ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹ

ਡਾ. ਗੁਰਨਾਮ ਕੌਰ, ਕੈਨੇਡਾ
ਗੁਰੂ ਨਾਨਕ ਦੇਵ ਜੀ ਦਾ ਆਸਾ ਦੀ ਵਾਰ ਵਿਚ ਰਚਿਆ ਇਹ ਸਲੋਕ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 473 ‘ਤੇ ਦਰਜ ਹੈ| ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਵਿਚ ਜਨਮ, ਜਾਤ ਜਾਂ ਇਸਤਰੀ/ਪੁਰਸ਼ ਹੋਣ ਦੇ ਨਾਤੇ ਮਨੁੱਖੀ ਰੁਤਬੇ ਵਿਚ ਕੋਈ ਫਰਕ ਨਹੀਂ ਕੀਤਾ ਗਿਆ| ਬਾਣੀ ਅਨੁਸਾਰ ਕਿਉਂਕਿ ਇਸ ਬ੍ਰਹਿਮੰਡ ਦੀ ਰਚਨਾ ਕਰਤਾਰ ਨੇ ਆਪਣੇ ਆਪ ਤੋਂ ਕੀਤੀ ਹੈ, ਇਸ ਲਈ ਸਾਰੇ ਮਨੁੱਖਾਂ ਵਿਚ ਉਸ ਇੱਕ ਅਕਾਲ ਪੁਰਖ ਦੀ ਜੋਤਿ ਵਿਆਪਕ ਹੈ|

ਉਸੇ ਇੱਕ ਰੱਬੀ ਸੋਮੇ ਤੋਂ ਪੈਦਾ ਹੋਣ ਕਰਕੇ ਸਾਰੇ ਮਨੁੱਖ ਬਰਾਬਰ ਹਨ ਅਤੇ ਇਸ ਕਰਕੇ ਅਜਿਹੇ ਕਿਸੇ ਵੀ ਆਧਾਰ ‘ਤੇ ਮਨੁੱਖ ਨੂੰ ਛੋਟਾ ਜਾਂ ਵੱਡਾ, ਉਚਾ ਜਾਂ ਨੀਵਾਂ ਨਹੀਂ ਕਿਹਾ ਜਾ ਸਕਦਾ| ਇਸ ਲਈ ਸਾਰੇ ਮਨੁੱਖਾਂ ਨੂੰ ਜੀਣ ਅਤੇ ਥੀਣ ਦਾ ਇੱਕੋ ਜਿਹਾ ਹੱਕ ਪ੍ਰਾਪਤ ਹੈ| ਪਰ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਜਾਤ-ਜਨਮ ਅਤੇ ਇਸਤਰੀ-ਪੁਰਸ਼ ਦੇ ਆਧਾਰ ‘ਤੇ ਸਭ ਨੂੰ ਰੱਬੀ ਜੋਤਿ ਨਾਲ ਵਰੋਸਾਏ ਇੱਕੋ ਜਿਹੇ ਸਮਾਜਕ ਰੁਤਬੇ ਵਾਲੇ ਮਨੁੱਖ ਨਹੀਂ ਮੰਨਿਆ ਜਾਂਦਾ| ਇੱਕੀਵੀਂ ਸਦੀ ਦੇ ਦੋ ਦਹਾਕੇ ਬੀਤਣ ਵਾਲੇ ਹਨ ਪਰ ਅੱਜ ਵੀ ਇਹ ਵੰਡ ਉਵੇਂ ਦੀ ਉਵੇਂ ਨਾ ਸਿਰਫ ਕਾਇਮ ਹੈ ਸਗੋਂ ਮੌਜੂਦਾ ਸਰਕਾਰ ਦੇ ਰਾਜ-ਕਾਲ ਵਿਚ ਅਜਿਹੀ ਵੰਡ ਦੇ ਆਧਾਰ ‘ਤੇ ਭਾਰਤੀ ਸਮਾਜ ਵਿਚ ਇਹ ਵੰਡੀਆਂ ਹੋਰ ਡੂੰਘੀਆਂ ਹੋ ਗਈਆਂ ਹਨ, ਭਾਵੇਂ ਭਾਰਤੀ ਸੰਵਿਧਾਨ ਅਨੁਸਾਰ ਸਭ ਨੂੰ ਬਰਾਬਰ ਦੇ ਹੱਕ ਪ੍ਰਾਪਤ ਹਨ|
ਇਸ ਸ਼ਲੋਕ ਵਿਚ ਗੁਰੂ ਨਾਨਕ ਇਸ ਸੱਚਾਈ ਤੋਂ ਵੀ ਪਾਰ ਦੀ ਗੱਲ ਕਰਦਿਆਂ ਮਨੁੱਖੀ ਹੋਂਦ ਦੇ ਇਸ ਤੱਥ ‘ਤੇ ਚਾਨਣਾ ਪਾਉਂਦੇ ਹਨ ਕਿ ਔਰਤ ਤੋਂ ਬਿਨਾ ਮਨੁੱਖ ਦੀ, ਮਨੁੱਖੀ ਸਮਾਜ ਦੀ ਹੋਂਦ ਹੀ ਸੰਭਵ ਨਹੀਂ ਹੈ| ਉਹ ਸਪਸ਼ਟ ਕਰਦੇ ਹਨ ਕਿ ਔਰਤ ਤੋਂ ਹੀ ਮਨੁੱਖ ਜਨਮ ਲੈਂਦਾ ਹੈ ਅਤੇ ਔਰਤ ਦੇ ਸਰੀਰ ਅੰਦਰ ਹੀ ਮਨੁੱਖ ਦਾ ਸਰੀਰ ਬਣਦਾ ਹੈ| ਵਿਆਹ ਜਾਂ ਸ਼ਾਦੀ ਤੋਂ ਮਨੁੱਖੀ ਸਮਾਜ ਦੀ ਨੀਂਹ ਬੰਨੀ ਜਾਂਦੀ ਹੈ ਅਤੇ ਇਹ ਮੰਗਣਾ-ਵਿਆਹ ਔਰਤ ਨਾਲ ਹੀ ਹੁੰਦਾ ਹੈ| ਔਰਤ ਨਾਲ ਹੀ ਮਨੁੱਖ ਦਾ ਸਮਾਜ ਦੇ ਹੋਰ ਲੋਕਾਂ ਨਾਲ ਸਬੰਧ ਜੁੜਦਾ ਹੈ ਅਤੇ ਔਰਤ ਤੋਂ ਹੀ ਸੰਸਾਰ ਦੀ ਉਤਪਤੀ ਦਾ ਰਸਤਾ ਤੁਰਦਾ ਹੈ| ਜੇ ਇੱਕ ਔਰਤ ਮਰ ਜਾਏ ਤਾਂ ਜੀਵਨ ਸਾਥਣ ਦੇ ਰੂਪ ਵਿਚ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ ਅਤੇ ਔਰਤ ਤੋਂ ਹੀ ਹੋਰ ਰਿਸ਼ਤੇਦਾਰੀ ਬਣਦੀ ਹੈ| ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ, ਜੋ ਸਮਾਜ ਨੂੰ ਅੱਗੇ ਤੋਰਦੀ ਹੈ| ਔਰਤ ਇਸ ਜਗਤ ਦੀ ਜਨਨੀ ਹੈ, ਰਾਜੇ ਮਹਾਰਾਜੇ, ਰਿਸ਼ੀ-ਮੁਨੀ ਯੋਗੀ ਕਹਾਉਣ ਵਾਲੇ ਸਭ ਇਸਤਰੀ ਤੋਂ ਹੀ ਪੈਦਾ ਹੁੰਦੇ ਹਨ| ਫਿਰ ਇਸਤਰੀ ਨੂੰ ਛੁਟਿਆਇਆ ਕਿਵੇਂ ਜਾ ਸਕਦਾ ਹੈ, ਉਸ ਨੂੰ ਨੀਵਾਂ ਜਾਂ ਮੰਦਾ ਕਿਵੇਂ ਕਿਹਾ ਜਾ ਸਕਦਾ ਹੈ? ਇਸਤਰੀ ਤੋਂ ਬਿਨਾ ਸੰਸਾਰ ਵਿਚ ਕੋਈ ਵੀ ਪੈਦਾ ਨਹੀਂ ਹੋ ਸਕਦਾ, ਕੇਵਲ ਇੱਕ ਅਕਾਲ ਪੁਰਖ ਹੀ ਹੈ ਜਿਸ ਦੀ ਹੋਂਦ ਆਪਣੇ ਆਪ ਤੋਂ ਹੈ, ਜੋ ਇਸਤਰੀ ਤੋਂ ਪੈਦਾ ਨਹੀਂ ਹੁੰਦਾ|
ਪਿਛਲੇ ਲੇਖ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦੀਆਂ ਦੇਰ ਤੋਂ ਲਮਕ ਰਹੀਆਂ ਮੰਗਾਂ ਨੂੰ ਲੈ ਕੇ ਪੂਰੇ ਮੁਲਕ ਵਿਚੋਂ ਇੱਕੋ ਝੰਡੇ ਹੇਠ ਇਕੱਠੇ ਹੋਏ ਕਿਸਾਨਾਂ ਵੱਲੋਂ ਰੋਸ ਮਾਰਚ ਕਰਨ ਦੀ ਗੱਲ ਕੀਤੀ ਸੀ, ਜਿਸ ਵਿਚ ਕਿਸਾਨ ਇਸਤਰੀਆਂ ਦੇ ਸ਼ਾਮਲ ਹੋਣ ਵੱਲ ਵੀ ਇਸ਼ਾਰਾ ਕੀਤਾ ਸੀ| ਟੀ. ਵੀ. ਐਂਕਰ ਇਸਤਰੀ ਕਿਸਾਨਾਂ ਅਤੇ ਉਨ੍ਹਾਂ ਦੀਆਂ ਨੁਮਾਇੰਦਾ ਇਸਤਰੀ ਕਾਰਕੁਨਾਂ ਨਾਲ ਗੱਲ ਕਰ ਰਿਹਾ ਸੀ, ਜਿਸ ਤੋਂ ਬਹੁਤ ਸਾਰੇ ਤੱਥਾਂ ‘ਤੇ ਚਾਨਣਾ ਪੈਂਦਾ ਹੈ, ਜੋ ਸ਼ਾਇਦ ਉਤਰੀ ਭਾਰਤ ਦੇ ਲੋਕਾਂ ਵਾਸਤੇ ਨਵੀਂ ਗੱਲ ਹੋਵੇ| ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਿਧਰੇ ਕੀਤਾ ਸੀ ਕਿ ਹਜ਼ੂਰ ਸਾਹਿਬ ਨਾਂਦੇੜ ਤੋਂ ਟਰੇਨ ਵਿਚ ਸਫਰ ਕਰਦਿਆਂ ਮੈਂ ਔਰਤਾਂ ਨੂੰ ਖੇਤਾਂ ਵਿਚ ਆਦਮੀਆਂ ਦੀ ਤਰ੍ਹਾਂ ਹੀ ਹੱਲ ਵਾਹੁੰਦੇ ਦੇਖਿਆ ਸੀ ਅਤੇ ਇਹ 31-32 ਸਾਲ ਪੁਰਾਣੀ ਗੱਲ ਹੈ| ਮੈਂ ਸੋਚ ਰਹੀ ਸਾਂ ਕਿ ਹੁਣ ਜ਼ਮਾਨੇ ਦੇ ਬਦਲਣ ਨਾਲ ਸ਼ਾਇਦ ਖੇਤਾਂ ਵਿਚ ਔਰਤਾਂ ਵੱਲੋਂ ਏਨੀ ਕਰੜੀ ਅਤੇ ਜਾਨਮਾਰੂ ਮਿਹਨਤ ਕਰਨ ਵਿਚ ਵੀ ਕੋਈ ਤਬਦੀਲੀ ਆ ਗਈ ਹੋਵੇ, ਪਰ ਅਜਿਹਾ ਨਹੀਂ ਹੈ| ਔਰਤ ਕਿਸਾਨਾਂ ਨਾਲ ਹੋ ਰਹੀ ਗੱਲਬਾਤ ਤੋਂ ਜੋ ਗੱਲਾਂ ਸਾਹਮਣੇ ਆਈਆਂ, ਉਨ੍ਹਾਂ ਦੇ ਕਈ ਪੱਖ ਹਨ, ਜੋ ਸੁਣ ਕੇ ਕਾਫੀ ਹੈਰਾਨੀ ਵੀ ਹੁੰਦੀ ਹੈ ਅਤੇ ਪ੍ਰੇਸ਼ਾਨੀ ਵੀ ਹੋਈ| ਕਿਸਾਨ ਮੋਰਚੇ ਵਿਚ ਆਈਆਂ ਔਰਤਾਂ ਵਿਚ ਸਭ ਤੋਂ ਵੱਧ ਸ਼ਮੂਲੀਅਤ ਉੜੀਸਾ ਤੋਂ ਆਈਆਂ ਔਰਤਾਂ ਦੀ ਜਾਪ ਰਹੀ ਸੀ| ਉੜੀਸਾ ਤੋਂ ਆਏ ਸਭ ਕਿਸਾਨਾਂ, ਸਮੇਤ ਇਸਤਰੀਆਂ ਦੇ, ਸਭ ਨੇ ਸਿਰਾਂ ਤੇ ਪੀਲੇ ਰੰਗ ਦੇ ਰੁਮਾਲ ਬੰਨੇ ਹੋਏ ਸਨ ਅਤੇ ਇਉਂ ਜਾਪਦਾ ਸੀ ਕਿ ਉਸ ਥਾਂ ‘ਤੇ ਜਿਵੇਂ ਚਾਰ-ਚੁਫੇਰੇ ਸਰੋਂ ਦਾ ਪੀਲਾ ਖੇਤ ਖਿੜਿਆ ਹੋਵੇ ਅਤੇ ਬਸੰਤ ਰੁੱਤ ਆ ਗਈ ਹੋਵੇ| ਸ਼ਾਇਦ ਇਹ ਉੜੀਸਾ ਦੀ ਕਿਸਾਨ ਜਥੇਬੰਦੀ ਦਾ ਰੰਗ ਹੋਵੇ| ਪਰ ਇਹ ਕੋਈ ਬਸੰਤ ਨਹੀਂ ਸੀ, ਕੋਈ ਸਰੋਂ ਨਹੀਂ ਸੀ ਖਿੜੀ ਹੋਈ ਕਿਉਂਕਿ ਉੜੀਸਾ ਤਾਂ ਹਿੰਦੁਸਤਾਨ ਦਾ ਉਹ ਸੂਬਾ ਹੈ, ਜਿੱਥੇ ਸ਼ਾਇਦ ਸਭ ਤੋਂ ਵੱਧ ਸੋਕਾ ਪੈਂਦਾ ਹੈ, ਲੋਕ ਪੀਣ ਵਾਲੇ ਪਾਣੀ ਲਈ ਵੀ ਤਰਸ ਜਾਂਦੇ ਹਨ, ਫਸਲਾਂ ਸੋਕੇ ਦੀ ਮਾਰ ਹੇਠ ਆ ਕੇ ਬਹੁਤੀ ਵਾਰ ਸੜ ਜਾਂਦੀਆਂ ਹਨ|
ਔਰਤਾਂ ਨਾਲ ਟੀ. ਵੀ. ਐਂਕਰ ਦੀ ਹੋ ਰਹੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਬਹੁਤ ਸਾਰੇ ਪ੍ਰਾਂਤਾਂ ਵਿਚ 70% ਔਰਤਾਂ ਖੇਤੀ ਦੇ ਕਾਰੋਬਾਰ ਨਾਲ ਜੁੜੀਆਂ ਹੋਈਆਂ ਹਨ| ਆਪਣੇ ਆਪ ਵਿਚ ਇਹ ਅੰਕੜੇ ਦਸਦੇ ਹਨ ਕਿ ਇਸ ਜ਼ਮਾਨੇ ਵਿਚ ਵੀ ਬਹੁ ਗਿਣਤੀ ਔਰਤਾਂ ਦਾ ਰੋਜ਼ੀ ਰੋਟੀ ਦਾ ਸਾਧਨ ਖੇਤੀਬਾੜੀ ਦਾ ਕਿੱਤਾ ਹੈ| ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਬਹੁਤੀਆਂ ਔਰਤਾਂ ਦਾ ਕਿੱਤਾ ਖੇਤੀਬਾੜੀ ਹੈ ਪਰ ਉਨ੍ਹਾਂ ਨੂੰ ਕਿਸਾਨ ਦਾ ਦਰਜਾ ਨਹੀਂ ਮਿਲਿਆ ਹੋਇਆ, ਜੋ ਉਨ੍ਹਾਂ ਦੀ ਪਹਿਲੀ ਤੇ ਫੌਰੀ ਜ਼ਰੂਰਤ ਹੈ ਅਤੇ ਦੂਸਰਾ ਇਹ ਕਿ ਭਾਵੇਂ ਸਾਰੇ ਟੱਬਰ ਦਾ ਪੇਟ ਭਰਨ ਲਈ ਔਰਤ ਖੇਤਾਂ ਵਿਚ ਸਖਤ ਮਿਹਨਤ ਕਰਦੀ ਹੈ ਪਰ ਬਹੁਤ ਸਾਰੇ ਪ੍ਰਾਂਤਾਂ ਵਿਚ ਔਰਤ ਕੋਲ ਜਮੀਨ ਦੀ ਮਾਲਕੀ ਦਾ ਹੱਕ ਹੀ ਨਹੀਂ ਹੈ| ਉਨ੍ਹਾਂ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਨੂੰ ਕਿਸਾਨ ਹੋਣ ਦਾ ਦਰਜਾ ਮਿਲ ਜਾਵੇ ਤਾਂ ਉਨ੍ਹਾਂ ਨੂੰ ਉਹ ਸਾਰੀਆਂ ਸਕੀਮਾਂ ਤੋਂ ਹੋਣ ਵਾਲਾ ਲਾਹਾ ਮਿਲ ਸਕਦਾ ਹੈ, ਜੋ ਸਮੇਂ ਸਮੇਂ ਸਰਕਾਰ ਵੱਲੋਂ ਲਾਗੂ ਕੀਤੀਆਂ ਜਾਂਦੀਆਂ ਹਨ| ਮਸਲਨ ਜੇ ਉਨ੍ਹਾਂ ਨੂੰ ਕਿਸਾਨ ਦਾ ਦਰਜਾ ਮਿਲ ਜਾਵੇ ਤਾਂ ਉਨ੍ਹਾਂ ਦਾ ਕ੍ਰੈਡਿਟ ਕਾਰਡ ਬਣ ਸਕਦਾ ਹੈ, ਜਿਸ ਨਾਲ ਜੁੜੀਆਂ ਉਹ ਬਾਕੀ ਸਹੂਲਤਾਂ ਵੀ ਲੈ ਸਕਦੀਆਂ ਹਨ ਜਿਵੇਂ ਵੱਖ ਵੱਖ ਚੀਜ਼ਾਂ ‘ਤੇ ਸਬਸਿਡੀ ਅਤੇ ਕਰਜ਼ੇ ਅਤੇ ਪਾਣੀ ਆਦਿ ਦੀ ਸਹੂਲਤ| ਕਿਸਾਨ ਨਾ ਹੋਣ ਦੀ ਹਾਲਤ ਵਿਚ ਉਨ੍ਹਾਂ ਨੂੰ ਕਰਜ਼ਾ ਸ਼ਾਹੂਕਾਰ ਕੋਲੋਂ ਲੈਣਾ ਪੈਂਦਾ ਹੈ, ਜਿਸ ‘ਤੇ ਬਹੁਤ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ| ਇਸੇ ਤਰ੍ਹਾਂ ਚੰਗੇ ਬੀਜ, ਖਾਦਾਂ ਜਾਂ ਹੋਰ ਅਜਿਹੇ ਕੁੱਝ ਦੀ ਸਹੂਲਤ ਤੋਂ ਵੀ ਹੱਥ ਧੋਣੇ ਪੈਂਦੇ ਹਨ|
ਇੱਕ ਔਰਤ ਦੱਸ ਰਹੀ ਸੀ ਕਿ ਉਸ ਦੀ ਆਪਣੀ ਜਮੀਨ ਨਹੀਂ ਹੈ ਪਰ ਉਹ ਕਿਰਾਏ ਦੀ ਖੇਤੀ ਅਰਥਾਤ ਵਟਾਈ ‘ਤੇ ਜਮੀਨ ਲੈ ਕੇ ਖੇਤੀ ਕਰਦੀ ਹੈ ਪਰ ਕਿਸਾਨ ਦਾ ਦਰਜਾ ਨਾ ਹੋਣ ਕਰਕੇ ਉਹ ਮਿਲ ਰਹੀਆਂ ਸਹੂਲਤਾਂ ਵਿਚੋਂ ਕਿਸੇ ਇੱਕ ਦਾ ਵੀ ਲਾਭ ਨਹੀਂ ਲੈ ਸਕਦੀ| ਫਸਲ ਮਰ ਜਾਣ ਦੀ ਹਾਲਤ ਵਿਚ ਉਸ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ|
ਦੂਸਰਾ ਮੁੱਦਾ ਜਮੀਨ ਦੀ ਮਲਕੀਅਤ ਦਾ ਹੈ| ਬਹੁਤ ਸਾਰੇ ਪ੍ਰਾਂਤਾਂ ਵਿਚ ਖੇਤੀ ਦਾ ਕੰਮ ਔਰਤਾਂ ਕਰਦੀਆਂ ਹਨ ਪਰ ਉਹ ਜਮੀਨ ਦੀਆਂ ਮਾਲਕ ਨਹੀਂ ਹਨ ਜਿਸ ਕਰਕੇ ਉਹ ਕਿਸੇ ਵੀ ਸਕੀਮ ਦਾ ਫਾਇਦਾ ਨਹੀਂ ਉਠਾ ਸਕਦੀਆਂ ਕਿਉਂਕਿ ਸਰਕਾਰ ਵੱਲੋਂ ਸਮੇਂ ਸਮੇਂ ਲਾਗੂ ਕੀਤੀਆਂ ਜਾਂਦੀਆਂ ਸਕੀਮਾਂ ਜਮੀਨ ਦੀ ਮਾਲਕੀ ਨਾਲ ਜੁੜੀਆਂ ਹੋਈਆਂ ਹਨ| ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਖੇਤੀ ਨਾਲ ਜੁੜੀਆਂ 55% ਸਕੀਮਾਂ ਦਾ ਰਾਖਵਾਂਕਰਨ ਹੈ ਪਰ ਖੇਤੀ ਨਾਲ ਜੁੜੀਆਂ ਔਰਤਾਂ ਵਾਸਤੇ ਰਾਖਵਾਂਕਰਨ ਸਿਰਫ 14% ਹੀ ਹੈ| ਹੁਣੇ ਜਿਹੇ ਸੋਸ਼ਿਉ-ਇਕਨਾਮਿਕ ਸਰਵੇ ਹੋਇਆ ਹੈ ਜਿਸ ਅਨੁਸਾਰ ਔਰਤਾਂ ਲਈ ਰਾਖਵਾਂਕਰਨ 30% ਹੈ ਪਰ ਅਸਲੀਅਤ ਵਿਚ ਇਹ 14% ਹੀ ਹੈ|
ਇੱਕ ਹੋਰ ਔਰਤ ਦੱਸ ਰਹੀ ਸੀ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਵਟਾਈ ‘ਤੇ ਜਮੀਨ ਲੈ ਕੇ ਵਾਹੀ ਕਰਦੀ ਹੈ ਪਰ ਉਸ ਨੂੰ ਕਿਸੇ ਵੀ ਸਹੂਲਤ ਦਾ ਲਾਭ ਨਹੀਂ ਮਿਲਦਾ ਕਿਉਂਕਿ ਉਸ ਕੋਲ ਖੇਤੀ ਕਰਨ ਦੇ ਬਾਵਜੂਦ ਕਿਸਾਨ ਹੋਣ ਦਾ ਦਰਜਾ ਨਹੀਂ ਹੈ| ਕਿਸੇ ਕਿਸਾਨ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਹਾਲਤ ਵਿਚ ਬਹੁਤੀਆਂ ਥਾਂਵਾਂ ‘ਤੇ ਜਮੀਨ ਉਸ ਦੀ ਵਿਧਵਾ ਪਤਨੀ ਦੇ ਨਾਮ ਨਹੀਂ ਲੱਗਦੀ ਜਦ ਕਿ ਖੇਤੀ ਦਾ ਸਾਰਾ ਕੰਮ ਉਹ ਕਰਦੀ ਹੈ| ਇਸ ਲਈ ਉਹ ਕਿਸੇ ਵੀ ਸਕੀਮ ਦੀ ਲਾਭ-ਪਾਤਰ ਨਹੀਂ ਬਣਦੀ| ਇੱਕ ਹੋਰ ਮਸਲਾ ਸਹੁਰਾ ਪਰਿਵਾਰ ਨਾਲ ਵੀ ਜੁੜਿਆ ਹੋਇਆ ਹੈ, ਜਿਸ ਕਰਕੇ ਪਤੀ ਦੀ ਮੌਤ ਪਿਛੋਂ ਸਹੁਰਾ ਪਰਿਵਾਰ ਜਮੀਨ ਦੀ ਮਾਲਕੀ ਔਰਤ ਨੂੰ ਨਹੀਂ ਦਿੰਦਾ| ਇੱਕ ਔਰਤ ਦੱਸ ਰਹੀ ਸੀ ਕਿ ਦੋ ਕੁ ਸਾਲ ਪਹਿਲਾਂ ਉਸ ਦੇ ਪਤੀ ਨੇ ਖੁਦਕੁਸ਼ੀ ਕਰ ਲਈ ਸੀ, ਜਿਸ ਦੀ ਮੌਤ ਪਿਛੋਂ ਸਹੁਰੇ ਘਰ ਦਾ ਸਾਰਾ ਭਾਰ ਚੁੱਕਣ ਲਈ ਉਹ ਖੇਤੀ ਕਰਦੀ ਹੈ| ਕਹਿਣ ਤੋਂ ਭਾਵ ਸਾਰਾ ਟੱਬਰ ਉਸ ਦੀ ਕਮਾਈ ਦੇ ਸਿਰ ‘ਤੇ ਹੀ ਗੁਜ਼ਾਰਾ ਕਰ ਰਿਹਾ ਹੈ ਪਰ ਸਹੁਰੇ ਉਸ ਦੇ ਪਤੀ ਦੇ ਹਿੱਸੇ ਦੀ ਜਮੀਨ ਉਸ ਦੇ ਨਾਂ ਨਹੀਂ ਕਰ ਰਹੇ| ਇਸ ਕਰਕੇ ਖੇਤੀ ਨਾਲ ਜੁੜੀਆਂ ਸਰਕਾਰ ਦੀਆਂ ਸਕੀਮਾਂ ਦਾ ਉਹ ਕਿਸੇ ਤਰ੍ਹਾਂ ਵੀ ਲਾਭ ਨਹੀਂ ਲੈ ਸਕਦੀ ਕਿਉਂਕਿ ਉਹ ਜਮੀਨ ਦੀ ਮਾਲਕ ਨਹੀਂ ਹੈ|
ਖਬਰਾਂ ਅਨੁਸਾਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਬਿਆਨ ਵਿਚ ਕੇਂਦਰ ਸਰਕਾਰ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਕੇਂਦਰ ਨੇ ਖੇਤੀ ਪੈਦਾਵਾਰ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਹੈ, ਕਿਸਾਨਾਂ ਦੀ ਆਮਦਨੀ ਵਧਾਉਣ ਸਮੇਤ ਹੋਰ ਵੀ ਬਹੁਤ ਸਾਰੇ ਕਦਮ ਉਠਾਏ ਹਨ ਅਤੇ ਹੁਣ ਸੂਬਾ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ, ਸੂਬਾ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਦੀ ਵਿਕਰੀ ਦਾ ਪ੍ਰਬੰਧ ਕਰਨ|
ਕਿਸਾਨਾਂ ਦੀ ਰੈਲੀ ਸਬੰਧੀ ਪੁੱਛੇ ਗਏ ਸਵਾਲਾਂ ਦੇ ਜੁਆਬ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਮੰਦੀ ਹਾਲਤ ਲਈ ਕਾਂਗਰਸ ਪਾਰਟੀ ਜਿੰਮੇਵਾਰ ਹੈ, ਜਿਸ ਨੇ ਮੁਲਕ ‘ਤੇ 70 ਸਾਲ ਰਾਜ ਕੀਤਾ ਹੈ| ਉਸ ਨੇ ਕਿਹਾ ਕਿ ਕੇਂਦਰ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਵਧਾ ਸਕਦੀ ਹੈ ਪਰ ਇਹ ਸੂਬਾ ਸਰਕਾਰਾਂ ਨੇ ਯਕੀਨੀ ਬਣਾਉਣਾ ਹੈ ਕਿ ਕਿਸਾਨ ਦੀ ਫਸਲ ਮੰਡੀ ਵਿਚ ਨਾ ਰੁਲੇ|
ਇੱਥੇ ਇਹ ਦੱਸ ਦੇਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਪੰਜਾਬ ਵਿਚ 2017 ਦੀਆਂ ਚੋਣਾਂ ਤੋਂ ਪਹਿਲਾਂ 10 ਸਾਲ ਤੱਕ ਬੀਬੀ ਵਾਲੇ ਅਕਾਲੀ ਦਲ ਦਾ ਹੀ ਨਹੀਂ ਬਲਕਿ ਉਸ ਦੇ ਪਰਿਵਾਰ ਦਾ ਰਾਜ ਰਿਹਾ ਹੈ, ਜਿਸ ਵਿਚ ਉਸ ਦਾ ਸਹੁਰਾ ਸ਼ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਉਸ ਦਾ ਪਤੀ ਸ਼ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ, ਉਸ ਦਾ ਭਰਾ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ, ਉਸ ਦਾ ਨਣਦੋਈਆ ਤੇਜ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਵੀ ਕੈਬਨਿਟ ਮੰਤਰੀਆਂ ਦੇ ਅਹੁਦੇ ‘ਤੇ ਰਹੇ ਹਨ| ਇਨ੍ਹਾਂ 10 ਸਾਲਾਂ ਵਿਚ ਕਿਸਾਨਾਂ ਦੀ ਫਸਲ ਮੰਡੀਆਂ ਵਿਚ ਰੁਲਣ ਦੇ ਨਾਲ ਨਾਲ ਕਿਸਾਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਅਤੇ ਕਿਸੇ ਨੇ ਕਿਸਾਨਾਂ ਦੀ ਵਾਤ ਤੱਕ ਨਹੀਂ ਸੀ ਪੁੱਛੀ ਸਗੋਂ ਕਿਸਾਨਾਂ ਦੇ ਸੰਘਰਸ਼ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਲਈ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੀਆਂ ਘਟਨਾਵਾਂ ਰਾਹੀਂ ਉਲਝਾਇਆ ਗਿਆ| ਸਭ ਤੋਂ ਵੱਧ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਮਾਲਵਾ ਪੱਟੀ ਵਿਚ ਵਾਪਰੀਆਂ, ਜੋ ਬੀਬੀ ਹਰਸਿਮਰਤ ਕੌਰ ਤੇ ਉਸ ਦੇ ਸਹੁਰੇ ਪਰਿਵਾਰ ਦਾ ਚੋਣ ਖੇਤਰ ਹੈ|
