ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਦਿੱਤੇ ਗਏ ਬਿਆਨ ਮਗਰੋਂ ਵਜ਼ਾਰਤ ਦੇ ਆਪਣੇ ਸਾਥੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਤਕਰੀਬਨ ਸਾਰੇ ਹੀ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਦਿਆਂ ਸਿੱਧੂ ਤੋਂ ਅਸਤੀਫਾ ਮੰਗ ਲਿਆ।
ਹਾਊਸਿੰਗ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿੱਧੂ ਤੋਂ ਅਸਤੀਫਾ ਮੰਗਦਿਆਂ ਕਿਹਾ ਹੈ ਕਿ ਜੇਕਰ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਟੀਮ ਦਾ ਕੈਪਟਨ ਨਹੀਂ ਮੰਨਦੇ ਹਨ ਤਾਂ ਉਹ ਟੀਮ ਤੋਂ ਅਲਹਿਦਾ ਹੋਣ ਲਈ ਆਜ਼ਾਦ ਹਨ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਤੋਂ ਅਸਤੀਫੇ ਦੀ ਮੰਗ ਤਾਂ ਨਹੀਂ ਕੀਤੀ ਹੈ ਪਰ ਇਹ ਜ਼ਰੂਰ ਕਿਹਾ ਹੈ ਕਿ ਉਸ ਨੂੰ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਨਹੀਂ ਬੋਲਣਾ ਚਾਹੀਦਾ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਦੀਆਂ ਟਿੱਪਣੀਆਂ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀ ਕਿਹਾ ਹੈ, ਇਹ ਮੀਡੀਆ ਲਈ ਮਸਾਲਾ ਹੋ ਸਕਦਾ ਹੈ ਪਰ ਇਹ ਘਰੇਲੂ ਮਾਮਲਾ ਹੈ ਤੇ ਘਰ ਅੰਦਰ ਬੈਠਕੇ ਹੀ ਹੱਲ ਕਰਾਂਗੇ। ਉਧਰ ਸਿੱਧੂ ਨੇ ਪਾਕਿਸਤਾਨ ਦੇ ਦੌਰੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਭੇਜੇ ਜਾਣ ਦੇ ਬਿਆਨ ਤੋਂ ਮੋੜਾ ਕੱਟਦਿਆਂ ਕਿਹਾ, ‘‘ਮੈਂ ਇਹ ਬਿਲਕੁਲ ਨਹੀਂ ਕਿਹਾ ਕਿ ਰਾਹੁਲ ਗਾਂਧੀ ਨੇ ਪਾਕਿਸਤਾਨ ਭੇਜਿਆ ਸੀ। ਦੌਰੇ ਸਬੰਧੀ ਪਾਕਿਸਤਾਨ ਸਰਕਾਰ ਤੋਂ ਨਿੱਜੀ ਸੱਦਾ ਪੱਤਰ ਆਇਆ ਸੀ।” ਉਨ੍ਹਾਂ ਰਾਜਸਥਾਨ ਤੋਂ ਚੋਣ ਪ੍ਰਚਾਰ ਦੌਰਾਨ ਟਵੀਟ ਕਰਕੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹੀ ਕਿਹਾ ਕਿ ਰਾਹੁਲ ਗਾਂਧੀ ਸਾਡੇ ਸਭ ਦੇ ਕੈਪਟਨ ਹਨ।
___________________
ਅਮਰਿੰਦਰ ਮੇਰੇ ਪਿਤਾ ਸਮਾਨ: ਸਿੱਧੂ
ਝਾਲਵਾੜ (ਰਾਜਸਥਾਨ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ‘ਕੈਪਟਨ’ ਦੱਸ ਕੇ ਨਵੀਂ ਮੁਸੀਬਤ ‘ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੁਣ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ‘ਪਿਤਾ ਸਮਾਨ’ ਹਨ ਤੇ ਉਹ ਜਲਦੀ ਹੀ ਉਨ੍ਹਾਂ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕੱਢ ਲੈਣਗੇ। ਸ੍ਰੀ ਸਿੱਧੂ ਨੂੰ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕੀ ਉਹ ਅਮਰਿੰਦਰ ਸਿੰਘ ਤੋਂ ਮੁਆਫ਼ੀ ਮੰਗਣਗੇ ਤਾਂ ਉਨ੍ਹਾਂ ਕਿਹਾ, ‘ਤੁਸੀਂ ਆਪਣੇ ਆਪਸੀ ਮਸਲੇ ਲੋਕਾਂ ‘ਚ ਬੈਠ ਕਿ ਨਹੀਂ ਸੁਲਝਾਉਣੇ ਹੁੰਦੇ। ਉਹ (ਅਮਰਿੰਦਰ ਸਿੰਘ) ਮੇਰੇ ਪਿਤਾ ਸਮਾਨ ਹਨ। ਮੈਂ ਉਨ੍ਹਾਂ ਨੂੰ ਪਿਆਰ ਤੇ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕਰਦਾ ਹਾਂ। ਮੈਂ ਇਸ ਗੁੰਝਲ ਨੂੰ ਖ਼ੁਦ ਹੀ ਸੁਲਝਾ ਲਵਾਂਗਾ।’
__________________________
ਕਾਂਗਰਸ ਵਿਚ ਚੱਲ ਰਹੀ ਹੈ ਤਿੰਨ ਕਪਤਾਨਾਂ ‘ਚ ਲੜਾਈ: ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਦੇ ਭਖਦੇ ਮੁੱਦਿਆਂ ਅਤੇ ਹੱਕੀ ਮੰਗਾਂ ਤੋਂ ਮੂੰਹ ਮੋੜ ਕੇ ਜਾਣਬੁੱਝ ਕੇ ਗ਼ੈਰ ਜ਼ਰੂਰੀ ਗੱਲਾਂ ਨੂੰ ਹਵਾ ਦੇ ਰਹੀ ਹੈ ਤਾਂ ਜੋ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ। ਸ੍ਰੀ ਮਾਨ ਨੇ ਕਿਹਾ ਕਿ ਕਾਂਗਰਸ ਦੇ ਤਿੰਨ ਕਪਤਾਨਾਂ ਦੇ ਵੱਕਾਰ ਦੀ ਅੰਦਰੂਨੀ ਲੜਾਈ ਚੱਲ ਰਹੀ ਹੈ। ਇਨ੍ਹਾਂ ਵਿਚੋਂ ਇਕ ਕ੍ਰਿਕਟ, ਇਕ ਫ਼ੌਜ ਤੇ ਇਕ ਪਾਰਟੀ ਦਾ ਕਪਤਾਨ ਹੈ। ਕੌਣ ਕਿਸ ਨੂੰ ਵੱਡਾ ਕਪਤਾਨ ਮੰਨਦਾ ਹੈ, ਪੰਜਾਬ ਦੀ ਜਨਤਾ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੈ।