ਲੋਕਤੰਤਰ ‘ਚ ਮਰਜ਼ੀ ਦਾ ਬੋਲਣ ਦੀ ਖੁੱਲ੍ਹ ਤਾਂ ਹੈ, ਪਰ…

-ਜਤਿੰਦਰ ਪਨੂੰ
ਇਹ ਧਾਰਨਾ ਬਹੁਤ ਪੁਰਾਣੀ ਸੁਣਨ ਨੂੰ ਮਿਲਦੀ ਰਹੀ ਹੈ ਕਿ ਲੋਕਤੰਤਰ ਵਿਚ ਖਾਣ-ਪੀਣ ਅਤੇ ਲੋੜਾਂ ਦੀ ਪੂਰਤੀ ਦੇ ਸਾਧਨ ਨਸੀਬ ਹੋਣ ਜਾਂ ਨਾ, ਬੋਲਣ ਦੀ ਪੂਰੀ ਖੁੱਲ੍ਹ ਮਿਲਦੀ ਹੈ ਤੇ ਹਰ ਕਿਸੇ ਨੂੰ ਮਿਲ ਸਕਦੀ ਹੈ। ਇਸ ਖੁੱਲ੍ਹ ਦੀ ਇੱਕ ਵੰਨਗੀ ਦਸ ਕੁ ਮਹੀਨੇ ਪਹਿਲਾਂ ਉਦੋਂ ਵੇਖਣ ਨੂੰ ਮਿਲੀ ਸੀ, ਜਦੋਂ ਇੱਕ ਨਿਊਜ਼ ਚੈਨਲ ਦੇ ਬਹੁ-ਚਰਚਿਤ ਐਂਕਰ ਨੇ ਇੱਕ ਕੌਮੀ ਪਾਰਟੀ ਦੇ ਮੂੰਹ-ਫਟ ਪ੍ਰਧਾਨ ਨੂੰ ਲਾਈਵ ਸ਼ੋਅ ਵਿਚ ਸੱਦਿਆ ਸੀ। ਸਵਾਲ-ਜਵਾਬ ਵੇਲੇ ਐਂਕਰ ਨੇ ਲੀਡਰ ਦੀ ਗੱਲ ਕੱਟਦੇ ਸਮੇਂ ਇਹ ਕਹਿ ਦਿੱਤਾ ਕਿ ਇਹ ਸਭ ਬਕਵਾਸ ਹੈ। ਫਿਰ ਕਈ ਗੱਲਾਂ ਹੋਰ ਵੀ ਕਹਿ ਦਿੱਤੀਆਂ।

ਜਦੋਂ ਉਸ ਨੇ ਜ਼ਰਾ ਕੁ ਸਾਹ ਲਿਆ ਤਾਂ ਲੀਡਰ ਬੋਲਿਆ, ‘ਆਪ ਕੋ ਜੋ ਕੁਛ ਭੌਂਕਨਾ ਥਾ, ਭੌਂਕ ਲੀਆ ਤੋ ਮੈਂ ਭੌਂਕਨਾ ਸ਼ੁਰੂ ਕਰੂੰ।’ ਐਂਕਰ ਨੇ ਤ੍ਰਭਕ ਕੇ ਇਸ ਭਾਸ਼ਾ ਦਾ ਕਾਰਨ ਪੁੱਛਿਆ। ਆਗੂ ਨੇ ਕਿਹਾ, ‘ਤੁਮਹੇਂ ਮੇਰੀ ਬਾਤ ਬਕਵਾਸ ਲਗ ਰਹੀ ਹੈ, ਮੈਂ ਰੋਜ਼ ਤੁਮ ਕੋ ਭੌਂਕਤੇ ਸੁਨਤਾ ਹੂੰ, ਅਬ ਮੈਂ ਭੌਂਕ ਰਹਾ ਹੂੰ ਤੋ ਤੁਮ ਇਸ ਕੋ ਬਕਵਾਸ ਸਮਝ ਕਰ ਹੀ ਸੁਨ ਲੋ, ਬੋਲੋ ਨਹੀਂ।’ ਏਨੇ ਨਾਲ ਚਾਂਭਲੇ ਹੋਏ ਐਂਕਰ ਦਾ ਸਾਰਾ ਬੁਖਾਰ ਲੱਥ ਗਿਆ ਤੇ ਫਿਰ ਏਦਾਂ ਦੀ ਇੰਟਰਵਿਊ ਚੱਲਦੀ ਰਹੀ, ਜਿਸ ਨੂੰ ਬਕਵਾਸ ਭਾਵੇਂ ਨਾ ਵੀ ਕਹੀਏ, ਉਸ ਵਿਚ ਕਿਸੇ ਮੁੱਦੇ ਦੀ ਗੰਭੀਰ ਚਰਚਾ ਵਾਲੀ ਗੱਲ ਦੋਹਾਂ ਵਿਚੋਂ ਕਿਸੇ ਨੇ ਨਹੀਂ ਸੀ ਕੀਤੀ।
