ਨਵੀਂ ਦਿੱਲੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਰੇਲਵੇ ਵਿਭਾਗ ਸਿੱਖ ਸ਼ਰਧਾਲੂਆਂ ਨੂੰ ਖਾਸ ਤੋਹਫਾ ਦੇ ਰਿਹਾ ਹੈ। ਸਿੱਖਾਂ ਦੇ ਪੰਜ ਤਖਤਾਂ ਦੇ ਦਰਸ਼ਨ ਇਕ ਹੀ ਯਾਤਰਾ ਦੌਰਾਨ ਕਰਵਾਉਣ ਲਈ ਰੇਲਵੇ ਜਲਦੀ ਹੀ ਸਪੈਸ਼ਲ ਟ੍ਰੇਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਯੋਜਨਾ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ। ਭਾਰਤੀ ਰੇਲਵੇ ਸਿੱਖਾਂ ਲਈ ਚੱਲਣ ਵਾਲੀ ਇਸ ਟ੍ਰੇਨ ਨੂੰ ‘ਪੰਜ ਤਖਤ ਐਕਸਪ੍ਰੈਸ’ ਦੇ ਨਾਂ ਨਾਲ ਚਲਾਉਣ ਵਾਲਾ ਹੈ ਜੋ ਦਿੱਲੀ ਤੋਂ ਸ਼ੁਰੂ ਹੋਵੇਗੀ ਤੇ ਇਸ ‘ਚ ਸੰਗਤਾਂ 10 ਦਿਨਾਂ ਤੇ 9 ਰਾਤਾਂ ਦਾ ਸਫਰ ਕਰ ਵਾਪਸ ਦਿੱਲੀ ਆਉਣਗੀਆਂ।
ਇਸ ਸਫਰ ਦੌਰਾਨ ਯਾਤਰੀਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਖੁਦ ਰੇਲਵੇ ਵੱਲੋਂ ਹੀ ਕੀਤਾ ਜਾਵੇਗਾ। ਇਹ ਟ੍ਰੇਨ ਦਿੱਲੀ ਦੇ ਸਫਦਰ ਜੰਗ ਤੋਂ ਚੱਲ ਕੇ ਸਭ ਤੋਂ ਪਹਿਲਾਂ ਨਾਂਦੇੜ ਦੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਾਵੇਗੀ। ਇਥੇ ਇਕ ਦਿਨ ਅਤੇ ਇਕ ਰਾਤ ਰੁਕਣ ਤੋਂ ਬਾਅਦ ਅਗਲੇ ਦਿਨ ਪਟਨਾ ਸਾਹਿਬ ਪਹੁੰਚੇਗੀ। ਰੇਲ ਦਾ ਅਗਲਾ ਸਟੇਸ਼ਨ ਆਨੰਦਪੁਰ ਸਾਹਿਬ ਹੋਵੇਗਾ, ਜਿਥੇ ਦਰਸ਼ਨਾਂ ਤੋਂ ਬਾਅਦ ਯਾਤਰੀ ਅੰਮ੍ਰਿਤਸਰ ਸਾਹਿਬ ਤੇ ਇਸ ਤੋਂ ਬਾਅਦ ਦਮਦਮਾ ਸਾਹਿਬ ਦੇ ਦਰਸ਼ਨ ਕਰਨਗੇ। ਇਹ ਰੇਲ ਆਪਣਾ ਪਹਿਲਾ ਸਫਰ 14 ਜਨਵਰੀ ਤੋਂ ਸ਼ੁਰੂ ਕਰ ਰਹੀ ਹੈ, ਜਿਸ ‘ਚ ਕੋਈ ਜਨਰਲ ਡੱਬਾ ਨਹੀਂ ਹੋਵੇਗਾ ਅਤੇ ਸਾਰੇ ਕੋਚ ਥਰਡ ਏæਸੀæ ਹੋਣਗੇ। ਹਰ ਟ੍ਰਿਪ ਵਿਚ 800 ਯਾਤਰੀ ਸਫਰ ਕਰ ਸਕਦੇ ਹਨ ਜਿਸ ‘ਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਲਈ ਇਕ ਯਾਤਰੀ ਨੂੰ 15750 ਰੁਪਏ ਦੇਣੇ ਪੈਣਗੇ।