ਦੇਵ ਖਰੌੜ ਦੀ ਨਵੀਂ ਰੁਮਾਂਟਿਕ ਤੇ ਐਕਸ਼ਨ ਫਿਲਮ ‘ਯਾਰ ਬੇਲੀ’

ਸੁਰਜੀਤ ਸਿੰਘ ਜੱਸਲ
ਫੋਨ: 91-98146-07737
14 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਯਾਰ ਬੇਲੀ’ ਵਿਚ ਦੇਵ ਖਰੌੜ ਐਕਸ਼ਨ ਵੀ ਦਿਖਾਏਗਾ ਤੇ ਰੁਮਾਂਟਿਕ ਵੀ ਨਜ਼ਰ ਆਵੇਗਾ। ‘ਰੁਪਿੰਦਰ ਗਾਂਧੀ-1’, ‘ਰੁਪਿੰਦਰ ਗਾਂਧੀ-2’ ਅਤੇ ‘ਡਾਕੂਆਂ ਦਾ ਮੁੰਡਾ’ ਫਿਲਮਾਂ ਨਾਲ ਸੁਰਖੀਆਂ ਵਿਚ ਆਇਆ ਦੇਵ ਖਰੌੜ ਅੱਜ ਪੰਜਾਬੀ ਸਿਨਮੇ ਦਾ ਸਭ ਤੋਂ ਵੱਧ ਰੁੱਝਿਆ ਅਦਾਕਾਰ ਹੈ। ਅਗਲੇ ਸਾਲ ਆਉਣ ਵਾਲੀਆਂ ਫਿਲਮਾਂ ‘ਬਲੈਕੀਆ’, ‘ਕਾਕਾ ਜੀ’ ਤੇ ‘ਸਰਾਭਾ’ ਵਿਚ ਵੀ ਦੇਵ ਖਰੌੜ ਨਜ਼ਰ ਆਵੇਗਾ।

ਨਿਰਮਾਤਾ ਵਿਨੈ ਜ਼ਿੰਦਲ ਵਲੋਂ ਲਿਵਿੰਗ ਡਰੀਮਜ਼ ਐਂਟਰਟੇਨਮੈਂਟ ਬੈਨਰ ਹੇਠ ਲੇਖਕ ਨਿਰਦੇਸ਼ਕ ਸੁਖਜਿੰਦਰ ਸਿੰਘ ਦੀ ਇਸ ਫਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਨੇ ਚੰਗਾ ਪਸੰਦ ਕੀਤਾ ਹੈ। ਦੇਵ ਖਰੌੜ ਦੀ ਪਛਾਣ ਪੰਜਾਬੀ ਫਿਲਮਾਂ ਦੇ ਹੀਮੈਨ ਵਜੋਂ ਬਣ ਚੁਕੀ ਹੈ।
ਇਸ ਫਿਲਮ ‘ਚ ਦੇਵ ਦੀ ਜੋੜੀ ਖੂਬਸੁਰਤ ਅਦਾਕਾਰਾ ਸੈਭੀ ਸੂਰੀ ਨਾਲ ਹੈ। ਸੈਭੀ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ਨੇ ਪਿੰਡਾਂ ਵਾਲੀ ਠੇਠ ਪੰਜਾਬਣ ਕੁੜੀ ਦਾ ਕਿਰਦਾਰ ਨਿਭਾਇਆ ਹੈ। ਕੁਝ ਸਾਲ ਪਹਿਲਾਂ ਆਈ ਫਿਲਮ ‘ਮਿੱਟੀ’ ਵਿਚ ਯਾਦਗਾਰੀ ਕਿਰਦਾਰ ਨਿਭਾਉਣ ਵਾਲਾ ਲਖਵਿੰਦਰ ਕੰਦੋਲਾ ਖਤਰਨਾਕ ਵਿਲੇਨ ਦੇ ਕਿਰਦਾਰ ‘ਚ ਪਰਦੇ ‘ਤੇ ਮੁੜ ਨਜ਼ਰ ਆਵੇਗਾ।
ਫਿਲਮ ਦੇ ਨਿਰਮਾਤਾ ਵਿਨੈ ਜਿੰਦਲ ਨੇ ਦੱਸਿਆ ਕਿ ਦੇਵ ਖਰੌੜ ਦੀ ਇਹ ਫਿਲਮ ਉਸ ਦੀਆਂ ਪਹਿਲੀਆਂ ਹਿੱਟ ਫਿਲਮਾਂ ਵਾਂਗ ਐਕਸ਼ਨ ਅਤੇ ਪਿਆਰ ਦੀ ਜਬਰਦਸ਼ਤ ਕਹਾਣੀ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਦੀ ਸ਼ੂਟਿੰਗ ਇਸੇ ਸਾਲ ਅਪਰੈਲ-ਮਈ ਵਿਚ ਮਲੋਟ ਇਲਾਕੇ ਵਿਚ ਕੀਤੀ ਗਈ ਹੈ।
ਫਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨ ਪਲੇਅ ਸੁਖਜਿੰਦਰ ਸਿੰਘ ਦੇ ਲਿਖੇ ਹਨ। ਦੇਵ ਖਰੌੜ, ਸੈਬੀ ਸੂਰੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਸੁਖਜਿੰਦਰ ਸਿੰਘ, ਗੁਰਪ੍ਰੀਤ ਕੌਰ ਭੰਗੂ, ਬੀ. ਐਨ. ਸ਼ਰਮਾ, ਲਖਵਿੰਦਰ ਕੰਦੋਲਾ, ਹਰਪ੍ਰੀਤ ਢਿੱਲੋਂ ਆਦਿ ਕਲਾਕਾਰਾਂ ਨੇ ਅਹਿਮ ਰੋਲ ਨਿਭਾਏ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ ਅਤੇ ਦੇਸੀ ਕਰੀਊ ਨੇ ਦਿੱਤਾ ਹੈ। ਹੈਪੀ ਰਾਏਕੋਟੀ ਦੇ ਲਿਖੇ ਗੀਤ ਨਛੱਤਰ ਗਿੱਲ, ਗੁਰਨਾਮ ਭੁੱਲਰ, ਜੌਰਡਨ ਸੰਧੂ, ਹੈਪੀ ਰਾਏਕੋਟੀ, ਅੰਗਰੇਜ਼ ਅਲੀ ਅਤੇ ਮੰਨਤ ਨੂਰ ਨੇ ਗਾਏ ਹਨ।
ਫਿਲਮ ਦੇ ਨਿਰਦੇਸ਼ਕ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਹ ਫਿਲਮ ਅੱਜ ਦੇ ਸਮੇਂ ਦੀ ਫਿਲਮ ਹੈ, ਜੋ ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਅਤੇ ਸਮਾਜਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ। ਇਸ ਫਿਲਮ ਰਾਹੀਂ ਮਨੋਰੰਜਨ ਦੀ ਸ਼ੁੱਧਤਾ ਅਤੇ ਧਰਾਤਲ ਨਾਲ ਜੁੜਿਆ ਮਿਆਰੀ ਸਿਨੇਮਾ ਪੇਸ਼ ਕੀਤਾ ਗਿਆ ਹੈ। ਇਸ ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਹੈ। ਕਰਮਜੀਤ ਅਨਮੋਲ ਦੀ ਸਾਰਥਕ ਕਾਮੇਡੀ ਵੀ ਦਰਸ਼ਕਾਂ ਦਾ ਚੰਗਾ ਮਨੋਰਜਨ ਕਰੇਗੀ। ਮੌਜੂਦਾ ਦੌਰ ਦੇ ਸਿਨੇਮਾ ਲਈ ਇਹ ਇੱਕ ਨਿਰੋਲ ਪਰਿਵਾਰਕ, ਐਕਸ਼ਨ ਤੇ ਰੁਮਾਂਸ ਭਰਪੂਰ ਸੰਗੀਤਕ ਫਿਲਮ ਹੈ, ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ।