ਗੁਲਜ਼ਾਰ ਸਿੰਘ ਸੰਧੂ
ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਵਧਾਇਆ ਦੋਸਤੀ ਦਾ ਹੱਥ ਅਤੇ ਕੇਂਦਰ ਸਰਕਾਰ ਦੀ ਪ੍ਰਤੀਨਿਧਤਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੋ ਛੋਟੇ ਮੰਤਰੀਆਂ ਨੂੰ ਭੇਜਣਾ ਚਰਚਾ ਵਿਚ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਇਮਰਾਨ ਖਾਨ ਦੇ ਨਿੱਜੀ ਸੱਦੇ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਠੰਢਾ ਹੁੰਗਾਰਾ ਵੀ ਘੱਟ ਠੰਢਾ ਨਹੀਂ।
ਨਿਰਸੰਦੇਹ ਪਾਕਿਸਤਾਨ ਵਲੋਂ ਰਚਾਏ ਨਾਰੋਵਾਲ ਜ਼ਿਲੇ ਵਿਚ ਪੈਂਦੇ ਉਦਘਾਟਨੀ ਸਮਾਗਮ ਤੇ ਏਧਰਲੇ ਪੰਜਾਬ ਦੇ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਵਾਲੇ ਨੀਂਹ ਪੱਥਰ ਸਮਾਗਮ ਨੇ ਸੱਤ ਦਹਾਕਿਆਂ ਤੋਂ ਚਲੇ ਆ ਰਹੇ ਭਾਰਤ-ਪਾਕਿ ਰਿਸ਼ਤਿਆਂ ਦੇ ਜਮਾਦ ਨੂੰ ਤੋੜਿਆ ਹੈ। ਇਸ ਤੋਂ ਉਪਜੇ ਚਾਨਣ ਦਾ ਸਹਾਰਾ ਲੈ ਕੇ ਜੰਮੂ ਕਸ਼ਮੀਰ ਵਿਚ ਮਹਿਬੂਬਾ ਮੁਫਤੀ ਨੇ ਹੀ ਸ਼ਾਰਧਾ ਪੀਠ ਲਈ ਲਾਂਘੇ ਦੀ ਮੰਗ ਨਹੀਂ ਉਠਾਈ, ਉਘੇ ਨੇਤਾ ਸ਼ੇਖ ਅਬਦੁੱਲਾ ਨੇ ਵੀ ਭਾਰਤ-ਪਾਕਿ ਸਬੰਧਾਂ ਵਿਚ ਸੁਧਾਰ ਦੀ ਆਸ ਲਾਈ ਹੈ। ਏਧਰਲੇ ਪੰਜਾਬ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦਾ ਕੱਦ ਏਨਾ ਉਚਾ ਹੋ ਗਿਆ ਹੈ ਕਿ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਦੇ ਬੋਲਾਂ ਵਿਚ ਰਸ਼ਕ ਦੀ ਭਾਵਨਾ ਪ੍ਰਤੱਖ ਨਜ਼ਰ ਆ ਰਹੀ ਹੈ। ਇੱਕ ਵਾਰ ਤਾਂ ਸਾਰੇ ਮਿਲ ਕੇ ਸਿੱਧੂ ਦੇ ਕੱਦ ਨੂੰ ਨੀਵਾਂ ਕਰਨ ਲਈ ਪੂਰੀ ਟਿੱਲ ਲਾ ਚੁਕੇ ਹਨ।
