸ਼ਾਰ ਹੈ
ਅਬ ਤੱਕ ਮੈਅ ਪੰਦਾਰ ਮੇਂ।
ਸ਼ਮ੍ਹਾਂ ਗੌਤਮ ਜਲ ਰਹੀ ਹੈ
ਮਹਿਫਲੇ ਅਗਿਆਰ ਮੇਂ।
ਗੁਰੂ ਨਾਨਕ ਦੇ ਆਉਣ ‘ਤੇ ਫਿਰ ਕੀ ਹੋਇਆ:
ਬੁੱਤ ਕਦਾ ਫਿਰ ਬਾਅਦ ਮੁੱਦਤ ਕੇ
ਮਗਰ ਰੌਸ਼ਨ ਹੂਆ।
ਨੂਰ-ਏ-ਇਬਰਾਹੀਮ ਸੇ
ਆਜ਼ਰ ਕਾ ਘਰ ਰੌਸ਼ਨ ਹੂਆ।
ਫਿਰ ਉਠੀ ਆਖਿਰ ਸਦਾ
ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ
ਜਗਾਇਆ ਖਾਬ ਸੇ।
ਉਸੇ ਜਾਗ੍ਰਿਤੀ ਵਿਚੋਂ ਹੀ ਸਿੱਖ ਧਰਮ ਦਾ ਜਨਮ ਹੋਇਆ, ਜੋ ਅਜ ਵਿਸ਼ਵ ਦਾ ਪੰਜਵਾਂ ਵੱਡਾ ਧਰਮ ਹੈ, ਜਿਸ ਦੇ 1.2 ਕਰੋੜ ਨਾਨਕ ਨਾਮ ਲੇਵਾ ਵਿਸ਼ਵ ਵਿਚ ਫੈਲੇ ਹੋਏ ਹਨ, ਪ੍ਰੰਤੂ ਬਾਬਾ ਨਾਨਕ ਤੇ ਉਨ੍ਹਾਂ ਦੀ ਸਿੱਖੀ ਵਿਸ਼ਵ ਪੱਧਰ ‘ਤੇ ਮੁਕਾਬਲਤਨ ਅਣਜਾਣੇ ਅਤੇ ਅਣਗੌਲੇ ਹੀ ਰਹੇ ਹਨ। ਜਿਥੇ ਮਾਰਟਿਨ ਲੂਥਰ ਨੂੰ ਤੇ ਉਹਦੇ ਵਲੋਂ ਚਲਾਏ ਪੰਥ ਨੂੰ ਤਾਂ ਬੱਚਾ ਬੱਚਾ ਜਾਣਦਾ ਹੈ, ਜੋ ਹੋਣਾ ਵੀ ਚਾਹੀਦਾ ਹੈ, ਪਰ ਬਾਬੇ ਨਾਨਕ ਦੀ ਸਿੱਖੀ ਅਤੇ ਸਿੱਖਿਆ ਨੂੰ ਸੰਸਾਰ ਵਿਚ ਤਾਂ ਕੀ, ਅਮਰੀਕਾ ਵਿਚ ਸਿੱਖਾਂ ਦੇ 100 ਸਾਲ ਤੋਂ ਵੀ ਵਧ ਸਮਾਂ ਰਹਿਣ ਦੇ ਬਾਵਜੂਦ ਸਾਥੀ ਅਮਰੀਕਨਾਂ ਨੂੰ ਇਸ ਬਾਰੇ ਜਾਣਕਾਰੀ ਨਾਂਹ ਦੇ ਬਰਾਬਰ ਹੈ।
ਵਿਡੰਬਨਾ ਤਾਂ ਇਹ ਵੀ ਹੈ ਕਿ ਸਿੱਖ ਆਪ ਹੀ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਹਨ। ਇਸ ਤੋਂ ਵਡੀ ਤ੍ਰਾਸਦੀ ਭਲਾ ਹੋਰ ਕੀ ਹੋ ਸਕਦੀ ਹੈ ਕਿ ਪੰਜਾਬ ਵਿਚ ਪੰਜਾਬੀਆਂ ਨੂੰ ਹੀ ਆਪਣੇ ਸਰਬ ਸਾਂਝੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਅਤੇ ਇਤਿਹਾਸ ਦਾ ਇਲਮ ਨਾ ਹੋਵੇ! ਕਿਸੇ ਘੋਰ ਅਗਿਆਨ ਅਤੇ ਬੇਇਲਮੀ ਵੱਸ ਸਾਡਾ ਆਪਣਾ ਹੀ ਇਕ ਵਰਗ ਇਹਦੀ ਬੇਅਦਬੀ ਕਰੇ ਤੇ ਕਿਸੇ ਹੋਰ ਸਵਾਰਥ ਹਿੱਤ ਸਾਡੇ ਆਪਣੇ ਧਾਰਮਕ ਤੇ ਰਾਜਨੀਤਿਕ ਆਗੂ ਹੀ ਉਹਦੀ ਅਣਦੇਖੀ ਕਰਦਿਆਂ ਉਸ ਉਪਰ ਰਾਜਨੀਤੀ ਕਰਨ!
ਪੰਜਾਬ ਦੇ ਸਕੂਲਾਂ ਵਿਚ ਪੜ੍ਹਾਏ ਜਾਂਦੇ ਇਤਿਹਾਸ ਵਲ ਨਜ਼ਰ ਮਾਰੀਏ ਤਾਂ ਸਰਕਾਰੀ ਸਕੂਲਾਂ ਵਿਚ ਅਜ ਵੀ ਠੀਕ ਪਾਠ ਪੁਸਤਕਾਂ ਉਪਲਬਧ ਨਾ ਹੋਣ ਦੇ ਚਰਚੇ ਹਨ। ਆਜ਼ਾਦੀ ਦੇ 70 ਸਾਲਾਂ ਬਾਅਦ ਤੇ ਪੰਜਾਬ ਵਿਚ ਪੰਥਕ ਸਰਕਾਰਾਂ ਦੇ ਰਾਜਕਾਲ ਦੇ ਬਾਵਜੂਦ ਇਸ ਸਾਲ 2018 ਵਿਚ ਇਤਿਹਾਸ ਦੀ ਨਵੀਂ ਛਪੀ ਕਿਤਾਬ ਵਿਵਾਦ ਦਾ ਵਿਸ਼ਾ ਹੋਣ ਕਰਕੇ ਵਾਪਿਸ ਲੈਣੀ ਪਈ।
ਦੇਰੀ ਨਾਲ ਆਈ ਸੋਝੀ ਸਮਝੋ ਜਾਂ ਰਾਜਨੀਤਕ ਮਜਬੂਰੀਆਂ, ਕਮਾਲ ਦੀ ਗੱਲ ਇਹ ਹੈ ਕਿ ਅਗਲੇ ਸਾਲ ਆਉਣ ਵਾਲੇ 550ਵੇਂ ਪ੍ਰਕਾਸ਼ ਦਿਵਸ ਦੀ ਤਿਆਰੀ ਵਿਚ ਹੁਣ ਸਿੱਖ ਜਥੇਬੰਦੀਆਂ ਦੇ ਨਾਲ ਦੇਸ਼ ਦੀਆਂ ਸਰਕਾਰਾਂ ਵੀ ਇਸ ਪ੍ਰਤੀ ਗੰਭੀਰਤਾ ਦਿਖਾ ਰਹੀਆਂ ਹਨ। ਹੋਰ ਰਚਨਾਤਮਕ ਉਪਰਾਲਿਆਂ ਤੋਂ ਇਲਾਵਾ ਚਰਚਿਤ ਕਰਤਾਰਪੁਰ ਦੇ ਲਾਂਘੇ ਦੀ ਪਹਿਲ ਪਾਕਿਸਤਾਨ ਵਲੋਂ ਕੀਤੇ ਜਾਣ ‘ਤੇ ਭਾਰਤ ਸਰਕਾਰ ਵੀ ਹੁਣ ਅੱਗੇ ਵਧਣ ਲੱਗੀ ਹੈ। ਇਹ 3 ਮੀਲ ਦੀ ਪੁਲਾਂਘ ਦੋ ਦੇਸ਼ਾਂ ਵਿਚਾਲੇ ਛੋਟਾ ਜਿਹਾ ਲਾਂਘਾ ਸਹੀ, ਪਰ ਇਹ ਸੰਸਾਰ ਪੱਧਰ ‘ਤੇ ਅਮਨ ਸ਼ਾਂਤੀ ਲਈ ਸ਼ਾਹ-ਰਾਹ ਸਾਬਿਤ ਹੋ ਸਕਦਾ ਹੈ।
ਦੱਰਾ ਖੈਬਰ, ਜੋ ਅਤੀਤ ਵਿਚ ਕਤਲੋਗਾਰਤ ਅਤੇ ਬਰਬਾਦੀ ਦਾ ਪ੍ਰਤੀਕ ਰਿਹਾ ਹੈ, ਅਮਨ ਅਤੇ ਖੁਸ਼ਹਾਲੀ ਲਈ ਸ਼ਾਹ-ਰਾਹ ਬਣ ਸਕਦਾ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ; ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਵਾਲੀ ਪਾਠਸ਼ਾਲਾ ਕਰਤਾਰਪੁਰ ਸਾਹਿਬ ਵਿਚੋਂ ਲੰਘਣ ਵਾਲਾ ਇਹ ਲਾਂਘਾ ਉਸ ਪੀੜਤ ਬਰ੍ਹੇ-ਸਗ਼ੀਰ ਵਿਚ ਭਰਾਤਰੀ ਭਾਵ ਤੇ ਵਿਸ਼ਵ ਅਮਨ ਦਾ ਪ੍ਰਤੀਕ ਸਾਬਤ ਹੋ ਸਕਦਾ ਹੈ। ਦੋਹਾਂ ਸਰਕਾਰਾਂ ਅਤੇ ਉਨ੍ਹਾਂ ਦੇ ਖਿਡਾਰੀਆਂ, ਕਰਮਚਾਰੀਆਂ-ਸਭਨਾਂ ਵਲੋਂ ਇਹ ਸ਼ਲਾਘਾਯੋਗ ਕਦਮ ਹਨ। “ਬਾਬਾ ਨਾਨਕ ਸ਼ਾਹ ਫਕੀਰ: ਹਿੰਦੂ ਦਾ ਗੁਰੂ; ਮੁਸਲਮਾਨ ਦਾ ਪੀਰ” ਦੇ ਕਰੋੜਾਂ ਨਾਨਕ ਨਾਮ-ਲੇਵਾ ਨੂੰ ਤਾਂ ਇਸ ਬਾਰੇ ਕੋਈ ਸ਼ੰਕਾ ਨਹੀਂ ਹੈ। ਸਵਾਲ ਇਹ ਹੈ, ਕੀ ਸਰਕਾਰਾਂ ਵੀ ਇਸ ਲਾਂਘੇ ਤੋਂ ਅੱਗੇ ਲੰਘਣਗੀਆਂ? ਵਰਤਮਾਨ ਵਿਚ ਦੋਹਾਂ ਰੁੱਸੇ ਭਰਾਵਾਂ ਵਿਚਾਲੇ ਵਾਪਰ ਗਏ ਇਸ ਕੌਤਕ ਨੂੰ ਸਮਝਣਗੀਆਂ? ਬਾਹਰਲੇ ਮੁਲਕਾਂ ਤੋਂ ਸਬਕ ਸਿੱਖਦਿਆਂ ਇਸ ਲਾਂਘੇ ਦੇ ਆਰ-ਪਾਰ ਅਨੰਤ ਸੰਭਾਵਨਾਵਾਂ ਦੇਖਣ ਦੇ ਸਮਰੱਥ ਹੋ ਸਕਣਗੀਆਂ? ਸਮਾਂ ਹੀ ਦੱਸੇਗਾ।
ਉਂਜ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਗਲੇ 550ਵੇਂ ਪ੍ਰਕਾਸ਼ ਉਤਸਵ ‘ਤੇ ਗੁਰੂ ਸਾਹਿਬਾਨ ਦਾ ਸੁਨੇਹਾ, ਗੋਸ਼ਟੀਆਂ ਤੇ ਸੈਮੀਨਾਰਾਂ ਰਾਹੀਂ ਵਿਸ਼ਵ ਦੇ ਹਰ ਕੋਨੇ ਵਿਚ ਪਹੁੰਚਾਏ ਜਾਣ ਨੂੰ ਭਾਰਤ ਸਰਕਾਰ ਤੇ ਸਿੱਖਾਂ ਦਾ ਇਖਲਾਕੀ ਫਰਜ਼ ਆਖਿਆ ਹੈ। ਚੰਗਾ ਹੋਵੇ ਜੇ ਇਹ ਫਰਜ਼ ਬਾਬੇ ਦੇ ਉਸ ਲਾਂਘੇ ਤੋਂ ਹੀ ਸ਼ੁਰੂ ਕੀਤਾ ਜਾਏ, ਜੋ ਜੁੜਵੇਂ ਪਰ ਨਾਰਾਜ਼ ਭਰਾ, ਪਾਕਿਸਤਾਨ ਵਲੋਂ ਆਪਣੇ ਵਿਹੜੇ ਵਿਚ ਦੀ ਖੁਸ਼ੀ ਖੁਸ਼ੀ ਦਿਤਾ ਜਾ ਰਿਹਾ ਹੈ। ਵਿਸ਼ਵ ਦੇ ਭਵਿੱਖ ਨਾਲ ਜੋੜਦਿਆਂ ਸੁਸ਼ਮਾ ਸਵਰਾਜ ਦੇ ਸ਼ਬਦ ਹਨ, “ਅਜ ਜਦੋਂ ਵਿਸ਼ਵ ਪਧਰ ‘ਤੇ ‘ਮੇਰੀ ਮੇਰੀ’ ਦੀ ਗੱਲ ਹੋ ਰਹੀ ਹੈ, ਪਰੋਟੈਕਸ਼ਨਿਜ਼ਮ ਨੂੰ ਪਾਲਿਸੀ ਵਜੋਂ ਅਪਨਾਇਆ ਜਾ ਰਿਹਾ ਹੈ, ਧਰਮ ਦੇ ਨਾਂ ‘ਤੇ ਰਾਜਨੀਤੀ ਅਤੇ ਕਤਲੋਗਾਰਤ ਦਾ ਬੋਲ-ਬਾਲਾ ਹੈ, ਤਾਂ ਗੁਰੂ ਸਾਹਿਬਾਨ ਦੀ ਸਿੱਖਿਆ ਵਿਸ਼ਵ ਲਈ ਯਕੀਨਨ ਰਾਹ-ਦਸੇਰਾ ਬਣ ਸਕਦੀ ਹੈ।”
ਕੁਝ ਹੋਰ ਸੰਸਾਰ ਪ੍ਰਸਿਧ ਗੈਰ ਸਿੱਖ ਵਿਦਵਾਨ; ਜਿਵੇਂ ਮੈਕਾਲਿਫ, ਨੋਬਲ ਲਾਰੀਅਟ ਮਿਸ ਪਰਲ ਬੱਕ, ਆਰਨਲਡ ਟੌਇਨਬੀ, ਦਲਾਈ ਲਾਮਾ ਸਮੇਤ, ਜਿਨ੍ਹਾਂ ਨੇ ਬਾਬੇ ਨਾਨਕ ਦੀ ਸਿੱਖੀ ਦੇ ਮੀਰੀ ਗੁਣਾਂ ਨੂੰ ਘੋਖਿਆ, ਵਾਚਿਆ ਹੈ, ਉਨ੍ਹਾਂ ਨੇ ਇਸ ਨੂੰ ਵਿਸ਼ਵ ਦੇ ਧਰਮ ਦੀ ਸੰਭਾਵਨਾ ਵਜੋਂ ਵੇਖਿਆ ਹੈ। ਪਰ ਇਹ ਕਾਰਜ ਇਕ ਭਾਸ਼ਨ, ਦਿਹਾੜੇ, ਮਹੀਨੇ ਜਾਂ ਇਕ ਸਾਲ ਦੇ ਮਨਾਉਣ ਵਾਲਾ ਕਾਰਜ ਨਹੀਂ ਹੈ। ਇਸ ਦੇ ਪਰਸਪਰ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ਵ ਦੇ ਇਤਿਹਾਸ ਵਿਚ ਬਣਦੀ ਯੋਗ ਥਾਂ ਵੀ ਬਣਾਉਣੀ ਪਵੇਗੀ। ਇਸ ਬਾਰੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਪੜ੍ਹਾਇਆ ਜਾਣਾ ਸ਼ਾਮਿਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਿੱਖ ਜਥੇਬੰਦੀਆਂ ਨੂੰ ਦੇਸ਼ ਦੀਆਂ ਸਰਕਾਰਾਂ ਨਾਲ ਮਿਲ ਕੇ ਇਧਰ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਅਮਰੀਕਾ ਵਲ ਮੁੜਦਿਆਂ ਯੂਨਿਟੀ ਇਨ ਡਾਇਵਰਸਿਟੀ (ਅਨੇਕਤਾ ਵਿਚ ਏਕਤਾ) ਵਾਲੇ ਬਹੁ-ਸੱਭਿਆਚਾਰੀ ਅਤੇ ਬਹੁਰੰਗੀ ਦੇਸ਼ ਦੇ ਸੰਕਲਪ ਦੀ ਖੂਬਸੂਰਤੀ ਉਸ ਬਾਗ ਦੀ ਨਿਆਈਂ ਹੈ, ਜਿਸ ਵਿਚ ਸਿਰਫ ਇਕ ਰੰਗ ਦੇ ਫੁੱਲ ਨਹੀਂ, ਰੰਗ-ਬਰੰਗੇ ਫੁੱਲਾਂ ਵਾਲੇ ਸੱਭਿਆਚਾਰ ਹਨ। ਘੱਟ ਗਿਣਤੀਆਂ ਦੇ ਇਤਿਹਾਸ ਦੀ ਜਾਣਕਾਰੀ ਅਤੇ ਉਹਦਾ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿਚ ਪੜ੍ਹਾਇਆ ਜਾਣਾ ਇਸ ਦੇਸ਼ ਦੇ ਵਿਧਾਨ ਦੀ ਸ਼ਰਤ ਹੈ। ਚੰਗੇ ਨਾਗਰਿਕ ਬਣਨ ਲਈ ਇਸ ਬਾਰੇ ਲੋੜੀਂਦੀ ਜਾਣਕਾਰੀ ਉਪਲਬਧ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ, ਬੱਚਿਆਂ ਦੀ ਸਕੂਲੀ ਲੋੜ ਵੀ ਹੈ ਤੇ ਹੱਕ ਵੀ। ਪਰ ਸਾਰੇ ਹੱਕ ਜਤਾਉਣ ਨਾਲ ਹੀ ਮਿਲਦੇ ਹਨ। ਉਨ੍ਹਾਂ ਨੂੰ ਹਾਸਿਲ ਕਰਨ ਲਈ ਜਦੋ-ਜਹਿਦ ਕਰਦੇ ਰਹਿਣ ਦੀ ਲੋੜ ਹੈ।
ਇਸ ਲੋੜ ਨੂੰ ਸਮਝਦਿਆਂ ਕੌਂਸਲ ਅਤੇ ਸਮੁੱਚੇ ਭਾਈਚਾਰੇ ਵਲੋਂ ਵੀ ਹੋਰ ਜਥੇਬੰਦੀਆਂ ਅਤੇ ਹਮ-ਖਿਆਲ ਵਿਅਕਤੀਆਂ ਨਾਲ ਮਿਲ ਕੇ 2009 ਤੋਂ ਕੈਲੀਫੋਰਨੀਆ ਵਿਚ ਕਰੀਕਲਮ ਕਮਿਸ਼ਨ ਬਣਨ ਤੋਂ ਲੈ ਕੇ 2018 ਵਿਚ ਸਕੂਲਾਂ ਦੀਆਂ ਨਵੀਆਂ ਪਾਠ-ਪੁਸਤਕਾਂ ਤੀਕ, ਪਰਸਪਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਸ ਦੇ ਫਲਸਰੂਪ ਅੱਜ 2018 ਵਿਚ ਨਵੀਆਂ ਪਾਠ ਪੁਸਤਕਾਂ ਛਪ ਗਈਆਂ ਹਨ। ਇਹਦੇ ਲਈ ਸਿੱਖ ਕੌਂਸਲ ਸਮੇਤ ਸਾਰੀਆਂ ਜਥੇਬੰਦੀਆਂ, ਖਾਸ ਤੌਰ ‘ਤੇ ਸਿੱਖ ਕੋਲੀਸ਼ਨ, ਹਮਖਿਆਲ ਵਿਅਕਤੀ, ਕੈਲੀਫੋਰਨੀਆ ਸਿੱਖਿਆ ਵਿਭਾਗ, ਕੈਲੀਫੋਰਨੀਆ ਸਟੇਟ ਸਿੱਖਿਆ ਬੋਰਡ, ਕੈਲੀਫੋਰਨੀਆ ਵਿਧਾਇਕ ਅਤੇ ਗਵਰਨਰ ਜੈਰੀ ਬਰਾਊਨ-ਸਾਰੇ ਹੀ ਵਧਾਈ ਦੇ ਪਾਤਰ ਹਨ।
ਫਰਿਜ਼ਨੋ ਕਾਊਂਟੀ ਸੁਪਰਿਨਟੈਂਡੈਂਟ ਆਫ ਸਕੂਲਜ਼ ਅਨੁਸਾਰ ਆਮ ਲੋਕਾਂ ਦੀ ਜਾਣਕਾਰੀ ਲਈ ਹਿਸਟਰੀ-ਸੋਸ਼ਲ ਸਾਇੰਸ ਦੀਆਂ ਇਹ ਪਾਠ ਪੁਸਤਕਾਂ ਫਰਿਜ਼ਨੋ ਸਟੇਟ ਯੂਨੀਵਰਸਟੀ ਦੀ ਹੈਨਰੀ ਮੈਡਨ ਲਾਇਬ੍ਰੇਰੀ ਦੇ ਲਰਨਿੰਗ ਰਿਸੋਰਸਿਜ਼ ਡਿਸਪਲੇ ਸੈਂਟਰ ਵਿਚ ਨੁਮਾਇਸ਼ ਵਜੋਂ ਉਪਲਬਧ ਹਨ, ਜਿਨ੍ਹਾਂ ਵਿਚ ਹੋਰਨਾਂ ਘਟ-ਗਿਣਤੀਆਂ ਦੇ ਨਾਲ ਹੁਣ ਸਿੱਖੀ ਬਾਰੇ ਜਾਣਕਾਰੀ ਵੀ ਸ਼ਾਮਿਲ ਹੈ। ਇਹ ਜਾਣਕਾਰੀ ਹੁਣ ਕੈਲੀਫੋਰਨੀਆ ਦੇ 6 ਲੱਖ ਵਿਦਿਆਰਥੀਆਂ ਨੂੰ ਉਪਲਬਧ ਹੋ ਸਕੇਗੀ। ਅਮਰੀਕਨ ਸਿੱਖਾਂ ਦੀ ਕੌਮੀ ਪੱਧਰ ‘ਤੇ ਯਤਨਸ਼ੀਲ ਮੋਹਰੀ ਸੰਸਥਾ ਸਿੱਖ ਕੋਲੀਸ਼ਨ ਦੀ ਨਵੀਂ ਛਪੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਨਾਲ ਹੁਣ ਟੈਕਸਸ, ਟੈਨਿਸੀ, ਨਿਊ ਯਾਰਕ, ਨਿਊ ਜਰਸੀ, ਆਈਡਾਹੋ ਅਤੇ ਕਾਲੋਰਾਡੋ-6 ਸਟੇਟਾਂ ਹੋਰ ਸ਼ਾਮਿਲ ਹੋ ਗਈਆਂ ਹਨ। ਵਾਸ਼ਿੰਗਟਨ ਡੀ. ਸੀ. ਸਮੇਤ ਕੁਲ ਮਿਲਾ ਕੇ 1.5 ਕਰੋੜ ਤੋਂ ਵਧ ਵਿਦਿਆਰਥੀ ਹੁਣ ਹਰ ਸਾਲ ਇਨ੍ਹਾਂ ਨਵੀਂਆਂ ਪਾਠ ਪੁਸਤਕਾਂ ਦਾ ਲਾਭ ਉਠਾਉਂਦਿਆਂ ਸਿੱਖੀ ਬਾਰੇ ਜਾਣ ਸਕਣਗੇ। ਇਸ ਤਰ੍ਹਾਂ ਇਹ ਗਿਣਤੀ ਆਏ ਦਿਨ ਵਧਦੀ ਜਾਏਗੀ।
ਬਾਬੇ ਨਾਨਕ ਦੇ ਦਰ ਤੋਂ ਪਵਿੱਤਰ ਨਵੰਬਰ ਮਹੀਨੇ ਦੌਰਾਨ ਲੰਘਣ ਵਾਲਾ ਉਹ ਲਾਂਘਾ ਜਿਥੇ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਰੂਸ, ਚੀਨ, ਇਰਾਨ ਨੂੰ ਜੋੜਨ ਦੇ ਸਮਰੱਥ ਹੈ, ਇਧਰ ਸੱਤ ਸਮੁੰਦਰ ਪਾਰ ਅਮਰੀਕਾ ਦੇ ਇਤਿਹਾਸ ਰਾਹੀਂ ਬਣਨ ਵਾਲਾ ਇਹ ਪੁਲ ਵਿਸ਼ਵ ਨਾਲ ਜੁੜਨ ਜਾ ਰਿਹਾ ਹੈ, ਜੋ ਆਰਨੌਲਡ ਟੋਇਨਬੀ ਨੂੰ ਵੀ ਠੀਕ ਸਾਬਿਤ ਕਰ ਸਕਦਾ ਹੈ ਅਤੇ ਸੁਸ਼ਮਾ ਸਵਰਾਜ ਨੂੰ ਵੀ!