ਸਵਰਨ ਸਿੰਘ ਟਹਿਣਾ
ਫੋਨ: 91-98141-78883
ਕਈ ਦਿਨਾਂ ਤੋਂ ਉਸ ਕਲਾਕਾਰ ਦੀ ਭਾਲ ‘ਚ ਸਾਂ, ਜਿਸ ਦਾ ਕਦੇ ਕੋਈ ਗੀਤ ਨਹੀਂ ਸੀ ਸੁਣਿਆ, ਨਾ ਹੀ ਕੋਈ ਤਸਵੀਰ ਦੇਖੀ ਸੀ। ਪਰ ਸੱਤਰਾਂ-ਪਝੱਤਰਾਂ ਨੂੰ ਢੁੱਕੇ ਪੰਜ-ਸੱਤ ਬਜ਼ੁਰਗਾਂ ਤੋਂ ਜ਼ਰੂਰ ਸੁਣਿਆ ਸੀ, “ਮਿਲਖੀ ਰਾਮ ਮਿਲਖੀ ਦੇ ਬੜੇ ਗਾਣੇ ਵੱਜਦੇ ਸੀ ਰੇਡੀਓ ‘ਤੇæææਪੂਰੀ ਚੜ੍ਹਾਈ ਸੀ ਉਹਦੀ ਆਪਣੇ ਵੇਲ਼ੇ।” ਪਰ ਮੁਸ਼ਕਲ ਇਹ ਸੀ ਕਿ ਮਿਲਖੀ ਰਾਮ ਨੂੰ ਲੱਭਿਆ ਕਿਵੇਂ ਜਾਵੇæææਹੈ ਕਿੱਥੇ ਉਹ?
ਕਿਸੇ ਨਵੇਂ ਨੂੰ ਪੁੱਛਦਾ ਤਾਂ ਉਹ ਨਾਂ ਸੁਣਦਿਆਂ ਸਾਰ ‘ਕੀæææਕੌਣ’ ਆਖਣ ਲੱਗਦਾ, ਪੁਰਾਣੇ ਤੋਂ ਪੁੱਛਦਾ ਤਾਂ ਉਹ ‘ਪਤਾ ਨਹੀਂ’ ਕਹਿ ਪੱਲਾ ਝਾੜ ਲੈਂਦਾ। ਹੌਲੀ-ਹੌਲੀ ਪਤਾ ਲੱਗਾ ਕਿ ਮਿਲਖੀ ਰਾਮ ਜਲੰਧਰ ਦੇ ਨਜ਼ਾਤਮ ਨਗਰ ‘ਚ ਰਹਿੰਦੈ। ਲੱਭਦਿਆਂ ਲਭਾਉਂਦਿਆਂ ਨਜ਼ਾਤਮ ਨਗਰ ਪਹੁੰਚਿਆ। ਜਿਸ ਨੂੰ ਪੁੱਛਦਾ, “ਮਿਲਖੀ ਰਾਮ ਮਿਲਖੀ ਦਾ ਘਰ ਕਿਹੜਾ ਏ ਏਥੇ?” ਅੱਗੋਂ ਜਵਾਬ ਉਹੀ ਮਿਲਦਾ, “ਕੌਣ ਮਿਲਖੀ, ਇਥੇ ਤਾਂ ਇਸ ਨਾਂ ਦਾ ਕੋਈ ਨਹੀਂ ਰਹਿੰਦਾ।”
“ਉਹੀ ਜੀ, ਜਿਹੜੇ ਗਾਉਂਦੇ ਰਹੇ ਨੇæææਵਾਹਵਾ ਬਜ਼ੁਰਗ ਨੇ ਹੁਣæææ।” ਮੈਂ ਆਖਦਾ ਤਾਂ ਦੱਸਣ ਵਾਲਾ ਕਹਿੰਦਾ, “ਸਾਨੂੰ ਇਥੇ ਰਹਿੰਦਿਆਂ ਵੀਹ ਸਾਲ ਹੋ ਚੱਲੇ ਨੇæææਪੱਚੀ ਹੋ ਗਏ ਨੇæææਚਾਲੀ ਹੋ ਗਏæææ ਕੋਈ ਮਿਲਖੀ ਨਹੀਂ ਸੁਣਿਆ ਕਦੇ।”