ਸਪਸ਼ਟ ਹੈ ਕਿ ਦੋਹਾਂ ਦੇਸ਼ਾਂ ਦੇ ਵਸਨੀਕ ਇੱਕ ਦੂਜੇ ਨੂੰ ਚਾਹੁੰਦੇ ਹਨ, ਪਰ ਗੰਧਲੀ ਰਾਜਨੀਤੀ ਪੇਸ਼ ਨਹੀਂ ਜਾਣ ਦਿੰਦੀ। ਭਾਰਤ ਸਰਕਾਰ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਪਾਕਿਸਤਾਨ ਦੇ ਹਮਰੁਤਬਾ ਮੰਤਰੀ ਕੁਰੈਸ਼ੀ ਦੇ ਸ਼ਬਦਾਂ ਨੂੰ ਫਿਰਕੂ ਰੰਗਤ ਦੇ ਕੇ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਭੜਕਾਉਣਾ ਵੀ ਗੰਧਲੀ ਰਾਜਨੀਤੀ ਦੀ ਸਿਖਰ ਕਿਹਾ ਜਾ ਸਕਦਾ ਹੈ। ਅਜਿਹੀ ਸੋਚ ਨੇ ਹੀ ਮਰਹੂਮ ਨੇਤਾ ਅਟਲ ਬਿਹਾਰੀ ਵਾਜਪਾਈ ਦੇ ਸੀਮਾ-ਸੁਧਾਰ ਯਤਨਾਂ ਨੂੰ ਬੂਰ ਨਹੀਂ ਸੀ ਪੈਣ ਦਿੱਤਾ। ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦੇ ਵਰਤਾਰੇ ਨੇ ਸਪੋਰਟਸਮੈਨਸ਼ਿੱਪ ਦੀ ਭਾਵਨਾ ਉਤੇ ਮੋਹਰ ਲਾਈ ਹੈ। ਇਸ ਨੂੰ ਆਪਾਂ ਖੇਡ-ਖਿਡਾਰੀ-ਭਾਵਨਾ ਦੀ ਉਤਮਤਾ ਦਾ ਨਾਂ ਦੇ ਸਕਦੇ ਹਾਂ।
ਇਸ ਵਰਤਾਰੇ ਦਾ ਬਰਲਿਨ ਦੀ ਕੰਧ ਨਾਲ ਜੁੜਨਾ ਵੀ ਇਸ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। 1961 ਵਿਚ ਉਸਰੀ ਇਸ ਕੰਧ ਨੇ ਦੋਹਾਂ ਪਾਸਿਆਂ ਦੇ ਵਸਨੀਕਾਂ ਦਾ ਮਿਲਣਾ-ਮਿਲਾਉਣਾ ਤਾਂ ਕੀ, ਵੇਖਣਾ-ਵਿਖਾਉਣਾ ਵੀ ਬੰਦ ਕਰ ਦਿੱਤਾ ਸੀ। ਮੈਂ 1989 ਵਿਚ ਇਸ ਕੰਧ ਦੇ ਢੱਠਣ ਤੋਂ ਪਿੱਛੋਂ ਪੂਰਬੀ ਤੇ ਪੱਛਮੀ ਜਰਮਨੀ ਦੀ ਯਾਤਰਾ ਕੀਤੀ ਹੈ। ਤਿੰਨ ਦਹਾਕੇ ਦੇ ਵਿਛੋੜੇ ਨੇ ਦੋਹਾਂ ਧਿਰਾਂ ਨੂੰ ਇੱਕ ਦੂਜੇ ਤੋਂ ਬਿਲਕੁਲ ਬੇਮੁਖ ਕਰ ਛਡਿਆ ਸੀ।
ਪੱਛਮੀ ਜਰਮਨੀ ਵਾਲਾ ਮੇਰਾ ਜਾਣੂ ਵੁਲਫਗਾਂਗ ਮੇਰੀ ਫੇਰੀ ਸਮੇਂ ਪੂਰਬੀ ਜਰਮਨੀ ਵਾਲੇ ਮੇਰੇ ਮਿੱਤਰ ਅਸਦ ਉਲਾ ਖਾਂ ਵਲੋਂ ਕੀਤੇ ਪੱਛਮ ਦੇ ਗੁਣ ਗਾਇਨ ਨੂੰ ਪੂਰਬੀ ਵਿਕਾਸ ਦੇ ਹਾਣ ਦਾ ਨਹੀਂ ਸੀ ਮੰਨ ਰਿਹਾ। ਜੇ ਤਿੰਨ ਦਹਾਕਿਆਂ ਦਾ ਪਾੜਾ ਏਨਾ ਵਿਤਕਰਾ ਪੈਦਾ ਕਰ ਸਕਦਾ ਹੈ ਤਾਂ ਸੱਤ ਦਹਾਕੇ ਦੀਆਂ ਰੋਕਾਂ ਕਿਸ ਦੇ ਪਾਣੀਹਾਰ ਹਨ। ਸੁਸ਼ਮਾ ਸਵਰਾਜ ਦਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਨਾਬ ਕੁਰੈਸ਼ੀ ਦੇ ਸ਼ਬਦ Ḕਗੂਗਲੀ’ ਉਤੇ ਰਾਜਨੀਤੀ ਕਰਨਾ ਏਸ ਦ੍ਰਿਸ਼ਟੀ ਤੋਂ ਵੇਖਿਆ ਜਾਣਾ ਚਾਹੀਦਾ ਹੈ।