ਪਿਛਲੇ ਹਫਤੇ ਜੋ ਕੁਝ ਪੰਜਾਬ ਵਿਚ ਹੁੰਦਾ ਸੁਣਿਆ ਗਿਆ, ਉਸ ਨੂੰ ਬਕਵਾਸ ਜਾਂ ਭੌਂਕਣ ਵਾਲੀ ਸ਼ਬਦਾਵਲੀ ਤੱਕ ਮੈਂ ਨਹੀਂ ਲਿਜਾਂਦਾ, ਪਰ ਇਹ ਗੱਲ ਸਾਫ ਹੈ ਕਿ ਕੰਮ ਦੀ ਗੱਲ ਉਸ ਵਿਚ ਵੀ ਕੋਈ ਨਹੀਂ ਸੀ ਤੇ ਕਹਿਣ ਦੀ ਖਾਤਰ ਹੀ ਕਈ ਕੁਝ ਕਿਹਾ ਤੇ ਅੱਗੋਂ ਸੁਣਿਆ ਜਾ ਰਿਹਾ ਸੀ। ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਵੱਲ ਲਾਂਘਾ ਬਣਨ ਦੇ ਸਬੱਬ ਨੂੰ ਐਵੇਂ ਮਾਮੂਲੀ ਗੱਲਾਂ ਦੇ ਭੇੜ ਨਾਲ ਬੇਸੁਆਦਾ ਕੀਤਾ ਗਿਆ ਸੀ। ਇਸ ਵਿਚ ਨਵਜੋਤ ਸਿੰਘ ਸਿੱਧੂ ਦੀ ਇਹ ਗੱਲ ਅਰਥ ਭਰਪੂਰ ਹੈ ਕਿ ਇਹ ਲਾਂਘਾ ਸ਼ਰਧਾਲੂਆਂ ਦੀ ਉਸ ਗੁਰਦੁਆਰੇ ਤੱਕ ਜਾ ਕੇ ਮੱਥਾ ਟੇਕਣ ਦੀ ਸਿੱਕ ਤਾਂ ਪੂਰੀ ਕਰੇਗਾ ਹੀ, ਨਾਲ ਇਲਾਕੇ ਤੇ ਪੰਜਾਬ ਦੇ ਵਿਕਾਸ ਕਰਨ ਲਈ ਵੀ ਸਹਾਈ ਹੋਵੇਗਾ।
ਪਾਕਿਸਤਾਨ ਸਰਕਾਰ ਆਪਣੇ ਪਾਸੇ ਕਰਤਾਰਪੁਰ ਵਿਚ ਫਾਈਵ ਸਟਾਰ ਹੋਟਲ ਖੋਲ੍ਹਣ ਦਾ ਐਲਾਨ ਕਰਦੀ ਹੈ ਤਾਂ ਏਧਰ ਡੇਰਾ ਬਾਬਾ ਨਾਨਕ ਵਿਚ ਕਈ ਯੋਜਨਾਵਾਂ ਦਾ ਰਾਹ ਖੁੱਲ੍ਹੇਗਾ। ਇਸੇ ਬਹਾਨੇ ਡੇਰਾ ਬਾਬਾ ਨਾਨਕ ਨੂੰ ਜਾਂਦੀਆਂ ਸੜਕਾਂ ਨੈਸ਼ਨਲ ਹਾਈਵੇ ਦੇ ਨਮੂਨੇ ਉਤੇ ਬਣਨ ਨਾਲ ਉਸ ਕਸਬੇ ਵਿਚ ਕਈ ਕਿਸਮ ਦੇ ਸਰਕਾਰੀ ਤੇ ਗੈਰ ਸਰਕਾਰੀ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਪਛੜਿਆ ਸਰਹੱਦੀ ਇਲਾਕਾ ਵਿਕਸਿਤ ਹੋਣ ਲੱਗਾ ਹੈ ਤਾਂ ਸੰਭਾਵਨਾਵਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਏਥੇ ਵੀ ਖੇਹ ਉਡਾਈ ਜਾ ਰਹੀ ਹੈ।
ਮੈਂ ਸਾਫ ਕਹਾਂ ਤਾਂ ਜਦੋਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਮੌਕੇ ਨਵਜੋਤ ਸਿੰਘ ਸਿੱਧੂ ਓਧਰ ਨੂੰ ਤੁਰ ਪਿਆ ਸੀ, ਮੈਂ ਉਸ ਦਿਨ ਵੀ ਉਸ ਦੇ ਖਿਲਾਫ ਸਾਂ ਤੇ ਅੱਜ ਵੀ ਹਾਂ। ਉਹ ਮੌਕਾ ਠੀਕ ਨਹੀਂ ਸੀ। ਭਾਰਤ ਵਿਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋਇਆ ਸੀ, ਇਸ ਕਰ ਕੇ ਜਾਣਾ ਠੀਕ ਨਹੀਂ ਲੱਗਾ ਸੀ ਤੇ ਨਾਲ ਇਹ ਵੀ ਕਿ ਪਿਛਲੀ ਵਾਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਨਵਾਜ਼ ਸ਼ਰੀਫ ਨੂੰ ਸੱਦੇ ਜਾਣ ਨਾਲ ਜਿਵੇਂ ਕਈ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲਿਆ ਸੀ, ਉਸ ਨੂੰ ਦੁਹਰਾਉਣਾ ਵੀ ਠੀਕ ਨਹੀਂ ਸੀ ਲੱਗਾ। ਫਿਰ ਵੀ ਜਦੋਂ ਉਹ ਚਲਾ ਗਿਆ ਤੇ ਉਸ ਦੇ ਗਏ ਤੋਂ ਲਾਂਘਾ ਖੋਲ੍ਹਣ ਵਾਸਤੇ ਹਾਂ ਹੋ ਗਈ ਤਾਂ ਦੁਹਾਈ ਪਾਉਣੀ ਵੀ ਠੀਕ ਨਹੀਂ ਸੀ।
ਭਾਜਪਾ ਵਾਲਿਆਂ ਨੂੰ ਇਹੋ ਦੁੱਖ ਨਹੀਂ ਭੁੱਲ ਰਿਹਾ ਕਿ ਬਿਨਾ ਫੀਸ ਤੋਂ ਸਾਡੇ ਜਲਸਿਆਂ ਲਈ ਭੀੜਾਂ ਇਕੱਠੀਆਂ ਕਰਨ ਵਾਲਾ ਨਵਜੋਤ ਸਿੰਘ ਸਿੱਧੂ ਸਾਨੂੰ ਛੱਡ ਕੇ ਕਾਂਗਰਸ ਵਿਚ ਜਾ ਵੜਿਆ ਹੈ। ਉਨ੍ਹਾਂ ਨੇ ਉਸ ਦੇ ਪਾਕਿਸਤਾਨ ਜਾਣ ਦਾ ਵਿਰੋਧ ਕੀਤਾ ਤਾਂ ਇਥੋ ਤੱਕ ਕਹਿ ਦਿੱਤਾ ਕਿ ਉਸ ਨੂੰ ਪੱਕਾ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ਇਹ ਗੱਲ ਉਹ ਕਈ ਲੋਕਾਂ ਬਾਰੇ ਕਹਿੰਦੇ ਰਹਿੰਦੇ ਹਨ।
ਫਿਰ ਜਦੋਂ ਡੇਰਾ ਬਾਬਾ ਨਾਨਕ ਵਿਚ ਲਾਂਘੇ ਦਾ ਨੀਂਹ ਪੱਥਰ ਰੱਖਣ ਪਿੱਛੋਂ ਪਾਕਿਸਤਾਨ ਵਿਚ ਏਦਾਂ ਦਾ ਨੀਂਹ ਪੱਥਰ ਰੱਖਣ ਮੌਕੇ ਸਿੱਧੂ ਨੂੰ ਮੁੜ ਸੱਦਾ ਆ ਗਿਆ ਤਾਂ ਇਹ ਲੋਕ ਦੁਹਾਈ ਪਾਉਣ ਲੱਗ ਪਏ। ਆਖਰ ਇਸ ਵਿਚ ਗਲਤ ਕੀ ਹੋਇਆ ਸੀ? ਉਸ ਦਾ ਉਥੇ ਜਾਣਾ ਗਲਤ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਤੇ ਹਰਦੀਪ ਸਿੰਘ ਪੁਰੀ ਦਾ ਜਾਣਾ ਕਿਵੇਂ ਜਾਇਜ਼ ਸੀ? ਉਥੇ ਬੜੀ ਸ਼ਰਾਰਤ ਨਾਲ ਗੋਪਾਲ ਸਿੰਘ ਚਾਵਲਾ ਨਾਂ ਦਾ ਬੰਦਾ ਸਿੱਧੂ ਨਾਲ ਫੋਟੋ ਖਿੱਚਵਾ ਗਿਆ। ਗੋਪਾਲ ਸਿੰਘ ਚਾਵਲਾ ਦਹਿਸ਼ਤਗਰਦਾਂ ਦੇ ਗੁਰੂ ਸਮਝੇ ਜਾਂਦੇ ਹਾਫਿਜ਼ ਸਈਦ ਦਾ ਨੇੜੂ ਹੈ। ਅਕਾਲੀ ਆਗੂਆਂ ਨੇ ਦੁਹਾਈ ਪਾ ਦਿੱਤੀ ਕਿ ਸਿੱਧੂ ਦੀ ਭਾਰਤ ਦੇ ਵਿਰੋਧੀਆਂ ਨਾਲ ਸਾਂਝ ਹੈ। ਇੱਕ ਘੰਟੇ ਬਾਅਦ ਦੋ ਨਵੀਂਆਂ ਫੋਟੋਆਂ ਆ ਗਈਆਂ। ਇੱਕ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਉਹੋ ਚਾਵਲਾ ਮੋਢੇ ਨਾਲ ਮੋਢਾ ਜੋੜ ਕੇ ਬੈਠਾ ਅਤੇ ਦੂਜੀ ਫੋਟੋ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਾਲੇ ਫਰੇਮ ਵਿਚ ਦਿਖਾਈ ਦਿੰਦਾ ਸੀ। ਅਕਾਲੀ ਚੁੱਪ ਹੋ ਗਏ। ਏਦਾਂ ਦੀ ਹਲਕੀ ਕਿਸਮ ਦੀ ਰਾਜਨੀਤੀ ਕਰਨ ਦਾ ਲਾਭ ਹੀ ਕੀ ਸੀ, ਜਿਸ ਨੇ ਬਾਅਦ ਵਿਚ ਖੁਦ ਨੂੰ ਫਸਾ ਦਿੱਤਾ?
ਅੱਜ ਕੱਲ੍ਹ ਫੋਟੋ ਕੋਈ ਖਾਸ ਗੱਲ ਨਹੀਂ ਰਹੀ। ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਮੌਕੇ, ਸਫਰ ਕਰਦਿਆਂ ਜਾਂ ਇਥੋਂ ਤੱਕ ਕਿ ਕਿਸੇ ਦੀ ਮੌਤ ਹੋਈ ਤੋਂ ਸ਼ਮਸ਼ਾਨ ਘਾਟ ਵਿਚ ਵੀ ਕੋਈ ਚਰਚਿਤ ਚਿਹਰਾ ਮਿਲ ਜਾਵੇ ਤਾਂ ਲੋਕ ਇੱਕ ਫੋਟੋ ਲੈਣ ਦੀ ਬੇਨਤੀ ਕਰਦੇ ਤੇ ਤਰਲਾ ਮਾਰ ਕੇ ਖਿੱਚਵਾ ਵੀ ਲੈਂਦੇ ਹਨ। ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਦੀਆਂ ਇਹੋ ਜਿਹੀਆਂ ਫੋਟੋਆਂ ਵੀ ਕਈ ਵਾਰ ਚਰਚਾ ਦਾ ਕੇਂਦਰ ਬਣ ਚੁਕੀਆਂ ਹਨ ਤੇ ਅੱਗੋਂ ਵੀ ਬਣ ਸਕਦੀਆਂ ਹਨ।
ਗੱਲ ਤਾਂ ਅਸੀਂ ਏਥੋਂ ਸ਼ੁਰੂ ਕੀਤੀ ਸੀ ਕਿ ਲੋਕਤੰਤਰ ਵਿਚ ਹਰ ਕੋਈ ਮਨ ਆਈ ਗੱਲ ਕਹਿਣ ਨੂੰ ਆਜ਼ਾਦ ਹੁੰਦਾ ਹੈ ਤੇ ਕੁਝ ਵੀ ਕਹਿ ਦਿੰਦਾ ਹੈ, ਫਿਰ ਵੀ ਕੁਝ ਹੱਦਾਂ ਚਾਹੀਦੀਆਂ ਹਨ। ਉਤਰ ਪ੍ਰਦੇਸ਼ ਵਿਚ ਮੱਠ ਦੇ ਮੁਖੀ ਤੋਂ ਮੁੱਖ ਮੰਤਰੀ ਬਣਿਆ ਯੋਗੀ ਆਦਿਤਿਆਨਾਥ ਕਹੀ ਜਾਂਦਾ ਹੈ ਕਿ ਹਨੂੰਮਾਨ ਦਲਿਤ ਜਾਤੀ ਵਿਚੋਂ ਸੀ। ਇਤਿਹਾਸ ਦੀ ਚੀਰ-ਪਾੜ ਕਰਨ ਵਾਲੇ ਮਾਹਰ ਅਜੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਸਨ ਕਹਿ ਸਕੇ, ਜੋ ਇਸ ਯੋਗੀ ਤੋਂ ਭੋਗੀ ਬਣੇ ਭਾਜਪਾ ਆਗੂ ਨੇ ਬੜੇ ਸਹਿਜ ਨਾਲ ਕਹਿ ਦਿੱਤੀ ਹੈ। ਇਸ ਤੋਂ ਹਿੰਦੂ ਧਰਮ ਵਿਚ ਵਿਵਾਦ ਖੜਾ ਹੋ ਗਿਆ ਹੈ। ਭਾਜਪਾ ਦੇ ਆਪਣੇ ਕਈ ਆਗੂ ਵੀ ਇਸ ਮੁੱਦੇ ਤੋਂ ਯੋਗੀ ਆਦਿਤਿਆਨਾਥ ਦੇ ਵਿਰੋਧ ਵਿਚ ਬੋਲਦੇ ਸੁਣੇ ਜਾ ਰਹੇ ਹਨ।