ਢਹੇ ਜਿਹੇ ਮਨ ਨਾਲ ਇੱਕ ਛੋਟੇ ਜਿਹੇ ਘਰ ਦਾ ਬੂਹਾ ਖੜਕਾਇਆ ਤਾਂ ਤੇੜ ਧੋਤੀ ਵਾਲੇ ਬਜ਼ੁਰਗ ਨੇ ਕੁੰਡਾ ਖੋਲ੍ਹਿਆ। ਸਵਾਲ ਪੁੱਛਿਆ ਤਾਂ ਜਵਾਬ ਮਿਲਿਆ, “ਅੱਛਾ-ਅੱਛਾ, ਮਿਲਖੀ ਬਾਰੇ ਪੁੱਛਨੈਂæææ ਪਿਛਲੀ ਗਲੀ ‘ਚ ਅੱਗੇ ਜਾ ਕੇ ਆਸ਼ਰਮ ਏ, ਉਹਦੇ ਨਾਲ ਦਾ ਘਰ ਉਹਦਾ ਏ। ਬਾਹਰ ਮਿਲਖੀ ਦੇ ਨਾਂ ਦਾ ਬੋਰਡ ਲੱਗਾ ਹੋਇਐ।”
ਆਖਰ ਘਰ ਲੱਭ ਗਿਆ। ਬਾਹਰ ਨਿੱਕੀ ਜਹੀ ‘ਨਾਂ ਵਾਲੀ ਪਲੇਟ’ ‘ਤੇ ਕਾਲੇ ਅੱਖਰਾਂ ‘ਚ ਲਿਖਿਆ ਸੀ, ‘ਮਿਲਖੀ ਰਾਮ ਮਿਲਖੀ-ਰੇਡੀਓ ਆਰਟਿਸਟ।’ ਮਿਲਖੀ ਘਰ ਨਹੀਂ ਸੀ। ਉਹਦੇ ਮੁੰਡੇ ਨੇ ਦੱਸਿਆ, “ਪਾਪਾ ਮੰਦਰ ਗਏ ਨੇ, ਭਜਨ-ਪਾਠ ਬਹੁਤ ਕਰਦੇ ਨੇ। ਲੱਭ ਕੇ ਲਿਆਉਨਾ।”
ਤੇ ਥੋੜ੍ਹੀ ਦੇਰ ਬਾਅਦ ਛੋਟੇ ਜਿਹੇ ਕੱਦ, ਤਾਂਬੜ ਜਿਹੇ ਸਰੀਰ ਦਾ ਮਾਲਕ, ਛੋਟੀਆਂ-ਛੋਟੀਆਂ ਅੱਖਾਂ ਤੇ ਮੁਸਕਰਾਉਂਦੇ ਬੁੱਲ੍ਹਾਂ ਵਾਲਾ ਬਜ਼ੁਰਗ ਮੇਰੇ ਮੂਹਰੇ ਆਣ ਖੜ੍ਹਿਆ।
ਮੈਂ ਆਖਿਆ, “ਬਾਪੂ ਜੀ, ਮੁਲਾਕਾਤ ਕਰਨੀ ਸੀ ਥੋਡੇ ਨਾਲ ਅਖ਼ਬਾਰਾਂ ਲਈ, ਬਹੁਤ ਮੁਸ਼ਕਲ ਨਾਲ ਲੱਭਿਆ ਥੋਨੂੰ।”
“ਜੈ ਸ੍ਰੀ ਰਾਮ, ਜੈ ਭਗਵਾਨ” ਕਰਦਿਆਂ ਉਸ ਨੇ ਅੰਦਰ ਆਉਣ ਦਾ ਇਸ਼ਾਰਾ ਕੀਤਾ ਤੇ ਗੱਲਾਂਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
95 ਸਾਲ ਦੀ ਉਮਰੇ ਕੋਈ ਇੰਨਾ ਜ਼ਿੰਦਾਦਿਲ ਹੋ ਸਕਦੈ, ਜ਼ਿੰਦਗੀ ਏਦਾਂ ਵੀ ਮਾਣ ਸਕਦੈ, ਹੈਰਾਨੀ ਹੋ ਰਹੀ ਸੀ। ਆਪਣੀ ਤੰਦਰੁਸਤੀ ਦੇ ਰਾਜ਼, ਖੁਰਾਕ, ਗਾਉਣ, ਉਚਾਣ-ਨਿਵਾਣ, ਗ਼ਮੀ-ਖੁਸ਼ੀ ਤੇ ਪਰਿਵਾਰ ਨਾਲ ਸਬੰਧਤ ਕਿੰਨਾ ਹੀ ਕੁਝ ਉਸ ਨੇ ਦੱਸਿਆ। ਜਦੋਂ ਕਹਾਂ, “ਜਵਾਨੀ ਵੇਲ਼ੇ ਗਾਏ ਕਿਸੇ ਗੀਤ ਦਾ ਨਮੂਨਾ ਤਾਂ ਸੁਣਾ ਦਿਓ”, ਤਾਂ ਉਹ ਕੀਮਾ-ਮਲਕੀ ਜਾਂ ਪੂਰਨ ਭਗਤ ਦਾ ਕਿੱਸਾ ਸੁਣਾਉਣ ਲੱਗ ਜਾਂਦਾ, ਜਿਸ ਦੀ ਅੱਧੀ ਕੁ ਸਮਝ ਪੈ ਜਾਂਦੀ ਤੇ ਦਿਮਾਗ਼ ‘ਤੇ ਜ਼ੋਰ ਪਾਉਂਦਿਆਂ ਵੀ ਅੱਧਾ ਕੁ ਪੱਲੇ ਨਾ ਪੈਂਦਾ, ਕਿਉਂਕਿ ਵੱਡੀ ਉਮਰੇ ਉਚਾਰਨ ਪਹਿਲਾਂ ਵਰਗਾ ਨਹੀਂ ਰਹਿੰਦਾ।
ਮਲਕੀ ਭਰਦੀ ਪਈ ਸੀ ਖੂਹ ਤੋਂ ਪਾਣੀ,
ਕੀਮਾ ਕੋਲ ਜਾ ਕੇ ਬੇਨਤੀ ਗੁਜ਼ਾਰੇ।
ਓਏ ਉਡਦੇ-ਉਡਦੇ ਆ ਗਏ ਭੌਰ ਪ੍ਰਦੇਸੀ,
ਤੇਰੇ ਜੋਬਨ ਦੇ ਲੈਣ ਨੀਂ ਨਜ਼ਾਰੇ।
ਪੱਲਾ ਨਾ ਕਰ ਐਵੇਂ ਚੁੰਨੀ ਸਾੜ ਦੇਏਂਗੀ ਨੀਂ ਕੁੜੀਏ,
ਤੇਰੇ ਘੁੰਡ ਵਿਚ ਦੋ ਜਲਦੇ ਨੀਂ ਅੰਗਿਆਰੇ।
ਵੰਡ ਦਾ ਦ੍ਰਿਸ਼ ਮਿਲਖੀ ਰਾਮ ਦੀਆਂ ਅੱਖਾਂ ਅੱਗੇ ਅੱਜ ਵੀ ਘੁੰਮਦਾ ਏ। ਉਸ ਮੁਤਾਬਕ ਬੜਾ ਕੁਝ ਦੇਖਿਆ ਇਨ੍ਹਾਂ ਅੱਖਾਂ ਨਾਲ, ਪਰ ਕੀਤਾ ਵੀ ਕੀ ਜਾ ਸਕਦਾ ਸੀ। ਜਨਮ ਉਸ ਦਾ ਲਾਹੌਰ ਜ਼ਿਲ੍ਹੇ ਦੇ ਕਿਸੇ ਪਿੰਡ ਹੋਇਆ। ਉਥੇ ਹੀ ਰੇਡੀਓ ਲਈ ਆਡੀਸ਼ਨ ਦਿੱਤਾ। ਪਾਸ ਵੀ ਹੋ ਗਿਆ, ਪਰ ਅਗਲੇ ਸਾਲ ਵੰਡ ਹੋ ਗਈ। ਆਡੀਸ਼ਨ ਮੌਕੇ ਉਸ ਨੇ ‘ਹੀਰ’ ਪੇਸ਼ ਕੀਤੀ ਸੀ। ਜਦੋਂ ਵੰਡ ਮਗਰੋਂ ਏਧਰ ਆਏ ਤਾਂ ਸਭ ਤੋਂ ਪਹਿਲਾਂ ਜਲੰਧਰ ਦੀ ਬਸਤੀ ਸ਼ੇਖ ਵਿਚ ਰਹਿਣਾ ਸ਼ੁਰੂ ਕੀਤਾ। ਗਾਉਣ ਦੀ ਕੋਸ਼ਿਸ਼ ਜਾਰੀ ਰੱਖੀ ਤੇ ਰੇਡੀਓ ‘ਤੇ ਮੁੜ ਆਡੀਸ਼ਨ ਦਿੱਤਾ, ‘ਮਿਰਜ਼ਾ’ ਗਾਇਆ, ‘ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ, ਜੱਟ ਵੰਝਲ ਦਿੰਦਾ ਮੱਤ’ ਤੇ ‘ਪਾਸ’ ਦਾ ਸਰਟੀਫ਼ਿਕੇਟ ਮਿਲ ਗਿਆ। ਬਸ ਫੇਰ ਸ਼ੁਰੂ ਹੋ ਗਿਆ ਗਾਉਣ ਦਾ ਸਿਲਸਿਲਾ। ਲਗਾਤਾਰ ਰੇਡੀਓ ਤੋਂ ਕੰਮ ਮਿਲਦਾ ਗਿਆ ਤੇ ਚਰਚਾ ਹੋਣ ਮਗਰੋਂ ਬਾਹਰੋਂ ਪ੍ਰੋਗਰਾਮ ਨਿਕਲਣੇ ਸ਼ੁਰੂ ਹੋ ਗਏ। ਨਜ਼ਾਤਮ ਨਗਰ ‘ਚ ਪਲਾਟ ਲੈ ਗਿਆ ਤੇ ਪਰਿਵਾਰ ਸਮੇਤ ਇਥੇ ਰਹਿਣ ਲੱਗ ਪਿਆ।
ਮਿਲਖੀ ਰਾਮ ਮਿਲਖੀ ਦੀ ਘਰਵਾਲੀ ਕਮਲਾਵੰਤੀ ਦੀ ਮੌਤ ਵੰਡ ਤੋਂ ਕੁਝ ਸਾਲ ਬਾਅਦ ਹੋ ਗਈ। ਤਿੰਨ ਕੁੜੀਆਂ ਤੇ ਚਾਰ ਪੁੱਤ ਉਸ ਦੇ ਪਰਿਵਾਰ ਦਾ ਹਿੱਸਾ ਬਣੇ। ਇੱਕ ਪੁੱਤ ਗੁਰਦਰਸ਼ਨ ਲਾਲ, ਜਿਹੜਾ ਕਲਾਸੀਕਲ ਸੰਗੀਤ ਦਾ ਪ੍ਰੋਫ਼ੈਸਰ ਸੀ, ਚਲਾਣਾ ਕਰ ਗਿਆ। ਇਸ ਦਾ ਮਿਲਖੀ ਨੂੰ ਡੂੰਘਾ ਝਟਕਾ ਲੱਗਾ। ਮਿਲਖੀ ਹੁਣ ਪੋਤਿਆਂ-ਪੜਪੋਤਿਆਂ, ਦੋਹਤਿਆਂ ਵਾਲਾ ਏ।
ਉਮਰ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਪਰ ਜ਼ਿੰਦਗੀ ਦੀ ਇਸ ਸ਼ਾਮ ਤੋਂ ਬੇਖ਼ਬਰ ਮਿਲਖੀ ਦਾ ਦਿਨ ਆਮ ਵਾਂਗ ਚੜ੍ਹਦਾ ਏ ਤੇ ਆਮ ਵਾਂਗ ਛਿਪ ਜਾਂਦਾ ਏ। “ਬਸ ਮਾਅਰਾਜ ਜੋ ਕਰਦੈ, ਚੰਗਾ ਏæææਉਹਦੀ ਰਜ਼ਾ ‘ਚ ਰਹਿਣਾ ਹੀ ਚੰਗਾ ਏæææਮਾੜੇ ਕੰਮ ਦਾ ਨਤੀਜਾ ਮਾੜਾ ਨਿਕਲਦੈ” ਵਰਗੀਆਂ ਗੱਲਾਂ ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲਦੀਆਂ ਰਹਿੰਦੀਆਂ ਨੇ।
