ਹਿੰਦ-ਪਾਕਿ ਦੋਸਤੀ ਦੇ ਯਤਨਾਂ ਨਾਲ ਸਰਹੱਦੀ ਲੋਕਾਂ ਨੂੰ ਬੱਝੀ ਆਸ

ਤਰਨਤਾਰਨ: ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮੇਂ-ਸਮੇਂ ‘ਤੇ ਬਣੀ ਤਣਾਅਪੂਰਨ ਸਥਿਤੀ ਦਾ ਖਮਿਆਜ਼ਾ ਹਮੇਸ਼ਾ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ‘ਤੇ ਵਸੇ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਦੋਵੇਂ ਦੇਸ਼ਾਂ ਦੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਮੁਫਾਦਾਂ ਲਈ ਇਕ ਦੂਸਰੇ ਵਿਚਕਾਰ ਇੰਨੀਆਂ ਵੱਡੀਆਂ ਲਕੀਰਾਂ ਖਿੱਚ ਚੁੱਕੀਆਂ ਹਨ ਕਿ ਇਨ੍ਹਾਂ ਲਕੀਰਾਂ ਨੂੰ ਮਿਟਾਉਣ ਲਈ ਸਮੇਂ-ਸਮੇਂ ‘ਤੇ ਦੋਵਾਂ ਦੇਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਵੀ ਰੰਗ ਨਹੀਂ ਲਿਆ ਸਕਦੀਆਂ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਜਪੋਸ਼ੀ ਸਮਾਗਮ ਵਿਚ ਇਕ ਦੋਸਤ ਦੀ ਹੈਸੀਅਤ ਨਾਲ ਅਲੋਚਨਾਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਪਾਕਿਸਤਾਨ ਗਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਇਹ ਪਹਿਲਕਦਮੀ ਦੋਵਾਂ ਦੇਸ਼ਾਂ ਦੇ ਸਰਹੱਦੀ ਲੋਕਾਂ ਦੇ ਲਈ ਸੋਨੇ ‘ਤੇ ਸੁਹਾਗੇ ਵਾਂਗ ਕਾਰਗਰ ਸਾਬਤ ਹੋ ਰਹੀ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਪਾਕਿਸਤਾਨੀ ਫੇਰੀ ਸਮੇਂ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਉਨ੍ਹਾਂ ਦੀ ਆਪਣੀ ਪਾਰਟੀ ਦੇ ਹੀ ਕਈ ਆਗੂਆਂ ਵੱਲੋਂ ਉਨ੍ਹਾਂ ਦੀ ਨੁਕਤਾਚੀਨੀ ਕੀਤੀ ਗਈ, ਪਰ ਸਿੱਧੂ ਵੱਲੋਂ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਸਿੱਧੂ ਦੀ ਇਹ ਪਾਕਿਸਤਾਨੀ ਫੇਰੀ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਉਣ ਲਈ ਇਕ ਪੁਲ ਵਜੋਂ ਕੰਮ ਕਰ ਦੇਵੇਗੀ, ਇਹ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗੀ। ਕੁਝ ਦਿਨਾਂ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਵੱਲੋਂ ਕੋਰੀਡੋਰ ਬਣਾਉਣ ਦਾ ਜੋ ਇਤਿਹਾਸਕ ਫੈਸਲਾ ਲਿਆ ਗਿਆ ਹੈ, ਉਸ ਨੇ ਇਕੱਲੇ ਪੰਜਾਬ ਦੇ ਹੀ 6 ਸਰਹੱਦੀ ਜ਼ਿਲ੍ਹਿਆਂ ਵਿਚ 600 ਤੋਂ ਵੱਧ ਪੈਂਦੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੇ ਮਨਾਂ ਨੂੰ ਸਕੂਨ ਜ਼ਰੂਰ ਪਹੁੰਚਾ ਦਿੱਤਾ ਹੈ।
ਪੰਜਾਬ ਵਿਚ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ 553 ਕਿਲੋਮੀਟਰ ਲੰਬੀ ਸਰਹੱਦ ਪੈਂਦੀ ਹੈ ਅਤੇ ਇਸ ਸਰਹੱਦ ‘ਤੇ ਕੰਡਿਆਲੀ ਤਾਰ ਪਾਰ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਾਜ਼ਿਲਕਾ, ਫਿਰੋਜ਼ਪੁਰ ਦੇ 220 ਪਿੰਡਾਂ ਦੀ 21600 ਏਕੜ ਜ਼ਮੀਨ ਪੈਂਦੀ ਹੈ, ਜਿਸ ਉਪਰ ਖੇਤੀਬਾੜੀ ਕਰਨ ਲਈ ਤਾਰ ਪਾਰ ਕਿਸਾਨਾਂ ਨੂੰ ਜਾਣ ਸਮੇਂ ਰੋਜ਼ਾਨਾ ਹੀ ਬਹੁਤ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਤੱਕ ਕਿ ਆਪਣੀ ਹੀ ਜ਼ਮੀਨ ਵਿਚ ਖੇਤੀਬਾੜੀ ਕਰਨ ਲਈ ਗਰੀਬ ਸਰਹੱਦੀ ਕਿਸਾਨਾਂ ਨੂੰ ਬਹੁਤ ਵਾਰ ਬੀæਐਸ਼ਐਫ਼ ਦੀਆਂ ਪਾਬੰਦੀਆਂ ਕਾਰਨ ਜ਼ਲੀਲ ਵੀ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਦ ਵੀ ਸਥਿਤੀ ਤਣਾਅਪੂਰਨ ਬਣੀ ਹੈ, ਕੇਂਦਰ ਸਰਕਾਰ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ 10 ਕਿਲੋਮੀਟਰ ਪੈਂਦੇ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼ ਜਾਰੀ ਹੁੰਦੇ ਰਹਿੰਦੇ ਹਨ। ਸਰਕਾਰ ਅਤੇ ਬੀæਐਸ਼ਐਫ਼ ਦੇ ਇਨ੍ਹਾਂ ਹੁਕਮਾਂ ਕਾਰਨ ਚਾਰ ਕਿਲੋਮੀਟਰ ਤੱਕ ਪੈਂਦੇ 600 ਤੋਂ ਵੱਧ ਪਿੰਡਾਂ ਦੇ ਲੋਕ ਸਮੇਂ ਸਮੇਂ ‘ਤੇ ਉਜਾੜੇ ਦਾ ਸੇਕ ਝੱਲ ਚੁੱਕੇ ਹਨ।
ਦੋਵਾਂ ਦੇਸ਼ਾਂ ਵਿਚਕਾਰ ਸਥਿਤੀ ਤਣਾਅਪੂਰਨ ਹੋਣ ‘ਤੇ ਸਰਹੱਦ ਉਤੇ ਵਸੇ ਪੰਜਾਬ ਦੇ ਹੀ ਹਜ਼ਾਰਾਂ ਪਰਿਵਾਰ ਆਪਣੇ ਸਾਮਾਨ ਦੇ ਨਾਲ ਨਾਲ ਆਪਣੇ ਡੰਗਰਾਂ ਤੱਕ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਜਾਣ ਲਈ ਮਜਬੂਰ ਹੋ ਜਾਂਦੇ ਹਨ। ਹੁਣ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜੋੜੀ ਨੇ ਦੋਵਾਂ ਦੇਸ਼ਾਂ ਦੇ ਸਰਹੱਦੀ ਲੋਕਾਂ ਲਈ ਸ਼ਾਂਤੀ ਦਾ ਮਸੀਹਾ ਬਣ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਜੇਕਰ ਘਟੀਆ ਰਾਜਨੀਤੀ ਤੋਂ ਗੁਰੇਜ ਕਰਨ ਤਾਂ ਦੋਵੇਂ ਦੇਸ਼ ਪੱਕੇ ਮਿੱਤਰ ਬਣ ਸਕਦੇ ਹਨ ਅਤੇ ਸਰਹੱਦੀ ਲੋਕਾਂ ਨੂੰ ਜਿਥੇ ਹੁਣ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਮਿੱਤਰਤਾ ਨਾਲ ਦੋਵੇਂ ਦੇਸ਼ਾਂ ਦੇ ਸਰਹੱਦੀ ਲੋਕ ਜਾਨੀ ਨੁਕਸਾਨ ਦੇ ਨਾਲ ਨਾਲ ਵਧੀਆ ਵਪਾਰਕ ਸਾਂਝ ਮਜ਼ਬੂਤ ਕਰ ਸਕਦੇ ਹਨ।
__________________________
ਲਾਂਘੇ ਦੀ ਸਹਿਮਤੀ ਨਾਲ ਡੇਰਾ ਬਾਬਾ ਨਾਨਕ ਕਸਬੇ ‘ਚ ਪਰਤੀਆਂ ਰੌਣਕਾਂ
ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਦਿੱਤੀ ਸਹਿਮਤੀ ਅਤੇ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਕਸਬਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਜਾਪਣ ਲੱਗਾ ਹੈ ਕਿ ਦੇਸ਼ ਵੰਡ ਦੇ ਸੱਤ ਦਹਾਕਿਆਂ ਮਗਰੋਂ ਇਸ ਕਸਬੇ ਵਿਚ ਤਰੱਕੀ ਤੇ ਖੁਸ਼ਹਾਲੀ ਵੀ ਪਰਤ ਆਵੇਗੀ। ਇਥੇ ਸਰਹੱਦ ਨੇੜੇ ਪੰਜਾਬ ਸਰਕਾਰ ਵੱਲੋਂ ‘ਕਰਤਾਰਪੁਰ ਦੁਆਰ’ ਦੇ ਨਾਂ ਨਾਲ ਵੱਡਾ ਗੇਟ ਉਸਾਰਿਆ ਜਾਵੇਗਾ। ਦੋਵਾਂ ਸਰਕਾਰਾਂ ਨੇ ਭਰੋਸਾ ਦਿੱਤਾ ਹੈ ਕਿ ਇਹ ਲਾਂਘਾ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੋਲ੍ਹ ਦਿੱਤਾ ਜਾਵੇਗਾ। ਇਸ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਪਰਮਿਟ ਦੇਵੇਗੀ ਤੇ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਗੁਰੂ ਜੀ ਨੇ ਕਰਤਾਰਪੁਰ ਵਿਚ 18 ਸਾਲ ਬਿਤਾਏ ਤੇ ਇਸੇ ਧਰਤੀ ‘ਤੇ ਹੱਥੀਂ ਕਿਰਤ ਕਰਕੇ ਮਨੁੱਖਤਾ ਨੂੰ ਕਿਰਤ ਕਰਨ ਦਾ ਸੁਨੇਹਾ ਦਿੱਤਾ ਸੀ। ਦੇਸ਼ ਵੰਡ ਤੋਂ ਪਹਿਲਾਂ ਇਹ ਅਹਿਮ ਲਾਂਘਾ ਹੁੰਦਾ ਸੀ। ਹੁਣ ਲਾਂਘਾ ਖੋਲ੍ਹਣ ਦੇ ਫੈਸਲੇ ਨਾਲ ਕਸਬੇ ਦੇ ਲੋਕਾਂ ਨੂੰ ਤਰੱਕੀ ਤੇ ਖੁਸ਼ਹਾਲੀ ਦੀ ਆਸ ਬੱਝੀ ਹੈ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਲਾਂਘਾ ਖੁੱਲ੍ਹਣ ਨਾਲ ਇਸ ਧਰਤੀ ਦਾ ਮੁੱਲ ਪੈ ਜਾਵੇਗਾ। ਸੰਗਤ ਦੀ ਆਮਦ ਨਾਲ ਕਾਰੋਬਾਰ ਵਧੇਗਾ ਤੇ ਇਹ ਕਸਬਾ ਸੈਰ-ਸਪਾਟਾ ਕੇਂਦਰ ਵਜੋਂ ਉੱਭਰੇਗਾ। ਹੋਟਲਾਂ ਅਤੇ ਰੈਸਤਰਾਂ ਮਾਲਕਾਂ ਨੇ ਇਥੇ ਜ਼ਮੀਨ ਖਰੀਦਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਲਾਂਘਾ ਖੁੱਲ੍ਹਣ ਨਾਲ ਵਿਹਲੇ ਬੈਠੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਤੇ ਤਰੱਕੀ ਹੋਵੇਗੀ।
__________________________
ਡੇਰਾ ਬਾਬਾ ਨਾਨਕ ਵਿਕਾਸ ਅਥਾਰਿਟੀ ਬਣਾਉਣ ਨੂੰ ਮਨਜ਼ੂਰੀ
ਚੰਡੀਗੜ੍ਹ: ਪੰਜਾਬ ਵਜ਼ਾਰਤ ਨੇ ਅਹਿਮ ਫੈਸਲੇ ਕਰਦਿਆਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਵਜ਼ਾਰਤ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਤੇ ਇਸ ਦੇ ਆਲੇ-ਦੁਆਲੇ ਦੇ ਵਿਕਾਸ ਤੇ ਸੁੰਦਰੀਕਰਨ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਸਥਾਪਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਕਦਮ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਵਿਸ਼ੇਸ਼ ਮਤੇ ਰਾਹੀਂ ਸਵਾਗਤ ਕੀਤਾ ਗਿਆ ਹੈ ਤੇ ਇਸ ਨੂੰ ਇਤਿਹਾਸਕ ਕਦਮ ਦੱਸਿਆ ਗਿਆ। ਵਜ਼ਾਰਤ ਨੇ ਨੋਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਲਾਂਘਾ ਖੋਲ੍ਹਣ ਦੇ ਫ਼ੈਸਲੇ ਨੂੰ ਬੂਰ ਪਿਆ ਹੈ ਪਰ ਇਸ ‘ਚ ਕੈਬਨਿਟ ਮੰਤਰੀ ਸਿੱਧੂ ਦੇ ਯਤਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ।