ਅੰਗਰੇਜ਼ ਡਾਕੂ ਹਨ: ਭਾਰਤ ਮਾਤਾ ਦੀ ਪੁਕਾਰ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ, ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ। ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ।

ਇਨ੍ਹਾਂ ਲੇਖਾਂ ਵਿਚੋਂ ਗਦਰੀਆਂ ਦੇ ਸਿਦਕ, ਸਿਰੜ ਅਤੇ ਸੁੱਚੀ ਸੋਚ ਦੇ ਝਲਕਾਰੇ ਮਿਲਦੇ ਹਨ ਅਤੇ ਉਸ ਵੇਲੇ ਆਜ਼ਾਦੀ ਲਈ ਉਠ ਰਹੇ ਵਲਵਲਿਆਂ ਦਾ ਪਤਾ ਲਗਦਾ ਹੈ। -ਸੰਪਾਦਕ

(25 ਅਗਸਤ 1914 ਨੂੰ ਛਪਿਆ)
ਕੋਈ ਦਿਨ ਸੀ ਕਿ ਜਦ ਮੇਰਾ ਨਾਮ ਸਵਰਨ ਭੂਮੀ ਸੀ ਅਤੇ ਦੂਰ ਦੇਸ਼ਾਂ ਦੇ ਲੋਕ ਮੇਰੇ ਦਰਸ਼ਨ ਕਰਨਾ ਆਪਣੇ ਜੀਵਨ ਦੀ ਸਫਲਤਾ ਸਮਝਦੇ ਸਨ। ਵਿਦਿਆ ਦਾ ਘਰ ਇਹ ਸਮਝਿਆ ਜਾਂਦਾ ਸੀ। ਦੌਲਤ ਦਾ ਹਾਲ ਇਹ ਸੀ ਕਿ ਦੂਸਰੀਆਂ ਕੌਮਾਂ ਮੇਰੇ ਅਸਥਾਨ ਨੂੰ ਸੋਨੇ ਦਾ ਸਮਝਦੀਆਂ ਹਨ। ਕੰਹਤ, ਪਲੇਗ, ਹੈਜ਼ਾ ਆਦਿਕ ਦਾ ਕਦੀ ਨਾਮ ਭੀ ਸੁਣਿਆ ਨਹੀਂ ਸੀ। ਝੂਠ, ਕਪਟ, ਸੌ ਸੌ ਕੋਹ ਲਾਗੇ ਨਹੀਂ ਸੀ ਆਉਂਦਾ। ਸੱਚ ਗੱਲ ਤਾਂ ਇਹ ਹੈ ਕਿ ਸੱਚਾ ਸਵਰਗ ਮੇਰੇ ਵਿਚ ਹੀ ਰਸ ਰਿਹਾ ਸੀ, ਮਗਰ ਅਫਸੋਸ ਕਿ ਜ਼ਮਾਨੇ ਨੇ ਪਲਟਾ ਖਾਧਾ, ਅੱਜ ਮੇਰੇ ਬੱਚੇ ਕੰਹਤ, ਪਲੇਗ ਦਾ ਸ਼ਿਕਾਰ ਹੋ ਰਹੇ ਹਨ, ਭੁੱਖ ਦੇ ਮਾਰੇ ਗੈਰ ਦੇਸ਼ਾਂ ਦੀ ਸ਼ਰਨ ਲੈ ਰਹੇ ਹਨ, ਕੋਈ ਇਨ੍ਹਾਂ ਦਾ ਹੁਣ ਦਰਸ਼ਨ ਵੀ ਕਰਨਾ ਪਸੰਦ ਨਹੀਂ ਕਰਦਾ। ਘਰ ਵਿਚ ਇਨ੍ਹਾਂ ਦੀ ਕੋਈ ਫਰਿਆਦ ਨਹੀਂ ਸੁਣਦਾ।
ਹਾਂ, ਮੇਰੀ ਇਹ ਹਾਲਤ ਕਿਉਂ ਹੈ? ਮੇਰੀ ਰਾਏ ਵਿਚ ਅੰਗਰੇਜ਼ ਕਿਸ ਤਰ੍ਹਾਂ ਡਾਕੂ ਹਨ? ਜਿਸ ਤਰ੍ਹਾਂ ਡਾਕੂ ਸਾਧਾਂ ਦੇ ਕਪੜੇ ਪਾ ਕੇ ਸੁਖਾਲੇ ਡਾਕੇ ਮਾਰ ਸਕਦੇ ਹਨ, ਇਸੇ ਤਰ੍ਹਾਂ ਇਹ ਫਰੰਗੀ ਪਹਿਲਾਂ ਪਹਿਲਾਂ ਵਪਾਰੀ ਬਣ ਕੇ ਆਏ। ਜਿਸ ਤਰ੍ਹਾਂ ਸਾਧੂ ਦੇ ਕਪੜਿਆਂ ਵਿਚ ਡਾਕੂ ਬੜੇ ਨੇਮ ਮਾਲੂਮ ਹੁੰਦੇ ਹਨ, ਇਸੇ ਤਰ੍ਹਾਂ ਇਹ ਲੋਕ ਬੜੇ ਨੇਕ ਬਣ ਕੇ ਰਹਿੰਦੇ ਹਨ। ਅਫਸੋਸ, ਉਹ ਦਿਨ ਯਾਦ ਕਰਕੇ ਰੋਣਾ ਆਉਂਦਾ ਹੈ ਜਿਸ ਦਿਨ ਇਨ੍ਹਾਂ ਦੇ ਧੋਖੇ ਵਿਚ ਆ ਕੇ ਸ਼ਾਹਜਹਾਨ ਨੇ ਇਨ੍ਹਾਂ ਨੂੰ ਰਿਆਸਤਾਂ ਦਿੱਤੀਆਂ। ਇਹ ਲੋਕ ਆਪਣੀਆਂ ਚਾਲਾਂ ਨਾਲ ਦਿਨੋਂ ਦਿਨ ਆਪਣੇ ਪੈਰ ਜਮਾਉਂਦੇ ਹਨ, ਮਾਮੂਲੀ ਡਾਕੂ ਆਪਣੇ ਨਾਲੋਂ ਲੜਾਕੇ ਆਦਮੀ ਅੱਗੇ ਨਹੀਂ ਖਲੋ ਸਕਦਾ, ਮਗਰ ਇਹ ਸ਼ੈਤਾਨ ਡਾਕੂ ਹੁੰਦੇ ਹਨ, ਜੋ ਆਪਣੀ ਸ਼ੈਤਾਨੀ ਨਾਲ ਕੰਮ ਕੱਢ ਲੈਂਦੇ ਹਨ। ਅੰਗਰੇਜ਼ ਸ਼ੈਤਾਨ ਡਾਕੂ ਹਨ, ਇਹ ਆਪਣੇ ਕਮਜ਼ੋਰ ਬਲ ਨੂੰ ਦੇਖ ਕੇ ਰਾਜੇ ਨਵਾਬ ਨੂੰ ਆਪਸ ਵਿਚ ਲੜਾ ਕੇ ਬਾਂਦਰ ਵਾਂਗ ਇਨਸਾਫ ਕਰਨ ਦੇ ਬਹਾਨੇ ਸਭ ਕੁਝ ਹੜੱਪ ਕਰ ਗਏ। ਜਿਉਂ-ਜਿਉਂ ਇਨ੍ਹਾਂ ਦੀ ਤਾਕਤ ਵਧਦੀ ਗਈ, ਤਿਉਂ-ਤਿਉਂ ਇਨ੍ਹਾਂ ਨੂੰ ਮੇਰੇ (ਭਾਰਤ ਮਾਤਾ) ਨਾਲ (ਧੱਕਾ?) ਕਰਨ ਵਿਚ ਮਦਦ ਮਿਲਦੀ ਗਈ। ਅਖੀਰ ਅੱਜ ਉਹ ਦਿਨ ਹੈ ਕਿ ਚੀਜ਼ਾਂ ਦੇ ਮਾਲਕ ਬਣ ਬੈਠੇ ਹਨ। ਡਾਕੂ ਡਾਕਾ ਮਾਰ ਕੇ ਘਰ ਵਾਲੇ ਪਾਸੋਂ ਡਰਦੇ ਜਾਂ ਕਿਸੇ ਹੋਰ ਬਲਵਾਨ ਦੇ ਡਰ ਕਰਕੇ ਭੱਜ ਜਾਇਆ ਕਰਦੇ ਹਨ, ਮਗਰ ਇਹ ਸ਼ੈਤਾਨ ਡਾਕੂ ਲੁੱਟ ਮਾਰ ਕਰਕੇ ਭੱਜ ਜਾਣ ਦੀ ਥਾਂ ਸਗੋਂ ਸਭ ਕੁਝ ਸਮੇਟ ਕੇ ਮਾਲਕ ਬਣ ਗਿਆ ਹੈ।
ਸਿਰਫ ਇਹ ਨਹੀਂ ਕਿ ਮਾਲ ਮਤਾਹ ਹੀ ਕਾਬੂ ਕੀਤਾ ਹੈ ਸਗੋਂ ਮੇਰੇ ਬੱਚਿਆਂ ਦੀ ਆਤਮਾ ਦਾ ਖੂਨ ਕਰ ਦਿੱਤਾ ਹੈ। ਕਿਸੇ ਵਿਚ ਤਾਕਤ ਨਹੀਂ ਕਿ ਸੱਚੀ ਗੱਲ ਬੋਲ ਸਕੇ। ਮੇਰੇ ਹੀ ਬੱਚਿਆਂ ਨੂੰ ਗੁਲਾਮਾਂ ਦਾ ਗੁਲਾਮ ਬਣਾ ਰਖਿਆ ਹੈ ਅਤੇ ਹਮੇਸ਼ਾ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਸਰਕਾਰ ਦੇ ਹਲਾਲ ਬਣੇ ਰਹੋ। ਕੀ ਕਦੀ ਕਿਸੇ ਨੇ ਅਜਿਹਾ ਡਾਕੂ ਦੇਖਿਆ ਹੈ ਕਿ ਕਿਸੇ ਦਾ ਮਾਲ ਬੇਫਿਕਰੀ ਨਾਲ ਲੁੱਟੇ ਅਤੇ ਨਾਲ ਹੀ ਲਾਲਚੀ ਚਾਲਬਾਜ਼ੀ ਨਾਲ ਨਮਕ ਹਲਾਲੀ ਦਾ ਉਦੇਸ਼ ਕਰੇ? ਮਾੜੇ ਡਾਕੂਆਂ ਨੂੰ ਤਾਂ ਛੋਟੇ-ਛੋਟੇ ਅਪਰਾਧਾਂ ਦੀ ਸਜ਼ਾ ਦਿੱਤੀ ਜਾਂਦੀ ਹੈ, ਮਗਰ ਵੱਡੇ ਡਾਕੂਆਂ ਨੂੰ ਕੋਈ ਪੁੱਛਦਾ ਹੀ ਨਹੀਂ। ਕੀ ਕਦੀ ਡਾਕੂਆਂ ਦੇ ਘਰ ਭੀ ਇਨਸਾਫ ਹੁੰਦਾ ਹੈ? ਅਤੇ ਕੀ ਸਾਫ ਕੱਪੜੇ ਪਾਉਣ ਨਾਲ ਜਾਂ ਸ਼ਾਨਦਾਰ ਘਰਾਂ ਵਿਚ ਰਹਿਣ ਨਾਲ ਆਦਮੀ ਭਲਾਪੁਰਸ਼ ਅਖਵਾ ਸਕਦਾ ਹੈ? ਕੀ ਸ਼ਿਕਾਰੀ ਕਦੇ ਸ਼ਿਕਾਰ ਨੂੰ ਭੱਜ ਜਾਣ ਦਾ ਭੇਤ ਦੱਸ ਦਿੰਦਾ ਹੈ? ਜੇ ਇਹ ਤਿੰਨੋਂ ਗੱਲਾਂ ਨਹੀਂ ਹੋ ਸਕਦੀਆਂ ਤਾਂ ਇਨ੍ਹਾਂ ਸ਼ੈਤਾਨ ਡਾਕੂਆਂ ਕੋਲੋਂ ਕੀ ਉਮੀਦ ਹੋ ਸਕਦੀ ਹੈ ਕਿ ਇਨ੍ਹਾਂ ਦੇ ਰਾਜ ਵਿਚ ਇਨਸਾਫ ਹੁੰਦਾ ਹੋਵੇਗਾ ਜਾਂ ਚੰਗੀ ਵਿਦਿਆ ਨਾਲ ਸਾਡੇ ਦਿਮਾਗ ਰੋਸ਼ਨ ਕਰਨਗੇ।
ਜਦ ਤੋਂ ਇਹ ਲੋਕ ਆਏ, ਆਤਮਾ ਦਾ ਖੂਨ ਹੋ ਗਿਆ। ਇਨਸਾਫ ਦਾ ਨਾਮ ਨਿਸ਼ਾਨ ਨਾ ਰਿਹਾ। ਵਿਦਿਆ ਅਵਿਦਿਆ ਦੇ ਅੰਧਕਾਰ ਨੇ ਡੂੰਘੀ ਨੀਂਦ ਸੁਆ ਦਿੱਤਾ। ਜੇ ਕੁਝ ਸਪੂਤ ਗੈਰ ਮੁਲਕਾਂ ਦੀ ਤਰੱਕੀ ਦੇਖ ਕੇ ਨਾ ਜਾਗਦੇ; ਪੰਜਾਹ ਕਰੋੜ ਰੁਪਿਆ ਸਾਲ ਦਾ ਲੁੱਟ ਲੈ ਜਾਣ ਨਾਲ ਦੇਸ਼ ਨੰਗ ਹੋ ਗਿਆ, ਲੱਖਾਂ ਮਣ ਦਾਣੇ ਨਿਕਲ ਜਾਣ ਕਰਕੇ ਕਾਲ ਨਾਲ ਮੇਰੇ ਬੱਚੇ ਮਰ ਗਏ। ਜਦ ਇਹ ਸਾਬਤ ਹੋ ਜਾਏ ਕਿ ਇਹ ਵੱਡੇ ਡਾਕੂ ਹਨ ਅਤੇ ਇਨ੍ਹਾਂ ਨੂੰ ਬਾਦਸ਼ਾਹ ਆਖਣ ਦੀ ਜਗ੍ਹਾ ਡਾਕੂ ਜ਼ਬਰਦਸਤ ਤਾਕਤ ਪ੍ਰਾਪਤ ਕਰ ਲੈਂਦੇ ਹਨ ਤਾਂ ਬਾਦਸ਼ਾਹ ਅਖਵਾਉਣ ਲੱਗ ਪੈਂਦੇ ਹਨ। ਇਸੇ ਤਰ੍ਹਾਂ ਅੰਗਰੇਜ਼ ਡਾਕੂ ਹਨ, ਜੋ ਹਰ ਵੇਲੇ ਆਪਣੇ ਅਤੇ ਆਪਣੇ ਦੇਸ਼ (ਭਾਰਤ) ਨੂੰ ਵੀਰਾਨ ਕਰਕੇ ਆਪਣੇ ਦੇਸ਼ (ਇੰਗਲੈਂਡ) ਨੂੰ ਮਾਲਾਮਾਲ ਕੀਤਾ ਜਾਵੇ। ਹਿੰਦੁਸਤਾਨ ਵਿਚ ਆਉਣ ਤੋਂ ਪਹਿਲਾਂ ਇਹ ਲੋਕ ਬਹੁਤ ਤੰਗ ਹਾਲ ਸਨ। ਅਫਰੀਕਾ, ਆਸਟ੍ਰੇਲੀਆ, ਕੈਨੇਡਾ ਆਦਿ ਦੇਸ਼ਾਂ ਵਿਚੋਂ ਇਨ੍ਹਾਂ ਨੂੰ ਹਕੂਮਤ ਨਾਲ ਅਤੇ ਵਪਾਰ ਨਾਲ ਕੁਝ ਫਾਇਦਾ ਨਹੀਂ ਹੁੰਦਾ ਤਾਂ ਫੇਰ ਇਹ ਸਾਰੀ ਦੁਨੀਆਂ ਨਾਲੋਂ ਜ਼ਿਆਦਾ ਮਾਲਦਾਰ ਕਿਸ ਤਰ੍ਹਾਂ ਹੋ ਗਏ ਅਤੇ ਦੌਲਤ ਨਾਲ ਭਰਿਆ ਹੋਇਆ ਹਿੰਦੁਸਤਾਨ ਕਿਧਰ ਚਲਾ ਗਿਆ।
ਜ਼ਾਲਮ ਦਾ ਕੰਮ ਹੈ ਜ਼ੁਲਮ ਕਰਨਾ, ਮਗਰ ਮੈਨੂੰ ਅਫਸੋਸ ਸਿਰਫ ਇਤਨਾ ਹੈ ਕਿ ਮੇਰੇ ਬੱਚੇ ਜਾਗਦੇ ਹੋਏ ਕਿਉਂ ਸੁੱਤੇ ਹੋਏ ਹਨ ਅਤੇ ਅੱਖਾਂ ਰੱਖੇ ਹੋਏ ਕਿਉਂ ਅੰਨ੍ਹੇ ਹੋ ਗਏ ਹਨ ਅਤੇ ਹੱਥ ਪੈਰ ਰੱਖਦੇ ਹੋਏ ਭੀ ਦੁਨੀਆਂ ਦੀ ਅੱਖਾਂ ਅੱਗੇ ਕਿਉਂ ਲੂਲੇ ਲੰਗੜੇ ਦਿਖਾਈ ਦਿੰਦੇ ਹਨ? ਹੋਰ ਦਿਲ ਭੀ ਰਖਦੇ ਹੋਏ ਬੁਜ਼ਦਿਲ ਕਿਉਂ ਬਣੇ ਹੋਏ ਹਨ?
ਪਿਆਰੇ ਦੇਸ਼ ਭਗਤੋ, ਉਠੋ; ਅਤੇ ਚਿਰਾਂ ਤੋਂ ਜ਼ਖਮੀ ਹੋਈ ਭਾਰਤ ਮਾਤਾ ਦੀ ਪੁਕਾਰ ਸੁਣੋ। ਤੁਸੀਂ ਇਕ ਪਲ ਵਿਚ ਡਾਕੂਆਂ ਨੂੰ ਮਿੱਟੀ ਵਿਚ ਗਰਕ ਕਰ ਸਕਦੇ ਹੋ ਅਤੇ ਪਿਆਰੇ ਦੇਸ਼ ਨੂੰ ਉਸੀ ਹਾਲਤ ਵਿਚ ਲਿਆ ਸਕਦੇ ਹੋ, ਜਿਸ ਨੂੰ ਦੇਖ ਕੇ ਸਾਰੀ ਦੁਨੀਆਂ ਸੜਦੀ ਹੁੰਦੀ ਸੀ। ਜ਼ਰਾ ਕੋਸ਼ਿਸ਼ ਅਤੇ ਹਿੰਮਤ ਦੀ ਲੋੜ ਹੈ। ਵਿਦਵਾਨੋ; ਹਿੰਦੁਸਤਾਨ ਵਿਚ ਗਦਰ ਦੀ ਫਸਲ ਪੱਕ ਕੇ ਤਿਆਰ ਹੈ। ਹੁਣ ਆਪਣੇ ਇਲਮ ਨੂੰ ਵਰਤੋਂ, ਆਪਣੀ ਜ਼ਬਾਨ ਖੋਲ੍ਹੋ ਅਤੇ ਆਪਣੀ ਕਲਮ ਤੇਜ਼ ਕਰੋ। ਕੁਰਬਾਨ ਹੋ ਜਾਓ, ਹਿੰਦ ਦੇਸ ਦੇ ਵਾਸਤੇ, ਇਹੋ ਵੇਲਾ ਹੈ। ਧੰਨਵਾਨੋ; ਹਿੰਦੁਸਤਾਨ ਵਿਚ ਗਦਰ ਦਾ ਮੈਦਾਨ ਤਿਆਰ ਹੈ। ਫਸਲ ਪੱਕ ਕੇ ਤਿਆਰ ਹੈ। ਹੁਣ ਆਪਣੇ ਖਜ਼ਾਨਿਆਂ ਦੇ ਜੰਦਰੇ ਖੋਲ੍ਹੋ; ਥੈਲੀਆਂ ਦੇ ਮੂੰਹ ਢਿੱਲੇ ਕਰੋ; ਬਹਾਦਰ ਸਿਪਾਹੀਓ; ਹਿੰਦੁਸਤਾਨ ਗਦਰ ਦਾ ਮੈਦਾਨ ਤਿਆਰ ਹੈ। ਇਸ ਨੂੰ ਆਪਣੇ ਦੁੱਖ ਨਾਲ ਸਿੰਜ ਦਿਉ; ਗਦਰ ਦਾ ਬੇੜਾ ਪਾਰ ਕਰ ਦਿਓ।

ਕੰਜਰੀਆਂ ਨਾਲੋਂ ਕੰਜਰ ਬੁਰੇ
(ਜੁਲਾਈ 1914 ਨੂੰ ਛਪਿਆ)
