ਕਿਆਮਤ-6

ਹਰਮੋਹਿੰਦਰ ਚਾਹਲ
ਫੋਨ: 703-362-3239
(7)
ਅਗਲੀ ਸਵੇਰ ਖਾਉ ਪੀਉ ਤੋਂ ਵਿਹਲੇ ਹੋਏ ਹੀ ਸਾਂ ਕਿ ਮੁਖਤਾਰ ਦਾ ਸੁਨੇਹਾ ਆ ਗਿਆ। ਬੰਦਿਆਂ ਨੂੰ ਜਾਵੇਤ ‘ਚ ਬੁਲਾਇਆ ਗਿਆ ਸੀ। ਖੈਰੀ ਤੇ ਹੈਂਜ਼ੀ ਚਲੇ ਗਏ। ਥੋੜ੍ਹੀ ਦੇਰ ਪਿੱਛੋਂ ਹੀ ਉਹ ਘਰ ਵਾਪਸ ਮੁੜੇ ਤਾਂ ਬੜੇ ਘਾਬਰੇ ਹੋਏ ਸਨ। ਉਨ੍ਹਾਂ ਕਿਹਾ ਕਿ ਆਲੇ ਦੁਆਲੇ ਇਸਲਾਮਕ ਸਟੇਟ ਵਾਲਿਆਂ ਦੇ ਵੱਧ ਰਹੇ ਜ਼ੋਰ ਦੇ ਮੱਦੇਨਜ਼ਰ ਫੈਸਲਾ ਹੋਇਆ ਹੈ ਕਿ ਛੇਤੀ ਤੋਂ ਛੇਤੀ ਪਿੰਡੋਂ ਨਿਕਲਿਆ ਜਾਵੇ।

ਗੱਲ ਸੁਣਦਿਆਂ ਹੀ ਘਰ ‘ਚ ਇਕਦਮ ਭਗਦੜ ਮੱਚ ਗਈ। ਮਾਂ ਸਭ ਨੂੰ ਜਲਦੀ ਜਲਦੀ ਤਿਆਰ ਹੋਣ ਲਈ ਆਖ ਆਪ ਖਾਣ ਪੀਣ ਦਾ ਸਮਾਨ ਬੰਨਣ ਲੱਗੀ। ਕੱਪੜੇ ਇਕੱਠੇ ਕਰਦਿਆਂ ਜ਼ੀਨਤ ਕੋਠੇ ‘ਤੇ ਚੜ੍ਹੀ। ਉਦੋਂ ਹੀ ਉਸ ਨੇ ਘਾਬਰੀ ਆਵਾਜ਼ ‘ਚ ਛੇਤੀ ਦੇਣੇ ਮੈਨੂੰ ਉਪਰ ਆਉਣ ਨੂੰ ਕਿਹਾ। ਮੈਂ ਭੱਜੀ ਭੱਜੀ ਛੱਤ ‘ਤੇ ਗਈ। ਜ਼ੀਨਤ ਦੂਰ ਸੜਕ ਵਲ ਵੇਖ ਰਹੀ ਸੀ। ਮੈਂ ਉਧਰ ਝਾਕੀ ਤਾਂ ਤ੍ਰਾਹ ਨਿਕਲ ਗਿਆ। ਬਹੁਤ ਸਾਰੇ ਟਰੱਕ ਪਿੰਡ ਵਲ ਆ ਰਹੇ ਸਨ। ਟਰੱਕਾਂ ‘ਤੇ ਚਿੱਟੇ ਤੇ ਕਾਲੇ ਰੰਗ ਦੇ ਝੰਡੇ ਝੂਲ ਰਹੇ ਸਨ। ਮੈਂ ਹੇਠਾਂ ਝਾਕਦਿਆਂ ਮਾਂ ਨੂੰ ਡਰੀ ਆਵਾਜ਼ ‘ਚ ਕਿਹਾ, “ਮਾਂ! ਉਹ ਤਾਂ ਆ ਗਏ ਨੇ।”
“ਹੈਂ! ਕੌਣ ਆ ਗਏ?”
“ਮਾਂ, ਇਸਲਾਮਕ ਸਟੇਟ ਵਾਲੇ ਪਿੰਡ ਵਲ ਆ ਰਹੇ ਨੇ। ਔਹ ਵੇਖੋ ਕਿੰਨੇ ਹੀ ਟਰੱਕ ਨੇ।”
“ਹਾਇ ਉਏ ਰੱਬਾ! ਆਹ ਕੀ ਭਾਣਾ ਵਰਤ ਗਿਆ। ਸਾਨੂੰ ਇੱਥੋਂ ਨਿਕਲ ਜਾਣ ਦਾ ਵੀ ਮੌਕਾ ਨਾ ਮਿਲਿਆ।” ਮਾਂ ਨਿਰਾਸ਼ਾ ‘ਚ ਬੋਲੀ। ਉਦੋਂ ਨੂੰ ਖੈਰੀ ਹੋਰੀਂ ਛੱਤ ‘ਤੇ ਚੜ੍ਹ ਆਏ। ਸਭ ਉਧਰ ਝਾਕਣ ਲੱਗੇ ਜਿੱਧਰੋਂ ਟਰੱਕ ਆ ਰਹੇ ਸਨ। ਟਰੱਕਾਂ ‘ਚ ਖੜ੍ਹੇ ਇਸਲਾਮਕ ਸਟੇਟ ਦੇ ਲੜਾਕੇ ਸਾਫ ਨਜ਼ਰ ਆ ਰਹੇ ਸਨ। ਅਸੀਂ ਪਹਿਲੀ ਵਾਰ ਉਨ੍ਹਾਂ ਮਿਲੀਟੈਂਟਾਂ ਨੂੰ ਵੇਖ ਰਹੇ ਸਾਂ। ਉਨ੍ਹਾਂ ਦੇ ਮੂੰਹ, ਨੱਕ ਤੱਕ ਢਕੇ ਹੋਏ ਸਨ। ਸਭ ਦੇ ਗਲੀਂ ਰਾਈਫਲਾਂ ਸਨ। ਟਰੱਕਾਂ ‘ਤੇ ਲੱਗੇ ਝੰਡੇ ਕਾਲੇ ਰੰਗ ਦੇ ਸਨ ਜਿਨ੍ਹਾਂ ਦੇ ਵਿਚਕਾਰ ਵੱਡੇ ਵੱਡੇ ਚਿੱਟੇ ਅੱਖਰਾਂ ‘ਚ ਕੁਝ ਲਿਖਿਆ ਹੋਇਆ ਸੀ ਜੋ ਦੂਰੋਂ ਪੜ੍ਹ ਨਹੀਂ ਸੀ ਹੁੰਦਾ। ਜਦੋਂ ਉਹ ਪਿੰਡ ਦੇ ਹੋਰ ਨੇੜੇ ਆ ਗਏ ਤਾਂ ਹੈਂਜ਼ੀ ਨੇ ਕਿਹਾ ਕਿ ਸਾਨੂੰ ਹੇਠਾਂ ਚਲੇ ਜਾਣਾ ਚਾਹੀਦਾ ਹੈ, ਕਿਤੇ ਉਹ ਸਾਨੂੰ ਵੇਖ ਹੀ ਨਾ ਲੈਣ। ਅਸੀਂ ਡਰਦਿਆਂ ਛੱਤ ਤੋਂ ਉਤਰ ਆਏ। ਮਾਂ ਤੰਦੂਰ ਕੋਲ ਬੈਠੀ ਰੋਈ ਜਾ ਰਹੀ ਸੀ। ਜਿਸ ਕਿਸੇ ਦੇ ਹੱਥ ਵਿਚ ਜੋ ਵੀ ਸਮਾਨ ਸੀ, ਉਥੇ ਹੀ ਰੱਖ ਦਿੱਤਾ। ਸਾਨੂੰ ਸਾਫ ਹੋ ਗਿਆ ਸੀ ਕਿ ਹੁਣ ਭੱਜ ਕੇ ਕਿਧਰੇ ਵੀ ਨਹੀਂ ਜਾ ਸਕਦੇ। ਹੈਂਜ਼ੀ ਨੇ ਛੇਤੀ ਦੇਣੇ ਘਰ ਦਾ ਦਰਵਾਜਾ ਬੰਦ ਕਰ ਦਿੱਤਾ।
ਇਸਲਾਮਕ ਸਟੇਟ ਵਾਲਿਆਂ ਦੇ ਟਰੱਕਾਂ ਨੇ ਪਿੰਡ ਉਤੋਂ ਦੀ ਕਈ ਗੇੜੇ ਕੱਢੇ, ਤੇ ਨਾਲ ਹੀ ਜ਼ਬਰਦਸਤ ਫਾਇਰਿੰਗ ਕੀਤੀ। ਪਿੰਡ ‘ਚ ਸਹਿਮ ਫੈਲ ਗਿਆ ਤੇ ਰੇਡੀਓ, ਟੀ. ਵੀ. ਵਗੈਰਾ ਦਾ ਸ਼ੋਰ-ਸ਼ਰਾਬਾ ਤੁਰੰਤ ਥੰਮ ਗਿਆ, ਜੈਨਰੇਟਰ ਰੁਕ ਗਏ। ਆਲੇ ਦੁਆਲਿਉਂ ਆਉਂਦਾ ਰੌਲਾ ਰੱਪਾ ਵੀ ਇਕਦਮ ਬੰਦ ਹੋ ਗਿਆ। ਸਭ ਪਿੰਡ ਵਾਸੀਆਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਆ ਪਹੁੰਚੇ ਹਨ। ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ ਕਿ ਕੀ ਕਰੇ? ਨਾ ਹੀ ਕਿਸੇ ਨੂੰ ਇਹ ਪਤਾ ਲੱਗ ਰਿਹਾ ਸੀ ਕਿ ਪੇਸ਼ਮਰਗਾ ਨੇ ਉਨ੍ਹਾਂ ਨੂੰ ਰੋਕਿਆ ਕਿਉਂ ਨਾ? ਕਿਉਂਕਿ ਪੇਸ਼ਮਰਗਾ ਦਾ ਪਿੰਡੋਂ ਬਾਹਰ ਸਕੂਲ ਕੋਲ ਸਖਤ ਪਹਿਰਾ ਰਹਿੰਦਾ ਸੀ।
ਦੋ ਤਿੰਨ ਘੰਟਿਆਂ ਪਿੱਛੋਂ ਮੁਖਤਾਰ ਵਲੋਂ ਸੁਨੇਹਾ ਆਇਆ ਕਿ ਬੰਦੇ ਜਾਵੇਤ ‘ਚ ਪਹੁੰਚਣ। ਹੈਂਜ਼ੀ, ਖੈਰੀ ਤੇ ਦਾਊਦ-ਤਿੰਨੋਂ ਹੀ ਜਾਣਾ ਚਾਹੁੰਦੇ ਸਨ ਪਰ ਮਾਂ ਨੇ ਰੋਕ ਦਿੱਤੇ ਤੇ ਕਿਹਾ ਕਿ ਸਿਰਫ ਇਕੋ ਜਣਾ ਹੀ ਜਾਵੇ। ਹੈਂਜ਼ੀ ਡਰਦਾ ਇਕੱਲਾ ਹੀ ਚਲਾ ਗਿਆ। ਘੰਟੇ ਕੁ ਪਿਛੋਂ ਆ ਕੇ ਉਸ ਨੇ ਦੱਸਿਆ, “ਜਾਵੇਤ ‘ਚ ਇਸਲਾਮਕ ਸਟੇਟ ਵਾਲਿਆਂ ਦਾ ਕਮਾਂਡਰ ਆਇਆ ਸੀ। ਉਸ ਨੇ ਹੀ ਉਥੇ ਇਕੱਠ ਬੁਲਾਇਆ ਸੀ। ਉਸ ਨੇ ਸਭ ਨੂੰ ਕਿਹਾ ਐ ਕਿ ਡਰਨ ਦੀ ਕੋਈ ਲੋੜ ਨ੍ਹੀਂ ਐ। ਬਸ ਕਿਸੇ ਨੇ ਭੱਜਣ ਦੀ ਕੋਸ਼ਿਸ਼ ਨ੍ਹੀਂ ਕਰਨੀ। ਨ੍ਹੀਂ ਤਾਂ ਉਸ ਦਾ ਹਾਲ ਮੁਖਤਾਰ ਦੇ ਭਰਾ ਹੁਸੈਨ ਦੇ ਪਰਿਵਾਰ ਵਰਗਾ ਹੋਵੇਗਾ।”
“ਕਿਉਂ, ਹੁਸੈਨ ਦੇ ਪਰਿਵਾਰ ਨੂੰ ਕੀ ਹੋਇਆ?” ਜ਼ਾਹਰਾ ਨੇ ਪੁੱਛਿਆ।
“ਜਦੋਂ ਇਸਲਾਮਕ ਸਟੇਟ ਵਾਲੇ ਆਏ ਤਾਂ ਉਹ ਪਰਿਵਾਰ ਸਮੇਤ ਪਿੰਡੋਂ ਨਿਕਲ ਚੁਕਾ ਸੀ। ਸਕੂਲ ਕੋਲ ਉਨ੍ਹਾਂ ਨੇ ਰੁਕਣ ਲਈ ਹੱਥ ਦਿੱਤਾ, ਪਰ ਉਸ ਨੇ ਕਾਰ ਨਾ ਰੋਕੀ। ਉਦੋਂ ਹੀ ਉਨ੍ਹਾਂ ਹੁਸੈਨ ਨੂੰ ਪਰਿਵਾਰ ਸਣੇ ਗੋਲੀਆਂ ਨਾਲ ਭੁੰਨ ਦਿੱਤਾ। ਲਾਸ਼ਾਂ ਅਜੇ ਵੀ ਸਕੂਲ ਕੋਲ ਈ ਪਈਆਂ ਨੇ।”
ਗੱਲ ਸੁਣ ਕੇ ਸਾਡੇ ਸਾਹ ਸੁੱਕ ਗਏ। ਮੇਰੀਆਂ ਅੱਖਾਂ ਅੱਗੋਂ ਦੀ ਹੁਸੈਨ ਦੀ ਮੇਰੇ ਨਾਲ ਪੜ੍ਹਦੀ ਰਹੀ ਧੀ ਲੰਘ ਗਈ। ਉਹ ਮੇਰੀ ਸਹੇਲੀ ਸੀ। ਮੈਂ ਬੜਾ ਹੌਸਲਾ ਕਰ ਕੇ ਹੈਂਜ਼ੀ ਨੂੰ ਪੁੱਛਿਆ, “ਭਾਈ, ਪੇਸ਼ਮਰਗਾ ਕਿੱਥੇ ਐ? ਉਨ੍ਹਾਂ ਨੇ ਇਨ੍ਹਾਂ ਨੂੰ ਰੋਕਿਆ ਕਿਉਂ ਨ੍ਹੀਂ?”
“ਉਹ ਤਾਂ ਇਨ੍ਹਾਂ ਦੇ ਆਉਣ ਤੋਂ ਪਹਿਲਾਂ ਈ ਚਲੇ ਗਏ। ਪਤਾ ਈ ਨਾ ਲੱਗਾ ਕਦੋਂ ਭੱਜ ਨਿਕਲੇ। ਉਂਜ ਵੀ ਸਿਕਿਉਰਿਟੀ ਫੋਰਸ ਨੂੰ ਪਤਾ ਹੁੰਦੈ ਕਿ ਕਿੱਥੇ ਕੀ ਹੋ ਰਿਹੈ। ਸ਼ਾਇਦ ਉਹ ਇਸਲਾਮਕ ਸਟੇਟ ਦੀ ਤਾਕਤ ਤੋਂ ਡਰ ਗਏ ਹੋਣਗੇ।”
ਨੀਵੀਂ ਪਾਈ ਬੈਠੀ ਮਾਂ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਹੈਂਜ਼ੀ ਨੂੰ ਪੁੱਛਿਆ, “ਪੁੱਤਰ, ਉਨ੍ਹਾਂ ਹੋਰ ਕੀ ਹੁਕਮ ਸੁਣਾਇਐ?”
“ਮਾਂ, ਉਨ੍ਹਾਂ ਕਿਹੈ, ਇਰਾਕ ‘ਚ ਖਲਾਫਤ ਕਾਇਮ ਹੋ ਚੁਕੀ ਐ ਤੇ ਇਸ ਦੀ ਰਾਜਧਾਨੀ ਮੋਸਲ ਐ। ਸਾਡਾ ਖਲੀਫਾ ਵੀ ਉਥੇ ਈ ਐ। ਤੇ ਖਲੀਫੇ ਦਾ ਹੁਕਮ ਐ, ਹਰ ਕੋਈ ਸ਼ਰੀਅਤ ਮੰਨੇ।”
“ਬਸ ਇੰਨਾ ਈ?”
“ਕਮਾਂਡਰ ਨੇ ਹੋਰ ਕਿਹੈ, ਕੋਈ ਵੀ ਟੀ. ਵੀ. ਜਾਂ ਰੇਡੀਓ ਨਾ ਲਾਵੇ। ਗੀਤ-ਸੰਗੀਤ ਸਭ ਬੰਦ। ਹਰ ਰੋਜ਼ ਸਵੇਰੇ ਅੱਠ ਵਜੇ ਹਰ ਕੋਈ ਜਾਵੇਤ ‘ਚ ਪਹੁੰਚ ਕੇ ਅਗਲੇ ਹੁਕਮ ਸੁਣੇਂ।”
ਇਸ ਪਿੱਛੋਂ ਚੁੱਪ ਚਾਂ ਹੋ ਗਈ। ਮਾਂ ਕਾਫੀ ਦੇਰ ਢੇਰੀ ਢਾਹੀ ਬੈਠੀ ਰਹੀ। ਫਿਰ ਆਪਣੇ ਆਪ ਨੂੰ ਸੰਭਾਲਿਆ ਤੇ ਕਿਹਾ, “ਬੱਚਿਓ, ਡਰਨ ਦੀ ਕੋਈ ਗੱਲ ਨ੍ਹੀਂ। ਕੁਛ ਵੀ ਨ੍ਹੀਂ ਹੋਵੇਗਾ। ਤਾਉਸੀ ਮਲਕ ਆਪਣੀ ਰੱਖਿਆ ਕਰੇਗਾ। ਤੁਸੀਂ ਸਾਰੇ ਹੌਸਲਾ ਫੜੋ। ਪਰ ਆਪਾਂ ਥੋੜ੍ਹੇ ਦਿਨ ਇਕੱਠੇ ਘਰ ਈ ਰਹਾਂਗੇ। ਕਿਸੇ ਨੇ ਖੇਤ ਨ੍ਹੀਂ ਜਾਣਾ…।”
ਗੱਲ ਟੋਕਦਿਆਂ ਹੈਂਜ਼ੀ ਬੋਲਿਆ, “ਪਰ ਮਾਂ ਮੈਨੂੰ ਦੁਕਾਨ ‘ਤੇ ਜਾਣ ਦਿਉ। ਨਾਲੇ ਕਿਹੜਾ ਬਾਹਰ ਜਾਣੈਂ, ਉਹ ਤਾਂ ਪਿੰਡ ਵਿਚ ਈ ਐ। ਉਂਜ ਲੋਕਾਂ ਨੂੰ ਚੀਜ਼ਾਂ ਵਸਤਾਂ ਦੀ ਵੀ ਲੋੜ ਹੋਵੇਗੀ। ਅੱਗੇ ਜਿਵੇਂ ਹੋਊ, ਵੇਖਾਂਗੇ।”
“ਠੀਕ ਐ ਪੁੱਤਰ, ਪਰ ਖਾਣਾ ਖਾ ਕੇ ਈ ਜਾਵੀਂ।”
ਇਸ ਪਿੱਛੋਂ ਮਾਂ ਨੇ ਤੰਦੂਰ ਤਪਾ ਲਿਆ। ਮੈਂ ਦਾਲ ਚਾੜ੍ਹ ਦਿੱਤੀ। ਸਾਰੇ ਖਾਣ ਲੱਗੇ ਤੇ ਹੈਂਜ਼ੀ ਦੁਕਾਨ ‘ਤੇ ਚਲਾ ਗਿਆ।
ਅੱਜ ਕੋਈ ਕੰਮ ਨਹੀਂ ਸੀ। ਨਾ ਹੀ ਕਿਸੇ ਦਾ ਕੁਝ ਕਰਨ ਨੂੰ ਜੀਅ ਕਰਦਾ ਸੀ। ਮਾਂ ਥੋੜ੍ਹੇ ਥੋੜ੍ਹੇ ਚਿਰ ਪਿੱਛੋਂ ਸਭ ਨੂੰ ਹੌਸਲਾ ਦੇ ਰਹੀ ਸੀ। ਬਿਜਲੀ ਬੰਦ ਸੀ। ਇਸ ਕਰਕੇ ਟੀ. ਵੀ., ਕੂਲਰ, ਫਰਿੱਜ ਸਭ ਬੰਦ ਸਨ। ਅਗਸਤ ਮਹੀਨੇ ਦੀ ਗਰਮੀ ਵੱਟ ਕੱਢ ਰਹੀ ਸੀ। ਫੋਨ ਦੀ ਵਰਤੋਂ ਵੀ ਲੁਕ ਛੁਪ ਕੇ ਬੜੇ ਸੰਕੋਚ ਨਾਲ ਕਰਦੇ। ਡਰ ਸੀ ਕਿ ਬੈਟਰੀ ਖਤਮ ਨਾ ਹੋ ਜਾਵੇ। ਉਂਜ ਤਾਂ ਗੁਆਂਢ ‘ਚ ਮੇਰੀ ਸਹੇਲੀ ਫੌਜ਼ੀਆ ਦੇ ਘਰ ਜੈਨਰੇਟਰ ਸੀ, ਪਰ ਉਨ੍ਹਾਂ ਵੀ ਇਸਲਾਮਕ ਸਟੇਟ ਵਾਲਿਆਂ ਦੇ ਡਰੋਂ ਬੰਦ ਕਰ ਦਿੱਤਾ ਹੋਇਆ ਸੀ। ਸੋਚਾਂ ‘ਚ ਡੁੱਬੇ, ਸਾਰੇ ਵਿਹੜੇ ‘ਚ ਸਪਾਈਡਰ ਦੀ ਛਾਂ ਹੇਠ ਬਹਿ ਗਏ। ਉਦੋਂ ਹੀ ਦਰਵਾਜੇ ਵਲੋਂ ਸ਼ਾਮੀ ਅੰਮਾ ਆਉਂਦੀ ਦਿੱਸੀ। ਸਭ ਨੂੰ ਮਣਾਂ ਮੂੰਹੀਂ ਹੌਸਲਾ ਹੋ ਗਿਆ। ਉਂਜ ਵੀ ਸ਼ਾਮੀ ਅੰਮਾ ਦਾ ਘਰ ਮੁਖਤਾਰ ਅਹਿਮਦ ਜਾਸੋ ਦੇ ਘਰ ਦੇ ਬਿਲਕੁਲ ਨਾਲ ਸੀ। ਇਸ ਕਰਕੇ ਉਸ ਨੂੰ ਹਰ ਮਸਲੇ ਬਾਰੇ ਪੂਰੀ ਜਾਣਕਾਰੀ ਰਹਿੰਦੀ ਸੀ। ਅੱਜ ਉਹ ਥੱਕੀ ਥੱਕੀ ਜਾਪਦੀ ਸੀ।
“ਸਾਇਰਾ ਬੀਬੀ, ਜਿਸ ਗੱਲ ਦਾ ਡਰ ਸੀ, ਉਹੋ ਹੋ ਗਈ।” ਉਸ ਨੇ ਬਹਿੰਦਿਆਂ ਹੀ ਗੱਲ ਸ਼ੁਰੂ ਕੀਤੀ।
“ਅੰਮਾ ਜੋ ਰੱਬ ਦੀ ਰਜ਼ਾ। ਵੇਖ ਲੋ ਆਪਾਂ ਤਾਂ ਪਿੰਡ ਛੱਡਣ ਨੂੰ ਤਿਆਰ ਹੋ ਗਏ ਸਾਂ ਪਰ ਜਮਦੂਤ ਪਹਿਲਾਂ ਈ ਆ ਪਹੁੰਚੇ।”
“ਜਮਾਂ ਨੇ ਤਾਂ ਆਪਣਾ ਰੰਗ ਵਿਖਾਉਣਾ ਸ਼ੁਰੂ ਵੀ ਕਰ ਦਿੱਤੈ। ਵੇਖ ਲੋ ਹੁਸੈਨ ਬੇਚਾਰਾ ਪਰਿਵਾਰ ਸਣੇ ਮਾਰਿਆ ਗਿਆ। ਮੁਖਤਾਰ ਨੇ ਇਸਲਾਮਕ ਸਟੇਟ ਕਮਾਂਡਰ ਨੂੰ ਬੇਨਤੀ ਕੀਤੀ ਐ ਕਿ ਉਨ੍ਹਾਂ ਦੀਆਂ ਲਾਸ਼ਾਂ ਚੁੱਕ ਕੇ ਸਪੁਰਦ-ਏ-ਖਾਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਸ ਨੇ ‘ਹਾਂ’ ਤਾਂ ਕਰ ਦਿੱਤੀ ਐ ਪਰ ਨਾਲ ਈ ਕਿਹੈ, ਪਰਿਵਾਰ ਤੋਂ ਬਿਨਾ ਹੋਰ ਕੋਈ ਇਸ ਕੰਮ ‘ਚ ਸ਼ਾਮਲ ਨਾ ਹੋਵੇ। ਉਸ ਦੇ ਨਾਲ ਵੀ ਇਨ੍ਹਾਂ ਦੇ ਲੜਾਕੇ ਰਹਿਣਗੇ।”
“ਇਹ ਕੰਮ ਤਾਂ ਉਹ ਆਰਾਮ ਨਾਲ ਕਰ ਲੈਣ ਦਿੰਦੇ।” ਮਾਂ ਨੇ ਸੋਗੀ ਆਵਾਜ਼ ‘ਚ ਕਿਹਾ।
“ਨ੍ਹੀਂ, ਇਵੇਂ ਉਹ ਨ੍ਹੀਂ ਕਰਨ ਦੇਣਗੇ, ਕਿਉਂਕਿ ਉਨ੍ਹਾਂ ਨੂੰ ਖਦਸ਼ੈ ਕਿ ਕੋਈ ਪਿੰਡੋਂ ਭੱਜ ਨਾ ਨਿਕਲੇ।”
ਮੈਂ ਸ਼ਾਮੀ ਅੰਮਾ ਨੂੰ ਪੁੱਛਿਆ, ਪੀਣ ਲਈ ਕੁਝ ਲਿਆਵਾਂ ਤਾਂ ਉਸ ਨੇ ਉਦਾਸ ਲਹਿਜੇ ‘ਚ ਨਾਂਹ ਕਰਦਿਆਂ ਕਿਹਾ, “ਸਿੰਜਾਰ ਤੋਂ ਆਪਣੇ ਵਲ, ਆਲੇ ਦੁਆਲੇ ਦੇ ਪਿੰਡਾਂ ‘ਤੇ ਇਨ੍ਹਾਂ ਨੇ ਕਬਜਾ ਜਮਾ ਲਿਆ। ਉਥੇ ਬੜੀ ਲੁੱਟ ਘਸੁੱਟ ਹੋ ਰਹੀ ਐ। ਉਥੋਂ ਦੇ ਸੁੰਨੀ ਅਰਬ ਵੀ ਇਨ੍ਹਾਂ ਦੇ ਨਾਲ ਈ ਰਲ ਗਏ ਨੇ।”
“ਪਰ ਅੰਮਾ ਪਹਿਲਾਂ ਤਾਂ ਇਹ ਸੁੰਨੀ ਲੋਕ ਕਹਿੰਦੇ ਸੀ ਕਿ ਅਸੀਂ ਜਾਜ਼ੀਦੀਆਂ ਦੀ ਮਦਦ ਕਰਾਂਗੇ। ਹੁਣ ਕਿਉਂ ਬਦਲ ਗਏ?”
“ਸਾਇਰਾ ਬੀਬੀ, ਜਦੋਂ ਅਜਿਹੇ ਹਾਲਾਤ ਆਉਂਦੇ ਨੇ ਤਾਂ ਸਭ ਕੁਛ ਬਦਲ ਜਾਂਦੈ। ਸੁੰਨੀ ਅਰਬਾਂ ਨੇ ਤਾਂ ਸਗੋਂ ਆਪ ਮੂਹਰੇ ਲੱਗ ਕੇ ਉਨ੍ਹਾਂ ਪਿੰਡਾਂ ਨੂੰ ਖਾਲੀ ਕਰਵਾਉਣ ਦਾ ਬੀੜਾ ਚੁੱਕਿਐ। ਜਿਉਂ ਈ ਜਾਜ਼ੀਦੀ ਲੋਕ ਨਿਕਲੇ, ਸੁੰਨੀ ਲੋਕਾਂ ਨੇ ਉਨ੍ਹਾਂ ਦੇ ਘਰਾਂ ਦੀ ਲੁੱਟ ਖਸੁੱਟ ਸ਼ੁਰੂ ਕਰ ਦਿੱਤੀ। ਪਹਿਲਾਂ ਚੰਗਾ ਚੰਗਾ ਸਮਾਨ ਇਸਲਾਮਕ ਸਟੇਟ ਵਾਲਿਆਂ ਨੇ ਲੁੱਟਿਆ। ਫਿਰ ਸੁੰਨੀਆਂ ਦੀ ਵਾਰੀ ਆਈ। ਉਨ੍ਹਾਂ ਤਾਂ ਘਰਾਂ ਦੀਆਂ ਛੱਤਾਂ ਵੀ ਨ੍ਹੀਂ ਛੱਡੀਆਂ।”
“ਅੰਮਾ, ਘਰ ਵੀ ਢਾਹ ਦਿੱਤੇ?” ਛੋਟੀ ਜਿਹੀ ਨੂਰੀ ਨੇ ਬੱਚਿਆਂ ਵਾਲਾ ਸੁਆਲ ਕੀਤਾ ਤਾਂ ਸ਼ਾਮੀ ਅੰਮਾ ਨੇ ਉਸ ਨੂੰ ਚੁੱਕ ਕੇ ਬੁੱਕਲ ‘ਚ ਲੈ ਲਿਆ ਤੇ ਉਦਾਸ ਸੁਰ ‘ਚ ਬੋਲੀ, “ਬੱਚੀਏ, ਘਰ ਢਹਿਣ ਜਾਂ ਬਚਣ, ਮਾਲਕਾਂ ਨੇ ਕਿਹੜਾ ਮੁੜ ਕੇ ਆਉਣੈਂ। ਜਿਨ੍ਹਾਂ ਦੀ ਵਧੀ ਸੀ, ਉਹ ਸਿੰਜਾਰ ਪਹਾੜ ਤੱਕ ਪਹੁੰਚਣ ‘ਚ ਕਾਮਯਾਬ ਹੋ ਗਏ। ਬਹੁਤੇ ਰਾਹ ‘ਚ ਮਰ ਖਪ ਗਏ। ਜੋ ਇਨ੍ਹਾਂ ਜਮਾਂ ਦੇ ਧੱਕੇ ਚੜ੍ਹ ਗਏ, ਉਹ ਇਨ੍ਹਾਂ ਗੋਲੀਆਂ ਨਾਲ ਭੁੰਨ ਦਿੱਤੇ। ਮੈਂ ਤਾਂ ਇਹ ਵੀ ਸੁਣਿਐਂ…।” ਇੰਨਾ ਕਹਿੰਦਿਆਂ ਉਸ ਨੇ ਗੱਲ ਵਿਚੇ ਹੀ ਛੱਡ ਦਿੱਤੀ। ਸ਼ਾਇਦ ਉਹ ਮਾਰਾ ਮਰਾਈ ਦੀ ਕੋਈ ਭਿਆਨਕ ਗੱਲ ਸੁਣਾਉਣਾ ਚਾਹੁੰਦੀ ਸੀ ਪਰ ਇਹ ਸੋਚ ਕੇ ਚੁੱਪ ਹੋ ਗਈ ਕਿ ਪਹਿਲਾਂ ਹੀ ਡਰੇ ਬੱਚੇ ਹੋਰ ਡਰਨਗੇ। ਉਸ ਨੂੰ ਚੁੱਪ ਵੇਖ ਕੇ ਮਾਂ ਨੇ ਗੱਲ ਛੇੜੀ, “ਅੰਮਾ, ਜੋ ਪਹਾੜ ‘ਤੇ ਚਲੇ ਗਏ, ਉਨ੍ਹਾਂ ਦੀਆਂ ਜਾਨਾਂ ਤਾਂ ਬਚ ਗਈਆਂ ਨੇ ਪਰ ਉਨ੍ਹਾਂ ਦੇ ਰਹਿਣ ਸਹਿਣ ਦਾ ਬਹੁਤ ਔਖਾ ਹੋਇਆ ਪਿਐ। ਜਾਲੋ ਉਥੇ ਈ ਐ। ਉਹ ਦੱਸਦਾ ਸੀ ਕਿ ਖਾਧ ਖੁਰਾਕ ਦਾ ਬਹੁਤ ਬੁਰਾ ਹਾਲ ਐ। ਕਹਿੰਦਾ, ਰੋਜ਼ਾਨਾ ਮੁੱਠੀ ਕੁ ਭਰ ਕਣਕ ਅਤੇ ਥੋੜ੍ਹਾ ਜਿਹਾ ਪਾਣੀ ਮਸਾਂ ਮਿਲਦਾ। ਉਸੇ ਪਾਣੀ ‘ਚ ਕਣਕ ਭਿਉਂ ਕੇ ਖਾ ਲੈਂਦੈ ਤੇ ਪਿੱਛੋਂ ਉਹੀ ਪਾਣੀ ਪੀਣ ਲਈ ਵਰਤਦੈ। ਚੌਵੀ ਘੰਟਿਆਂ ‘ਚ ਇਹੀ ਕੁਛ ਮਿਲਦੈ?”
“ਕਈ ਥਾਂਈਂ ਤਾਂ ਬੀਬੀ ਇਹ ਵੀ ਨ੍ਹੀਂ ਮਿਲਦਾ। ਲੋਕ ਰੁੱਖਾਂ ਦੇ ਪੱਤੇ ਖਾ ਰਹੇ ਨੇ। ਬਿਮਾਰੀਆਂ ਫੈਲ ਗਈਆਂ ਨੇ। ਲੋਕ ਮਰ ਰਹੇ ਨੇ। ਉਂਜ ਤਾਂ ਅਮਰੀਕਨ ਉਪਰੋਂ ਜਹਾਜਾਂ ਨਾਲ ਖਾਣੇ ਦੇ ਪੈਕਟ ਸੁੱਟ ਰਹੇ ਨੇ, ਪਰ ਉਹ ਲੋਕਾਂ ਤੱਕ ਬਹੁਤ ਘੱਟ ਪਹੁੰਚਦੇ ਨੇ। ਪਹਾੜ ਐਡਾ ਵੱਡਾ ਐ ਤੇ ਪੈਕਟ ਕਿਧਰੇ ਝਾੜੀਆਂ ਬੂਝਿਆਂ ਜਾਂ ਉਬੜ ਖਾਬੜ ਥਾਂਵਾਂ ‘ਤੇ ਜਾ ਡਿੱਗਦੇ ਨੇ।”
“ਅੰਮਾ ਅਮਰੀਕਨਾਂ ਤੋਂ ਬੜੀਆਂ ਉਮੀਦਾਂ ਨੇ। ਸ਼ਾਇਦ ਉਹ ਆਪਣੀ ਮਦਦ ਨੂੰ ਬਹੁੜ ਪੈਣ, ਤੇ ਇਨ੍ਹਾਂ ਜ਼ਾਲਮਾਂ ਤੋਂ ਖਹਿੜਾ ਛੁੱਟ ਜਾਵੇ।”
“ਅਜੇ ਕੁਛ ਨ੍ਹੀਂ ਕਹਿ ਸਕਦੇ। ‘ਕੇਰਾਂ ਤਾਂ ਇਨ੍ਹਾਂ ਦੁਸ਼ਟਾਂ ਨੇ ਆਪਾਂ ਨੂੰ ਪਿੰਜਰੇ ‘ਚ ਬੰਦ ਕਰ ਲਿਐ।”
“ਅੰਮਾ ਕਿਤੇ ਇਹ ਸਿੰਜਾਰ ਪਹਾੜ ਵਾਲਿਆਂ ਵਲ ਨਾ ਚਲੇ ਜਾਣ। ਫਿਰ ਤਾਂ ਉਨ੍ਹਾਂ ਸਭ ਦੀਆਂ ਜਾਨਾਂ ਖਤਰੇ ‘ਚ ਪੈ ਜਾਣਗੀਆਂ।” ਜ਼ੀਨਤ ਨੇ ਇੰਨਾ ਕਿਹਾ ਤਾਂ ਸ਼ਾਮੀ ਅੰਮਾ ਬੋਲੀ, “ਨ੍ਹੀਂ, ਜੋ ਇਕ ਵਾਰ ਉਥੇ ਪਹੁੰਚ ਗਿਆ, ਉਸ ਨੂੰ ਇਨ੍ਹਾਂ ਤੋਂ ਕੋਈ ਖਤਰਾ ਨ੍ਹੀਂ, ਕਿਉਂਕਿ ਪਹਾੜ ਬਹੁਤ ਲੰਬਾ ਚੌੜਾ ਤੇ ਉਚਾ ਐ। ਉਥੇ ਬੜੇ ਗੁਪਤ ਰਾਹ ਤੇ ਲੁਕਵੀਆਂ ਸੁਰੰਗਾਂ ਨੇ। ਇਸ ਸਭ ਦਾ ਆਪਣੇ ਲੋਕਾਂ ਤੋਂ ਬਿਨਾ ਹੋਰ ਕਿਸੇ ਨੂੰ ਪਤਾ ਨ੍ਹੀਂ।”
ਗੱਲਾਂ ਚੱਲ ਹੀ ਰਹੀਆਂ ਸਨ ਕਿ ਆਵਾਜ਼ਾਂ ਆਈਆਂ। ਦੋ ਹੈਲੀਕਾਪਟਰ ਉਚੇ ਉਡਦੇ ਲੰਘ ਗਏ। ਥੋੜ੍ਹੀ ਹੀ ਦੇਰ ਪਿੱਛੋਂ ਉਹ ਵਾਪਸ ਮੁੜ ਗਏ। ਸਾਨੂੰ ਕੁਝ ਹੌਸਲਾ ਹੋਇਆ। ਲੱਗਾ, ਸ਼ਾਇਦ ਇਹ ਅਮਰੀਕਨਾਂ ਦੇ ਜਹਾਜ ਹਨ। ਸਭ ਨੇ ਸੋਚਿਆ ਕਿ ਇਹ ਸਾਨੂੰ ਬਚਾਉਣ ਲਈ ਵੀ ਆ ਸਕਦੇ ਹਨ। ਗੱਲ ਚੱਲ ਹੀ ਰਹੀ ਸੀ ਕਿ ਗਲੀ ਵਲੋਂ ਸਪੀਕਰ ਦੀ ਆਵਾਜ਼ ਆਈ। ਧਿਆਨ ਨਾਲ ਸੁਣਿਆ ਤਾਂ ਪਤਾ ਲੱਗਾ ਕਿ ਇਸਲਾਮਕ ਸਟੇਟ ਵਾਲੇ ਜੀਪ ‘ਤੇ ਸਪੀਕਰ ਬੰਨ ਕੇ ਪਿੰਡ ‘ਚ ਹੋਕਾ ਦਿੰਦੇ ਫਿਰ ਰਹੇ ਸਨ। ਨੇੜੇ ਆਉਣ ‘ਤੇ ਆਵਾਜ਼ ਸਾਡੇ ਕੰਨੀ ਪਈ, “ਸਭ ਨੂੰ ਹੁਕਮ ਐ ਕਿ ਆਪੋ ਆਪਣੇ ਹਥਿਆਰ ਜਮਾਂ ਕਰਵਾ ਦਿਉ। ਜਿਸ ਕਿਸੇ ਕੋਲ ਕੋਈ ਵੀ ਹਥਿਆਰ, ਬੰਦੂਕ, ਪਿਸਤੌਲ ਜਾਂ ਛੁਰਾ ਵਗੈਰਾ ਐ, ਉਹ ਬਾਹਰ ਕੱਢ ਲਉ, ਥੋੜ੍ਹੀ ਈ ਦੇਰ ‘ਚ ਸਾਡੇ ਲੜਾਕੇ ਤੁਹਾਡੇ ਘਰਾਂ ‘ਚ ਆਉਣਗੇ। ਇਹ ਸਭ ਉਨ੍ਹਾਂ ਦੇ ਹਵਾਲੇ ਕਰ ਦਿਉ। ਹੁਕਮ ਨਾ ਮੰਨਣ ਵਾਲੇ ਨੂੰ ਸਜ਼ਾ-ਏ-ਮੌਤ ਹੋਵੇਗੀ।”
ਹੌਲੀ ਹੌਲੀ ਆਵਾਜ਼ ਘੱਟਦੀ ਗਈ ਤੇ ਜੀਪ ਦੂਰ ਪਿੰਡ ਵਲ ਲੰਘ ਗਈ। ਅਸੀਂ ਇਕ ਦੂਜੇ ਵਲ ਵੇਖਿਆ। ਇਸ ਨਵੀਂ ਕਿਸਮ ਦੇ ਫੁਰਮਾਨ ਨੇ ਸਾਡੇ ਹੌਸਲੇ ਹੋਰ ਡੇਗ ਦਿੱਤੇ। ਇੰਨੇ ਨੂੰ ਦਰਵਾਜਾ ਖੜਕਿਆ। ਖੈਰੀ ਨੇ ਨੇੜੇ ਹੋ ਕੇ ਖੋਲ੍ਹਿਆ ਤਾਂ ਸਾਹਮਣੇ ਮੁਖਤਾਰ ਖੜ੍ਹਾ ਸੀ। ਉਸ ਦੇ ਪਿੱਛੇ ਗਲਾਂ ‘ਚ ਰਾਈਫਲਾਂ ਲਟਕਾਈ ਇਸਲਾਮਕ ਸਟੇਟ ਦੇ ਕਈ ਮਿਲੀਟੈਂਟ ਸਨ। ਅਸੀਂ ਡਰਦੇ ਮਾਰੇ ਪਿਛਾਂਹ ਹਟ ਗਏ। ਅਹਿਮਦ ਜਾਸੋ ਨੇ ਖੈਰੀ ਨੂੰ ਬਾਹਰ ਬੁਲਾ ਕੇ ਕੁਝ ਕਿਹਾ। ਫਿਰ ਖੈਰੀ ਨੇ ਘਰ ‘ਚ ਪਏ ਰਵਾਇਤੀ ਜਿਹੇ ਹਥਿਆਰ, ਗੰਡਾਸਾ, ਬਰਛਾ, ਬੱਲਮ ਆਦਿ ਲਿਜਾ ਕੇ ਬਾਹਰ ਖੜ੍ਹੀ ਟਰਾਲੀ ਵਿਚ ਰੱਖ ਦਿੱਤੇ। ਸ਼ਾਮ ਤੱਕ ਉਨ੍ਹਾਂ ਨੇ ਪਿੰਡ ‘ਚੋਂ ਸਾਰੇ ਛੋਟੇ ਵੱਡੇ ਹਥਿਆਰ ਇਕੱਠੇ ਕਰ ਪਿੰਡ ਵਾਲਿਆਂ ਨੂੰ ਨਿਹੱਥੇ ਕਰ ਦਿੱਤਾ। ਸਾਡੀਆਂ ਦੋ ਬੰਦੂਕਾਂ ਖੈਰੀ ਨੇ ਖੇਤ ਦੱਬੀਆਂ ਹੋਣ ਕਾਰਨ ਬਚ ਰਹੀਆਂ, ਪਰ ਇਸ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਇਸਲਾਮਕ ਸਟੇਟ ਵਾਲੇ ਪਿੰਡੋਂ ਬਾਹਰ ਤਾਂ ਕਿਸੇ ਨੂੰ ਜਾਣ ਹੀ ਨਹੀਂ ਸਨ ਦਿੰਦੇ। ਹਰ ਪਾਸੇ ਉਨ੍ਹਾਂ ਦਾ ਪਹਿਰਾ ਸੀ। ਖੈਰ! ਉਹ ਹਥਿਆਰ ਇਕੱਠੇ ਕਰਦੇ ਅਗਾਂਹ ਤੁਰ ਗਏ।
ਉਦੋਂ ਹੀ ਜਿੰਜ਼ਾਲ ਦਾ ਫੋਨ ਆ ਗਿਆ ਤੇ ਮੈਂ ਗੱਲ ਕਰਨ ਲੱਗੀ। ਗੱਲ ਮੁਕਾਈ ਤਾਂ ਸਾਰੇ ਮੈਥੋਂ ਸੁਣਨ ਲਈ ਉਤਾਵਲੇ ਸਨ ਕਿ ਕੀ ਗੱਲ ਹੋਈ। ਮੈਂ ਦੱਸਿਆ ਕਿ ਜਿੰਜ਼ਾਲ ਨੂੰ ਆਪਣੇ ਹਾਲਾਤ ਦਾ ਪਤਾ ਲੱਗ ਗਿਐ। ਉਸ ਨੂੰ ਜਾਲੋ ਨੇ ਵੀ ਸਭ ਦੱਸ ਦਿੱਤੈ। ਉਹ ਬੜਾ ਫਿਕਰਮੰਦ ਐ। ਸੁਣ ਕੇ ਸ਼ਾਮੀ ਅੰਮਾ ਨੇ ਪੁੱਛਿਆ, “ਆਸਮਾ ਬੱਚੀਏ, ਉਹ ਕੀ ਦੱਸਦੈ? ਕੀ ਕੁਰਦਸਤਾਨ ਸਰਕਾਰ ਨੂੰ ਆਪਣਾ ਕੋਈ ਫਿਕਰ ਐ?”
“ਅੰਮਾ, ਜਿੰਜ਼ਾਲ ਕਹਿੰਦਾ, ਸਰਕਾਰ ਨੂੰ ਫਿਕਰ ਤਾਂ ਐ ਪਰ ਉਹ ਪਹਿਲਾਂ ਆਪਣੇ ਤੇਲ ਦੇ ਖੂਹ ਬਚਾਉਣ ‘ਚ ਲੱਗੀ ਹੋਈ ਐ। ਇਸ ਵੇਲੇ ਇਸਲਾਮਕ ਸਟੇਟ ਵਾਲੇ ‘ਨੇਰੀ ਵਾਂਗ ਹਰ ਪਾਸੇ ਚੜ੍ਹੇ ਜਾ ਰਹੇ ਨੇ। ਸੋ ਉਹ ਸਭ ਤੋਂ ਪਹਿਲਾਂ ਕਿਰਕਕ ਨੂੰ ਬਚਾਉਣ ਦਾ ਉਪਰਾਲਾ ਕਰ ਰਹੇ ਨੇ, ਕਿਉਂਕਿ ਤੇਲ ਦੇ ਸਾਰੇ ਵੱਡੇ ਖੂਹ ਉਥੇ ਈ ਨੇ।”
“ਫਿਰ ਆਪਣੀ ਮਦਦ ਕੌਣ ਕਰੂ?” ਮਾਂ ਨੇ ਉਦਾਸੀ ਆਵਾਜ਼ ‘ਚ ਕਿਹਾ।
“ਜਿੰਜ਼ਾਲ ਦੱਸਦਾ ਸੀ ਕਿ ਕੋਈ ਉਸ ਦਾ ਦੋਸਤ ਐ ਹੈਦਰ, ਜੋ ਪਿਛਲੇ ਸਾਲ ਈ ਅਮਰੀਕਾ ਗਿਐ। ਉਸ ਨੇ ਉਥੇ ਹੋਰ ਜਾਜ਼ੀਦੀ ਲੋਕਾਂ ਨੂੰ ਨਾਲ ਰਲਾ ਕੇ ਗਰੁਪ ਬਣਾਇਆ ਹੋਇਐ। ਉਹ ਅਮਰੀਕਾ ਸਰਕਾਰ ਦੀ ਮਦਦ ਨਾਲ ਇੱਥੇ ਫਸੇ ਜਾਜ਼ੀਦੀ ਲੋਕਾਂ ਦੀ ਮਦਦ ਕਰ ਰਹੇ ਨੇ। ਕਿਤੇ ਜਹਾਜਾਂ ਨਾਲ ਖਾਣਾ ਵਗੈਰਾ ਸੁੱਟ ਰਹੇ ਨੇ ਤੇ ਕਿਤੇ ਕੁਛ ਹੋਰ। ਕਈ ਥਾਂਈਂ ਤਾਂ ਅਮਰੀਕਨ ਹੈਲੀਕਾਪਟਰਾਂ ਨੇ ਜਾਜ਼ੀਦੀਆਂ ਨੂੰ ਬਚਾਇਆ ਵੀ ਐ। ਜਿੰਜ਼ਾਲ ਨੇ ਕਿਹਾ ਸੀ ਕਿ ਉਹ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰੇ, ਪਰ ਹਾਲ ਦੀ ਘੜੀ ਕੋਈ ਉਮੀਦ ਨ੍ਹੀਂ।”
“ਕਿਉਂ?” ਸ਼ਾਮੀ ਅੰਮਾ ਨੇ ਪੁੱਛਿਆ।
“ਅੰਮਾ, ਜਿੰਜ਼ਾਲ ਕਹਿੰਦਾ ਕਿ ਉਸ ਗਰੁਪ ਦੀ ਪਹੁੰਚ ਤਾਂ ਅਮਰੀਕਨ ਅਧਿਕਾਰੀਆਂ ਤੱਕ ਹੈਗੀ ਐ। ਉਹ ਮਦਦ ਕਰਨਾ ਵੀ ਚਾਹੁੰਦੇ ਨੇ, ਪਰ ਹਾਲ ਦੀ ਘੜੀ ਅਮਰੀਕਨਾਂ ਨੇ ਇੱਧਰ ਜਹਾਜ ਭੇਜਣ ਤੋਂ ਟਾਲ ਵੱਟ ਲਈ ਐ।”
“ਪਰ ਥੋੜ੍ਹੀ ਦੇਰ ਪਹਿਲਾਂ ਈ ਆਪਾਂ ਵੇਖਿਆ ਸੀ ਕਿ ਅਮਰੀਕਾ ਦੇ ਹੈਲੀਕਾਪਟਰ ਲੰਘੇ ਸਨ।” ਜ਼ੀਨਤ ਨੇ ਇੰਨਾ ਕਿਹਾ ਤਾਂ ਮੈਂ ਦੱਸਿਆ ਕਿ ਇਸ ਬਾਰੇ ਜਿੰਜ਼ਾਲ ਮੈਨੂੰ ਸਮਝਾ ਚੁਕੈ। ਇਹ ਜਹਾਜ ਸਿੰਜਾਰ ਪਹਾੜੀ ‘ਤੇ ਪਹੁੰਚੇ ਲੋਕਾਂ ਨੂੰ ਖਾਣੇ ਵਗੈਰਾ ਦੇ ਪੈਕਟ ਸੁੱਟਣ ਜਾਂਦੇ ਨੇ।
“ਕੋਈ ਆਪਣੇ ਉਤੋਂ ਦੀ ਲੰਘੀ ਜਾ ਰਿਹਾ ਐ, ਕੋਈ ਆਸੇ ਪਾਸੇ ਦੀ। ਪਰ ਆਪਣੇ ‘ਤੇ ਕਿਸੇ ਦੀ ਨਜ਼ਰ ਨ੍ਹੀਂ ਪੈਂਦੀ। ਮਤਲਬ ਆਪਾਂ ਕਿਸੇ ਗਿਣਤੀ ‘ਚ ਨ੍ਹੀਂ। ਆਪਾਂ ਨੂੰ ਬਚਾਉਣ ਕੋਈ ਨ੍ਹੀਂ ਬਹੁੜੇਗਾ। ਆਪਣਾ ਤਾਂ ਰੱਬ ‘ਤੇ ਈ ਆਸਰਾ ਐ।” ਸ਼ਾਮੀ ਅੰਮਾ ਨੇ ਲੰਬਾ ਹੌਕਾ ਭਰਿਆ। ਉਦੋਂ ਹੀ ਜ਼ੀਨਤ ਨੂੰ ਕੋਈ ਗੱਲ ਅਹੁੜੀ। ਉਸ ਨੇ ਦੱਸਿਆ ਕਿ ਸਕੂਲ ਦਾ ਹੈਡਮਾਸਟਰ ਜਾਕਬ ਹੁਸੈਨ ਹੈ ਤਾਂ ਭਾਵੇਂ ਸੁੰਨੀ ਪਰ ਉਹ ਚੰਗਾ ਇਨਸਾਨ ਹੈ। ਉਸ ਨੇ ਪੁੱਛਿਆ ਕਿ ਜੇ ਉਹ ਉਸ ਨੂੰ ਫੋਨ ਕਰੇ ਤਾਂ ਕਿਵੇਂ ਰਹੇਗਾ? ਸਭ ਨੇ ਹਾਮੀ ਭਰੀ ਤਾਂ ਉਹ ਫੋਨ ਮਿਲਾਉਣ ਲੱਗੀ। ਫੋਨ ਮਿਲ ਗਿਆ ਤਾਂ ਉਹ ਪਾਸੇ ਹੋ ਕੇ ਗੱਲ ਕਰਨ ਲੱਗੀ। ਮੈਨੂੰ ਵੀ ਖਿਆਲ ਆਇਆ ਕਿ ਜਾਕਬ ਹੁਸੈਨ ਦੀ ਚੰਗਿਆਈ ਦਾ ਪਿੰਡ ‘ਚ ਵੀ ਜ਼ਿਕਰ ਹੁੰਦਾ ਹੈ ਤੇ ਹੋ ਸਕਦਾ ਹੈ, ਉਹ ਕੋਈ ਮਦਦ ਕਰ ਦੇਵੇ। ਇੰਨੇ ਨੂੰ ਜ਼ੀਨਤ ਨੇ ਗੱਲ ਮੁਕਾ ਕੇ ਫੋਨ ਕੱਟ ਦਿੱਤਾ। ਸਾਨੂੰ ਉਤਸਕਤਾ ਹੋਈ ਕਿ ਉਸ ਨੇ ਕੀ ਕਿਹਾ ਹੈ। ਜ਼ੀਨਤ ਦੱਸਣ ਲੱਗੀ, ਗੱਲ ਤਾਂ ਉਸ ਨਾਲ ਹੋ ਗਈ ਹੈ, ਪਰ ਉਸ ਦਾ ਹੁੰਗਾਰਾ ਨਾਂਹ ਪੱਖੀ ਹੀ ਹੈ। ਕਹਿੰਦਾ, ਇਸ ਵੇਲੇ ਹਰ ਪਾਸੇ ਇਸਲਾਮਕ ਸਟੇਟ ਦਾ ਬੋਲਬਾਲਾ ਹੈ। ਕੋਈ ਵੀ ਉਨ੍ਹਾਂ ਦੇ ਕੰਮ ‘ਚ ਦਖਲ ਦੇਣ ਦੀ ਜੁਅਰਤ ਨ੍ਹੀਂ ਕਰਦਾ। ਜਿਸ ਕਿਸੇ ਨੇ ਵੀ ਕੀਤੀ, ਉਸ ਨੂੰ ਜਾਨ ਗਵਾਉਣੀ ਪਈ ਹੈ।
“ਮੈਂ ਕਿਹੈ ਨਾ ਕਿ ਆਪਣੀ ਸਾਰ ਲੈਣ ਲਈ ਰੱਬ ਤੋਂ ਬਿਨਾ ਕੋਈ ਨ੍ਹੀਂ।” ਸ਼ਾਮੀ ਅੰਮਾ ਨੇ ਗੱਲ ਦੁਹਰਾਈ। ਮਾਂ ਨੇ ਸਭ ਵਲ ਵੇਖਦਿਆਂ ਹੌਸਲੇ ਦੀ ਸੁਰ ‘ਚ ਕਿਹਾ, “ਮੈਨੂੰ ਲੱਗਦੈ, ਆਪਾਂ ਬਿਨਾ ਵਜ੍ਹਾ ਘਾਬਰੀ ਜਾ ਰਹੇ ਆਂ। ਆਪਣੇ ਪਿੰਡ ਆ ਕੇ ਇਸਲਾਮਕ ਸਟੇਟ ਵਾਲਿਆਂ ਨੇ ਕੋਈ ਅਜਿਹੀ ਗੱਲ ਨ੍ਹੀਂ ਕੀਤੀ ਜਿਸ ਨਾਲ ਡਰਨ ਦੀ ਲੋੜ ਹੋਵੇ। ਉਨ੍ਹਾਂ ਨੇ ਕਿਹਾ ਐ ਕਿ ਕੋਈ ਪਿੰਡ ਛੱਡ ਕੇ ਨਾ ਭੱਜੇ ਜਾਂ ਉਨ੍ਹਾਂ ਸ਼ਰੀਅਤ ਲਾਗੂ ਕੀਤੀ ਐ। ਐਵੇਂ ਨਾ ਖੂਨ ਸੁਕਾਈ ਜਾਵੋ।” ਮਾਂ ਨੇ ਗੱਲ ਖਤਮ ਕੀਤੀ ਤਾਂ ਮੈਂ ਧਿਆਨ ਨਾਲ ਉਸ ਵਲ ਵੇਖਿਆ। ਮੈਂ ਸਮਝ ਗਈ ਕਿ ਉਹ ਚਾਹੁੰਦੀ ਹੈ ਕਿ ਬੱਚੇ ਡਰਨ ਨਾ। ਉਸ ਦੀ ਗੱਲ ਸ਼ਾਇਦ ਸ਼ਾਮੀ ਅੰਮਾ ਵੀ ਸਮਝ ਗਈ ਸੀ। ਇਸੇ ਕਰਕੇ ਹੋਰ ਗੱਲਾਂ ਕਰਨ ਦੀ ਥਾਂ ਉਸ ਨੇ ਖਰੌੜੀਆਂ ਚੁੱਕੀਆਂ ਤੇ ਜਾਣ ਲਈ ਉਠ ਖੜੋਤੀ। ਤੁਰਦਿਆਂ ਉਹ ਹੌਸਲੇ ਵਾਲੀ ਸੁਰ ‘ਚ ਬੋਲੀ, “ਸਾਇਰਾ ਬੀਬੀ ਦੀ ਗੱਲ ਸਹੀ ਐ। ਬੱਚਿਓ ਐਵੇਂ ਨਾ ਘਾਬਰੋ। ਹੁਣ ਮੈਂ ਚੱਲਦੀ ਆਂ। ਮੌਕਾ ਮਿਲਦਿਆਂ ਈ ਫਿਰ ਆਵਾਂਗੀ।” ਇੰਨਾ ਆਖ ਸ਼ਾਮੀ ਅੰਮਾ ਆਪਣੇ ਘਰ ਨੂੰ ਤੁਰ ਗਈ। ਪਿੱਛੇ ਮਾਂ ਨੇ ਸਭ ਨੂੰ ਨਿੱਕੇ ਮੋਟੇ ਕੰਮ ਲਾ ਲਿਆ ਤੇ ਆਪ ਸ਼ਾਮ ਦੀ ਰੋਟੀ ਦੀ ਤਿਆਰੀ ਕਰਨ ਲੱਗੀ। ਦੇਰ ਸ਼ਾਮ ਹੈਂਜ਼ੀ ਵੀ ਦੁਕਾਨ ਤੋਂ ਆ ਗਿਆ। ਖਾਣੇ ਪਿੱਛੋਂ ਨਿੱਤ ਵਾਂਗ ਸਾਰਾ ਟੱਬਰ ਛੱਤ ‘ਤੇ ਜਾ ਚੜ੍ਹਿਆ। ਹੈਂਜ਼ੀ ਦਿਨ ਵੇਲੇ ਇੱਧਰੋਂ ਉਧਰੋਂ ਸੁਣੀਆਂ ਗੱਲਾਂ ਸੁਣਾਉਣ ਲੱਗਾ, ਪਰ ਅੱਜ ਅਸੀਂ ਸਾਰੇ ਹੀ ਬਹੁਤ ਹੌਲੀ ਬੋਲ ਰਹੇ ਸਾਂ। ਡਰ ਸੀ ਕਿ ਕਿਧਰੇ ਬਾਹਰ ਨਾਕਿਆਂ ‘ਤੇ ਖੜ੍ਹੇ ਇਸਲਾਮਕ ਸਟੇਟ ਵਾਲੇ ਪਿੰਡ ‘ਚ ਹੀ ਨਾ ਘੁੰਮਦੇ ਫਿਰਦੇ ਹੋਣ ਤੇ ਸਾਡੀਆਂ ਗੱਲਾਂ ਸੁਣ ਲੈਣ। ਹੌਲੀ ਹੌਲੀ ਛੋਟੇ ਬੱਚੇ ਸੌਣ ਲੱਗੇ, ਪਰ ਵੱਡਿਆਂ ਦੇ ਨੀਂਦ ਨੇੜੇ ਤੇੜੇ ਵੀ ਨਹੀਂ ਸੀ।
ਅਗਲੇ ਦਿਨ ਮਾਂ ਨੇ ਨਿੱਤ ਵਾਂਗ ਤੰਦੂਰ ਤਪਾਇਆ। ਸਾਰੇ ਟੱਬਰ ਨੂੰ ਖਾਣਾ ਖੁਆਇਆ। ਉਹ ਖੇਤ ਕਾਮੇ ਦੀ ਰੋਟੀ ਭੇਜਣੀ ਚਾਹੁੰਦੀ ਸੀ ਪਰ ਪਿੰਡੋਂ ਬਾਹਰ ਨਿਕਲਣ ਦਾ ਹੁਕਮ ਨਹੀਂ ਸੀ। ਖਾਣਾ ਖਾਣ ਪਿਛੋਂ ਖੈਰੀ ਤੇ ਹੈਂਜ਼ੀ ਜਾਵੇਤ ਚਲੇ ਗਏ। ਘੰਟੇ ਕੁ ਮਗਰੋਂ ਉਹ ਆਏ ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਮਾਯੂਸੀ ਸੀ। ਹੈਂਜ਼ੀ ਨੇ ਦੱਸਿਆ, “ਅੱਜ ਇਸਲਾਮਕ ਸਟੇਟ ਦਾ ਹਾਜੀ ਮੁਰਤਜ਼ਾ ਨਾਮੀਂ ਕੋਈ ਵੱਡਾ ਕਮਾਂਡਰ ਆਇਆ ਸੀ। ਉਸ ਨੇ ਕਿਹੈ, ਪਿੰਡ ਵਾਲੇ ਸਾਰੇ ਲੋਕ ਮੁਸਲਮਾਨ ਹੋ ਜਾਣ।”
ਸੁਣ ਕੇ ਸਾਡੇ ਸਰੀਰ ਮਿੱਟੀ ਹੋ ਗਏ। ਕਾਫੀ ਦੇਰ ਕੋਈ ਗੱਲ ਨਾ ਅਹੁੜੀ। ਆਖਰ ਮਾਂ ਨੇ ਪੁੱਛਿਆ, “ਜੇ ਕੋਈ ਗੱਲ ਨਾ ਮੰਨੇ ਤਾਂ?”
“ਉਸ ਨੇ ਕਿਹਾ ਐ ਕਿ ਜੇ ਕੋਈ ਇਹ ਨ੍ਹੀਂ ਮੰਨੂਗਾ ਤਾਂ ਉਸ ਨੂੰ ਉਹ ਸਿੰਜਾਰ ਪਹਾੜ ‘ਤੇ ਭੇਜ ਦੇਣਗੇ।”
ਗੱਲ ਸੁਣ ਕੇ ਮੈਂ ਪ੍ਰੇਸ਼ਾਨ ਹੋ ਗਈ। ਖਿਆਲ ਆਇਆ ਕਿ ਸਾਰਾ ਪਿੰਡ ਸਿੰਜਾਰ ਪਹਾੜ ‘ਤੇ ਜਾਣਾ ਚਾਹੁੰਦਾ ਹੈ ਪਰ ਇਹ ਘੇਰਾ ਪਾ ਕੇ ਰੋਕੀ ਬੈਠੇ ਹਨ। ਪਰ ਹੁਣ ਆਪ ਹੀ ਉਥੇ ਭੇਜਣ ਦੀ ਗੱਲ ਕਰੀ ਜਾ ਰਹੇ ਹਨ। ਮੈਨੂੰ ਯਾਦ ਆਇਆ ਕਿ ਹੁਸੈਨ ਪਰਿਵਾਰ ਸਮੇਤ ਉਥੇ ਹੀ ਤਾਂ ਜਾ ਰਿਹਾ ਸੀ ਪਰ ਫਿਰ ਉਸ ਨੂੰ ਇਨ੍ਹਾਂ ਨੇ ਕਿਉਂ ਮਾਰਿਆ? ਮੈਂ ਇਹੀ ਗੱਲ ਹੈਂਜ਼ੀ ਹੋਰਾਂ ਨਾਲ ਸਾਂਝੀ ਕੀਤੀ ਤਾਂ ਉਹ ਵੀ ਹੈਰਾਨ ਸਨ। ਖੈਰੀ ਉਦਾਸ ਜਿਹਾ ਬੋਲਿਆ, “ਮੈਨੂੰ ਲੱਗਦੈ, ਉਹ ਐਵੇਂ ਟਰਪੱਲ ਮਾਰ ਰਹੇ ਨੇ। ਸ਼ਾਇਦ ਥੋੜ੍ਹੇ ਵਕਤ ਲਈ ਸਾਡਾ ਦਿਲ ਧਰਾ ਰਹੇ ਨੇ।”
“ਭਾਈ ਥੋੜ੍ਹੇ ਵਕਤ ਤੋਂ ਤੇਰਾ ਕੀ ਭਾਵ ਐ? ਮੇਰਾ ਮਤਲਬ ਇਸ ਥੋੜੇ ਵਕਤ ਪਿੱਛੋਂ ਉਹ ਕੀ ਕਰਨਗੇ?” ਜ਼ੀਨਤ ਨੇ ਡਰੀ ਆਵਾਜ਼ ‘ਚ ਕਿਹਾ ਤਾਂ ਕੋਲੋਂ ਹੈਂਜ਼ੀ ਉਖੜੀ ਆਵਾਜ਼ ‘ਚ ਬੋਲਿਆ, “ਮੈਨੂੰ ਜਾਪਦੈ, ਅਜੇ ਉਹ ਦੂਸਰੇ ਪਿੰਡਾਂ ਵਲੋਂ ਵਿਹਲੇ ਨ੍ਹੀਂ ਹੋਏ। ਜਦੋਂ ਤੱਕ ਉਥੇ ਇਨ੍ਹਾਂ ਦੇ ਅਪਰੇਸ਼ਨ ਚੱਲ ਰਹੇ ਨੇ, ਉਦੋਂ ਤੱਕ ਆਪਾਂ ਨੂੰ ਇਵੇਂ ਈ ਘੇਰ ਕੇ ਬੈਠੇ ਰਹਿਣਗੇ। ਜਦੋਂ ਆਪਣੀ ਵਾਰੀ ਆਈ ਤਾਂ ਆਪਣੇ ਨਾਲ ਵੀ ਉਹੋ ਹੋਊ, ਜੋ ਬਾਕੀਆਂ ਨਾਲ ਹੋ ਰਹੀ ਐ।” ਉਸ ਨੇ ਗੱਲ ਮੁਕਾਈ ਹੀ ਸੀ ਕਿ ਮਾਂ ਥੋੜ੍ਹਾ ਗੁੱਸੇ ‘ਚ ਬੋਲੀ, “ਹੈਂਜ਼ੀ, ਤੂੰ ਐਵੇਂ ਡਰਾਉਣ ਵਾਲੀ ਗੱਲ ਨਾ ਕਰ। ਮੈਂ ਸਾਰਾ ਕੁਛ ਸਮਝ ਰਹੀ ਆਂ। ਉਹ ਸਾਨੂੰ ਕੁਛ ਨ੍ਹੀਂ ਕਹਿਣ ਲੱਗੇ। ਹਾਂ ਪਹਾੜ ‘ਤੇ ਤਾਂ ਜਾਣਾ ਈ ਪਊ।”
ਮੈਂ ਸਮਝ ਗਈ ਕਿ ਮਾਂ ਫਿਰ ਚਾਹੁੰਦੀ ਹੈ ਕਿ ਬੱਚੇ ਡਰਨ ਨਾ। ਖਾਸ ਕਰ ਕੇ ਜਦੋਂ ਤੱਕ ਕੋਈ ਮਾੜਾ ਵਕਤ ਨਹੀਂ ਆਉਂਦਾ, ਉਦੋਂ ਤੱਕ ਤਾਂ ਕੋਈ ਡਰ ਦੇ ਪਰਛਾਵੇਂ ‘ਚ ਨਾ ਰਹੇ। ਪਰ ਛੋਟੇ ਬੱਚਿਆਂ ਨੂੰ ਛੱਡ ਕੇ ਹੋਰ ਕੋਈ ਮਾਂ ਨਾਲ ਸਹਿਮਤ ਨਹੀਂ ਸੀ। ਮੈਂ ਵੀ ਨਹੀਂ। ਸਾਡੇ ਪਿੰਡ ਦੇ ਹਾਲਾਤ ਕੱਲ੍ਹ ਨਾਲੋਂ ਮਾੜੇ ਸਨ। ਸਭ ਚੁੱਪ ਸਨ ਪਰ ਮਾਂ ਨੇ ਛੋਟੇ ਛੋਟੇ ਕੰਮ ਅਰੰਭ ਲਏ। ਉਹ ਸਭ ਨੂੰ ਰੁੱਝੇ ਰੱਖਣਾ ਚਾਹੁੰਦੀ ਸੀ। ਹੈਂਜ਼ੀ ਦੁਕਾਨ ਵਲ ਜਾਣ ਲੱਗਾ ਤਾਂ ਖੈਰੀ ਨੇ ਵੀ ਨਾਲ ਜਾਣਾ ਚਾਹਿਆ ਪਰ ਮਾਂ ਨੇ ਰੋਕ ਲਿਆ। ਮਾਂ ਨੇ ਸੋਚਿਆ, ਪਿੱਛੇ ਘਰ ਵਿਚ ਕੋਈ ਸਿਆਣਾ ਬੰਦਾ ਜ਼ਰੂਰ ਰਹੇ।
ਦਿਨ ਢਲ ਗਿਆ ਤੇ ਫਿਰ ਸ਼ਾਮ ਉਤਰ ਆਈ। ਇਵੇਂ ਹੀ ਰਾਤ ਪੈ ਗਈ। ਅਗਲਾ ਦਿਨ ਚੜ੍ਹਿਆ ਤੇ ਉਹ ਵੀ ਪਹਿਲੇ ਵਾਂਗ ਹੀ ਗੁਜ਼ਰ ਗਿਆ। ਇੰਜ ਚਾਰ ਦਿਨ ਲੰਘ ਗਏ। ਜਿੰਜ਼ਾਲ ਦਾ ਫੋਨ ਦਿਨ ਵਿਚ ਕਈ ਵਾਰੀ ਆਉਂਦਾ, ਪਰ ਧਰਵਾਸ ਦੇਣ ਤੋਂ ਬਿਨਾ ਉਸ ਕੋਲ ਕਹਿਣ ਨੂੰ ਕੁਝ ਨਹੀਂ ਸੀ। ਸਈਅਦ ਦਾ ਵੀ ਇਹੋ ਹੀ ਜੁਆਬ ਹੁੰਦਾ। ਜਾਲੋ ਨਾਲ ਕਦੇ ਗੱਲ ਨਹੀਂ ਹੋਈ ਸੀ। ਸਾਨੂੰ ਉਸ ਦਾ ਬਹੁਤ ਫਿਕਰ ਸੀ। ਪਰ ਫਿਰ ਚੌਥੇ ਦਿਨ ਸ਼ਾਮ ਵੇਲੇ ਜਾਲੋ ਦਾ ਫੋਨ ਆਇਆ ਤਾਂ ਮੈਂ ਛੇਤੀ ਦੇਣੇ ਫੋਨ ਚੁੱਕਿਆ, ਉਸ ਦੀ ਥੱਕੀ ਜਿਹੀ ਆਵਾਜ਼ ਆਈ, “ਆਸਮਾ, ਇਕ ਗੱਲ ਤਾਂ ਚੰਗੀ ਹੋਈ। ਸਾਨੂੰ ਸਭ ਨੂੰ ਉਥੋਂ ਸਿੰਜਾਰ ਪਹਾੜ ਤੋਂ ਕੱਢ ਲਿਆ ਗਿਐ।”
“ਭਾਈ ਇਹ ਤਾਂ ਬੜੀ ਵਧੀਆ ਗੱਲ ਐ। ਪਰ ਤੁਸੀਂ ਕਿਵੇਂ ਤੇ ਕਿੱਥੇ ਪਹੁੰਚ ਗਏ ਓਂ?”
ਜੁਆਬ ‘ਚ ਉਸ ਨੇ ਦੱਸਿਆ, “ਕੁਰਦਸਤਾਨ ਸਰਕਾਰ ਨੇ ਅਮਰੀਕਨਾਂ ਦੀ ਮਦਦ ਨਾਲ ਸਾਂਝਾ ਉਪਰੇਸ਼ਨ ਕੀਤਾ ਐ। ਕੁਰਦਾਂ ਨੇ ਫੌਜ ਭੇਜੀ ਤੇ ਅਮਰੀਕਨਾਂ ਨੇ ਜਹਾਜਾਂ ਨਾਲ ਉਪਰੋਂ ਸੁਰੱਖਿਆ ਦਿੱਤੀ। ਇਸ ਤਰ੍ਹਾਂ ਕਈ ਹਜ਼ਾਰ ਲੋਕਾਂ ਨੂੰ ਸਿੰਜਾਰ ਪਹਾੜ ਤੋਂ ਕੱਢ ਲਿਆਂਦਾ। ਅੱਗੇ ਇਨ੍ਹਾਂ ਨੂੰ ਕੈਂਪ ‘ਚ ਪਹੁੰਚਾ ਦਿੱਤਾ ਐ।”
“ਭਾਈ ਇਹ ਕੈਂਪ ਕਿੱਥੇ ਐ?
“ਕੈਂਪ ਸੀਰੀਆ ਤੇ ਕੁਰਦਸਤਾਨ ਦੀ ਹੱਦ ਵਲ ਪੈਂਦੈ।”
“ਅੱਛਾ! ਕੈਂਪ ਨੂੰ ਚਲਾਉਂਦਾ ਕੌਣ ਐਂ?”
“ਆਸਮਾ, ਇਸ ਨੂੰ ਕੋਈ ‘ਖਾਲਸਾ ਏਡ’ ਨਾਂ ਦੀ ਸੰਸਥਾ ਚਲਾਉਂਦੀ ਐ। ਇਹ ਲੋਕ ਇੰਡੀਆ ਤੋਂ ਨੇ। ਇਨ੍ਹਾਂ ਦੀਆਂ ਲੰਬੀਆਂ ਦਾਹੜੀਆਂ ਤੇ ਸਿਰਾਂ ‘ਤੇ ਪੱਗਾਂ ਬੰਨੀਆਂ ਹੋਈਆਂ ਨੇ। ਇਨ੍ਹਾਂ ਨੂੰ ਸਿੰਘ ਸਰਦਾਰ ਕਹਿੰਦੇ ਨੇ। ਬੜੇ ਚੰਗੇ ਤੇ ਭਲੇ ਲੋਕ ਨੇ। ਬਸ ਸਮਝ ਰੱਬ ਦੇ ਫਰਿਸ਼ਤੇ ਈ ਨੇ। ਸਾਨੂੰ ਤਾਂ ਇਨ੍ਹਾਂ ਨੇ ਨਵਾਂ ਜੀਵਨ ਦਿੱਤੈ।”
ਉਸ ਦੀ ਗੱਲ ਸੁਣ ਕੇ ਸਾਨੂੰ ਉਸ ਦਾ ਫਿਕਰ ਤਾਂ ਮੁੱਕ ਗਿਆ ਪਰ ਹੁਣ ਉਸ ਨੂੰ ਸਾਡਾ ਫਿਕਰ ਹੋ ਗਿਆ। ਪਰਿਵਾਰ ਦੇ ਚਾਰੇ ਵੱਡੇ ਪੁੱਤਰ ਘਰੋਂ ਬਾਹਰ ਸਨ। ਬਾਕੀ ਸਾਰਾ ਪਰਿਵਾਰ ਮੁਸੀਬਤ ‘ਚ ਫਸਿਆ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਜਿਨਾਲ ਨੇ ਬੱਚੇ ਨੂੰ ਜਨਮ ਦਿੱਤਾ ਸੀ। ਬਿਜਲੀ ਬੰਦ ਸੀ ਅਤੇ ਉਤੋਂ ਲੋਹੜੇ ਦੀ ਗਰਮੀ ਨੇ ਨਵ-ਜਨਮੇ ਬੱਚੇ ਦਾ ਬੁਰਾ ਹਾਲ ਕੀਤਾ ਹੋਇਆ ਸੀ। ਦੋ ਦਿਨ ਪਹਿਲਾਂ ਮਾਂ ਦੀ ਭਾਣਜੀ ਵੀ ਸਾਡੇ ਘਰ ਹੀ ਆ ਗਈ ਸੀ। ਉਸ ਦੇ ਘਰ ਵਾਲਾ, ਜਿੰਜ਼ਾਲ ਨਾਲ ਹੀ ਇਰਬਲ ਪੁਲਿਸ ‘ਚ ਨੌਕਰ ਸੀ। ਮਾਂ ਦਾ ਭਤੀਜਾ, ਜੋ ਪਿੰਡ ਦੇ ਦੂਸਰੇ ਪਾਸੇ ਰਹਿੰਦਾ ਸੀ, ਉਹ ਵੀ ਬੱਚਿਆਂ ਸਣੇ ਸਾਡੇ ਘਰ ਆ ਠਹਿਰਿਆ। ਅਸਲ ‘ਚ ਸਾਡੀ ਮਾਂ ਅਤੇ ਸ਼ਾਮੀ ਅੰਮਾ ਦੇ ਨੇੜੇ ਹੋਣ ਕਰਕੇ ਸਭ ਨੂੰ ਹੌਸਲਾ ਰਹਿੰਦਾ ਸੀ। ਘਰ ‘ਚ ਕਾਫੀ ਇਕੱਠ ਹੋ ਗਿਆ ਸੀ। ਹੁਣ ਮਾਂ ਖਾਣਾ ਵੀ ਸੰਕੋਚ ਨਾਲ ਤਿਆਰ ਕਰਦੀ। ਪਾਣੀ ਦੀ ਵੀ ਤੰਗੀ ਸੀ। ਮਿਣਿਆਂ ਤੋਲਿਆ ਪਾਣੀ ਰਹਿ ਗਿਆ ਸੀ। ਉਹ ਵੀ ਗਰਮ ਤਪਿਆ ਹੁੰਦਾ। ਆਟਾ ਵੀ ਮੁੱਕ ਚੱਲਿਆ ਸੀ। ਬਾਹਰੋਂ ਕੋਈ ਚੀਜ਼ ਨਹੀਂ ਸੀ ਆ ਰਹੀ। ਪਾਣੀ ਦੀ ਕਮੀ ਕਾਰਨ ਨਹਾਉਣ ਵਗੈਰਾ ਇਕ ਵਕਤ ਹੋ ਗਿਆ ਸੀ। ਹਰ ਚੀਜ਼ ਸੰਜਮ ਨਾਲ ਵਰਤੀ ਜਾ ਰਹੀ ਸੀ। ਪਤਾ ਨਹੀਂ ਸੀ ਕਿ ਕਦੋਂ ਤੱਕ ਇਸਲਾਮਕ ਸਟੇਟ ਵਾਲਿਆਂ ਦਾ ਘੇਰਾ ਰਹੇ।
ਸਾਡੇ ਘਰ ਆ ਕੇ ਠਾਹਰ ਲੈਣ ਵਾਲਿਆਂ ਦੀ ਗਿਣਤੀ ਵੱਧ ਗਈ ਸੀ। ਤਿੰਨ ਪਰਿਵਾਰ ਹੋਰ ਆ ਗਏ ਸਨ। ਹਫਤਾ ਹੋ ਚੱਲਿਆ ਸੀ ਇਸਲਾਮਕ ਸਟੇਟ ਦਾ ਘੇਰਾ ਪਏ ਨੂੰ। ਦੁਪਹਿਰ ਵੇਲੇ ਅਸੀਂ ਕੰਧਾਂ ਦੇ ਪਰਛਾਵਿਆਂ ਜਾਂ ਵਿਹੜੇ ਵਾਲੇ ਰੁੱਖ ਹੇਠ ਆ ਬਹਿੰਦੇ। ਹੈਂਜ਼ੀ ਦੀ ਦੁਕਾਨ ‘ਚ ਨਿੱਤ-ਵਰਤੋਂ ਦੀਆਂ ਵਸਤਾਂ ਦੀ ਸਪਲਾਈ ਮੁੱਕ ਚੁਕੀ ਸੀ, ਨਵੀਂ ਕੋਈ ਆਈ ਨਹੀਂ ਸੀ। ਥੋੜ੍ਹੀ ਬਹੁਤੀ ਜੋ ਬਚੀ ਸੀ, ਉਹ ਉਸ ਨੇ ਘਰ ਦੀ ਲੋੜ ਲਈ ਰੱਖ ਲਈ ਸੀ। ਇਸ ਕਰਕੇ ਉਸ ਦਾ ਕਹਿਣਾ ਸੀ ਕਿ ਜਦੋਂ ਉਹ ਲੋਕਾਂ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਕਰ ਸਕਦਾ ਤਾਂ ਦੁਕਾਨ ਖੋਲ੍ਹਣ ਦਾ ਕੀ ਫਾਇਦਾ। ਇਸ ਕਰਕੇ ਉਹ ਵੀ ਘਰ ਹੀ ਸੀ। ਸਾਰੇ ਚੁੱਪ ਸਨ। ਸਵੇਰ ਹੁੰਦੀ, ਰੁੱਖਾ ਮਿੱਸਾ ਖਾ ਕੇ ਬਹਿ ਜਾਂਦੇ। ਕੁਝ ਕਰਨ ਨੂੰ ਨਹੀਂ ਸੀ, ਕਿਸੇ ਗੱਲ ਦਾ ਹੌਸਲਾ ਨਹੀਂ ਸੀ। ਪਤਾ ਨਹੀਂ ਸੀ ਲੱਗਦਾ, ਅਸੀਂ ਕੀ ਉਡੀਕ ਰਹੇ ਹਾਂ। ਵਕਤ ਗੁਜ਼ਾਰਿਆਂ ਨਹੀਂ ਸੀ ਲੰਘਦਾ। ਸਭ ਦੇ ਚਿਹਰੇ ਉਤਰੇ ਪਏ ਸਨ। ਲੋਹੜਿਆਂ ਦੀ ਗਰਮੀ ਤੇ ਉਪਰੋਂ ਪਾਣੀ ਦੀ ਥੁੜ੍ਹ ਕਾਰਨ ਨਹਾ ਨਾ ਹੋਣ ਕਾਰਨ, ਹਰ ਇਕ ‘ਚੋਂ ਮੁਸ਼ਕ ਮਾਰਦਾ ਸੀ। ਮੈਲੇ ਕੁਚੈਲੇ ਕੱਪੜੇ, ਚੀਥੜੇ ਬਣ ਗਏ ਸਨ। ਮੈਂ ਭਾਈਆਂ ਵਲ ਵੇਖਿਆ, ਉਹ ਹਫਤੇ ਭਰ ‘ਚ ਹੀ ਬਹੁਤ ਕਮਜ਼ੋਰ ਹੋ ਗਏ ਸਨ। ਮੈਨੂੰ ਦੁੱਖ ਲੱਗਾ ਕਿ ਮੇਰੇ ਭਰਾਵਾਂ ਸਮੇਤ ਪਿੰਡ ਦੇ ਕੁੱਲ ਨੌਜਵਾਨ, ਬੜੇ ਜਾਂਬਾਜ਼ ਲੜਾਕੇ ਸਨ। ਪਰ ਇਸ ਵੇਲੇ ਸਭ ਬੇਵਸ ਸਨ। ਨਾਲ ਹੀ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਫਸੋਸ ਸੀ ਕਿ ਉਹ ਮਰਦ ਹੋਣ ‘ਤੇ ਵੀ ਘਰਦੀਆਂ ਔਰਤਾਂ ਦੀ ਕੋਈ ਮਦਦ ਨਹੀਂ ਕਰ ਸਕਦੇ।
ਪਿਛਲੇ ਦੋ ਕੁ ਦਿਨਾਂ ਤੋਂ ਮੈਂ ਵੇਖ ਰਹੀ ਸਾਂ ਕਿ ਦਾਊਦ ਕਈ ਵਾਰੀ ਪਾਸੇ ਹੋ ਕੇ ਇਕੱਲਾ ਫੋਨ ਸੁਣਨ ਲੱਗ ਪੈਂਦਾ। ਜਦੋਂ ਹੀ ਇਸ ਤਰ੍ਹਾਂ ਹੁੰਦਾ ਤਾਂ ਖਾਲਿਦ ਵੀ ਉਸ ਦੇ ਨੇੜੇ ਹੋ ਜਾਂਦਾ। ਫੋਨ ਸੁਣਨ ਪਿੱਛੋਂ ਦੋਨੋਂ ਆਪਸ ਵਿਚ ਘੁਸਰ ਮੁਸਰ ਕਰਦੇ ਰਹਿੰਦੇ। ਕਈ ਵਾਰੀ ਬਿਨਾ ਫੋਨ ਤੋਂ ਹੀ ਉਹ ਇਕ ਪਾਸੇ ਹੋ ਕੇ ਆਪਸ ‘ਚ ਗੱਲਾਂ ਕਰਨ ਲਗਦੇ। ਮੈਨੂੰ ਉਤਸੁਕਤਾ ਹੋਈ ਕਿ ਵੇਖਾਂ ਤਾਂ ਸਹੀ ਇਹ ਕੀ ਗੱਲਾਂ ਕਰਦੇ ਹਨ। ਅਗਲੀ ਵਾਰ ਫੋਨ ਆਇਆ ਤਾਂ ਉਹ ਪਹਿਲਾਂ ਵਾਂਗ ਹੀ ਪਾਸੇ ਹਟ ਗਏ। ਉਸ ਵੇਲੇ ਸ਼ਾਮੀ ਅੰਮਾ ਵੀ ਸਾਡੇ ਘਰ ਹੀ ਸੀ। ਮੈਂ ਵੀ ਢੰਗ ਜਿਹੇ ਨਾਲ ਦਾਊਦ ਹੋਰਾਂ ਦੇ ਨੇੜੇ ਹੋ ਕੇ ਗੱਲਾਂ ਸੁਣਨ ਲੱਗੀ। ਥੋੜ੍ਹੀ ਦੇਰ ‘ਚ ਹੀ ਸਭ ਸਾਫ ਹੋ ਗਿਆ ਕਿ ਉਹ ਕੀ ਕਰ ਰਹੇ ਹਨ। ਮੈਨੂੰ ਫਿਕਰ ਹੋਇਆ ਤੇ ਮੈਂ ਮਾਂ ਹੋਰਾਂ ਕੋਲ ਜਾ ਕੇ ਗੱਲ ਛੇੜੀ, “ਮਾਂ, ਦਾਊਦ ਤੇ ਖਾਲਿਦ ਦੇ ਇਰਾਦੇ ਠੀਕ ਨ੍ਹੀਂ ਲੱਗਦੇ।”
“ਕੀ ਮਤਲਬ?” ਮਾਂ ਨੇ ਫਿਕਰ ‘ਚ ਪੁੱਛਿਆ। ਨਾਲ ਹੀ ਸ਼ਾਮੀ ਅੰਮਾ ਦੀਆਂ ਨਜ਼ਰਾਂ ਵੀ ਮੇਰੇ ‘ਤੇ ਗੱਡੀਆਂ ਗਈਆਂ।
“ਉਹ ਇਸਲਾਮਕ ਸਟੇਟ ਵਾਲਿਆਂ ਨਾਲ ਟੱਕਰ ਲੈਣ ਦੀਆਂ ਸਕੀਮਾਂ ਬਣਾ ਰਹੇ ਨੇ।”
“ਹੈਂ!” ਦੋਨਾਂ ਦੇ ਮੂੰਹੋਂ ਇਕੱਠਾ ਹੀ ਨਿਕਲਿਆ। ਉਦੋਂ ਨੂੰ ਦਾਊਦ ਅਤੇ ਖਾਲਿਦ ਵੀ ਨੇੜੇ ਆ ਗਏ। ਉਹ ਸਮਝ ਗਏ ਕਿ ਸਾਨੂੰ ਉਨ੍ਹਾਂ ਦੀ ਸਕੀਮ ਦਾ ਪਤਾ ਲੱਗ ਚੁਕਾ ਹੈ। ਸ਼ਾਮੀ ਅੰਮਾ ਨੇ ਗੱਲ ਆਪਣੇ ਹੱਥ ਲੈਂਦਿਆਂ ਪੁੱਛਿਆ, “ਦਾਊਦ ਪੁੱਤਰ, ਤੁਸੀਂ ਕੀ ਸਕੀਮਾਂ ਘੜ ਰਹੇ ਓਂ?”
“ਅੰਮਾ, ਅਸੀਂ ਇਸਲਾਮਕ ਸਟੇਟ ਵਾਲਿਆਂ ਨਾਲ ਟੱਕਰ ਲੈਣ ਲੱਗੇ ਆਂ। ਪਿੰਡ ਦੇ 4-5 ਜਣੇ ਹੋਰ ਨੇ। ਸਾਡਾ ਆਪਸ ‘ਚ ਰਾਬਤਾ ਐ। ਸਾਡੇ ਕੋਲ ਲੋੜ ਜੋਗੇ ਹਥਿਆਰ ਵੀ ਲਕੋਏ ਹੋਏ ਨੇ। ਛੇਤੀ ਈ ਅਸੀਂ ਇਸ ਸਕੀਮ ‘ਤੇ ਅਮਲ ਕਰਾਂਗੇ।”
“ਪੁੱਤਰੋ, ਇਹ ਸਹੀ ਮੌਕਾ ਨ੍ਹੀਂ। ਤੁਸੀਂ ਇਹ ਖਿਆਲ ਛੱਡ ਦਿਉ।”
“ਅੰਮਾ, ਇਸ ਤਰ੍ਹਾਂ ਬੁਜ਼ਦਿਲਾਂ ਵਾਂਗ ਬੈਠੇ ਰਹਿਣਾ ਕਿਹੜਾ ਠੀਕ ਐ। ਸਾਡੇ ਵੱਡੇ ਵਡੇਰੇ ਹਮੇਸ਼ਾ ਜ਼ੁਲਮ ਖਿਲਾਫ ਲੜਦੇ ਰਹੇ ਨੇ। ਅਸੀਂ ਇੱਥੇ ਢੇਰੀ ਢਾਹੀ ਬੈਠੇ ਆਂ। ਇਹ ਕਿੱਧਰ ਦੀ ਬਹਾਦਰੀ ਹੋਈ?”
“ਪੁੱਤਰ, ਅਸੀਂ ਤੁਹਾਡੀ ਬਹਾਦਰੀ ‘ਤੇ ਸ਼ੱਕ ਨ੍ਹੀਂ ਕਰਦੇ। ਪਰ ਉਸ ਬਹਾਦਰੀ ਦਾ ਕੀ ਫਾਇਦਾ ਜੋ ਆਪਣਾ ਈ ਨੁਕਸਾਨ ਕਰੇ?”
“ਕਿਉਂ ਅੰਮਾ, ਆਪਣਾ ਨੁਕਸਾਨ ਕਿਸ ਤਰ੍ਹਾਂ?”
“ਤੁਸੀਂ ਪੰਜ ਚਾਰ ਜਾਂ ਮੰਨ ਲਉ ਦਸ ਜਣੇ, ਇਸਲਾਮਕ ਸਟੇਟ ਵਾਲਿਆਂ ਨਾਲ ਕਿਸੇ ਤਰ੍ਹਾਂ ਵੀ ਲੜਾਈ ਨ੍ਹੀਂ ਲੜ ਸਕਦੇ। ਤੁਹਾਡੀ ਗਿਣਤੀ ਥੋੜ੍ਹੀ ਐ, ਉਹ ਹਜ਼ਾਰਾਂ, ਲੱਖਾਂ ‘ਚ ਨੇ। ਤੁਸੀਂ ਆਪਣੇ ਪਿੰਡ ਦੁਆਲੇ ਘੇਰਾ ਪਾਈ ਬੈਠਿਆਂ ਨੂੰ ਮਾਰ ਵੀ ਦਿਉਗੇ ਤਾਂ ਨਾਲ ਦੀ ਨਾਲ ਹਜ਼ਾਰਾਂ ਹੋਰ ਆ ਉਤਰਨਗੇ। ਗਿਣਤੀ ਤੇ ਹਥਿਆਰਾਂ ਪੱਖੋਂ ਤੁਸੀਂ ਉਨ੍ਹਾਂ ਤੋਂ ਕਿਵੇਂ ਵੀ ਜਿੱਤ ਨ੍ਹੀਂ ਸਕਦੇ। ਆਖਰ ‘ਤੇ ਤੁਸੀਂ ਈ ਹਾਰਨਾ ਐ। ਜਦੋਂ ਹਾਰ ਸਾਹਮਣੇ ਦਿਸਦੀ ਐ ਤਾਂ ਲੜਨ ਦਾ ਕੀ ਫਾਇਦਾ?”
“ਪਰ ਅੰਮਾ, ਇਸ ਤਰ੍ਹਾਂ ਲੁਕੇ ਬੈਠੇ ਰਹਿਣ ਦਾ ਵੀ ਕੀ ਫਾਇਦਾ?”
“ਤੁਸੀਂ ਲੁਕੇ ਨ੍ਹੀਂ ਬੈਠੇ, ਬਲਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਓਂ। ਵੱਡੀ ਗੱਲ ਇਸ ਘਰ ਦੀਆਂ ਔਰਤਾਂ ਵਲ ਵੇਖੋ। ਤੁਸੀਂ ਇਨ੍ਹਾਂ ਦਾ ਆਸਰਾ ਬਣਨਾ ਐ। ਕੀ ਪਤੈ ਕੱਲ੍ਹ ਨੂੰ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ। ਮੇਰੀ ਮੰਨੋ ਇਹ ਖਿਆਲ ਛੱਡ ਦਿਉ।”
ਅੱਗੋਂ ਦਾਊਦ ਨੇ ਕੋਈ ਜੁਆਬ ਨਾ ਦਿੱਤਾ। ਸ਼ਾਇਦ ਉਸ ਕੋਲ ਕਹਿਣ ਨੂੰ ਕੁਝ ਹੈ ਹੀ ਨਹੀਂ ਸੀ। ਉਹ ਚੁੱਪ ਚੁੱਪੀਤਾ ਬਾਹਰਲੀ ਕੰਧ ਦੀ ਛਾਂ ਹੇਠ ਜਾ ਬੈਠਾ। ਖਾਲਿਦ ਵੀ ਉਸ ਦੇ ਨੇੜੇ ਬਹਿ ਗਿਆ। ਸਾਡੇ ਤੋਂ ਉਨ੍ਹਾਂ ਦੀ ਬੇਵਸੀ ਵੇਖੀ ਨਹੀਂ ਸੀ ਜਾ ਰਹੀ।
“ਅੰਮਾ, ਇਹ ਕੀ ਬਣ ਗਿਆ। ਵੇਖ ਕੜੀਆਂ ਵਰਗੇ ਜੁਆਨ ਕਿਵੇਂ ਬੇਵਸ ਹੋਏ ਬੈਠੇ ਐ?” ਮਾਂ ਨੇ ਹੰਝੂ ਪੂੰਝਦਿਆਂ ਸ਼ਾਮੀ ਅੰਮਾ ਵਲ ਵੇਖਦਿਆਂ ਕਿਹਾ।
“ਸਾਇਰਾ ਬੀਬੀ, ਇਹ ਸਦੀਆਂ ਤੋਂ ਹੁੰਦਾ ਆਇਐ। ਜਾਜ਼ੀਦੀ ਕੀ ਤੇ ਆਰਾਮ ਨਾਲ ਰਹਿਣਾ ਕੀ? ਆਪਣੇ ਲੋਕਾਂ ਨੂੰ ਕਿਸੇ ਨੇ ਕਦੇ ਚੈਨ ਨਾਲ ਰਹਿਣ ਈ ਨ੍ਹੀਂ ਦਿੱਤਾ। ਪਰ ਮੇਰਾ ਵਿਚਾਰ ਐ ਕਿ ਉਮੀਦ ਨ੍ਹੀਂ ਹਾਰਨੀ ਚਾਹੀਦੀ ਤੇ ਹਮੇਸ਼ਾ ਰੱਬ ‘ਤੇ ਭਰੋਸਾ ਰੱਖਣਾ ਚਾਹੀਦੈ।”
“ਅੰਮਾ, ਹੁਣ ਤਾਂ ‘ਕੱਲੇ ਰੱਬ ਆਸਰੇ ਈ ਆਂ।” ਮਾਂ ਨੇ ਇੰਨਾ ਕਹਿੰਦਿਆਂ ਅੱਖਾਂ ਪੂੰਝ ਲਈਆਂ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦੇ ਆਲੇ ਦੁਆਲੇ ਇਕੱਠੇ ਹੋਏ ਜੀਅ ਢਹਿੰਦੀ ਕਲਾ ‘ਚ ਜਾਣ। ਇੰਨੇ ਨੂੰ ਸ਼ਾਮੀ ਅੰਮਾ ਨੇ ਮੇਰੇ ਵਲ ਵੇਖਦਿਆਂ ਗੱਲ ਦਾ ਰੁਖ ਬਦਲਿਆ, “ਆਸਮਾ ਬੱਚੀਏ, ਜਿੰਜ਼ਾਲ ਹੋਰਾਂ ‘ਚੋਂ ਕਿਸੇ ਦਾ ਫੋਨ ਨ੍ਹੀਂ ਆਇਆ?
“ਅੰਮਾ, ਫੋਨ ਸਭ ਦਾ ਈ ਆਉਂਦਾ ਰਹਿੰਦੈ। ਕੱਲ੍ਹ ਤਾਂ ਮਾਸੂਦ ਨਾਲ ਵੀ ਗੱਲ ਹੋਈ ਸੀ। ਹਾਲਾਂ ਕਿ ਉਹ ਫੌਜ ਵਿਚ ਐ ਤੇ ਜ਼ਿਆਦਾ ਗੱਲ ਨ੍ਹੀਂ ਕਰ ਸਕਦਾ।”
“ਮਾਸੂਦ ਦੀ ਤੈਨਾਤੀ ਇਸ ਵੇਲੇ ਕਿੱਥੇ ਐ?”
“ਉਸ ਦੀ ਯੂਨਿਟ ਅੱਜ ਕੱਲ੍ਹ ਬਗਦਾਦ ‘ਚ ਐ। ਇਰਾਕੀ ਫੌਜਾਂ ਹੁਣ ਬਗਦਾਦ ਸ਼ਹਿਰ ਦੇ ਆਲੇ ਦੁਆਲੇ ਸਖਤ ਘੇਰਾਬੰਦੀ ਕਰੀ ਬੈਠੀਆਂ ਨੇ। ਡਰ ਐ ਕਿ ਕਿਧਰੇ ਇਸਲਾਮਕ ਸਟੇਟ ਵਾਲੇ ਬਗਦਾਦ ਸ਼ਹਿਰ ਨੂੰ ਤਬਾਹ ਨਾ ਕਰ ਦੇਣ।”
“ਉਹ ਕੀ ਦੱਸਦਾ ਕਿ ਬਗਦਾਦ ਵਲੋਂ ਆਪਾਂ ਨੂੰ ਕੋਈ ਮਦਦ ਬਹੁੜ ਸਕਦੀ ਐ?”
“ਨਾ ਅੰਮਾ। ਉਹ ਕਹਿੰਦੈ, ਬਗਦਾਦ ਵਾਲਿਆਂ ਨੂੰ ਤਾਂ ਸਰਕਾਰ ਬਦਲਣ ਜਾਂ ਸ਼ਹਿਰ ਨੂੰ ਬਚਾਉਣ ਤੋਂ ਈ ਵਿਹਲ ਨ੍ਹੀਂ। ਦੂਰ ਮੁਲਕ ਦੀ ਹੱਦ ‘ਤੇ ਬੈਠੇ ਆਪਣੇ ਵਰਗਿਆਂ ਲਈ ਉਨ੍ਹਾਂ ਕੋਲ ਕੋਈ ਵਕਤ ਈ ਨ੍ਹੀਂ।”
“ਤੇ ਜਿੰਜ਼ਾਲ ਦਾ ਅਮਰੀਕਾ ਵਾਲਾ ਦੋਸਤ ਕੀ ਕਹਿੰਦੈ?”
“ਅੰਮਾ ਹਰ ਪਾਸਿਉਂ ਜੁਆਬ ਐ। ਜਾਪਦੈ, ਆਪਾਂ ਤਾਂ ਕਿਸੇ ਗਿਣਤੀ ‘ਚ ਈ ਨ੍ਹੀਂ ਆਂ।”
ਮੈਂ ਗੱਲ ਮੁਕਾਈ ਤਾਂ ਖੈਰੀ ਬੂਹਾ ਲੰਘ ਕੇ ਅੰਦਰ ਆਇਆ। ਉਹ ਮੁਖਤਾਰ ਦੇ ਘਰੋਂ ਆ ਰਿਹਾ ਸੀ। ਮੁਖਤਾਰ ਨੇ ਨੇੜਲੇ ਪਿੰਡ ਦੇ ਜਾਣ ਪਛਾਣ ਵਾਲੇ ਸੁੰਨੀ ਅਰਬਾਂ ਨਾਲ ਗੱਲਬਾਤ ਚਲਾਈ ਹੋਈ ਸੀ। ਉਨ੍ਹਾਂ ਨਾਲ ਉਸ ਦੇ ਦੋਸਤਾਨਾ ਸਬੰਧ ਸਨ। ਉਸ ਦਾ ਖਿਆਲ ਸੀ ਕਿ ਸ਼ਾਇਦ ਉਹ ਕੁਝ ਕਰ ਸਕਣ। ਪਰ ਖੈਰੀ ਨੇ ਉਦਾਸ ਆਵਾਜ਼ ‘ਚ ਦੱਸਿਆ ਕਿ ਉਹ ਸਭ ਜੁਆਬ ਦੇ ਗਏ ਹਨ। ਸਭ ਦਾ ਉਹੀ ਕਹਿਣਾ ਹੈ ਕਿ ਇਸਲਾਮਕ ਸਟੇਟ ਵਾਲਿਆਂ ਦੇ ਮਸਲੇ ‘ਚ ਦਖਲ ਦੇਣਾ ਮੌਤ ਨੂੰ ਸੱਦਾ ਦੇਣ ਬਰਾਬਰ ਹੈ। ਉਸ ਦੀ ਗੱਲ ਸੁਣ ਕੇ ਚੁੱਪ ਪਸਰ ਗਈ। ਉਦੋਂ ਨੂੰ ਹੈਂਜ਼ੀ ਅੰਦਰ ਆਇਆ। ਉਹ ਜਾਵੇਤ ‘ਚੋਂ ਆ ਰਿਹਾ ਸੀ। ਸਭ ਦੇ ਸੁਆਲੀਆ ਚਿਹਰੇ ਵੇਖ ਕੇ ਉਹ ਆਪ ਹੀ ਦੱਸਣ ਲੱਗਾ, “ਅੱਜ ਇਸਲਾਮਕ ਸਟੇਟ ਵਾਲਿਆਂ ਦਾ ਉਹੀ ਵੱਡਾ ਕਮਾਂਡਰ ਹਾਜੀ ਮੁਰਤਜ਼ਾ ਫਿਰ ਆਇਆ ਸੀ। ਉਹ ਕਹਿੰਦਾ ਸੀ ਕਿ ਜਾਂ ਤਾਂ ਇਸਲਾਮ ਧਾਰਨ ਕਰ ਕੇ ਖਲਾਫਤ ਦਾ ਹਿੱਸਾ ਬਣ ਜਾਵੋ ਜਾਂ ਫਿਰ ਜੁਰਮਾਨਾ ਭਰ ਦਿਉ। ਨਹੀਂ ਤੁਹਾਨੂੰ ਸਿੰਜਾਰ ਪਹਾੜ ‘ਤੇ ਛੱਡ ਆਵਾਂਗੇ।”
“ਝੂਠ ਸਭ ਝੂਠ। ਬਕਵਾਸ ਕਰਦੇ ਨੇ। ਅਜਿਹਾ ਕੁਛ ਵੀ ਨ੍ਹੀਂ ਕਰਨਗੇ।” ਪਰ੍ਹੇ ਬੈਠਾ ਦਾਊਦ ਨੇੜੇ ਆਉਂਦਾ ਗੁੱਸੇ ‘ਚ ਭੜਕਿਆ। ਸਾਰੇ ਉਸ ਵਲ ਝਾਕੇ ਪਰ ਕੁਸਕਿਆ ਕੋਈ ਨਾ। ਥੋੜ੍ਹਾ ਸੰਜਮ ‘ਚ ਹੁੰਦਿਆਂ ਉਸ ਨੇ ਗੱਲ ਅੱਗੇ ਤੋਰੀ, “ਜੁਰਮਾਨਾ ਭਰਵਾਉਣ ਜਾਂ ਪਹਾੜ ‘ਤੇ ਭੇਜਣ ਵਾਲੀਆਂ ਉਨ੍ਹਾਂ ਦੀਆਂ ਗੱਲਾਂ ਨਿਰਾ ਝੂਠ ਨੇ। ਉਹ ਐਵੇਂ ਸਾਡਾ ਮਖੌਲ ਉਡਾਈ ਜਾ ਰਹੇ ਨੇ। ਮੇਰਾ ਖਿਆਲ ਐ, ਅਜੇ ਉਹ ਦੂਜੇ ਪਾਸਿਓਂ ਵਿਹਲੇ ਨ੍ਹੀਂ ਹੋਏ। ਜਿਉਂ ਈ ਉਧਰੋਂ ਵਿਹਲ ਮਿਲੀ, ਉਨ੍ਹਾਂ ਇੱਥੇ ਆਪਣਾ ਐਕਸ਼ਨ ਸ਼ੁਰੂ ਕਰ ਦੇਣੈਂ। ਉਨ੍ਹਾਂ ਨੇ ਕਿਸੇ ਨੂੰ ਵੀ ਨ੍ਹੀਂ ਬਖਸ਼ਣਾ।”
ਮਾਂ ਨੇ ਦਾਊਦ ਵਲ ਜ਼ਰਾ ਖਰਵੀਆਂ ਨਜ਼ਰਾਂ ਨਾਲ ਵੇਖਿਆ। ਸ਼ਾਇਦ ਉਸ ਦਾ ਇਸ਼ਾਰਾ ਸੀ ਕਿ ਉਹ ਇਹ ਗੱਲ ਸਭ ਦੇ ਸਾਹਮਣੇ ਨਾ ਕਰੇ। ਦਾਊਦ ਜਿੱਥੇ ਪਹਿਲਾਂ ਬੈਠਾ ਸੀ, ਉਥੇ ਹੀ ਫਿਰ ਜਾ ਬੈਠਾ। ਬਾਕੀ ਭਰਾ ਵੀ ਬੜੇ ਨਿਰਾਸ਼ ਸਨ। ਉਨ੍ਹਾਂ ਦੇ ਚਿਹਰਿਆਂ ਵਲ ਵੇਖ ਕੇ ਲੱਗਦਾ ਸੀ ਜਿਵੇਂ ਉਹ ਹਫਤੇ ਵਿਚ ਹੀ ਬੁੱਢੇ ਹੋ ਗਏ ਹੋਣ। ਗੱਲਬਾਤ ਖਤਮ ਹੋਣ ਪਿੱਛੋਂ ਘਰ ‘ਚ ਪਹਿਲਾਂ ਨਾਲੋਂ ਵੀ ਗਹਿਰੀ ਉਦਾਸੀ ਪਸਰ ਗਈ। ਕੋਈ ਉਚਾ ਸਾਹ ਵੀ ਨਹੀਂ ਲੈ ਰਿਹਾ ਸੀ। ਹਰ ਕੋਈ ਆਪਣੇ ਆਪ ‘ਚ ਗੁੰਮ ਸੀ। ਜਿਨਾਲ ਦੇ ਬੱਚੇ ਤੋਂ ਬਿਨਾ ਕਿਸੇ ਦੀ ਆਵਾਜ਼ ਨਹੀਂ ਸੀ ਆ ਰਹੀ। ਉਸ ਦਾ ਛੋਟਾ ਜਿਹਾ ਪੁੱਤਰ ਲਗਾਤਾਰ ਰੋਈ ਜਾ ਰਿਹਾ ਸੀ। ਉਹ ਭੁੱਖਾ ਸੀ ਅਤੇ ਨਾਲ ਹੀ ਅੰਤਾਂ ਦੀ ਗਰਮੀ ਉਸ ਤੋਂ ਝੱਲ ਨਹੀਂ ਸੀ ਹੋ ਰਹੀ। ਸ਼ਾਮੀ ਅੰਮਾ ਵੀ ਉਦਾਸ ਜਿਹੀ ਜਾਣ ਲਈ ਉਠ ਖੜੋਤੀ ਸੀ।
ਉਸ ਦਿਨ ਸ਼ਾਮ ਵੇਲੇ ਮਾਂ ਨੇ ਵੇਖਿਆ ਕਿ ਆਟਾ ਕਰੀਬ ਮੁੱਕ ਚੁਕਾ ਸੀ। ਉਸ ਨੇ ਭਾਂਡੇ ਨੂੰ ਇੱਧਰੋਂ ਉਧਰੋਂ ਹੂੰਝ ਕੇ ਕੁਝ ਆਟਾ ਇਕੱਠਾ ਕੀਤਾ ਤੇ ਰੋਟੀ ਬਣਾਈ। ਸਾਰੇ ਟੱਬਰ ਦਾ ਪੇਟ ਨਹੀਂ ਸੀ ਭਰ ਸਕਦਾ। ਜੋ ਕੁਝ ਸੀ, ਉਹ ਮਾਂ ਨੇ ਛੋਟੇ ਬੱਚਿਆਂ ਨੂੰ ਖੁਆ ਦਿੱਤਾ। ਬਾਕੀਆਂ ਨੇ ਪਾਣੀ ਪੀ ਕੇ ਢਿੱਡ ਧਾਫੜ ਲਿਆ। ਅਗਲੇ ਦਿਨ ਸਵੇਰੇ ਮਾਂ ਨੇ ਹੈਂਜ਼ੀ ਨੂੰ ਕਿਹਾ ਕਿ ਆਟਾ ਮੁੱਕ ਗਿਆ ਹੈ। ਹੈਂਜ਼ੀ ਦੁਕਾਨ ‘ਤੇ ਗਿਆ। ਵਾਪਸ ਆਇਆ ਤਾਂ ਉਸ ਦੇ ਹੱਥ ਵਿਚਲੇ ਭਾਂਡੇ ‘ਚ ਥੋੜ੍ਹਾ ਕੁ ਆਟਾ ਸੀ। ਨਾਲ ਹੀ ਉਸ ਨੇ ਇਕ ਬੋਰੀ ‘ਚ ਕੁਛ ਕਣਕ ਚੁੱਕੀ ਹੋਈ ਸੀ। ਉਹ ਮਾਂ ਨੂੰ ਹੌਲੀ ਜਿਹੀ ਬੋਲਿਆ, “ਮਾਂ ਆਟਾ ਤਾਂ ਖਤਮ ਐ। ਜਿਉਂ ਪਿੰਡ ਨੂੰ ਇਸਲਾਮਕ ਸਟੇਟ ਦਾ ਘੇਰਾ ਪਿਆ ਐ, ਮੁੜ ਕੇ ਕੋਈ ਇੱਧਰ ਸਮਾਨ ਵੇਚਣ ਨ੍ਹੀਂ ਆਇਆ। ਅ੍ਹਾ ਥੋੜ੍ਹੀ ਜਿਹੀ ਸਾਬਤ ਕਣਕ ਐਂ ਜਾਂ ਕੁਛ ਬਾਜਰਾ ਐ। ਉਦੋਂ ਤੱਕ ਇਸੇ ਨਾਲ ਵਕਤ ਕੱਢਣਾ ਪਊ ਜਦੋਂ ਤੱਕ ਕੋਈ ਹੋਰ ਪ੍ਰਬੰਧ ਨ੍ਹੀਂ ਹੁੰਦਾ।”
“ਪੁੱਤਰਾ, ਪਤਾ ਨ੍ਹੀਂ ਇਹ ਵੀ ਮੁੱਕਣਾ ਐਂ ਕਿ ਨ੍ਹੀਂ।” ਮਾਂ ਨੇ ਉਦਾਸ ਆਵਾਜ਼ ‘ਚ ਕਿਹਾ ਤਾਂ ਮੈਂ ਉਸ ਵਲ ਗੌਹ ਨਾਲ ਝਾਕੀ। ਲੱਗਾ, ਉਹ ਵੀ ਦਿਲ ਛੱਡਦੀ ਜਾ ਰਹੀ ਹੈ। ਖੈਰ! ਮਾਂ ਨੇ ਜਿੰਨਾ ਕੁ ਆਟਾ ਸੀ ਉਸ ਨਾਲ ਜੁਆਕਾਂ ਲਈ ਰੋਟੀ ਬਣਾ ਦਿੱਤੀ। ਬਾਕੀਆਂ ਲਈ ਕਣਕ ਉਬਾਲ ਲਈ। ਪਰ ਵੱਡਿਆਂ ਨੇ ਬਹੁਤ ਥੋੜ੍ਹਾ ਖਾਣਾ ਖਾਧਾ। ਸ਼ਾਇਦ ਭੁੱਖ ਮਰ ਗਈ ਸੀ। ਮਾਂ ਨੇ ਦੱਸਿਆ ਕਿ ਪਾਣੀ ਵੀ ਬਹੁਤ ਥੋੜ੍ਹਾ ਰਹਿ ਗਿਆ ਹੈ। ਕੁਛ ਹੀ ਗੈਲਨ ਬਚੇ ਸਨ ਜੋ ਵਿਹੜੇ ਵਿਚ ਪਏ ਸਨ। ਨਹਾਉਣ ਧੋਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਪੀਣ ਲਈ ਵੀ ਪਾਣੀ ਬੜੇ ਸੰਜਮ ਨਾਲ ਵਰਤਿਆ ਜਾ ਰਿਹਾ ਸੀ।
ਦਸ ਦਿਨ ਹੋ ਗਏ ਸਨ ਇਸਲਾਮਕ ਸਟੇਟ ਵਾਲਿਆਂ ਦੇ ਘੇਰੇ ਪਏ ਨੂੰ। ਇਵੇਂ ਲੱਗਦਾ ਸੀ ਜਿਵੇਂ ਸਦੀਆਂ ਹੋ ਗਈਆਂ ਹੋਣ। ਪਿੰਡ ਮੜ੍ਹੀਆਂ ਦੀ ਤਰ੍ਹਾਂ ਜਾਪਦਾ ਸੀ। ਜਿਸ ਪਿੰਡ ‘ਚ ਕਦੇ ਜ਼ਿੰਦਗੀ ਚਾਂਭੜਾਂ ਪਾਉਂਦੀ ਹੁੰਦੀ ਸੀ, ਘਰਾਂ ‘ਚੋਂ ਉਚੀ ਸੰਗੀਤ ਸੁਣਾਈ ਦਿੰਦਾ ਹੁੰਦਾ ਸੀ, ਟੀ. ਵੀ. ਦੀ ਆਵਾਜ਼ ਦੂਰ ਦੂਰ ਤੱਕ ਸੁਣਦੀ ਸੀ, ਜੁਆਕਾਂ ਦੀਆਂ ਕਿਲਕਾਰੀਆਂ ਫਿਜ਼ਾ ‘ਚ ਸੰਗੀਤ ਘੋਲਦੀਆਂ ਸਨ, ਅੱਜ ਉਸ ਪਿੰਡ ‘ਚ ਚੁੱਪ ਛਾਈ ਪਈ ਸੀ। ਜਿੱਥੇ ਕਿਧਰੇ ਮਸ਼ੀਨਾਂ ਦੀ ਆਵਾਜ਼ ਆ ਰਹੀ ਹੁੰਦੀ, ਕਿਧਰਿਉਂ ਜੈਨਰੇਟਰ ਘੁਕਾਟ ਪਾਈ ਰੱਖਦੇ, ਉਥੇ ਇਉਂ ਜਾਪਦਾ ਸੀ ਜਿਵੇਂ ਕੋਈ ਵੱਸਦਾ ਹੀ ਨਾ ਹੋਵੇ।
ਸਵੇਰ ਵੇਲੇ ਹੈਂਜ਼ੀ ਮੁੱਠੀ ਭਰ ਉਬਲੀ ਕਣਕ ਖਾ ਕੇ ਜਾਵੇਤ ਵਲ ਤੁਰ ਗਿਆ। ਘੰਟੇ ਪਿਛੋਂ ਵਾਪਸ ਆਇਆ ਤਾਂ ਜਾਪਿਆ ਜਿਵੇਂ ਵਰ੍ਹਿਆਂ ਤੋਂ ਬਿਮਾਰ ਹੋਵੇ। ਅੱਜ ਉਹ ਪਿਛਲੇ ਦਿਨਾਂ ਦੇ ਮੁਕਾਬਲੇ ਬਹੁਤ ਉਦਾਸ ਸੀ। ਕੋਲ ਆਉਂਦਿਆਂ ਉਸ ਨੇ ਦੱਸਿਆ, “ਅੱਜ ਕਮਾਂਡਰ ਹਾਜ਼ੀ ਮੁਰਤਜ਼ਾ ਫਿਰ ਆਇਆ ਸੀ। ਉਸ ਨੇ ਤਿੰਨ ਦਿਨ ਦਾ ਸਮਾਂ ਦਿੰਦਿਆਂ ਆਖਰੀ ਚਿਤਾਵਨੀ ਦੇ ਦਿੱਤੀ ਐ…।”
ਕਿਸੇ ਨੇ ਵੀ ਉਸ ਨੂੰ ਉਲਟਾ ਕੇ ਕੁਝ ਨਾ ਪੁੱਛਿਆ ਤਾਂ ਉਸ ਨੇ ਆਪ ਹੀ ਗੱਲ ਅੱਗੇ ਤੋਰੀ, “ਉਸ ਨੇ ਕਿਹਾ ਐ ਕਿ ਇਹ ਆਖਰੀ ਮੋਹਲਤ ਐ। ਤਿੰਨ ਦਿਨਾਂ ‘ਚ ਜੋ ਵੀ ਇਸਲਾਮ ਧਾਰਨ ਕਰ ਸਕਦੈ, ਕਰ ਲਵੇ। ਨ੍ਹੀਂ ਤਾਂ ਫਿਰ ਸਭ ਨੂੰ ਸਿੰਜਾਰ ਪਹਾੜ ‘ਤੇ ਛੱਡ ਆਉਣਗੇ।”
“ਪਹਾੜ ‘ਤੇ ਨ੍ਹੀਂ ਸਗੋਂ ਮੜ੍ਹੀਆਂ ‘ਚ ਜਾਣ ਲਈ ਤਿਆਰ ਰਹੋ।” ਦਾਊਦ ਨੇ ਗੁੱਸੇ ‘ਚ ਕਿਹਾ। ਸੁਣ ਕੇ ਇਕਦਮ ਸੁੰਨ ਜਿਹੀ ਪਸਰ ਗਈ। ਉਦੋਂ ਹੀ ਦੁਬਾਰਾ ਬੋਲਣ ਲੱਗਾ, “ਸਿੰਜਾਰ ਪਹਾੜ ‘ਤੇ ਭੇਜਣ ਦਾ ਕਹਿ ਕੇ ਉਹ ਲੋਕਾਂ ਨੂੰ ‘ਕੱਠੇ ਕਰਨਗੇ ਤੇ ਫਿਰ ਸਭ ਨੂੰ…।”
“ਤੂੰ ਬੋਲਣਾ ਬੰਦ ਕਰ ਵੇ ਦੋਜਖੀਆ।” ਮਾਂ ਨੇ ਝਿੜਕਦਿਆਂ ਉਸ ਨੂੰ ਵਿਚਕਾਰੋਂ ਹੀ ਚੁੱਪ ਕਰਾ ਦਿੱਤਾ। ਉਹ ਕੁਝ ਦੇਰ ਸੋਚਦੀ ਰਹੀ ਤੇ ਫਿਰ ਸਭ ਨੂੰ ਇਕੱਠੇ ਹੋਣ ਨੂੰ ਕਹਿ ਦਿੱਤਾ। ਜਿਉਂ ਹੀ ਸਾਰੇ ਉਸ ਦੁਆਲੇ ਆ ਖੜੋਤੇ ਤਾਂ ਮਾਂ ਬੋਲੀ, “ਤੁਸੀਂ ਸਾਰੇ ਮੇਰੀ ਗੱਲ ਬੜੇ ਧਿਆਨ ਨਾਲ ਸੁਣੋ। ਜਾਉ ਤੇ ਆਪੋ ਆਪਣਾ ਸਮਾਨ ਝੋਲਿਆਂ ‘ਚ ਪਾ ਲਵੋ। ਸਮਾਨ ਬਸ ਉਨਾ ਕੁ ਹੋਵੇ ਜਿੰਨਾ ਕੁ ਆਰਾਮ ਨਾਲ ਚੁੱਕਿਆ ਜਾ ਸਕੇ। ਕੁੜੀਓ ਤੁਸੀਂ ਇਕ ਇਕ ਵਾਧੂ ਸੂਟ ਨਾਲ ਰੱਖ ਲਵੋ ਤੇ ਇਸ ਤੋਂ ਬਿਨਾ ਥੋੜ੍ਹਾ ਜਿਹਾ ਜ਼ਰੂਰਤ ਦਾ ਸਮਾਨ ਹੋਰ ਹੋਵੇ। ਬਸ ਇੰਨਾ ਕਿ ਤੁਹਾਡੇ ਹੈਂਡ ਬੈਗ ‘ਚ ਪੈ ਜਾਵੇ। ਹਾਂ ਹਰ ਕੋਈ ਪਾਣੀ ਦੀ ਬੋਤਲ ਭਰ ਕੇ ਝੋਲੇ ‘ਚ ਜ਼ਰੂਰ ਰੱਖਿਓ…।” ਇੰਨਾ ਕਹਿੰਦਿਆਂ ਮਾਂ ਜ਼ਰਾ ਕੁ ਚੁੱਪ ਹੋ ਗਈ। ਮੈਨੂੰ ਲੱਗਾ, ਮਾਂ ਨੇ, ਜੋ ਵੀ ਬੁਰਾ ਹੋਣ ਜਾ ਰਿਹਾ ਹੈ, ਉਹ ਭਾਂਪ ਲਿਆ ਹੈ। ਇੰਨੇ ਨੂੰ ਉਸ ਨੇ ਗੱਲ ਅੱਗੇ ਤੋਰੀ, “ਉਮੀਦ ਇਹ ਰੱਖਿਓ ਕਿ ਉਹ ਆਪਾਂ ਨੂੰ ਸਿੰਜਾਰ ਪਹਾੜ ਤੱਕ ਛੱਡਣਗੇ। ਪਰ ਜੇ ਅਜਿਹਾ ਨਾ ਹੋਇਆ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਇਕੱਠੇ ਰਿਹਾ ਜਾਵੇ। ਜੇ ਜਵਾਂ ਈ ਮੁਸ਼ਕਿਲ ਹੋ ਜਾਵੇ ਤਾਂ ਕਮ ਸੇ ਕਮ ਦੋ ਜਣੇ ਜ਼ਰੂਰ ਇਕੱਠੇ ਰਹਿਉ। ਜੇ ਇਹ ਵੀ ਨਾ ਹੋਵੇ ਤਾਂ ਉਮੀਦ ਨਾ ਹਾਰਿਉ। ਬਾਕੀ ਰੱਬ ਰਾਖਾ।”
ਮਾਂ ਚੁੱਪ ਹੋਈ ਤਾਂ ਛੋਟੇ ਬੱਚੇ ਰੋਂਦੇ ਕੁਰਲਾਉਂਦੇ ਉਸ ਨੂੰ ਚੰਬੜ ਗਏ। ਬਾਕੀ ਵੀ ਉਸ ਦੇ ਦੁਆਲੇ ਬੈਠੇ ਹੰਝੂ ਵਹਾਈ ਜਾ ਰਹੇ ਸਨ। ਭਰਾ ਇਕ ਪਾਸੇ ਬੇਵਸ ਉਦਾਸ ਅਤੇ ਬੇਚੈਨ, ਨੀਵੀਂਆਂ ਪਾਈ ਬੈਠੇ ਸਨ। ਮਾਂ ਨੇ ਸਭ ਨੂੰ ਚੁੱਪ ਕਰਵਾਉਂਦਿਆਂ ਕਿਹਾ, “ਮੱਥੇ ਦੀਆਂ ਤਕਦੀਰਾਂ ਨ੍ਹੀਂ ਮਿਟਦੀਆਂ ਹੁੰਦੀਆਂ ਬੱਚਿਓ। ਜੋ ਹੋਣਾ ਐ, ਉਹ ਹੋ ਕੇ ਰਹਿੰਦਾ ਐ। ਤਾਉਸੀ ਮਲਕ ਸਭ ਦੀ ਰੱਖਿਆ ਕਰੂ। ਜਾਉ ਹੁਣ ਸਮਾਨ ਤਿਆਰ ਕਰੋ।”
ਮਾਂ ਨੇ ਸਮਾਨ ਬੰਨਣ ਦੀ ਹਦਾਇਤ ਫਿਰ ਤੋਂ ਦਿੱਤੀ। ਹੁਣ ਸਾਰੇ ਆਪੋ ਆਪਣਾ ਸਮਾਨ ਸੰਭਾਲਣ ਲੱਗੇ। ਇਸ ਪਾਸਿਉਂ ਵਿਹਲੇ ਹੋ ਕੇ ਵਾਪਸ ਮਾਂ ਕੋਲ ਆਏ ਤਾਂ ਉਸ ਨੇ ਕਿਹਾ, “ਹੁਣ ਸਭ ਤੋਂ ਜ਼ਰੂਰੀ ਗੱਲ ਸੁਣੋ। ਜਿੰਜ਼ਾਲ ਤੇ ਸਈਅਦ ਦੇ ਫੋਨ ਨੰਬਰ ਜ਼ੁਬਾਨੀ ਯਾਦ ਕਰ ਲਵੋ। ਜੇ ਮੁਸ਼ਕਿਲ ਵਿਚ ਫਸ ਗਏ ਤਾਂ ਮੌਕਾ ਮਿਲਦਿਆਂ ਈ ਉਨ੍ਹਾਂ ਨਾਲ ਗੱਲ ਕਰਿਉ। ਬਾਕੀ ਆਪੋ ਆਪਣਾ ਸ਼ਨਾਖਤੀ ਕਾਰਡ ਬੜੀ ਸੰਭਾਲ ਨਾਲ ਆਪਣੇ ਕੋਲ ਰੱਖਿਉ। ਹੋਰ ਭਾਵੇਂ ਸਭ ਕੁਛ ਗੁਆਚ ਜਾਵੇ ਜਾਂ ਖੋਹ ਲਿਆ ਜਾਵੇ ਪਰ ਆਪਣਾ ਸ਼ਨਾਖਤੀ ਕਾਰਡ ਨਾ ਗੁਆਚਣ ਦਿਉ। ਤੁਹਾਨੂੰ ਇਸ ਦੀ ਕਿਧਰੇ ਵੀ ਲੋੜ ਪੈ ਸਕਦੀ ਐ। ਆਉ ਹੁਣ ਪ੍ਰਾਰਥਨਾ ਕਰੀਏ।”
ਸਭ ਚੁੱਪ ਚਾਪ ਮਾਂ ਦੇ ਨਾਲ ਲੱਗ ਕੇ ਪ੍ਰਾਰਥਨਾ ਕਰਨ ਲੱਗੇ। ਇੱਧਰੋਂ ਵਿਹਲੇ ਹੋਏ ਤਾਂ ਮਾਂ ਨੇ ਸਭ ਨੂੰ ਮੁੱਠੀ ਮੁੱਠੀ ਉਬਲੀ ਹੋਈ ਕਣਕ ਦਿੱਤੀ। ਦੁਪਹਿਰਾ ਹੋ ਗਿਆ, ਫਿਰ ਇਸੇ ਤਰ੍ਹਾਂ ਦਿਨ ਢਲ ਗਿਆ। ਸ਼ਾਮ ਵੇਲੇ ਮਾਂ ਨੇ ਫਿਰ ਸਭ ਨੂੰ ਥੋੜ੍ਹੀ ਥੋੜ੍ਹੀ ਕਣਕ ਅਤੇ ਥੋੜ੍ਹਾ ਜਿਹਾ ਪਾਣੀ ਦਿੱਤਾ। ਰਾਤ ਵੇਲੇ ਸਾਰੇ ਚੁੱਪ ਚਾਪ ਛੱਤ ‘ਤੇ ਚੜ੍ਹ ਗਏ। ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ। ਸਭ ਹੌਲੀ ਹੌਲੀ ਸੁਬਕ ਰਹੇ ਸਨ। ਮਾਂ ਨੇ ਹੌਸਲਾ ਦਿੱਤਾ, “ਉਨ੍ਹਾਂ ਨੇ ਤਿੰਨ ਦਿਨ ਦਿੱਤੇ ਨੇ। ਅਜੇ ਬਹੁਤ ਸਮਾਂ ਪਿਐ। ਹੁਣੇ ਦਿਲ ਨਾ ਸੁੱਟੋ।”
ਮਾਂ ਦੀ ਗੱਲ ਸੁਣਦਿਆਂ ਰੋਣ ਧੋਣ ਘੱਟ ਗਿਆ। ਪਰ ਚੁੱਪ ਉਵੇਂ ਹੀ ਪਸਰੀ ਰਹੀ। ਬਾਹਰ ਸੜਕ ਵਲ ਲਗਾਤਾਰ ਖੜਕਾ ਹੁੰਦਾ ਰਿਹਾ। ਜਿਵੇਂ ਅਣਗਿਣਤ ਗੱਡੀਆਂ ਆ ਰਹੀਆਂ ਹੋਣ। ਜਾਗੋ ਮੀਚੀ ‘ਚ ਹੀ ਰਾਤ ਗੁਜ਼ਰ ਗਈ। ਆਮ ਦਿਨਾਂ ਦੀ ਤਰ੍ਹਾਂ ਦਿਨ ਚੜ੍ਹਦਿਆਂ ਹੀ ਸਾਰੇ ਜਣੇ ਪੌੜੀਆਂ ਉਤਰਦੇ ਹੌਲੀ ਹੌਲੀ ਹੇਠਾਂ ਆ ਗਏ।
(ਚਲਦਾ)