ਭਾਰਤੀ ਸਾਹਿਤ ਅਕਾਦਮੀ ਅਵਾਰਡ: ਇਸ ਸਾਲ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਕੁਝ ਸਮਾਂ ਪਹਿਲਾਂ ਭਾਰਤੀ ਸਾਹਿਤ ਅਕਾਦਮੀ ਦੇ ਦਫਤਰੋਂ ਫੋਨ ਆਇਆ ਕਿ ਮੈਨੂੰ ਇਸ ਸਾਲ ਦੇ ਅਵਾਰਡ ਲਈ ਤਿੰਨ ਜੱਜਾਂ ਵਿਚ ਲਿਆ ਗਿਆ ਹੈ। ਮੈਂ ਹੈਰਾਨ ਹੋਇਆ ਕਿ ਭਾਰਤ ਦੇ ਕਿਸੇ ਅਦਾਰੇ ਵਿਚ ਹਾਲੇ ਵੀ ਏਨੀ ਨਿਰਪੱਖਤਾ ਬਚੀ ਹੋਈ ਹੈ! ਮੈਨੂੰ ਕੋਈ ਜਾਣੇ ਨਾ ਬੁੱਝੇ; ਇਹ ਭਾਣਾ ਕਿਵੇਂ ਵਾਪਰ ਗਿਆ? ਸੁਣਿਆ ਕਿਸੇ ਨੇ ਕਿ ਕਦੀ ਰੂੜੀ ਦੀ ਵੀ ਸੁਣੀ ਗਈ ਹੋਵੇ? ਕਿਸੇ ਸਮੇਂ ਬਾਰਾਂ ਸਾਲ ਬਾਅਦ ਸੁਣੀ ਜਾਂਦੀ ਸੀ; ਪਰ ਹੁਣ ਤਾਂ ਉਮਰਾਂ ਬੀਤ ਜਾਂਦੀਆਂ ਹਨ।

ਖੈਰ, ਚਾਰ ਦਿਨਾਂ ਬਾਅਦ ਮੈਨੂੰ ਪੰਜ ਕਿਤਾਬਾਂ ਦਾ ਪਾਰਸਲ ਮਿਲਿਆ। ਕਿਤਾਬਾਂ ਦਾ ਹਾਲ ਮਾਲੂਮ ਕੀਤਾ ਤੇ ਲੇਖਕਾਂ ਦੇ ਦਿਲੋ ਦਿਮਾਗ ਤੱਕ ਅੱਪੜਨ ਦੀ ਕੋਸ਼ਿਸ਼ ਕੀਤੀ। ਕਲਾ ਕਲਾਤਮਕਤਾ ਪੱਖੋਂ ਸਭ ਇੱਕੋ ਰੰਗ ਕਪਾਹੀ ਦਾ; ਜੋ ਨਹੀਂ ਚਾਹੀਦਾ। ਪਰ, ਜੋ ਚਾਹੀਦਾ, ਉਹ ਕਿੱਥੇ!
ਮੇਰੇ ਮਨ ਵਿਚ ਭਾਰਤੀ ਸਾਹਿਤ ਅਕਾਦਮੀ ਅਵਾਰਡ ਦਾ ਜੋ ਅਕਸ ਬਣਿਆ ਹੋਇਆ ਸੀ, ਉਸ ਅਨੁਸਾਰ ਢੁਕਵੀਂ ਕੋਈ ਪੁਸਤਕ ਵੀ ਨਜ਼ਰ ਨਾ ਆਈ। ਫਿਰ ਸਾਹਿਤ ਦੇ ਦੂਜੇ ਅਤੇ ਦੁਜੈਲੇ ਮਕਸਦ-ਮਨੋਰਥ ਟੋਹੇ ਤਾਂ ਕਿਤੇ ਕੁਝ ਕੁਝ ਨਿਰਣੇ ਦਾ ਰਾਹ ਦਿਸਣ ਲੱਗਾ। ਹੋਰ ਘੋਖ ਪੜਤਾਲ ਕੀਤੀ, ਤਾਂ ਕਿਤੇ ਤਿੰਨ ਕਿਤਾਬਾਂ ਨਿੱਤਰ ਕੇ ਸਾਹਮਣੇ ਆਈਆਂ। ਹੋਰ ਦੀਰਘ ਵਿਚਾਰ ਅਤੇ ਬਾਰੀਕੀ ਨਾਲ ਹਾਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਬੇਹੱਦ ਤਰਲ ਜਿਹੇ ਤਰੀਕੇ ਨਾਲ ਮਸਾਂ ਇੱਕ ਕਿਤਾਬ ਤੱਕ ਪੁੱਜਿਆ।
ਦਿਮਾਗ ਵਿਚ ਕਈ ਦਿਨ ਹੱਲਚਲ ਮਚੀ ਰਹੀ; ਹੇਠਲੀ ਉਤੇ ਤੇ ਉਤਲੀ ਹੇਠਾਂ ਸਰਕਦੀ ਰਹੀ। ਦਿਮਾਗ ਨੇ ਕਈ ਪੌੜੀਆਂ ਦਾ ਰੂਪ ਵਟਾ ਲਿਆ। ਕੋਈ ਕਿਤਾਬ ਕਿਸੇ ਪੌੜੀ ‘ਤੇ ਸਵਾਰ ਹੋ ਕੇ ਉਪਰ ਜਾ ਬੈਠੇ ਤੇ ਕਿਸੇ ਹੋਰ ਪੌੜੀ ਰਾਹੀਂ ਹੇਠਾਂ ਜਾ ਉਤਰੇ। ਮਨ ਵਿਚ ਇੱਕੀ ਦਿਨ ਲਗਾਤਾਰ ਲੁੱਡੋ ਦੀ ਸੱਪ-ਸੀੜੀ ਚੱਲਦੀ ਰਹੀ।
ਅਖੀਰ ਮੈਂ ਦਿੱਲੀ ਚਲਾ ਗਿਆ। ਰਿਹਾਇਸ਼ਗਾਹ ‘ਤੇ ਗੱਡੀ ਆਈ ਤੇ ਭਾਰਤੀ ਸਾਹਿਤ ਅਕਾਦਮੀ ਵਿਖੇ ਲੈ ਗਈ। ਅਕਾਦਮੀ ਦੇ ਵੱਡੇ ਹਾਲ ਵਿਚ ਦੂਜੇ ਦੋ ਜੱਜ ਤੇ ਕਨਵੀਨਰ ਸਾਹਿਬਾ ਮੇਰੀ ਉਡੀਕ ਕਰ ਰਹੇ ਸਨ। ਸਭ ਨੇ ਆਪੋ ਆਪਣੇ ਮਨ ਮਸਤਕ ਦੀਆਂ ਸੱਪ-ਸੀੜੀਆਂ ਮੇਜ਼ ‘ਤੇ ਖਿਲਾਰ ਦਿੱਤੀਆਂ।
ਨਰ ਚਾਹਤ ਕਛੁ ਅਉਰ
ਅਉਰੈ ਕੀ ਅਉਰੈ ਭਈ॥
ਚਿਤਵਤ ਰਹਿਓ ਠਗਉਰ
ਨਾਨਕ ਫਾਸੀ ਗਲਿ ਪਰੀ॥
ਮੈਂ ਖੁਦ ਨੂੰ ਇਤਨਾ ਸ਼ਸ਼ੋਪੰਜ ਵਿਚ ਪਹਿਲਾਂ ਕਦੀ ਨਹੀਂ ਸੀ ਦੇਖਿਆ। ਮਨੋ-ਮਨੀ ਘਮਸਾਨ ਚੱਲਦੀ ਰਹੀ ਤੇ ਕਨਵੀਨਰ ਸਾਹਿਬਾ ਨਿਰਪੱਖ ਅੱਖ ਨਾਲ ਨਿਰਣਾ ਉਡੀਕਦੀ ਰਹੀ। ਉਸ ਦੀ ਹਾਲਤ ਉਹੀ ਜਾਣੇ। ਮਨ ਦੇ ਖੌਲਦੇ ਸਾਗਰ ਸ਼ਾਂਤ ਹੋਏ ਤਾਂ ਸੋਚਿਆ ਕਿ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਦਾ ਮੌਕਾ ਖਾਲੀ ਨਹੀਂ ਜਾਣਾ ਜਾਂ ਰਹਿਣਾ ਚਾਹੀਦਾ। ਕਿਸੇ ਇੱਕ ਨਿਰਣੇ ‘ਤੇ ਮੈਂ ਖੁਦ ਏਨਾ ਸਪਸ਼ਟ ਅਤੇ ਪਰਪੱਕ ਨਹੀਂ ਸੀ, ਜਿੰਨੇ ਦੀ ਤਵੱਕੋ ਸੀ।
ਕਿਸੇ ਨਾਂ ‘ਤੇ ਉਨੀ-ਇੱਕੀ, ਕਿਸੇ ‘ਤੇ ਉਨੀ-ਬਾਈ, ਕਿਸੇ ‘ਤੇ ਉਨੀ-ਤੇਈ, ਇੱਕ ‘ਤੇ ਉਨੀ-ਸਤਾਈ ਅਤੇ ਇੱਕ ‘ਤੇ ਉਨੀ-ਸੈਂਤੀ। ਸੈਂਤੀ ਵਾਲਾ ਮੇਰੇ ਹਿਸਾਬ ਨਾਲ ਸੰਤਾਲੀ ‘ਤੇ ਖੜ੍ਹਾ ਸੀ।
