ਕਰਤਾਰਪੁਰ ਲਾਂਘੇ ਦੀ ਆਪਣੇ ਪੱਧਰ ‘ਤੇ ਨਿਰਖ ਪਰਖ ਕਰ ਰਹੀਆਂ ਨੇ ਖੁਫ਼ੀਆ ਏਜੰਸੀਆਂ

ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਦੀਆਂ ਖ਼ੁਫੀਆ ਏਜੰਸੀਆਂ ਕਰਤਾਰਪੁਰ ਲਾਂਘੇ ਨੂੰ ਆਪਣੀ ਨਜ਼ਰ ਨਾਲ ਦੇਖਦੀਆਂ ਹਨ। ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਾਰਮਿਕ ਭਾਵਨਾਵਾਂ ਦਾ ਵਹਿਣ ਅਤੇ ਸੁਰੱਖਿਆ, ਦੋਵੇਂ ਵੱਖੋਂ ਵੱਖਰੇ ਪਹਿਲੂ ਹਨ, ਜਿਨ੍ਹਾਂ ਨੂੰ ਇਕੋ ਦੂਰਬੀਨ ਰਾਹੀਂ ਨਹੀਂ ਦੇਖਿਆ ਜਾ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਨ ਅਗਲੇ ਵਰ੍ਹੇ ਸਮੁੱਚੀ ਮਾਨਵਤਾ ਵੱਲੋਂ ਕੌਮਾਂਤਰੀ ਪੱਧਰ ‘ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ।

ਇਸ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕੌਮਾਂਤਰੀ ਸਰਹੱਦ ਤੋਂ ਮਹਿਜ਼ ਸਾਢੇ 4 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਮੁੱਢਲਾ ਅਮਲ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਇਸ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਲਈ ਬਿਨਾਂ ਵੀਜ਼ੇ ਤੋਂ ਆਉਣ ਲਈ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹਾਲੇ ਇਹ ਤੈਅ ਕਰਨਾ ਬਾਕੀ ਹੈ ਕਿ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸ ਤਰ੍ਹਾਂ ਦੇ ਪਛਾਣ ਪੱਤਰ ਜਾਂ ਕਾਰਡ ਜਾਰੀ ਹੋਣਗੇ, ਜਿਸ ਜ਼ਰੀਏ ਉਹ ਪਾਕਿਸਤਾਨ ਸਥਿਤ ਇਸ ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਜਾ ਸਕਣਗੇ। ਮਾਮਲਾ ਅੰਦਰੂਨੀ ਤੇ ਬਾਹਰੀ ਸੁਰੱਖਿਆ ਨਾਲ ਵੀ ਜੁੜਿਆ ਹੈ। ਇਸ ਲਈ ਕੇਂਦਰੀ ਖੁਫੀਆ ਏਜੰਸੀ (ਆਈæਬੀæ) ਅਤੇ ਸੂਬਾਈ ਖ਼ੁਫੀਆ ਏਜੰਸੀਆਂ ਵੱਲੋਂ ਆਪੋ ਆਪਣੇ ਪੱਧਰ ‘ਤੇ ਇਸ ਮਾਮਲੇ ਦੀ ਨਿਰਖ ਪਰਖ ਕੀਤੀ ਜਾ ਰਹੀ ਹੈ।
ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਇਕ ਗੱਲ ਜ਼ਰੂਰ ਮੰਨੀ ਜਾ ਰਹੀ ਹੈ ਕਿ ਜਦੋਂ ਲੋਕਾਂ ਦੇ ਜਜ਼ਬਾਤ ਭਾਰੂ ਹੋਣ ਤਾਂ ਗੱਲ ਤਣ-ਪੱਤਣ ਲੱਗ ਜਾਂਦੀ ਹੈ। ਜੇਕਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਤਕਨੀਕੀ ਪੱਖ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਹੱਥ ਵੱਸ ਕੁਝ ਵੀ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਹੀ ਸਾਰੀ ਵਿਉਂਤ ਬਣਾਈ ਜਾਣੀ ਹੈ। ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਹਾਲ ਦੀ ਘੜੀ ਸੜਕ ਦੇ ਨੀਂਹ ਪੱਥਰ ਤੋਂ ਬਿਨਾਂ ਕੋਈ ਦਿਸ਼ਾ ਨਿਰਦੇਸ਼ਾਂ ਨਹੀਂ ਆਏ। ਇਸ ਪ੍ਰਸਤਾਵਿਤ ਲਾਂਘੇ ਦੇ ਹਾਂ-ਪੱਖੀ ਤੇ ਨਾਂਹ ਪੱਖੀ ਪੈਣ ਵਾਲੇ ਪ੍ਰਭਾਵਾਂ ਸਬੰਧੀ ਖ਼ੁਫੀਆ ਏਜੰਸੀਆਂ ਵੱਲੋਂ ਆਪਣੇ ਤੌਰ ‘ਤੇ ਭਾਰਤ ਸਰਕਾਰ ਨੂੰ ਰਿਪੋਰਟਾਂ ਜ਼ਰੂਰ ਭੇਜੀਆਂ ਗਈਆਂ ਹਨ। ਇਨ੍ਹਾਂ ਰਿਪੋਰਟਾਂ ਵਿਚ ਮੁੱਖ ਤੌਰ ਉਤੇ ਇਹੀ ਸਲਾਹ ਦਿੱਤੀ ਗਈ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਿਤ ਕੌਮਾਂਤਰੀ ਸਰਹੱਦ ਦੇ ਜ਼ਿਆਦਾ ਸੰਵੇਦਨਸ਼ੀਲ ਹੋਣ ਕਰ ਕੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਹੀ ਫੈਸਲੇ ਲਏ ਜਾਣ। ਭਾਰਤ ਦੀਆਂ ਖ਼ੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਖਿਲਾਫ਼ ਅਣ-ਐਲਾਨੀ ਜੰਗ ਛੇੜੀ ਹੋਈ ਹੈ। ਕਸ਼ਮੀਰ ਅਤੇ ਪੰਜਾਬ ਵਿਚਲਾ ਅਤਿਵਾਦ ਇਸ ਦਾ ਪ੍ਰਤੱਖ ਪ੍ਰਮਾਣ ਕਿਹਾ ਜਾ ਸਕਦਾ ਹੈ। ਖੁਫ਼ੀਆ ਏਜੰਸੀਆਂ ਵੱਲੋਂ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈæਐਸ਼ਆਈæ ਦੇ ਇਸ ਅਪਰੇਸ਼ਨ ਨੂੰ ਕੇ-1 (ਕਸ਼ਮੀਰ) ਅਤੇ ਕੇ-2 (ਖਾਲਿਸਤਾਨ) ਦਾ ਨਾਮ ਦਿੱਤਾ ਗਿਆ ਹੈ।
ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਖ ਫਾਰ ਜਸਟਿਸ ਵੱਲੋਂ ਖਾਲਿਸਤਾਨ ਦੇ ਪੱਖ ਵਿਚ 2020 ਦਾ ਰੈਫਰੰਡਮ ਦੇ ਨਾਮ ‘ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਲਈ ਸੰਭਵ ਹੈ ਕਿ ਜਦੋਂ ਵੀ ਭਾਰਤ ਤੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਸੰਗਤ ਜਾਵੇਗੀ ਤਾਂ ਇਨ੍ਹਾਂ ਜਥੇਬੰਦੀਆਂ ਨੂੰ ਪ੍ਰਚਾਰ ਦਾ ਇਕ ਵੱਡਾ ਅੱਡਾ ਮਿਲ ਜਾਵੇਗਾ, ਜਿਥੇ ਰੋਜ਼ਾਨਾ ਨਵੇਂ ਲੋਕਾਂ ਨਾਲ ਮੇਲ-ਜੋਲ ਹੋਵੇਗਾ ਤੇ ਭਾਰਤ ਖਿਲਾਫ਼ ਪ੍ਰਚਾਰ ਮੁਹਿੰਮ ਵਧੇਗੀ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਆਈæਐਸ਼ਆਈæ ਵੀ ਇਸ ਖੇਤਰ ਨੂੰ ਨਵਾਂ ਗੜ੍ਹ ਬਣਾ ਸਕਦੀ ਹੈ। ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਸੰਸਿਆਂ ਤੋਂ ਇਹ ਪ੍ਰਭਾਵ ਨਹੀਂ ਲੈਣਾ ਚਾਹੀਦਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੇਸ਼ ਦੀਆਂ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਕੋਈ ਰੁਕਾਵਟ ਖੜ੍ਹੀ ਕਰਨਾ ਚਾਹੁੰਦੀਆਂ ਹਨ ਪਰ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦਾਅ ‘ਤੇ ਨਾ ਲੱਗੇ, ਇਸ ਲਈ ਠੋਸ ਬੰਦੋਬਸਤ ਕਰਨੇ ਬੇਹੱਦ ਜ਼ਰੂਰੀ ਹਨ।
__________________________
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮੁੜ ਉਸਾਰੀ ਲਈ ਮਹਾਰਾਜਾ ਪਟਿਆਲਾ ਨੇ ਨਿਭਾਈ ਸੀ ਸੇਵਾ
ਜਲੰਧਰ: ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਚ ਸੁਸ਼ੋਭਿਤ ਗੁਰਦੁਆਰਾ ਦਰਬਾਰ ਸਾਹਿਬ ਦੀ ਸ਼ਾਨਦਾਰ ਇਮਾਰਤ ਦੀ ਸੰਨ 1920-29 ਦਰਮਿਆਨ ਉਸ ਵੇਲੇ ਦੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਕਰੀਬ 1,35,600 ਰੁਪਏ ਖਰਚ ਕੇ ਦੁਬਾਰਾ ਉਸਾਰੀ ਕਰਵਾਈ ਸੀ। ਦਰਅਸਲ, ਗੁਰਦੁਆਰੇ ਦੀ ਇਮਾਰਤ ਉਨ੍ਹਾਂ ਦਿਨਾਂ ‘ਚ ਬੇਹੱਦ ਖਸਤਾ ਹਾਲ ਸੀ। ਪਹਿਲੇ ਸਿੱਖ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦੇ ਆਖਰੀ ਵਰ੍ਹੇ ਕਰਤਾਰਪੁਰ ਸਾਹਿਬ ਵਿਚ ਖੇਤੀਬਾੜੀ ਕਰਦਿਆਂ ਗੁਜ਼ਾਰੇ ਸਨ। ਮਹਾਰਾਜਾ ਭੁਪਿੰਦਰ ਸਿੰਘ ਨੇ ਗੁਰਦੁਆਰੇ ਦੀ ਇਮਾਰਤ ਦੇ ਨਵ-ਨਿਰਮਾਣ ਵਿਚ ਡੂੰਘੀ ਦਿਲਚਸਪੀ ਲੈਂਦਿਆਂ ਵੱਡਾ ਸਹਿਯੋਗ ਦਿੱਤਾ।
ਦਿਲਚਸਪ ਤੱਥ ਹੈ ਕਿ ਪਾਕਿ ਅਥਾਰਿਟੀ ਨੇ ਗੁਰਧਾਮ ਦੇ ਵਿਹੜੇ ‘ਚ ਬੰਬ ਦੇ ਇਕ ਟੁਕੜੇ ਨੂੰ ਸ਼ੀਸ਼ੇ ਦੇ ਡੱਬੇ ਵਿਚ ਸਾਂਭ ਕੇ ਰੱਖਿਆ ਹੋਇਆ ਹੈ। ਇਸ ਦੇ ਨਾਲ ਲੱਗੀ ਤਖ਼ਤੀ ‘ਤੇ ਲਿਖ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਬੰਬ ਭਾਰਤੀ ਹਵਾਈ ਫੌਜ ਨੇ 1971 ਦੀ ਜੰਗ ਦੌਰਾਨ ਸੁੱਟਿਆ, ਪਰ ਚਮਤਕਾਰੀ ਢੰਗ ਨਾਲ ਬੰਬ ਗੁਰਦੁਆਰੇ ਦੀ ਇਮਾਰਤ ਲਾਗੇ ਸਥਿਤ ਖੂਹ ਵਿਚ ਡਿੱਗਿਆ ਤੇ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਨਾਰੋਵਾਲ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ‘ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਪੁਰਾਤਨ ਇਮਾਰਤ ਲਾਹੌਰ ਤੋਂ 120 ਕਿਲੋਮੀਟਰ ਦੂਰ ਹੈ ਤੇ ਭਾਰਤ-ਪਾਕਿ ਸਰਹੱਦ ਤੋਂ ਮਹਿਜ਼ ਚਾਰ ਕਿਲੋਮੀਟਰ ਦੂਰ, ਭਾਰਤੀ ਕਸਬੇ ਡੇਰਾ ਬਾਬਾ ਨਾਨਕ ਤੋਂ ਕਾਫੀ ਨੇੜੇ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਗੁਰਦੁਆਰੇ ਦਾ ਲਾਂਘਾ ਖੋਲ੍ਹਣ ਲਈ ਨਿੱਠ ਕੇ ਯਤਨ ਕੀਤੇ ਗਏ ਹਨ, ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਲਾਂਘਾ ਖੋਲ੍ਹਣ ਦੀ ਮੰਗ ਕਰਦੀਆਂ ਰਹੀਆਂ ਹਨ। ਲਾਂਘਾ ਖੋਲ੍ਹਣ ਦੀ ਇਕ ਤਜਵੀਜ਼ ਜਨਰਲ ਪਰਵੇਜ਼ ਮੁਸ਼ੱਰਫ ਦੇ ਰਾਸ਼ਟਰਪਤੀ ਕਾਲ ਦੌਰਾਨ ਵੀ ਪੇਸ਼ ਕੀਤੀ ਗਈ ਸੀ। ਮੁਸ਼ੱਰਫ਼ ਦੇ ਕਾਰਜਕਾਲ ਦੌਰਾਨ ਲਾਂਘੇ ਲਈ ਪਾਕਿਸਤਾਨ ਵਾਲੇ ਪਾਸੇ 50 ਫੀਸਦੀ ਮਾਰਗ ਉਸਾਰ ਵੀ ਦਿੱਤਾ ਗਿਆ ਸੀ। ਇਕ ਸਿੱਖ ਵਿਦਵਾਨ ਮੁਤਾਬਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੁਨੀਆਂ ਦਾ ਸਭ ਤੋਂ ਪੁਰਾਤਨ ਸਿੱਖ ਗੁਰਧਾਮ ਹੈ। ਇਸ ਦਾ ਨੀਂਹ ਪੱਥਰ 1572 ‘ਚ ਰੱਖਿਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮਗਰੋਂ ਗੁਰਦੁਆਰੇ ਦੇ ਗੁਬੰਦ ਲਈ ਸੋਨੇ ਦੀ ਸੇਵਾ ਨਿਭਾਈ। ਵੇਰਵਿਆਂ ਮੁਤਾਬਕ ਮੌਜੂਦਾ ਗੁਰਦੁਆਰਾ ਇਮਾਰਤ ਲਾਲਾ ਸ਼ਿਆਮ ਦਾਸ ਦੁਆਰਾ 1911 ਵਿਚ ਉਸਾਰੀ ਗਈ ਸੀ।