ਪੰਜਾਬ ਦੇ ਅਖਬਾਰ ਚੁਕੰਨੇ ਹਨ। ਜ਼ਰਾ ਭੀ ਕਿਸੇ ਲੀਡਰ ਪਾਸੋਂ ਕੋਈ ਸਮਾਜਿਕ (ਮਜਹਬੀ) ਗਲਤੀ ਹੋ ਜਾਵੇ ਤਾਂ ਉਸ ਦੀ ਖੂਭ (ਹਰ ਥਾਂ ਖੂਬ ਦੀ ਥਾਂ ਖੂਭ ਲਿਖਿਆ ਹੈ) ਖੁੰਬ ਠਪਦੇ ਹਨ। ਰਾਏ ਬਹਾਦਰ ਰਾਮ ਸਰਨ ਦਾਸ ਨੇ ਆਪਣੇ ਪੁੱਤਰ ਦੀ ਸ਼ਾਦੀ ਉਤੇ ਕੰਜਰੀਆਂ ਮੰਗਾਈਆਂ ਸਨ ਤੇ ਅਖਬਾਰ ਨੇ ਉਸ ਦੀ ਖੂਭ ਖੁੰਬ ਠੱਪੀ। ਇਸੇ ਤਰ੍ਹਾਂ ਕਸ਼ਮੀਰ ਦੇ ਵੱਡੇ ਵਜ਼ੀਰ ਦੇ ਪੁੱਤਰ ਦੀ ਜੰਜ ਕੰਜਰੀਆਂ ਸਮੇਤ ਲਾਹੌਰ ਆਈ ਤਾਂ ਅਖਬਾਰ ਨੇ ਉਸ ਦੀ ਭੀ ਖੂਭ ਖਬਰ ਲਈ। ਹੁਣ ਖਬਰ ਆਈ ਹੈ ਕਿ ਬਾਬਾ ਗੁਰਬਖਸ਼ ਸਿੰਘ ਬੇਦੀ, ਜੋ ਇਕ ਰਈਸ ਹੈ, ਨੇ ਆਪਣੇ ਲੜਕੇ ਦੀ ਸ਼ਾਦੀ ਉਤੇ ਖੂਭ ਕੰਜਰੀਆਂ ਨਚਾਈਆਂ ਹਨ ਜਿਸ ਕਰਕੇ ਪੰਜਾਬ ਦੇ ਅਖਬਾਰ ਬੇਦੀ ਗੁਰਬਖਸ਼ ਸਿੰਘ ਦੀ ਖੂਭ ਗਤ ਬਣਾ ਰਹੇ ਹਨ। ਅਸੀਂ ਭੀ ਇਸ ਬੇਅਕਲੀ ‘ਤੇ ਅਫਸੋਸ ਕਰਦੇ ਹਾਂ, ਪਰ ਨਾਲ ਹੀ ਪੰਜਾਬ ਦੇ ਅਖਬਾਰਾਂ ਪਾਸੋਂ ਪੁਛਦੇ ਹਾਂ ਕਿ ਤੁਸੀਂ ਕੰਜਰੀਆਂ ਦੇ ਨਚਾਉਣ ਉਤੇ ਤਾਂ ਇਤਨਾ ਭੜਥੂ ਪਾਉਂਦੇ ਹੋ, ਪਰ ਚਾਹੁੰਦੇ ਇਹੋ ਹੀ ਹੋ ਕਿ ਰਈਸ ਫਰੰਗੀ ਕੰਜਰਾਂ ਨੂੰ ਮਨਮਾਨੀਆਂ ਕਰਦੇ ਰਹਿਣ ਦੇਣ, ਅੰਗਰੇਜ਼ਾਂ ਕੰਜਰਾਂ ਨੂੰ ਸ਼ਿਮਲੇ ਵਿਚ ਮਹੀਨੇ ਬਧੀ ਰੋਟੀਆਂ ਖਵਾਉਂਦੇ ਹਨ, ਅੰਗਰੇਜ਼ ਕੰਜਰਾਂ ਨੂੰ ਵਲੈਤ ਨੂੰ ਜਾਣ ਵੇਲੇ ਲੁਟਮਾਰ ਅਤੇ ਸਰਕਾਰੀ ਪੈਨਸ਼ਨ ਦੇ ਬਗੈਰ ਲੱਖਾਂ ਰੁਪਿਆਂ ਦੇ ਨਜ਼ਰਾਨੇ ਦਿੰਦੇ ਹਨ ਤਾਂ ਇਨ੍ਹਾਂ ਅਖਬਾਰਾਂ ਨੂੰ ਕਿਉਂ ਗਸ਼ ਪਈ ਰਹਿੰਦੀ ਹੈ, ਜ਼ਰਾ ਚੂੰ ਤਕ ਨਹੀਂ ਕਰਦੇ। ਇਹ ਅਖਬਾਰ ਤਾਂ ਰਈਸਾਂ ਦੀ ਸਮਾਜਿਕ ਗਲਤੀ ਉਤੇ ਅਫਸੋਸ ਕਰਦੇ ਹਨ, ਪਰ ਅਸੀਂ ਇਨ੍ਹਾਂ ਅਖਬਾਰਾਂ ਦੀ ਬੁਜ਼ਦਿਲੀ ਉਤੇ ਰੰਜ ਕਰਦੇ ਹਾਂ।

ਕੀ ਅੰਗਰੇਜ਼ ਕੰਜਰ ਹਨ?
(ਜੁਲਾਈ 1914 ਨੂੰ ਛਪਿਆ)
ਕੰਜਰ ਉਹ ਹੈ, ਜੋ ਬੇਸ਼ਰਮ ਤੇ ਬੇਹਯਾ ਹੋਵੇ। ਪੈਸੇ ਦਾ ਪੁੱਤਰ ਹੋਵੇ। ਅਜਿਹੇ ਹੀ ਇਹ ਅੰਗਰੇਜ਼ ਹਨ। ਹਜ਼ਾਰ ਵਾਰੀ ਦੁਨੀਆਂ ਦੇ ਮਸ਼ਹੂਰ ਅਖਬਾਰਾਂ ਨੇ ਇਨ੍ਹਾਂ ਉਤੇ ਤੁਹਮਤਾਂ ਲਾਈਆਂ, ਮਰਾਕੋ ਨੂੰ ਹੜੱਪ ਕਰਨ ਅਤੇ ਈਰਾਨ ਨੂੰ ਤਬਾਹ ਕਰਨ ਦਾ ਇਲਜ਼ਾਮ ਇਨ੍ਹਾਂ ਉਤੇ ਲਾਇਆ ਗਿਆ। ਚੀਨ ਦੀ ਉਮਦਾ ਬੰਦਰਗਾਹ (ਜਹਾਜਾਂ ਦੇ ਠਹਿਰਨੇ ਦੀ ਜਗ੍ਹਾ) ‘ਤੇ ਕਬਜ਼ੇ ਦਾ ਜੁਰਮ ਇਨ੍ਹਾਂ ਉਤੇ ਲਾਇਆ ਗਿਆ ਹੈ। ਦੁਨੀਆਂ ਦੀਆਂ ਸਭ ਕੌਮਾਂ ਵਿਚ ਫੁੱਟ ਪਾਉਣ ਦਾ ਸ਼ੱਕ ਇਨ੍ਹਾਂ ਉਤੇ ਕੀਤਾ ਗਿਆ, ਪਰ ਇਹ ਬੇਸ਼ਰਮ ਅਤੇ ਬੇਹਯਾ ਫਰੰਗੀ ਜ਼ਰਾ ਖਿਆਲ ਨਹੀਂ ਕਰਦੇ।
ਅਫਗਾਨ, ਮਿਸਰੀ, ਈਰਾਨੀ, ਨੇਪਾਲੀ, ਰਸੀਏ ਜਦੋਂ ਵਲਾਇਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਔਰਤਾਂ ਦੇ ਨਾਚ ਵਿਚ ਸ਼ਾਮਿਲ ਕਰਦੇ ਹਨ, ਇਥੋਂ ਤਕ ਕਿ ਇਹ ਬੇਇੱਜਤੀ ਝਲਦੇ ਹਨ, ਪਰ ਪੈਸੇ ਦੇ ਨਾਲ ਲਾਲਚ ਨਹੀਂ ਛਡਦੇ। ਬਸ; ਇਸ ਦਲੀਲ ਨੂੰ ਜੋ ਆਦਮੀ ਬੇਇਜਤ, ਬੇਸ਼ਰਮ, ਬੇਹਯਾ ਹੋਵੇ, ਪਰ ਪੈਸੇ ਦਾ ਪਿਆਰਾ ਹੋਵੇ, ਉਸ ਨੂੰ ਹਿੰਦੀ ਰਸਮ ਵਿਚ ਕੰਜਰ ਆਖਦੇ ਹਨ। ਅਜਿਹੇ ਹਾਲ ਸਮਝ ਕੇ ਅਖਬਾਰਾਂ ਦਾ ਫਰਜ਼ ਹੈ ਕਿ ਕੰਜਰੀਆਂ ਤੋਂ ਪਹਿਲਾਂ ਕੰਜਰਾਂ ਦੀ ਮਦਦ ਨਾਲ ਦਿਨ ਦੀਵੀਂ ਲੁੱਟਮਾਰ ਤੋਂ ਰੌਲਾ ਪਾਇਆ ਕਰਨ। ਜੋ ਹਿੰਦੀ ਰਈਸ ਜਿਨ੍ਹਾਂ ਕੰਜਰਾਂ ਦੀ ਮਦਦ ਨਾਲ ਗਰੀਬ ਹਿੰਦੀਆਂ ਨੂੰ ਜ਼ੁਲਮ ਕਰਨ ਦਾ ਮੌਕਾ (ਵੇਲਾ) ਦਿੰਦੇ ਹਨ, ਜੋ ਰਈਸ ਇਨ੍ਹਾਂ ਕੰਜਰਾਂ ਨੂੰ ਰੋਟੀਆਂ ਕਰਦੇ ਹਨ ਅਤੇ ਇਨ੍ਹਾਂ ਨੂੰ ਤੋਹਫਿਆਂ ਵਿਚ ਲੱਖਾਂ ਰੁਪਏ ਦਿੰਦੇ ਹਨ, ਜਿਸ ਤਰ੍ਹਾਂ ਦਿੱਲੀ ਦਰਬਾਰ ਵਿਚ ਹਿੰਦੀ ਰਈਸਾਂ ਅਤੇ ਰਾਜੇ ਨਵਾਬਾਂ ਨੇ ਲਾਟ ਲਾਰਡ ਕਰਜ਼ਨ, ਲਾਟ ਲਾਰਡ ਹਾਰਡਿੰਗ ਅਤੇ ਬਾਦਸ਼ਾਹ ਜਾਰਜ ਨੂੰ ਕਰੋੜਾਂ ਰੁਪਏ ਦੇ ਕੇ ਆਪ ਕਰਜ਼ਦਾਰ ਹੋ ਗਏ, ਅਖਬਾਰਾਂ ਨੂੰ ਚਾਹੀਦਾ ਹੈ ਕਿ ਪਹਿਲੇ ਅਜਿਹੇ ਰਈਸਾਂ ਅਤੇ ਡਿਪਟੀ ਥਾਣੇਦਾਰ ਦੇ ਵਿਰੁਧ ਲਿਖਣ ਅਤੇ ਉਨ੍ਹਾਂ ਨੂੰ ਖੂਬ (ਖੁੰਬ) ਠੱਪਣ ਕਿਉਂਕਿ ਹਿੰਦੁਸਤਾਨ ਵਿਚ ਸਾਰੇ ਦੁੱਖਾਂ ਦੀ ਜੜ੍ਹ ਇਹ ਜ਼ਾਲਮ ਬਦਮਾਸ਼ ਫਰੰਗੀ ਹਨ।

ਪੁਲਸ ਭੀ ਸਾਡੇ ਵਲ ਹੈ
(21 ਜੁਲਾਈ 1914 ਨੂੰ ਛਪਿਆ)
ਕਈ ਹਿੰਦੀ ਹਿੰਦੁਸਤਾਨ ਵਿਚ ਗਦਰ ਕਰਨ ਨੂੰ ਤਾਂ ਤਿਆਰ ਹਨ, ਮਗਰ ਉਹ ਇਹ ਦੇਖ ਕੇ ਦਿਲ ਛੱਡ ਕਹਿੰਦੇ ਹਨ ਕਿ ਹਿੰਦੀ ਪੁਲਸ ਅਤੇ ਫੌਜ ਸਭ ਅੰਗਰੇਜ਼ਾਂ ਵੱਲ ਹੈ। ਅਜਿਹੇ ਭਰਾਵਾਂ ਨੂੰ ਅਸੀਂ ਖੁਸ਼ਖਬਰੀ ਦਿੰਦੇ ਹਾਂ ਕਿ ਫੌਜ ਅਤੇ ਪੁਲਸ ਸਾਡੇ ਵਲ ਹੈ। ਰਾਵਲਪਿੰਡੀ ਵਿਚ ਜਦੋਂ ਸੰਨ 1907 ਨੂੰ ਜਲਸਾ ਹੋਇਆ ਤਾਂ ਉਸ ਵੇਲੇ ਇਕ ਸਿੱਖ ਸਰਦਾਰ ਨੂੰ ਉਸ ਫੌਜ ਦੇ ਕਰਨਲ ਨੇ ਪੁਛਿਆ, “ਸਰਦਾਰ ਸਾਹਿਬ, ਗਦਰ ਹੋਣ ਵੇਲੇ ਤੁਸੀਂ ਕਿਸ ਦੀ ਮਦਦ ਵਿਚ ਲੜੋਗੇ?” ਬੀਰ ਸਰਦਾਰ ਨੇ ਕਿਹਾ ਕਿ ਹਿੰਦੁਸਤਾਨ ਦੀ ਮਦਦ ਕਰਾਂਗੇ। ਕਰਨਲ ਨੇ ਗੁੱਸੇ ਨਾਲ ਪੁੱਛਿਆ ਕਿ ਇਹ ਕੀ? ਸਰਦਾਰ ਨੇ ਕਿਹਾ ਕਿ ਜਦ ਤੁਸੀਂ ਆਪਣੇ ਦੇਸ਼ ਵਾਸਤੇ ਲੜਦੇ ਹੋ ਤਾਂ ਕੀ ਮੈਂ ਅਜਿਹਾ ਨਿਕੰਮਾ ਅਤੇ ਨਾਮਰਦ ਹਾਂ ਕਿ ਆਪਣੀ ਕੌਮ ਦਾ ਸਾਥ ਛੱਡ ਦੇਵਾਂਗਾ? ਕਦੀ ਨਾ ਛੱਡਾਂਗਾ। ਕਿਸੇ ਤਰ੍ਹਾਂ ਇਸ ਬਾਲ ਗੰਗਾਧਰ ਤਿਲਕ ਦੀ ਗ੍ਰਿਫਤਾਰੀ ਵੇਲੇ ਪੁਲਸ ਦੇ ਇਕ ਪੰਜਾਬੀ ਸਰਦਾਰ ਨੇ ਤਿਲਕ ਨੂੰ ਫੜਨੋ ਨਾਂਹ ਕਰ ਦਿੱਤੀ।
