ਅਮਰੀਕਾ ਵਿਚ ਹਾਲ ਹੀ ‘ਚ ਹੋਈਆਂ ਮੱਧਕਾਲੀ ਚੋਣਾਂ ਦੇ ਨਤੀਜੇ ਭਾਵੇਂ ਜੋ ਵੀ ਆਏ ਹੋਣ, ਇਸ ਵਿਚ ਵ੍ਹਾਈਟ ਹਾਊਸ ਦੀਆਂ ਰਵਾਇਤਾਂ ਨੂੰ ਤਕੜਾ ਝਟਕਾ ਲੱਗਾ ਹੈ। ਇਹ ਸੰਭਵ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਦਾ ਅਸਰ ਅਮਰੀਕੀ ਸਿਆਸਤ ਉਤੇ ਦਿਸੇ। ਅਸਲ ਵਿਚ ਚੋਣਾਂ ਜਿੱਤਣ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਸ ਤਰ੍ਹਾਂ ਅਮਰੀਕੀਆਂ ਨੂੰ ਉਕਸਾਇਆ ਹੈ, ਉਸ ਨੂੰ ਦੇਸ਼ ਦੀ ਸੁੱਚੀ ਸਿਆਸਤ ਲਈ ਘਾਤਕ ਮੰਨਿਆ ਜਾ ਰਿਹਾ ਹੈ।
ਇਸ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਪੱਤਰਕਾਰ ਅਸ਼ੋਕ ਈਸ਼ਵਰਨ ਨੇ ਕੀਤੀ ਹੈ। -ਸੰਪਾਦਕ
ਅਸ਼ੋਕ ਈਸ਼ਵਰਨ
ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਜਲਵਾਯੂ ਤਬਦੀਲੀ ਮੁਹਿੰਮ ਅਤੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਖਿਲਾਫ ਭੜਾਸ ਕੱਢੀ ਤਾਂ ਦੇਸ਼ ਦੇ ਦੂਜੇ ਰਾਸ਼ਟਰਪਤੀ ਜੌਹਨ ਐਡਮਜ਼ ਦੀ ਯਾਦ ਤਾਜ਼ਾ ਹੋ ਗਈ ਜਿਨ੍ਹਾਂ ਇਕ ਵਾਰ ਕਿਹਾ ਸੀ, “ਤੱਥ ਸਥੂਲ ਚੀਜ਼ਾਂ ਵਾਂਗ ਹੁੰਦੇ ਹਨ: ਸਾਡੀਆਂ ਜੋ ਮਰਜ਼ੀ ਖਾਹਸ਼ਾਂ ਤੇ ਰੁਝਾਨ ਅਤੇ ਸਾਡੇ ਜਜ਼ਬਿਆਂ ਦੇ ਪ੍ਰੇਰਕ ਹੋਣ, ਉਹ ਤੱਥਾਂ ਦੀ ਯਥਾਸਥਿਤੀ ਤੇ ਸਬੂਤ ਨਹੀਂ ਬਦਲ ਸਕਦੇ।”
ਜੇ ਕਿਤੇ ਹਾਲ ਹੀ ਵਿਚ ਹੋਈਆਂ ਮੱਧਕਾਲੀ ਚੋਣਾਂ ਕਿਸੇ ਆਮ ਚੋਣ ਵਰ੍ਹੇ ਵਿਚ ਹੋਈਆਂ ਹੁੰਦੀਆਂ ਤਾਂ ਵੇਲੇ ਦੇ ਰਾਸ਼ਟਰਪਤੀ ਨੇ ਆਪਣੀ ਪਾਰਟੀ ਦੇ ਪੱਖ ਵਿਚ ਠਾਠਾਂ ਮਾਰ ਕੇ ਵਧ-ਫੁੱਲ ਰਹੇ ਅਰਥਚਾਰੇ ਤੇ ਰੁਜ਼ਗਾਰ ਵਿਚ ਵਾਧੇ ਦਾ ਖੂਬ ਲਾਹਾ ਲੈਣਾ ਸੀ ਪਰ ਉਦਾਰਵਾਦੀ ਜਗਤ ਦੇ ਸਰਬਰਾਹ ਨੇ ਆਪਣੇ ਵੋਟਰਾਂ ਦੀ ਤਰਫੋਂਂ ਨਫਰਤ-ਅੰਗੇਜ਼ ਜ਼ਹਿਰ ਉਗਲਣ ਨੂੰ ਤਰਜੀਹ ਦਿੱਤੀ। ਅਸਲ ਵਿਚ ਦੋ ਮੁੱਦੇ ਉਨ੍ਹਾਂ ਦੇ ਜਨ-ਪ੍ਰਭਾਵ ਨੂੰ ਹੜੱਪ ਕਰ ਗਏ। ਇਹ ਦੋ ਮੁੱਦੇ ਸਨ: ਅਮਰੀਕੀ ਸੁਪਰੀਮ ਕੋਰਟ ਦੇ ਜੱਜ ਬਰੈਟ ਕੈਵਾਨੋਅ ਦੀ ਚੋਣ ‘ਤੇ ਸੈਨੇਟ ਦੀ ਮੋਹਰ ਅਤੇ ਮੱਧ ਅਮਰੀਕੀ ਮਹਾਂਦੀਪ ਦੇ ਮੁਲਕਾਂ ਤੋਂ ਹਿੰਸਾ ਤੇ ਗੁਰਬਤ ਦੇ ਝੰਬੇ ਆਪਣੇ ਤੜੀ-ਤੱਪੜ ਬੰਨ੍ਹ ਕੇ ਅਮਰੀਕੀ ਸਰਹੱਦ ਵੱਲ ਵਧ ਰਹੇ ਸ਼ਰਨਾਰਥੀਆਂ ਦੇ ਕਾਫਲੇ।
ਇਖਲਾਕ ਤੇ ਇਨਸਾਫਪਸੰਦੀ ਤੋਂ ਬੇਲਾਗ ਅਤੇ ਸਿਰੇ ਦੇ ਮੌਕਾਪ੍ਰਸਤ ਟਰੰਪ ਨੇ ਪਹਿਲਾਂ ਤਾਂ ਇਨ੍ਹਾਂ ਕਾਫਲਿਆਂ ਨੂੰ ‘ਗੈਰਕਾਨੂੰਨੀ ਏਲੀਅਨਜ਼’ ਕਹਿ ਕੇ ਦੁਰਕਾਰਿਆ ਤੇ ਨਾਲ ਹੀ ਉਨ੍ਹਾਂ ਨੂੰ ‘ਘੁਸਪੈਠੀਆ’ ਕਹਿ ਕੇ ਅਮਰੀਕੀ ਆਵਾਮ ਲਈ ਖਤਰੇ ਵਜੋਂ ਪੇਸ਼ ਕੀਤਾ ਤਾਂ ਕਿ ਆਪਣੇ ਹਮਾਇਤੀ ਵੋਟਰਾਂ ਅੰਦਰ ਉਨਮਾਦ ਪੈਦਾ ਕੀਤਾ ਜਾ ਸਕੇ। ਟਰੰਪ ਦੀ ਇਸ ਵੰਡ ਪਾਊ ਚੋਣ ਪ੍ਰਚਾਰ ਮੁਹਿੰਮ ਦਾ ਨਤੀਜਾ ਸੀ ਕਿ ਰਿਪਬਲਿਕਨ ਸੈਨੇਟ ਵਿਚ ਆਪਣਾ ਬਹੁਮਤ ਬਚਾਉਣ ਵਿਚ ਕਾਮਯਾਬ ਰਹੇ। ਡੋਨਲਡ ਟਰੰਪ ਦੇ ਸ਼ਾਸਨ ਦੀ ਰਣਨੀਤੀ ਗੋਰਿਆਂ ਦੀ ਵਿਸ਼ੇਸ਼ ਹਸਤੀ ਨੂੰ ਖਤਰਾ ਦਰਸਾਉਣ ਅਤੇ ਹਕੀਕਤ ਦੀ ਪਰਦਾਪੋਸ਼ੀ ਦੇ ਦੋ ਪਹਿਲੂਆਂ ਦੇ ਮਿਲਗੋਭੇ ‘ਤੇ ਟਿਕੀ ਹੋਈ ਹੈ। ਜ਼ਿਮਨੀ ਚੋਣਾਂ ਵਿਚ ਅਮਰੀਕੀ ਕਾਂਗਰਸ, ਅਮਰੀਕਾ ਵਿਚ ਪਈਆਂ ਦਲਗਤ ਦੁਫੇੜ ਦੀ ਅਕਾਸੀ ਕਰਦੀ ਹੈ।
ਪ੍ਰਤੀਨਿਧ ਸਦਨ, ਜੋ ਹੁਣ ਡੈਮੋਕਰੈਟਾਂ ਦੇ ਹੱਥਾਂ ਵਿਚ ਆ ਗਿਆ ਹੈ, ਆਪਣੇ ਬਹੁਭਾਂਤੇ ਅਤੇ ਪੜ੍ਹੇ-ਲਿਖੇ ਵੋਟਰਾਂ ਦੇ ਸਮੂਹ ਦੇ ਆਧਾਰ ‘ਤੇ ਵੱਡੇ ਸ਼ਹਿਰਾਂ ਤੇ ਕਸਬਿਆਂ ਦੀ ਨੁਮਾਇੰਦਗੀ ਕਰਦਾ ਹੈ ਜਦਕਿ ਰਿਪਬਲਿਕਨਾਂ ਦੇ ਕਬਜ਼ੇ ਵਾਲੀ ਸੈਨੇਟ ਵਡੇਰੇ ਰੂਪ ਵਿਚ ਦਿਹਾਤੀ ਗੋਰੇ ਅਮਰੀਕਨਾਂ ਦੀ ਨੁਮਾਇੰਦਗੀ ਕਰਦੀ ਪ੍ਰਤੀਤ ਹੋ ਰਹੀ ਹੈ, ਜਿਨ੍ਹਾਂ ‘ਚੋਂ ਬਹੁਗਿਣਤੀ ਅਜਿਹੇ ਪੁਰਸ਼ਾਂ ਦੀ ਹੈ, ਜਿਨ੍ਹਾਂ ਨੂੰ ਕਾਲਜਾਂ ਵਿਚ ਪੜ੍ਹਨ-ਲਿਖਣ ਦਾ ਮੌਕਾ ਨਹੀਂ ਮਿਲ ਸਕਿਆ। ਸੈਨੇਟ ਵਲੋਂ ਹਾਲ ਹੀ ਵਿਚ ਜੱਜ ਕੈਵਾਨੋਅ ਦੀ ਸੁਣਵਾਈ ਦੀ ਤਸਦੀਕ ਦਾ ਪਰਛਾਵਾਂ ਮੱਧਕਾਲੀ ਚੋਣਾਂ ‘ਤੇ ਸਾਫ ਨਜ਼ਰ ਆ ਰਿਹਾ ਹੈ। ਸੁਪਰੀਮ ਕੋਰਟ ਦੀ ਜੱਜ ਐਲੇਨਾ ਕਗਾਨ ਨੇ 1995 ਵਿਚ ਸੈਨੇਟ ਦੀ ਨਿਆਂਇਕ ਤਸਦੀਕ ਨੂੰ ਬੇਸੁਆਦੀ ਤੇ ਝੂਠੀ ਕਰਾਰ ਦਿੱਤਾ ਸੀ। ਕੈਵਾਨੋਅ ਨੂੰ ਤਰੱਕੀ ਦੇ ਕੇ ਅਮਰੀਕੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਪ੍ਰਕ੍ਰਿਆ ਦੀ ਤਸਦੀਕ ਲਈ ਸੈਨੇਟ ਦੀ ਕਾਰਵਾਈ ਸਿਰੇ ਦਾ ਮਜ਼ਾਕ ਹੋ ਨਿਬੜੀ।
ਕੈਵਾਨੋਅ ‘ਤੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਦੌਰਾਨ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਕ੍ਰਿਸਟੀਨ ਬਲੈਸੀ ਫੋਰਡ ਨੂੰ ਕਦੇ ਦਬਾਇਆ ਗਿਆ ਤੇ ਕਈ ਵਾਰ ਉਸ ਤੋਂ ਬਹੁਤ ਹੀ ਸਫਾਈ ਨਾਲ ਕਿਨਾਰਾਕਸ਼ੀ ਕੀਤੀ ਗਈ। ਇਸ ਤੋਂ ਪਹਿਲਾਂ ਟੈਲੀਵਿਜ਼ਨ ਮੁਲਾਕਾਤਾਂ ਦੌਰਾਨ ਕੈਵਾਨੋਅ ਸ਼ਾਹੀ ਨਫਾਸਤ ਦੀ ਮੂਰਤ ਬਣ ਕੇ ਨਜ਼ਰ ਆਉਂਦੇ ਸਨ ਪਰ ਜਦੋਂ ਉਹ ਵ੍ਹਾਈਟ ਹਾਊਸ ਦੇ ਥਾਪੜੇ ਸਦਕਾ ਸੈਨੇਟ ਸਾਹਮਣੇ ਪੇਸ਼ ਹੋਏ ਤਾਂ ਉਹ ਨਾ ਕੇਵਲ ਉਸ ਵਿਸ਼ੇਸ਼ਾਧਿਕਾਰ ਦੇ ਪਾਤਰ ਬਣ ਕੇ ਪੇਸ਼ ਹੋਏ ਸਗੋਂ ਉਨ੍ਹਾਂ ਆਪਣੇ ਚਿਹਰੇ ‘ਤੇ ਕਰੋਧ ਅਤੇ ਬੇਵਿਸਾਹੀ ਦੇ ਹਾਵ-ਭਾਵ ਵੀ ਲਿਆਂਦੇ।
ਅਮਰੀਕੀ ਸੈਨੇਟ ਦਾ ਜੋ ਵੀ ਮੁਹਾਂਦਰਾ ਇਸ ਵਕਤ ਸਾਡੇ ਸਾਹਮਣੇ ਆਇਆ, ਉਹ ਸਾਡੇ ਬਾਨੀਆਂ ‘ਚ ਸ਼ੁਮਾਰ ਜੇਮਜ਼ ਮੈਡੀਸਨ ਦੇ ਸੰਕਲਪ ਦੀ ਤਸਦੀਕ ਕਰਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਸੈਨੇਟ ਨੂੰ ਸਦਨ ਦੇ ਮੁਕਾਬਲੇ ਨਿਸਬਤਨ ਜ਼ਿਆਦਾ ਵਿਚਾਰਸ਼ੀਲ ਅਦਾਰੇ ਵਜੋਂ ਚਿਤਵਿਆ ਸੀ।
