ਸਿਸਟਮ ਦਾ ਸ਼ਿਕਾਰ ਬੇਰੁਜ਼ਗਾਰ ਨੌਜਵਾਨਾਂ ਦੀ ਤ੍ਰਾਸਦੀ ਪੇਸ਼ ਕਰਦੀ ਫਿਲਮ ‘ਟਾਈਟੈਨਿਕ’

-ਸੁਰਜੀਤ ਸਿੰਘ ਜੱਸਲ
ਫੋਨ: 91-98146-07737
ਕਾਮੇਡੀ ਤੇ ਵਿਆਹ ਕਲਚਰ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਨੌਜਵਾਨ ਵਰਗ ਦੀ ਤ੍ਰਾਸਦੀ ਵੱਲ ਆਇਆ ਹੈ। ਫਿਲਮ ‘ਟਾਈਟੈਨਿਕ’ ਪੰਜਾਬ ਦੇ ਇੱਕ ਬੇਰੁਜ਼ਗਾਰ ਨੌਜਵਾਨ ਦੇ ਸੰਘਰਸ਼ ਦੀ ਕਹਾਣੀ ਹੈ, ਜੋ ਨੇਵੀ ਵਿਚ ਜਾ ਕੇ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦਾ ਹੈ, ਜਿਸ ਵਿਚ ਸਫਲ ਹੋਣ ਲਈ ਅਨੇਕਾਂ ਯਤਨ ਕਰਦਾ ਹੈ। ਪਰ ਹਰ ਵਾਰ ਭ੍ਰਿਸ਼ਟ ਸਿਸਟਮ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ ਹੈ ਤੇ ਉਸ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਅੱਜ ਦੇ ਨੌਜਵਾਨ ਦੀਆਂ ਦਿਲੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਇਹ ਫਿਲਮ ਜ਼ਿੰਦਗੀ ਦੇ ਕੌੜੇ-ਮਿੱਠੇ ਤਜ਼ਰਬੇ ਨੂੰ ਪਰਦੇ ‘ਤੇ ਪੇਸ਼ ਕਰੇਗੀ।

‘ਦਾ ਟਾਈਟੈਨਿਕ ਫਿਲਮਜ਼ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ‘ਟਾਈਟੈਨਿਕ’ ਦੇ ਲੇਖਕ ਤੇ ਨਿਰਦੇਸ਼ਕ ਰਵੀ ਪੁੰਜ ਨੇ ਦੱਸਿਆ ਕਿ ਚਰਚਿਤ ਹਾਲੀਵੁੱਡ ਫਿਲਮ ਟਾਈਟੈਨਿਕ ਨਾਲ ਇਸ ਫਿਲਮ ਦਾ ਕੋਈ ਸਬੰਧ ਨਹੀਂ। ਉਹ ਫਿਲਮ ਲਵ ਸਟੋਰੀ ‘ਤੇ ਆਧਾਰਤ ਸੀ, ਜਦਕਿ ਇਹ ਇੱਕ ਨੌਜਵਾਨ ਦੀ ਜ਼ਿੰਦਗੀ ‘ਤੇ ਆਧਾਰਤ ਹੈ, ਜਿਸ ਨੂੰ ਮਾਪੇ ਬੜੀ ਮਿਹਨਤ ਨਾਲ ਪੜ੍ਹਾ ਕੇ ਡਿਗਰੀਆਂ, ਡਿਪਲੋਮੇ ਕਰਵਾਉਂਦੇ ਹਨ ਪਰ ਨੌਕਰੀ ਨਹੀਂ ਮਿਲਦੀ ਤੇ ਅਖੀਰ ਲੇਬਰ ਕਰਨ ਲਈ ਮਜਬੂਰ ਹੋ ਜਾਂਦਾ ਹੈ। ਫਿਲਮ ਵਿਚ ਜ਼ਿੰਦਗੀ ਦਾ ਹਰ ਰੰਗ ਪੇਸ਼ ਕੀਤਾ ਗਿਆ ਹੈ। ਕਾਲਜੀ ਜੀਵਨ ਵਾਲਾ ਪਿਆਰ, ਉਚੀਆਂ ਸੋਚਾਂ ਨੂੰ ਪੂਰਾ ਕਰਨ ਦਾ ਜਜ਼ਬਾ, ਆਪਣੀ ਮੰਜ਼ਿਲ ‘ਤੇ ਪੁੱਜਣ ਦਾ ਨਿਸ਼ਚੈ ਤੇ ਸੰਘਰਸ਼ ਵਿਖਾਇਆ ਗਿਆ ਹੈ।
21 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਰਾਜ ਸਿੰਘ ਝਿੰਜਰ, ਕਮਲ ਖੰਗੂੜਾ, ਗੌਰਵ ਮੋਦਗਿੱਲ, ਹੌਬੀ ਧਾਲੀਵਾਲ, ਮਲਕੀਤ ਰੌਣੀ, ਤਰਸੇਮ ਪੌਲ, ਗੁਰਪ੍ਰੀਤ ਕੌਰ ਭੰਗੂ, ਸਤਵਿੰਦਰ ਕੌਰ, ਸਤਵੰਤ ਕੌਰ, ਸੰਨੀ ਗਿੱਲ, ਸਿਮਰਨ ਸਹਿਜਪਾਲ, ਅਕਾਸ਼ ਗਿੱਲ ਅਤੇ ਨਿਹਾਲ ਪੁਰਬਾ ਆਦਿ ਕਲਾਕਾਰਾਂ ਨੇ ਅਹਿਮ ਰੋਲ ਨਿਭਾਏ ਹਨ। ਫਿਲਮ ਦੇ ਸਿਨਮੇਟੋਗ੍ਰਾਫਰ ਕੇ. ਸੁਨੀਲ ਹਨ। ਫਿਲਮ ਦੀ ਕਹਾਣੀ ਸਕਰੀਨ ਪਲੇਅ ਤੇ ਡਾਇਲਾਗ ਲਿਖਣ ਤੋਂ ਇਲਾਵਾ ਨਿਰਦੇਸ਼ਨ ਵੀ ਰਵੀ ਪੁੰਜ ਨੇ ਦਿੱਤਾ ਹੈ। ਸਹਾਇਕ ਨਿਰਦੇਸ਼ਕ ਕਰਮਪ੍ਰੀਤ ਸਮਰਾ ਹਨ। ਨਿਰਮਾਤਾ ਹੈਰੀ ਪੁੰਜ ਤੇ ਬਲਜਿੰਦਰ ਸਿੰਘ ਅਤੇ ਸਹਿ ਨਿਰਮਾਤਾ ਸੁਖਪ੍ਰੀਤ ਕੌਰ ਸਮਰਾ ਹਨ। ਫਿਲਮ ਦਾ ਸੰਗੀਤ ਡੀ. ਜੇ. ਨਰਿੰਦਰ ਨੇ ਤਿਆਰ ਕੀਤਾ ਹੈ। ਫਿਲਮ ‘ਚ ਜੰਗ ਸੰਧੂ, ਤੇਜਿੰਦਰ ਕਿਸ਼ਨਗੜ੍ਹ ਤੇ ਰਮਨ ਸੇਖੋਂ ਦੇ ਲਿਖੇ ਗੀਤ ਗੁਰਨਾਮ ਭੁੱਲਰ, ਫਿਰੋਜ਼ ਖਾਨ, ਨਿੰਜਾ, ਅਲੀ ਬ੍ਰਦਰਜ਼, ਦੀਪਕ ਢਿੱਲੋਂ, ਆਰਤੀ ਗਿੱਲ ਅਤੇ ਅੰਗਰੇਜ਼ ਮਾਨ ਨੇ ਗਾਏ ਹਨ। ਯਕੀਨਨ ਇਹ ਫਿਲਮ ਮੌਜੂਦਾ ਪੰਜਾਬੀ ਸਿਨਮੇ ‘ਤੇ ਭਾਰੂ ਹੋਏ ਕਾਮੇਡੀ ਤੇ ਵਿਰਾਸਤੀ ਕਲਚਰ ਤੋਂ ਵੱਖਰੇ ਰੰਗ ਦੀ ਫਿਲਮ ਹੈ।