ਆਫੀਆ ਸਦੀਕੀ ਦਾ ਜਹਾਦ-11

ਤੁਸੀਂ ਪੜ੍ਹ ਚੁਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੀ ਕਿ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਹੋਵੇ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਨਾਅਰਾ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਉਤਸ਼ਾਹ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਉਹ ਵੀ ਉਸ ਕੋਲ ਅਮਰੀਕਾ ਪੁੱਜ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਆਫੀਆ ਪਾਕਿਸਤਾਨ ਪਰਤ ਗਈ ਅਤੇ ਅਮਜਦ ਨੂੰ ਵੀ ਸੱਦ ਲਿਆ। ਜਹਾਦ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ।æææਹੁਣ ਅੱਗੇ ਪੜ੍ਹੋææææ

ਹਰਮਹਿੰਦਰ ਚਹਿਲ
ਫੋਨ: 703-362-3239

ਅਮਜਦ ਅਮਰੀਕਾ ਆ ਤਾਂ ਗਿਆ ਪਰ ਉਸ ਦਾ ਆਫੀਆ ਅਤੇ ਬੱਚਿਆਂ ਤੋਂ ਬਿਨਾਂ ਜ਼ਰਾ ਵੀ ਦਿਲ ਨਹੀਂ ਲੱਗਦਾ ਸੀ। ਦਿਨ ਵੇਲੇ ਤਾਂ ਕੰਮ ‘ਤੇ ਹੋਣ ਕਰ ਕੇ ਵਕਤ ਔਖਾ-ਸੌਖਾ ਲੰਘ ਜਾਂਦਾ, ਪਰ ਰਾਤ ਵੇਲੇ ਉਸ ਨੂੰ ਘਰ ਖਾਣ ਨੂੰ ਆਉਂਦਾ। ਕਦੇ ਉਸ ਨੂੰ ਬੱਚਿਆਂ ਦੀਆਂ ਕਿਲਕਾਰੀਆਂ ਸੁਣਦੀਆਂ ਅਤੇ ਕਦੇ ਆਫੀਆ ਇੱਧਰ-ਉਧਰ ਤੁਰੀ ਫਿਰੀ ਦਿਸਦੀ। ਇੱਕ ਦਿਨ ਰਾਤ ਵੇਲੇ ਫੋਨ ਆਇਆ। ਫੋਨ ਉਸ ਦੀ ਅੰਮੀ ਦਾ ਸੀ। ਅਮਜਦ ਦੇ ਫੋਨ ਚੁੱਕਦਿਆਂ ਹੀ ਜ਼ਾਹਿਰਾ ਖਾਂ ਬੋਲੀ, “ਬੇਟੇ, ਮੈਨੂੰ ਪਤਾ ਐ ਕਿ ਤੂੰ ਇਸ ਵੇਲੇ ਕਿਨ੍ਹਾਂ ਹਾਲਾਤ ‘ਚੋਂ ਲੰਘ ਰਿਹਾ ਹੋਵੇਂਗਾ, ਪਰ ਇਸ ਸਭ ਦੀ ਮੈਂ ਈ ਜ਼ਿੰਮੇਵਾਰ ਆਂ।”
“ਅੰਮੀ ਅਜਿਹੀ ਗੱਲ ਨ੍ਹੀਂ ਐ। ਨਾਲੇ ਤੂੰ ਕਿਉਂ ਆਪਣੇ ਆਪ ਨੂੰ ਦੋਸ਼ ਦਿੰਨੀ ਐਂ?”
“ਕਿਉਂਕਿ ਆਫੀਆ ਮੇਰੀ ਹੀ ਪਸੰਦ ਐ। ਮੈਂ ਹੀ ਤੇਰੇ ਲਈ ਇਸ ਨੂੰ ਚੁਣਿਆ ਸੀ। ਪਤਾ ਨ੍ਹੀਂ ਕੀ ਗੱਲ ਹੋ ਗਈ। ਇਹ ਤਾਂ ਬਹੁਤ ਜ਼ਹੀਨ ਕੁੜੀ ਸੀ। ਮੈਨੂੰ ਤਾਂ ਸਮਝ ਨ੍ਹੀਂ ਆਉਂਦੀ ਕਿ ਇਸ ਨੂੰ ਹੋ ਕੀ ਗਿਆ ਐ।”
“ਅੰਮੀ ਤੂੰ ਐਵੇਂ ਫਿਕਰ ਨਾ ਕਰ।”
ਇੰਨਾ ਕਹਿ ਕੇ ਅਮਜਦ ਸੋਚਣ ਲੱਗਿਆ ਕਿ ਉਸ ਦੀ ਮਾਂ ਨੇ ਤਾਂ ਆਫੀਆ ਨੂੰ ਕੁਝ ਦੇਰ ਜਾਂ ਕੁਝ ਦਿਨਾਂ ਲਈ ਹੀ ਵੇਖਿਆ ਹੋਵੇਗਾ ਪਰ ਉਹ ਤਾਂ ਕਿੰਨੇ ਹੀ ਸਾਲਾਂ ਤੋਂ ਉਸ ਦੇ ਨਾਲ ਰਹਿੰਦਾ ਆ ਰਿਹਾ ਐ। ਤੇ ਕੀ ਉਹ ਖੁਦ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ? ਉਧਰ ਅਮਜਦ ਨੂੰ ਫੋਨ ‘ਤੇ ਚੁੱਪ ਜਿਹਾ ਹੋਇਆ ਵੇਖ ਕੇ ਜ਼ਾਹਿਰਾ ਖਾਂ ਬੋਲੀ, “ਅਮਜਦ ਬੇਟੇ, ਤੂੰ ਮੇਰੀ ਗੱਲ ਸੁਣ ਰਿਹਾ ਐਂ ਨਾ?”
“ਹਾਂ ਹਾਂ ਅੰਮੀ, ਤੂੰ ਗੱਲ ਕਰ। ਮੇਰਾ ਧਿਆਨ ਤੇਰੀਆਂ ਗੱਲਾਂ ‘ਚ ਈ ਐ।”
ਜ਼ਾਹਿਰਾ ਖਾਂ ਦੁਬਾਰਾ ਬੋਲਣ ਲੱਗੀ ਪਰ ਅਮਜਦ ਦਾ ਧਿਆਨ ਫਿਰ ਆਫੀਆ ਵੱਲ ਚਲਾ ਗਿਆ। ਉਹ ਮਨ ‘ਚ ਖਿਆਲ ਆਇਆ, ‘ਆਫੀਆ ਨਾਈਨ ਅਲੈਵਨ ਤੋਂ ਪਿੱਛੋਂ ਇੱਕ ਦਮ ਇੰਨਾ ਡਰ ਕਿਉਂ ਗਈ ਸੀ। ਉਹ ਕਿਉਂ ਖੜ੍ਹੇ ਪੈਰ ਭੱਜ ਜਾਣ ਲਈ ਕਾਹਲੀ ਪੈ ਗਈ ਸੀ। ਫਿਰ ਉਥੇ ਜਾ ਕੇ ਉਹ ਹੋਰ ਈ ਤਰ੍ਹਾਂ ਦੀਆਂ ਸਕੀਮਾਂ ਬਣਾਉਣ ਲੱਗੀ। ਸਿੱਧਾ ਈ ਜਹਾਦੀਆਂ ਨਾਲ ਜਾ ਮਿਲਣ ਦੀਆਂ ਗੱਲਾਂ ਕਰਨ ਲੱਗ ਪਈ। ਨਾਲੇ ਉਹ ਦੱਸ ਰਹੀ ਸੀ ਕਿ ਸਾਡੇ ਨਿਕਾਹ ਤੋਂ ਪਹਿਲਾਂ ਵੀ ਐਫ਼ਬੀæਆਈæ ਵਾਲੇ ਉਸ ਨੂੰ ਲੱਭ ਰਹੇ ਸਨ। ਇਹ ਤਾਂ ਖੈਰ ਹੋ ਸਕਦਾ ਐ ਕਿ ਉਸ ਦੇ ਚੈਰਿਟੀ ਦੇ ਕੰਮ ਦੇ ਸਬੰਧ ‘ਚ ਉਹ ਇਸ ਨਾਲ ਕੋਈ ਗੱਲਬਾਤ ਕਰਨ ਆਏ ਹੋਣਗੇ।’ ਉਸ ਦੇ ਮਨ ‘ਚ ਚੱਲਦੀ ਗੱਲ ਵਿਚਕਾਰ ਹੀ ਰਹਿ ਗਈ ਜਦੋਂ ਉਧਰੋਂ ਉਸ ਦੀ ਮਾਂ ਦੀ ਉਚੀ ਆਵਾਜ਼ ਆਈ, “ਬੇਟੇ ਤੂੰ ਇਉਂ ਕਰ ਕਿ ਇੱਕ ਵਾਰ ਆਫੀਆ ਨੂੰ ਫੋਨ ਕਰ ਕੇ ਕਹਿ ਦੇ ਕਿ ਉਹ ਤੇਰੇ ਕੋਲ ਆ ਜਾਵੇ। ਔਰਤ ਨੂੰ ਕਈ ਵਾਰੀ ਮਾਨਸਿਕ ਕਾਰਨਾਂ ਕਰ ਕੇ ਬਹੁਤ ਸਾਰੇ ਹਾਲਾਤ ‘ਚੋਂ ਗੁਜ਼ਰਨਾ ਪੈਂਦਾ ਐ। ਹੁਣ ਉਹ ਠੀਕ ਹੋ ਚੁੱਕੀ ਹੋਵੇਗੀ। ਤੂੰ ਮੇਰਾ ਪੁੱਤਰ ਉਸ ਨੂੰ ਆਪਣੇ ਕੋਲ ਬੁਲਾ ਲੈ। ਅੱਲਾ ਸਭ ਠੀਕ ਕਰ ਦੇਵੇਗਾ।”