ਹੁਣ ਖਬਰ ਆਈ ਹੈ ਕਿ ਬੰਗਾਲ ਖੁਫੀਆ ਪੁਲਸ ਦੇ ਵੱਡੇ ਵੱਡੇ ਅਫਸਰ ਕੱਢੇ ਗਏ ਹਨ। ਉਹ ਇਹੀ ਵਜ੍ਹਾ ਹੈ ਕਿ ਉਹ ਆਪਣੀ ਹਿੰਦੀ ਕੌਮ ਦੇ ਨਾਲ ਮਿਲ ਗਏ ਹਨ। ਸਾਰੀ ਫੌਜ ਹੁਣ ਸਾਡੇ ਨਾਲ ਹੈ। ਬੰਗਾਲ ਤੋਂ ਲੈ ਕੇ ਪਿਸ਼ਾਵਰ ਵਿਚ ਇਕ ਪੁਲਸ ਦੇ ਸਾਰਜੰਟ ਨੇ ਗਦਰ ਦੇ ਇਸ਼ਤਿਹਾਰ ਸ਼ਹਿਰ ਤੇ ਛਾਉਣੀ ਵਿਚ ਲਾ ਦਿੱਤੇ ਅਤੇ ਖੂਬ ਗਦਰ ਪ੍ਰਚਾਰ ਕੀਤਾ। ਉਸ ਦਾ ਮੁਕੱਦਮਾ ਕਮਿਸ਼ਨਰ ਦੇ ਕੋਲ ਹੋਇਆ। ਬਹਾਦਰ ਸਿਪਾਹੀ ਨੇ ਕਿਹਾ ਕਿ ਜਦ ਤੁਸੀਂ ਅੰਗਰੇਜ਼ ਆਪਣੀ ਕੌਮ ਅਤੇ ਦੇਸ਼ ਵਾਸਤੇ ਕੰਮ ਕਰਦੇ ਹੋ ਤਾਂ ਕੀ ਮੈਂ ਆਪਣੇ ਦੇਸ਼ ਅਤੇ ਕੌਮ ਦੀ ਆਜ਼ਾਦੀ ਵਾਸਤੇ ਗਦਰ ਨਾ ਕਰਾਂਗਾ? ਜ਼ਰੂਰ ਕਰਾਂਗਾ। ਜ਼ਾਲਮ ਕਮਿਸ਼ਨਰ ਨੇ ਸਿਰਫ ਇਸ਼ਤਿਹਾਰ ਲਾਉਣ ਵਿਚ ਉਸ ਸਾਰਜੰਟ ਨੂੰ ਤਿੰਨ ਸਾਲ ਕੈਦ ਸਖਤ ਦੀ ਸਜ਼ਾ ਦਿੱਤੀ। ਮੁਬਾਰਕ: ਪੁਲਸ ਭੀ ਸਾਡੇ ਵੱਲ, ਤੇ ਕਿਉਂ ਨਾ ਹੋਵੇ ਕਿ ਪੁਲਸ ਅਤੇ ਫੌਜ ਦੇ ਸਿਪਾਹੀ ਭਾਰਤ ਮਾਤਾ ਦੇ ਪੁੱਤਰ ਨਹੀਂ ਹਨ? ਉਨ੍ਹਾਂ ਦੀ ਮਾਤਾ ਅੱਜ ਦੁੱਖ ਵਿਚ ਹੈ। ਕੀ ਉਹ ਸਾਰੇ ਮਿਲ ਕੇ ਹਿੰਦ ਮਾਤਾ ਦੇ ਦੁਸ਼ਮਣ ਅੰਗਰੇਜ਼ਾਂ ਨੂੰ ਚਕਨਾਚੂਰ ਨਹੀਂ ਕਰਨਗੇ? ਜ਼ਰੂਰ ਕਰਨਗੇ।

ਅੰਨ੍ਹਿਆਂ ਦਾ ਦੇਸ਼
(ਅਗਸਤ 1914 ਨੂੰ ਛਪਿਆ)
ਛੋਟੇ ਛੋਟੇ ਬੱਚਿਆਂ ਨੂੰ ਬਾਤਾਂ ਪਾਉਂਦਿਆਂ ਸੁਣਦੇ ਹੁੰਦੇ ਸਾਂ; ਇਹ ਦੇਸ਼ ਅਜਿਹਾ ਹੈ ਜਿਸ ਦੇ ਰਹਿਣ ਵਾਲੇ ਇਕੋ ਹੀ ਲੱਤ ‘ਤੇ ਚਲਦੇ ਫਿਰਦੇ ਹਨ, ਅਰਥਾਤ ਇਕ-ਟੰਗਾ ਦੇਸ਼ ਹੈ। ਇਸ ਦੇਸ਼ ਦੇ ਲੋਕਾਂ ਦੇ ਕੰਨ ਨਹੀਂ ਹੁੰਦੇ। ਇਹ ਗੁੰਗਿਆਂ ਦਾ ਮੁਲਕ ਹੈ। ਇਹ ਮੁਲਕ ਦੇ ਸਾਰੇ ਹੀ ਲੋਕ ਬੋਲੇ; ਅੰਨੇ; ਵਹਿਸ਼ੀ; ਆਦਮਖੋਰ; ਅਤੇ ਭੂਤ, ਰਾਖਸ਼ ਤੇ ਉਲੂ ਹਨ; ਆਦਿਕ ਉਹ ਬਹੁਤ ਦੇਰ ਦੇ ਤਜਰਬੇ ਅਤੇ ਮੁਸਾਫਰੀ ਤੋਂ ਸਾਨੂੰ ਕੀ ਸਾਬਤ ਹੋ ਗਿਆ ਹੈ ਕਿ ਅਜਿਹੇ ਮੁਲਕ ਇਲਾਕੇ ਅਤੇ ਮੁਲਕਾਂ ਵਿਚ ਵਸਣ ਵਾਲੇ ਲੋਕ ਬਿਲਕੁਲ ਇਸੇ ਹੀ ਕਿਸਮ ਦੇ ਹਨ ਜਿਹਾ ਕਿ ਉਪਰ ਲਿਖਿਆ ਹੈ, ਸਗੋਂ ਅਸੀਂ ਇਕ ਅਜਿਹਾ ਦੇਸ਼ ਭੀ ਦੇਖਿਆ ਹੈ ਜਿਸ ਵਿਚ ਸਾਰੀਆਂ ਹੀ ਔਰਤਾਂ ਰਹਿੰਦੀਆਂ ਹਨ, ਪਰ ਕਦੀ ਭਾਲ ਕੀਤਿਆਂ ਭੀ ਕੋਈ ਮਰਦ ਨਹੀਂ ਮਿਲਦਾ। ਉਸ ਮੁਲਕ ਵਿਚ ਇਕ ਹੋਰ ਗੱਲ ਬੜੀ ਅਜੀਬ ਦੇਖੀ ਹੈ, ਉਹ ਇਹ ਹੈ ਕਿ ਉਥੇ ਦੀਆਂ ਸਾਰੀਆਂ ਔਰਤਾਂ ਦੀ ਬੜੀ ਬੜੀ ਦਾਹੜੀ ਅਤੇ ਨੋਕਦਾਰ ਕੁੰਡੀਆਂ ਮੁੱਛਾਂ ਭੀ ਹਨ। ਉਸ ਮੁਲਕ ਦੀ ਕੋਈ ਔਰਤ 6 ਫੁੱਟ ਤੋਂ ਘੱਟ ਉਚੀ ਲੰਮੀ ਨਹੀਂ ਹੈ। ਚੌੜੀਆਂ ਛਾਤੀਆਂ, ਜ਼ੋਰਦਾਰ ਅਤੇ ਵੱਡੇ ਪਹਿਲਵਾਨਾਂ ਵਰਗੀ ਚਾਲ ਹੈ। ਇਕ ਦਿਨ ਗੱਲ ਹੋਰ ਭੀ ਦੇਖੀ ਸੀ, ਜਿਸ ਨੇ ਸਾਨੂੰ ਭੀ ਬੜਾ ਹੈਰਾਨ ਕੀਤਾ ਕਿ ਉਸ ਮੁਲਕ ਦੀ (ਦੀਆਂ) ਔਰਤਾਂ ਨੂੰ ਬੱਚੇ ਭੀ ਪੈਦਾ ਨਹੀਂ ਹੁੰਦੇ। ਮੁਮਕਿਨ ਹੈ ਕਿ ਆਦਮੀ ਦੇ ਨਾ ਹੋਣ ਕਰਕੇ ਬੱਚੇ ਨਾ ਜੰਮਦੇ ਹੋਣ, ਪਰ ਸਵਾਲ ਪੈਦਾ ਹੁੰਦਾ ਹੈ ਕਿ ਅਗਰ ਮਰਦ ਦੇ ਬਗੈਰ ਔਰਤਾਂ ਨੂੰ ਬੱਚਾ ਪੈਦਾ ਨਹੀਂ ਹੋ ਸਕਦਾ ਤਾਂ ਔਰਤਾਂ, ਅਰਥਾਤ ਲੜਕੀਆਂ ਕਿਸ ਤਰ੍ਹਾਂ ਪੈਦਾ ਹੋ ਸਕਦੀਆਂ ਹਨ। ਕੁਦਰਤੀ ਗੱਲ ਹੈ ਕਿ ਜਿਥੇ ਲੜਕੇ ਪੈਦਾ ਨਹੀਂ ਹੋ ਸਕਦੇ, ਉਥੇ ਲੜਕੀਆਂ ਭੀ ਨਹੀਂ ਜੰਮ ਸਕਦੀਆਂ। ਇਸ ਵਿਚ ਜ਼ਰੂਰ ਕੋਈ ਭੇਦ (ਭੇਤ) ਹੈ, ਜੋ ਅਸੀਂ ਅੱਗੇ ਚਲ ਕੇ ਖੋਲ੍ਹਾਂਗੇ।
ਗੁੰਗਾ ਉਸ ਨੂੰ ਆਖਦੇ ਹਨ ਜੋ ਬੋਲ ਨਾ ਸਕੇ। ਅੰਨ੍ਹਾ ਉਸ ਨੂੰ ਆਖਦੇ ਹਨ ਜੋ ਦੇਖ ਨਾ ਸਕੇ। ਬੋਲਾ ਉਸ ਨੂੰ ਕਿਹਾ ਜਾਂਦਾ ਹੈ ਜੋ ਬੋਲ ਨਾ ਸਕੇ। ਵਹਿਸ਼ੀ ਉਸ ਭੂਤਨੇ ਨੂੰ ਆਖਦੇ ਹਨ, ਜਿਸ ਨੂੰ ਦੁਨੀਆਂ ਦੀ ਹੋਸ਼ ਅਤੇ ਆਦਮੀਆਂ ਵਰਗੀ ਅਕਲ ਨਾ ਹੋਵੇ। ਰਾਖਸ਼ ਤੇ ਆਦਮਖੋਰ ਉਸ ਨੂੰ ਆਖਦੇ ਹਨ, ਜੋ ਭਲੇ ਮਹਾਂਪੁਰਸ਼ਾਂ ਨੂੰ ਤੰਗ ਕਰੇ ਅਤੇ ਆਦਮ ਸਪੁੱਤਰਾਂ ਨੂੰ ਕਤਲ ਕਰਕੇ ਬੇਰਹਿਮੀ ਨਾਲ ਮਾਰ ਕੇ ਖਾਂਦਾ ਹੋਵੇ। ਔਰਤ ਉਸ ਨੂੰ ਆਖਦੇ ਹਨ, ਜਿਸ ਕੋਲ ਮਰਦਾਂ ਵਾਲੀ ਗੱਲ, ਹੌਂਸਲਾ, ਬੀਰਤਾ, ਕੁਰਬਾਨੀ ਅਤੇ ਮਰਦਾਨਗੀ ਨਾ ਹੋਵੇ।
ਜਿਸ ਮੁਲਕ ਦੇ ਗਰੀਬ, ਨਿਆਸਰੇ ਅਤੇ ਅਪਾਹਜ ਆਦਮੀ, ਬੱਚੇ, ਔਰਤਾਂ, ਮਰਦ, ਬੁੱਢੇ, ਰਾਤ ਦਿਨ ਮੱਛੀ ਵਾਂਗ ਤੜਫ ਰਹੇ ਹੋਵਣ, ਚਾਰੇ ਪਾਸੇ ਹਾਹਾਕਾਰ ਮੱਚ ਰਿਹਾ ਹੋਵੇ, ਔਰਤਾਂ ਦੀ ਦੇਸ਼ ਪ੍ਰਦੇਸ਼ ਵਿਚ ਅਤਿ ਬੇਪਤੀ ਕੀਤੀ ਜਾਂਦੀ ਹੋਵੇ, ਜਿਸ ਮੁਲਕ ਦੇ ਪਿਆਰੇ ਸਪੁੱਤਰਾਂ ਨੂੰ ਬਦੇਸ਼ੀ ਲੁੱਟ ਰਹੇ ਹੋਣ, ਜ਼ੁਲਮ ਸਿਤਮ ਲੁੱਟ ਮਾਰ ਕਰਕੇ ਗਰੀਬ ਆਦਮੀਆਂ ਨੂੰ ਠੁਡਿਆਂ ਨਾਲ ਅਤੇ ਗੋਲੀਆਂ ਨਾਲ ਮਾਰ ਕੇ ਮੌਜਾਂ ਕਰਦੇ ਹੋਵਣ, ਅਸਲੀ ਮੁਲਕ ਦੇ ਰਹਿਣ ਵਾਲਿਆਂ ਨੂੰ ਦਰ-ਬ-ਦਰ ਤੇ ਭਿਖਾਰੀ ਬਣਾ ਕੇ ਪ੍ਰਦੇਸ਼ਾਂ ਵਿਚ ਬਦਨਾਮ ਕੀਤਾ ਜਾਵੇ ਅਤੇ ਬੰਦੂਕਾਂ, ਪਸਤੌਲਾਂ, ਸੰਗੀਨਾਂ ਨਾਲ ਬੇ-ਹਥਿਆਰੇ ਆਦਮ ਸਪੁੱਤਰਾਂ ਨੂੰ ਬੇਦਰਦੀ ਨਾਲ ਪਰੋਇਆ, ਮਾਰਿਆ ਅਤੇ ਤੰਗ ਕੀਤਾ ਜਾਵੇ। ਅਜਿਹੇ ਭਿਆਨਕ ਹਾਲਤ ਵਿਚ ਅਜਿਹੇ ਤੜਫਾਟ ਵਿਚ ਮਹਾਂ ਦੁਨੀਆਂ ਦੀ ਪੁਕਾਰ ਅਗਰ ਕੋਈ ਆਦਮੀ ਨਾ ਸੁਣ ਸਕੇ ਤਾਂ ਉਸ ਨੂੰ ਅਸੀਂ ਕੀ ਕਹਾਂਗੇ? ਬੋਲੇ!
