ਇਹ ਸਿੱਲ੍ਹੇ ਨੈਣ ਬੜਾ ਕੁਝ ਕਹਿਣ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਦਾਜ ਦੇ ਲੋਭੀਆਂ ਵੱਲੋਂ ਧੀਆਂ ਦੇ ਮਾਪਿਆਂ ਗਲ ਪਾਇਆ ਜਾਂਦਾ ਦਾਜ ਦਾ ਫਾਹਾ ਤੇ ਧੀਆਂ ਦੀ ਮਾਪਿਆਂ ਵਿਰੁਧ ਕੀਤੀ ਜਾਂਦੀ ਬਗਾਵਤ ਅਤੇ ਵਿਹਲੇ ਮਸ਼ਟੰਡਿਆਂ ਵੱਲੋਂ ਕੁੜੀਆਂ ਦੀ ਸ਼ਰ੍ਹੇਆਮ ਕੀਤੀ ਜਾਂਦੀ ਖਿੱਚਾ-ਧੂਹੀ ਹੀ ਭਰੂਣ ਹੱਤਿਆ ਨੂੰ ਜਨਮ ਦਿੰਦੀ ਹੈ। ਕੁੜੀਆਂ ਅੱਜ ਕਿਸੇ ਪੱਖੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ। ਇਨ੍ਹਾਂ ਨੇ ਹਰ ਖੇਤਰ ਵਿਚ ਆਪਣਾ ਨਾਮ ਰੋਸ਼ਨ ਕੀਤਾ ਹੈ; ਚਾਹੇ ਜਾਇਜ਼ ਖੇਤਰ ਦੀ ਵੱਡੀ ਪ੍ਰਾਪਤੀ ਹੋਵੇ ਤੇ ਚਾਹੇ ਨਾਜਾਇਜ਼ ਖੇਤਰ ਦੀ ਕੋਈ ਘਿਨਾਉਣੀ ਘਟਨਾ। ਪਿਛਲੇ ਸਮੇਂ ਤੋਂ ‘ਪੰਜਾਬ ਦੀ ਧੀ’ ਅਖਵਾਉਂਦੀ ਇਕ ਗਾਇਕਾ ਨੇ ਨੌਜਵਾਨ ਵਰਗ ਨੂੰ ਦੋਗਾਣਿਆਂ ਦੀ ਲੱਚਰਪਣੇ ਵਾਲੀ ਐਸੀ ਥਾਲੀ ਪਰੋਸੀ ਹੈ ਜੋ ਨਸ਼ਿਆਂ ਨਾਲੋਂ ਵੀ ਵੱਧ ਘਾਤਕ ਨਿਕਲੀ ਹੈ। ਪੰਜਾਬ ਦੀ ਇਸ ਧੀ ਨੇ ਆਪਣੇ ਬੈਂਕ ਖਾਤੇ ਤਾਂ ਭਰ ਲਏ ਹੋਣੇਗ ਪਰ ਕਈਆਂ ਦੇ ਚੁੱਲ੍ਹੇ ਦੀ ਅੱਗ ਦੇ ਨਾਲ ਘਰ ਦੇ ਚਿਰਾਗ ਵੀ ਬੁਝਾ ਦਿੱਤੇ। ਚਲੋ ਖ਼ੈਰ! ਹੁਣ ਜਿਹੜੀ ਧੀ ਦੀ ਕਹਾਣੀ ਲਿਖਣ ਲੱਗਿਆਂ, ਉਸ ਨੇ ਸ਼ਰਮ ਦੀ ਦਹਿਲੀਜ਼ ਤੋਂ ਐਸਾ ਕਦਮ ਅੱਗੇ ਪੁੱਟਿਆ ਜੋ ਬੇਸ਼ਰਮੀ ਦੀ ਦਲਦਲ ਵਿਚ ਫਸਦਾ ਗਿਆ।