ਮਾਂ ਨੇ ਨਸੀਹਤਾਂ ਦੇ ਕੇ ਫੋਨ ਕੱਟ ਦਿੱਤਾ, ਪਰ ਅਮਜਦ ਦਾ ਮਨ ਫਿਰ ਤੋਂ ਪਹਿਲਾਂ ਚੱਲ ਰਹੀਆਂ ਸੋਚਾਂ ਵੱਲ ਚਲਾ ਗਿਆ। ਉਸ ਨੂੰ ਇੱਕ ਨਵਾਂ ਈ ਖਿਆਲ ਆਇਆ ਤੇ ਉਹ ਸੋਚਣ ਲੱਗਾ, ‘ਕਿਤੇ ਆਫੀਆ ਇਹ ਸਭ ਡਰਾਮਾ ਤਾਂ ਨ੍ਹੀਂ ਕਰ ਰਹੀ। ਹੋ ਸਕਦਾ ਐ ਕਿ ਉਹ ਮੈਥੋਂ ਵੱਖ ਹੋਣਾ ਚਾਹੁੰਦੀ ਹੋਵੇ ਤੇ ਸਿਰਫ ਬਹਾਨੇ ਘੜ ਰਹੀ ਹੋਵੇ ਤਾਂ ਕਿ ਮੈਂ ਉਸ ਦੀ ਗੱਲ ਤੋਂ ਇਨਕਾਰ ਕਰ ਦਿਆਂ ਤੇ ਉਸ ਨੂੰ ਵੱਖ ਹੋਣ ਦਾ ਬਹਾਨਾ ਮਿਲ ਜਾਵੇ। ਹਾਂ ਇਹੀ ਹੈ। ਲੱਗਦਾ ਐ ਕਿ ਉਹ ਮੇਰੇ ਨਾਲ ਖੁਸ਼ ਨ੍ਹੀਂ ਐ। ਉਂਜ ਉਸ ਦੇ ਵਿਹਾਰ ਤੋਂ ਤਾਂ ਲੱਗਦੈ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਐ ਪਰ ਹੋ ਸਕਦੈ ਕਿ ਇਹ ਸਭ ਵਿਖਾਵਾ ਈ ਹੋਵੇ।’
ਖੈਰ! ਕੁਝ ਵੀ ਸੀ, ਉਸ ਨੇ ਆਪਣੀ ਮਾਂ ਦੀ ਗੱਲ ਮੰਨਦਿਆਂ ਆਫੀਆ ਨੂੰ ਫੋਨ ਕਰਨ ਦਾ ਮਨ ਬਣਾ ਲਿਆ। ਉਧਰ ਆਫੀਆ ਦਾ ਅੱਬਾ ਵੇਖ ਰਿਹਾ ਸੀ ਕਿ ਅਮਜਦ ਦੇ ਜਾਣ ਪਿੱਛੋਂ, ਆਫੀਆ ਦਾ ਚਿਹਰਾ ਮੁਰਝਾਏ ਫੁੱਲ ਵਰਗਾ ਹੋ ਗਿਆ ਸੀ। ਉਸ ਨੇ ਢੰਗ ਨਾਲ ਖਾਣਾ ਪੀਣਾ ਛੱਡ ਦਿੱਤਾ ਸੀ। ਸਾਰਾ ਦਿਨ ਉਦਾਸ ਬੈਡ ‘ਤੇ ਪਈ ਰਹਿੰਦੀ। ਸੁਲੇਹ ਸਦੀਕੀ ਸਭ ਸਮਝਦਾ ਸੀ। ਉਸ ਨੇ ਆਫੀਆ ਨੂੰ ਕੋਲ ਬੁਲਾਇਆ ਤੇ ਉਸ ਦੇ ਸਿਰ ‘ਤੇ ਹੱਥ ਫੇਰਦਾ ਬੋਲਿਆ, “ਬੇਟੀ, ਮੈਂ ਜ਼ਿਆਦਾ ਕੁਛ ਨ੍ਹੀਂ ਕਹਾਂਗਾ; ਬੱਸ ਇੰਨਾ ਈ ਐ ਕਿ ਔਰਤ ਦਾ ਪਹਿਲਾ ਫਰਜ਼ ਆਪਣਾ ਪਰਿਵਾਰ ਬਚਾਉਣਾ ਹੁੰਦਾ ਐ। ਤੁਹਾਡੇ ਵਿਚਕਾਰ ਸਿਰਫ ਤਣਾਅ ਐ, ਹੋਰ ਕੁਛ ਨ੍ਹੀਂ। ਮੈਂ ਤੈਨੂੰ ਸਲਾਹ ਦਿਆਂਗਾ ਕਿ ਤੂੰ ਅਮਜਦ ਕੋਲ ਚਲੀ ਜਾ।”
“ਪਰ ਅੱਬੂ ਉਸ ਨੇ ਤਾਂ ਜਾ ਕੇ ਇੱਕ ਵਾਰ ਵੀ ਮੈਨੂੰ ਫੋਨ ਨ੍ਹੀਂ ਕੀਤਾ?”
“ਬੇਟੀ, ਕਈ ਵਾਰ ਇਨਸਾਨ ਕੰਮ ਵਿਚ ਉਲਝ ਜਾਂਦਾ ਹੈ ਤੇæææ। ਉਹ ਗੱਲ ਕਰ ਹੀ ਰਿਹਾ ਸੀ ਕਿ ਫੋਨ ਖੜਕ ਪਿਆ। ਉਸ ਨੇ ਫੋਨ ਉਠਾਉਂਦਿਆਂ ‘ਹੈਲੋ’ ਕਹੀ ਤਾਂ ਉਸ ਦੇ ਚਿਹਰੇ ‘ਤੇ ਰੌਣਕ ਆ ਗਈ। ਉਹ ਫੋਨ ਆਫੀਆ ਵੱਲ ਕਰਦਾ ਬੋਲਿਆ, “ਲੈ ਗੱਲ ਕਰ, ਅਮਜਦ ਦਾ ਫੋਨ ਐ।”
ਆਫੀਆ ਚਹਿਕ ਉਠੀ ਤੇ ਦੂਜੇ ਕਮਰੇ ‘ਚ ਜਾ ਕੇ ਗੱਲ ਕਰਨ ਲੱਗੀ। ਅੱਧੇ ਘੰਟੇ ਪਿੱਛੋਂ ਫੋਨ ਬੰਦ ਕਰਦੀ ਉਹ ਬਾਹਰ ਨਿਕਲੀ ਤਾਂ ਉਸ ਦਾ ਚਿਹਰਾ ਗੁਲਾਬ ਦੇ ਫੁੱਲ ਵਾਂਗ ਖਿੜਿਆ ਹੋਇਆ ਸੀ। ਉਸ ਨੇ ਉਸੇ ਵੇਲੇ ਟਿਕਟਾਂ ਬੁੱਕ ਕਰਨ ਲਈ ਕਹਿ ਦਿੱਤਾ ਤੇ ਤੀਜੇ ਦਿਨ ਬੱਚਿਆਂ ਨੂੰ ਲੈ ਕੇ ਉਹ ਅਮਰੀਕਾ ਦੇ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ‘ਤੇ ਜਾ ਉਤਰੀ। ਅਮਜਦ ਅੱਗੇ ਉਸ ਨੂੰ ਲੈਣ ਆਇਆ ਹੋਇਆ ਸੀ। ਉਹ ਘਰ ਪਹੁੰਚ ਗਏ। ਘਰੇ ਪੁੱਜ ਕੇ ਆਫੀਆ ਦਾ ਚਿਹਰਾ ਇੱਕ ਦਮ ਬਦਲ ਗਿਆ ਤੇ ਉਹ ਗੁੱਸੇ ‘ਚ ਕੰਬਣ ਲੱਗੀ।
“ਤੂੰ ਮੈਨੂੰ ਇੰਨੇ ਦਿਨ ਫੋਨ ਵੀ ਨਾ ਕੀਤਾ। ਤੂੰ ਆਪਣੇ ਆਪ ਨੂੰ ਸਮਝਿਆ ਕੀ ਐ?” ਉਹ ਉਚੀ ਬੋਲਦੀ ਅਮਜਦ ਦੇ ਗਲਾਮੇ ਨੂੰ ਚੰਬੜ ਗਈ। ਇੱਧਰ ਉਧਰ ਖਿੱਚਦੀ ਉਹ ਉਸ ਦੀ ਛਾਤੀ ‘ਚ ਮੁੱਕੀਆਂ ਮਾਰਨ ਲੱਗੀ। ਅਮਜਦ ਨੇ ਬਿਲਕੁਲ ਵਿਰੋਧ ਨਾ ਕੀਤਾ। ਆਖਰ ਆਫੀਆ ਥੱਕ ਗਈ ਤੇ ਮੁੱਕੀਆਂ ਮਾਰਨੀਆਂ ਛੱਡ ਕੇ ਅਮਜਦ ਦੀ ਛਾਤੀ ਨਾਲ ਚੰਬੜ ਗਈ। ਅਮਜਦ ਨੇ ਉਸ ਦੁਆਲੇ ਬਾਂਹ ਵਲ ਲਈ। ਆਫੀਆ ਇੰਨਾ ਰੋਈ ਕਿ ਅਮਜਦ ਦਾ ਕਮੀਜ਼ ਭਿੱਜ ਗਿਆ। ਉਸ ਦੀਆਂ ਅੱਖਾਂ ‘ਚ ਵੀ ਅੱਥਰੂ ਸਿੰਮ ਆਏ। ਇਸ ਦੇ ਨਾਲ ਹੀ ਉਸ ਦੇ ਮਨ ਵਿਚਲਾ ਉਹ ਖਿਆਲ ਕਿ ਸ਼ਾਇਦ ਆਫੀਆ ਬਹਾਨੇ ਨਾਲ ਉਸ ਕੋਲੋਂ ਤਲਾਕ ਚਾਹੁੰਦੀ ਐ, ਕਾਫੂਰ ਵਾਂਗ ਉਡ ਗਿਆ।
ਉਧਰ, ਅਫਗਾਨਿਸਤਾਨ ‘ਚ ਅਮਰੀਕਾ ਦੀ ਅਤਿਵਾਦ ਖਿਲਾਫ ਲੜੀ ਜਾ ਰਹੀ ਜੰਗ ਲੰਬੀ ਹੋ ਰਹੀ ਸੀ। ਤਾਲਿਬਾਨ ਸਰਕਾਰ ਤਾਂ ਪੰਜ-ਛੇ ਹਫਤਿਆਂ ਵਿਚ ਹੀ ਢਹਿ-ਢੇਰੀ ਹੋ ਗਈ ਸੀ, ਪਰ ਉਸਾਮਾ ਬਿਨ-ਲਾਦਿਨ ਅਤੇ ਉਸ ਦੀ ਜਥੇਬੰਦੀ ‘ਅਲ-ਕਾਇਦਾ’ ਤੋਰਾ ਬੋਰਾ ਪਹਾੜੀਆਂ ਦੇ ਪਿੱਛੋਂ ਦੀ ਹੁੰਦੀ ਪਾਕਿਸਤਾਨ ਵੱਲ ਨਿਕਲ ਗਈ ਸੀ। ਉਥੇ ਜਾ ਕੇ ਉਨ੍ਹਾਂ ਕਰਾਚੀ ਵਿਚ ਅੱਡੇ ਜਮਾਉਣੇ ਸ਼ੁਰੂ ਕਰ ਦਿੱਤੇ। ਅਮਰੀਕਾ ਸਮਝ ਗਿਆ ਸੀ ਕਿ ਅਫਗਾਨਿਸਤਾਨ ‘ਚ ਕੱਚੇ ਘਰਾਂ ਜਾਂ ਖੁਸ਼ਕ ਪਹਾੜਾਂ ‘ਤੇ ਬੰਬ ਸੁੱਟਣੇ ਬੇਕਾਰ ਹਨ। ਜਿਨ੍ਹਾਂ ਨੂੰ ਫੜਨ ਲਈ ਇਹ ਕੁਝ ਕੀਤਾ ਗਿਆ ਸੀ, ਉਹ ਤਾਂ ਸਭ ਬਚ ਕੇ ਨਿਕਲ ਗਏ। ਇਸ ਕਰ ਕੇ ਅਮਰੀਕਾ, ਲੜਾਈ ਦਾ ਮੁਹਾਜ਼ ਅਫਗਾਨਿਸਤਾਨ ਤੋਂ ਇਰਾਕ ਵੱਲ ਮੋੜਨ ਲਈ ਤਿਆਰ ਹੋਣ ਲੱਗ ਪਿਆ।
ਤੋਰਾ ਬੋਰਾ ਪਹਾੜੀਆਂ ‘ਚੋਂ ਭੱਜੇ ਅਲ-ਕਾਇਦਾ ਮੈਂਬਰਾਂ ਨੂੰ ਸੰਭਾਲਣ ਵਾਲੇ ਪਾਕਿਸਤਾਨ ‘ਚ ਬਥੇਰੇ ਬੈਠੇ ਸਨ। ਇਨ੍ਹਾਂ ‘ਚ ਸਭ ਤੋਂ ਵੱਧ ਸਰਗਰਮ ਬਲੋਚੀ ਪਰਿਵਾਰ ਸੀ। ਰਮਜ਼ੀ ਯੂਸਫ ਜੋ 1993 ਦੇ ਨਾਰਥ ਟਾਵਰ ਵਾਲੇ ਬੰਬ ਧਮਾਕੇ ਦਾ ਦੋਸ਼ੀ ਸੀ, ਇਸੇ ਪਰਿਵਾਰ ਤੋਂ ਸੀ। ਇਸ ਪਰਿਵਾਰ ਦੇ ਮੋਢੀ ਦਾ ਨਾਂ ਖਾਲਿਦ ਸ਼ੇਖ ਮੁਹੰਮਦ ਸੀ ਜਿਸ ਨੂੰ ਸਾਰੇ ਉਸ ਦੇ ਨਿੱਕ-ਨੇਮ ਯਾਨਿ ਕੇæਐਸ਼ਐਮæ ਨਾਲ ਬੁਲਾਉਂਦੇ ਸਨ। ਜੋ ਲੋਕ ਅਲ-ਕਾਇਦਾ ਮੈਂਬਰਾਂ ਨੂੰ ਸੰਭਾਲਣ ‘ਚ ਲੱਗੇ ਹੋਏ ਸਨ, ਉਨ੍ਹਾਂ ਵਿਚ ਔਰਤਾਂ ਦਾ ਗਰੁੱਪ ਵੀ ਸੀ। ਆਫੀਆ ਦੀ ਮਾਂ ਇਸਮਤ ਵੀ ਇਸੇ ਗਰੁੱਪ ‘ਚ ਕੰਮ ਕਰ ਰਹੀ ਸੀ। ਇੰਨਾ ਹੀ ਨਹੀਂ, ਸਗੋਂ ਅਲ ਬਲੋਚੀ ਪਰਿਵਾਰ ਦੇ ਕਈ ਮੈਂਬਰ ਉਸ ਦੇ ਘਰ ਮਹਿਮਾਨ ਬਣ ਕੇ ਠਹਿਰ ਵੀ ਚੁੱਕੇ ਸਨ। ਜਦੋਂ ਅਫਗਾਨਿਸਤਾਨ ਵਿਚੋਂ ਨਿਕਲੇ ਅਲ-ਕਾਇਦਾ ਮੈਂਬਰਾਂ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਗਿਆ ਤਾਂ ਕੇæਐਸ਼ਐਮæ ਆਪਣੀ ਅਗਲੀ ਸਕੀਮ ‘ਤੇ ਕੰਮ ਕਰਨ ਲੱਗਿਆ। ਉਹ ਚਾਹੁੰਦਾ ਸੀ ਕਿ ਜਦੋਂ ਤੱਕ ਅਮਰੀਕਾ 9/11 ਵਾਲੀ ਸੱਟ ‘ਚੋਂ ਉਭਰੇ, ਉਦੋਂ ਨੂੰ ਇਸ ਤੋਂ ਵੀ ਵੱਡਾ ਝਟਕਾ ਦਿੱਤਾ ਜਾਵੇ। ਇਸ ਦੂਜੇ ਹਮਲੇ ਲਈ ਕੇæਐਸ਼ਐਮæ ਨੇ ਅਜਿਹੇ ਬੰਦਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਜਿਹੜੇ ਪਹਿਲਾਂ ਈ ਅਮਰੀਕਾ ‘ਚ ਰਹਿ ਰਹੇ ਸਨ। ਇਸ ਦੇ ਲਈ ਉਸ ਨੇ ਅਮਰੀਕਾ ਵਿਚਲੇ ਆਪਣੇ ਸੰਪਰਕਾਂ ਰਾਹੀਂ ਅਜਿਹੇ ਬੰਦਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ। ਇਨ੍ਹਾਂ ਨਵੇਂ ਰੰਗਰੂਟਾਂ ‘ਚ ਹੋਜ਼ੇ ਪਦੀਲਾ ਨਾਂ ਦਾ ਅਮਰੀਕਨ ਵੀ ਸੀ। ਉਹ ਫਲੋਰਿਡਾ ਦਾ ਰਹਿਣ ਵਾਲਾ ਸੀ ਅਤੇ ਕਿਸੇ ਵੱਡੇ ਗੈਂਗ ਦਾ ਮੈਂਬਰ ਰਿਹਾ ਸੀ। ਉਸ ਨੂੰ ਸਮਝਾ-ਬੁਝਾ ਕੇ ਮੁਸਲਮਾਨ ਬਣਾਇਆ ਗਿਆ ਤੇ ਫਿਰ ਅਲ-ਕਾਇਦਾ ‘ਚ ਲਿਆਂਦਾ ਗਿਆ। ਟਰੇਨਿੰਗ ਲਈ ਉਸ ਨੂੰ ਪਾਕਿਸਤਾਨ ਲੈ ਗਏ। ਇਸ ਤਰ੍ਹਾਂ ਅਗਾਂਹ ਤੋਂ ਅਗਾਂਹ ਕੇæਐਸ਼ਐਮæ ਨੂੰ ਹੋਰ ਬੰਦੇ ਮਿਲਦੇ ਗਏ ਜਿਹੜੇ ਉਸ ਦੇ ਕੰਮ ‘ਚ ਸਹਾਈ ਹੋ ਸਕਦੇ ਸਨ।
ਹੋਜ਼ੇ ਪਦੀਲਾ ਨੂੰ ਇਸ ਪਾਸੇ ਲਿਆਉਣ ਵਾਲਾ ਐਡਮ ਹੁਸੈਨ ਸੀ ਜਿਹੜਾ ਬੈਨੇਵੋਲੈਂਸ ਇੰਟਰਨੈਸ਼ਨਲ ਵਿਚ ਕੰਮ ਕਰਦਾ ਸੀ। ਐਡਮ ਹੁਸੈਨ ਅੱਗੇ ਸੁਲੇਮਾਨ ਅਹਿਮਰ ਨੂੰ ਜਾਣਦਾ ਸੀ। ਸੁਲੇਮਾਨ ਦੀ ਆਫੀਆ ਨਾਲ ਜਾਣ-ਪਛਾਣ ਸੀ। ਉਸੇ ਕਾਰਨ ਹੀ ਆਫੀਆ ਬੈਨੇਵੋਲੈਂਸ ਦੇ ਇੱਕ ਹੋਰ ਸਰਗਰਮ ਮੈਂਬਰ ਅਦਨਾਨ ਸ਼ੁਕਰੀਜੁਮਾ ਦੇ ਸੰਪਰਕ ‘ਚ ਆਈ ਸੀ। ਆਫੀਆ ਦੇ ਅਮਰੀਕਾ ਮੁੜ ਆਉਣ ਨਾਲ ਸਾਰਿਆਂ ‘ਚ ਫਿਰ ਤੋਂ ਤਾਲਮੇਲ ਹੋਣ ਲੱਗਿਆ। ਜਾਅਲੀ ਈ-ਮੇਲਾਂ ਜ਼ਰੀਏ ਜਾਂ ਹੋਰ ਲੁਕਵੇਂ ਢੰਗਾਂ ਨਾਲ ਇਹ ਲੋਕ ਆਪਸ ਵਿਚ ਰਾਬਤਾ ਬਣਾਈ ਰਖਦੇ ਸਨ।
ਜਦੋਂ ਆਫੀਆ ਵਾਪਸ ਆਈ ਤਾਂ ਉਹ ਕਈ ਦਿਨ ਬਹੁਤ ਵਧੀਆ ਮਜਾਜ਼ ‘ਚ ਰਹੀ। ਉਹ ਅਮਜਦ ਨਾਲ ਬੜੀ ਮੁਹੱਬਤ ਨਾਲ ਪੇਸ਼ ਆਉਂਦੀ। ਅਮਜਦ ਨੂੰ ਲੱਗਾ ਕਿ ਉਸ ਵਿਚ ਤਬਦੀਲੀ ਆ ਰਹੀ ਹੈ। ਉਹ ਖੁਸ਼ ਸੀ। ਇਸੇ ਖੁਸ਼ੀ ਕਾਰਨ ਉਹ ਅਗਲੇ ਐਤਵਾਰ ਬੱਚਿਆਂ ਨੂੰ ਲੈ ਕੇ ਇਕ ਮਹਿੰਗੇ ਹੋਟਲ ਵਿਚ ਰਾਤ ਠਹਿਰਨ ਲਈ ਚਲਾ ਗਿਆ। ਉਥੇ ਜਾਂਦਿਆਂ ਹੀ ਆਫੀਆ ਭੜਕ ਉਠੀ, “ਅਮਜਦ ਤੈਨੂੰ ਸ਼ਰਮ ਆਉਣੀ ਚਾਹੀਦੀ ਐ। ਅਫਗਾਨਿਸਤਾਨ ਵਰਗੇ ਮੁਲਕਾਂ ‘ਚ ਸਾਡੇ ਮੁਸਲਮਾਨ ਭਰਾ ਗਰੀਬੀ ਨਾਲ ਮਰ ਰਹੇ ਨੇ ਤੇ ਤੈਨੂੰ ਅੱਯਾਸ਼ੀ ਦੀ ਪਈ ਐ।”
“ਆਫੀਆ ਅੱਯਾਸ਼ੀ ਵਾਲੀ ਇਸ ਵਿਚ ਕੀ ਗੱਲ ਐ। ਮੇਰੀ ਕਮਾਈ ਦੇ ਪੈਸੇ ਨੇ। ਮੈਂ ਕਿਸੇ ਗਲਤ ਥਾਂ ‘ਤੇ ਨ੍ਹੀਂ ਖਰਚ ਕਰ ਰਿਹਾ। ਮੈਂ ਆਪਣੇ ਪਰਿਵਾਰ ਦੀ ਖੁਸ਼ੀ ਲਈ ਇਹ ਖਰਚ ਕਰ ਰਿਹਾਂ। ਇਹ ਮੇਰਾ ਹੱਕ ਵੀ ਐ ਕਿ ਹਲਾਲ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਜ਼ਰਾ ਬਾਹਰ ਘੁਮਾ ਫਿਰਾ ਦਿਆਂ।”
“ਤੈਨੂੰ ਕਦੇ ਸਮਝ ਨ੍ਹੀਂ ਆ ਸਕਦੀ। ਮੈਂ ਇੱਥੇ ਨ੍ਹੀਂ ਰਹਿਣਾ। ਚੱਲ ਘਰੇ ਵਾਪਸ ਚੱਲੀਏ।”
ਆਫੀਆ ਉਥੇ ਨਾ ਰੁਕੀ ਤੇ ਅਮਜਦ ਨੂੰ ਨਾਲ ਲੈ ਕੇ ਘਰ ਮੁੜ ਕੇ ਹੀ ਸਾਹ ਲਿਆ। ਅਮਜਦ ਪ੍ਰੇਸ਼ਾਨ ਹੋ ਗਿਆ। ਉਸ ਨੇ ਸੋਚਿਆ ਸੀ ਕਿ ਪੁਰਾਣੀਆਂ ਕੁੜਿੱਤਣਾਂ ਭੁੱਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰੇਗਾ, ਪਰ ਆਫੀਆ ਉਥੇ ਹੀ ਅਟਕੀ ਹੋਈ ਸੀ। ਫਿਰ ਕੁਝ ਦਿਨਾਂ ਪਿੱਛੋਂ ਅਮਜਦ ਨੇ ਉਸ ਨੂੰ ਕਿਹਾ ਕਿ ਬੱਚਿਆਂ ਨੂੰ ਹੁਣ ਸਕੂਲ ਭੇਜਣ ਦਾ ਵੇਲਾ ਹੈ। ਹੁਣ ਤੋਂ ਇਹ ਪ੍ਰੀ-ਸਕੂਲ ਵਰਗੀਆਂ ਕਲਾਸਾਂ ਵਿਚ ਜਾਣ ਲੱਗਣਗੇ, ਫਿਰ ਹੀ ਕਿਤੇ ਜਾ ਕੇ ਦੂਜੇ ਸਕੂਲ ਜਾਣ ਦੇ ਕਾਬਲ ਹੋਣਗੇ, ਪਰ ਆਫੀਆ ਨੇ ਜੁਆਬ ਦਿੱਤਾ ਕਿ ਅਜੇ ਉਹ ਉਨ੍ਹਾਂ ਨੂੰ ਸਕੂਲ ਨਹੀਂ ਭੇਜੇਗੀ। ਉਹ ਘਰੇ ਹੀ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਦੇਵੇਗੀ। ਅਮਜਦ ਮਨ ਮਸੋਸ ਕੇ ਰਹਿ ਗਿਆ। ਕੁਝ ਦਿਨਾਂ ਪਿੱਛੋਂ ਅਮਜਦ ਇੱਕ ਦਿਨ ਛੇਤੀ ਘਰ ਆਇਆ ਤਾਂ ਉਹ ਬੜਾ ਹੈਰਾਨ ਹੋਇਆ। ਆਫੀਆ ਟੀæਵੀæ ‘ਤੇ ਉਹ ਕੁਝ ਵੇਖ ਰਹੀ ਸੀ ਜੋ ਜੰਗ ਦੇ ਮੈਦਾਨ ਵਿਚ ਹੋ ਰਿਹਾ ਸੀ। ਆਲੇ-ਦੁਆਲੇ ਮਾਰ-ਮਰਾਈ ਹੋ ਰਹੀ ਸੀ। ਨੇੜੇ ਹੀ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਅਮਜਦ ਤੋਂ ਇਹ ਸਭ ਵੇਖ ਨਾ ਹੋਇਆ, ਪਰ ਜਦੋਂ ਉਸ ਨੇ ਵੇਖਿਆ ਕਿ ਆਫੀਆ ਨੇ ਬੱਚਿਆਂ ਨੂੰ ਵੀ ਆਪਣੇ ਕੋਲ ਹੀ ਬਿਠਾਇਆ ਹੋਇਆ ਹੈ ਤਾਂ ਉਸ ਦੇ ਸਬਰ ਦਾ ਪਿਆਲਾ ਛਲਕ ਪਿਆ। ਉਹ ਗੁੱਸੇ ‘ਚ  ਬੋਲਿਆ, “ਆਫੀਆ ਇਹ ਕੀ ਐ?”
“ਕਿਉਂ ਕੀ ਹੋਇਆ? ਜੋ ਸੱਚ ਐ, ਉਹ ਸੱਚ ਐ। ਫਿਰ ਉਸ ਨੂੰ ਵੇਖਣ ਵਿਚ ਕੀ ਹਰਜ ਐ।”
“ਗੱਲ ਇਹ ਨ੍ਹੀਂ ਐ। ਗੱਲ ਇਹ ਐ ਕਿ ਤੂੰ ਭੋਰਾ ਭਰ ਦੇ ਬੱਚਿਆਂ ਨੂੰ ਇੰਨੀਆਂ ਖਤਰਨਾਕ ਘਟਨਾਵਾਂ ਵਿਖਾ ਰਹੀ ਐਂ। ਇਨ੍ਹਾਂ ਦੇ ਮਨ ‘ਤੇ ਕੀ ਅਸਰ ਪਊਗਾ।”
“ਮੈਂ ਤਾਂ ਚਾਹੁੰਨੀ ਆਂ ਕਿ ਇਨ੍ਹਾਂ ਦੇ ਮਨ ‘ਤੇ ਅਸਰ ਪਵੇ; ਤਾਂ ਕਿ ਇਹ ਵੱਡੇ ਹੋ ਕੇ ਤੇਰੇ ਵਾਂਗੂੰ ਅਮਰੀਕਨ ਭਗਤ ਨਾ ਬਣਨ।”
“ਇਹ ਸਹੀ ਨ੍ਹੀਂ ਐ। ਨਾਲੇ ਮੈਂ ਅਮਰੀਕਨ ਭਗਤ ਬਣਨ ਵਾਲੀ ਕੀ ਗੱਲ ਕਰ ਦਿੱਤੀ?”
“ਤੈਨੂੰ ਆਪਣੇ ਨੌਕਰੀ ਕਰਨ ਅਤੇ ਪੈਸੇ ਬਣਾਉਣ ਤੱਕ ਮਤਲਬ ਐ। ਤੈਨੂੰ ਇਸ ਗੱਲ ਨਾਲ ਕੋਈ ਸਰੋਕਾਰ ਨ੍ਹੀਂ ਕਿ ਆਲੇ-ਦੁਆਲੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਐ।”
“ਹੁਣ ਮੁਸਲਮਾਨਾਂ ਨਾਲ ਕੀ ਵੱਖਰਾ ਹੋਣ ਲੱਗ ਪਿਆ, ਤੂੰ ਜੋ ਅੱਜ ਇੰਨੀ ਸੰਜੀਦਾ ਹੋਈ ਬੈਠੀ ਐਂ?”
“ਅਮਰੀਕਾ, ਇਰਾਕ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਐ।”
“ਇਹ ਤਾਂ ਇੱਕ ਦਿਨ ਹੋਣਾ ਈ ਸੀ।”
“ਕਿਉਂ? ਕਿਉਂ ਹੋਣਾ ਸੀ ਇਹ ਇੱਕ ਦਿਨ? ਸਿਰਫ ਇਸੇ ਕਰ ਕੇ ਕਿ ਅਮਰੀਕਾ ਦੁਨੀਆਂ ‘ਚ ਸਭ ਤੋਂ ਵੱਧ ਤਾਕਤਵਰ ਐ?” ਆਫੀਆ ਦੀ ਤਿਉੜੀ ਚੜ੍ਹ ਗਈ।
“ਨ੍ਹੀਂ ਇਹ ਗੱਲ ਨ੍ਹੀਂ ਐ। ਤੂੰ ਯਾਦ ਕਰ, ਜਦੋਂ 1991 ‘ਚ ਪਹਿਲੀ ਇਰਾਕ ਜੰਗ ‘ਡੈਜ਼ਰਟ ਸਟੌਰਮ’ ਖਤਮ ਹੋਈ ਸੀ ਤਾਂ ਜੰਗਬੰਦੀ ਅਹਿਦਨਾਮੇ ਵਿਚ ਇਹ ਮੱਦ ਸ਼ਾਮਲ ਸੀ ਕਿ ਇਰਾਕ ਆਪਣੇ ਬਾਇਲੋਜੀਕਲ ਅਤੇ ਕੈਮੀਕਲ ਹਥਿਆਰ ਖਤਮ ਕਰੇਗਾ, ਪਰ ਉਹ ਉਸ ਨੇ ਖਤਮ ਨ੍ਹੀਂ ਕੀਤੇ ਅਤੇ ਨਾ ਹੀ ਕਰਨਾ ਚਾਹੁੰਦਾ ਐ।”
“ਜਦੋਂ ਇਰਾਕ ਨੇ ਕਹਿ ਦਿੱਤਾ ਐ ਕਿ ਉਸ ਕੋਲ ਇਸ ਕਿਸਮ ਦੇ ਹਥਿਆਰ ਹੈ ਹੀ ਨ੍ਹੀਂ ਤਾਂ ਗੱਲ ਖਤਮ ਹੋ ਜਾਣੀ ਚਾਹੀਦੀ ਐ।”
“ਉਹ ਝੂਠ ਬੋਲ ਰਿਹਾ ਐ। ਉਸ ਕੋਲ ਇਹ ਸਾਰੇ ਹਥਿਆਰ ਹੈਗੇ ਨੇ।”
“ਤੇਰੇ ਕੋਲ ਕੀ ਸਬੂਤ ਐ?”
“ਇਹ ਤਾਂ ਤੈਨੂੰ ਵੀ ਪਤਾ ਈ ਐ ਕਿ ਇਰਾਨ-ਇਰਾਕ ਜੰਗ ਅੱਠ-ਦਸ ਸਾਲ ਚਲਦੀ ਰਹੀ, ਪਰ ਜਦੋਂ ਖਤਮ ਹੋਣ ‘ਤੇ ਆਈ ਤਾਂ ਇੱਕ ਦਿਨ ‘ਚ ਹੀ ਖਤਮ ਹੋ ਗਈ। ਅਜਿਹਾ ਪਤੈ ਕਿਉਂ ਹੋਇਆ ਸੀ?”
“ਕਿਉਂ?”
“ਕਿਉਂਕਿ ਇਰਾਕ ਨੇ ਲੜਾਈ ਦੇ ਮੈਦਾਨ ‘ਚ ਕੈਮੀਕਲ ਹਥਿਆਰਾਂ ਦੀ ਵਰਤੋਂ ਕੀਤੀ ਸੀ। ਹਜ਼ਾਰਾਂ ਇਰਾਨੀ ਫੌਜੀ ਮੋਰਚਿਆਂ ‘ਚ ਬੈਠੇ ਈ ਸਦਾ ਦੀ ਨੀਂਦ ਸੌਂ ਗਏ। ਇਸੇ ਕਰ ਕੇ ਮਜਬੂਰ ਹੋ ਕੇ ਇਰਾਨ ਨੂੰ ਲੜਾਈ ਬੰਦ ਕਰਨੀ ਪਈ ਸੀ। ਸਭ ਨੂੰ ਪਤਾ ਐ ਕਿ ਇਰਾਕ ਕੋਲ ਹੁਣ ਵੀ ਉਹ ਹਥਿਆਰ ਹੈਗੇ ਨੇ। ਉਨ੍ਹਾਂ ਦੀ ਵਰਤੋਂ ਕਰ ਕੇ ਉਹ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦਾ ਐ। ਨਾਲੇ ਇਹ ਫੈਸਲਾ ਯੂæਐਨæਓæ ਦਾ ਐ, ਨਾ ਕਿ ਅਮਰੀਕਾ ਦਾ ਕਿ ਇਰਾਕ ਨੂੰ ਉਨ੍ਹਾਂ ਘਾਤਕ ਹਥਿਆਰਾਂ ਤੋਂ ਮੁਕਤ ਕੀਤਾ ਜਾਵੇ।”
“ਇਹ ਤਾਂ ਸਭ ਬਹਾਨੇ ਨੇ। ਅਸਲੀ ਮਸਲਾ ਤਾਂ ਹੋਰ ਐ।” ਆਫੀਆ ਉਸ ਦੀ ਕਿਸੇ ਗੱਲ ਨਾਲ ਸਹਿਮਤ ਨ੍ਹੀਂ ਹੋ ਰਹੀ ਸੀ।
“ਅਸਲੀ ਗੱਲ ਕੀ ਐ ਤੂੰ ਦੱਸ ਦੇ ਫਿਰ?”
“ਅਮਰੀਕਾ, ਇਜ਼ਰਾਇਲ ਨੂੰ ਮਹਾਂ ਇਜ਼ਰਾਇਲ ਬਣਾਉਣ ਲਈ, ਉਸ ਦੇ ਨੇੜਲੇ ਮੁਲਕਾਂ ਨੂੰ ਖਤਮ ਕਰ ਕੇ ਸਭ ਨੂੰ ਇਜ਼ਰਾਇਲ ‘ਚ ਸ਼ਾਮਲ ਕਰ ਦੇਵੇਗਾ। ਸਾਰੇ ਅਰਬ ਮੁਲਕ ਖਤਮ ਹੋ ਜਾਣਗੇ। ਇਕੱਲਾ ਇਜ਼ਰਾਇਲ ਰਹਿ ਜਾਵੇਗਾ ਅਤੇ ਅਰਬ ਦੇ ਸਾਰੇ ਤੇਲ ਭੰਡਾਰਾਂ ‘ਤੇ ਅਮਰੀਕਾ ਕਾਬਜ਼ ਹੋ ਜਾਵੇਗਾ।”
“ਇਹ ਮੁਮਕਿਨ ਨ੍ਹੀਂ ਐ। ਇਹ ਸਭ ਕੋਰੀਆਂ ਅਟਕਲਾਂ ਨੇ।”
“ਕਿਉਂ ਮੁਮਕਿਨ ਕਿਉਂ ਨ੍ਹੀਂ ਐ। ਪਹਿਲਾਂ ਵੀ ਇਹੀ ਕੁਛ ਤਾਂ ਹੋਇਆ ਸੀ।”
“ਪਹਿਲਾਂ ਕਦੋਂ?”
“ਜਦੋਂ ਇਹ ਸੋ ਕਾਲਡ ਇਜ਼ਰਾਇਲ ਬਣਿਆ ਸੀ। ਉਦੋਂ ਵੀ ਇਵੇਂ ਹੀ ਧੱਕਾ ਕੀਤਾ ਗਿਆ ਸੀ।”
“ਮੈਨੂੰ ਪਤਾ ਐ ਕਿ ਤੂੰ ਕੀ ਕਹਿਣਾ ਚਾਹੁੰਨੀ ਐਂ ਪਰ ਮੈਂ ਉਸ ਗੱਲ ਨੂੰ ਵੀ ਵੱਖਰੇ ਨਜ਼ਰੀਏ ਤੋਂ ਵੇਖਦਾ ਆਂ। ਉਦੋਂ ਇਜ਼ਰਾਇਲ ਨਾਂ ਦਾ ਕੋਈ ਮੁਲਕ ਨ੍ਹੀਂ ਸੀ। ਸਿਰਫ ਫਲਸਤੀਨ ਮੁਲਕ ਸੀ ਜੋ ਉਸ ਵੇਲੇ ਅੰਗਰੇਜ਼ਾਂ ਦਾ ਗੁਲਾਮ ਸੀ। ਫਲਸਤੀਨ ਦੇ ਯਹੂਦੀ ਵੱਧ ਅਧਿਕਾਰਾਂ ਵਾਲਾ ਸੂਬਾ ਮੰਗਦੇ ਸਨ, ਕਿਉਂਕਿ ਉਨ੍ਹਾਂ ਨੇ ਵੇਖ ਲਿਆ ਸੀ ਕਿ ਆਪਣੇ ਘਰ ਤੋਂ ਬਿਨਾਂ ਉਨ੍ਹਾਂ ਦੀ ਹੋਂਦ ਬਰਕਰਾਰ ਨ੍ਹੀਂ ਰਹਿ ਸਕਦੀ। ਦੂਜੀ ਵੱਡੀ ਜੰਗ ਵੇਲੇ ਹੀ ਹਿਟਲਰ ਨੇ ਅੱਧੋਂ ਵੱਧ ਯਹੂਦੀ ਵਸੋਂ ਮਾਰ ਮੁਕਾਈ ਸੀ। ਉਨ੍ਹਾਂ ਜੱਦੋਜਹਿਦ ਕਰ ਕੇ ਵੱਧ ਅਧਿਕਾਰਾਂ ਵਾਲਾ ਸੂਬਾ ਇਜ਼ਰਾਇਲ, ਫਲਸਤੀਨ ਦੇ ਅੰਦਰੇ ਹੀ ਲੈ ਲਿਆ। ਜਦੋਂ ਅੰਗਰੇਜ਼ ਚਲੇ ਗਏ ਤਾਂ ਸਾਰੇ ਅਰਬ ਮੁਲਕਾਂ ਨੇ ਰਲ ਕੇ, ਉਸ ਵੱਖਰੇ ਸੂਬੇ ਇਜ਼ਰਾਇਲ ‘ਚੋਂ ਯਹੂਦੀਆਂ ਨੂੰ ਭਜਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ, ਪਰ ਯਹੂਦੀਆਂ ਨੂੰ ਇਸ ਗੱਲ ਦਾ ਪਹਿਲਾਂ ਹੀ ਅਹਿਸਾਸ ਸੀ ਕਿ ਅਜਿਹਾ ਹੋਵੇਗਾ। ਉਨ੍ਹਾਂ ਵੀ ਆਪਣੀ ਤਿਆਰੀ ਕੀਤੀ ਹੋਈ ਸੀ। ਜਦੋਂ ਹਾਲਾਤ ਜ਼ਿਆਦਾ ਖਰਾਬ ਹੋ ਗਏ ਤਾਂ ਅਰਬ ਮੁਲਕਾਂ ਨੇ ਇਕੱਠੇ ਹੋ ਕੇ ਯਹੂਦੀਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਤੈਨੂੰ ਪਤਾ ਈ ਐ, ਇਹ 1948 ਦੀ ਇਜ਼ਰਾਇਲ ਅਰਬਾਂ ਦੀ ਪਹਿਲੀ ਲੜਾਈ ਦੀ ਗੱਲ ਐ। ਉਸ ਲੜਾਈ ‘ਚ ਅਰਬ ਮੁਲਕ ਹਾਰ ਗਏ। ਫਿਰ ਇਜ਼ਰਾਇਲ ਨੇ ਆਪਣੇ ਆਪ ਨੂੰ ਤਕੜਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਜੋ ਕੁਝ ਹੁਣ ਹੋਇਆ ਹੈ, ਇਹ ਅੱਗੇ ਵੀ ਵਾਪਰੇਗਾ।æææਤੇ ਇਸ ਤਰ੍ਹਾਂ ਹੋਇਆ ਵੀ। ਅੱਗੇ ਚੱਲ ਕੇ 1973 ‘ਚ ਫਿਰ ਇਜ਼ਰਾਇਲ ਅਤੇ ਅਰਬ ਮੁਲਕਾਂ ਦੀ ਜੰਗ ਹੋਈ। ਇਸ ਵਾਰ ਵੀ ਇਜ਼ਰਾਇਲ ਜਿੱਤ ਗਿਆ। ਅਸਲੀ ਗੱਲ ਇਹ ਐ ਕਿ ਜੇ ਇਜ਼ਰਾਈਲ ਕਮਜ਼ੋਰ ਹੋਵੇ ਤਾਂ ਅਰਬ ਮੁਲਕ ਉਸ ਨੂੰ ਇਕ ਦਿਨ ਵਿਚ ਖਤਮ ਕਰ ਦੇਣ। ਸੋ, ਆਪਣੇ ਆਪ ਨੂੰ ਬਚਾਉਣ ਦਾ ਤਾਂ ਹਰ ਇੱਕ ਦਾ ਪਹਿਲਾ ਹੱਕ ਐ।”
