ਲਹਿੰਦੇ ਪੰਜਾਬ ਵਿਚ ਗੁਰੂ ਨਾਨਕ ਸਾਹਿਬ ਦੇ ਅਸਥਾਨ

ਸਾਲ 2016 ਵਿਚ ਹਾਰੂਨ ਖਾਲਿਦ ਨੇ ਗੁਰੂ ਨਾਨਕ ਦੇਵ ਜੀ ਬਾਰੇ ਆਪਣੀ ਖੋਜ ਕਿਤਾਬ ‘ਵਾਕਿੰਗ ਵਿਦ ਨਾਨਕ’ ਲਿਖੀ ਸੀ। ਇਸ ਕਿਤਾਬ ਵਿਚ ਉਸ ਨੇ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਥਾਂਵਾਂ ਦੀ ਯਾਤਰਾ ਕੀਤੀ। ਇਨ੍ਹਾਂ ਸਾਰੀਆਂ ਥਾਂਵਾਂ ਉਤੇ ਉਹ ਆਪਣੇ ਉਸਤਾਦ ਇਕਬਾਲ ਕੈਸਰ ਨਾਲ ਗਿਆ। ਇਸ ਲੇਖ ਵਿਚ ਉਸ ਨੇ ਗੁਰੂ ਜੀ ਨਾਲ ਸਬੰਧਤ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ।

-ਸੰਪਾਦਕ

ਹਾਰੂਨ ਖਾਲਿਦ

ਬੀਤੇ ਬਾਰੇ ਸੋਚਦਾ ਹਾਂ ਤਾਂ ਇਹ ਅਜੀਬ ਤਰ੍ਹਾਂ ਦਾ ਇਤਫਾਕ ਜਾਪਦਾ ਹੈ ਕਿ ਮੈਂ ਆਪਣੇ ਉਸਤਾਦ ਇਕਬਾਲ ਕੈਸਰ ਨੂੰ ਕਿਵੇਂ ਮਿਲਿਆ। ਹਾਲਾਤ ਥੋੜ੍ਹੇ ਵੱਖਰੇ ਹੁੰਦੇ ਤਾਂ ਇਹ ਕਹਾਣੀ ਬਿਲਕੁਲ ਵੱਖਰੀ ਹੀ ਹੋ ਨਿਬੜਦੀ। ਮੈਂ ਕਾਲਜ ਦੀ ਪੜ੍ਹਾਈ ਦੇ ਆਖਰੀ ਸਾਲ ਵਿਚ ਸਾਂ ਅਤੇ ਦੇਸ਼ ਭਰ ਵਿਚ ਇਤਿਹਾਸ ਅਤੇ ਵਿਰਾਸਤ ਦੀਆਂ ਨਿਸ਼ਾਨੀਆਂ ਦੀ ਖੋਜ ਵੱਲ ਲਗਾਤਾਰ ਖਿੱਚਿਆ ਜਾ ਰਿਹਾ ਸਾਂ।
ਪਾਕਿਸਤਾਨ ਵਿਚ ਇਤਿਹਾਸ ਵਿਸ਼ੇ ਵਜੋਂ ਨਹੀਂ ਪੜ੍ਹਾਇਆ ਜਾਂਦਾ ਅਤੇ ਜੋ ਪੜ੍ਹਾਇਆ ਜਾਂਦਾ ਹੈ, ਉਹ ਇਸ ਦੀ ਥਾਂ ਵਿਚਾਰਧਾਰਕ ਸਿੱਖਿਆ ਹੈ, ਜੋ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਵਿਦਿਆਰਥੀ ਤੋਤੇ ਵਾਂਗ ਸਰਕਾਰ ਦੀ ਘੜੀ ਕਹਾਣੀ ਰਟਦੇ ਜਾਣ। ਇਸ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਵਿਚ ਪਾੜ੍ਹਿਆਂ ਦੀਆਂ ਅਜਿਹੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਹਨ, ਜਿਨ੍ਹਾਂ ਨੂੰ ਗੈਰ-ਮੁਸਲਿਮ ਇਤਿਹਾਸ ਜਾਂ ਇਤਿਹਾਸ ਦੇ ਗੈਰ-ਮੁਸਲਿਮ ਬਿਆਨ ਦਾ ਕੋਈ ਇਲਮ ਨਹੀਂ, ਪਰ ਸਮੱਸਿਆ ਸਿਰਫ ਇਹੋ ਨਹੀਂ। ਇਥੋਂ ਤਕ ਕਿ ਪੜ੍ਹਾਏ ਜਾਂਦੇ ਵਿਸ਼ੇ ਨੂੰ ਵਿਦਿਆਰਥੀਆਂ ਦੀਆਂ ਭੂਗੋਲਿਕ ਹਕੀਕਤਾਂ ਦੇ ਇਤਿਹਾਸ, ਉਨ੍ਹਾਂ ਦੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਨਾਲੋਂ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ। ਤਵਾਰੀਖ ਨੂੰ ਵਡੇਰੇ ਪੱਧਰ ਤੋਂ ਪੜ੍ਹਾਇਆ ਜਾਂਦਾ ਹੈ, ਹਾਕਮਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਕਾਰਨਾਮਿਆਂ ਬਾਰੇ ਦੱਸਿਆ ਜਾਂਦਾ ਹੈ ਪਰ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕਿ ਮੁਕਾਮੀ (ਸਥਾਨਕ) ਲੋਕਾਂ ਦਾ ਇਨ੍ਹਾਂ ਸਿਆਸੀ ਹਕੀਕਤਾਂ ਪ੍ਰਤੀ ਜਵਾਬੀ ਅਮਲ ਜਾਂ ਪ੍ਰਤੀਕਰਮ ਕਿਹੋ ਜਿਹਾ ਸੀ।
ਇਸ ਕਾਰਨ ਜਿਉਂ-ਜਿਉਂ ਮੇਰੀ ਰਸਮੀ ਤਾਲੀਮ ਦੇ ਖਾਤਮੇ ਦੇ ਦਿਨ ਨੇੜੇ ਆ ਰਹੇ ਸਨ, ਮੈਂ ਇਤਿਹਾਸ ਪ੍ਰਤੀ ਆਪਣੀ ਸਮਝ ‘ਚ ਖਾਲੀਪਣ ਮਹਿਸੂਸ ਕਰ ਰਿਹਾ ਸਾਂ। ਨਾਲ ਹੀ ਇਸ ਸਮੇਂ ਦੌਰਾਨ ਮੈਂ ਗਾਂਧੀ, ਅਬਦੁਲ ਗੱਫਾਰ ਖਾਨ, ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਨੈਲਸਨ ਮੰਡੇਲਾ ਨੂੰ ਪੜ੍ਹ ਕੇ ਅਹਿੰਸਾ ਦੀ ਸਿਆਸਤ ਵੱਲ ਖਿੱਚਿਆ ਜਾ ਰਿਹਾ ਸਾਂ।
ਜਿਸ ਦਿਨ ਇਕਬਾਲ ਕੈਸਰ ਨੂੰ ਮੇਰੇ ਕਾਲਜ ਵਿਚ ਤਕਰੀਰ ਲਈ ਸੱਦਿਆ ਗਿਆ, ਮੈਂ ਗੁਰੂ ਨਾਨਕ ਦੇਵ ਦੀ ਜੀਵਨੀ ਪੜ੍ਹ ਰਿਹਾ ਸਾਂ। ਹਾਲਾਂਕਿ ਇਸ ਵਿਚ ਅਧਿਆਤਮਕ ਪੱਖ ਵੀ ਮੌਜੂਦ ਸੀ, ਪਰ ਮੁੱਖ ਤੌਰ ‘ਤੇ ਮੈਂ ਉਨ੍ਹਾਂ ਦੇ ਅਹਿੰਸਕ ਸਿਆਸੀ ਸੰਘਰਸ਼ ਤੋਂ ਪ੍ਰਭਾਵਿਤ ਸਾਂ। ਮੈਂ ਮੁਗਲ ਬਾਦਸ਼ਾਹ ਬਾਬਰ ਨਾਲ ਐਮਨਾਬਾਦ ਵਿਖੇ ਉਨ੍ਹਾਂ ਦੇ ਹੋਏ ਸਾਹਮਣੇ ਅਤੇ ਗੱਲਬਾਤ ਨੂੰ ਅਹਿੰਸਾ ਦੀ ਸਿਆਸਤ ਦੇ ਢਾਂਚੇ ਵਿਚੋਂ ਸਮਝ ਰਿਹਾ ਸਾਂ। ਕੀ ਬਾਬੇ ਨਾਨਕ ਨੂੰ ਵੀ ਅਹਿੰਸਾ ਦੀ ਸਿਆਸਤ ਦੇ ਪੈਰੋਕਾਰ ਵਜੋਂ ਦੇਖਿਆ ਜਾ ਸਕਦਾ ਹੈ? ਜੇ ਹਾਂ, ਤਾਂ ਕੋਈ ਦੂਜੇ ਗੁਰੂਆਂ ਖਾਸ ਕਰ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਗ ਵਿਚ ਉਨ੍ਹਾਂ ਦੇ ਸੁਨੇਹੇ ਨੂੰ ਕਿਵੇਂ ਦੇਖੇਗਾ, ਕਿਉਂਕਿ ਇਨ੍ਹਾਂ ਦੋ ਗੁਰੂ ਸਾਹਿਬਾਨ ਨੇ ਦਮਨਕਾਰੀ ਤਾਕਤਾਂ ਖਿਲਾਫ ਰੱਖਿਆ ਲਈ ਹਿੰਸਾ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਵਾਜਬ ਮੰਨਿਆ।
