ਨਵੇਂ ਅਕਾਲੀ ਦਲ ਨੇ ਤੀਜੇ ਮੋਰਚੇ ਲਈ ਰੋਹ ਖੋਲ੍ਹਿਆ

ਪੰਜਾਬ ਵਿਚ ਨਵੀਂ ਸਫਬੰਦੀ ਉਭਰਨ ਦੇ ਆਸਾਰ ਬਣੇ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟਕਸਾਲੀ ਆਗੂਆਂ ਨੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਕੇ ਪੰਜਾਬ ਦੀ ਸਿਆਸਤ ਵਿਚ ਨਵੇਂ ਸਮੀਕਰਨਾਂ ਵੱਲ ਸੰਕੇਤ ਦੇ ਦਿੱਤੇ ਹਨ। ਅਕਾਲੀ ਦਲ ਵਿਚੋਂ ਕੱਢੇ ਮਾਝੇ ਦੇ ਇਨ੍ਹਾਂ ਆਗੂਆਂ ਦੇ ਐਲਾਨ ਨਾਲ ਇਕ ਵਾਰ ਫਿਰ ਪੰਜਾਬ ਵਿਚ ਤੀਜੇ ਮੋਰਚੇ ਦੀ ਚੱਲ ਰਹੀ ਚਰਚਾ ਨੂੰ ਹਵਾ ਮਿਲੀ ਹੈ।

ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ ਸਮੇਤ ਹੋਰ ਹਮਖਿਆਲੀ ਧਿਰਾਂ ਨੂੰ ਵੀ ਨਾਲ ਜੁੜਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਇਨ੍ਹਾਂ ਆਗੂਆਂ ਦੇ ਸੱਦੇ ਦਾ ਸਵਾਗਤ ਕਰ ਕੇ ਖਹਿਰਾ ਅਤੇ ਬੈਂਸ ਭਰਾਵਾਂ ਨੇ ਸੰਕੇਤ ਦੇ ਦਿੱਤੇ ਹਨ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਾਇਤੀ ਧਿਰਾਂ ਨੂੰ ਟੱਕਰ ਦੇਣ ਲਈ ਮਜ਼ਬੂਤ ਤੀਜਾ ਮੋਰਚਾ ਤਿਆਰ ਹੋ ਸਕਦਾ ਹੈ। ਬੈਂਸ ਭਰਾ, ਸੁਖਪਾਲ ਸਿੰਘ ਖਹਿਰਾ ਅਤੇ ‘ਆਪ’ ਦੇ ਮੁਅੱਤਲ ਚਲੇ ਆ ਰਹੇ ਆਗੂ ਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਪਹਿਲਾਂ ਹੀ ਗੱਠਜੋੜ ਕਰ ਚੁੱਕੇ ਹਨ। ਇਨ੍ਹਾਂ ਆਗੂਆਂ ਵੱਲੋਂ ਪੰਜਾਬ ਦੀ ਕਿਸਾਨੀ ਤੇ ਨੌਜਵਾਨੀ ਬਚਾਉਣ ਅਤੇ ਬਰਗਾੜੀ ਮੋਰਚੇ ਦੇ ਹੱਕ ਵਿਚ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਪੈਦਲ ‘ਇਨਸਾਫ਼ ਮਾਰਚ’ ਕਰਵਾਇਆ ਜਾ ਰਿਹਾ ਹੈ। ਟਕਸਾਲੀ ਆਗੂਆਂ ਦਾ ਇਹ ਐਲਾਨ ਪਹਿਲਾਂ ਹੀ ਸੰਕਟ ਵਿਚ ਘਿਰੇ ਅਕਾਲੀ ਦਲ ਬਾਦਲ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਸਕਦਾ ਹੈ। ਯਾਦ ਰਹੇ ਹਨ ਕਿ ਸ਼ ਬ੍ਰਹਮਪੁਰਾ, ਸ਼ ਅਜਨਾਲਾ ਅਤੇ ਸ਼ ਸੇਖਵਾਂ ਨੇ ਬਾਦਲ ਪਰਿਵਾਰ ਉਤੇ ਅਕਾਲੀ ਦਲ ‘ਤੇ ਕਬਜ਼ਾ ਕਰਨ, ਅਕਾਲ ਤਖਤ ਦੀ ਮਰਿਆਦਾ ਭੰਗ ਕਰਨ ਅਤੇ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਸਮੇਤ ਵੱਡੇ ਦੋਸ਼ ਲਾਏ ਸਨ।