ਪਹਿਲੀ ਵਾਰ ਦੇਖਿਆ ਕਿ ਮਨ ਦੀ ਲੁੱਡੋ ਕਬੱਡੀ ਤੋਂ ਵੀ ਮੁਸ਼ਕਿਲ ਖੇਡ ਬਣ ਗਈ। ਫੈਸਲਾ ਕਾਹਦਾ! ਮੁੱਠ ਦੀ ਰੇਤ ਵਾਂਗ ਕਿਰ ਕਿਰ ਜਾਵੇ ਤੇ ਹੱਥ ਕੁਝ ਵੀ ਨਾ ਆਵੇ। ਵਿਚਾਰਾਂ ਦੀ ਮਹਾਂਭਾਰਤ ਜਿਹੀ ਘਮਸਾਣ ਹੋਈ ਕਿ ਅੰਤਰੀਵ ਉਧੇੜ-ਬੁਣ ਅਤੇ ਦਲੀਲਾਂ ਦੇ ਘੱਟੇ ਨਾਲ ਦੋ ਤਿੰਨ ਖੂਹੀਆਂ ਤਾਂ ਜ਼ਰੂਰ ਭਰ ਗਈਆਂ ਹੋਣਗੀਆਂ। ਕਨਵੀਨਰ ਸਾਹਿਬਾ ਦੇ ਜ਼ਬਤ ਦੀ ਬੇਅੰਤਤਾ, ਇੰਤਜਾਰ ਦੀ ਅਮੁੱਕਤਾ, ਸਲੀਕੇ ਦੇ ਸਹਿਜ ਅਤੇ ਨਿਰਲੇਪਤਾ ਦੇ ਕਮਾਲ ਦਾ ਮੈਂ ਪੁੱਜ ਕੇ ਕਾਇਲ ਹੋ ਗਿਆ। ਅਜਿਹੇ ਇਤਮਿਨਾਨ ਨੂੰ ਸਲਾਮ!
ਖੈਰ! ਗੱਲ ਮੁਕਾਉਣੀ ਸੀ, ਮੁੱਕ ਗਈ। ਜਮੀਨ ਅਸਮਾਨ ਦੇ ਫਰਕ ਨਾਲ ਨਹੀਂ; ਬੱਸ ਉਨੀ, ਵੀਹ, ਇੱਕੀ ‘ਚੋਂ ਉਨੀ ਜਿੱਤ ਗਈ। ਕੋਈ ਵੀ ਜਿੱਤ ਜਸ਼ਨ ਦਾ ਮੁਕਾਮ ਨਹੀਂ ਹੁੰਦੀ। ਇਹ ਵੀ ਨਹੀਂ ਹੈ। ਇਹ ਸਮਾਂ ਕਿਸੇ ਨਾਂ ਦੀ ਧੂ ਘੜੀਸ ਜਾਂ ਇਨਾਮ ਦੀ ਖਿੱਦੋ-ਖੂੰਡੀ ਦਾ ਅਖਾੜਾ ਨਹੀਂ ਹੈ। ਬਲਕਿ ਇਹ ਸਮਾਂ ਪੰਜਾਬੀ ਸਾਹਿਤਕਾਰਾਂ ਅਤੇ ਚਿੰਤਕਾਂ ਤੋਂ ਸਹਿਜਮਈ ਚਿੰਤਨ ਅਤੇ ਮੰਥਨ ਦੀ ਮੰਗ ਕਰਦਾ ਹੈ।
ਆਓ, ਗੰਭੀਰਤਾ ਨਾਲ ਸੋਚੀਏ ਕਿ ਅਸੀਂ ਪੰਜਾਬੀ ਸਾਹਿਤਕਾਰੀ ਦੀ ਸੱਪ-ਸੀੜ੍ਹੀ ਖੇਡ ਵਿਚ ਸੀੜ੍ਹੀ ਬਣ ਅਰਸ਼ਾਂ ਵੱਲ ਉਪਰ ਚੜ੍ਹ ਰਹੇ ਹਾਂ ਜਾਂ ਸੱਪ ਬਣ ਬਣ ਰਸਾਤਲ ਵੱਲ ਹੇਠਾਂ ਖਿਸਕ ਰਹੇ ਹਾਂ। ਆਓ, ਪੰਜਾਬੀ ਸਾਹਿਤਕਾਰੀ ਦੀ ਲੁੱਡੋ ਦੇ ਸੱਪਾਂ ਤੋਂ ਨਿਜਾਤ ਹਾਸਲ ਕਰੀਏ ਤੇ ਪੌੜੀਆਂ ਦਾ ਪ੍ਰਯੋਗ ਜਾਂ ਸਦਉਪਯੋਗ ਕਰਨਾ ਸਿੱਖੀਏ ਤਾਂ ਜੋ ਅਸੀਂ ਭਾਰਤੀ ਸਾਹਿਤ ਅਕਾਦਮੀ ਅਵਾਰਡ ਦੇ ਹਾਣ ਦੇ ਰਹਿ ਜਾਂ ਬਣ ਸਕੀਏ।
ਚੇਤੇ ਰੱਖੋ, ਭਾਰਤੀ ਸਾਹਿਤ ਅਕਾਦਮੀ ਦਾ ਪਹਿਲਾ ਅਵਾਰਡ ਭਾਈ ਵੀਰ ਸਿੰਘ ਨੂੰ ਮਿਲਿਆ ਸੀ। ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਦਾ ਮੀਟਰ ਹਰ ਸਾਲ ਬੌਣਾ ਅਤੇ ਹੋਰ ਬੌਣਾ ਹੋਈ ਜਾ ਰਿਹਾ ਹੈ। ਇਸੇ ਕਰਕੇ ਸਾਡੀ ਸਾਹਿਤਕਾਰੀ ਦਾ ਕੱਦ ਭਾਈ ਵੀਰ ਸਿੰਘ ਦੇ ਹਾਣ ਦਾ ਨਹੀਂ ਰਿਹਾ। ਅਸੀਂ ਹਰੇਕ ਪਿਛਲਾ ਇਨਾਮ ਅਗਲੇ ਇਨਾਮ ਲਈ ਪੈਮਾਨਾ ਬਣਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਪੈਮਾਨਾ ਘਟਦਾ ਘਟਦਾ ਇਸ ਕਦਰ ਘਟ ਗਿਆ ਹੈ ਕਿ ਹੁਣ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਲਈ ਕੋਈ ਪੈਮਾਨਾ ਹੀ ਨਹੀਂ ਰਿਹਾ। ਸਾਡਾ ਪੈਮਾਨਾ ਬੇਮਾਇਨਾ ਹੋ ਗਿਆ ਹੈ।
ਹਰ ਇਨਾਮ ਪ੍ਰਾਪਤ ਸ਼ਖਸ ਅਗਲੇ ਸਾਲ ਲਈ ਬਾਇ ਡਿਫਾਲਟ ਜਿਊਰੀ ਮੈਂਬਰ ਬਣ ਜਾਂਦਾ ਹੈ। ਉਹ ਮੈਂਬਰ ਅਗਲੇ ਸਾਲ ਆਪਣੇ ਤੋਂ ਬਿਹਤਰ ਸਾਹਿਤਕਾਰ ਦੀ ਚੋਣ ਕਿਉਂ ਕਰੇਗਾ? ਹਰ ਹਾਲ ਉਹ ਆਪਣੇ ਤੋਂ ਹੇਠਲੇ ਨੂੰ ਚੁਣੇਗਾ, ਤਾਂ ਜੋ ਖੁਦ ਉਸ ਦਾ ਆਪਣਾ ਕੋਈ ਵੱਕਾਰ ਬਣਿਆ ਰਹਿ ਸਕੇ। ਕਮ ਸੇ ਕਮ ਇਸ ਇਨਾਮ ਦਾ ਪੈਮਾਨਾ ਹੀ ਦਰੁਸਤ ਰਹੇ।
ਆਓ, ਇਸ ਅਵਾਰਡ ਦੇ ਪ੍ਰਥਮ ਅਤੇ ਸਰਬੋਤਮ ਪੈਮਾਨੇ ਨਾਲ ਆਪਣੇ ਸਾਹਿਤਕ ਕੱਦ ਦਾ ਅੰਦਾਜ਼ਾ ਲਾਈਏ ਕਿ ਅਸੀਂ ਕਿੱਥੇ ਖੜ੍ਹੇ ਹਾਂ ਜਾਂ ਕਿੰਨੇ ਕੁ ਪਾਣੀ ‘ਚ ਹਾਂ; ਡੁੱਬੇ ਹੋਏ ਹਾਂ, ਗੋਤੇ ਖਾ ਰਹੇ ਹਾਂ ਕਿ ਤਰ ਰਹੇ ਹਾਂ?
ਆਓ, ਸੱਚ ਅਤੇ ਚੁੱਪ ਵੱਲ ਪਰਤੀਏ।