ਇਹ ਸਵਾਲ ਪੱਲੇ ਬੰਨੀਂ ਮੈਂ ਇਕਬਾਲ ਕੈਸਰ ਤੱਕ ਪਹੁੰਚਿਆ, ਜੋ ਪੰਜਾਬੀ ਸ਼ਾਇਰ ਅਤੇ ਕਈ ਕਿਤਾਬਾਂ ਦਾ ਲੇਖਕ ਹੈ। ਉਨ੍ਹਾਂ ਦੀਆਂ ਕਿਤਾਬਾਂ ਵਿਚ ‘ਹਿਸਟੌਰੀਕਲ ਸਿੱਖ ਸ਼ਰਾਈਨਜ਼ ਇਨ ਪਾਕਿਸਤਾਨ’ (ਪਾਕਿਸਤਾਨ ਵਿਚ ਇਤਿਹਾਸਕ ਗੁਰਦੁਆਰੇ) ਅਤੇ ਹਾਲ ਹੀ ਵਿਚ ਲਿਖੀ ‘ਉਜੜੇ ਦਰਾਂ ਦੇ ਦਰਸ਼ਨ’ ਸ਼ਾਮਲ ਹਨ। ਇਹ ਹਾਲੀਆ ਕਿਤਾਬ ਉਨ੍ਹਾਂ ਦੀਆਂ ਦੇਸ਼ ਭਰ ਵਿਚਲੇ ਜੈਨ ਮੰਦਿਰਾਂ ਦੀਆਂ ਫੇਰੀਆਂ ‘ਤੇ ਆਧਾਰਤ ਹੈ। ਉਨ੍ਹਾਂ ਨੂੰ ਮਿਲਣ ‘ਤੇ ਮੈਨੂੰ ਅਜਿਹਾ ਇਤਿਹਾਸਕਾਰ ਮਿਲ ਗਿਆ ਸੀ, ਜੋ ਨਾ ਸਿਰਫ ਗੁਰੂ ਨਾਨਕ ਬਾਰੇ ਮੇਰੇ ਸਵਾਲਾਂ ਦੇ ਜਵਾਬ ਦੇ ਸਕਦਾ ਸੀ, ਸਗੋਂ ਦੇਸ਼ ਭਰ ਵਿਚ ਗੁਰਦੁਆਰਿਆਂ, ਮੰਦਿਰਾਂ ਅਤੇ ਹੋਰ ਪੁਰਾਣੇ ਢਾਂਚਿਆਂ ਦੇ ਰੂਪ ਵਿਚ ਮੌਜੂਦ ਇਤਿਹਾਸ ਦੀਆਂ ਨਿਸ਼ਾਨੀਆਂ ਦਾ ਪਤਾ ਲਾਉਣ ਵਿਚ ਮੇਰੀ ਮਦਦ ਕਰ ਸਕਦਾ ਸੀ।
ਇਸ ਪਿਛੋਂ ਅਸੀਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਕੀਤਾ, ਘੰਟਿਆਂ ਬੱਧੀ ਇਕੱਠੇ ਰਹੇ; ਇਤਿਹਾਸ, ਸਿਆਸਤ, ਮਜਹਬ ਅਤੇ ਸਭਿਆਚਾਰ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਇਹ ਮੇਰੀ ਗੈਰ-ਰਸਮੀ ਤਾਲੀਮ ਦੀ ਸ਼ੁਰੂਆਤ ਸੀ, ਜੋ ਮੇਰੇ ਸਿੱਖਣ ਦਾ ਸਭ ਤੋਂ ਉਸਾਰੂ ਦੌਰ ਸੀ। ਇਕਬਾਲ ਕੈਸਰ ਦੇ ਰੂਪ ਵਿਚ ਮੈਨੂੰ ਆਪਣਾ ਉਸਤਾਦ, ਆਪਣਾ ਮੁਰਸ਼ਦ, ਆਪਣਾ ਗੁਰੂ ਮਿਲ ਗਿਆ ਸੀ। ਅਜਿਹੀ ਇਕ ਫੇਰੀ ਦੌਰਾਨ ਮੈਂ ਨਨਕਾਣਾ ਸਾਹਿਬ ਪੁੱਜਾ, ਜੋ ਗੁਰੂ ਨਾਨਕ ਦਾ ਘਰ ਹੈ ਤੇ ਮੈਂ ਪਹੁੰਚਿਆ ਵੀ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਵਾਲੇ ਦਿਨ। ਇਹ ਮੇਰੇ ਸ਼ਹਿਰ ਲਾਹੌਰ ਤੋਂ ਮਹਿਜ ਇਕ ਘੰਟੇ ਦੇ ਸਫਰ ਦੇ ਫਾਸਲੇ ‘ਤੇ ਹੈ, ਪਰ ਇਥੇ ਦੁਨੀਆਂ ਹੀ ਵੱਖਰੀ ਸੀ। ਚਾਰੇ ਪਾਸੇ ਹਜ਼ਾਰਾਂ ਸਿੱਖ ਸ਼ਰਧਾਲੂ ਦਿਖਾਈ ਦੇ ਰਹੇ ਸਨ। ਸਾਰੇ ਸ਼ਹਿਰ ਨੂੰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਰੁਸ਼ਨਾਇਆ ਗਿਆ ਸੀ। ਕਿਸੇ ਗੁਰਦੁਆਰੇ ਜਾਣਾ ਤਾਂ ਦੂਰ, ਮੈਂ ਹੁਣ ਤੱਕ ਕੋਈ ਗੁਰਦੁਆਰਾ ਦੇਖਿਆ ਤੱਕ ਨਹੀਂ ਸੀ (ਸਿਰਫ ਗੁਰਦੁਆਰਾ ਡੇਰਾ ਸਾਹਿਬ ਨੂੰ ਛੱਡ ਕੇ, ਜੋ ਲਾਹੌਰ ਕਿਲ੍ਹੇ ਦੇ ਸਾਹਮਣੇ ਹੈ, ਜਿਥੇ ਕਿਸੇ ਮੁਸਲਮਾਨ ਨੂੰ ਜਾਣ ਦੀ ਇਜਾਜ਼ਤ ਨਹੀਂ)। ਦੂਜੇ ਪਾਸੇ ਇਥੇ ਤਾਂ ਸਾਰਾ ਸ਼ਹਿਰ ਹੀ ਗੁਰਦੁਆਰਿਆਂ ਦਾ ਸੀ। ਇਥੇ ਗੁਰੂ ਨਾਨਕ ਦੀ ਅਧਿਆਤਮਕ ਜ਼ਿੰਦਗੀ ਦੇ ਹਰ ਅਹਿਮ ਪਲ ਨੂੰ ਢਾਂਚੇ ਵਿਚ ਸਾਂਭਿਆ ਹੋਇਆ ਹੈ। ਗੁਰਦੁਆਰਾ ਜਨਮ ਅਸਥਾਨ ਸਾਹਿਬ ਸ਼ਹਿਰ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ। ਮੈਂ ਬੀਬੀ ਨਾਨਕੀ ਵਲੋਂ ਪਿੰਡ ਦੇ ਖੂਹ ਤੋਂ ਪਾਣੀ ਲਿਆਉਣ ਦੀ ਕਲਪਨਾ ਕਰ ਸਕਦਾ ਸਾਂ, ਜਿਸ ਨੂੰ ਸਾਂਭਿਆ ਗਿਆ ਹੈ। ਨਨਕਾਣਾ ਸਾਹਿਬ ਦੇ ਲਾਗੇ ਹੀ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਹੈ।
ਮੈਂ ਉਥੇ ਬੱਚਿਆਂ ਦੀ ਕਲਪਨਾ ਕੀਤੀ, ਜਿਥੇ ਬਾਲ ਗੁਰੂ ਹੋਰ ਬੱਚਿਆਂ ਨਾਲ ਖੇਡਦੇ ਰਹੇ ਹੋਣਗੇ। ਗੁਰਦੁਆਰਾ ਬਾਲ ਲੀਲ੍ਹਾ ਤੋਂ ਅੱਗੇ ਗੁਰਦੁਆਰਾ ਪੱਟੀ ਸਾਹਿਬ ਹੈ, ਜਿਥੇ ਗੁਰੂ ਨਾਨਕ ਨੇ ਪਹਿਲੀ ਵਾਰ ਲਿਖਣਾ ਸਿੱਖਿਆ। ਇਥੋਂ ਹੀ ਸ਼ਾਇਰ ਦਾ ਜਨਮ ਹੋਇਆ, ਅਜਿਹਾ ਸ਼ਾਇਰ ਜਿਸ ਨੇ ਆਉਣ ਵਾਲੇ ਸਾਲਾਂ ਦੌਰਾਨ ਆਪਣੇ ਸ਼ਬਦਾਂ ਦੇ ਜਾਦੂ ਨਾਲ ਸਾਰੀ ਦੁਨੀਆਂ ਨੂੰ ਕੀਲਣਾ ਸੀ। ਉਥੇ ਜਿਥੇ ਥੋੜ੍ਹੇ ਜਿਹੇ ਸਿੱਖ ਸ਼ਰਧਾਲੂ ਆਪਣੀਆਂ ਧਾਰਮਕ ਰਸਮਾਂ ਨਿਭਾ ਰਹੇ ਸਨ, ਮੈਂ ਚਿਤਵਿਆ, ਜਿਵੇਂ ਬਾਲ ਗੁਰੂ ਨਾਨਕ ਆਪਣੀ ਫੱਟੀ ਉਤੇ ਕਲਮ-ਸਿਆਹੀ ਨਾਲ ਲਿਖ ਰਹੇ ਹੋਣ।
ਇਥੋਂ ਨੇੜੇ ਹੀ ਗੁਰਦੁਆਰਾ ਤੰਬੂ ਸਾਹਿਬ ਹੈ। ਇਹ ਉਸ ਇਤਿਹਾਸਕ ਜੰਗਲ ਵਾਲੀ ਥਾਂ ਹੈ, ਜਿਥੇ ਨੌਜਵਾਨ ਗੁਰੂ ਨਾਨਕ ਆਪਣੇ ਸੱਚੇ ਸੌਦੇ ਤੋਂ ਬਾਅਦ ਪਿਤਾ ਦੇ ਗੁੱਸੇ ਤੋਂ ਬਚਣ ਲਈ ਲੁਕ ਗਏ ਸਨ। ਗੁਰਦੁਆਰਾ ਸਾਹਿਬ ਵਿਚ ਸਾਂਭੇ ਗਏ ਰੁੱਖਾਂ ਦੇ ਛਤਰੀਨੁਮਾ ਢਾਂਚੇ ਹੇਠੋਂ ਲੰਘਦਿਆਂ ਮੈਂ ਉਹ ਦ੍ਰਿਸ਼ ਚਿਤਵ ਸਕਦਾ ਸਾਂ, ਜਦੋਂ ਕੋਈ ਨੌਜਵਾਨ ਲੜਕਾ ਉਨ੍ਹਾਂ ਦੇ ਹੇਠਾਂ ਲੁਕਿਆ ਬੈਠਾ ਸੀ ਅਤੇ ਠੰਢੀ ਸ਼ਾਮ ਪਸਰ ਰਹੀ ਸੀ।
