‘ਭੱਜੋ ਵੀਰੋ ਵੇ…’ ਨਾਲ ਪੈਰ ਜਮਾਂ ਰਿਹਾ ਅੰਬਰਦੀਪ

-ਸੁਰਜੀਤ ਸਿੰਘ ਜੱਸਲ
ਫੋਨ: 91-98146-07737
ਫਿਲਮ ‘ਲੌਂਗ ਲਾਚੀ’ ਨਾਲ ਲੇਖਕ ਨਿਰਦੇਸ਼ਕ ਪਿਛੋਂ ਨਾਇਕ ਬਣ ਕੇ ਪੰਜਾਬੀ ਪਰਦੇ ‘ਤੇ ਆਉਣਾ ਅੰਬਰਦੀਪ ਦਾ ਪਹਿਲਾ ਸੁਪਨਾ ਸੀ, ਜੋ ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਥੀਏਟਰ ਵਿਭਾਗ ‘ਚ ਪੈਰ ਧਰਦਿਆਂ ਕਈ ਸਾਲ ਪਹਿਲਾਂ ਲਿਆ ਸੀ। ਫਿਲਮ ਲੇਖਕ ਹੋਣ ਨਾਤੇ ਅੰਬਰਦੀਪ ਨੇ ਆਪਣੇ ਆਪ ‘ਤੇ ਕਿਰਦਾਰ ਲਿਖ ਕੇ ਉਸ ਨੂੰ ਖੇਡਿਆ। ਪਾਰਖੂ ਦਰਸ਼ਕਾਂ ਨੇ ਉਸ ਦੀ ਅਦਾਕਾਰੀ ਦੀ ਪ੍ਰਸ਼ੰਸਾ ਕੀਤੀ। ਨਵੀਂ ਫਿਲਮ ‘ਭੱਜੋ ਵੀਰੋ ਵੇ…’ ਵਿਚ ਉਹ ਲੇਖਕ, ਨਿਰਦੇਸ਼ਕ ਤੇ ਨਾਇਕ ਬਣ ਕੇ ਆਇਆ ਹੈ। ‘ਲੌਂਗ ਲਾਚੀ’ ਫਿਲਮ ਵਿਚ ਉਸ ਦੀ ਹੀਰੋਇਨ ਨੀਰੂ ਬਾਜਵਾ ਸੀ ਜਦਕਿ ਇਸ ਨਵੀਂ ਫਿਲਮ ਵਿਚ ਸਿੰਮੀ ਚਾਹਲ ਹੈ।

ਅਬੋਹਰ ਇਲਾਕੇ ਦੇ ਜੰਮੇ-ਪਲੇ ਅੰਬਰਦੀਪ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਥੀਏਟਰ ਦੀ ਪੜ੍ਹਾਈ ਕੀਤੀ ਤੇ ਫਿਰ ਆਪਣੀ ਕਿਸਮਤ ਅਜ਼ਮਾਉਣ ਫਿਲਮ ਨਗਰੀ ਮੁੰਬਈ ਚਲਾ ਗਿਆ। ਉਥੇ 10 ਪੰਜਾਬੀ-ਹਿੰਦੀ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ। ਇਸੇ ਦੌਰਾਨ ਜਦ ਪੰਜਾਬੀ ਫਿਲਮਾਂ ਵਿਚ ਚੰਗਾ ਕੰਮ ਹੋਣ ਲੱਗਾ ਤਾਂ ਅੰਬਰਦੀਪ ਨੇ ਆਪਣਾ ਰੁਖ ਪੰਜਾਬ ਵੱਲ ਕਰ ਲਿਆ ਤੇ ਸਹੀ ਸਮੇਂ ਇਸ ਨਾਲ ਜੁੜ ਕੇ ਆਪਣੀ ਕਲਾ ਨੂੰ ਨਿਖਾਰਿਆ।
ਅੰਬਰਦੀਪ ਪਿਛਲੇ ਸੱਤ ਕੁ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਵਿਚ ਸਰਗਰਮ ਹੈ। ਫਿਲਮ ‘ਜੱਟ ਐਂਡ ਜੂਲੀਅਟ’ ਨਾਲ ਕਹਾਣੀ ਤੇ ਸਕਰੀਨ ਪਲੇਅ ਲੇਖਕ ਵਜੋਂ ਆਪਣੀ ਸ਼ੁਰੂਆਤ ਕਰਦਿਆਂ ਅੰਬਰਦੀਪ ਨੇ ‘ਵਿਆਹ 70 ਕਿੱਲੋਮੀਟਰ’, ‘ਡੈਡੀ ਕੂਲ ਮੁੰਡੇ ਫੂਲ’, ‘ਹੈਪੀ ਗੋ ਹੈਪੀ’, ‘ਗੋਰਿਆਂ ਨੂੰ ਦਫਾ ਕਰੋ’, ‘ਅੰਗਰੇਜ਼’, ‘ਲਵ ਪੰਜਾਬ’, ‘ਸਰਵਣ’, ‘ਡਿਸਕੋ ਸਿੰਘ’ ਆਦਿ ਫਿਲਮਾਂ ਲਈ ਯੋਗਦਾਨ ਪਾਇਆ। ਇਸੇ ਦੌਰਾਨ ‘ਗੋਰਿਆਂ ਨੂੰ ਦਫਾ ਕਰੋ’ ਤੇ ‘ਅੰਗਰੇਜ਼’ ਫਿਲਮਾਂ ਲਈ ਤਾਂ ਅੰਬਰਦੀਪ ਨੂੰ ਬੈਸਟ ਲੇਖਕ ਦਾ ਐਵਾਰਡ ਵੀ ਮਿਲਿਆ। ‘ਲਵ ਪੰਜਾਬ’, ‘ਸਰਵਣ’, ‘ਹਰਜੀਤਾ’ ਅਤੇ ‘ਲਾਹੌਰੀਏ’ ਫਿਲਮਾਂ ਦਾ ਲੇਖਕ ਹੋਣ ਦੇ ਨਾਲ ਨਾਲ ਉਨ੍ਹਾਂ ਵਿਚ ਅਦਾਕਾਰੀ ਵੀ ਕੀਤੀ। ਭਾਵੇਂ ਦੁਨੀਆਂ ਘੁੰਮ ਆਇਆ ਪਰ ਉਸ ਦੀ ਸਰਹੱਦੀ ਬੋਲੀ ਉਸ ਦਾ ਫਿਲਮੀ ਅੰਦਾਜ਼ ਬਣ ਚੁਕੀ ਹੈ।
ਇੱਕ ਲੇਖਕ ਹੋਣ ਨਾਤੇ ਅੰਬਰਦੀਪ ਵਿਚ ਫਿਲਮ ਦੀ ਕਹਾਣੀ ਵਿਚ ਹਰ ਤਰ੍ਹਾਂ ਦਾ ਮਸਾਲਾ ਭਰਨ ਦੀ ਮੁਹਾਰਤ ਹੈ। ਉਹ ਦਰਸ਼ਕਾਂ ਦਾ ਧਿਆਨ ਪਰਦੇ ਤੋਂ ਪਾਸੇ ਨਹੀਂ ਹੋਣ ਦਿੰਦਾ। ਉਸ ਦੀਆਂ ਫਿਲਮੀ ਕਹਾਣੀਆਂ ਵਿਚ ਜ਼ਿਆਦਾਤਰ ਸਰਹੱਦੀ ਲੋਕਾਂ ਦੀ ਵੇਦਨਾ ਝਲਕਦੀ ਹੈ। ਬਤੌਰ ਅਦਾਕਾਰ, ਲੇਖਕ ਤੇ ਨਿਰਦੇਸ਼ਕ ਉਸ ਦੀ ਪਹਿਲੀ ਫਿਲਮ ‘ਲਾਹੋਰੀਏ’ ਸੀ, ਜਿਸ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ। ਇਸ ਪਿਛੋਂ ‘ਲੌਂਗ ਲਾਚੀ’ ਅਤੇ ‘ਅਸ਼ਕੇ’ ਫਿਲਮਾਂ ਨਾਲ ਅੰਬਰਦੀਪ ਚਾਰ ਕਦਮ ਅੱਗੇ ਹੀ ਵਧਿਆ। ਹੁਣ ਨਵੀਂ ਫਿਲਮ ‘ਭੱਜੋ ਵੀਰੋ ਵੇ’ ਵਿਚ ਉਸ ਨੇ ਲੋਕ ਗੀਤਾਂ ਵਿਚਲੇ ਤਰਸ ਦੇ ਪਾਤਰ ਰਹੇ ‘ਛੜਿਆਂ’ ਦੀ ਜ਼ਿੰਦਗੀ ਬਾਰੇ ਚਿੰਤਤ ਹੁੰਦਿਆਂ ਇਹ ਫਿਲਮ ਲਿਖੀ ਹੈ, ਜੋ 1960 ਦੇ ਸਮਿਆਂ ਦੀ ਕਹਾਣੀ ਬਿਆਨ ਕਰਦੀ ਹੈ। ਵਿਆਹ ਕਲਚਰ ਦੇ ਸਿਨਮੇ ਤੋਂ ਵੱਖ ਹੁੰਦਿਆਂ ਇਹ ਪਹਿਲਾਂ ਹੀ ਕਿਹਾ ਗਿਆ ਹੈ ਕਿ ਇਹ ਫਿਲਮ ਵਿਆਹ ਬਾਰੇ ਨਹੀਂ ਬਲਕਿ ਉਨ੍ਹਾਂ ਬਾਰੇ ਹੈ, ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ। ਮਤਲਬ ਛੜੇ ਬੰਦੇ ਦੀ ਜੂਨ ਹੰਢਾਉਂਦੇ ਲੋਕਾਂ ‘ਤੇ ਕੀ ਬੀਤਦੀ ਹੈ, ਬੰਦੇ ਦੀ ਜ਼ਿੰਦਗੀ ਵਿਚ ਤੀਵੀਂ ਦੀ ਅਹਿਮੀਅਤ ਕੀ ਹੁੰਦੀ ਹੈ? ਇਹੋ ਹੀ ਫਿਲਮ ਦਾ ਅਹਿਮ ਵਿਸ਼ਾ ਹੈ।
ਫਿਲਮ ਦੀ ਕਹਾਣੀ ਅਨੁਸਾਰ ਨਾਇਕ ਅੰਬਰਦੀਪ ਦਾ ਰਿਸ਼ਤਾ ਸਿੰਮੀ ਚਾਹਲ ਨਾਲ ਹੋਣ ਲੱਗਦਾ ਹੈ ਪਰ ਉਸ ਦੇ ਅਨਾਥ ਹੋਣ ਕਰਕੇ ਰੁਕ ਜਾਂਦਾ ਹੈ। ਆਪਣੇ ਨਾਨਕਿਆਂ ਦੀ ਭਾਲ ਵਿਚ ਨਿਕਲਿਆ ਅੰਬਰਦੀਪ ਨਵੀਆਂ ਹੀ ਘੁੰਮਣ-ਘੇਰੀਆਂ ਵਿਚ ਪੈ ਜਾਂਦਾ ਹੈ।
ਰਿਧਮ ਬੁਆਏਜ਼, ਹੇਅਰ ਓਮ ਜੀ ਸਟੂਡੀਓ ਦੀ ਪੇਸ਼ਕਸ਼ ਇਹ ਲੇਖਕ-ਨਿਰਦੇਸ਼ਕ ਅੰਬਰਦੀਪ ਦੀ ਇਸ ਸਾਲ ਤੀਸਰੀ ਫਿਲਮ ਰਿਲੀਜ਼ ਹੋ ਰਹੀ ਹੈ, ਜਿਸ ਦਾ ਨਾਂ ਪਹਿਲਾਂ ‘ਕਾਰ ਰੀਬਨਾਂ ਵਾਲੀ’ ਸੀ ਜੋ ਬਦਲ ਕੇ ‘ਭੱਜੋ ਵੀਰੋ ਵੇ’ ਰੱਖਿਆ ਗਿਆ। ਫਿਲਮ ਦੇ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਤੇ ਸਹਿ ਨਿਰਮਾਤਾ ਮੁਨੀਸ਼ ਸਾਹਨੀ ਹਨ। ਫਿਲਮ ਵਿਚ ਅੰਬਰਦੀਪ, ਸਿੰਮੀ ਚਾਹਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਹਰਦੀਪ ਗਿੱਲ, ਯਾਦ ਗਰੇਵਾਲ ਤੇ ਸੁਖਵਿੰਦਰ ਰਾਜ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਅਮਰਿੰਦਰ ਗਿੱਲ, ਸੁਰਿੰਦਰ ਛਿੰਦਾ, ਗੁਰਸ਼ਬਦ, ਬੀਰ ਸਿੰਘ ਤੇ ਗੁਰਪ੍ਰੀਤ ਮਾਨ ਨੇ ਪਲੇਅ ਬੈਕ ਗਾਇਆ ਹੈ।