ਅਮਰੀਕੀ ਸੈਨੇਟ ਦੀ ਮੌਜੂਦਾ ਬਣਤਰ, ਜੇਮਜ਼ ਮੈਡੀਸਨ (ਜੋ ਸੰਵਿਧਾਨ ਦੇ ਮੋਢੀਆਂ ਵਿਚ ਸ਼ੁਮਾਰ ਸਨ) ਦੇ ਸੰਕਲਪ ਦੇ ਐਨ ਉਲਟ ਜਾਪਦੀ ਹੈ, ਜਿਨ੍ਹਾਂ ਨੇ ਇਹ ਚਿਤਵਿਆ ਸੀ ਕਿ ਸੈਨੇਟ ਪ੍ਰਤੀਨਧ ਸਦਨ ਨਾਲੋਂ ਵਧੇਰੇ ਬਹਿਸ ਮੁਬਾਹਸੇ ਦਾ ਅਦਾਰਾ ਬਣੇ। ਜੇਮਜ਼ ਮੈਡੀਸਨ ਦੀ ਇਹ ਤਵੱਕੋ ਸੀ ਕਿ ਸੈਨੇਟ ਇਕ ਰੋਕ (ਚੈੱਕ) ਦੇ ਤੌਰ ‘ਤੇ ਕੰਮ ਕਰੇ ਤਾਂ ਕਿ ਕਾਂਗਰਸ “ਕਿਸੇ ਵਕਤੀ ਜਾਂ ਉਨਮਾਦੀ ਵਹਿਣ ਵਿਚ ਨਾ ਵਹਿ ਜਾਵੇ ਅਤੇ ਤਬਕਾਤੀ ਆਗੂਆਂ ਦੇ ਜਜ਼ਬਾਤੀ ਤੇ ਬਿਮਾਰ ਮਤਿਆਂ ਦੀ ਸ਼ਿਕਾਰ ਨਾ ਬਣ ਜਾਵੇ।” ਉਨ੍ਹਾਂ ਦਾ ਖਿਆਲ ਸੀ ਕਿ ਜਿਹੜਾ ਅਦਾਰਾ (ਭਾਵ ਸੈਨੇਟ) ਇਹ ਦਰੁਸਤੀ ਕਰੇ, ਉਹ ਆਪ ਇਸ ਅਲਾਮਤ ਤੋਂ ਮੁਕਤ ਹੋਣੀ ਚਾਹੀਦੀ ਹੈ।” ਚੌਥੇ ਰਾਸ਼ਟਰਪਤੀ ਦੀਆਂ ਉਮੀਦਾਂ ਅਤੇ 45ਵੇਂ ਰਾਸ਼ਟਰਪਤੀ ਵਲੋਂ ਉਜਾਗਰ ਕੀਤੀਆਂ ਹਕੀਕਤਾਂ ਸ਼ਾਇਦ ਇਤਿਹਾਸ ਦੀਆਂ ਚਿਰ ਸਥਾਈ ਸਿਤਮਜ਼ਰੀਫੀਆਂ ਵਜੋਂ ਦਰਜ ਕੀਤੀਆਂ ਜਾਣਗੀਆਂ।
2016 ਦੀ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਟਰੰਪ ਅਤੇ ਉਸ ਦੇ ਸੰਗੀਆਂ ਨੇ ਇਸ ਸਿਆਸੀ ਦਰੁਸਤਗੀ ਖਿਲਾਫ ਨਾ ਸਿਰਫ ਰੱਜ ਕੇ ਬੋਲਿਆ ਸਗੋਂ ਇਸ ਨੂੰ ਜਨਤਕ ਬਹਿਸ-ਮੁਬਾਹਸੇ ਦਾ ਪ੍ਰਵਾਨਤ ਤੌਰ-ਤਰੀਕਾ ਬਣਾ ਛੱਡਿਆ ਤੇ ਸ਼ਹਿਰੀ ਹੱਕਾਂ ਦੇ ਅੰਦੋਲਨ ਦੇ ਇਤਿਹਾਸ ਨੂੰ ਭੰਡਣ ਵਿਚ ਕੋਈ ਕਸਰ ਨਾ ਛੱਡੀ। ਇਸ ਤੋਂ ਬਾਅਦ ਨਸਲਪ੍ਰਸਤੀ ਅਤੇ ਜ਼ੀਨੋਫੋਬੀਆ (ਦੂਜੇ ਦੇਸ਼ਾਂ ਪ੍ਰਤੀ ਘਿਰਣਾ) ਵੱਲ ਫਾਸਲਾ ਥੋੜ੍ਹਾ ਰਹਿ ਗਿਆ ਸੀ। ਟਰੰਪ ਪ੍ਰਸ਼ਾਸਨ ਦੀ ਹੋਰ ਕਿਸੇ ਕਾਰਵਾਈ ਨੇ ਇੰਨਾ ਰੋਸ ਤੇ ਵਿਰੋਧ ਪੈਦਾ ਨਹੀ ਕੀਤਾ ਹੋਵੇਗਾ ਜਿੰਨਾ ਪਿੱਛੇ ਜਿਹੇ ਅਮਰੀਕੀ ਸਰਹੱਦ ‘ਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆ ਨਾਲੋਂ ਵੱਖ ਕਰਨ ਕਾਰਨ ਪੈਦਾ ਹੋਇਆ ਸੀ। ਉਸ ਵੇਲੇ ਦੇ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੇ ਸੇਂਟ ਪਾਲ ਦਾ ਹਵਾਲਾ ਦੇ ਕੇ ਇਸ ਕਾਰਵਾਈ ਨੂੰ ਬਾਈਬਲ ਦੀ ਪ੍ਰਵਾਨਗੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ‘ਤੇ ਨਿਊ ਯਾਰਕ ਦੇ ਕਾਰਡੀਨਲ ਟਿਮੋਥੀ ਐਮ ਡੋਲਨ ਦਾ ਝਟਪਟ ਪ੍ਰਤੀਕਰਮ ਆਇਆ ਜਿਨ੍ਹਾਂ ਕਿਹਾ ਸੀ, “ਸੇਂਟ ਪਾਲ ਦਾ ਹਰ ਇਕ ਲਈ ਸੰਦੇਸ਼ ਸੀ ਕਿ ਸਰਕਾਰ ਦਾ ਉਹ ਹੁਕਮ ਮੰਨੋ ਜੋ ਰੱਬ ਦੇ ਕਾਨੂੰਨ ਨਾਲ ਮੇਲ ਖਾਂਦਾ ਹੈ। ਠੀਕ ਹੈ? ਇਹ ਕੋਈ ਮਜ਼ਾਕ ਨਹੀਂ ਪਰ ਰੱਬ ਦਾ ਕਾਨੂੰਨ ਆਦਮੀ ਦੇ ਕਾਨੂੰਨ ਤੋਂ ਜਿੱਤ ਗਿਆ। ਠੀਕ ਹੈ?”
ਡੈਮੋਕਰੈਟਿਕ ਪਾਰਟੀ ਦੀ ਹਾਲੀਆ ਜਿੱਤ ਦਰਸਾਉਂਦੀ ਹੈ ਕਿ ਅਮਰੀਕੀ ਰਾਜਨੀਤਕ ਫਿਜ਼ਾ ਵਿਚ ਖੱਬੀ ਸਿਆਸਤ ਦਾ ਮੁੜ ਉਦੈ ਹੋ ਰਿਹਾ ਹੈ। ਇਸ ਨੂੰ ਰੇਖਾਂਕਤ ਕਰਨ ਲਈ ਜੌਹਨ ਸਟੂਅਰਟ ਮਿੱਲ ਦੇ ਕਥਨਾਂ ਮੁਤਾਬਕ ਅਮਰੀਕੀ ਵੋਟਰਾਂ ਨੇ ਹਕੀਕਤ ਦਾ ਉਹ ਸਜੀਵ ਝਲਕਾਰਾ ਚੰਗੀ ਤਰ੍ਹਾਂ ਪਛਾਣ ਲਿਆ ਹੈ, ਜੋ ਇਨ੍ਹਾਂ ਹੱਥੋਂ ਗਲਤੀ ਨਾਲ ਪੈਦਾ ਹੋ ਗਿਆ ਸੀ।