ਮੈਂ ਪਹਿਲੀ ਵਾਰ ਲੰਗਰ ਇਸੇ ਗੁਰਦੁਆਰੇ ਵਿਚ ਛਕਿਆ। ਲੰਗਰ ਅਤੇ ਪੰਗਤ ਦੀ ਇਸ ਰੀਤ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਹੀ ਕੀਤੀ ਸੀ। ਉਥੇ ਹੋਰ ਹਜ਼ਾਰਾਂ ਲੋਕਾਂ, ਜਿਨ੍ਹਾਂ ਵਿਚ ਸਿੱਖ ਤੇ ਹਿੰਦੂ ਵੀ ਸ਼ਾਮਲ ਸਨ, ਦਰਮਿਆਨ ਮੈਂ ਪਾਕਿਸਤਾਨੀ ਮੁਸਲਮਾਨ ਵਜੋਂ ਬੈਠਾ ਗਰਮਾ-ਗਰਮ ਭੋਜਨ ਛਕ ਰਿਹਾ ਸਾਂ। ਲੰਗਰ ਦੀ ਹਰ ਗਰਾਹੀ ਨਾਲ ਸਾਰੇ ਭਿੰਨ-ਭੇਦ, ਦਹਾਕਿਆਂ ਦਾ ਵੈਰ-ਵਿਰੋਧ ਅਤੇ ਵੰਡ ਦੇ ਪਾਪ ਪਿਘਲ ਕੇ ਵਹਿ ਗਏ। ਇਸ ਮੌਕੇ ਉਥੇ ਨਾ ਕੋਈ ਹਿੰਦੂ ਸੀ, ਨਾ ਮੁਸਲਮਾਨ, ਜਿਵੇਂ ਗੁਰੂ ਨਾਨਕ ਨੇ ਉਚਾਰਿਆ ਸੀ।
ਇਤਿਹਾਸ ਨਾਲ ਇਹ ਮੇਰਾ ਸਭ ਤੋਂ ਨੇੜਲਾ ਸੰਪਰਕ ਸੀ, ਇਕ ਤਰ੍ਹਾਂ ਦੀ ਜ਼ਿਆਰਤ, ਜਿਸ ਨੇ ਨਾ ਸਿਰਫ ਗੁਰੂ ਨਾਨਕ ਦਾ ਸੁਨੇਹਾ ਤੇ ਉਨ੍ਹਾਂ ਦੀ ਸੋਚ ਹੀ ਮੇਰੇ ਧੁਰ ਅੰਦਰ ਤੱਕ ਉਤਾਰ ਦਿੱਤੀ ਸਗੋਂ ਮੇਰੇ ਆਪਣੇ ਸਭਿਆਚਾਰ ਤੇ ਇਤਿਹਾਸ ਨੂੰ ਵੀ ਮੇਰੇ ਅੰਦਰ ਵਹਿਣ ਲਾ ਦਿੱਤਾ। ਮੈਂ ਇਸ ਗੱਲ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿੱਤਾ ਕਿ ਹਿੰਦੂ, ਮੁਸਲਮਾਨ ਤੇ ਸਿੱਖ ਇਤਿਹਾਸ ਵਿਚਲੀਆਂ ਕੰਧਾਂ, ਜੋ ਸਾਮਰਾਜੀ ਨਿਜ਼ਾਮ ਨੇ ਆਪਣੇ ਸਿਆਸੀ ਹਿਤਾਂ ਲਈ ਉਸਾਰੀਆਂ ਸਨ, ਓਨੀਆਂ ਹੀ ਬਨਾਉਟੀ ਸਨ, ਜਿੰਨੇ ਵੱਖੋ-ਵੱਖ ਪਛਾਣਾਂ ਵਿਚਲੇ ਉਹ ਵਖਰੇਵੇਂ, ਜਿਨ੍ਹਾਂ ਖਿਲਾਫ ਗੁਰੂ ਨਾਨਕ ਜ਼ੋਰਦਾਰ ਆਵਾਜ਼ ਉਠਾਉਂਦੇ ਰਹੇ। ਮੈਂ ਮਹਿਸੂਸ ਕੀਤਾ ਕਿ ਗੁਰੂ ਨਾਨਕ ਮਹਿਜ ਸਿੱਖ ਵਿਰਾਸਤ ਦਾ ਹੀ ਹਿੱਸਾ ਨਹੀਂ ਸਨ, ਸਗੋਂ ਮੇਰੀ ਤਵਾਰੀਖ ਤੇ ਤਹਿਜ਼ੀਬ ਦਾ ਵੀ ਅੰਗ ਸਨ।
ਜਿਨ੍ਹਾਂ-ਜਿਨ੍ਹਾਂ ਗੁਰਦੁਆਰਿਆਂ ਵਿਚ ਮੈਂ ਗਿਆ, ਉਹ ਸਾਰੇ ਹੀ ਇੰਨੇ ਸ਼ਾਨਦਾਰ ਨਹੀਂ ਸਨ। ਅਨੇਕਾਂ ਗੁਰਦੁਆਰੇ ਅਜਿਹੇ ਵੀ ਸਨ ਜਿਥੇ ਕੋਈ ਨਹੀਂ ਜਾਂਦਾ, ਉਨ੍ਹਾਂ ਨੂੰ ਉਜਾੜਾ-ਪਸੰਦਾਂ ਨੇ ਉਜਾੜ ਦਿੱਤਾ। ਮੈਂ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਐਨ ਨੇੜੇ ਸਥਿਤ ਗੁਰਦੁਆਰਾ ਰੋੜੀ ਸਾਹਿਬ ਵਿਖੇ ਗਿਆ, ਜੋ ਪਿੰਡ ਝੰਮਣ ਵਿਚ ਹੈ (ਇਹ ਸਥਾਨ ਤਹਿਸੀਲ ਪੱਟੀ, ਜ਼ਿਲਾ ਤਰਨ ਤਾਰਨ ਨੇੜੇ ਪਾਕਿਸਤਾਨ ਵਾਲੇ ਪਾਸੇ ਸਰਹੱਦ ਦੇ ਨੇੜੇ ਹੈ)। ਇਸ ਪਿੰਡ ਦੇ ਬਿਲਕੁਲ ਬਾਹਰਵਾਰ ਖੁੱਲ੍ਹਾ ਮੈਦਾਨ ਹੈ ਅਤੇ ਇਸ ਤੋਂ ਕੁਝ ਕਦਮਾਂ ਦੇ ਫਾਸਲੇ ‘ਤੇ ਕੌਮਾਂਤਰੀ ਸਰਹੱਦ ਹੈ। ਇਸ ਥਾਂ ਕਿਸੇ ਸਮੇਂ ਗੁਰੂ ਨਾਨਕ ਨੇ ਕਦਮ ਪਾਏ ਸਨ, ਭਾਈ ਮਰਦਾਨਾ ਉਨ੍ਹਾਂ ਦੇ ਨਾਲ ਸੀ। ਹੁਣ ਇਹ ਖਸਤਾ ਹਾਲ ਗੁਰਦੁਆਰਾ ਆਪਣੀ ਬੇਕਦਰੀ ਦੀ ਕਹਾਣੀ ਆਪ ਕਹਿੰਦਾ ਹੈ। ਇਹ ਕਾਫੀ ਮਾੜੀ ਹਾਲਤ ਵਿਚ ਹੈ। ਸਿਖਰਲੀ ਮੰਜ਼ਿਲ ‘ਤੇ ਗੁੰਬਦ ਦੇ ਅੰਦਰ ਪੁਰਾਣੇ ਭਿੱਤੀ ਚਿੱਤਰ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣੀਆਂ ਹਨ। ਬਹੁਤੀਆਂ ਤਸਵੀਰਾਂ ਦੇ ਚਿਹਰਿਆਂ ਨੂੰ ਵਿਗਾੜ ਦਿੱਤਾ ਗਿਆ ਹੈ, ਜੋ ਸ਼ਾਇਦ ਇਸਲਾਮ ਦੀ ਬੁੱਤਪ੍ਰਸਤੀ ਦੇ ਵਿਰੋਧ ਵਾਲੀ ਸੋਚ ਦਾ ਸਿੱਟਾ ਹੋਵੇ। ਸੰਭਵ ਹੈ ਕਿ ਵੰਡ ਤੋਂ ਪਹਿਲਾਂ ਕੁਝ ਮੁਸਲਮਾਨ ਵੀ ਗੁਰੂ ਨਾਨਕ ਦੀ ਰੱਬ ਇਕ ਹੋਣ ਵਾਲੀ ਸੋਚ ਅਤੇ ਆਪਣੇ ਧਾਰਮਕ ਅਕੀਦੇ ਵਿਚਲੀ ਸਮਾਨਤਾ ਕਾਰਨ ਗੁਰਦੁਆਰੇ ਆਉਂਦੇ ਰਹੇ ਹੋਣਗੇ, ਪਰ ਜਾਪਦਾ ਹੈ ਕਿ ਵੰਡ ਤੋਂ ਬਾਅਦ ਇਸ ਇਮਾਰਤ ਨੂੰ ਬੀਤੇ ਦੀ ਬਚ-ਖੁਚ ਵਜੋਂ ਹੌਲੀ-ਹੌਲੀ ਤਬਾਹ ਹੋਣ ਲਈ ਛੱਡ ਦਿੱਤਾ ਗਿਆ ਹੈ, ਜਿਸ ਨੂੰ ਆਖਰ ਲੋਕ ਭੁੱਲ-ਭੁਲਾ ਜਾਣਗੇ।
ਦੂਜੇ ਪਾਸੇ ਕੁਝ ਥਾਂਵਾਂ ਅਜਿਹੀਆਂ ਵੀ ਸਨ, ਜਿਥੇ ਧਾਰਮਕ ਸਹਿਹੋਂਦ ਵਾਲੀਆਂ ਇਨ੍ਹਾਂ ਰਵਾਇਤਾਂ ਦੇ ਨਿਸ਼ਾਨ, ਗੁਰੂ ਨਾਨਕ ਦੇ ਸੁਨੇਹੇ ਸਦਕਾ ਕਾਇਮ ਹਨ। ਚੂਹੜਕਾਣਾ ਵਿਚ ਜਿਥੇ ਗੁਰਦੁਆਰਾ ਸੱਚਾ ਸੌਦਾ ਵਧੀਆ ਢੰਗ ਨਾਲ ਸਾਂਭਿਆ ਗਿਆ ਵੱਡਾ ਗੁਰਦੁਆਰਾ ਹੈ, ਉਥੇ ਗੁਰਦੁਆਰਾ ਸੱਚਖੰਡ ਸਾਹਿਬ ਬਿਲਕੁਲ ਹੀ ਗੁੰਮਨਾਮ ਜਿਹਾ ਸਥਾਨ ਹੈ। ਇਸ ਗੁਰਦੁਆਰੇ ਦੀ ਇਕ ਮੰਜ਼ਿਲਾ ਇਮਾਰਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਪਿੱਛੇ ਸਥਿਤ ਹੈ। ਜਿਥੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੀ ਇਮਾਰਤ ਦੀ ਮੁਰੰਮਤ ਕਰਾਈ ਗਈ ਅਤੇ ਮੂੰਹ ਮੱਥਾ ਸੰਵਾਰਿਆ ਗਿਆ ਹੈ, ਉਥੇ ਇਸ ਇਮਾਰਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਥੇ ਮੈਨੂੰ ਇਕ ਸੂਫੀ ਪੀਰ ਦੇ ਪੈਰੋਕਾਰ ਮਿਲੇ। ਇਸ ਪੀਰ ਨੇ ਇਸ ਗੁਰਦੁਆਰੇ ਵਿਚ ਆਪਣਾ ਟਿਕਾਣਾ ਬਣਾ ਲਿਆ ਸੀ ਤੇ ਉਸ ਨੂੰ ਇਸ ਦੇ ਸਾਹਮਣੇ ਹੀ ਦਫਨਾਇਆ ਗਿਆ। ਜਦੋਂ ਮੈਂ ਅਤੇ ਇਕਬਾਲ ਕੈਸਰ ਇਨ੍ਹਾਂ ਪੈਰੋਕਾਰਾਂ ਕੋਲ ਬੈਠੇ ਸਾਂ ਤਾਂ ਉਨ੍ਹਾਂ ਵਿਚੋਂ ਇਕ ਨੇ ਗੁਰੂ ਨਾਨਕ ਦੇ ਚਮਤਕਾਰਾਂ ਦੀਆਂ ਕਹਾਣੀਆਂ ਸੁਣਾਈਆਂ, ਜੋ ਉਸ ਨੇ ਆਪਣੇ ਪੁਰਖਿਆਂ ਤੋਂ ਸੁਣੀਆਂ ਸਨ। ਉਨ੍ਹਾਂ ਦੇ ਪੁਰਖਿਆਂ ਨੇ ਇਹ ਕਹਾਣੀਆਂ ਪਹਿਲਾਂ ਉਥੇ ਰਹਿੰਦੇ ਰਹੇ ਸਿੱਖਾਂ ਤੋਂ ਸੁਣੀਆਂ ਸਨ। ਆਪਣੀ ਕਹਾਣੀ ਖਤਮ ਕਰਦਿਆਂ ਉਸ ਨੇ ਕਿਹਾ, “ਗੁਰੂ ਨਾਨਕ ਅੱਲ੍ਹਾ ਦੇ ਸੱਚੇ ਭਗਤ ਸਨ।”
ਇਨ੍ਹਾਂ ਦੋਵੇਂ ਸਿਰੇ ਦੀਆਂ ਮਿਸਾਲਾਂ ਦੇ ਵਿਚਕਾਰ ਗੁਰਦੁਆਰਾ ਬੇਰੀ ਸਾਹਿਬ (ਸਿਆਲਕੋਟ) ਦੀ ਕਹਾਣੀ ਹੈ, ਜਿਥੇ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਮਗਰੂਰ ਸੂਫੀ ਹਮਜ਼ਾ ਗੌਸ ਅਤੇ ਮੌਲਾ ਕਰਾਰ ਨਾਲ ਸਾਹਮਣਾ ਹੋਇਆ ਸੀ। ਅੰਸ਼ਕ ਤੌਰ ‘ਤੇ ਨਵਿਆਈ ਗਈ ਇਸ ਇਮਾਰਤ ਦੇ ਬਿਲਕੁਲ ਕਰੀਬ ਬੇਰੀ ਦਾ ਪੁਰਾਣਾ ਦਰਖਤ ਹੈ, ਜਿਸ ਤੋਂ ਇਸ ਗੁਰਦੁਆਰੇ ਦਾ ਨਾਂ ਪਿਆ। ਵੰਡ ਤੋਂ ਕੁਝ ਚਿਰ ਪਿਛੋਂ ਦਰਖਤ ਦੇ ਹੇਠਾਂ ਮਜ਼ਾਰ ਬਣਾਈ ਗਈ ਤੇ ਇਸ ਪਿਛੋਂ ਇਹ ਸਥਾਨ ਮੁਸਲਿਮ ਦਰਗਾਹ ਬਣ ਗਿਆ। ਗੁਰਦੁਆਰੇ ਦੇ ਗਿਰਦ ਦਰਗਾਹ ਦੇ ਦਰਜਨਾਂ ਸ਼ਰਧਾਲੂ ਬੈਠੇ ਵੱਖੋ-ਵੱਖ ਸਰਗਰਮੀਆਂ ਵਿਚ ਜੁਟੇ ਹੋਏ ਸਨ। ਇਹ ਸਭਿਆਚਾਰਕ ਕਬਜ਼ੇ ਦੀ ਮਿਸਾਲ ਸੀ, ਜਿਥੇ ਸਮਾਜਕ ਤੇ ਸਿਆਸੀ ਹਕੀਕਤਾਂ ਬਦਲਣ ਪਿਛੋਂ ਇਕ ਧਰਮ ਦੀ ਪਵਿਤਰ ਥਾਂ ਨੂੰ ਇਕ ਹੋਰ ਸਭਿਆਚਾਰ ਦੇ ਲੋਕਾਂ ਨੇ ਆਪਣਾ ਪਵਿੱਤਰ ਸਥਾਨ ਕਰਾਰ ਦੇ ਕੇ ਕਬਜ਼ਾ ਕਰ ਲਿਆ ਹੈ।
ਉਂਜ, ਜਦੋਂ ਮੈਂ ਗੁਰੂ ਨਾਨਕ ਨਾਲ ਸਬੰਧਤ ਸਥਾਨਾਂ ਦੇ ਦਰਸ਼ਨ ਕਰ ਰਿਹਾ ਸਾਂ ਤਾਂ ਮੈਂ ਗੁਰੂ ਸਾਹਿਬ ਦੀ ਇਕ ਸ਼ਾਇਰ ਵਜੋਂ ਵੀ ਖੋਜ ਕਰ ਰਿਹਾ ਸਾਂ। ਜਿਉਂ-ਜਿਉਂ ਮੈਂ ਉਨ੍ਹਾਂ ਦੇ ਫਲਸਫੇ ਵਿਚ ਡੂੰਘਾ ਉਤਰਦਾ ਗਿਆ, ਮੇਰੇ ਲਈ ਇਨ੍ਹਾਂ ਦੋ ਵੱਖੋ-ਵੱਖਰੀਆਂ ਸ਼ਖਸੀਅਤਾਂ ਨੂੰ ਆਪਸ ਵਿਚ ਮੇਲਣਾ ਔਖਾ ਹੁੰਦਾ ਗਿਆ। ਇਕ ਸ਼ਾਇਰ ਵਜੋਂ ਬਾਬਾ ਨਾਨਕ ਜਿਥੇ ਅੰਧ-ਵਿਸ਼ਵਾਸਾਂ ਅਤੇ ਸੰਤਾਂ ਨੂੰ ਅਜਿਹੀਆਂ ਚਮਤਕਾਰੀ ਕਹਾਣੀਆਂ ਨਾਲ ਜੋੜਨ ਦੇ ਖਿਲਾਫ ਬੋਲਦੇ ਹਨ, ਉਥੇ ਉਨ੍ਹਾਂ ਨਾਲ ਸਬੰਧਤ ਸਮੁੱਚੀਆਂ ਸਾਖੀਆਂ ਉਨ੍ਹਾਂ ਦੇ ਚਮਤਕਾਰਾਂ ਦੀਆਂ ਕਹਾਣੀਆਂ ਨਾਲ ਭਰੀਆਂ ਪਈਆਂ ਹਨ। ਗੁਰੂ ਨਾਨਕ ਨੇ ਸੰਸਥਾਗਤ ਧਰਮ ਦਾ ਵਿਰੋਧ ਕੀਤਾ, ਅੰਧ-ਵਿਸ਼ਵਾਸੀ ਰੀਤਾਂ ਦੀ ਆਲੋਚਨਾ ਕੀਤੀ, ਪਰ ਦੂਜੇ ਪਾਸੇ ਉਨ੍ਹਾਂ ਜਿਸ ਧਰਮ ਦੀ ਨੀਂਹ ਰੱਖੀ, ਉਹ ਧਰਮ ਵੀ ਦੁਨੀਆਂ ਦੇ ਸੰਸਥਾਗਤ ਧਰਮਾਂ ਵਿਚ ਸ਼ੁਮਾਰ ਹੋ ਗਿਆ। ਇੰਜ ਜਾਪਦਾ ਹੈ ਕਿ ਮੈਂ ਜਿੰਨਾ ਗੁਰੂ ਨਾਨਕ ਨੂੰ ਵੱਧ ਜਾਣਨ ਦੀ ਕੋਸ਼ਿਸ਼ ਕਰਦਾ ਹਾਂ, ਮੇਰੇ ਮਨ ਵਿਚ ਓਨੇ ਹੀ ਵੱਧ ਸਵਾਲ ਪੈਦਾ ਹੁੰਦੇ ਹਨ।
ਅਹਿਮ ਗੁਰਦੁਆਰੇ
ਜਨਮ ਅਸਥਾਨ: ਨਾਨਕਿਆਣਾ ਦੇ ਪਵਿਤਰ ਨਗਰ ਵਿਚ ਸੰਮਤ 1526 ਵਿਚ ਗੁਰੂ ਨਾਨਕ ਦੇਵ ਨੇ ਅਵਤਾਰ ਧਾਰਿਆ। ਇਸ ਥਾਂ ਹੁਣ ਆਲੀਸ਼ਾਨ ਗੁਰਦੁਆਰਾ ‘ਜਨਮ ਅਸਥਾਨ’ ਬਣਿਆ ਹੋਇਆ ਹੈ। ਪਾਸ ਰਹਿਣ ਲਈ ਸੁੰਦਰ ਮਕਾਨ ਹਨ। ਗੁਰਧਾਮ ਨਾਲ ਅਠਾਰਾਂ ਹਜ਼ਾਰ ਏਕੜ ਜਮੀਨ ਅਤੇ ਨੌਂ ਹਜ਼ਾਰ ਅੱਠ ਸੌ ਬਾਨਵੇਂ ਰੁਪਏ ਦੀ ਜਾਗੀਰ ਹੈ, ਕਰੀਬ ਵੀਹ ਹਜ਼ਾਰ ਸਾਲਾਨਾ ਪੂਜਾ ਦੀ ਆਮਦਨ ਹੈ।
ਤੰਬੂ ਸਾਹਿਬ: ਕਸਬੇ ਤੋਂ ਉਤਰ ਵੱਲ ਗੁਰੂ ਨਾਨਕ ਦਾ ਉਹ ਗੁਰਦੁਆਰਾ ਹੈ, ਜਿਥੇ ਚੂਹੜਕਾਣੇ ਤੋਂ ਸੱਚਾ ਸੌਦਾ ਕਰਕੇ ਭਾਈ ਬਾਲਾ ਸਮੇਤ ਇਕ ਵਣ ਦੇ ਬਿਰਛ ਹੇਠ ਆ ਕੇ ਵਿਰਾਜੇ, ਗੁਰਦੁਆਰਾ ਗੁੰਬਜਦਾਰ ਸੁੰਦਰ ਬਣ ਰਿਹਾ ਹੈ।
ਪੱਟੀ ਸਾਹਿਬ: ਕਸਬੇ ਦੇ ਵਿਚ ਹੀ ਗੁਰਦੁਆਰਾ ਬਾਲ ਲੀਲ੍ਹਾ ਪਾਸ ਗੁਰੂ ਨਾਨਕ ਦਾ ਗੁਰਦੁਆਰਾ ਹੈ। ਗੁਰੂ ਜੀ ਨੇ ਇਥੇ ਪਾਂਧੇ ਪਾਸ ਪੜ੍ਹਨ ਬੈਠਿਆਂ ਉਸ ਨੂੰ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾਇਆ ਸੀ, ਆਸਾ ਪੱਟੀ ਬਾਣੀ ਇੱਥੇ ਹੀ ਉਚਰੀ।
ਬਾਲ ਲੀਲ੍ਹਾ: ਨਾਨਕਿਆਣਾ ਸਾਹਿਬ ਦੀ ਆਬਾਦੀ ਵਿਚ ਗੁਰੂ ਨਾਨਕ ਦਾ ਗੁਰਦੁਆਰਾ ਹੈ, ਜਿਥੇ ਛੋਟੀ ਉਮਰ ਵਿਚ ਉਹ ਖੇਡਦੇ ਸਨ, ਗੁਰਦੁਆਰੇ ਤੋਂ ਪੂਰਵ ਵਲ ਤਲਾਬ ਹੈ, ਜੋ ਗੁਰੂ ਸਾਹਿਬ ਦੇ ਨਾਂ ‘ਤੇ ਰਾਇਬੁਲਾਰ ਨੇ ਖੁਦਵਾਇਆ ਸੀ। ਗੁਰਦੁਆਰਾ ਸੁੰਦਰ ਬਣਿਆ ਹੋਇਆ ਹੈ, ਇਸ ਗੁਰਦੁਆਰੇ ਦੇ ਨਾਂ 120 ਮੁਰੱਬੇ ਜਮੀਨ ਅਤੇ 31 ਰੁਪਏ ਸਾਲਾਨਾ ਜਾਗੀਰ ਹੈ।