ਗਾ ਕੇ ਮਿਲਖੀ ਨੇ ਬਹੁਤ ਕੁਝ ਕਮਾਇਆ ਪਰ ਰਿਕਾਰਡਿੰਗ ਵੱਲ ਬਹੁਤਾ ਧਿਆਨ ਨਾ ਕੀਤਾ। ਉਹ ਮੌਜੀ ਬੰਦਾ ਸੀ, ਜਿਹੜਾ ਭੱਜ-ਦੌੜ ‘ਚ ਯਕੀਨ ਨਹੀਂ ਸੀ ਰੱਖਦਾ। ਉਸ ਮੁਤਾਬਕ, “ਬਹੁਤ ਕਲਾਕਾਰਾਂ ਨੇ ਕਿਹਾ ਸੀ ਕਿ ਤੁਸੀਂ ਵੀ ਆਪਣੀਆਂ ਰਿਕਾਰਡਿੰਗਾਂ ਕਰਾਓ, ਪਰ ਮੇਰਾ ਮਨ ਨਾ ਮੰਨਿਆ। ਸਿਰਫ਼ ਇਕੋ ਗੀਤ ਰਿਕਾਰਡ ਹੋਇਆ, ‘ਚੜ੍ਹਿਆ ਦਿਨ ਜਦ ਰਾਜੇ ਨੇ ਦਰਬਾਰ ਲਗਾਇਆ’ ਤੇ ਉਸ ਪਿਛੋਂ ਕਈ ਕੰਪਨੀਆਂ ਦੇ ਬੁਲਾਵੇ ਆਏ ਪਰ ਮੈਂ ਨਾਂਹ ਕਰ ਦਿੱਤੀ। ਨਰਿੰਦਰ ਬੀਬਾ ਨੇ ਵੀ ਬੜੀ ਵਾਰ ਕਿਹਾ, ‘ਮਿਲਖੀ ਜੀ, ਕੁਝ ਰਿਕਾਰਡ ਕਰਾ ਲਵੋ, ਪਛਾਣ ਬਣੀ ਰਹੇਗੀ, ਰਾਇਲਟੀ ਆਈ ਜਾਏਗੀ, ਪਰ ਮੇਰਾ ਧਿਆਨ ਇਨ੍ਹਾਂ ਗੱਲਾਂ ਵੱਲ ਨਹੀਂ ਸੀ। ਬਿਨਾਂ ਰਿਕਾਰਡਿੰਗ ਦੇ ਏਨਾ ਜ਼ਿਆਦਾ ਕੰਮ ਸੀ ਕਿ ਪੁੱਛੋ ਕੁਝ ਨਾ। ਪੰਜਾਬੋਂ ਬਾਹਰਲੇ ਸੂਬਿਆਂ ਵਿਚ ਵੀ ਮੇਰੇ ਸੁਣਨ ਵਾਲੇ ਸਨ। ਕਦੇ ਰਾਜਸਥਾਨ, ਕਦੇ ਹਿਮਾਚਲ, ਕਦੇ ਦਿੱਲੀ, ਕਦੇ ਹਰਿਆਣੇ, ਗਾਉਂਦਾ ਰਿਹਾ, ਕਮਾਉਂਦਾ ਰਿਹਾ, ਨਿਆਣੇ ਪਾਲਦਾ ਰਿਹਾ।”
ਮਿਲਖੀ ਰਾਮ ਦੀਆਂ ਗੱਲਾਂ ਦੱਸਦੀਆਂ ਨੇ ਕਿ ਕਲਾਕਾਰਾਂ ਦੀ ਇਕ ਜਮਾਤ ਇਹੋ ਜਹੀ ਸਾਦ-ਮੁਰਾਦੀ ਜ਼ਿੰਦਗੀ ਵਾਲੀ ਵੀ ਰਹੀ ਏ। ਘਟਨਾਵਾਂ, ਪ੍ਰਾਪਤੀਆਂ, ਸਨਮਾਨਾਂ ਦੇ ਬਹੁਤੇ ਵੇਰਵੇ ਜ਼ਿਆਦਾ ਉਮਰ ਕਰਕੇ ਉਸ ਨੂੰ ਯਾਦ ਨਹੀਂ, ਸੋ ਵਾਰ-ਵਾਰ ਉਨ੍ਹਾਂ ਪੰਜ-ਸੱਤ ਗੀਤਾਂ ਦੇ ਹੀ ਨਾਂ ਲੈਂਦੈ, ਜਿਹੜੇ ਰੇਡੀਓ-ਟੀæਵੀæ ਤੋਂ ਪੇਸ਼ ਹੁੰਦੇ ਰਹੇ ਨੇ। ਉਸ ਨੇ ਲੋਕ ਗਾਥਾਵਾਂ ਨਿੱਠ ਕੇ ਗਾਈਆਂ, ‘ਪੂਰਨ ਭਗਤ’, ‘ਕੀਮਾ ਮਲਕੀ’, ‘ਢੋਲ ਸੰਮੀ’, ‘ਰਾਜਾ ਹਰੀਸ਼ ਚੰਦਰ।’ ਦੇਸ਼ ਭਗਤੀ ਦੇ ਗੀਤਾਂ ਸਮੇਤ ਕਈ ਮਨਚਲੇ ਗੀਤਾਂ ਨੂੰ ਵੀ ਅਵਾਜ਼ ਦਿੱਤੀ।
“ਚੜ੍ਹਤ ਦੇ ਦਿਨਾਂ ਵਾਲੀ ਕੋਈ ਗੱਲ ਸੁਣਾ ਦਿਓ” ਕਹਿਣ ‘ਤੇ ਮਿਲਖੀ ਰਾਮ “ਬਸ ਗੁਰੂ ਦੀ ਕ੍ਰਿਪਾ ਏ। ਜ਼ਿੰਦਗੀ ‘ਚ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਬੜਾ ਕੁਝ ਕਮਾਇਆ, ਬੇਅੰਤ ਪਿਆਰ ਮਿਲਿਆ ਪਰ ਕਿਸੇ ਦਾ ਦਿਲ ਨਹੀਂ ਦੁਖਾਇਆ। ਸੱਭਿਅਤਾ ਤੋਂ ਗਿਰੀ ਗੱਲ ਨਹੀਂ ਕੀਤੀ। ਚੰਗਾ ਗਾਇਆ, ਨੇਕ ਕੰਮ ਕਰਨ ਦੀ ਕੋਸ਼ਿਸ਼ ਕੀਤੀ ਏ। ਚੰਦਰਕਾਂਤਾ ਸਮੇਤ ਕਈ ਹੋਰ ਕੁੜੀਆਂ ਨਾਲ ਵੀ ਗਾਇਆ। ਸਿਹਰੇ ਗਾ-ਗਾ ਨਿਆਣੇ ਪਾਲ ਲਏ। ਵਿਆਹਾਂ ਦੇ ਪ੍ਰੋਗਰਾਮ ਬੜੇ ਹੁੰਦੇ ਸਨ, ਬੱਲੇ-ਬੱਲੇ ਸੀ ਪੂਰੀ, ਖੂਬ ਬੁੱਲ੍ਹੇ ਲੁੱਟੇ ਨੇ ਜ਼ਿੰਦਗੀ ਦੇ। ਪਰ ਹੁਣ ਮੇਰਾ ਮਨ ਭਰ ਗਿਐ ਗਾਉਣ ਵੱਲੋਂ, ਬਹੁਤਾ ਤੁਰ-ਫਿਰ ਨਹੀਂ ਸਕਦਾ ਹੁਣ। ਜੇ ਕੋਈ ਬੁਲਾਵੇ ਵੀ ਤਾਂ ਜਵਾਬ ਦੇ ਦਈਦਾ ਹੈ। ਤੋਰਾ-ਫੇਰਾ ਨਹੀਂ ਹੁੰਦਾ। ਚੰਗੇ ਵਿਚਾਰ, ਚੰਗੇ ਕਰਮ ਮੇਰੀ ਕਮਾਈ ਨੇæææਜੋ ਮੇਰੇ ਨਾਲ ਜਾਣਗੇ।”
ਮਿਲਖੀ ਰਾਮ ਮਿਲਖੀ ਅਤੇ ਅਲਗੋਜ਼ਾ ਵਾਦਕ ਬੇਲੀ ਰਾਮ ਦੀ ਬੜੀ ਨੇੜਤਾ ਸੀ। ਬੇਲੀ ਰਾਮ ਨੇ ਅਲਗੋਜ਼ੇ ਵਜਾਉਣੇ ਤੇ ਮਿਲਖੀ ਨੇ ਗਾਉਣਾ। ਖੂਬ ਨਿਭੀ ਦੋਹਾਂ ਦੀ। ਪਰ ਜਦੋਂ ਬੇਲੀ ਰਾਮ ਚਲਾਣਾ ਕਰ ਗਿਆ ਤਾਂ ਮਿਲਖੀ ਰਾਮ ਨੂੰ ਡੂੰਘੀ ਸੱਟ ਵੱਜੀ ਤੇ ਸੋਚ ਲਿਆ ਕਿ ਹੁਣ ਪਹਿਲਾਂ ਵਾਂਗ ਨਹੀਂ ਗਾਉਣਾ। ਚੁੱਪ ਵੱਟ ਲਈ, ਪਰ ਬਹੁਤੇ ਨੇੜਲਿਆਂ ਦੇ ਬੁਲਾਵਿਆਂ ‘ਤੇ ਜਾਂਦਾ ਰਿਹਾ।
“ਤੁਹਾਡੀ ਔਲਾਦ ਨੂੰ ਅੱਗੋਂ ਗਾਉਣ ਦਾ ਸ਼ੌਕ ਏ ਜਾਂ ਨਹੀਂ?” ਦੇ ਜਵਾਬ ‘ਚ ਮਿਲਖੀ ਕਹਿੰਦੈ, “ਪੋਤਾ ਗਾਉਂਦੈ ਮੇਰਾ, ਜੀਹਦਾ ਬੋਰਡ ਬਾਹਰ ਲੱਗੈ, ਅੱਜ ਵੀ ਫ਼ੰਕਸ਼ਨ ‘ਤੇ ਗਿਐ। ਜਗਰਾਤੇ ਸੋਹਣੇ ਲਾ ਲੈਂਦੈ ਤੇ ਵਿਆਹਾਂ ਦੇ ਪ੍ਰੋਗਰਾਮ ਵੀ ਕਰਦੈ। ਚੰਗਾ ਕੰਮ ਏ ਉਹਦਾ, ਨਾਂ ਲੱਕੀ ਏ, ਵੈਸੇ ਵੀ ‘ਲੱਕੀ’ ਏ। ਪੁੱਤ ਕਲਾਸੀਕਲ ਦਾ ਬੜਾ ਮਾਹਿਰ ਸੀ, ਵਿਚਾਰਾ ਚੱਲਦਾ ਬਣਿਆ। ਬਹੁਤ ਕ੍ਰਿਪਾ ‘ਮਾਅਰਾਜ’ ਦੀ, ਸਾਰੇ ਆਪੋ-ਆਪਣੇ ਕੰਮਾਂ ‘ਚ ਲੱਗੇ ਨੇ, ਚੰਗੀ ਰੋਟੀ ਖਾਂਦੇ ਨੇ।”
“ਪਰ ਤੁਹਾਡੇ ਵਾਂਗ ਕਮਰਸ਼ੀਅਲ ਤੌਰ ‘ਤੇ ਵਿਚਰਨ ਵਾਲਾ ਜਾਂ ਨਾਂ ਕਮਾਉਣ ਵਾਲਾ ਤਾਂ ਨਹੀਂ ਕੋਈ।”
“ਨਹੀਂ, ਨਹੀਂ, ਏਦਾਂ ਦਾ ਕੋਈ ਨਹੀਂ, ਜੀਹਦਾ ਜਿਵੇਂ ਮਨ ਕਰਦੈ, ਕਰੀ ਜਾਂਦੈ। ਮੈਨੂੰ ਤਸੱਲੀ ਏ ਕਿ ਸਾਰੇ ਆਹਰ ਲੱਗੇ ਹੋਏ ਨੇ।”
ਮਿਲਖੀ ਨੂੰ ਸਰਕਾਰਾਂ ‘ਤੇ ਥੋੜ੍ਹਾ ਗਿਲਾ ਜ਼ਰੂਰ ਏ ਕਿ ਉਹ ਕਲਾ ਨੂੰ ਪ੍ਰਣਾਏ ਲੋਕਾਂ ਦੀ ਸਾਰ ਨਹੀਂ ਲੈਂਦੀਆਂ। ਉਸ ਮੁਤਾਬਕ ਇਕ-ਦੋ ਵਾਰ ਸਨਮਾਨ ਵੀ ਹੋਇਆ। ਦੋ-ਚਾਰ ਹਜ਼ਾਰ ਨਾਲ ਸਨਮਾਨਤ ਕੀਤਾ। ਪਰ ਏਨੇ ਨਾਲ ਕੀ ਬਣਦੈ, ਮਹਿੰਗਾਈ ਕਿੰਨੀ ਏ। ਕਲਾਕਾਰਾਂ ਲਈ ਕੁਝ ਤਾਂ ਜ਼ਰੂਰ ਸੋਚਣਾ ਚਾਹੀਦੈ।
ਇਹ ਪੁੱਛਣ ‘ਤੇ ਕਿ ਨਵੇਂ ਕਲਾਕਾਰਾਂ ਦੇ ਗੀਤਾਂ ਬਾਬਤ ਕੀ ਕਹੋਗੇæææਮਾੜੀ ਗਾਇਕੀ ਨੇ ਅੱਤ ਚੁੱਕੀ ਏ, ਉਹ ਚੁੱਪ ਰਹਿਣ ਨੂੰ ਆਖਦੈ, “ਚੁੱਪ ਕਰੋæææਚੁੱਪ ਕਰੋ, ਕਿਸੇ ਨੂੰ ਕੁੱਝ ਨਹੀਂ ਕਹਿਣਾ। ਅੱਜ-ਕੱਲ੍ਹ ਜ਼ਮਾਨਾ ਮਾੜੇ ਨੂੰ ਮਾੜਾ ਕਹਿਣ ਦਾ ਨਹੀਂ, ਵੈਰ ਪੈ ਜਾਂਦੈ। ‘ਗੁਰੂ’ ਸਭ ਦਾ ਭਲਾ ਕਰੇ, ਸਭ ਦੀ ਡਿਊਟੀ ਲੱਗੀ ਹੋਈ ਏ, ਕੀ ਲੈਣੈ ਕਿਸੇ ਵਿਚ ਨੁਕਸ ਕੱਢ ਕੇ।”
ਮਿਲਖੀ ਰਾਮ ਦੀਆਂ ਜਵਾਨੀ ਵੇਲ਼ੇ ਦੀਆਂ ਫੋਟੋਆਂ ਦੇਖ ਮੈਂ ਸੋਚਾਂ ਵਿਚ ਗੁਆਚ ਗਿਆ ਕਿ ਜੁੱਸੇ ਦਾ ਏਨਾ ਤਕੜਾ ਬੰਦਾ ਇਕ ਦਿਨ ਹੱਡੀਆਂ ਦੀ ਮੁੱਠ ਵੀ ਬਣ ਜਾਂਦੈ। ਸੱਚ ਏ ਕਿ ਉਮਰ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇੱਕ ਤਸਵੀਰ ਦੇਖ ਕੇ ਮੂੰਹੋਂ ਮੱਲੋਜ਼ੋਰੀ ‘ਵਾਹ’ ਨਿਕਲ ਗਿਆ। ਜਿਊਣੇ ਮੋੜ ਵਰਗਾ, ਰੋਅਬਦਾਰ ਮੁੱਛਾਂ ਵਾਲਾ ਮਿਲਖੀ ਜਵਾਨੀ ਵੇਲ਼ੇ ਹੁਣ ਨਾਲੋਂ ਬਿਲਕੁਲ ਵੱਖਰਾ ਸੀ। ਹੁਣ ਉਸ ਦੀਆਂ ਕਈ ਗੱਲਾਂ ‘ਚੋਂ ਡਰ ਝਲਕਦੈ ਤੇ ਜਵਾਨੀ ਵੇਲ਼ੇ ਉਸ ਦਾ ਤਕੜਾ ਸਰੀਰ ਕਈਆਂ ਨੂੰ ਡਰਾਉਂਦਾ ਰਿਹਾ ਹੋਏਗਾ।
Leave a Reply