ਦੁਨੀਆਂ ਦੇ ਹੋਰ ਦੇਸ਼ਾਂ ਵਾਂਗ ਅਮਰੀਕਾ ਵਿਚ ਵੀ ਮੂਲਵਾਸੀਵਾਦ ਦੇ ਉਭਾਰ ਨਾਲ ਮੱਧਮਾਰਗੀ ਸਿਆਸਤ ਹਾਸ਼ੀਏ ‘ਤੇ ਧੱਕੀ ਗਈ; ਹਾਲਾਂਕਿ ਸੱਜੇਪੰਥੀ ਅਜੇ ਵੀ ਡਟੇ ਹੋਏ ਹਨ ਪਰ ਹਾਲੀਆ ਜਿੱਤ ਨਾਲ ਡੈਮੋਕਰੈਟਾਂ ਨੇ ਦਰਸਾਇਆ ਹੈ ਕਿ ਉਨ੍ਹਾਂ ਲਈ ਹੁਣ ਧੁਰ ਖੱਬੇ ਦਾ ਦਬਾਅ ਝੱਲਣ ਦੀ ਬਹੁਤੀ ਲੋੜ ਨਹੀਂ। ਜਿਵੇਂ ਲਾਜ-ਲਿਹਾਜ਼ ਮੁੱਕ ਚੱਲੀ ਹੈ, ਉਵੇਂ ਸਿਆਸੀ ਸੰਵਾਦ ‘ਚੋਂ ਨਫਾਸਤ ਵੀ ਲੋਪ ਹੋਣ ਕੰਢੇ ਹੈ। ਟਰੰਪ ਪ੍ਰਸ਼ਾਸਨ ਦੀਆਂ ਕਾਰਵਾਈਆਂ ਦੇ ਦੁਰਪ੍ਰਭਾਵ ਲੰਮੇ ਸਮੇਂ ਤੱਕ ਰਹਿ ਸਕਦੇ ਹਨ। ਅਸਲ ਵਿਚ ਜਲਵਾਯੂ ਤਬਦੀਲੀ ਬਾਰੇ ਨੇਮਬੰਦੀਆਂ ਵਾਪਸ ਲੈਣ ਅਤੇ ਆਮਦਨ ਵਿਚ ਵਧ ਰਹੇ ਪਾੜਿਆਂ ਵਰਗੇ ਕਦਮਾਂ ਦੇ ਪੂਰੇ-ਸੂਰੇ ਸਿੱਟੇ ਟਰੰਪ ਦੇ ਰੁਖਸਤ ਹੋਣ ਤੋਂ ਕਈ ਸਾਲਾਂ ਤੱਕ ਜਾਰੀ ਰਹਿਣਗੇ। ਇਹ ਇਤਿਹਾਸ ਦੀ ਬਹੁਤ ਵੱਡੀ ਸਿਤਮਜ਼ਰੀਫੀ ਹੋਵੇਗੀ ਕਿ ਕੁਝ ਲੋਕਾਂ ਦੇ ਪਾਪਾਂ ਦਾ ਸਿਲਾ ਲੱਖਾਂ ਲੋਕ ਭੁਗਤਣਗੇ। ਭਾਰਤ ਦੇ ਦੋ ਸਾਬਕਾ ਪ੍ਰਧਾਨ ਮੰਤਰੀ-ਮਨਮੋਹਨ ਸਿੰਘ ਤੇ ਇੰਦਰ ਕੁਮਾਰ ਗੁਜਰਾਲ ਸ਼ਾਇਰ ਮੁਜ਼ੱਫਰ ਰਜ਼ਮੀ ਦਾ ਇਹ ਬੰਦ ਅਕਸਰ ਦੁਹਰਾਇਆ ਕਰਦੇ ਸਨ:
ਯੇ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।