“ਅਮਜਦ ਇਹ ਤੂੰ ਨ੍ਹੀਂ ਬੋਲਦਾ, ਤੇਰੇ ਅੰਦਰਲਾ ਅਮਰੀਕਨ ਅਮਜਦ ਬੋਲਦਾ ਐ।” ਆਫੀਆ ਨੇ ਤਨਜ਼ ਕੱਸੀ।
“ਜਦੋਂ ਕੋਈ ਹੋਰ ਜੁਆਬ ਨ੍ਹੀਂ ਅਹੁੜਦਾ ਤਾਂ ਤੂੰ ਮੈਨੂੰ ਇਹ ਮਿਹਣਾ ਮਾਰ ਦਿੰਨੀ ਐਂ।”
ਗੱਲਾਂ ਕਰਦੀ ਆਫੀਆ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਕਿ ਉਸ ਦੇ ਪੇਟ ਵਿਚ ਪੀੜ ਹੋਈ ਹੋਵੇ ਤੇ ਉਹ ਭੁੰਜੇ ਹੀ ਬੈਠ ਗਈ। ਅਮਜਦ ਨੇ ਛੇਤੀ ਦੇਣੇ ਐਂਬੂਲੈਂਸ ਕਾਲ ਕੀਤੀ ਤੇ ਉਸ ਨੂੰ ਹਸਪਤਾਲ ਲੈ ਗਿਆ ਪਰ ਹਸਪਤਾਲ ਵਾਲਿਆਂ ਨੇ ਕਿਸੇ ਬਿਮਾਰੀ ਦੀ ਬਜਾਇ ਉਨ੍ਹਾਂ ਨੂੰ ਖੁਸ਼ੀ ਦੀ ਖ਼ਬਰ ਦਿੱਤੀ। ਆਫੀਆ ਤੀਜੇ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹ ਖੁਸ਼ੀ-ਖੁਸ਼ੀ ਘਰ ਮੁੜ ਆਏ। ਘਰੇ ਆ ਕੇ ਆਫੀਆ ਸੋਫੇ ‘ਤੇ ਟੇਢੀ ਜਿਹੀ ਹੋ ਕੇ ਪੈ ਗਈ। ਅਮਜਦ ਕੁਰਸੀ ਖਿੱਚ ਕੇ ਉਸ ਦੇ ਕੋਲ ਬੈਠ ਗਿਆ। ਆਫੀਆ ਉਸ ਦੇ ਮੂੰਹ ਵੱਲ ਨੀਝ ਲਾ ਕੇ ਵੇਖਦੀ ਰਹੀ। ਫਿਰ ਅੱਖਾਂ ਭਰਦਿਆਂ ਬੋਲੀ, “ਅਮਜਦ ਮੇਰਾ ਇੱਥੇ ਦਿਲ ਨ੍ਹੀਂ ਲੱਗਦਾ।”
“ਕਿਉਂ ਅਜਿਹੀ ਕੀ ਗੱਲ ਐ?”
“ਬੱਸ ਪਤਾ ਨ੍ਹੀਂ ਕੀ ਗੱਲ ਐ। ਮੈਂ ਚਾਹੁੰਨੀ ਆਂ ਕਿ ਆਪਾਂ ਪਾਕਿਸਤਾਨ ਵਾਪਸ ਚੱਲੀਏ।”
ਅਮਜਦ ਕੁਝ ਨਾ ਬੋਲਿਆ। ਉਹ ਚੁੱਪ-ਚਾਪ ਉਸ ਦੇ ਮੂੰਹ ਵੱਲ ਵੇਖਦਾ ਰਿਹਾ ਤਾਂ ਆਫੀਆ ਫਿਰ ਬੋਲੀ, “ਤੂੰ ਕੋਈ ਜੁਆਬ ਕਿਉਂ ਨ੍ਹੀਂ ਦਿੰਦਾ?”
“ਆਫੀਆ ਉਥੇ ਜਾ ਕੇ ਤੂੰ ਪਹਿਲਾਂ ਵਾਂਗ ਫਿਰ ਮੇਰੇ ‘ਤੇ ਜ਼ੋਰ ਪਾਉਣਾ ਸ਼ੁਰੂ ਕਰ ਦੇਵੇਂਗੀ ਕਿ ਜਹਾਦ ‘ਚ ਸ਼ਾਮਲ ਹੋਈਏ।”
“ਅਮਜਦ ਮੈਂ ਤਾਂ ਵਿਚ-ਵਿਚਾਲੇ ਫਸ ਗਈ ਆਂ।” ਕਾਫੀ ਦੇਰ ਚੁੱਪ ਰਹਿਣ ਪਿੱਛੋਂ ਕੰਧ ਵੱਲ ਝਾਕਦਿਆਂ ਆਫੀਆ ਬੋਲੀ।
“ਉਹ ਕਿਵੇਂ?”
“ਇੱਕ ਪਾਸੇ ਤੂੰ ਐਂ ਤੇ ਦੂਜੇ ਪਾਸੇ ਜਹਾਦ।”
“ਆਫੀਆ, ਇੱਕ ਗੱਲ ਪੁੱਛਾਂ? ਸੱਚ ਦੱਸੀਂ।”
“ਹਾਂ ਪੁੱਛ।” ਆਫੀਆ ਨੇ ਮੂੰਹ ਉਸ ਵੱਲ ਕਰ ਲਿਆ।
“ਜੇ ਤੈਨੂੰ ਭਲਾ ਕਦੇ ਚੋਣ ਕਰਨੀ ਪੈ ਗਈ ਤਾਂ ਤੂੰ ਕਿਸ ਨੂੰ ਚੁਣੇਗੀ? ਮੈਨੂੰ ਜਾਂ ਜਹਾਦ ਨੂੰ?”
“ਅਮਜਦ, ਜੇ ਅਜਿਹੀ ਚੋਣ ਕਰਨ ਦਾ ਸਮਾਂ ਕਦੇ ਆਉਂਦਾ ਐ ਤਾਂ ਇਹ ਮੇਰੇ ਲਈ ਬੜਾ ਦੁਖਦਾਈ ਵਕਤ ਹੋਵੇਗਾ, ਪਰ ਸੱਚੀ ਗੱਲ ਪਹਿਲਾਂ ਈ ਦੱਸ ਦਿੰਨੀ ਆਂ ਕਿ ਆਖਰ ਮੈਂ ਚੁਣਾਂਗੀ ਤਾਂ ਜਹਾਦ ਨੂੰ ਈ।” ਇੰਨਾ ਕਹਿੰਦਿਆਂ ਆਫੀਆ ਨੇ ਅੱਖਾਂ ਮੀਚ ਲਈਆਂ ਤੇ ਸਿੱਧੀ ਹੋ ਕੇ ਸੋਫੇ ‘ਤੇ ਪੈ ਗਈ। ਅਮਜਦ ਉਦਾਸ ਜਿਹਾ ਉਠ ਕੇ ਬਾਹਰ ਚਲਾ ਗਿਆ।
ਅਗਲੇ ਦਿਨ ਸਵੇਰ ਵੇਲੇ ਕਿਸੇ ਫੋਨ ਦੀ ਘੰਟੀ ਨੇ ਆਫੀਆ ਨੂੰ ਨੀਂਦ ‘ਚੋਂ ਜਗਾਇਆ। ਫੋਨ ਸੁਹੇਲ ਦਾ ਸੀ। ਉਹ ਦੱਸਣ ਲੱਗਾ ਕਿ ਐਫ਼ਬੀæਆਈæ ਨੇ ਕੇਅਰ ਬਰਦਰਜ਼ ਅਤੇ ਬੋਨੇਵੋਲੈਂਸ ਇੰਟਰਨੈਸ਼ਨਲ ਦੇ ਕਈ ਹੋਰ ਮੈਂਬਰਾਂ ਨੂੰ ਪੁੱਛ-ਗਿੱਛ ਲਈ ਫੜਿਆ ਸੀ, ਪਰ ਲੰਬੀ ਪੁੱਛ-ਗਿੱਛ ਪਿੱਛੋਂ ਸਭ ਨੂੰ ਛੱਡ ਦਿੱਤਾ। ਸੁਹੇਲ ਨੇ ਆਫੀਆ ਨੂੰ ਸਾਵਧਾਨ ਕੀਤਾ ਕਿ ਉਹ ਆਪਣੀ ਅਸਲੀ ਈ-ਮੇਲ ‘ਤੇ ਕੁਝ ਵੀ ਸ਼ੱਕੀ ਨਾ ਲਿਖੇ। ਨਾਲ ਹੀ ਫੋਨ ਵਰਤਣ ਲੱਗੀ ਇਹਤਿਆਤ ਰੱਖੇ। ਕੋਸ਼ਿਸ਼ ਕਰੇ ਕਿ ਜ਼ਿਆਦਾ ਗੱਲ ਉਹ ਉਸ ਨੂੰ ਦਿੱਤੇ ਗਏ ਲੁਕਵੇਂ ਫੋਨ ਤੋਂ ਕਰੇ। ਸੁਹੇਲ ਨੂੰ ਲੱਗਿਆ ਕਿ ਆਫੀਆ ਨੀਂਦ ‘ਚ ਹੋਣ ਕਾਰਨ ਸ਼ਾਇਦ ਗੱਲ ਨ੍ਹੀਂ ਕਰਨਾ ਚਾਹੁੰਦੀ। ਉਸ ਨੂੰ ਸੌਣ ਦਾ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ। ਆਫੀਆ ਨੂੰ ਮੁੜ ਨੀਂਦ ਆਉਣ ਲੱਗੀ ਹੀ ਸੀ ਕਿ ਫੋਨ ਫਿਰ ਤੋਂ ਖੜਕ ਪਿਆ। ਉਸ ਨੇ ਸਕਰੀਨ ‘ਤੇ ਨਜ਼ਰ ਮਾਰੀ। ਸੁਹੇਲ ਹੀ ਦੁਬਾਰਾ ਫੋਨ ਕਰ ਰਿਹਾ ਸੀ। ਸੁਹੇਲ ਬੜੇ ਉਤਸ਼ਾਹ ‘ਚ ਬੋਲਿਆ।
“ਮੈਂ ਜੋ ਕੁਝ ਤੈਨੂੰ ਦੱਸਣ ਜਾ ਰਿਹਾਂ, ਇਸ ਨੇ ਤੇਰੀ ਨੀਂਦ ਅਤੇ ਸੁਸਤੀ ਸਭ ਉਡਾ ਦੇਣੀ ਐ।”
“ਅੱਛਾ!”
“ਮੈਨੂੰ ਹੁਣੇ-ਹੁਣੇ ਅਦਨਾਨ ਸ਼ੁਕਰੀਜੁਮਾ ਦਾ ਮੈਸਿਜ ਮਿਲਿਐ।”
“ਮੇਰੇ ਨਾਲ ਵੀ ਉਸ ਦੀ ਰਾਤ ਈ ਗੱਲ ਹੋਈ ਸੀ, ਪਰ ਹੁਣ ਉਹ ਕੀ ਕਹਿ ਰਿਹੈ?”
“ਆਫੀਆ ਤੈਨੂੰ ਯਾਦ ਐ ਨਾ ਕਿ ਪਿੱਛੇ ਜਿਹੇ ਇੱਕ ਯਹੂਦੀ ਪੱਤਰਕਾਰ ਨੇ ਪਾਕਿਸਤਾਨ ਜਾ ਕੇ ਜੈਸ਼-ਏੇ-ਮੁਹੰਮਦ ਦੇ ਲੀਡਰ ਦੀ ਇੰਟਰਵਿਊ ਕੀਤੀ ਸੀ ਤੇ ਪਿੱਛੋਂ ਉਸ ਨੇ ਜੈਸ਼-ਏੇ-ਮੁਹੰਮਦ ਬਾਰੇ ਕਾਫੀ ਕੁਝ ਅਜਿਹਾ ਵੀ ਲਿਖਿਆ ਸੀ ਜੋ ਸਾਡੇ ਉਸ ਲੀਡਰ ਨੂੰ ਪਸੰਦ ਨ੍ਹੀਂ ਆਇਆ ਸੀ।”
“ਮੈਨੂੰ ਪਤਾ ਐ। ਤੂੰ ਡੇਨੀਅਲ ਪਰਲ ਦੀ ਗੱਲ ਕਰ ਰਿਹੈਂ।”
“ਹਾਂ ਹਾਂ ਉਸੇ ਦੀ। ਉਸ ਨੂੰ ਉਸ ਦੀ ਆਖਰੀ ਮੰਜ਼ਲ ‘ਤੇ ਪਹੁੰਚਾ ਦਿੱਤਾ ਗਿਆ ਐ।”
“ਕੀ ਮਤਲਬ?” ਆਫੀਆ ਛਾਲ ਮਾਰ ਕੇ ਖੜ੍ਹੀ ਹੋ ਗਈ।
“ਤੂੰ ਆਹ ਇੱਕ ਅਡਰੈਸ ਲਿਖ ਤੇ ਫਿਰ ਇੰਟਰਨੈਟ ‘ਤੇ ਜਾ ਕੇ ਇਸ ਵੈਬਸਾਈਟ ‘ਤੇ ਆਪ ਵੇਖ।” ਅਡਰੈਸ ਲਿਖਾ ਕੇ ਸੁਹੇਲ ਨੇ ਫੋਨ ਕੱਟ ਦਿੱਤਾ। ਆਫੀਆ ਨੇ ਕੰਪਿਊਟਰ ‘ਤੇ ਸੁਹੇਲ ਦੀ ਦੱਸੀ ਵੈਬਸਾਈਟ ਖੋਲ੍ਹੀ ਤੇ ਵੀਡੀਓ ਚਲਾ ਦਿੱਤੀ। ਉਹ ਬੜੇ ਧਿਆਨ ਨਾਲ ਵੇਖਣ ਲੱਗੀ। ਦੋ ਢਕੇ ਚਿਹਰਿਆਂ ਵਾਲੇ ਡੇਨੀਅਲ ਪਰਲ ਨੂੰ ਖੁੱਲ੍ਹੇ ਵਿਹੜੇ ਵਿਚ ਲੈ ਕੇ ਆਉਂਦੇ ਹਨ। ਫਿਰ ਉਸ ਦੀਆਂ ਬਾਹਾਂ ਪਿੱਛੇ ਬੰਨ੍ਹ ਦਿੱਤੀਆਂ ਜਾਂਦੀਆਂ ਹਨ। ਢਕੇ ਚਿਹਰੇ ਵਾਲਾ ਇੱਕ ਜਣਾ ਅੱਗੇ ਵਧਦਾ ਹੈ ਤੇ ਡੇਨੀਅਲ ਪਰਲ ਦੀ ਜੀਭ ਵੱਢ ਦਿੰਦਾ ਹੈ। ਫਿਰ ਖੱਬੇ ਹੱਥ ਨਾਲ ਉਹ ਉਸ ਦੇ ਵਾਲ ਫੜ ਕੇ ਸਿਰ ਨੂੰ ਪਿੱਛੇ ਨੂੰ ਉਲਾਰਦਾ ਹੈ ਤੇ ਸੱਜੇ ਹੱਥ ਨਾਲ ਹੌਲੀ-ਹੌਲੀ ਕਰ ਕੇ ਉਸ ਦੀ ਸ਼ਾਹ ਰਗ ਇਸ ਤਰ੍ਹਾਂ ਵੱਢਦਾ ਹੈ ਜਿਵੇਂ ਬੱਕਰੇ ਨੂੰ ਹਲਾਲ ਕੀਤਾ ਜਾਂਦਾ ਹੈ। ਸਾਰਾ ਕੁਝ ਦੋ ਕੁ ਮਿੰਟ ਦੀ ਵੀਡੀਓ ਵਿਚ ਹੀ ਵਾਪਰ ਜਾਂਦਾ ਹੈ। ਆਫੀਆ ਇਹ ਦੋ ਮਿੰਟ ਅੱਖਾਂ ਨਹੀਂ ਝਮਕਦੀ। ਪਹਿਲਾਂ ਉਸ ਦਾ ਚਿੱਤ ਖਰਾਬ ਹੋਣ ਲੱਗਦਾ ਹੈ। ਫਿਰ ਉਸ ਨੂੰ ਅਫਗਾਨਿਸਤਾਨ ‘ਚ ਅਮਰੀਕਾ ਵੱਲੋਂ ਮਾਰੇ ਜਾ ਰਹੇ ਜਹਾਦੀ ਯਾਦ ਆਉਂਦੇ ਹਨ ਤਾਂ ਉਸ ਦਾ ਮਨ ਬਦਲਣ ਲੱਗਦਾ ਹੈ। ਉਸ ਨੂੰ ਡੇਨੀਅਲ ਪਰਲ ਦੀ ਹੱਤਿਆ ਕਰਨ ਵਾਲੇ ਜਹਾਦੀਆਂ ‘ਤੇ ਮਾਣ ਮਹਿਸੂਸ ਹੁੰਦਾ ਹੈ।
ਅਗਲੇ ਦਿਨ ਇਹ ਘਟਨਾ ਅਖ਼ਬਾਰਾਂ ਦੀ ਮੁੱਖ ਸੁਰਖੀ ਬਣ ਗਈ। ਅਸਲ ‘ਚ ਡੇਨੀਅਲ ਪਰਲ ਕਈ ਦਿਨਾਂ ਦਾ ਫੜਿਆ ਹੋਇਆ ਸੀ। ਉਸ ਦੀ ਗਰਭਵਤੀ ਪਤਨੀ ਨੇ ਟੀæਵੀæ’ਤੇ ਜਹਾਦੀਆਂ ਨੂੰ ਬੇਨਤੀ ਵੀ ਕੀਤੀ ਸੀ ਕਿ ਉਸ ਦੇ ਘਰਵਾਲੇ ਦੀ ਜਾਨ ਬਖਸ਼ ਦਿੱਤੀ ਜਾਵੇ, ਹੋਰ ਕਿਸੇ ਲਈ ਨਹੀਂ ਤਾਂ ਇਸ ਨੰਨ੍ਹੀ ਜਾਨ ਲਈ ਹੀ ਸਹੀ, ਜੋ ਕੁਝ ਮਹੀਨਿਆਂ ਬਾਅਦ ਜਨਮ ਲੈਣ ਵਾਲੀ ਹੈ। ਕਮ ਸੇ ਕਮ ਇਸ ਨੂੰ ਪਿਉ ਤੋਂ ਵਾਂਝਾ ਨਾ ਕੀਤਾ ਜਾਵੇ, ਪਰ ਉਸ ਦੀਆਂ ਮਿੰਨਤਾਂ ਦਾ ਕੋਈ ਅਸਰ ਨਾ ਹੋਇਆ। ਅਤਿਵਾਦੀਆਂ ਨੇ ਪਰਲ ਦੀ ਸਿਰਫ ਹੱਤਿਆ ਹੀ ਨਾ ਕੀਤੀ, ਸਗੋਂ ਉਸ ਨੂੰ ਮਾਰਨ ਵੇਲੇ ਉਸ ਦੀ ਵੀਡੀਓ ਇਸ ਕਰ ਕੇ ਬਣਾਈ ਗਈ ਤਾਂ ਕਿ ਹੋਰ ਪੱਤਰਕਾਰਾਂ ਨੂੰ ਡਰਾਇਆ ਜਾ ਸਕੇ।
