ਇਹ ਦੁਨੀਆਂ ਤੇ ਦੁਨੀਆਂ ਵਿਚ ਰਹਿਣ ਵਾਲੇ ਲੋਕ

ਕੁਲਦੀਪ ਸਿੰਘ ਢਿੱਲੋਂ
ਫੋਨ: 91-98559-64276
ਕਿਸੇ ਸਿਆਣੇ ਨੇ ਸੱਚ ਕਿਹਾ ਹੈ, ਆਰੀ ਨੂੰ ਦੰਦੇ ਇੱਕ ਪਾਸੇ ਤੇ ਜਹਾਨ ਨੂੰ ਦੰਦੇ ਦੋਹੀਂ ਪਾਸੇ। ਸੱਚ ਹੀ ਬੜੀ ਸਿਆਣੀ ਗੱਲ ਆਖੀ ਹੈ। ਇਹ ਦੁਨੀਆਂ ਤੁਹਾਨੂੰ ਕਿਸੇ ਪਾਸੇ ਨਹੀਂ ਛੱਡੇਗੀ, ਨਾ ਰੱਜਿਆਂ ਨੂੰ, ਨਾ ਭੁੱਖਿਆਂ ਨੂੰ, ਨਾ ਅਮੀਰ ਹੋਇਆਂ ਨੂੰ, ਨਾ ਗਰੀਬੀ ਆਇਆਂ ਨੂੰ, ਨਾ ਚੰਗੇ ਕੰਮ ਕਰਦਿਆਂ ਨੂੰ ਤੇ ਨਾ ਮਾੜੇ ਕੰਮ ਕਰਦਿਆਂ ਨੂੰ।
ਇਸ ਦੁਨੀਆਂ ਵਿਚ ਰਹਿਣ ਵਾਲੇ ਲੋਕ, ਜਿਨ੍ਹਾਂ ਨੂੰ ਵਿਹਲੇ ਨੁਕਤਾਚੀਨੀ ਕਰਨ, ਵੱਡੇ-ਵੱਡੇ ਦਾਅਵੇ ਕਰਨ ਜਾਂ ਕਿਸੇ ਦੇ ਕੰਮ ਵਿਚ ਦਖਲਅੰਦਾਜ਼ੀ ਕਰਨ ਦੀ ਆਦਤ ਪਈ ਹੋਈ ਹੈ, ਉਹ ਤੁਹਾਨੂੰ ਕਦੇ ਵੀ ਤੇ ਕਿਸੇ ਵੀ ਹਾਲਤ ਵਿਚ ਨਹੀਂ ਬਖਸ਼ਣਗੇ! ਕੁਝ ਨਾ ਕੁਝ ਕਹਿੰਦੇ-ਕਰਦੇ ਹੀ ਰਹਿਣਗੇ।

ਤੁਹਾਨੂੰ ਕਦੇ ਨਾ ਕਦੇ ਉਨ੍ਹਾਂ ਦੀ ਨੁਕਤਾਚੀਨੀ ਦਾ ਸ਼ਿਕਾਰ ਹੋਣਾ ਹੀ ਪੈਣਾ, ਚਾਹੇ ਉਹ ਚੰਗੇ ਪੱਖ ਤੋਂ ਹੋਵੇ ਜਾਂ ਮਾੜੇ ਪੱਖ ਤੋਂ। ਜੇ ਕੋਈ ਆਦਮੀ ਬੜੇ ਸਾਊ ਸੁਭਾਅ ਦਾ ਹੋਵੇ, ਕਿਸੇ ਨੂੰ ਮੰਦਾ ਜਾਂ ਚੰਗਾ ਨਾ ਬੋਲਦਾ ਹੋਵੇ ਤੇ ਕਿਤੇ ਕਦੇ ਰੱਬ ਨਾ ਕਰੇ, ਉਸ ਤੋਂ ਕੋਈ ਗਲਤੀ ਜਾਂ ਕੋਈ ਗਲਤ ਕੰਮ ਹੋ ਜਾਵੇ ਤਾਂ ਇਹ ਲੋਕ ਉਸੇ ਸਮੇਂ ਹੀ ਉਸ ‘ਤੇ ਸੂਈ ਰੱਖ ਦੇਣਗੇ ਕਿ ਬੰਦਾ ਤਾਂ ਸਿਆਣਾ ਸੀ, ਇਹ ਕੰਮ ਕਿਵੇਂ ਹੋ ਗਿਆ ਇਹਦੇ ਤੋਂ? ਕੀ ਪਤਾ ਉਤੋਂ ਹੀ ਸ਼ਰੀਫ ਬਣਦਾ ਹੋਵੇ! ਹੋ ਸਕਦਾ ਚੋਰੀ ਛੁਪੇ ਕੀ-ਕੀ ਕੰਮ ਕਰਦਾ ਹੋਣਾ, ਕਿਉਂ? ਕੀ ਗੱਲ? ਸਿਆਣੇ ਤੋਂ ਕੋਈ ਗਲਤੀ ਨਹੀਂ ਹੋ ਸਕਦੀ ਪਰ ਇਸ ਦੁਨੀਆਂ ਵਿਚ ਐਨਾ ਸਿਆਣਾ ਤਾਂ ਕੋਈ ਵੀ ਨਹੀਂ ਕਿ ਉਹ ਕੋਈ ਗਲਤੀ ਹੀ ਨਾ ਕਰੇ ਅਤੇ ਕਈ ਵਾਰ ਤਾਂ ਆਦਮੀ ਗਲਤੀ ਕਰ ਕੇ ਹੀ ਸਿਆਣਾ ਬਣਦਾ ਹੈ।
ਜਿਹੜੇ ਆਦਮੀ ਦਾ ਕੰਮ ਮਾੜਾ ਕੰਮ ਕਰਨਾ ਹੋਵੇ ਤੇ ਉਸ ਤੋਂ ਅਚਾਨਕ ਸਿਆਣਾ ਕੰਮ ਹੋ ਜਾਵੇ ਤਾਂ ਕਹਿਣਗੇ ਕਿ ਉਸ ਤੋਂ ਉਮੀਦ ਹੀ ਨਹੀਂ ਸੀ ਅਜਿਹੇ ਕੰਮ ਦੀ, ਜੋ ਇਹਨੇ ਕਰ’ਤਾ। ਮਤਲਬ ਲੋਕ ਇਹ ਕਦੇ ਨਹੀਂ ਚਾਹੁਣਗੇ ਕਿ ਕੋਈ ਗਲਤ ਰਾਹ ‘ਤੇ ਤੁਰਨ ਵਾਲਾ ਕਿਸੇ ਚੰਗੇ ਰਸਤੇ ਤੁਰੇ। ਸਭ ਤੋਂ ਖਾਸ ਗੱਲ ਲੋਕਾਂ ਦੀ ਬਿਨਾ ਵਜ੍ਹਾ ਤੋਂ ਰਾਏ ਦੇਣੀ, ਕਿਸੇ ਦੀ ਹਾਲਤ ਤੋਂ ਜਾਣੂ ਹੋਏ ਬਿਨਾ ਟਿੱਪਣੀਆਂ ਕਰਨੀਆਂ-ਇਹ ਗੱਲ ਆਮ ਦੇਖਣ-ਸੁਣਨ ਨੂੰ ਮਿਲਦੀ ਹੈ। ਜਿੱਥੇ ਚਾਰ ਜਣੇ ਰਲ ਕੇ ਬੈਠ ਗਏ, ਬਸ ਹੋ ਗਏ ਸ਼ੁਰੂ ਕਿ ਫਲਾਣੇ ਨੇ ਆਪਣੀ ਜਮੀਨ ਵੇਚ’ਤੀ, ਘਰ ਵੇਚ’ਤਾ ਜਾਂ ਕੋਈ ਹੋਰ ਚੀਜ਼ ਵੇਚ ਦਿੱਤੀ, ਪਰ ਉਨ੍ਹਾਂ ਸਵਾਦ ਲੈ ਕੇ ਗੱਲਾਂ ਕਰਨ ਵਾਲਿਆਂ ਨੇ ਕਦੇ ਇਹ ਸੋਚਿਆ ਕਿ ਇਸ ਦੀ ਕੋਈ ਮਜ਼ਬੂਰੀ ਹੋਊ, ਆਰਥਕ ਪੱਖੋਂ ਤੰਗ ਹੋਣਾ ਜਾਂ ਕਰਜ਼ਾ ਐਨਾ ਹੋਣਾ ਕਿ ਜਿਸ ਕਾਰਨ ਉਸ ਨੂੰ ਆਪਣੀ ਜਮੀਨ, ਘਰ ਜਾਂ ਹੱਡ-ਭੰਨਵੀਂ ਮਿਹਨਤ ਕਰਕੇ ਬਣਾਈਆਂ ਚੀਜ਼ਾਂ ਵੇਚਣੀਆਂ ਪਈਆਂ?
