ਯੂ-ਟਰਨ: ਸੀਚੇਵਾਲ ਨੂੰ ਮੁੜ ਬਣਾਇਆ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਉਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ 24 ਘੰਟਿਆਂ ਵਿਚ ਬਹਾਲ ਕਰ ਦਿੱਤੀ ਹੈ। ਸਰਕਾਰ ਵੱਲੋਂ ਸੰਤ ਸੀਚੇਵਾਲ ਦੀ ਥਾਂ ਸੰਤ ਸੇਵਾ ਸਿੰਘ ਨੂੰ ਬੋਰਡ ਦਾ ਮੈਂਬਰ ਨਾਮਜ਼ਦ ਕਰਨ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਦੇ ਇਸ ਫੈਸਲੇ ਦਾ ਤਕੜਾ ਵਿਰੋਧ ਹੋਇਆ। ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਸੀ।

ਵਿਵਾਦ ਭਖਦਾ ਦੇਖਦਿਆਂ ਸਰਕਾਰ ਵੱਲੋਂ ਫੈਸਲੇ ਨੂੰ ਮੁੜ ਤੋਂ ਵਿਚਾਰਿਆ ਗਿਆ ਤੇ ਸੰਤ ਸੀਚੇਵਾਲ ਨੂੰ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ। ਸਰਕਾਰ ਵੱਲੋਂ ਲਏ ਗਏ ਫੈਸਲੇ ਤੋਂ ਇਹ ਪ੍ਰਭਾਵ ਪਾਇਆ ਜਾ ਰਿਹਾ ਸੀ ਕਿ ਪਿਛਲੇ ਦਿਨਾਂ ਦੌਰਾਨ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਕੈਪਟਨ ਸਰਕਾਰ ਨੂੰ ਦਰਿਆਈ ਪਾਣੀਆਂ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਦੋਸ਼ਾਂ ਤਹਿਤ ਕੀਤੇ ਗਏ ਜਰਮਾਨੇ ਤੋਂ ਸਰਕਾਰ ਖਫਾ ਸੀ ਜਿਸ ਕਰਕੇ ਸੰਤ ਸੀਚੇਵਾਲ ਨੂੰ ਬੋਰਡ ਦੀ ਮੈਂਬਰੀ ਤੋਂ ਹਟਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਸ਼ੱਕ ਦੇ ਦਾਇਰੇ ਵਿਚ ਆਈ ਹੋਈ ਹੈ। ਕਈ ਵੱਡੇ ਵਿਵਾਦਾਂ ਦੇ ਚੱਲਦਿਆਂ ਪਿਛਲੇ ਦਿਨੀਂ ਓਮ ਪ੍ਰਕਾਸ਼ ਸੋਨੀ ਤੋਂ ਵਾਤਾਵਰਨ ਵਿਭਾਗ ਵਾਪਸ ਲੈ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਮੰਤਰੀ ਅਧੀਨ ਕਰਨ ਦਾ ਫੈਸਲਾ ਲਿਆ ਗਿਆ ਸੀ। ਬੋਰਡ ਦੇ ਇਕ ਹੋਰ ਅਹਿਮ ਮੈਂਬਰ ਦੀ ਕਾਰਗੁਜ਼ਾਰੀ ਅਤੇ ਗਤੀਵਿਧੀਆਂ ਸ਼ੱਕੀ ਹੋਣ ਕਾਰਨ ਸਰਕਾਰ ਵੱਲੋਂ ਇਸ ਮੈਂਬਰ ਦਾ ਬਦਲ ਲੱਭਿਆ ਜਾ ਰਿਹਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਿਚ ਸਭ ਅੱਛਾ ਨਹੀਂ ਹੈ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਰਕਾਰ ਵੱਲੋਂ ਸੰਤ ਸੀਚੇਵਾਲ ਦੀ ਮੈਂਬਰੀ ਖਤਮ ਕਰਨ ਤੋਂ 24 ਘੰਟਿਆਂ ਦੇ ਅੰਦਰ ਹੀ ਫੈਸਲਾ ਬਦਲਣ ਸਬੰਧੀ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮੁੜ ਬੋਰਡ ਮੈਂਬਰ ਨਿਯੁਕਤ ਕਰ ਦਿੱਤਾ ਹੈ ਤੇ ਇਹ ਨਿਯੁਕਤੀ ਤੁਰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੈਨਲ ਵਿਚ ਇਕ ਦੀ ਥਾਂ ਦੋ ਵਾਤਾਵਰਨ ਪ੍ਰੇਮੀ ਸ਼ਾਮਲ ਕਰਨ ਦੇ ਹੁਕਮ ਕੀਤੇ ਹਨ।
ਬੋਰਡ ਦੇ ਪਹਿਲਾਂ ਤੋਂ ਤੈਅ ਨਿਯਮਾਂ ਅਨੁਸਾਰ ਪੈਨਲ ਵਿਚ ਇਕ ਵਾਤਾਵਰਨ ਪ੍ਰੇਮੀ ਲਿਆ ਜਾਂਦਾ ਸੀ ਪਰ ਹੁਣ ਬੋਰਡ ਦੇ ਪੈਨਲ ਵਿਚ ਦੋ ਵਾਤਾਵਰਨ ਪ੍ਰੇਮੀ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਰਾਜ ਭਰ ਵਿੱਚ ਵਾਤਾਵਰਨ ਪ੍ਰਦੂਸ਼ਣ ਦੇ ਫੈਲਾਅ ਨੂੰ ਹੋਰ ਪ੍ਰਭਾਵੀ ਢੰਗ ਨਾਲ ਠੱਲ੍ਹ ਪਾਉਣ ਦੇ ਮਕਸਦ ਨਾਲ ਲਿਆ ਗਿਆ ਹੈ।
______________________
ਕੈਪਟਨ ਸਰਕਾਰ ਦੀ ਕਾਰਵਾਈ ਮਗਰੋਂ ਸੀਚੇਵਾਲ ਨੇ ਖੋਲ੍ਹੇ ਰਾਜ਼
ਕਪੂਰਥਲਾ: ਸੀਚੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਦੂਸ਼ਣ ਦੀ ਸੱਚੀ ਤਸਵੀਰ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਰੱਖੀ ਸੀ। ਜਦੋਂ ਲੋਕਾਂ ਨੇ ਵਾਤਾਵਰਣ ਮੁੱਦਾ ਬਣਾਇਆ ਤਾਂ ਸਰਕਾਰ ਨੂੰ ਕੁਝ ਕਰਨਾ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਮੈਂ ਕਦੇ ਵਿਭਾਗ ਤੋਂ ਇਕ ਰੁਪਿਆ ਵੀ ਨਹੀਂ ਲਿਆ, ਸਿਰਫ ਸੇਵਾ ਹੀ ਕੀਤੀ ਹੈ। ਸੀਚੇਵਾਲ ਮੁਤਾਬਕ ਜਿਸ ਰਿਪੋਰਟ ਤਹਿਤ ਸਰਕਾਰ ਨੂੰ ਜੁਰਮਾਨਾ ਹੋਇਆ ਸੀ, ਉਸ ਨੂੰ ਕਈ ਮਾਹਰਾਂ ਨੇ ਤਿਆਰ ਕੀਤਾ ਸੀ, ਨਾ ਕਿ ਸਿਰਫ ਉਨ੍ਹਾਂ ਨੇ। ਸੀਚੇਵਾਲ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸੂਬੇ ਵਿਚ ਗੰਦਾ ਪਾਣੀ ਸੋਧਣ ਵਾਲੇ 32 ਟ੍ਰੀਟਮੈਂਟ ਪਲਾਂਟ ਚੱਲ ਰਹੇ ਤੇ ਇਕ ਬੰਦ ਹੈ, ਪਰ ਜਾਂਚ ਵਿਚ ਸਾਹਮਣੇ ਆਇਆ ਕਿ ਸੂਬੇ ਵਿਚ ਸਿਰਫ ਇਕੋ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲ ਰਿਹਾ ਤੇ 32 ਬੰਦ ਮਿਲੇ ਸਨ।