ਬੀਬੀ ਬਾਦਲ ਨੂੰ ਖੁਦ ਕੇਂਦਰ ਵਿਚ ਮੰਤਰੀ ਬਣਿਆਂ 5 ਸਾਲ ਪੂਰੇ ਹੋਣ ਵਾਲੇ ਹਨ। ਸਵਾਲ ਹੈ ਕਿ ਪੰਜਾਬ ਵਿਚ ਕਿਸਾਨਾਂ ਦੇ ਮਸਲੇ ਕਿਉਂ ਉਵੇਂ ਦੇ ਉਵੇਂ ਖੜ੍ਹੇ ਹਨ? ਪੰਜਾਬ ਵਿਚ ਕਿਉਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਨਹੀਂ ਪਈ? ਪੰਜਾਬ ਵਿਚ ਤਾਂ ਕਿਸਾਨਾਂ ਨੂੰ ਕੋਈ ਸਮੱਸਿਆ ਆਉਣੀ ਹੀ ਨਹੀਂ ਸੀ ਚਾਹੀਦੀ ਕਿਉਂਕਿ ਸੂਬੇ ਦੀ ਸਰਕਾਰ ‘ਤੇ ਉਨ੍ਹਾਂ ਦੇ ਆਪਣੇ ਟੱਬਰ ਦਾ ਕਬਜਾ ਸੀ ਅਤੇ ਕੇਂਦਰ ਵਿਚ ਉਨ੍ਹਾਂ ਦੀ ਭਾਈਵਾਲ ਪਾਰਟੀ ਦੀ ਸਰਕਾਰ ਸੀ| ਇਹ ਵੀ ਸਭ ਜਾਣਦੇ ਹਨ, ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਸੀ, ਪ੍ਰਧਾਨ ਮੰਤਰੀ ਮੋਦੀ ਦੀਆਂ ਫਸਲ ਬੀਮਾ ਯੋਜਨਾ, ਨੋਟਬੰਦੀ, ਅਤੇ ਮੰਡੀਆਂ ਦੇ ਡਿਜ਼ੀਟਲ ਹੋਣ ਵਗੈਰਾ ਦਾ ਕਿਸਾਨਾਂ ਨੂੰ ਕਿਸੇ ਵੀ ਕਿਸਮ ਦਾ ਫਾਇਦਾ ਹੋਣ ਦੀ ਥਾਂ ਨੁਕਸਾਨ ਹੀ ਹੋਇਆ ਹੈ| ਇਨ੍ਹਾਂ ਸਕੀਮਾਂ ਦਾ ਲਾਭ ਕਾਰਪੋਰੇਸ਼ਨਾਂ ਨੂੰ ਹੋਇਆ ਹੈ, ਆਮ ਜਨਤਾ ਨੂੰ ਨਹੀਂ ਸਗੋਂ ਜਨਤਾ ਤਾਂ ਸਰਕਾਰ ਹੱਥੋਂ ਲੁੱਟੀ-ਪੁੱਟੀ ਮਹਿਸੂਸ ਕਰਦੀ ਹੈ| ਕਿਸਾਨਾਂ ਅਨੁਸਾਰ 70% ਸਿਸਟਮ ਬੋਗਸ ਹੋ ਗਿਆ ਹੈ| ਡੇਅਰੀ ਫਾਰਮਿੰਗ ਦੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਪੂਰਾ ਦੁੱਧ ਵਿਕਦਾ ਨਹੀਂ ਹੈ ਅਤੇ ਜੇ ਵਿਕਦਾ ਹੈ ਤਾਂ ਕਿਸਾਨ ਵੱਲੋਂ ਵੇਚਿਆ ਜਾਂਦਾ ਦੁੱਧ ਪਾਣੀ ਤੋਂ ਵੀ ਸਸਤਾ ਹੈ| ਹਿਮਾਚਲ ਤੋਂ ਆਇਆ ਇੱਕ ਕਿਸਾਨ ਦੱਸ ਰਿਹਾ ਸੀ ਕਿ ਉਸ ਦਾ ਆਪਣੇ ਪਿੰਡ ਦੀ ਡੇਅਰੀ ਵਿਚ ਦੁੱਧ 23 ਰੁਪਏ ਕਿੱਲੋ ਵਿਕਦਾ ਹੈ ਪਰ ਸ਼ਿਮਲੇ ਆ ਕੇ ਉਹ ਉਹੀ ਦੁੱਧ 24 ਰੁਪਏ ਦਾ ਅੱਧਾ ਕਿੱਲੋ ਭਾਵ 48 ਰੁਪਏ ਕਿੱਲੋ ਖਰੀਦਦਾ ਹੈ|