ਮਨ-ਆਈ ਗੱਲ ਕਹਿ ਦੇਣ ਵਾਲੇ ਮਾਮਲੇ ਵਿਚ ਇਸ ਵਕਤ ਤੀਜਾ ਨਾਂ ਭਾਰਤੀ ਫੌਜ ਦੇ ਅੱਜ ਵਾਲੇ ਕਮਾਂਡਰ ਬਿਪਿਨ ਰਾਵਤ ਦਾ ਲਿਆ ਜਾਂਦਾ ਹੈ। ਉਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਸਿਆਸੀ ਕਿਸਮ ਦੀਆਂ ਟਿੱਪਣੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਪਿਆ ਹੈ। ਪਹਿਲਾਂ ਉਹ ਜੰਮੂ-ਕਸ਼ਮੀਰ ਬਾਰੇ ਬੋਲਦੇ ਸਨ ਤਾਂ ਗਲਤ ਨਹੀਂ ਸੀ, ਕਿਉਂਕਿ ਉਸ ਰਾਜ ਦੇ ਖਾਸ ਹਾਲਾਤ ਵਿਚ ਫੌਜ ਨੂੰ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਡਿਊਟੀ ਕਰਨੀ ਅਤੇ ਸਿਆਸੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਉਨ੍ਹਾਂ ਦਾ ਜਵਾਬ ਵੀ ਦੇਣਾ ਪੈਂਦਾ ਸੀ।
ਫਿਰ ਉਹ ਬਿਨਾ ਵਜ੍ਹਾ ਪੰਜਾਬ ਬਾਰੇ ਏਦਾਂ ਦੀਆਂ ਟਿੱਪਣੀਆਂ ਕਰਨ ਲੱਗ ਪਏ, ਜੋ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕਰ ਸਕਦੇ ਹਨ, ਪੰਜਾਬ ਦਾ ਮੁੱਖ ਮੰਤਰੀ ਜਾਂ ਪੁਲਿਸ ਦਾ ਮੁਖੀ ਵੀ ਕਰ ਸਕਦਾ ਹੈ, ਪਰ ਫੌਜ ਦੇ ਮੁਖੀ ਦਾ ਉਨ੍ਹਾਂ ਗੱਲਾਂ ਨਾਲ ਇਸ ਵਕਤ ਦੇ ਹਾਲਾਤ ਵਿਚ ਕੋਈ ਸਬੰਧ ਹੀ ਨਹੀਂ ਬਣਦਾ। ਉਨ੍ਹਾਂ ਨੂੰ ਫੌਜ ਦੇ ਮੁਖੀ ਵਜੋਂ ਗਵਾਂਢੀ ਦੇਸ਼ ਦੀ ਫੌਜ, ਉਸ ਦੇਸ਼ ਵਿਚੋਂ ਹੁੰਦੀ ਅਤਿਵਾਦੀ ਸਰਗਰਮੀ ਬਾਰੇ ਵੀ ਟਿੱਪਣੀਆਂ ਕਰਨ ਦਾ ਹੱਕ ਹੈ, ਪਰ ਉਹ ਹੋਰ ਅੱਗੇ ਵਧ ਕੇ ਉਸ ਦੇਸ਼ ਦੇ ਸਿਸਟਮ ਬਾਰੇ ਇਹ ਕਹਿਣ ਤੱਕ ਪਹੁੰਚ ਗਏ ਕਿ ਭਾਰਤ ਨਾਲ ਸਬੰਧ ਸੁਧਾਰਨੇ ਹਨ ਤਾਂ ਪਾਕਿਸਤਾਨ ਨੂੰ ਇਸਲਾਮੀ ਦੇਸ਼ ਦੀ ਥਾਂ ਧਰਮ ਨਿਰਪੱਖ ਦੇਸ਼ ਬਣਨਾ ਪਵੇਗਾ। ਉਸ ਦੇਸ਼ ਵਿਚ ਕਿੱਦਾਂ ਦਾ ਸਿਸਟਮ ਰੱਖਣਾ ਹੈ, ਇਹ ਉਨ੍ਹਾਂ ਦਾ ਮਾਮਲਾ ਹੈ।
ਸਾਊਦੀ ਅਰਬ ਵਿਚ ਇਸਲਾਮੀ ਰਾਜ ਹੈ, ਉਸ ਨਾਲ ਭਾਰਤ ਦੇ ਸਬੰਧ ਹਨ। ਬੰਗਲਾ ਦੇਸ਼ ਵੀ ਇਸਲਾਮੀ ਦੇਸ਼ ਐਲਾਨਿਆ ਜਾ ਚੁਕਾ ਹੈ। ਸਾਡੇ ਉਸ ਦੇਸ਼ ਨਾਲ ਵੀ ਸੁਖਾਵੇਂ ਸਿਫਾਰਤੀ ਸਬੰਧ ਹਨ, ਕਈ ਹੋਰ ਅਜਿਹੇ ਦੇਸ਼ ਵੀ ਹਨ ਤਾਂ ਫੌਜ ਦੇ ਮੁਖੀ ਨੂੰ ਗਵਾਂਢ ਦੇ ਸਿਰਫ ਇੱਕ ਦੇਸ਼ ਉਤੇ ਇਹ ਸ਼ਰਤ ਲਾਉਣ ਦੀ ਲੋੜ ਨਹੀਂ ਕਿ ਧਰਮ ਨਿਰਪੱਖ ਹੋਵੇ ਤਾਂ ਸਬੰਧ ਸੁਧਰਨਗੇ।
ਅਸਲੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿਚ ਕਈ ਸਾਬਕਾ ਫੌਜੀ ਜਰਨੈਲ ਸੇਵਾ-ਮੁਕਤੀ ਮਗਰੋਂ ਰਾਜਨੀਤੀ ਵਿਚ ਆਉਂਦੇ ਤੇ ਇੱਕ ਜਾਂ ਦੂਜੀ ਝਾਕ ਲਈ ਯਤਨ ਕਰਦੇ ਰਹੇ ਹਨ। ਇਹ ਕੰਮ ਰਿਟਾਇਰ ਹੋ ਕੇ ਨਹੀਂ ਕਰਦੇ, ਉਹ ਵਰਦੀ ਲਾਹੁਣ ਤੋਂ ਪਹਿਲਾਂ ਹੀ ਆਪਣੇ ਆਖਰੀ ਸਾਲਾਂ ਦੌਰਾਨ ਏਦਾਂ ਦੇ ਬਿਆਨਾਂ ਨਾਲ ਕਿਸੇ ਖਾਸ ਧਿਰ ਨੂੰ ਸੰਕੇਤ ਦੇਣੇ ਸ਼ੁਰੂ ਕਰ ਦਿੰਦੇ ਹਨ ਕਿ ਮੈਂ ਤੁਹਾਡੀ ਰਾਜਨੀਤਕ ਲਾਈਨ ਵਿਚ ਫਿੱਟ ਬੈਠਣ ਲਈ ਤਿਆਰ ਹਾਂ।
ਇਸ ਵਕਤ ਕੇਂਦਰ ਸਰਕਾਰ ਵਿਚ ਭਾਰਤੀ ਫੌਜ ਦਾ ਇੱਕ ਅਜਿਹਾ ਜਰਨੈਲ ਮੰਤਰੀ ਬਣਿਆ ਬੈਠਾ ਹੈ, ਜਿਸ ਨੇ ਆਪਣੇ ਆਖਰੀ ਦੋ ਸਾਲਾਂ ਦੌਰਾਨ ਵਕਤ ਦੀ ਸਰਕਾਰ ਨਾਲ ਆਢਾ ਲਾ ਕੇ ਵਿਰੋਧੀ ਪਾਰਟੀਆਂ ਵਿਚੋਂ ਸਰਕਾਰ ਦਾ ਬਦਲ ਬਣ ਕੇ ਉਭਰ ਰਹੀ ਪਾਰਟੀ ਨੂੰ ਇਸ਼ਾਰਾ ਕਰ ਦਿੱਤਾ ਸੀ ਕਿ ਮੈਂ ਸੇਵਾ ਦਾ ਮੌਕਾ ਚਾਹੁੰਦਾ ਹਾਂ। ਇੱਕ ਹੋਰ ਜਰਨੈਲ ਨੇ ਵਰਦੀ ਲਾਹੁੰਦੇ ਸਾਰ ਸਾਡੇ ਪੰਜਾਬ ਦੀ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿਚ ਕਿਸਮਤ ਅਜ਼ਮਾਈ ਸੀ ਤੇ ਅਜਿਹੀ ਝਾਕ ਇਸ ਵਕਤ ਦੇ ਫੌਜੀ ਕਮਾਂਡਰ ਨੂੰ ਵੀ ਹੋ ਸਕਦੀ ਹੈ। ਇਸ ਲਈ ਉਹ ਮਨ ਦੀ ਮੁਰਾਦ ਹਾਸਲ ਕਰਨ ਵਾਸਤੇ ਕੁਝ ਵੀ ਕਹੀ ਜਾਂਦਾ ਹੋ ਸਕਦਾ ਹੈ। ਲੋਕਤੰਤਰ ਹੈ ਤਾਂ ਇਸ ਵਿਚ ਜੋ ਮਰਜ਼ੀ ਬੋਲਣ ਦਾ ਹੱਕ ਸਭ ਨੂੰ ਹੈ, ਪਰ ਕੁਝ ਹੱਦ ਹੋਣੀ ਚਾਹੀਦੀ ਹੈ।