ਜਦੋਂ ਇਮਰਾਨ ਦੀ ਪਹਿਲਕਦਮੀ ਨੇ ਭਾਰਤ ਨੂੰ ਕਸੂਤਾ ਫਸਾਇਆ

ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਪਹਿਲਕਦਮੀ ਦੇ ਹਰ ਪਾਸੇ ਚਰਚੇ ਹਨ। ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਮੌਕੇ ਇਮਰਾਨ ਖਾਨ ਨੇ ਜਿਥੇ ਸਿੱਖ ਭਾਈਚਾਰੇ ਲਈ ਵੱਡੇ ਐਲਾਨ ਕੀਤੇ, ਉਥੇ ਭਾਰਤ ਨੂੰ ਜੰਗ ਦੀ ਰਟ ਲਾਉਣ ਦੀ ਥਾਂ ਗੱਲਬਾਤ ਰਾਹੀਂ ਹਰ ਮਸਲੇ ਦਾ ਹੱਲ ਕੱਢਣ ਦਾ ਸੁਨੇਹਾ ਦੇ ਕੇ ਬਾਜ਼ੀ ਮਾਰ ਲਈ।

ਇਮਰਾਨ ਖਾਨ ਦਾ ਸਪਸ਼ਟ ਸੁਨੇਹਾ ਭਾਰਤੀ ਹਾਕਮਾਂ ਨੂੰ ਕਾਫੀ ਚੁੱਭਾ ਵੀ। ਇਹ ਪਹਿਲੀ ਵਾਰ ਨਹੀਂ, ਆਪਣੇ ਸਹੁੰ ਚੁੱਕ ਸਮਾਗਮ ਵਿਚ ਵੀ ਖਾਨ ਨੇ ਖੁੱਲ੍ਹੇ ਦਿਲ ਨਾਲ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਜੇ ਭਾਰਤ ਦੋਸਤੀ ਲਈ ਇਕ ਕਦਮ ਚੁੱਕੇਗਾ ਤਾਂ ਉਹ ਦੋ ਕਦਮ ਅੱਗੇ ਵਧਾਉਣਗੇ।
ਉਨ੍ਹਾਂ ਨੇ ਭਾਰਤ ਨੂੰ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ ਸੀ।
ਦੋ ਕੁ ਮਹੀਨੇ ਪਹਿਲਾਂ ਨਿਊ ਯਾਰਕ ਵਿਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਵੀ ਨਿਸ਼ਚਿਤ ਹੋਈ ਸੀ, ਪਰ ਬਾਅਦ ਵਿਚ ਭਾਰਤ ਸਰਕਾਰ ਇਸ ਤੋਂ ਪਿੱਛੇ ਹਟ ਗਈ ਸੀ। ਬਿਨਾਂ ਸ਼ੱਕ ਭਾਰਤ ਸਰਕਾਰ ਵੱਲੋਂ ਪਿਛਲੇ 20 ਸਾਲ ਤੋਂ ਇਸ ਲਾਂਘੇ ਦੀ ਮੰਗ ਕੀਤੀ ਜਾ ਰਹੀ ਸੀ, ਪਰ ਪਿਛਲੇ ਦਿਨੀਂ ਸਹਿਮਤੀ ਪ੍ਰਗਟ ਕਰ ਕੇ ਜਦੋਂ ਕੇਂਦਰੀ ਮੰਤਰੀ ਮੰਡਲ ਨੇ ਆਪਣੇ ਵਾਲੇ ਪਾਸੇ ਦਾ ਲਾਂਘਾ ਮੁਕੰਮਲ ਕਰਨ ਲਈ ਪਾਕਿਸਤਾਨ ਨੂੰ ਅਜਿਹੀ ਹੀ ਅਪੀਲ ਕੀਤੀ ਤਾਂ ਸ਼ਾਇਦ ਭਾਰਤ ਸਰਕਾਰ ਨੂੰ ਖ਼ਾਬੋ-ਖ਼ਿਆਲ ਵੀ ਨਹੀਂ ਸੀ ਕਿ ਪਾਕਿਸਤਾਨ ਇਸ ਕਦਰ ਤੇਜ਼ੀ ਨਾਲ ਇਸ ਦਿਸ਼ਾ ਵਿਚ ਕਦਮ ਪੁੱਟੇਗਾ ਅਤੇ ਇਹ ਲਾਂਘਾ ਬਣਾਉਣ ਦੇ ਐਲਾਨ ਦੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਇਸ ਦਾ ਨੀਂਹ-ਪੱਥਰ ਰੱਖਣ ਦੀ ਤਰੀਕ ਦਾ ਵੀ ਐਲਾਨ ਕਰ ਦੇਵੇਗਾ। ਇਸ ਐਲਾਨ ਤੋਂ ਪਿੱਛੋਂ ਭਾਰਤ ਸਰਕਾਰ ਨੂੰ ਆਪਣੇ ਪਾਸੇ ਪਹਿਲਾਂ ਨੀਂਹ-ਪੱਥਰ ਰੱਖਣ ਦੀ ਭਾਜੜ ਪੈ ਗਈ। ਪਾਕਿਸਤਾਨ ਵੱਲੋਂ ਆਯੋਜਿਤ ਇਸ ਸਮਾਰੋਹ ਵਿਚ ਜਿਸ ਕਦਰ ਸਪੱਸ਼ਟ, ਦ੍ਰਿੜ੍ਹ ਅਤੇ ਵਿਸ਼ਾਲ ਹਿਰਦੇ ਨਾਲ ਇਮਰਾਨ ਖਾਨ ਬੋਲੇ, ਉਸ ਦੀ ਸ਼ਾਇਦ ਭਾਰਤ ਸਰਕਾਰ ਨੂੰ ਉਮੀਦ ਨਹੀਂ ਸੀ। 71 ਸਾਲ ਦੇ ਲੰਮੇ ਸਮੇਂ ਤੋਂ ਪਿੱਛੋਂ ਖਾਨ ਸਰਕਾਰ ਨੇ ਤੁਰਤ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਸੀ।
ਸਮਾਗਮ ਵਿਚ ਸਪੱਸ਼ਟ ਰੂਪ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਭਾਰਤ ਨਾਲ ਸੁਖਾਵੇਂ ਸਬੰਧ ਬਣਾਉਣਾ ਚਾਹੁੰਦੇ ਹਨ। ਦੋਵਾਂ ਦੇਸ਼ਾਂ ਵਿਚ ਕਸ਼ਮੀਰ ਹੀ ਇਕ ਅਜਿਹਾ ਮਸਲਾ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਮਜ਼ਬੂਤ ਇੱਛਾ ਸ਼ਕਤੀ ਨਾਲ ਹੱਲ ਕਰ ਸਕਦੀ ਹੈ। ਇਸ ਤੋਂ ਵੀ ਅੱਗੇ ਵਧਦਿਆਂ ਉਨ੍ਹਾਂ ਕਿਹਾ ਕਿ ਜੇਕਰ ਜਰਮਨੀ ਅਤੇ ਫਰਾਂਸ ਜਿਨ੍ਹਾਂ ਵਿਚ ਅਕਸਰ ਖੂਨ ਡੋਲ੍ਹਵੀਆਂ ਲੜਾਈਆਂ ਹੁੰਦੀਆਂ ਰਹੀਆਂ ਸਨ। ਦੋਵਾਂ ਦੇਸ਼ਾਂ ਦੇ ਲੱਖਾਂ ਹੀ ਲੋਕ ਇਨ੍ਹਾਂ ਵਿਚ ਮਾਰੇ ਜਾਂਦੇ ਰਹੇ ਸਨ, ਉਹ ਦੇਸ਼ ਜੇਕਰ ਇਕੱਠੇ ਹੋ ਕੇ ਸ਼ਾਂਤੀ ਨਾਲ ਵਿਕਾਸ ਦੇ ਰਾਹ ਉਤੇ ਅੱਗੇ ਵਧ ਸਕਦੇ ਹਨ ਤਾਂ ਸਾਡੇ ਇਹ ਦੋਵੇਂ ਦੇਸ਼ ਅਜਿਹਾ ਕਿਉਂ ਨਹੀਂ ਕਰ ਸਕਦੇ? ਇਸ ਉਦਘਾਟਨੀ ਸਮਾਗਮ ਵਿਚ ਪਾਕਿਸਤਾਨ ਦੀ ਫ਼ੌਜ ਦਾ ਮੁਖੀ ਕਮਰ ਜਾਵੇਦ ਬਾਜਵਾ ਵੀ ਹਾਜ਼ਰ ਸੀ। ਉਸ ਦੇ ਸਾਹਮਣੇ ਇਮਰਾਨ ਖਾਨ ਨੇ ਕਿਹਾ, ਅੱਜ ਮੈਂ ਸਪੱਸ਼ਟ ਰੂਪ ਵਿਚ ਆਖ ਰਿਹਾ ਹਾਂ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਸੱਤਾਧਾਰੀ ਪਾਰਟੀ, ਦੇਸ਼ ਦੀਆਂ ਹੋਰ ਪਾਰਟੀਆਂ ਅਤੇ ਫ਼ੌਜ ਸਭ ਭਾਰਤ ਨਾਲ ਬਿਹਤਰ ਰਿਸ਼ਤੇ ਬਣਾਉਣ ਲਈ ਅੱਗੇ ਵਧਣਾ ਚਾਹੁੰਦੇ ਹਨ। ਹਾਲਾਂਕਿ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵੱਲੋਂ ਦਿਖਾਈ ਇਸ ਦਰਿਆਦਿਲੀ ਤੋਂ ਬਾਅਦ ਇਹ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਵੱਲੋਂ ਸਾਰਕ ਸੰਮੇਲਨ ਲਈ ਦਿੱਤੇ ਸੱਦੇ ਨੂੰ ਸਵੀਕਾਰ ਨਹੀਂ ਕਰੇਗੀ ਅਤੇ ਨਾ ਹੀ ਅਤਿਵਾਦੀ ਕਾਰਵਾਈਆਂ ਦੇ ਖ਼ਤਮ ਹੋਣ ਤੱਕ ਭਾਰਤ ਪਾਕਿਸਤਾਨ ਨਾਲ ਕੋਈ ਗੱਲਬਾਤ ਹੀ ਕਰੇਗਾ।
_________________________________
ਭਾਰਤ ਦੀ ਨਾਂਹ-ਪੱਖੀ ਮੁਹਿੰਮ ਦੀ ਅਲੋਚਨਾ
ਇਸਲਾਮਾਬਾਦ: ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੀ ਯੋਜਨਾ ਖਿਲਾਫ਼ ਭਾਰਤੀ ਮੀਡੀਆ ਵਿਚ ਚਲਾਈ ਜਾ ਰਹੀ ਨਾਂਹ-ਪੱਖੀ ਮੁਹਿੰਮ ਦੀ ਸਖਤ ਨਿਖੇਧੀ ਕਰਦਿਆਂ ਆਖਿਆ ਕਿ ਇਹ ਲਾਂਘਾ ਸਿਰਫ ਤੇ ਸਿਰਫ ਸਿੱਖ ਭਾਈਚਾਰੇ ਦੀ ਲੰਮੇ ਚਿਰ ਤੋਂ ਅਧੂਰੀ ਖਾਹਸ਼ ਨੂੰ ਪੂਰੀ ਕਰਨ ਦੇ ਮਕਸਦ ਨਾਲ ਖੋਲ੍ਹਿਆ ਜਾ ਰਿਹਾ ਹੈ ਅਤੇ ਇਹ ਆਪਣੇ ਆਪ ਵਿਚ ਇਕ ਇਤਿਹਾਸਕ ਪੇਸ਼ਕਦਮੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਲੰਘੀ 28 ਨਵੰਬਰ ਨੂੰ ਤਿੰਨ ਭਾਰਤੀ ਮੰਤਰੀਆਂ ਦੀ ਮੌਜੂਦਗੀ ਵਿਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਉਸ ਤੋਂ ਅਗਲੇ ਦਿਨ ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਕੀਤੇ ਸਮਾਗਮ ਦੌਰਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਖਿਆ ਸੀ ਕਿ ਖ਼ਾਨ ਵੱਲੋਂ ਕਰਤਾਰਪੁਰ ਦੀ ਗੂਗਲੀ ਕਰ ਕੇ ਆਪਸੀ ਰਾਬਤੇ ਤੋਂ ਟਲਦੇ ਆ ਰਹੇ ਭਾਰਤ ਨੂੰ ਆਪਣੇ ਦੋ ਮੰਤਰੀ ਭੇਜਣੇ ਪਏ ਸਨ। ਕੁਰੈਸ਼ੀ ਦੀ ਟਿੱਪਣੀ ਨੂੰ ਕਈ ਭਾਰਤੀ ਚੈਨਲਾਂ ਨੇ ਪ੍ਰਮੁਖਤਾ ਨਾਲ ਪ੍ਰਸਾਰਤ ਕੀਤਾ ਤੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਕਿ ਸਰਕਾਰ ਦੀ ਪਿੱਠ ਨਹੀਂ ਥਾਪੜਨੀ ਚਾਹੀਦੀ ਸੀ। ਇਸ ਦੇ ਨਾਲ ਹੀ ਉੱਥੇ ਗਏ ਦੋਵੇਂ ਭਾਰਤੀ ਮੰਤਰੀਆਂ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਨੇ ਵਾਪਸੀ ਮੌਕੇ ਕਸ਼ਮੀਰ ਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੁਝ ਸਖ਼ਤ ਟਿੱਪਣੀਆਂ ਕੀਤੀਆਂ ਸਨ।
_________________________________
ਪਾਕਿ ਨੇ ਕਰਤਾਰਪੁਰ ਬਾਰਡਰ ‘ਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹਿਆ
ਲਾਹੌਰ: ਸਿੱਖ ਸ਼ਰਧਾਲੂਆਂ ਲਈ ਇਤਿਹਾਸਕ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪਾਕਿਸਤਾਨ ਨੇ ਕਰਤਾਰਪੁਰ ਬਾਰਡਰ ਉਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹ ਦਿੱਤਾ ਹੈ। ਇਹ ਲਾਂਘਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਵਿਚ ਸਥਿਤ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਫੈੱਡਰਲ ਇਨਵੈਸਟੀਗੇਸ਼ਨ ਏਜੰਸੀ (ਐਫ਼ਆਈæਏæ) ਦੇ ਡਿਪਟੀ ਡਾਇਰੈਕਟਰ (ਪੰਜਾਬ) ਮੁਫਖਰ ਅਦੀਲ ਨੇ ਕਿਹਾ ਕਿ ਬਾਰਡਰ ਪਾਰ ਕਰਨਾ ਦਹਿਸ਼ਤਗਰਦਾਂ, ਮਨੁੱਖੀ ਤਸਕਰੀ ਕਰਨ ਵਾਲਿਆਂ ਅਤੇ ਨਸ਼ਾ ਤਸਕਰਾਂ ਲਈ ਆਸਾਨ ਹੋ ਸਕਦਾ ਹੈ, ਇਸ ਲਈ ਸਰਹੱਦ ਦੇ ਦੋਵੇਂ ਪਾਸਿਆਂ ‘ਤੇ ਸਥਿਤੀ ਉੱਤੇ ਕੰਟਰੋਲ ਰੱਖਣ ਲਈ ਮਜ਼ਬੂਤ ਢਾਂਚੇ ਦੀ ਲੋੜ ਸੀ। ਉਨ੍ਹਾਂ ਡਾਅਨ ਨਿਊਜ਼ ਨੂੰ ਦੱਸਿਆ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਐਫ਼ਆਈæਏæ ਨੇ ਨਾਰੋਵਾਲ (ਲਾਹੌਰ ਤੋਂ 120 ਕਿਲੋਮੀਟਰ ਦੂਰ) ਵਿਚ ਕਰਤਾਰਪੁਰ ਬਾਰਡਰ ‘ਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹ ਦਿੱਤਾ ਹੈ। ਐਫ਼ਆਈæਏæ ਦੇ ਅਧਿਕਾਰੀ ਸਿੱਖ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਗੇ ਅਤੇ ਬਾਇਓਮੀਟਰਿਕ ਪ੍ਰਣਾਲੀ ਰਾਹੀਂ ਉਨ੍ਹਾਂ ਦੀ ਸ਼ਨਾਖਤ ਕਰਨਗੇ। ਵੀਜ਼ਾ ਪ੍ਰਾਪਤ ਸਿੱਖ ਸ਼ਰਧਾਲੂਆਂ ਨੂੰ ਸ਼ਹਿਰ ਵਿਚ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ ਜਦਕਿ ਪਰਮਿਟ ਹਾਸਲ ਸ਼ਰਧਾਲੂਆਂ ਨੂੰ ਸਿਰਫ ਗੁਰਦੁਆਰਾ ਦਰਬਾਰ ਸਾਹਿਬ ਜਾਣ ਦੀ ਆਗਿਆ ਹੋਵੇਗੀ।
_________________________________
ਕਰਤਾਰ ਲਾਂਘੇ ਦੀ ਤਰ੍ਹਾਂ ਹੋਰ ਰੂਟ ਖੋਲ੍ਹੇ ਜਾਣ: ਅਬਦੁੱਲਾ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਭਾਰਤ ਤੇ ਪਾਕਿਸਤਾਨ ਨੂੰ ਕਿਹਾ ਕਿ ਉਹ ਕਰਤਾਰ ਲਾਂਘੇ ਦੀ ਭਾਵਨਾ ਤਹਿਤ ਜੰਮੂ ਅਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਉਤੇ ਸਾਰੇ ਰੂਟ ਖੋਲ੍ਹਣ। ਇਸ ਪਹਿਲਕਦਮੀ ਨਾਲ ਨਾ ਸਿਰਫ ਸਰਹੱਦ ਦੇ ਦੋਵੇਂ ਪਾਸ ਆਰਥਿਕ ਗਤੀਵਿਧੀਆਂ ਵਧਾਉਣ ਵਿਚ ਸਹਾਇਤਾ ਮਿਲੇਗੀ ਸਗੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਦੋਸਤੀ ਦੀ ਮਿਸ਼ਾਲ ਨੂੰ ਜਗਾਉਣ ਵਿਚ ਵੀ ਸਹਾਇਤਾ ਮਿਲੇਗੀ।
_________________________________
ਚੀਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਭਾਰਤ-ਪਾਕਿ ਦੇ ਯਤਨਾਂ ਦੀ ਸ਼ਲਾਘਾ
ਪੇਈਚਿੰਗ: ਚੀਨ ਨੇ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੋਵਾਂ ਮੁਲਕਾਂ ਵਿਚਕਾਰ ਉਸਾਰੂ ਸੰਵਾਦ ਹੋਣ ਅਤੇ ਆਪਸੀ ਮਤਭੇਦ ਦੂਰ ਹੋਣ ਨਾਲ ਵਿਸ਼ਵ ਵਿਚ ਸ਼ਾਂਤੀ ਅਤੇ ਵਿਕਾਸ ਨੂੰ ਹੁਲਾਰਾ ਮਿਲੇਗਾ। ਇਥੇ ਲਾਂਘੇ ਬਾਰੇ ਮੀਡੀਆ ਵੱਲੋਂ ਪੁੱਛੇ ਇਕ ਸੁਆਲ ਦੇ ਜੁਆਬ ‘ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਕਿਹਾ,’ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋ ਰਹੀ ਚੰਗੀ ਗੱਲਬਾਤ ਵੇਖ ਕੇ ਖੁਸ਼ ਹਾਂ। ਦੋਵੇਂ ਮੁਲਕ ਦੱਖਣੀ ਏਸ਼ੀਆ ਵਿਚ ਅਹਿਮ ਸਥਾਨ ਰੱਖਦੇ ਹਨ।’