ਅਮਰੀਕਾ ਲੜਾਈ ਦਾ ਮੂੰਹ ਭਾਵੇਂ ਇਰਾਕ ਵੱਲ ਮੋੜ ਰਿਹਾ ਸੀ ਪਰ ਉਸ ਨੇ ਅਲ-ਕਾਇਦਾ ਮੈਂਬਰਾਂ ਦਾ ਪਿੱਛਾ ਕਰਨਾ ਹੋਰ ਤੇਜ਼ ਕਰ ਦਿੱਤਾ ਸੀ। ਆਖਰ ਮਾਰਚ 2002 ‘ਚ ਅਮਰੀਕਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਚੋਟੀ ਦਾ ਅਲ-ਕਾਇਦਾ ਮੈਂਬਰ ਅਬੂ ਜ਼ੁਬੈਦ ਫੜ ਲਿਆ। ਪਹਿਲੀ ਵਾਰ ਅਬੂ ਜ਼ੁਬੈਦ ਨੇ ਅਜਿਹੀ ਜਾਣਕਾਰੀ ਦਿੱਤੀ ਕਿ ਅਮਰੀਕੀ ਸਰਕਾਰ ਦੇ ਹੋਸ਼ ਉਡ ਗਏ। ਉਸ ਮੁਤਾਬਕ 9/11 ਦੀ ਸਾਰੀ ਕਾਰਵਾਈ ਸਿਰੇ ਚੜ੍ਹਾਉਣ ਦੀ ਜ਼ਿੰਮੇਵਾਰੀ ਖਾਲਿਦ ਸ਼ੇਖ ਮੁਹੰਮਦ (ਕੇæਐਸ਼ਐਮæ) ਦੀ ਸੀ। ਤੇ 1993 ਵਿਚ ਨਾਰਥ ਟਾਵਰ ਦੇ ਪਾਰਕਿੰਗ ਲਾਟ ਵਿਚ ਬੰਬ ਧਮਾਕਾ ਕਰ ਕੇ ਛੇ ਜਣਿਆਂ ਦੀ ਮੌਤ ਅਤੇ ਸੈਂਕੜਿਆਂ ਨੂੰ ਜ਼ਖ਼ਮੀ ਕਰਨ ਵਾਲਾ ਰਮਜ਼ੀ ਯੂਸਫ ਇਸੇ ਕੇæਐਸ਼ਐਮæ ਦਾ ਭਤੀਜਾ ਹੈ। ਅਮਰੀਕੀ ਏਜੰਸੀਆਂ ਜਿਹੜੀਆਂ ਹੁਣ ਤੱਕ 9/11 ਬਾਰੇ ਹਨ੍ਹੇਰੇ ‘ਚ ਹੀ ਤੀਰ ਮਾਰ ਰਹੀਆਂ ਸਨ, ਹੁਣ ਸਾਰੀ ਕਹਾਣੀ ਸਮਝ ਗਈਆਂ। ਉਹ ਜਾਣ ਗਈਆਂ ਕਿ ਕਿਵੇਂ ਕੇæਐਸ਼ਐਮæ ਨੇ ਉਸਾਮਾ ਬਿਨ-ਲਾਦਿਨ ਨਾਲ ਮਿਲ ਕੇ 9/11 ਵਾਲਾ ਕਾਰਾ ਕਰਨ ਦਾ ਮਤਾ ਪਕਾਇਆ। ਫਿਰ ਇਸ ਨੂੰ ਸਿਰੇ ਚੜ੍ਹਾਉਣ ਦੀ ਸਾਰੀ ਜ਼ਿੰਮੇਵਾਰੀ ਵੀ ਕੇæਐਸ਼ਐਮæ ਨੇ ਹੀ ਪੂਰੀ ਕੀਤੀ। ਉਸੇ ਨੇ ਸਾਰੇ ਅਤਿਵਾਦੀਆਂ ਨੂੰ ਅਮਰੀਕਾ ਪਹੁੰਚਾਉਣ ‘ਚ ਮੱਦਦ ਕੀਤੀ ਤੇ ਉਨ੍ਹਾਂ ਨੂੰ ਟਰੇਨਿੰਗ ਦਿੱਤੀ। ਅਬੂ ਜ਼ੁਬੈਦ ਬਹੁਤ ਥੋੜ੍ਹੇ ਟਾਰਚਰ ਨਾਲ ਹੀ ਬਹੁਤ ਕੁਝ ਮੰਨ ਗਿਆ। ਉਸ ਨੇ ਕੇæਐਸ਼ਐਮæ ਦੀਆਂ ਅਗਾਂਹ ਦੀਆਂ ਸਕੀਮਾਂ ਵੀ ਦੱਸ ਦਿੱਤੀਆਂ। ਅਬੂ ਨੇ ਦੱਸਿਆ, “ਕੇæਐਸ਼ਐਮæ ਆਪਣੀ ਇਸ 9/11 ਦੀ ਪ੍ਰਾਪਤੀ ਤੋਂ ਬਹੁਤ ਉਤਸ਼ਾਹਤ ਐ। ਉਹ ਇਸ ਲੜਾਈ ਨੂੰ ਜ਼ੋਰ ਸ਼ੋਰ ਨਾਲ ਅੱਗੇ ਵਧਾਉਂਦਾ ਹੋਇਆ ਦੂਜੇ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਐ। ਉਸ ਦੀ ਅਗਾਂਹ ਦੀ ਪਹਿਲੀ ਸਕੀਮ ਇਹ ਹੈ ਕਿ ਅਮਰੀਕਾ ਵਿਚ ਰੇਡੀਉ ਐਕਟਿਵ ਬੰਬਾਂ ਨਾਲ ਹਮਲਾ ਕੀਤਾ ਜਾਵੇ। ਅਮਰੀਕਾ ਦੀਆਂ ਨੈਚੁਰਲ ਗੈਸ ਲਾਈਨਾਂ ਨੂੰ ਅੱਗ ਲਗਾ ਦਿੱਤੀ ਜਾਵੇ ਜਿਸ ਨਾਲ ਇੱਕ ਵਾਰ ਵਿਚ ਹੀ ਲੱਖਾਂ ਲੋਕ ਮਰ ਜਾਣਗੇ। ਜਾਂ ਫਿਰ ਉਹ ਚਾਹੁੰਦਾ ਐ ਕਿ ਅਮਰੀਕਨ ਪਾਣੀ ਦੇ ਸਿਸਟਮ ਵਿਚ ਜ਼ਹਿਰ ਮਿਲਾ ਦਿੱਤਾ ਜਾਵੇ। ਇਸ ਨਾਲ ਵੀ ਬਹੁਤ ਲੋਕ ਮਰਨਗੇ। ਅਮਰੀਕਨ ਐਟਮੀ ਊਰਜਾ ਪਲਾਂਟ ਵੀ ਉਸ ਦੇ ਨਿਸ਼ਾਨੇ ‘ਤੇ ਹਨ।”
ਅਬੂ ਜ਼ੁਬੈਦ ਨੇ ਹੋਰ ਦੱਸਿਆ ਕਿ ਇਸ ਦੂਜੇ ਵੱਡੇ ਹਮਲੇ ਲਈ ਕੇæਐਸ਼ਐਮæ ਨੇ ਵੱਖਰਾ ਤਰੀਕਾ ਅਖਤਿਆਰ ਕੀਤਾ ਹੈ। ਇਸ ਦੇ ਲਈ ਉਹ ਪਹਿਲਾਂ ਤੋਂ ਹੀ ਅਮਰੀਕਾ ਰਹਿ ਰਹੇ ਲੋਕਾਂ ‘ਚੋਂ ਜਹਾਦੀਆਂ ਦੀ ਭਰਤੀ ਕਰ ਰਿਹਾ ਹੈ। ਇਸ ਕੰਮ ਲਈ ਉਸ ਨੇ ਹੋਜ਼ੇ ਪਦੀਲਾ ਵਰਗੇ ਕਈ ਬੰਦੇ ਚੁਣ ਵੀ ਲਏ ਹਨ। ਅਬੂ ਜ਼ੁਬੈਦ ਨੇ ਇਹ ਵੀ ਦੱਸਿਆ ਕਿ ਅਗਲੀਆਂ ਸਾਰੀਆਂ ਸਕੀਮਾਂ ਨੂੰ ਸਿਰੇ ਚੜ੍ਹਾਉਣ ਲਈ ਕੇæਐਸ਼ਐਮæ ਨੇ ਅਦਨਾਨ ਸ਼ੁਕਰੀਜੁਮਾ ਦੀ ਜ਼ਿੰਮੇਵਾਰੀ ਲਾਈ ਹੈ। ਉਹੀ ਅਮਰੀਕਾ ਰਹਿੰਦਾ ਹੋਇਆ ਅੱਗੇ ਦੇ ਅਪਰੇਸ਼ਨ ਅੰਜ਼ਾਮ ਦੇਵੇਗਾ। ਅਬੂ ਜ਼ੁਬੈਦ ਤੋਂ ਜਿਨ੍ਹਾਂ ਬਾਰੇ ਵੀ ਜਾਣਕਾਰੀ ਮਿਲੀ ਐਫ਼ਬੀæਆਈæ ਉਨ੍ਹਾਂ ਸਾਰਿਆਂ ਦੇ ਮਗਰ ਲੱਗ ਗਈ।
(ਚੱਲਦਾ)

Be the first to comment

Leave a Reply

Your email address will not be published.