ਮੇਰੀ ਉਮਰ ਦੇ ਪੰਜਾਬੀਆਂ ਨੇ 1947 ਵਿਚ ਏਧਰਲੇ ਪੰਜਾਬ ਤੋਂ ਓਧਰਲੇ ਪੰਜਾਬ ਨੂੰ ਜਾਣ ਵਾਲੇ ਮੁਸਲਮਾਨ ਕਾਫਲਿਆਂ ਦਾ ਕਤਲੇਆਮ ਵੀ ਦੇਖਿਆ ਹੈ ਤੇ ਉਧਰਲੇ ਹਿੰਦੂ ਸਿੱਖਾਂ ਦੀ ਏਧਰ ਨੂੰ ਹੋ ਰਹੀ ਹਿਜਰਤ ਸਮੇਂ ਹੋਈ ਵੱਢ-ਟੁੱਕ ਦੇ ਕਿੱਸੇ ਵੀ ਸੁਣੇ ਹਨ। ਸਮਾਂ ਲੰਘਣ ਨਾਲ ਦੋਵੇਂ ਧਿਰਾਂ ਏਧਰ ਓਧਰ ਦੇ ਪ੍ਰਾਹੁਣਿਆਂ ਨੂੰ ਹੱਥੀ ਛਾਂਵਾਂ ਕਰਦੀਆਂ ਵੀ ਖੂਬ ਤੱਕੀਆਂ ਹਨ। ਮੇਰੀ ਜਾਣਕਾਰੀ ਅਨੁਸਾਰ ਪਰਦੇਸਾਂ ਵਿਚ ਰਹਿ ਰਹੇ ਪੰਜਾਬੀ ਤਾਂ ਏਸ ਹੱਦ ਤੱਕ ਪੱਬਾਂ ਭਾਰ ਹਨ ਕਿ ਲਾਂਘੇ ਉਤੇ ਹੋਣਾ ਵਾਲਾ ਸਾਰਾ ਖਰਚਾ ਚੁੱਕ ਸਕਦੇ ਹਨ। ਆਪਾਂ ਨੂੰ ਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ ਦੀ ਮਿਲਣੀ ਦਾ ਭਰਵਾਂ ਸਵਾਗਤ ਕਰਨਾ ਚਾਹੀਦਾ ਹੈ। ਅਕਾਲੀ-ਭਾਜਪਾ ਦੀ ਮੈਂ ਮੈਂ ਵੀ ਸੁਣਾਂਗੇ, ਜੇ ਇਹ ਆਪਣੀ ਮੌਤ ਆਪ ਹੀ ਨਾ ਮਰ ਗਈ ਤਾਂ।
ਮਰਹੂਮ ਕਵੀ ਮਿੱਤਰ ਪਾਸ਼ ਦਾ ਪਰਿਵਾਰ: ਬੀਤੇ ਹਫਤੇ ਦੀ ਇੱਕ ਚੰਗੀ ਖਬਰ ਇਹ ਵੀ ਹੈ ਕਿ ਸਬੱਬ ਨਾਲ ਮੇਰੀ ਪਾਸ਼ ਦੇ ਭਣਵੱਈਏ ਹਰਸ਼ਰਨ ਸਿੰਘ ਗਿੱਲ ਨਾਲ ਮੁਲਾਕਾਤ ਹੋ ਗਈ, ਜਿਸ ਨੂੰ ਸਾਰੇ ਧੀਦੋ ਕਹਿੰਦੇ ਹਨ। ਧੀਦੋ ਢੁੱਡੀਕੇ ਦਾ ਜੰਮਪਲ ਹੈ ਤੇ ਅੱਜ ਕੱਲ ਬੇਕਰਜ਼ਫੀਲਡ, ਕੈਲੀਫੋਰਨੀਆ ਰਹਿੰਦਾ ਹੈ। ਉਸ ਤੋਂ ਪਤਾ ਲੱਗਾ ਕਿ ਪਾਸ਼ ਦੀ ਬੀਵੀ ਰਾਜਵਿੰਦਰ ਕੌਰ ਤੇ ਉਸ ਦੀ ਬੇਟੀ ਫਰੀਮਾਂਟ ਰਹਿੰਦੇ ਹਨ। ਪਾਸ਼ ਦੀ ਬੇਟੀ ਦੇ ਦੋ ਬੱਚੇ ਹਨ-ਅਰਮਾਨ ਤੇ ਗੁੱਡੀ। ਮੈਨੂੰ ਧੀਦੋ ਨਾਲ ਮਿਲਣੀ ਏਦਾਂ ਲੱਗੀ ਜਿਵੇਂ ਮੇਰਾ ਪਾਸ਼ ਦੀ ਰੂਹ ਨਾਲ ਮੇਲ ਹੋ ਗਿਆ ਹੋਵੇ। ਮੇਰੇ ਲਈ ਤਾਂ ਇਹ ਗੱਲ ਵੀ ਤਸੱਲੀ ਵਾਲੀ ਸੀ ਕਿ ਅਵਤਾਰ ਸਿੰਘ ਉਰਫ ਪਾਸ਼ ਵਾਂਗ ਰਾਜਵਿੰਦਰ ਉਰਫ ਰਾਣੀ ਵੀ ਸੰਧੂਆਂ ਦੀ ਧੀ ਹੈ। ਉਨ੍ਹਾਂ ਨੇ ਏਨੇ ਵਰ੍ਹੇ ਪਹਿਲਾਂ ਰਸਮਾਂ ਰੀਤਾਂ ਦੇ ਬੰਧਨ ਨਹੀਂ ਸੀ ਮੰਨੇ। ਆਮੀਨ!
ਅੰਤਿਕਾ: ਮਿਰਜ਼ਾ ਗਾਲਿਬ
ਚਾਹੀਏ ਅੱਛੋਂ ਕੋ ਜਿਤਨਾ ਚਾਹੀਏ
ਯੇਹ ਅਗਰ ਚਾਹੇਂ ਤੋ ਫਿਰ ਕਿਆ ਚਾਹੀਏ।