ਦਿੱਲੀ ਦਾ ਰਹਿਣ ਵਾਲਾ ਟੀਟੂ ਸਿੰਘ ਬਿਜਨੈਸ ਵੀਜ਼ਾ ਲੈ ਕੇ ਅਮਰੀਕਾ ਪਹੁੰਚ ਗਿਆ। ਮਹੀਨਾ ਭਰ ਯਾਰਾਂ-ਦੋਸਤਾਂ ਕੋਲੋਂ ਡਾਲਰ ਬਣਾਉਣ ਦੇ ਤਰੀਕੇ ਲੱਭਦਾ ਰਿਹਾ। ਸਭ ਨੇ ਆਪੋ-ਆਪਣੀ ਸਲਾਹ ਦਿੱਤੀ। ਉਸ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ‘ਭਾਈ, ਤੇਰੇ ਬੱਚੇ ਨਿਆਣੇ ਹਨ, ਪਿੱਛੇ ਮੁੜ ਜਾਹ। ਇਥੇ ਪੱਕਾ ਹੋਣਾ ਬਹੁਤ ਔਖਾ ਹੈ।’ ਟੀਟੂ ਨੂੰ ਰਿਸ਼ਤੇਦਾਰ ਦੀ ਗੱਲ ਕੁਨੀਨ ਵਰਗੀ ਲੱਗੀ। ਉਸ ਨੇ ਅਮਰੀਕਾ ਰਹਿਣ ਦੀ ਕਸਮ ਖਾ ਲਈ। ਵਕੀਲ ਲੱਭ ਕੇ ਅਸਾਈਲਮ ਕੇਸ ਕਰ ਦਿੱਤਾ। ਚਾਰ ਮਹੀਨਿਆਂ ਬਾਅਦ ਟੀਟੂ ਸਿੰਘ ਦਾ ਕੇਸ ਪਾਸ ਹੋ ਗਿਆ। ਲੱਡੂਆਂ ਦਾ ਡੱਬਾ ਲੈ ਕੇ ਉਹ ਆਪਣੇ ਰਿਸ਼ਤੇਦਾਰ ਕੋਲ ਚੱਲਿਆ ਗਿਆ ਤੇ ਕਿਹਾ, “ਭਾ ਜੀ! ਦੇਖੋ ਟੀਟੂ ਸਿੰਘ ਅਮਰੀਕਾ ਵਿਚ ਪੱਕਾ ਹੋ ਗਿਆ। ਹੁਣ ਬੱਚੇ ਵੀ ਆਉਣਗੇ ਤੇ ਘਰਵਾਲੀ ਵੀ ਆਵੇਗੀ ਤੇ ਟੀਟੂ ਸਿੰਘ ਬਿਜਨੈਸ ਵੀ ਲਵੇਗਾ। ਤੁਸੀਂ ਮੂੰਹ ਮਿੱਠਾ ਕਰੋ ਜੀ।”
“ਟੀਟੂ ਸਿੰਘ! ਅਜੇ ਤੁਸੀਂ ਸੇਰ ਵਿਚੋਂ ਪੂਣੀ ਵੀ ਨਹੀਂ ਕੱਤੀ, ਅੱਗੇ ਦੇਖੋ ਕੀ ਹੁੰਦਾ ਹੈ।” ਰਿਸ਼ਤੇਦਾਰ ਹੰਢਿਆ ਹੋਇਆ ਬੰਦਾ ਸੀ। ਉਸ ਨੇ ਭਵਿੱਖ ਦੀਆਂ ਔਕੜਾਂ ਵੱਲ ਇਸ਼ਾਰਾ ਕਰਦਿਆਂ ਹੀ ਇਹ ਗੱਲ ਕਹੀ ਸੀ।
ਛੇਤੀ ਹੀ ਟੀਟੂ ਸਿੰਘ ਦੀ ਘਰਵਾਲੀ ਮਨਵੀਰ ਕੌਰ, ਵੱਡੀ ਧੀ ਪੂਨਮ ਅਤੇ ਛੋਟਾ ਪੁੱਤਰ ਅਜੈਵੀਰ ਅਮਰੀਕਾ ਪਹੁੰਚ ਗਏ। ਟੀਟੂ ਸਿੰਘ ਦਿੱਲੀ ਸ਼ਹਿਰ ਦਾ ਘੁੰਮਿਆ ਹੋਇਆ ਬਿਜਨੈਸਮੈਨ ਸੀ। ਉਹ ਛੇਤੀ ਹੀ ਅਮਰੀਕਾ ਦੇ ਤੌਰ ਤਰੀਕੇ ਸਮਝ ਗਿਆ। ਦੋਵੇਂ ਬੱਚੇ ਸਕੂਲ ਪੜ੍ਹਨ ਭੇਜ ਦਿੱਤੇ। ਆਪ ਦੋਵਾਂ ਨੇ ਦਿੱਲੀ ਨਿਵਾਸੀ ਬਿਕਰਮ ਸਿੰਘ ਦੇ ‘ਸੈਵਨ ਅਲੈਵਨ’ ਵਿਚ ਜੌਬ ਲੱਭ ਲਈ। ਬਿਕਰਮ ਸਿੰਘ ਛੇ ਮਹੀਨੇ ਇੱਥੇ ਤੇ ਛੇ ਮਹੀਨੇ ਦਿੱਲੀ ਰਹਿੰਦਾ। ਚਾਰੇ ਸਟੋਰਾਂ ‘ਤੇ ਮੈਨੇਜਰ ਹੀ ਕੰਮ ਚਲਾਉਂਦੇ। ਟੀਟੂ ਸਿੰਘ ਹੋਰਾਂ ਨੇ ਵੀ ਛੇਤੀ ਹੀ ਬਿਕਰਮ ਸਿੰਘ ਦੇ ਦਿਲ ਵਿਚ ਥਾਂ ਬਣਾ ਲਈ ਤੇ ਤਿੰਨ ਸਾਲ ਬਾਅਦ ‘ਸੈਵਨ ਅਲੈਵਨ’ ਹੀ ਆਪਣਾ ਬਣਾ ਲਿਆ। ਬਿਕਰਮ ਸਿੰਘ ਨੇ ਕਿਹਾ, “ਟੀਟੂ ਸਿੰਘ, ਆਹ ਕੀ ਕੀਤਾ।” ਟੀਟੂ ਸਿੰਘ ਕਹਿੰਦਾ, “ਜੋ ਤੁਸੀਂ ਸੱਤ ਸਾਲ ਪਹਿਲਾਂ ਕੀਤਾ ਸੀ।” ਦਿੱਲੀ ਵਾਲਾ ਦਿੱਲੀ ਵਾਲੇ ਕੋਲੋਂ ਲੁੱਟਿਆ ਗਿਆ। ਹੁਣ ਬਿਕਰਮ ਸਿੰਘ ਦਿੱਲੀ ਹਫ਼ਤੇ ਲਈ ਹੀ ਜਾਂਦਾ ਤੇ ਲੋਕਾਂ ਨੂੰ ਕਹਿੰਦਾ, “ਮਕਾਨ ਤੇ ਦੁਕਾਨ ਸੁੰਨੇ ਨਹੀਂ ਛੱਡਣੇ ਚਾਹੀਦੇ।”
ਕਈ ਵਾਰ ਬੰਦੇ ਨੂੰ ਧਨ ਲੋੜੋਂ ਵੱਧ ਵੀ ਮਿਲ ਜਾਵੇ ਤਾਂ ਉਹ ਆਪਣੇ ਅੰਦਰ ਇਹ ਭਰਮ ਪਾਲ ਲੈਂਦਾ ਹੈ ਕਿ ਇਹ ਮੇਰੀ ਸਿਆਣਪ ਨੂੰ ਭਾਗ ਲੱਗੇ ਨੇ। ਇਉਂ ਨਹੀਂ ਪਤਾ ਕਿ ਗੁਬਾਰਾ ਜ਼ਿਆਦਾ ਫੁੱਲ ਕੇ ਆਪਣੇ ਮੂੰਹ ‘ਤੇ ਹੀ ਸੱਟ ਮਾਰਦਾ ਹੈ। ਟੀਟੂ ਸਿੰਘ ਜਿਸ ਕੰਮ ਨੂੰ ਹੱਥ ਪਾਉਂਦਾ, ਜਾਂ ਜੋ ਵੀ ਕੋਈ ਸੌਦਾ ਕਰਦਾ, ਉਹ ਸੋਨੇ ‘ਤੇ ਸੁਹਾਗਾ ਹੁੰਦਾ। ਟੀਟੂ ਸਿੰਘ ਦਾ ਨਾਂ ਹੌਲੀ-ਹੌਲੀ ਚਮਕਣ ਲੱਗਾ। ਬੱਚਿਆਂ ਨੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖ ਕੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਪੂਨਮ ਕਾਲਜ ਚਲੀ ਗਈ। ਦਾਖਲੇ ਦੇ ਨਾਲ ਹੀ ਇਸ਼ਕ ਦੀ ਖੇਡ ਸ਼ੁਰੂ ਕਰ ਦਿੱਤੀ। ਇਸ਼ਕ ਦੀਆਂ ਗੁੱਡੀਆਂ ਅਸਮਾਨੀ ਉਡਣ ਲੱਗੀਆਂ। ਪੈਸੇ ਦੀ ਖੁੱਲ੍ਹੀ ਡੋਰ। ਨਾ ਡਰ, ਨਾ ਕੋਈ ਖਤਰਾ। ਪੂਨਮ ਆਪਣੇ ਪ੍ਰੇਮੀ ਨਾਲ ਦਿਨ-ਰਾਤ ਬਾਹਰ ਰਹਿਣ ਲੱਗੀ। ਮੁਟਿਆਰ ਧੀ ਦਾ ਰਾਤ ਨੂੰ ਘਰੋਂ ਬਾਹਰ ਰਹਿਣਾ ਖਤਰੇ ਦੀ ਘੰਟੀ ਹੁੰਦਾ ਹੈ ਪਰ ਟੀਟੂ ਸਿੰਘ ਦੇ ਡਾਲਰਾਂ ਨਾਲ ਕੰਨ ਬੋਲੇ ਹੋ ਚੁੱਕੇ ਸਨ। ਉਸ ਨੂੰ ਕੁਝ ਸੁਣਾਈ ਨਾ ਦਿੱਤਾ। ਮਾਂ ਨੂੰ ਕੁੜੀ ਦੇ ਚਾਲ-ਚਲਨ ‘ਤੇ ਸ਼ੱਕ ਹੋਇਆ ਤਾਂ ਅੱਗਿਓਂ ਪੂਨਮ ਕਹਿ ਦਿੰਦੀ ਕਿ ਮੈਂ ਤਾਂ ਆਪਣੀ ਸਹੇਲੀ ਦੇ ਘਰ ਠਹਿਰ ਜਾਂਦੀ ਹਾਂ। ਪੂਨਮ ਕਾਲਜ ਦੀ ਪੜ੍ਹਾਈ ਘੱਟ ਕਰਦੀ ਪਰ ਰਾਤ ਨੂੰ ਪ੍ਰੇਮੀ ਨੂੰ ਮਿਲਣਾ ਨਾ ਭੁੱਲਦੀ। ਪੜ੍ਹਾਈ ਦਾ ਨਤੀਜਾ ਤਾਂ ਅਜੇ ਆਉਣਾ ਬਾਕੀ ਸੀ, ਪੂਨਮ ਨੇ ਪ੍ਰੇਮੀ ਵੱਲੋਂ ਦਿੱਤੀ ‘ਡਿਗਰੀ’ ਦੀ ਖੁਸ਼ਖਬਰੀ ਮਾਂ ਨੂੰ ਸੁਣਾ ਦਿੱਤੀ। ਮਾਂ ਸੁਣ ਕੇ ਸੁੰਨ ਹੋ ਗਈ, “ਕੰਜਰੀਏ, ਤੂੰ ਆਹ ਸਹੇਲੀ ਨੂੰ ਮਿਲਣ ਜਾਂਦੀ ਸੀ।”
ਪੂਨਮ ਨੇ ਕਿਹਾ, “ਮਾਂ ਅਸੀਂ ਜਲਦੀ ਹੀ ਵਿਆਹ ਕਰਵਾ ਲੈਣਾ ਹੈ। ਤੁਸੀਂ ਫਿਕਰ ਨਾ ਕਰੋ।”
“ਨੀ, ਸਾਨੂੰ ਮਿਲਾ ਤਾਂ ਸਹੀ ਕੌਣ ਹੈ? ਜਿਸ ਨੇ ਤੈਨੂੰ ਆਪਣੇ ਜਾਦੂ ਵਿਚ ਫਸਾ ਲਿਐ।”
“ਮਾਂ, ਉਹ ਪੰਜਾਬ ਤੋਂ ਹੈ, ਮੇਰੇ ਨਾਲ ਪੜ੍ਹਦਾ ਹੈ। ਉਸ ਦੇ ਪਿਤਾ ਜੀ ਵੱਡੇ ਬਿਜਨੈਸਮੈਨ ਹਨ। ਉਹ ਵੀ ਵਿਆਹ ਲਈ ਰਾਜ਼ੀ ਹੈ।” ਧੀ ਦੀ ਗੱਲ ਸੁਣ ਕੇ ਮਾਂ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ ਕਿ ਇੱਜ਼ਤ ਮਿੱਟੀ ਵਿਚ ਮਿਲਣ ਤੋਂ ਬਚ ਜਾਵੇਗੀ। ਪੂਨਮ ਨੇ ਬੜੇ ਚਾਵਾਂ ਨਾਲ ਪ੍ਰੇਮੀ ਨੂੰ ਘਰ ਲਿਆਂਦਾ। ਮਾਂ ਤੇ ਟੀਟੂ ਸਿੰਘ ਨੇ ਪੁੱਛ-ਪੜਤਾਲ ਕੀਤੀ ਪਰ ਪ੍ਰੇਮੀ ਸਿਹਰਾ ਬੰਨ੍ਹ ਕੇ ਆਉਣ ਨੂੰ ਰਾਜ਼ੀ ਨਾ ਹੋਇਆ, ਸਗੋਂ ਉਲਟਾ ਕਹਿੰਦਾ, “ਅੰਕਲ, ਇਹ ਕਿਹੜਾ ਮੇਰੇ ਕੋਲ ਰੋਜ਼ ਰੁਕਦੀ ਸੀ, ਕਦੇ-ਕਦੇ ਇਹ ਬੰਟੀ ਤੇ ਲੱਕੀ ਹੋਣਾਂ ਨਾਲ ਵੀ ਚਲੀ ਜਾਂਦੀ ਸੀ।” ਟੀਟੂ ਸਿੰਘ ਨੂੰ ਗੁੱਸਾ ਆਇਆ ਕਿ ਤੂੰ ਮੇਰੀ ਧੀ ਨੂੰ ਜੀæਟੀæ ਰੋਡ ਵਾਲੀ ਸਮਝਦਾ ਹੈਂ। ਇਸ ਤੋਂ ਪਹਿਲਾਂ ਕਿ ਟੀਟੂ ਸਿੰਘ ਕੁਝ ਕਰ ਬੈਠਦਾ, ਪ੍ਰੇਮੀ ਦੌੜ ਗਿਆ।
ਪੂਨਮ ਨੇ ਮੁੰਡੇ ਨੂੰ ਜਨਮ ਦਿੱਤਾ। ਉਹ ਕਾਲਜ ਤੋਂ ਤਾਂ ਕੋਈ ਡਿਗਰੀ ਨਾ ਲੈ ਸਕੀ ਪਰ ਜਵਾਨੀ ਦੀ ਕੀਤੀ ਵੱਡੀ ਗਲਤੀ ਨੇ ਬੁੱਕਲ ਵਿਚ ਡਿਗਰੀ ਪਾ ਦਿੱਤੀ। ਟੀਟੂ ਸਿੰਘ ਦੀ ਮੁੱਛ ਥੋੜ੍ਹੀ ਜਿਹੀ ਥੱਲੇ ਨੂੰ ਹੋ ਗਈ। ਪੂਨਮ ਲਈ ਸਾਰਾ ਦਿਨ ਘਰ ਰਹਿਣਾ ਜੇਲ੍ਹ ਬਰਾਬਰ ਸੀ। ਹੌਲੀ-ਹੌਲੀ ਉਹ ਵੀ ਮਾਂ ਨਾਲ ਸਟੋਰ ‘ਤੇ ਜਾਣ ਲੱਗੀ ਕਿ ਸ਼ਾਇਦ ਕੰਮ ਕਰਦੀ ਨੂੰ ਦਿਲ ‘ਤੇ ਲੱਗੀ ਸੱਟ ਦੀ ਰੜਕ ਘੱਟ ਪਊ। ਦਿਨਾਂ ਨੇ ਹਫਤੇ ਬਦਲਦਿਆਂ ਨਵਾਂ ਸਾਲ ਲੈ ਆਂਦਾ। ਨਵੇਂ ਸਾਲ ‘ਤੇ ਫਿਰ ਪੂਨਮ ਨੇ ਆਪਣੇ ਹਾਣ ਦੀ ਉਮਰ ਦੇ ਮੁੰਡੇ ਨਾਲ ਫੋਨ ਨੰਬਰ ਵਟਾ ਲਿਆ। ਮੁਲਾਕਾਤਾਂ ਨਾਲ ਦਿਲ ਵੱਟ ਗਏ। ਪੂਨਮ ਫਿਰ ਤਿੱਤਲੀ ਬਣ ਉਡਣ ਲੱਗੀ। ਪੂਨਮ ਦਾ ਨਵਾਂ ਪ੍ਰੇਮੀ ਨਵੀ ਸੋਹਣਾ ਸੁਨੱਖਾ ਤਾਂ ਬਹੁਤ ਸੀ, ਪਰ ਉਸ ਦੀ ਜੇਬ ਗਰੀਨ ਕਾਰਡ ਤੋਂ ਖਾਲੀ ਸੀ। ਪੂਨਮ ਅੱਗੇ ਉਸ ਨੇ ਇਸ ਘਾਟ ਨੂੰ ਆਉਣ ਨਾ ਦਿੱਤਾ। ਪੂਨਮ ਨੇ ਵੀ ਨਵੀ ਤੋਂ ਆਪਣੀ ਲਵ-ਸਟੋਰੀ ਲੁਕਾਈ ਰੱਖੀ। ਦੋਵੇਂ ਪਾਸਿਆਂ ਤੋਂ ਝੂਠ ਦੀ ਨੀਂਹ ‘ਤੇ ਪਿਆਰ ਦਾ ਮਹਿਲ ਉਸਰਨ ਲੱਗਿਆ। ਦੋ ਸਾਲ ਦੋਵੇਂ ਖੰਡ-ਖੀਰ ਹੁੰਦੇ ਰਹੇ। ਅਖੀਰ ਟੀਟੂ ਸਿੰਘ ਨੂੰ ਪਤਾ ਲੱਗ ਗਿਆ ਕਿ ਧੀ ਉਹੀ ਗਲਤੀ ਦੁਬਾਰਾ ਕਰ ਰਹੀ ਹੈ। ਉਸ ਨੇ ਨਵੀ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਮੇਰੀ ਧੀ ਨਾਲ ਵਿਆਹ ਕਰਾਵੇਂਗਾ ਕਿ ਨਹੀਂ? ਨਵੀ ਝੱਟ ਮੰਨ ਗਿਆ। ਗੱਲ ਅਗਾਂਹ ਤੁਰਦੀ, ਜਦ ਨੂੰ ਪਿੰਡ ਨਵੀ ਦਾ ਬਾਪ ਪੂਰਾ ਹੋ ਗਿਆ। ਨਵੀ ਤਾਂ ਜਾ ਨਹੀਂ ਸੀ ਸਕਦਾ, ਉਸ ਨੇ ਪੂਨਮ ਨੂੰ ਆਪਣੇ ਪਿੰਡ ਭੇਜ ਦਿੱਤਾ। ਪੂਨਮ ਦਾ ਵੀ ਪਿੰਡ ਵਾਲਿਆਂ ਨੇ ਬਹੁਤ ਸਤਿਕਾਰ ਕੀਤਾ। ਨਵੀ ਨੇ ਪਿਤਾ ਦੀ ਅੰਤਮ ਅਰਦਾਸ ਤੋਂ ਬਾਅਦ ਪੂਨਮ ਨੂੰ ਆਪਣੇ ਪਿਆਰ ਦਾ ਵਾਸਤਾ ਪਾ ਕੇ ਆਪਣੇ ਛੋਟੇ ਭਰਾ ਕੋਮਲ ਨਾਲ ਫਰਜ਼ੀ ਵਿਆਹ ਕਰਵਾ ਕੇ ਲਿਆਉਣ ਲਈ ਮਨਾ ਲਿਆ। ਪੂਨਮ, ਕੋਮਲ ਨਾਲ ਵਿਆਹ ਕਰਵਾ ਕੇ ਵਾਪਸ ਆ ਗਈ। ਬਾਕੀ ਪੇਪਰਾਂ ਦਾ ਕੰਮ ਨਵੀ ਨੇ ਆਪ ਕਰਵਾ ਲਿਆ।
ਛੇ ਮਹੀਨਿਆਂ ਬਾਅਦ ਕੋਮਲ ਅਮਰੀਕਾ ਆ ਗਿਆ। ਨਵੀ ਪੂਨਮ ਨੂੰ ਆਪਣੇ ਨਾਲ ਹੀ ਰੱਖਦਾ। ਉਹ ਆਪ ਦੋਵੇਂ ਭਰਾ ਕੰਮ ‘ਤੇ ਜਾਂਦੇ ਅਤੇ ਪੂਨਮ ਕੰਮ-ਕਾਜ ਕਰ ਕੇ ਮਾਂ ਦੇ ਘਰ ਆਪਣੇ ਪੁੱਤ ਕੋਲ ਆ ਜਾਂਦੀ। ਕੋਮਲ ਨੇ ਸਿਟੀਜ਼ਨਸ਼ਿਪ ਹਾਸਲ ਕਰ ਲਈ। ਹੁਣ ਪੂਨਮ ਨੇ ਨਵੀ ਨੂੰ ਵਿਆਹ ਕਰਵਾਉਣ ਲਈ ਜ਼ੋਰ ਲਾਉਣਾ ਸ਼ੁਰੂ ਕੀਤਾ। ਨਵੀ ਅੱਜ-ਭਲਕ ਦਾ ਲਾਰਾ ਲਾਉਂਦਾ ਗਿਆ। ਨਵੀ ਸਿਹਰੇ ਬੰਨ੍ਹਣ ਲਈ ਤਿਆਰ ਹੋਣ ਹੀ ਵਾਲਾ ਸੀ ਕਿ ਉਸ ਦਾ ਗਰੀਨ ਕਾਰਡ ਆ ਗਿਆ। ਹੁਣ ਉਸ ਨੂੰ ਪੂਨਮ ਰਾਹ ਪਈ ਪਾਟੀ ਲੀਰ ਵਰਗੀ ਲੱਗਦੀ ਜਿਹੜੀ ਹਰ ਇਕ ਦੇ ਪੈਰਾਂ ਵਿਚ ਵੱਜਦੀ ਫਿਰਦੀ ਸੀ। ਗਰੀਨ ਕਾਰਡ ਦੀ ਖੁਸ਼ੀ ਵਿਚ ਨਵੀ ਨੇ ਘਰ ਨਿੱਕੀ ਜਿਹੀ ਪਾਰਟੀ ਰੱਖ ਲਈ। ਨੇੜੇ ਦੇ ਸੰਗੀ-ਸਾਥੀ ਸੱਦ ਲਏ। ਪੂਨਮ ਦੀ ਮਾਂ ਵੀ ਪੂਨਮ ਦਾ ਮੁੰਡਾ ਲੈ ਕੇ ਪਹੁੰਚ ਗਈ। ਸੱਚ ਦੀ ਵਲਟੋਹੀ ਤੋਂ ਝੂਠ ਦਾ ਢੱਕਣ ਚੁੱਕਿਆ ਗਿਆ, ਜਦੋਂ ਨਵੀ ਨੇ ਮੁੰਡੇ ਨੂੰ ਦੇਖ ਕੇ ਉਸ ਬਾਰੇ ਪੁੱਛਿਆ। ਮਾਂ ਨੇ ਸਭ ਕੁਝ ਨਵੀ ਨੂੰ ਦੱਸ ਦਿੱਤਾ। ਉਤਲੇ ਮਨੋਂ ਗੁੱਸੇ ਹੁੰਦਾ ਹੋਇਆ ਨਵੀ ਅੰਦਰੋਂ ਹੱਸ ਰਿਹਾ ਸੀ ਕਿ ਇਸ ਮੁੰਡੇ ਨੂੰ ਸਬੂਤ ਬਣਾ ਕੇ ਉਹ ਝੂਠੇ ਪਿਆਰ ਦੇ ਕੇਸ ਵਿਚੋਂ ਬਰੀ ਹੋ ਜਾਵੇਗਾ। ਫਿਰ ਪਿੰਡ ਜਾ ਕੇ ਮਨਮਰਜ਼ੀ ਦਾ ਵਿਆਹ ਕਰਵਾ ਆਵੇਗਾ। ਮਾਂ ਨੂੰ ਵੀ ਕੀ ਪਤਾ ਸੀ ਕਿ ਚਲਾਕ ਬਾਪ ਦੀ ਧੀ ਝੂਠ ਦੀ ਅੱਗ ਨਾਲ ਪਿਆਰ ਦੀਆਂ ਰੋਟੀਆਂ ਸੇਕ ਰਹੀ ਸੀ। ਫਿਰ ਮਾਂ ਨੇ ਧੀ ਦੀ ਗਲਤੀ ਜੱਗ ਕੋਲੋਂ ਲੁਕੋ ਕੇ ਮੁੱਠੀ ਵਿਚ ਘੁੱਟ ਲਈ। ਨਵੀ ਤੇ ਕੋਮਲ ਨੇ ਤਾਂ ਛਾਉਣੀ ਹੀ ਬਦਲ ਕੇ ਦੂਜੀ ਸਟੇਟ ਵਿਚ ਤਬਦੀਲ ਕਰ ਲਈ। ਦੋਵੇਂ ਭਰਾ ਵਾਰੀ-ਵਾਰੀ ਜਾ ਕੇ ਇੰਡੀਆ ਵਿਆਹ ਕਰਵਾ ਆਏ।
ਇਕ ਦਿਨ ਟੀਟੂ ਸਿੰਘ ਦਾ ਰਿਸ਼ਤੇਦਾਰ ਕਹਿਣ ਲੱਗਾ, “ਸੁਣਾ ਬਾਈ, ਕਿਵੇਂ ਚਲਦਾ ਕਬੀਲਦਾਰੀ ਦਾ ਚਰਖਾ।” ਟੀਟੂ ਸਿੰਘ ਕੁਝ ਕਹਿੰਦਾ, ਪਰ ਅੱਖਾਂ ਦੇ ਹੰਝੂਆਂ ਨੇ ਸਭ ਕੁਝ ਸੱਚ ਬਿਆਨ ਕਰ ਦਿੱਤਾ। ਉਂਜ ਵੀ ਦੁੱਖਾਂ ਦਾ ਪਿਆਲਾ ਛਲਕਣ ਲੱਗਿਆ ਹਮਦਰਦੀ ਦਾ ਬੁੱਲਾ ਹੀ ਉਡੀਕਦਾ ਹੁੰਦਾ ਹੈ। ਟੀਟੂ ਸਿੰਘ ਨੇ ਰਿਸ਼ਤੇਦਾਰ ਤੋਂ ਧੀ ਦੇ ਭਵਿੱਖ ਦਾ ਫਿਕਰ ਕਰਦਿਆਂ ਪੁੱਛਿਆ ਕਿ ਹੁਣ ਕੀ ਕਰਨਾ ਚਾਹੀਦਾ ਹੈ?
“ਟੀਟੂ ਸਿੰਘ ਜੀ, ਧੀ ਦਾ ਤਾਂ ਤੁਸੀਂ ਇੰਡੀਆ ਜਾ ਕੇ ਵਿਆਹ ਕਰ ਦੇਵੋਗੇ, ਪਰ ਉਸ ਦੀ ਔਲਾਦ ਨੂੰ ਕਿਸੇ ਨੇ ਵੀ ਹਿੱਕ ਨਾਲ ਨਹੀਂ ਲਾਉਣਾ। ਆਪਣੀ ਧੀ ਨੂੰ ਪੁੱਛੋ ਕਿ ਉਹ ਕੀ ਕਰਨਾ ਚਾਹੁੰਦੀ ਹੈ?” ਰਿਸ਼ਤੇਦਾਰ ਨੇ ਵੀ ਹਨੇਰੇ ਵਿਚ ਤੀਰ ਚਲਾਉਂਦਿਆਂ ਕਿਹਾ।
ਸਮਾਂ ਬੀਤਦਾ ਗਿਆ। ਪੂਨਮ ਨੇ ਘਰ ਵਸਾਉਣ ਦਾ ਉਪਰਾਲਾ ਤਾਂ ਕੋਈ ਕੀਤਾ ਨਹੀਂ, ਹੱਥ ਸ਼ਰਾਬ ਦਾ ਪਿਆਲਾ ਫੜ ਲਿਆ। ਉਸ ਦੀ ਰੱਸਾ ਚੱਬਣ ਵਾਲੀ ਆਦਤ ਗਈ ਨਹੀਂ ਸੀ। ਤਾਸ਼ ਦੇ ਪੱਤਿਆਂ ਵਾਂਗ ਖਿਡਾਰੀ ਬਦਲਦੀ ਗਈ, ਪਰ ਆਪ ਸ਼ਰਮ ਦੀ ਡੱਬੀ ਵਿਚ ਦੁਬਾਰਾ ਨਾ ਪਈ। ਟੀਟੂ ਸਿੰਘ ਸ਼ਰਮ ਨਾਲ ਦਿਨੋ-ਦਿਨ ਟੁੱਟਦਾ ਗਿਆ। ਚਾਵਾਂ ਨਾਲ ਲਿਆ ਬਿਜਨੈਸ ਰੋ ਕੇ ਵੇਚਿਆ। ਜ਼ਿੰਦਗੀ ਵਿਚ ਬਿਕਰਮ ਸਿੰਘ ਵਰਗੇ ਮਾਲਕ ਘੱਟ ਮਿਲਦੇ ਹਨ। ਪੈਸੇ ਨਾਲ ਇੱਜ਼ਤ ਖਰੀਦੀ ਨਹੀਂ ਜਾਂਦੀ, ਪਰ ਇੱਜ਼ਤ ਨਾਲ ਪੈਸਾ ਬਣਾਇਆ ਜਾ ਸਕਦਾ ਹੈ। ਹੁਣ ਟੀਟੂ ਸਿੰਘ ਨੂੰ ਬੱਸ ਇਕੋ ਆਸ ਹੈ ਕਿ ਅਜੈਵੀਰ ਇੱਜ਼ਤ ਨਾਲ ਡਿਗਰੀ ਹਾਸਲ ਕਰ ਲਵੇ। ਉਸ ਨੂੰ ਡਾਲਰ ਕਮਾਉਣ ਨਾਲੋਂ ਹੁਣ ਪੁੱਤ ਬਚਾਉਣ ਦਾ ਜ਼ਿਆਦਾ ਫਿਕਰ ਹੈ। ਦੋਵੇਂ ਪਤੀ-ਪਤਨੀ ਬਿਨਾਂ ਧੀ-ਜਵਾਈ ਤੋਂ ਦੋਹਤੇ ਨੂੰ ਸਾਂਭੀ ਜਾਂਦੇ ਹਨ। ਕਈਆਂ ਨੇ ਸੌਦਾ ਤਾਂ ਖਰਬੂਜਿਆਂ ਦਾ ਕੀਤਾ ਹੁੰਦਾ ਹੈ, ਪਰ ਝੋਲੇ ਵਿਚੋਂ ਕੌੜ ਤੁੰਮੇ ਨਿਕਲ ਆਉਂਦੇ ਨੇ।

Be the first to comment

Leave a Reply

Your email address will not be published.