ਭਲੇਮਾਣਸਾਂ ਨੂੰ ਕੋਈ ਪੁੱਛੇ, ਜੇ ਤੁਹਾਨੂੰ ਐਨਾ ਹੀ ਤਰਸ ਆਉਂਦਾ ਸੀ ਤਾਂ ਉਸ ਦਾ ਮਸਲਾ ਤੁਸੀਂ ਹੱਲ ਕਰ ਦਿੰਦੇ, ਤਾਂ ਉਹ ਕੁਝ ਵੀ ਨਾ ਵੇਚਦਾ। ਇੱਕ ਗੱਲ ਹੋਰ, ਕਈ ਵਾਰ ਕਿਸੇ ਇਨਸਾਨ ਨੇ ਰੱਬ ਨਾ ਕਰੇ ਕਿਸੇ ਤੋਂ ਕਰਜ਼ਾ ਲਿਆ ਹੋਵੇ ਅਤੇ ਉਸ ਤੋਂ ਉਹ ਕਰਜ਼ਾ ਨਾ ਮੋੜ ਹੋਵੇ। ਜਿਸ ਤੋਂ ਕਰਜ਼ਾ ਲਿਆ, ਉਹ ਆ ਕੇ ਹਰ ਰੋਜ਼ ਉਸ ਦੀ ਬੇਇੱਜਤੀ ਕਰੇ, ਦਸ ਜਣੇ ਖੜ੍ਹੇ ਤਮਾਸ਼ਾ ਦੇਖਦੇ ਹੋਣ। ਉਸ ਸਮੇਂ ਤਾਂ ਕਦੇ ਕਿਸੇ ਨੇ ਨਾ ਕਿਹਾ ਕਿ ਬਈ ਇਹ ਬੰਦਾ ਰੋਜ਼ ਤੇਰੀ ਬੇਇੱਜਤੀ ਕਰਦਾ ਹੈ ਤੇ ਦੱਸ ਤੇਰੇ ਕਿੰਨੇ ਪੈਸੇ ਆ, ਅਸੀਂ ਇੱਕਠੇ ਕਰ ਕੇ ਦਿੰਦੇ ਹਾਂ, ਆਖਰ ਤੂੰ ਸਾਡੇ ਵਿਚ ਰਹਿਨੈਂ, ਪਰ ਨਹੀਂ! ਉਨ੍ਹਾਂ ਨੇ ਤਾਂ ਸਿਰਫ ਤਮਾਸ਼ਾ ਵੇਖਣਾ ਹੁੰਦਾ ਹੈ। ਉਹ ਲੋਕ ਤੁਹਾਡੇ ਵਾਸਤੇ ਸਿਵਾਏ ਗੱਲਾਂ ਤੋਂ ਕੁਝ ਨਹੀਂ ਕਰ ਸਕਦੇ।
ਸਾਨੂੰ ਵੀ ਦੁਨੀਆਂ ਵਿਚ ਰਹਿਣ ਵਾਲੇ ਅਜਿਹੇ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦੇਣੀ ਚਾਹੀਦੀ ਹੈ ਕਿ ਉਹ ਸਾਡੇ ਬਾਰੇ ਕੀ ਕਹਿਣਗੇ? ਕਹੀ ਜਾਣ ਜੋ ਕੁਝ ਕਹਿਣਾ, ਬਸ ਲੋੜ ਹੈ ਤਾਂ ਸਾਨੂੰ ਆਪਣਾ ਨਿਸ਼ਾਨਾ ਮਿੱਥ ਲੈਣਾ ਚਾਹੀਦਾ ਹੈ, ਫਿਰ ਇਸ ਦੁਨੀਆਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ। ਇੱਕ ਸਿਆਣੇ ਨੇ ਕਿਹਾ ਕਿ ਲੋਕਾਂ ਵੱਲ ਨਾ ਦੇਖੋ, ਸਗੋਂ ਤੁਸੀਂ ਆਪਣੀ ਜ਼ਿੰਦਗੀ ਦੇਖੋ ਕਿ ਤੁਸੀਂ ਕਿਵੇਂ ਸੁਖੀ ਰਹਿ ਸਕਦੇ ਹੋ। ਇਨ੍ਹਾਂ ਨੇ ਤਾਂ ਗੁਰੂਆਂ, ਪੀਰਾਂ, ਫਕੀਰਾਂ ਨੂੰ ਨਹੀਂ ਬਖਸ਼ਿਆ ਤੇ ਤੁਸੀਂ ਤਾਂ ਹੋ ਹੀ ਇਨ੍ਹਾਂ ਵਰਗੇ।
ਕਹਿੰਦੇ ਨੇ, ਜੇ ਤਾਂ ਤੁਸੀਂ ਲੋਕਾਂ ਤੋਂ ਵੱਖਰਾ ਬਣਨਾ ਚਾਹੁੰਦੇ ਹੋ ਤਾਂ ਤੁਹਾਡੀ ਹਰ ਗੱਲ, ਆਦਤ ਉਨ੍ਹਾਂ ਤੋਂ ਵੱਖਰੀ ਹੋਣੀ ਚਾਹੀਦੀ ਹੈ। ਮੇਰੀਆਂ ਗੱਲਾਂ ਬਥੇਰਿਆਂ ਨੂੰ ਫੱਟ ‘ਤੇ ਲੱਗੀਆਂ ਮਿਰਚਾਂ ਵਾਂਗ ਲੱਗਣੀਆਂ ਕਿਉਂਕਿ ਉਨ੍ਹਾਂ ਦੀ ਤਾਰੀਫ ਕੁਝ ਵਧੇਰੇ ਹੀ ਹੋ ਗਈ।
ਇਸ ਲਈ ਜੇ ਅਸੀਂ ਕਿਸੇ ਲਈ ਕੁਝ ਕਰ ਨਹੀਂ ਸਕਦੇ, ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਬਸ ਉਸ ਨੂੰ ਆਪਣੀ ਜਿੰ.ਦਗੀ ਜਿਉਣ ਦੇਣੀ ਚਾਹੀਦੀ ਹੈ ਤੇ ਤੁਹਾਨੂੰ ਕਿਸੇ ਬਾਰੇ ਗੱਲਾਂ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਕਿ ਤੁਸੀਂ ਵੀ ਰਹਿੰਦੇ ਇਨ੍ਹਾਂ ਲੋਕਾਂ ਵਿਚ ਹੀ ਹੋ। ਜੇ ਕੱਲ ਨੂੰ ਰੱਬ ਨਾ ਕਰੇ ਕੋਈ ਘਟਨਾ ਤੁਹਾਡੇ ਨਾਲ ਵਾਪਰ ਗਈ ਤਾਂ ਬਖਸ਼ਣਾ ਇਨ੍ਹਾਂ ਤੁਹਾਨੂੰ ਵੀ ਨਹੀਂ। ਇਸ ਲਈ ਉਨ੍ਹਾਂ ‘ਤੇ ਉਂਗਲਾਂ ਨਾ ਚੁੱਕੋ ਕਿਉਂਕਿ ਚਾਰ ਉਂਗਲਾਂ ਤੁਹਾਡੇ ਵੱਲ ਵੀ ਆਉਂਦੀਆਂ ਹਨ।