ਗੋਪਾਲ ਚਾਵਲਾ ਨਾਲ ਸੈਲਫੀਆਂ ਨੇ ਬੁਰੇ ਫਸਾਏ ਭਾਰਤੀ ਮਹਿਮਾਨ

ਲੁਧਿਆਣਾ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਫੋਟੋਆਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਲਈ ਪਾਕਿਸਤਾਨ ਗਏ ਭਾਰਤੀ ਮਹਿਮਾਨਾਂ ਨੂੰ ਵੱਡੀ ਮੁਸ਼ਕਲ ਵਿਚ ਪਾ ਦਿੱਤਾ। ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਫੋਟੋ ਚਾਵਲਾ ਨਾਲ ਵਾਇਰਲ ਹੋਇਆ ਤੇ ਅਕਾਲੀ ਦਲ ਤੇ ਭਾਜਪਾ ਨੇ ਸਿੱਧੂ ਨੂੰ ਘੇਰਾ ਪਾ ਲਿਆ। ਉਸ ਦੇ ਅਸਤੀਫੇ ਦੀ ਮੰਗ ਵੀ ਉਠੀ।

ਸਿੱਧੂ ਨੇ ਆਪਣਾ ਬਚਾਅ ਕਰਦੇ ਹੋਏ ਝੱਟ ਆਖ ਦਿੱਤਾ ਕਿ ਉਹ ਤਾਂ ਚਾਵਲਾ ਨੂੰ ਜਾਣਦੇ ਹੀ ਨਹੀਂ ਹੀ, ਉਥੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਸਨ। ਅਜੇ ਇਹ ਮਾਮਲਾ ਭਖਿਆ ਹੀ ਸੀ ਕਿ ਗੋਪਾਲ ਸਿੰਘ ਚਾਵਲਾ ਨੇ ਆਪਣੇ ਫੇਸਬੁੱਕ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕੇਂਦਰੀ ਮੰਤਰੀ ਹਰਸਿਮਰਤ ਸਿੰਘ ਬਾਦਲ ਤੇ ਹਰਦੀਪ ਸਿੰਘ ਪੁਰੀ ਨਾਲ ਫੋਟੋਆਂ ਪਾ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਉਤੇ ਸਿੱਧੂ ਨੂੰ ਘੇਰਨ ਵਾਲਾ ਅਕਾਲੀ ਦਲ ਬੁਰਾ ਫਸ ਗਿਆ। ਲੌਂਗੋਵਾਲ ਨੇ ਵੀ ਇਹ ਗੱਲ ਆਖਣ ਲੱਗੇ ਦੇਰ ਨਾ ਲਾਈ ਕਿ ਉਹ ਚਾਵਲਾ ਨੂੰ ਜਾਣਦੇ ਹੀ ਨਹੀਂ। ਸਗੋਂ ਨੀਂਹ ਪੱਥਰ ਸਮਾਗਮ ਵਿਚ ਪਾਕਿਸਤਾਨ ਸਰਕਾਰ ਨੇ ਇਕ ਸਾਜ਼ਿਸ਼ ਤਹਿਤ ਚਾਵਲਾ ਨੂੰ ਉਨ੍ਹਾਂ ਨਾਲ ਬਿਠਾਇਆ ਸੀ। ਸੱਚਾਈ ਸਾਹਮਣੇ ਆਉਣ ਤੋਂ ਬਾਅਦ ਦੋਵੇਂ ਧਿਰਾਂ ਭਾਵੇਂ ਠੰਢੀਆਂ ਹੋ ਗਈਆਂ ਹਨ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਪਾਕਿਸਤਾਨ ਨੇ ਖਾਲਿਸਤਾਨੀ ਨੂੰ ਇਕ ਸਾਜ਼ਿਸ਼ ਤਹਿਤ ਸੱਦਾ ਦਿੱਤਾ ਸੀ।
ਦੱਸ ਦਈਏ ਕਿ ਅਕਾਲੀ ਦਲ ਦੇ ਦਿੱਲੀ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਫੇਸਬੁੱਕ ‘ਤੇ ਸਿੱਧੂ ਤੇ ਗੋਪਾਲ ਸਿੰਘ ਚਾਵਲਾ ਦੀ ਫੋਟੋ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਤੇ ਕਾਂਗਰਸ ਨੂੰ ਸਵਾਲ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ, ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਨ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੋਸ਼ਲ ਮੀਡੀਆ ਟੀਮ ਇਸ ਫੋਟੋ ਨੂੰ ਫੇਸਬੁੱਕ, ਟਵਿੱਟਰ, ਇੰਸਟਾਗਰਾਮ ਤੇ ਵਟਸਐਪ ਗਰੁੱਪਾਂ ਵਿਚ ਸ਼ੇਅਰ ਕਰ ਰਹੀ ਸੀ ਅਤੇ ਮੰਗ ਕਰ ਰਹੇ ਸਨ ਕਿ ਕਾਂਗਰਸ ਪਾਰਟੀ ਅਜਿਹੇ ਮੰਤਰੀ ਤੋਂ ਅਸਤੀਫਾ ਲਵੇ, ਪਰ ਇਸ ਸਿਆਸੀ ਮੁੱਦੇ ਵਿਚ ਨਵਾਂ ਮੋੜ ਆ ਗਿਆ, ਜਦੋਂ ਗੋਪਾਲ ਸਿੰਘ ਚਾਵਲਾ ਨੇ ਖੁਦ ਆਪਣੇ ਫੇਸਬੁੱਕ ਅਕਾਊਂਟ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਖਿੱਚੀ ਹੋਈ ਸੈਲਫੀ ਅਪਲੋਡ ਕਰ ਦਿੱਤੀ।
ਇਸ ਫੋਟੋ ਦੇ ਅਪਲੋਡ ਹੁੰਦੇ ਸਾਰ ਕਾਂਗਰਸ ਦੇ ਹੱਥ ਵੀ ਸਿਆਸੀ ਮੁੱਦਾ ਲੱਗ ਗਿਆ। ਕੁਝ ਹੀ ਸਮੇਂ ਵਿਚ ਇਕ ਹੋਰ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਗੋਪਾਲ ਸਿੰਘ ਚਾਵਲਾ ਖੜ੍ਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਤੋਂ ਬਾਅਦ ਮੰਤਰੀ ਸਿੱਧੂ ਖਿਲਾਫ਼ ਚਲਾਈ ਗਈ ਮੁਹਿੰਮ ਵਿਚ ਅਕਾਲੀ ਦਲ ਤੇ ਭਾਜਪਾ ਆਗੂ ਖੁਦ ਵੀ ਫਸ ਗਏ।
_________________________________
ਚਾਵਲਾ ਨਾਲ ਮੇਰਾ ਕੋਈ ਵਾਸਤਾ ਨਹੀਂ: ਲੌਂਗੋਵਾਲ
ਅਟਾਰੀ: ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਤੋਂ ਵਤਨ ਵਾਪਸੀ ਮੌਕੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣਾ ਉਨ੍ਹਾਂ ਦੀ ਖ਼ੁਸ਼ਕਿਸਮਤੀ ਹੈ। ਗੋਪਾਲ ਸਿੰਘ ਚਾਵਲਾ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਅਤੇ ਉਹ ਨੀਂਹ ਪੱਥਰ ਸਮਾਗਮ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਦਿੱਤੇ ਸਥਾਨ ‘ਤੇ ਹੀ ਬੈਠੇ ਸਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਸਬੰਧੀ ਜਨਵਰੀ 2019 ਵਿਚ ਮੁੜ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਔਕਾਫ਼ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜ਼ੀਰ ਖਾਨ ਤੇ ਵਧੀਕ ਸਕੱਤਰ ਇਮਰਾਨ ਗੋਂਦਲ ਤੇ ਫਰਾਜ਼ ਅੱਬਾਸ ਨਾਲ ਵੀ 550ਵੇਂ ਪ੍ਰਕਾਸ਼ ਪੁਰਬ ਸਬੰਧੀ ਗੱਲਬਾਤ ਕੀਤੀ ਹੈ।