ਗਰੀਬਾਂ ਤੇ ਕਰੜੇ ਟੈਕਸ ਮੁਆਮਲੇ- ਅਨਰਥ ਅਤੇ ਉਦ੍ਰਵ ਹੁੰਦੇ ਹੋਵਣ। ਅਰਬਾਂ ਰੁਪਏ ਕਰੋੜਾਂ ਮਣ ਅਨਾਜ, ਲੱਖਾਂ ਬੰਦਿਆਂ ਦੀ ਤਾਕਤ ਦਾ ਮੁਲਕ ਵਿਚੋਂ ਦਰਿਆ ਵਗਦਾ ਹੋਵੇ, ਲੱਖਾਂ ਹੀ ਬਰਖੁਰਦਾਰ ਅਣਿਆਈ ਮੌਤੇ ਮਾਰੇ ਜਾਂਦੇ ਹੋਵਣ, ਕਈ ਬੇਗੁਨਾਹ ਸੁਖੀ ਵਸਦਿਆਂ ਨੂੰ ਕਿਸੇ ਮੁਲਕ ਦੀਆਂ ਫੌਜਾਂ ਜਾ ਕੇ ਖਾਹਮੁਖਾਹ ਤੰਗ ਕੀਤਾ ਜਾਵੇ ਅਤੇ ਲੁਟ ਦਾ ਮਾਲ ਫੌਜਾਂ ਦੇ ਮੂੰਹ ਵਿਚੋਂ ਖੋਹ ਕੇ ਆਪਣੀਆਂ ਜੇਬਾਂ ਵਿਚ ਪਾ ਲਿਆ ਜਾਵੇ, ਬਦੇਸ਼ੀ ਬੜੀਆਂ-ਬੜੀਆਂ ਤਲਬਾਂ ਪਾਣ, ਪਰ ਦੇਸ਼ ਵਾਲਿਆਂ ਨੂੰ ਭੁੱਖ ਦੇ ਕੜਾਕੇ ਸਹਾਰਨੇ ਪੈਣ। ਗਰੀਬ ਆਦਮੀ ਭੁੱਖ ਦੇ ਹੱਥੋਂ ਤੰਗ ਆ ਕੇ ਆਪਣੇ ਬੱਚਿਆਂ ਤਕ ਨੂੰ ਆਪਣੀ ਹੱਥੀਂ ਕਤਲ ਕਰ ਦੇਣ। ਗਰੀਬ ਆਦਮੀ ਭੁੱਖ ਦੇ ਹੱਥੋਂ ਤੰਗ ਆ ਕੇ ਆਪਣੇ ਬੱਚਿਆਂ ਤਕ ਨੂੰ ਆਪਣੀ ਹੱਥੀਂ ਕਤਲ ਕਰ ਦੇਣ। ਮੁਲਕ ਦੇ ਅੱਧੇ ਲੋਕ ਰੋਟੀ ਨੂੰ ਸਹਿਕ ਸਹਿਕ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹੋਵਣ। ਅਜਿਹੀ ਕਰੜੀ ਤਪਸ਼ ਵਿਚ ਤੜਫ ਰਹੇ ਨਿੱਕੇ ਨਿੱਕੇ ਬੱਚਿਆਂ ਨੂੰ ਅਗਰ ਕੋਈ ਆਦਮੀ ਨਾ ਦੇਖ ਸਕੇ ਤਾਂ ਅਜਿਹੇ ਆਦਮੀਆਂ ਨੂੰ ਸਾਡੇ ਪਾਠਕ ਕੀ ਕਹਿਣਗੇ? ਅੰਨ੍ਹੇ!
ਰਾਤ ਪਰ ਦਿਨ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬਾਂ ਪਾਸੋਂ ਬੇਸਬਰੀ, ਬੇਰਹਿਮੀ, ਬੇਈਮਾਨੀ ਨਾਲ ਦੌਲਤ ਖੋਹ ਕੇ ਰੰਡੀਬਾਜ਼ੀ, ਸ਼ਰਾਬ, ਨਾਚ, ਮੂਜਰੇ (ਮੁਜਰੇ), ਰੰਗਰਲੀਆਂ ਮਾਨਣ ਵਾਲੇ ਬਦਮਾਸ਼ਾਂ ਨੂੰ ਦੁਨੀਆਂ ਕੀ ਕਹੇਗੀ? ਆਦਮਖੋਰ; ਰਾਖਸ਼; ਜਿਸ ਮੁਲਕ ਦੇ ਦੇਸ਼ ਵਾਲਿਆਂ ਨੂੰ ਮੁੱਠੀ ਭਰ ਪ੍ਰਦੇਸ਼ੀ ਭੇਡਾਂ ਬਕਰੀਆਂ ਵਾਂਗ ਚਾਰ ਰਹੇ ਹੋਵਣ। ਦਿਨ ਦੀਵੀਂ ਝੂਠ ਬੋਲ ਕੇ ਇਕਰਾਰ ਕਰਕੇ, ਔਰਤਾਂ ਦੇ ਕੇ ਹਜ਼ਾਰ ਤਰ੍ਹਾਂ ਦੇ ਫਰਫੇਜ਼ ਕਰਕੇ ਸੁਕਣੇ ਪਾ ਛੱਡਿਆ ਹੋਵੇ, ਵੱਡੇ ਵੱਡੇ ਆਦਮੀਆਂ ਨੂੰ ਖੂਬ ਚਾਪਲੂਸੀ ਦੇ ਕੇ ਸ਼ਰਾਬਾਂ ਵਿਚ ਮਸਤ ਰਖ ਕੇ ਗਰੀਬਾਂ ਨੂੰ ਮਾਰਿਆ ਘਸੀਟਿਆ ਜਾਵੇ, ਮੁਲਕ ਦੇ ਅਸਲੀ ਰਹਿਣ ਵਾਲਿਆਂ ਵਿਚੋਂ ਥੋੜ੍ਹਿਆਂ ਨੂੰ ਇਕ ਇਕ ਬੁਰਕੀ ਟੁਕਰ ਸੁੱਟ ਕੇ ਦਿਨ ਰਾਤ ਆਪਣੇ ਦਰਵਾਜ਼ੇ ਤੇ ਭੌਂਕਣ ਵਾਸਤੇ ਰੱਖਿਆ ਜਾਵੇ, ਲੱਖਾਂ ਹੀ ਬੇਕਸੂਰਾਂ ਨੂੰ ਪਕੜ ਕੇ ਜੇਲ੍ਹਖਾਨੀ ਦੇਸ਼ ਨਿਕਾਲਾ ਅਤੇ ਕੋੜਿਆਂ ਨਾਲ ਮਰਵਾਇਆ ਜਾਂਦਾ ਹੈ। ਇਕ ਇਕ ਬਦੇਸ਼ੀ ਗਧੇ ਅੱਗੇ ਹੀਰਿਆਂ ਵਰਗੇ ਸੁੰਦਰ ਜਵਾਨ ਛੇ-ਛੇ ਫੁਟ ਉਚੇ ਚੌੜੀਆਂ ਛਾਤੀਆਂ, ਕੁੰਡੀਆਂ ਮੁੱਛਾਂ ਵਾਲੇ ਬਹਾਦਰ ਭੇਡਾਂ ਵਾਂਗ ਡਰਦੇ ਮਾਰੇ ਫਿਰਦੇ ਹੋਵਣ। ਅਜਿਹੇ ਬੁਜ਼ਦਿਲ ਕਾਇਰਾਂ, ਡਰਾਕਲਾਂ ਅਤੇ ਸੰਸਾਰ ਦੇ ਤਾਨੇ ਮੇਹਣੇ ਝੱਲਣ ਵਾਲੇ ਕੀੜਿਆਂ ਮਕੌੜਿਆਂ ਨੂੰ ਦੁਨੀਆਂ ਕੀ ਸਮਝੇਗੀ? ਔਰਤ; ਦਾਹੜੀ ਮੁੱਛਾਂ ਵਾਲੀਆਂ ਤੀਵੀਆਂ।