ਕਿਸਾਨ ਰੈਲੀ ਵਿਚ ਬਹੁਤ ਸਾਰੇ ਜੁਆਨ ਲੜਕੇ ਵੀ ਆਏ ਹੋਏ ਸਨ, ਜਿਨ੍ਹਾਂ ਦੀ ਵੈਸੇ ਤਾਂ ਇਹ ਉਮਰ ਪੜ੍ਹਾਈ ਕਰਨ ਦੀ ਹੈ ਪਰ ਕਿਸਾਨ-ਪੁੱਤਰ ਹੋਣ ਕਰ ਕੇ ਉਨ੍ਹਾਂ ਨੂੰ ਪੜ੍ਹਾਈ ਛੱਡ ਕੇ ਖੇਤੀ ਵਿਚ ਉਲਝਣਾ ਪੈ ਰਿਹਾ ਹੈ| ਇੱਕ ਲੜਕੇ ਦਾ ਕਹਿਣਾ ਸੀ ਕਿ ਉਸ ਨੂੰ ਪੜ੍ਹਾਈ ਇਸ ਲਈ ਛੱਡਣੀ ਪਈ ਕਿਉਂਕਿ ਉਸ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ, ਜਿਸ ਦਾ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ, ਕਿਸੇ ਕਿਸਮ ਦੀ ਮਦਦ ਨਹੀਂ ਕੀਤੀ| ਆਪਣੇ ਟੱਬਰ ਦਾ ਪੇਟ ਪਾਲਣ ਲਈ ਉਸ ਨੂੰ ਪੜ੍ਹਾਈ ਵਿਚੇ ਛੱਡਣੀ ਪਈ| ਇੱਕ ਹੋਰ ਲੜਕੇ ਦਾ ਕਹਿਣਾ ਸੀ ਕਿ ਅੱਠਵੀਂ ਤੱਕ ਤਾਂ ਸਰਕਾਰੀ ਸਕੂਲ ਹਨ, ਜਿਨ੍ਹਾਂ ਵਿਚ ਕੋਈ ਫੀਸ ਨਹੀਂ ਲਗਦੀ ਪਰ ਅਗਲੀ ਪੜ੍ਹਾਈ ਲਈ ਸਿਰਫ ਪ੍ਰਾਈਵੇਟ ਸਕੂਲ ਜਾਂ ਸੰਸਥਾਵਾਂ ਹਨ, ਜਿਨ੍ਹਾਂ ਦੀ ਫੀਸ ਕਿਸਾਨ ਨਹੀਂ ਦੇ ਸਕਦੇ| ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਵਿਚੇ ਛੱਡਣੀ ਪੈਂਦੀ ਹੈ| ਇੱਕ ਵਿਦਿਆਰਥੀ ਦੱਸ ਰਿਹਾ ਸੀ ਕਿ ਉਹ ਕਿਸਾਨ ਦਾ ਪੁੱਤਰ ਹੈ, ਨੈੱਟ ਪਾਸ ਕੀਤਾ ਹੈ, ਪੀਐਚ. ਡੀ. ਕਰਨ ਲਈ, ਪਰ ਦਿੱਲੀ ਯੂਨੀਵਰਸਿਟੀ ਪੀਐਚ. ਡੀ. ਦੀ ਰਜਿਸਟਰੇਸ਼ਨ ਲਈ ਕੋਈ ਦਾਖਲਾ ਜਾਂ ਇੰਟਰਵਿਊ ਨਹੀਂ ਰੱਖ ਰਹੀ|
ਬੀਬੀ ਹਰਸਿਮਰਤ ਕੌਰ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਹੁੰਦਿਆਂ ਜੇ ਕਿਸਾਨਾਂ ਨਾਲ ਕੋਈ ਲਗਾਓ ਹੁੰਦਾ ਤਾਂ ਉਹ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦੀ| ਜੇ ਉਸ ਨੇ ਕਿਸਾਨਾਂ ਨੂੰ ਸੁਣਿਆ ਹੁੰਦਾ ਤਾਂ ਉਸ ਨੂੰ ਪਤਾ ਲਗਦਾ ਕਿ ਕਿਸਾਨਾਂ ਅਨੁਸਾਰ ਦਿੱਲੀ ਵੱਲ ਮਾਰਚ ਅਤੇ ਰੈਲੀਆਂ ਸਭ ਤੋਂ ਵੱਧ ਉਨ੍ਹਾਂ ਨੂੰ ਵਰਤਮਾਨ ਸਰਕਾਰ ਵੇਲੇ ਕਰਨੀਆ ਪਈਆਂ ਹਨ ਅਤੇ ਇਹ ਵੀ ਕਿ ਬੀ. ਜੇ. ਪੀ. ਦੀ ਹਕੂਮਤ ਵਾਲੇ ਰਾਜਾਂ ਵਿਚੋਂ ਸਭ ਤੋਂ ਵੱਧ ਕਿਸਾਨ ਰੈਲੀ ਵਿਚ ਆਏ ਹੋਏ ਸਨ, ਜਿਸ ਦੀ ਮਿਸਾਲ ਹਿਮਾਚਲ, ਹਰਿਆਣਾ ਅਤੇ ਉਤਰ ਪ੍ਰਦੇਸ਼ ਆਦਿ ਹਨ| ਬੀਬੀ ਦੇ ਬਾਗ ਵਿਚੋਂ ਤਾਂ 16,000 ਦੇ ਕੀਨੂੰ ਚੋਰੀ ਹੋਣ ‘ਤੇ ਹੀ ਹਰਿਆਣਾ ਪੁਲਿਸ ਦੇ ਸਾਹ ਸੂਤੇ ਗਏ|