ਧਰਮ ਆਸਥਾ ਦੀ ਜੋਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਰਤ ਦੀ ਪਾਕੀਜ਼ਗੀ ਅਤੇ ਇਸ ਦੀਆਂ ਨਿਆਮਤਾਂ ਦੀ ਗੱਲ ਕਰਦਿਆਂ ਬਾਬੇ ਨਾਨਕ ਵਲੋਂ ਕਰਤਾਰਪੁਰ ਵਿਚ ਆਪ ਹਲ ਚਲਾ ਕੇ ਦਿੱਤੇ ਗਏ ਕਿਰਤ ਦੀ ਸੁੱਚਮ ਦੇ ਸੁਨੇਹੇ ਦਾ ਹਵਾਲਾ ਦਿੱਤਾ ਸੀ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਧਰਮ ਦੀ ਧਾਰਮਕਤਾ ਦੀ ਪੁਣਛਾਣ ਕੀਤੀ ਹੈ।

ਉਹ ਕਹਿੰਦੇ ਹਨ, “ਧਰਮ ਤਾਂ ਆਸ ਤੇ ਵਿਸ਼ਵਾਸ, ਦੁੱਖ ਤੇ ਸੁੱਖ, ਹੌਂਸਲੇ ਤੇ ਹਾਰੇ ਅਤੇ ਥੱਕਿਆਂ ਤੇ ਹਿੰਮਤੀਆਂ ਦਾ ਵੀ ਹੁੰਦਾ। ਪਰ ਇਸ ਦੀ ਅਰਾਧਨਾ ਅਤੇ ਆਸਥਾ ਦਾ ਫਰਕ ਹੀ ਹੁੰਦਾ, ਜੋ ਧਰਮ ਜਾਂ ਅਧਰਮ ਦਾ ਆਧਾਰ ਬਣਦਾ।” ਉਹ ਚਿਤਾਵਨੀ ਦਿੰਦੇ ਹਨ, “ਧਰਮ ਜਦ ਵਪਾਰ ਬਣਦਾ ਤਾਂ ਇਹ ਲਾਭ-ਹਾਨੀਆਂ ਵਿਚ ਉਲਝ ਜਾਂਦਾ। ਜਾਅਲਸਾਜ਼ੀਆਂ, ਗਲਤੀਆਂ ਅਤੇ ਓਹਲਿਆਂ ਦਾ ਨਾਮਕਰਣ ਹੁੰਦਾ। ਆਦਮੀ ਕੁਰੀਤੀਆਂ ਅਤੇ ਕਮੀਨਗੀਆਂ ਨੂੰ ਅਪਨਾ ਕੇ ਹੰਕਾਰ ਦੀ ਬਸਤੀ ਬਣ ਜਾਂਦਾ।” ਉਹ ਜੀਵਨ ਦਾ ਤੱਥ ਦੱਸਦੇ ਹਨ, “ਸਭ ਤੋਂ ਵੱਡਾ ਧਰਮ ਹੈ, ਕਿਸੇ ਰੋਂਦੇ ਨੂੰ ਵਰਾਉਣਾ ਅਤੇ ਹੰਝੂਆਂ ਦੀ ਜੂਹੇ ਹਾਸੇ ਟਿਕਾਉਣਾ। ਕਿਸੇ ਲਾਚਾਰ ਨੂੰ ਸਹਾਰਾ ਦੇਣਾ ਅਤੇ ਨਿਆਸਰਿਆਂ ਦੀ ਢੋਈ ਬਣਨਾ। ਤਿੜਕੇ ਸ਼ਤੀਰਾਂ ਹੇਠ ਦਿਤੀਆਂ ਥੰਮੀਆਂ ਵਰਗੇ ਲੋਕ, ਧਰਮ ਦੀ ਸੁੱਚਮਤਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਧਰਮ, ਜਾਗਦੀ ਸੋਚ, ਜਿਉਣ ਗੋਚਰੀ ਜੀਵਨ ਸ਼ੈਲੀ, ਕਰਮ ਸ਼ੈਲੀ ਨੂੰ ਅਪਨਾਉਣ ਲਈ ਸਾਧਨਾ, ਚੰਗੇਰੇ ਮਾਰਗਾਂ ਦੀ ਨਿਸ਼ਾਨਦੇਹੀ ਅਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੀ ਚਾਹਤ।
ਧਰਮ, ਜੀਵਨ ਦੇ ਹਰ ਪਹਿਰ ਵਿਚ ਹਾਜ਼ਰ, ਹਰ ਪਲ ਵਿਚ ਇਸ ਦੀ ਰੁਸ਼ਨਾਈ, ਅਗਵਾਈ ਅਤੇ ਜੀਵਨ ਦੀਆਂ ਖਾਲੀ ਥਾਂਵਾਂ ਦੀ ਭਰਪਾਈ।
ਧਰਮ ਦੇ ਵਿਸ਼ਾਲ ਅਰਥ। ਨਹੀਂ ਕੋਈ ਸੀਮਾਵਾਂ। ਹਰ ਵਿਅਕਤੀ ਜਾਂ ਧਾਰਮਕ ਆਗੂ ਇਸ ਦੇ ਅਰਥਾਂ ਨੂੰ ਆਪਣੀ ਸੋਚ-ਸਮਝ ਤੀਕ ਸੀਮਤ ਕਰਦਾ, ਪਰ ਇਸ ਦੀ ਸਮੁੱਚਤਾ ਨੂੰ ਕਿਆਸ, ਜਾਣ ਤੇ ਸਮਝ ਕੇ ਹੀ ਧਾਰਮਕ ਬਿਰਤੀ ਅਤੇ ਬਾਣੇ ਵਿਚਲੀ ਇਕਸੁਰਤਾ ਨੂੰ ਮਾਣਿਆ ਜਾ ਸਕਦਾ।
ਧਰਮ ਜਦ ਤੁਹਾਡੀ ਕਿਰਤ-ਕਮਾਈ, ਕਰਮਯੋਗਤਾ, ਕੀਰਤੀਆਂ ਅਤੇ ਕਥਨੀਆਂ ਵਿਚ ਕਹਿਕਹੇ ਲਾਉਣ ਲੱਗ ਪਵੇ ਤਾਂ ਧਰਮ ਦੀ ਆਭਾ ਵਿਚ ਜੀਵਨ ਨੂੰ ਨਵੀਂਆਂ ਤਰਜ਼ੀਹਾਂ, ਤਸ਼ਬੀਹਾਂ ਅਤੇ ਤਕਦੀਰਾਂ ਸਿਰਜਣ ਦਾ ਹੁਨਰ ਮਿਲਦਾ।
ਧਰਮ ਇਕ ਕਿਰਤ-ਸਾਧਨਾ ਜਿਸ ਨਾਲ ਮਨੁੱਖ ਇਕ ਅਜਿਹੀ ਕੀਰਤੀ ਪੈਦਾ ਕਰਦਾ, ਜੋ ਉਸ ਦੀ ਗੱਲਬਾਤ, ਕਰਮ-ਜਾਚਨਾ, ਜੀਵਨ-ਸੋਝੀ ਅਤੇ ਪਹਿਲਾਂ ਤੇ ਪਹਿਲੂਆਂ ਵਿਚ ਸਰਬਮਾਨ ਹੁੰਦੀ। ਧਰਮ ਦੇ ਨਾਂ ‘ਤੇ ਮਰਿਆਦਾਵਾਂ ਦੀ ਕੈਦ-ਕੋਠੜੀ, ਧਾਰਮਕਤਾ ਦੀ ਰੂਹ ਨੂੰ ਕੁਚਲਣਾ। ਇਸ ਦੀ ਕੁਰਲਾਹਟ ਵਿਚ ਹੀ ਗੁੰਮ ਜਾਂਦਾ, ਤਨ ਦਾ ਲੰਗਾਰ, ਭੁੱਖੇ ਪੇਟ ਲਈ ਦੋ ਡੰਗ ਦਾ ਟੁੱਕਰ, ਅੱਖਰ-ਚਾਨਣ ਤੋਂ ਵਿਰਵੇ ਦੀਦਿਆਂ ਵਿਚ ਪਸਰ ਜਾਂਦੀ ਗਾੜ੍ਹੀ ਧੁੰਦ ਅਤੇ ਛੱਤ ਦੀਆਂ ਵਿਰਲਾਂ ਵਿਚੋਂ ਮੰਦਹਾਲੀ ਝਾਕਦੀ, ਪਰ ਧਰਮ ਇਸ ਤੋਂ ਅਵੇਸਲਾ ਹੋਣ ਦਾ ਭਰਮ ਪਾਲਦਾ।
ਧਰਮ ਤਾਂ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਪਕਿਆਈ ਦਾ ਵੀ ਹੁੰਦਾ। ਆਪਸੀ ਮੋਹ-ਮੁਹੱਬਤ ਦਾ ਵੀ ਹੁੰਦਾ, ਪਰ ਇਹ ਧਰਮ ਬਹੁਤੇ ਲੋਕਾਂ ਦੀ ਸੋਝੀ ਦਾ ਹਿੱਸਾ ਨਹੀਂ।
ਧਰਮ ਤਾਂ ਆਸ ਤੇ ਵਿਸ਼ਵਾਸ, ਦੁੱਖ ਤੇ ਸੁੱਖ, ਹੌਂਸਲੇ ਤੇ ਹਾਰੇ ਅਤੇ ਥੱਕਿਆਂ ਤੇ ਹਿੰਮਤੀਆਂ ਦਾ ਵੀ ਹੁੰਦਾ। ਪਰ ਇਸ ਦੀ ਅਰਾਧਨਾ ਅਤੇ ਆਸਥਾ ਦਾ ਫਰਕ ਹੀ ਹੁੰਦਾ, ਜੋ ਧਰਮ ਜਾਂ ਅਧਰਮ ਦਾ ਆਧਾਰ ਬਣਦਾ।
ਧਰਮ ਦੇ ਨਾਂ ਫੈਲ ਰਹੀ ਅਨੈਤਿਕਤਾ ਅਤੇ ਅਧਿਆਤਮਵਾਦ ਦੇ ਨਾਂ ‘ਤੇ ਅੰਨ੍ਹੀ ਸ਼ਰਧਾ, ਇਕ ਸੰਤਾਪ। ਅਜਿਹੀ ਧਾਰਮਕਤਾ ਵਿਚੋਂ ਸਿਰਫ ਅੰਧਕਾਰ ਹੀ ਲੋਕਾਂ ਦੇ ਹਿੱਸੇ ਆਉਂਦਾ।
ਧਰਮ ਦੇ ਨਾਂ ‘ਤੇ ਲੋਕਾਂ ਦੀ ਮਾਨਸਿਕ, ਸਰੀਰਕ ਅਤੇ ਆਰਥਕ ਲੁੱਟ ਕਰਨ ਵਾਲੇ ਤਾਂ ਧਾਰਮਕ ਲਿਬਾਸ ਵੀ ਲੀਰਾਂ ਕਰ ਦਿੰਦੇ। ਉਨ੍ਹਾਂ ਦੇ ਅੰਤਰੀਵ ਦਾ ਬੌਣਾਪਨ ਉਨ੍ਹਾਂ ਦੇ ਤਲਿੱਸਮੀ ਬਿੰਬ ਨੂੰ ਤਿੜਕਾ ਜਾਂਦਾ।
ਧਰਮ ਦੇ ਨਾਂ ‘ਤੇ ਹੋ ਰਹੀ ਸਮਾਜਕ ਵੰਡ ਅਤੇ ਆਪਣੇ ਧਰਮ ਨੂੰ ਦੂਸਰੇ ਧਰਮਾਂ ਤੋਂ ਸ਼੍ਰੇਸ਼ਟ ਅਤੇ ਨਿਵੇਕਲਾ ਦੱਸਣ ਦੀ ਬਿਰਤੀ ਹੀ ਖੂਨ-ਖਰਾਬੇ ਅਤੇ ਮਨੁੱਖੀ ਮਨ ਵਿਚਲੇ ਕੋਹਝ ਦਾ ਕਾਰਨ।
ਧਰਮ ਜਦ ਵਪਾਰ ਬਣਦਾ ਤਾਂ ਇਹ ਲਾਭ-ਹਾਨੀਆਂ ਵਿਚ ਉਲਝ ਜਾਂਦਾ। ਜਾਅਲਸਾਜ਼ੀਆਂ, ਗਲਤੀਆਂ ਅਤੇ ਓਹਲਿਆਂ ਦਾ ਨਾਮਕਰਣ ਹੁੰਦਾ। ਆਦਮੀ ਕੁਰੀਤੀਆਂ ਅਤੇ ਕਮੀਨਗੀਆਂ ਨੂੰ ਅਪਨਾ ਕੇ ਹੰਕਾਰ ਦੀ ਬਸਤੀ ਬਣ ਜਾਂਦਾ।
ਧਰਮ ਜਦ ਕਾਰਪੋਰੇਟ ਅਦਾਰਾ ਬਣ ਜਾਵੇ ਤਾਂ ਰਾਜਨੀਤਕ ਜੋੜ-ਤੋੜ ਕਰਦਾ, ਆਪਣੇ ਵਿੱਤੀ ਸਾਧਨਾਂ ਦੀ ਮਜਬੂਤੀ ਲਈ ਹਰ ਫਰੇਬ ਨੂੰ ਜਾਇਜ਼ ਠਹਿਰਾਉਂਦਾ। ਝੂਠ ਅਤੇ ਕਪਟ ਨਾਲ ਆਸਥਾ ਨੂੰ ਲੀਰਾਂ ਕਰ ਦਿੰਦਾ ਅਤੇ ਰੋਂਦੀ ਧਾਰਮਕਤਾ ਸਿਰਫ ਕੀਰਨੇ ਪਾਉਣ ਜੋਗੀ ਹੀ ਰਹਿ ਜਾਂਦੀ।
ਕਈ ਵਾਰ ਧਰਮ ਲੋਕ-ਸੋਚ ਨੂੰ ਇਕ ਖਾਸ ਬਿੰਦੂ ‘ਤੇ ਕੇਂਦਰਤ ਕਰਦਾ। ਮਾਨਸਿਕ ਵਿਸ਼ਾਲਤਾ, ਭਵਿੱਖਮੁਖੀ ਸੁਪਨੇ ਅਤੇ ਸਰਬਸਾਂਝੀ ਸੋਚ ਦੇ ਪਰ ਕੱਟਦਾ। ਮਨੁੱਖੀ ਅਕੀਦਿਆਂ ਦੀ ਸ਼ਿਕਨਗੀਰੀ ਧਰਮ ਨੂੰ ਜ਼ਰਜ਼ਰੀ ਕਰਦੀ।
ਸਭ ਤੋਂ ਵੱਡਾ ਧਰਮ ਹੈ, ਕਿਸੇ ਰੋਂਦੇ ਨੂੰ ਵਰਾਉਣਾ ਅਤੇ ਹੰਝੂਆਂ ਦੀ ਜੂਹੇ ਹਾਸੇ ਟਿਕਾਉਣਾ। ਕਿਸੇ ਲਾਚਾਰ ਨੂੰ ਸਹਾਰਾ ਦੇਣਾ ਅਤੇ ਨਿਆਸਰਿਆਂ ਦੀ ਢੋਈ ਬਣਨਾ। ਤਿੜਕੇ ਸ਼ਤੀਰਾਂ ਹੇਠ ਦਿਤੀਆਂ ਥੰਮੀਆਂ ਵਰਗੇ ਲੋਕ, ਧਰਮ ਦੀ ਸੁੱਚਮਤਾ।
ਧਰਮ ਨੂੰ ਪ੍ਰਚਾਰਿਆ ਨਹੀਂ ਸਗੋਂ ਜੀਵਿਆ ਜਾਂਦਾ। ਮੇਰੇ ਬਾਪ ਦਾ ਕਹਿਣਾ ਸੀ, “ਕਿਸੇ ਦੇ ਖੇਤ ਵਿਚੋਂ ਚੋਰੀ ਪੱਠੇ ਨਾ ਵੱਢੋ। ਇਹ ਹੀ ਸਭ ਤੋਂ ਵੱਡਾ ਧਰਮ ਅਤੇ ਸਤਿਸੰਗ ਹੈ।” ਜੀਵਨ ਦੇ ਹਰ ਪਲ ਵਿਚ ਧਰਮ ਨੂੰ ਅਛੋਪਲੇ ਜਿਹੇ ਰੂਪ ਵਿਚ ਜਿਉਣ ਵਾਲੇ ਹੀ ਅਸਲੀ ਕਰਮਯੋਗੀ ਹੁੰਦੇ।
ਧਰਮ, ਧਾਰਮਕਤਾ ਅਤੇ ਧਾਰਮਕ-ਰਹਿਬਰੀ ਦੀ ਸਾਂਝ ਤੇ ਸੁਥਰੇਪਨ ਵਿਚੋਂ ਹੀ ਪੈਦਾ ਹੁੰਦਾ। ਇਹ ਆਸਥਾ ਜੀਵਨ-ਜਾਚ ਬਣ ਕੇ ਮਨੁੱਖੀ ਸੋਚ-ਸਾਧਨਾ ਨੂੰ ਸੰਜੀਲਾ ਅਤੇ ਸੰਜੀਵ ਕਰਦੀ। ਅਜਿਹੇ ਧਰਮ ਅਤੇ ਧਾਰਮਕਤਾ ਨੂੰ ਸਲਾਮ। ਕਾਸ਼! ਅਜਿਹਾ ਧਰਮ ਮਨੁੱਖੀ ਮਨ ਦੀ ਆਸਥਾ ਨੂੰ ਰੁਸ਼ਨਾਵੇ ਅਤੇ ਕੀਰਤੀਆਂ ਨੂੰ ਜਿਉਣ ਦਾ ਵਲ ਸਿਖਾਵੇ।
ਪਰਦੇਸੀ ਧਰਤੀ ‘ਤੇ ਗੁਰਦੁਆਰੇ ਵਿਚ ਬੈਠਾ ਹਾਂ। ਇਹ ਨਵਾਂ ਗੁਰਦੁਆਰਾ ਕੁਝ ਹੀ ਦਿਨ ਪਹਿਲਾਂ ਖੁੱਲ੍ਹਿਆ ਹੈ। ਇਸ ਮੈਟਰੋ ਸਿਟੀ ਵਿਚ ਸਿੱਖਾਂ ਦੀ ਗਿਣਤੀ ਤਾਂ ਬਹੁਤੀ ਨਹੀਂ ਪਰ ਇਹ ਤੀਸਰਾ ਗੁਰਦੁਆਰਾ ਬਣ ਗਿਆ ਹੈ। ਇਸ ਸ਼ਹਿਰ ਵਿਚ ਬਣੇ ਤਿੰਨੇ ਹੀ ਗੁਰਦੁਆਰੇ ਪੁਰਾਣੇ ਚਰਚਾਂ ਵਿਚ ਹੀ ਬਣਾਏ ਗਏ ਹਨ, ਜੋ ਇਸ ਦੇ ਵਾਰਸਾਂ ਨੇ ਮਜਬੂਰੀ ਵੱਸ ਵੇਚ ਦਿੱਤੇ ਨੇ।
ਅਜਿਹੇ ਗੁਰਦੁਆਰਿਆਂ ਦੀ ਅੰਦਰੂਨੀ ਤੇ ਬਾਹਰੀ ਦਿੱਖ ਅਤੇ ਬਣਤਰ ਤੋਂ ਇਸ ਨੂੰ ਗੁਰਦੁਆਰਾ ਨਹੀਂ ਕਹਿ ਸਕਦੇ, ਜੋ ਸਾਡੇ ਅਵਚੇਤਨ ਵਿਚ ਬੈਠਾ ਹੈ। ਇਸ ਵਿਚ ਪਾਠ, ਕੀਰਤਨ ਕਰ ਰਹੇ ਪਾਠੀ, ਰਾਗੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ ਵੀ ਪਾਦਰੀ ਦੀ ਹਾਜ਼ਰੀ ਅਤੇ ਬਾਈਬਲ ਦੇ ਭੁਲੇਖੇ ਪੈਂਦੇ ਨੇ। ਸੋਚਦਾ ਹਾਂ ਕਿ ਇਸ ਥਾਂ ‘ਤੇ ਕਦੇ ਪਾਦਰੀ ਪ੍ਰਵਚਨ ਕਰਦਾ ਹੋਵੇਗਾ ਅਤੇ ਇਥੇ ਬਹਿ ਕੇ ਇਸਾਈ ਲੋਕ ਆਪਣੇ ਧਾਰਮਕ ਪ੍ਰਵਚਨਾਂ ਨਾਲ ਆਪਣੀਆਂ ਆਤਮਿਕ ਲੋੜਾਂ ਦੀ ਪੂਰਤੀ ਨਾਲ ਰੂਹ ਨੂੰ ਸਰਸ਼ਾਰ ਕਰਦੇ ਹੋਣਗੇ। ਉਨ੍ਹਾਂ ਦੇ ਮਨ ਵਿਚ ਹਰ ਐਤਵਾਰ ਨੂੰ ਇਸ ਚਰਚ ਵਿਚ ਆਉਣ ਦਾ ਚਾਅ ਹੁੰਦਾ ਹੋਵੇਗਾ। ਇਥੇ ਬੈਠ ਕੇ ਹੀ ਉਹ ਇਸਾਈ ਮੱਤ ਦੀ ਸਲਾਮਤੀ ਅਤੇ ਪ੍ਰਫੁਲਤਾ ਲਈ ਸਲਾਹਾਂ ਤੇ ਯਤਨ ਕਰਦੇ ਹੋਣਗੇ। ਇਸ ਜਗ੍ਹਾ ‘ਤੇ ਸਿਰਫ ਧਾਰਮਕ ਗ੍ਰੰਥ, ਪ੍ਰਚਾਰਕ ਅਤੇ ਸ਼ਰਧਾਲੂ ਹੀ ਬਦਲੇ ਹਨ। ਧਾਰਮਕ ਆਸਥਾ ਤਾਂ ਉਵੇਂ ਹੀ ਹੈ। ਇਸ ਆਸਥਾ ਕਾਰਨ ਹੀ ਮਾਨਵੀ ਬਿਰਤੀਆਂ ਅਤੇ ਸਰੋਕਾਰਾਂ ਨੂੰ ਅਧਿਆਤਮਕ ਰੰਗ ਵਿਚ ਰੰਗਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਕੀ ਬਿਲਡਿੰਗ ਦੀ ਅੰਦਰਲੀ ਦਿੱਖ ਨੂੰ ਬਦਲ ਕੇ ਹੀ ਗੁਰਦੁਆਰਾ ਬਣ ਗਿਆ ਏ? ਅਸੀਂ ਆਪਣੇ ਅੰਦਰਲੇ ਨੂੰ ਕਦੋਂ ਗੁਰਦੁਆਰਾ ਬਣਾਵਾਂਗੇ? ਕਦੇ ਇਸ ਦੀ ਚਾਰ-ਦੀਵਾਰੀ ਵਿਚ ਤਾਂ ਈਸਾਈ ਮੱਤ ਦੀਆਂ ਸਿਖਿਆਵਾਂ ਦੀ ਖੁਸ਼ਬੂ ਮਹਿਕਦੀ ਹੋਵੇਗੀ, ਜਿਥੇ ਹੁਣ ਕੀਰਤਨ ਦਾ ਰਸੀਲਾਪਣ ਚੌਗਿਰਦੇ ਨੂੰ ਅਨੰਦਿਤ ਕਰ ਰਿਹਾ ਹੈ।
ਮਨ ‘ਚ ਆਉਂਦਾ ਹੈ ਕਿ ਅਜਿਹੀ ਤਬਦੀਲੀ ਪਿੱਛੇ ਕੀ ਕਾਰਨ ਹਨ? ਚਰਚਾਂ ਨਾਲ ਅਜਿਹਾ ਕਿਉਂ ਵਾਪਰਿਆ? ਕੀ ਆਉਣ ਵਾਲੀ ਇਕ/ਅੱਧੀ ਸਦੀ ਤੱਕ ਗੁਰਦੁਆਰੇ ਫਿਰ ਚਰਚ ਬਣ ਜਾਣਗੇ? ਕਿਉਂ ਗੋਰਿਆਂ ਦੀ ਨੌਜਵਾਨ ਪੀਹੜੀ ਇਸਾਈ ਮੱਤ ਅਤੇ ਧਾਰਮਕ ਆਸਥਾ ਤੋਂ ਉਚਾਟ ਹੋਈ? ਕੀ ਅਜਿਹਾ ਵਰਤਾਰਾ ਸਿੱਖ ਬੱਚਿਆਂ ਵਿਚ ਤਾਂ ਨਹੀਂ ਪੈਦਾ ਹੋ ਰਿਹਾ? ਸੰਗਤ ਵਿਚ ਝਾਤੀ ਮਾਰਦਾ ਹਾਂ ਤਾਂ ਇਥੋਂ ਦੇ ਜੰਮਪਲ ਬੱਚੇ ਜਿਨ੍ਹਾਂ ਦੀ ਉਮਰ 13 ਤੋਂ 30 ਸਾਲ ਦੇ ਦਰਮਿਆਨ ਹੈ, ਸੰਗਤ ਵਿਚ ਬਹੁਤ ਘੱਟ ਨਜ਼ਰ ਆਉਂਦੇ ਹਨ। ਕੀ ਕਾਰਨ ਹੈ, ਇਸ ਉਮਰ ਦੇ ਸਿੱਖ ਬੱਚੇ ਗੁਰਦੁਆਰੇ ਆਉਣ ਤੋਂ ਟਾਲਾ ਵੱਟਦੇ ਨੇ? ਮਾਪੇ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਲਿਆ ਵੀ ਨਹੀਂ ਸਕਦੇ। ਇਹ ਬਾਰੇ ਸਮਾਜਕ ਚਿੰਤਕਾਂ ਨੂੰ ਸੋਚਣ ਦੀ ਲੋੜ ਹੈ ਕਿ ਨੌਜਵਾਨ ਬੱਚਿਆਂ ਦੀ ਧਾਰਮਕ ਆਸਥਾ ਵਿਚ ਕਮੀ ਕਿਉਂ ਆਈ ਹੈ ਅਤੇ ਇਸ ਨੂੰ ਧਰਮ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ? ਕੀ ਧਰਮ ਦਾ ਜੀਵਨ-ਜਾਚ ਤੋਂ ਦੂਰ ਜਾਣਾ ਹੀ ਨੌਜਵਾਨਾਂ ਦੇ ਬਾਗੀ ਵਤੀਰੇ ਦਾ ਕਾਰਨ ਹੈ? ਕੀ ਧਰਮ ਨੂੰ ਸਹੀ ਅਰਥਾਂ ਅਤੇ ਸੰਦਰਭ ਵਿਚ ਬੱਚਿਆਂ ਨੂੰ ਸਮਝਾ ਰਹੇ ਹਾਂ? ਕੀ ਬੱਚਿਆਂ ਨੂੰ ਆਸਥਾ ਨਾਲ ਜੋੜਨ ਲਈ ਕੁਝ ਵਿਸ਼ੇਸ਼ ਕਰ ਰਹੇ ਹਾਂ?
ਮਨ ‘ਚ ਆਉਂਦਾ ਹੈ ਕਿ ਕੀ ਧਰਮ, ਮਨੁੱਖ ਨੂੰ ਧਾਰਮਕ ਆਸਥਾਵਾਂ ਵਿਚ ਵੰਡ ਕੇ ਸਮਾਜ ਨੂੰ ਜੋੜ ਰਿਹਾ ਏ ਜਾਂ ਸਮਾਜ ਨੂੰ ਤੋੜ ਰਿਹਾ ਏ? ਕੀ ਧਾਰਮਕ ਵੰਡੀਆਂ ਨਾਲ ਅਧਿਆਤਮਕਤਾ ਨੂੰ ਚਿੰਰਜੀਵ ਰੱਖਿਆ ਜਾ ਸਕਦਾ ਹੈ? ਧਰਮ ਦਾ ਮਕਸਦ ਤਾਂ ਜੀਵਨ ਨੂੰ ਸੁੰਦਰ ਬਣਾਉਣਾ ਹੈ। ਇਸ ਦੀ ਸੁੰਦਰਤਾ ਵਿਚੋਂ ਹੀ ਸਮਾਜਕ ਸੁਹੱਪਣ ਨੂੰ ਵਧਾਇਆ ਅਤੇ ਸੰਵਾਰਿਆ ਜਾ ਸਕਦਾ ਹੈ।
ਧਰਮ, ਪਿਆਰ ਦਾ ਸਜੀਵ ਸਰੂਪ, ਪਰ ਅਸੀਂ ਇਸ ਨੂੰ ਨਫਰਤ ਦਾ ਪਾਤਰ ਬਣਾ ਕੇ ਧਾਰਮਕ ਕੱਟੜਤਾ ਨੂੰ ਜਨਮ ਦਿਤਾ ਏ। ਮਨੁੱਖ ਨੂੰ ਨਿੱਕੇ-ਨਿੱਕੇ ਦਾਇਰਿਆਂ ਵਿਚ ਵੰਡ ਦਿਤਾ। ਮਨੁੱਖੀ ਵੰਡੀਆਂ, ਮਨੁੱਖੀ ਸਰੋਕਾਰਾਂ ਨੂੰ ਸਮਝਣ ਤੋਂ ਆਕੀ। ਮਨੁੱਖੀ ਅੰਧਕਾਰ ਹੀ ਮਨੁੱਖੀ ਕਮੀਨਗੀਆਂ ਦਾ ਕਾਰਨ।
ਦੀਵਾਨ ਵਿਚ ਬੈਠਾ ਸੋਚਦਾ ਹਾਂ ਕਿ ਕੀ ਅਸੀਂ ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ ਕਰਦਿਆਂ ਵੀ ਇਕ ਧਾਰਮਕ ਅਸਥਾਨ ਵਿਚ ਨਹੀਂ ਵਿਚਰ ਸਕਦੇ? ਕੀ ਇਕ ਹੀ ਸਟੇਜ ਤੋਂ ਵੱਖੋ-ਵੱਖਰੀਆਂ ਧਾਰਮਕ ਆਸਥਾਵਾਂ ਨੂੰ ਨਹੀਂ ਪ੍ਰਚਾਰਿਆ ਜਾ ਸਕਦਾ? ਕੀ ਆਪਣੀ ਧਾਰਮਕ ਅਕੀਦਿਆਂ ਨਾਲ ਜਿਉਂਦਿਆਂ ਅਸੀਂ ਇਕੱਠੇ ਨਹੀਂ ਰਹਿ ਸਕਦੇ? ਇਕ ਹੀ ਅਸਥਾਨ ‘ਚ ਵਿਭਿੰਨ ਧਾਰਮਕ ਗੁਰੂਆਂ ਵਲੋਂ ਕੀਤੇ ਜਾ ਰਹੇ ਪ੍ਰਵਚਨਾਂ ਨੂੰ ਜੇ ਲੋਕ ਸੁਣਨਗੇ ਤਾਂ ਉਨ੍ਹਾਂ ਦੀ ਆਸਥਾ ਵਿਚ ਵੱਧ ਪਰਪੱਕਤਾ ਆਵੇਗੀ। ਧਾਰਮਕ ਸਹਿਣਸ਼ੀਲਤਾ ਅਤੇ ਤੁਲਨਾਤਮਕ ਅਧਿਐਨ ਵਿਚੋਂ ਮਨੁੱਖ ਦੀ ਸੰਜ਼ੀਦਗੀ ਨਿਖਰੇਗੀ। ਧਰਮ ਨੂੰ ਸਿਰਫ ਇਕ ਫਿਰਕੇ ਤੀਕ ਸੀਮਤ ਕਰਨ ਦੀ ਥਾਂ ਇਸ ਦੀ ਵਸੀਹ ਪਰਤਾਂ ਨਾਲ, ਮਨੁੱਖ ਨਵੀਨਤਮ ਧਰਾਤਲਾਂ ਨੂੰ ਸਮਝਣ ਅਤੇ ਸਮਝਾਉਣ ਦੇ ਬਿਹਤਰ ਸਮਰੱਥ ਹੋਵੇਗੀ।
ਧਰਮ ਜਦ ਸਾਡੀਆਂ ਸਰੀਰਕ, ਸਮਾਜਕ ਅਤੇ ਮਾਨਸਿਕ ਲੋੜਾਂ ਨੂੰ ਸੰਜਮ, ਸੁੱਚਤਾ, ਸਾਦਗੀ ਨਾਲ ਪੂਰਾ ਕਰਨ ਲਈ ਪ੍ਰੇਰਦਾ ਤਾਂ ਜਿਉਣ ਲਈ ਸਭ ਤੋਂ ਵੱਡਾ ਆਹਰ ਬਣਦਾ। ਧਾਰਮਕਤਾ, ਮਸਤਕ ਵਿਚ ਸੂਰਜੀ ਪ੍ਰਕਾਸ਼ ਫੈਲਾਉਂਦੀ।
ਧਰਮ, ਖੁਦ ਦਾ ਖੁਦ ਨੂੰ ਮਿਲਣਾ। ਮਨ ਦੀ ਦਿਆਲਤਾ ਦਾ ਜੀਵਨ-ਜਾਚ ਬਣਨਾ। ਇਸ ਲਈ ਕਿਸੇ ਮੰਦਿਰ, ਮਸਜਿਦ ਜਾਂ ਗੁਰਦੁਆਰੇ ਦੀ ਲੋੜ ਨਹੀਂ। ਮਨ-ਮੰਦਿਰ ਦੇ ਦਰਵਾਜੇ ਨੀਵੇਂ ਅਤੇ ਖੁੱਲ੍ਹੇ ਰੱਖੋ। ਇਸ ਦੀ ਅਕੀਦਤ ਨੂੰ ਇਬਾਦਤ ਬਣਾਓ, ਤੁਸੀਂ ਸਭ ਤੋਂ ਵੱਡੇ ਧਰਮੀ ਹੋਵੋਗੇ।
ਮਨੁੱਖ ਨੇ ਵੱਖ-ਵੱਖ ਧਰਮ ਬਣਾਏ, ਪਰ ਦੁਨੀਆਂ ਵਿਚ ਇੰਨੇ ਧਰਮ ਰਲ ਕੇ ਵੀ ਮਨੁੱਖ ਨੂੰ ਇਨਸਾਨ ਨਹੀਂ ਬਣਾ ਸਕੇ। ਜਾਂ ਤਾਂ ਧਰਮਾਂ ਵਿਚ ਕੋਈ ਕਮੀ ਹੈ ਜਾਂ ਮਨੁੱਖ ਧਰਮਾਂ ਦੀ ਬਹੁਤਾਤ ਵਿਚ ਹੀ ਉਲਝ ਗਿਆ ਏ? ਧਾਰਮਕ-ਅਰਾਜਕਤਾ ਵਿਚੋਂ ਹੀ ਨਵਾਂ ਧਰਮ ਪੈਦਾ ਹੁੰਦਾ, ਪਰ ਇਹ ਨਵਾਂ ਧਰਮ ਫਿਰ ਖੁਦ ਹੀ ਉਨ੍ਹਾਂ ਊਣਤਾਈਆਂ ਦਾ ਸ਼ਿਕਾਰ ਹੋ ਜਾਂਦਾ। ਅਜਿਹਾ ਹਰ ਧਰਮ ਵਿਚ ਹੀ ਵਾਪਰਦਾ ਏ।
ਧਰਮ ਆਸਥਾ ਹੈ ਜਦ ਕਿ ਸਾਇੰਸ ਤਰਕ ਹੈ। ਪਰ ਧਰਮ ਅਤੇ ਵਿਗਿਆਨ ਦੇ ਗੂੜ੍ਹੇ ਸਬੰਧ ਬਾਰੇ ਉਘੇ ਭੌਤਿਕ ਵਿਗਿਆਨੀ ਐਲਬਰਟ ਆਈਨਸਟਾਈਨ ਦਾ ਕਹਿਣਾ ਹੈ, “ਧਰਮ ਤੋਂ ਬਿਨਾ ਵਿਗਿਆਨ ਲੰਗੜਾ ਹੈ ਅਤੇ ਵਿਗਿਆਨ ਤੋਂ ਬਿਨਾ ਧਰਮ ਅੰਨਾ ਹੈ।”
ਹਰ ਧਰਮ ਤਾਂ ਪਿਆਰ ਕਰਨ ਦੀ ਮੱਤ ਦਿੰਦਾ ਹੈ, ਪਰ ਪਿਆਰ ਦਾ ਕੋਈ ਧਰਮ ਨਹੀਂ। ਪਿਆਰ ਲਈ ਜਾਤ, ਗੋਤ, ਨਸਲ, ਰੰਗ, ਧਰਮ, ਵਰਣ-ਵੰਡ ਜਾਂ ਹੱਦਾਂ-ਸਰਹੱਦਾਂ ਅਕਾਰਥ ਹਨ।
ਧਰਮ ਜਦ ਕਿਸੇ ਦੀ ਮਾਨਸਿਕ ਤੰਦਰੁਸਤੀ ਲਈ ਦੁਆ ਬਣਦਾ, ਸ਼ਖਸੀ-ਸੁਹੱਪਣ ਵਿਚ ਵਾਧੇ ਦਾ ਸਬੱਬ ਬਣਦਾ, ਸ਼ਖਸੀਅਤ-ਉਸਾਰੀ ਵਿਚ ਸੁਚੱਜਾ ਰੋਲ ਨਿਭਾਉਂਦਾ ਜਾਂ ਕਿਸੇ ਨੂੰ ਇਨਸਾਨੀਅਤ ਦੇ ਮਾਰਗ ਤੋਰਦਾ ਤਾਂ ਧਰਮ ਆਪਣਾ ਅਕੀਦਾ ਪ੍ਰਾਪਤ ਕਰਦਾ।
ਜਦ ਕਿਸੇ ਧਰਮ ਦੇ ਧਰਮੀ ਬੰਦਿਆਂ ਦਾ ਵਤੀਰਾ ਤੇ ਜੀਵਨ-ਸ਼ੈਲੀ, ਨਫਰਤ ਅਤੇ ਘ੍ਰਿਣਾ ਦਾ ਕਾਰਨ ਬਣ ਜਾਵੇ ਤਾਂ ਉਸ ਧਰਮ ਦੀ ਅਧੋਗਤੀ ਨੂੰ ਕੋਈ ਰੋਕ ਨਹੀਂ ਸਕਦਾ। ਅੱਜ ਕੱਲ ਲੋਕ ਧਰਮ ਨੂੰ ਇਸ ਕਰਕੇ ਹੀ ਨਫਰਤ ਕਰਦੇ ਨੇ, ਕਿਉਂਕਿ ਹਰ ਧਰਮ ਵਿਚ ਅਧਰਮੀਆਂ ਦੀ ਗਿਣਤੀ ਵੱਧ ਏ।
ਬੱਚਾ, ਪਾਕ-ਪਵਿੱਤਰ। ਸਭ ਤੋਂ ਵੱਡਾ ਧਰਮੀ। ਉਸ ਦਾ ਧਰਮ ਸਭ ਤੋਂ ਉਚਾ ਤੇ ਸੁੱਚਾ। ਜਿਵੇਂ ਹੀ ਉਹ ਵੱਡਾ ਹੋ ਕੇ ਦੁਨੀਆਂ ਵਿਚ ਵਿਚਰਦਾ, ਉਹ ਧਾਰਮਕ ਪਰਪਰਾ ਬਣ ਜਾਂਦਾ। ਉਹ ਬਾਹਰੀ ਰੂਪ ਵਿਚ ਤਾਂ ਧਰਮੀ ਬਣ ਜਾਵੇ ਪਰ ਦੁਨੀਆਂ ਦਾ ਕੋਹਝ, ਉਸ ਦਾ ਹਿੱਸਾ ਬਣ ਜਾਂਦਾ।
ਉਹ ਲੋਕ ਸਭ ਤੋਂ ਵੱਡੇ ਧਰਮੀ ਹੁੰਦੇ, ਜੋ ਕਿਸੇ ਦੀ ਆਤਮਾ ਨੂੰ ਕਿਸੇ ਵੀ ਕਿਸਮ ਦੀ ਪੀੜ ਨਹੀਂ ਦਿੰਦੇ ਕਿਉਂਕਿ ਆਤਮਕ ਦਰਦ, ਸਰੀਰਕ ਦਰਦ ਨਾਲੋਂ ਵੱਧ ਪੀੜਤ ਕਰਦਾ ਅਤੇ ਇਸ ਦੀ ਅਉਧ ਵੀ ਲੰਮੇਰੀ ਹੁੰਦੀ। ਕਈ ਵਾਰ ਤਾਂ ਇਹ ਸਾਰੀ ਉਮਰ ਹੀ ਚਸਕਦਾ ਰਹਿੰਦਾ।
ਕੀ ਭੁੱਖੇ ਦਾ ਕੋਈ ਧਰਮ ਹੁੰਦਾ? ਕੀ ਰੋਟੀ, ਪਾਣੀ, ਕਪੜੇ, ਧਰਤੀ, ਹਵਾ, ਸੂਰਜ, ਰੌਸ਼ਨੀ, ਤਪਸ਼ ਜਾਂ ਕੁਦਰਤ ਦਾ ਕੋਈ ਧਰਮ ਏ? ਕੀ ਅਸੀਂ ਕਦੇ ਪਿਆਸ ਕੋਲੋਂ ਉਸ ਦਾ ਧਰਮ ਪੁੱਛ ਕੇ, ਵਿਸ਼ੇਸ਼ ਧਰਮ ਦੇ ਪਾਣੀ ਨਾਲ ਉਸ ਦੀ ਪਿਆਸ ਮਿਟਾਈ ਏ? ਕੀ ਕੁਦਰਤ ਨੇ ਨਿਆਮਤਾਂ ਵੰਡਦਿਆਂ ਵੱਖ-ਵੱਖ ਧਰਮਾਂ ਦੀ ਨਿਸ਼ਾਨਦੇਹੀ ਕੀਤੀ ਏ? ਕੀ ਅੰਨ ਜਾਂ ਦੁਧ ਦੀ ਧਾਰਮਕ ਪਛਾਣ ਕੀਤੀ ਏ? ਜੇ ਕੁਦਰਤੀ ਦਾਤਾਂ ਦਾ ਕੋਈ ਧਰਮ ਨਹੀਂ ਤਾਂ ਮਨੁੱਖ ਕਿਉਂ ਧਾਰਮਕ ਟੁਕੜਿਆਂ ਵਿਚ ਵੰਡਿਆ, ਡੇਰਿਆਂ, ਫਿਰਕਿਆਂ ਤੇ ਜਾਤਾਂ ਵਿਚ ਉਲਝ ਕੇ ਖੁਦ ਦੀ ਅਰਥੀ ਬਣ ਰਿਹਾ ਏ?
ਧਰਮ ਦੀ ਲੋੜ ਨਹੀਂ ਸਗੋਂ ਧਰਮੀਆਂ ਦੀ ਲੋੜ ਹੈ, ਜੋ ਸ਼ੁਭ-ਦ੍ਰਿਸ਼ਟੀ, ਦਿਆਲਤਾ ਅਤੇ ਦਿਆਨਤਦਾਰੀ ਨਾਲ ਨਿਆਸਰਿਆਂ ਅਤੇ ਨਿਤਾਣਿਆਂ ਵਿਚ ਆਤਮ-ਵਿਸ਼ਵਾਸ ਤੇ ਸਿਰੜ-ਸਾਧਨਾ ਭਰਨ। ਧਰਮੀ ਲੋਕਾਂ ਲਈ ਲੋਕਾਈ ਦੀ ਪੀੜਾ, ਖੁਦ ਦਾ ਦਰਦ ਹੁੰਦੀ। ਉਹ ਇਸ ਪੀੜਾ ਨੂੰ ਹਰਨ ਲਈ ਜਿੰ.ਦਗੀ ਨੂੰ ਦਾਅ ‘ਤੇ ਲਾਉਂਦੇ ਅਤੇ ਮਨੁੱਖੀ ਇਤਿਹਾਸ ਵਿਚ ਮਾਣਮੱਤਾ ਬਣਾਉਂਦੇ।
ਧਰਮ ਨੂੰ ਧਰਮ ਹੀ ਰਹਿਣ ਦਿਤਾ ਜਾਵੇ ਤਾਂ ਸਹੀ। ਧਰਮ ਨੂੰ ਕੁ-ਧਰਮ ਬਣਾਉਣ ਵਾਲੇ ਕੁ-ਧਰਮੀ ਅਤੇ ਅਧਰਮ ਬਣਾਉਣ ਵਾਲੇ ਅ-ਧਰਮੀ। ਧਰਮ ਨੂੰ ਕਤਲ, ਕੁਰਲਾਹਟ ਅਤੇ ਕੀਰਨੇ ਬਣਾਉਣ ਵਾਲੇ ਮਨੁੱਖਤਾ ਦੇ ਸਭ ਤੋਂ ਵੱਡੇ ਦੁਸ਼ਮਣ। ਅਜਿਹੀ ਮਾਨਸਿਕਤਾ ਨੂੰ ਤਿਆਗਣਾ ਹੀ ਮਨੁੱਖ ਬਣਨ ਵੱਲ ਸਭ ਤੋਂ ਪਲੇਠਾ ਅਤੇ ਨਰੋਇਆ ਕਦਮ। ਅਜਿਹੇ ਕਦਮਾਂ ਦੀ ਅਜ਼ੀਮਤਾ ਨੂੰ ਸਲਾਮ।
ਮਨੁੱਖ ਲਈ ਸਭ ਤੋਂ ਬਿਹਤਰ ਹੈ ਕਿ ਉਹ ਅਜਿਹੀ ਧਰਮ ਆਸਥਾ ਦੀ ਜੋਤ ਬਣੇ, ਜੋ ਹੱਥੀਂ ਕਿਰਤ-ਕਮਾਈ, ਸਵੈ ਸੇਵਾ-ਸਾਧਨਾ, ਸਰਬ ਸਾਂਝ-ਮੁਹੱਬਤ, ਸਦੀਵੀ ਸਦਭਾਵਨਾ ਅਤੇ ਸੰਜੀਵ ਸਹਿਯੋਗ ਨੂੰ ਸੰਪੂਰਨ ਰੂਪ ਵਿਚ ਸਮਰਪਿਤ ਹੋਵੇ।
ਆਮੀਨ!