ਇਨ੍ਹਾਂ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਅਕਾਲੀ ਦਲ ਨਹੀਂ ਛੱਡਣਗੇ ਸਗੋਂ ਇਸ ਪੰਥਕ ਧਿਰ ਨੂੰ ਇਹ ਦਿਨ ਵਿਖਾਉਣ ਵਾਲੇ ਬਾਦਲ ਪਰਿਵਾਰ ਨੂੰ ਬਾਹਰ ਦਾ ਰਾਹ ਵਿਖਾਉਣਗੇ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸੇ ਸਮੇਂ ਕੋਰ ਕਮੇਟੀ ਦੀ ਮੀਟਿੰਗ ਸੱਦਾ ਕੇ ਆਪਣੇ ਹੱਕ ਵਿਚ ਨਾਅਰੇ ਮਰਵਾ ਲਏ ਸਨ। ਇਸ ਦੇ ਕੁਝ ਦਿਨ ਬਾਅਦ ਇਨ੍ਹਾਂ ਆਗੂਆਂ ਦੀ ਪਾਰਟੀ ਵਿਚ ਛੁੱਟੀ ਕਰ ਦਿੱਤੀ ਗਈ। ਹੁਣ ਇਨ੍ਹਾਂ ਬਾਗੀਆਂ ਵੱਲੋਂ ਨਵੇਂ ਅਕਾਲੀ ਦਲ ਦਾ ਐਲਾਨ ਬਾਦਲ ਪਰਿਵਾਰ ਲਈ ਚੁਣੌਤੀ ਖੜ੍ਹੀ ਕਰ ਸਕਦਾ ਹੈ; ਹਾਲਾਂਕਿ ਸਵਾਲ ਇਹ ਵੀ ਉਠ ਰਹੇ ਹਨ ਕਿ ਨਵੇਂ ਅਕਾਲੀ ਦਲ ਦਾ ਐਲਾਨ ਕਰਨ ਵਾਲੇ ਤਿੰਨੇ ਟਕਸਾਲੀ ਆਗੂ ਮਾਝੇ ਤੋਂ ਹਨ। ਉਨ੍ਹਾਂ ਵੱਲੋਂ ਬਾਦਲ ਪਰਿਵਾਰ ਵਿਰੁਧ ਕੀਤੀ ਗਈ ਬਗਾਵਤ ਨੂੰ ਦੂਸਰੇ ਆਗੂ ਅਤੇ ਆਮ ਸਿੱਖ ਕੀ ਹੁੰਗਾਰਾ ਦਿੰਦੇ ਹਨ, ਇਹ ਵਕਤ ਹੀ ਦੱਸੇਗਾ। ਹੁਣ ਸਭ ਦੀਆਂ ਨਜ਼ਰਾਂ ਸੀਨੀਅਰ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਉਤੇ ਲੱਗੀਆਂ ਹੋਈਆਂ ਹਨ। ਸੂਹ ਹੈ ਕਿ ਉਹ ਕੋਈ ਵੱਡਾ ਧਮਾਕਾ ਕਰਨ ਦੀ ਤਾਕ ਵਿਚ ਹਨ। ਜੇ ਇਹ ਸੀਨੀਅਰ ਆਗੂ ਨਵੇਂ ਅਕਾਲੀ ਦਲ ਨੂੰ ਹਮਾਇਤ ਦੇ ਦਿੰਦਾ ਹੈ ਤਾਂ ਬਾਦਲ ਪਰਿਵਾਰ ਲਈ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ, ਕਿਉਂਕਿ ਬਾਦਲ ਪਰਿਵਾਰ ਖਿਲਾਫ ਪਹਿਲਾਂ ਹੀ ਪੰਜਾਬ ਵਿਚ ਮਾਹੌਲ ਬਣਿਆ ਹੋਇਆ ਹੈ। ਬਰਗਾੜੀ ਮੋਰਚਾ ਬਾਦਲਾਂ ਵਾਲੇ ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਸਿੱਖ ਧਿਰਾਂ ਬਾਦਲਾਂ ਨੂੰ ਹੀ ਦੋਸ਼ੀ ਮੰਨਦੀਆਂ ਹਨ।
ਨਵੇਂ ਅਕਾਲੀ ਦਲ ਦਾ ਐਲਾਨ ਕਰਨ ਵਾਲੇ ਟਕਸਾਲੀ ਆਗੂਆਂ ਦਾ ਦਾਅਵਾ ਹੈ ਕਿ ਪੂਰੇ ਪੰਜਾਬ ਵਿਚੋਂ ਵੱਡੀ ਗਿਣਤੀ ਸੀਨੀਅਰ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਲਈ ਕਾਹਲੇ ਹਨ। 14 ਦਸੰਬਰ ਨੂੰ ਇਹ ਆਗੂ ਪਾਰਟੀ ਦੇ ਢਾਂਚੇ ਤੇ ਨਾਮ ਸਮੇਤ ਹੋਰ ਐਲਾਨ ਕਰਨ ਵਾਲੇ ਹਨ, ਜਿਸ ਤੋਂ ਬਾਅਦ ਹੀ ਇਸ ਨੂੰ ਮਿਲਣ ਵਾਲੇ ਹੁੰਗਾਰੇ ਬਾਰੇ ਕੁਝ ਸਾਫ ਹੋ ਸਕੇਗਾ। ਯਾਦ ਰਹੇ ਕਿ ਅਕਾਲੀ ਦਲ ਵਿਚੋਂ ਬਗਾਵਤ ਕਰ ਕੇ ਨਵਾਂ ਰਾਹ ਚੁਣਨ ਵਾਲਿਆਂ ਦੇ ਪੈਰ ਘੱਟ ਹੀ ਲੱਗੇ ਹਨ। ਇਸੇ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਕੱਦਵਾਰ ਆਗੂ ਨੂੰ ਵੀ ਆਪਣਾ ਫੈਸਲਾ ਬਦਲਣਾ ਪਿਆ ਸੀ। ਉਂਜ, ਇਸ ਵਾਰ ਮਾਹੌਲ ਕੁਝ ਵੱਖਰਾ ਹੈ। ਜੇ ਬਾਗੀ ਟਕਸਾਲੀ ਆਗੂ ਬਾਦਲਾਂ ਖਿਲਾਫ ਬਣੇ ਮਾਹੌਲ ਦਾ ਫਾਇਦਾ ਲੈ ਸਕੇ ਤਾਂ ਬਾਦਲ ਪਰਿਵਾਰ ਦੀ ਅਕਾਲੀ ਦਲ ਵਿਚ ਚੌਧਰ ਨੂੰ ਢਾਹ ਲੱਗ ਸਕਦੀ ਹੈ।

ਬਾਕਸ
ਨਵੇਂ ਮੋਰਚੇ ਲਈ ਲਾਮਬੰਦੀ ਤੋਂ ਕਾਂਗਰਸੀ ਬਾਗੋਬਾਗ
ਪੰਜਾਬ ਵਿਚ ਭਾਵੇਂ ਤੀਜਾ ਮੋਰਚਾ ਖੜ੍ਹਾ ਕਰ ਕੇ ਰਵਾਇਤੀ ਧਿਰਾਂ ਨੂੰ ਟੱਕਰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਪੰਜਾਬ ਵਿਚ ਸੱਤਾਧਾਰੀ ਕਾਂਗਰਸੀ ਇਸ ਤੋਂ ਬਾਗੋਬਾਗ ਹਨ। ਨਵੇਂ ਅਕਾਲੀ ਦਲ ਦਾ ਐਲਾਨ ਕਾਂਗਰਸ ਨੂੰ ਰਾਹਤ ਦੇਣ ਵਾਲਾ ਹੈ। ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਨਵੇਂ ਅਕਾਲੀ ਦਲ ਵਿਚ ਜ਼ਿਆਦਾਤਰ ਆਗੂ ਬਾਦਲਾਂ ਵਾਲੇ ਅਕਾਲੀ ਵਿਚੋਂ ਹੀ ਟੁੱਟ ਕੇ ਜੁੜਨਗੇ। ਪੰਜਾਬ ਵਿਚ ਆਮ ਆਦਮੀ ਪਾਰਟੀ ਪਹਿਲਾਂ ਹੀ ਅੰਦਰੂਨੀ ਕਲੇਸ਼ ਵਿਚ ਉਲਝੀ ਹੋਈ ਹੈ। ਇਸ ਲਈ ਤੀਜਾ ਮੋਰਚਾ ਇਨ੍ਹਾਂ ਦੋਵਾਂ ਧਿਰਾਂ (ਅਕਾਲੀ ਦਲ-ਆਪ) ਨੂੰ ਵੱਡੀ ਸੰਨ੍ਹ ਲਾਵੇਗਾ। ਇਸ ਦੇ ਨਾਲ ਹੀ ਪੰਜਾਬ ਵਿਚ ਕਾਂਗਰਸ ਸਰਕਾਰ ਦੀ ਵਾਅਦਾਖਿਲਾਫੀ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ।