ਆਖਰ ਹੈ ਕੌਣ ਗੋਪਾਲ ਸਿੰਘ ਚਾਵਲਾ?

ਲਹਿੰਦੇ ਪੰਜਾਬ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਮੌਕੇ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਸਭ ਤੋਂ ਵੱਧ ਚਰਚਾ ਗੋਪਾਲ ਸਿੰਘ ਚਾਵਲਾ ਦੀ ਹੋਈ ਹੈ। ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਆਈਆਂ ਉਸ ਦੀਆਂ ਤਸਵੀਰਾਂ ਨੇ ਪੰਜਾਬ ਤੇ ਭਾਰਤ ਦੀ ਸਿਆਸਤ ਵਿਚ ਬੜੀ ਹਲਚਲ ਮਚਾਈ ਹੈ। ਇਹ ਸ਼ਖਸ ਕੌਣ ਹੈ ਅਤੇ ਇਸ ਦੀ ਸਿਆਸਤ ਦਾ ਰੁਖ ਕੀ ਹੈ,

ਇਸ ਬਾਰੇ ਚਰਚਾ ਪੱਤਰਕਾਰ/ਦਸਤਾਵੇਜ਼ੀ ਫਿਲਮਸਾਜ਼ ਦਲਜੀਤ ਅਮੀ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ। -ਸੰਪਾਦਕ

ਦਲਜੀਤ ਅਮੀ
ਫੋਨ: 91-97811-21873

ਕਰਤਾਰਪੁਰ ਸਾਹਿਬ ਲਈ ਕੌਮਾਂਤਰੀ ਸਰਹੱਦ ਦੇ ਆਰ-ਪਾਰ ਲਾਂਘਾ ਬਣਾਉਣ ਲਈ ਦੋਵੇਂ ਪਾਸੇ ਨੀਂਹ ਪੱਥਰ ਰੱਖਣ ਦੇ ਸਮਾਗਮ ਹੋਏ ਹਨ। ਇਨ੍ਹਾਂ ਸਮਾਗਮਾਂ ਨਾਲ ਕਈ ਤਰ੍ਹਾਂ ਦੀ ਚਰਚਾ ਜੁੜੀ ਹੋਈ ਹੈ। ਸਿਆਸੀ ਧਿਰਾਂ ਦੇ ਆਗੂਆਂ ਦੀ ਅਚਵੀ ਇਸ ਮੌਕੇ ਜੱਗ-ਜਾਹਰ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਗੱਦਾਰ ਕਰਾਰ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਮੌਕੇ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਕਹਿੰਦੀ ਹੈ। ਇਸ ਮੌਕੇ ਦੇਸ਼ਭਗਤੀ, ਗੱਦਾਰੀ, ਅਮਨ, ਜੰਗ, ਨਾਨਕ ਦੇ ਸੱਚੇ-ਪੈਰੋਕਾਰ ਵਰਗੇ ਸ਼ਬਦ ਵਿਸ਼ੇਸ਼ਣਾਂ ਵਜੋਂ ਖੁੱਲ੍ਹਦਿਲੀ ਨਾਲ ਵਰਤੇ ਜਾ ਰਹੇ ਹਨ, ਜੋ ਕਈ ਵਾਰ ਤੰਗਨਜ਼ਰੀ ਦੀ ਨੁਮਾਇਸ਼ ਕਰਦੇ ਜਾਪਦੇ ਹਨ।
ਇਸ ਦੌਰਾਨ ਕਈ ਭਾਰਤੀ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਨੇ ਇਸ ਸਾਰੀ ਕਾਰਵਾਈ ‘ਤੇ ਸੁਆਲ ਕੀਤੇ ਹਨ, ਜਿਨ੍ਹਾਂ ਰਾਹੀਂ ਭਾਰਤ-ਪਾਕਿਸਤਾਨ ਦੇ ਖੱਟੇ-ਮਿੱਠੇ ਰਿਸ਼ਤਿਆਂ ਦੇ ਚੋਣਵੇਂ ਤੱਥ ਚੇਤੇ ਕਰਵਾਏ ਗਏ ਹਨ। ਪਾਕਿਸਤਾਨ ਦੀ ਸਰਜ਼ਮੀਨ ਤੋਂ ਦਹਿਸ਼ਤਗਰਦੀ ਦਾ ਪਸਾਰਾ ਅਤੇ ਭਾਰਤ ਦੇ ਵੱਖਵਾਦੀਆਂ ਨੂੰ ਹਮਾਇਤ ਹਮੇਸ਼ਾਂ ਅਹਿਮ ਸੁਆਲ ਰਿਹਾ ਹੈ, ਤੇ ਇਹ ਹੁਣ ਵੀ ਗੈਰ-ਹਾਜ਼ਿਰ ਨਹੀਂ ਰਿਹਾ। ਇਸ ਵਾਰ ਗੋਪਾਲ ਸਿੰਘ ਚਾਵਲਾ ਨਾਂ ਦੇ ਸ਼ਖਸ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਦਾਅਵੇ ਕੀਤੇ ਗਏ ਹਨ ਕਿ ਉਹ ਖਾਲਿਸਤਾਨੀ ਹਨ ਅਤੇ ਉਨ੍ਹਾਂ ਦੀ ਸਮਾਗਮ ਮੌਕੇ ਹਾਜ਼ਰੀ ਪਾਕਿਸਤਾਨੀ ਹਕੂਮਤ ਤੇ ਫੌਜ ਦੇ ਭਾਰਤ ਵਿਰੋਧੀ ਖਾਸੇ ਦਾ ਪ੍ਰਗਟਾਵਾ ਕਰਦੀ ਹੈ।
ਕੌਣ ਹੈ ਗੋਪਾਲ ਚਾਵਲਾ?
ਇਸ ਮੌਕੇ ਇਹ ਸੁਆਲ ਅਹਿਮ ਬਣ ਜਾਂਦੇ ਹਨ ਕਿ ਗੋਪਾਲ ਸਿੰਘ ਚਾਵਲਾ ਕੌਣ ਹਨ ਅਤੇ ਉਨ੍ਹਾਂ ਦੀ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿਚ ਸ਼ਿਰਕਤ ਦੇ ਕੀ ਮਾਅਨੇ ਹਨ? ਉਨ੍ਹਾਂ ਦੇ ਫੇਸਬੁੱਕ ਖਾਤੇ ਮੁਤਾਬਕ ਉਹ ਨਨਕਾਣਾ ਸਾਹਿਬ ਦੇ ਵਾਸੀ ਹਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਹਨ। ਭਾਰਤੀ ਮੀਡੀਆ ਵਿਚ ਗੋਪਾਲ ਸਿੰਘ ਚਾਵਲਾ ਨਾਲ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਫੋਟੋ ਆਈ ਤਾਂ ਇਸ ਉਤੇ ਮਣਾਂਮੂੰਹੀ ਚਰਚਾ ਮੀਡੀਆ ਵਿਚ ਹੋਈ। ਸਾਮਨਾ ਟੈਲੀਵਿਜ਼ਨ ਉਤੇ ਚਰਚਾ ਵਿਚ ਸ਼ਿਰਕਤ ਕਰਦਿਆਂ ਗੋਪਾਲ ਸਿੰਘ ਚਾਵਲਾ ਨੇ ਕਿਹਾ ਹੈ, “ਮੈਂ ਆਪਣੇ ਮੁਲਕ ਦੇ ਫੌਜ ਮੁਖੀ ਨਾਲ ਮਿਲਿਆ ਹਾਂ, ਮੈਂ ਕਿਸੇ ਇਸਰਾਇਲ ਜਾਂ ਇੰਡੀਆ ਦੇ ਫੌਜੀ ਨੂੰ ਤਾਂ ਨਹੀਂ ਮਿਲਿਆ। ਕਮਰ ਜਾਵੇਦ ਬਾਜਵਾ ਸਾਡੇ ਦਿਲਾਂ ਵਿਚ ਰਹਿੰਦੇ ਹਨ, ਕਿਉਂਕਿ ਸਿੱਖ ਕੌਮ ਦਾ ਪਾਕਿਸਤਾਨ ਨਾਲ ਰਿਸ਼ਤਾ ਉਸੇ ਤਰ੍ਹਾਂ ਹੈ ਜਿਵੇਂ (ਮੁਸਲਮਾਨ) ਤੁਹਾਡਾ ਸਾਉਦੀ ਅਰਬ ਨਾਲ ਹੈ। ਜੇ ਪਾਕਿਸਤਾਨ ਤਰੱਕੀ ਕਰਦਾ ਹੈ ਤਾਂ ਸਿੱਖ ਕੌਮ ਤਰੱਕੀ ਕਰਦੀ ਹੈ…।”
ਉਹ ਸਿੱਖ ਅਤੇ ਮੁਸਲਮਾਨ ਦੇ ਰਿਸ਼ਤੇ ਬਾਬਤ ਗੁਰੂ ਨਾਨਕ ਦੇ ਹਵਾਲੇ ਨਾਲ ਕਹਿੰਦੇ ਹਨ, “ਗੁਰੂ ਨਾਨਕ ਦੀ ਪੈਦਾਇਸ਼ ਮਾਈ ਦੌਲਤਾਂ ਦੇ ਹੱਥਾਂ ਵਿਚ ਹੋਈ। ਗੁਰੂ ਸਾਹਿਬ ਦੀ ਰੂਹਾਨੀਅਤ ਨੂੰ ਸਭ ਤੋਂ ਪਹਿਲਾਂ ਤਸਲੀਮ ਕਰਨ ਵਾਲੇ ਰਾਏ ਬੁਲਾਰ ਭੱਟੀ ਸਨ। ਉਨ੍ਹਾਂ ਦੇ ਸਭ ਤੋਂ ਕਰੀਬੀ ਸਾਥੀ ਮਰਦਾਨਾ ਸਨ। ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੀ ਨੀਂਹ ਪੱਥਰ ਹਜ਼ਰਤ ਮੀਆਂ ਮੀਰ ਨੇ ਰੱਖਿਆ। ਗੁਰੂ ਗੋਬਿੰਦ ਸਿੰਘ ਦਾ ਸਭ ਤੋਂ ਕਰੀਬੀ ਸਾਥੀ ਬੁੱਧੂ ਸ਼ਾਹ ਸੀ। ਗੁਰੂ ਗ੍ਰੰਥ ਸਾਹਿਬ, ਜਿਸ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਵਿਚ 103 ਥਾਂਈਂ ਬਾਬਾ ਫਰੀਦ ਦਾ ਜ਼ਿਕਰ ਆਉਂਦਾ ਹੈ।”
ਸਿੱਖ ਤੇ ਮੁਸਲਮਾਨ ਭੈਣ-ਭਰਾਵਾਂ ਦਾ ਮੇਲ
ਚਾਵਲਾ ਦੀ ਪਛਾਣ ਦਾ ਦੂਜਾ ਪੱਖ ‘ਪੰਜਾਬੀ ਸਿੱਖ ਸੰਗਤ’ ਨਾਂ ਦੀ ਤਨਜ਼ੀਮ ਦਾ ਚੇਅਰਮੈਨ ਹੋਣਾ ਹੈ, ਜਿਸ ਦੇ ਫੇਸਬੁੱਕ ਪੰਨੇ ਦੇ 54,000 ਤੋਂ ਵੱਧ ਫਾਲੋਅਰ ਹਨ। ਇਸ ਤਨਜ਼ੀਮ ਨਾਲ ਜੁੜੀਆਂ ਖਬਰਾਂ ਗੋਪਾਲ ਸਿੰਘ ਨੇ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਦੀ ਆਖਰੀ ਖਬਰ ਤਿੰਨ ਭੈਣ-ਭਰਾਵਾਂ ਦਾ 70 ਸਾਲ ਪਿਛੋਂ ਨਨਕਾਣਾ ਸਾਹਿਬ ਵਿਚ ਮੇਲ ਹੋਣਾ ਹੈ। ਇਹ ਖਬਰ ਪਿਛਲੇ ਤਿੰਨ ਦਿਨਾਂ ਵਿਚ ਭਾਰਤ-ਪਾਕਿਸਤਾਨ ਦੇ ਕਰੀਬ ਹਰ ਮੀਡੀਆ ਅਦਾਰੇ ਨੇ ਕਿਸੇ ਨਾ ਕਿਸੇ ਰੂਪ ਵਿਚ ਨਸ਼ਰ ਕੀਤੀ ਹੈ। ਨਨਕਾਣਾ ਸਾਹਿਬ ਵਿਚ ਤਿੰਨ ਭੈਣ-ਭਰਾਵਾਂ ਦੀ ਮਿਲਣੀ ਵੇਲੇ ਗੋਪਾਲ ਸਿੰਘ ਚਾਵਲਾ ਹਾਜ਼ਿਰ ਸਨ।
ਉਹ ਕਹਿ ਰਹੇ ਸਨ, “ਇਹ ਦੋਵੇਂ ਭੈਣਾਂ ਮੁਸਲਮਾਨ ਅਤੇ ਇਹ ਭਰਾ ਸਿੱਖ ਹੈ ਤੇ ਇਨ੍ਹਾਂ ਦੀ ਮੁਲਾਕਾਤ 70 ਸਾਲਾਂ ਬਾਅਦ ਹੋਈ ਹੈ। ਪੰਜਾਬੀ ਸਿੱਖ ਸੰਗਤ ਨੇ ਉਪਰਾਲਾ ਕੀਤਾ ਸੀ ਅਤੇ ਅਸੀਂ ਇਹ ਐਲਾਨ ਕਰਵਾਏ ਸਨ ਕਿ ਜੇ ਕਿਸੇ ਦਾ ਭੈਣ-ਭਰਾ ਪਾਕਿਸਤਾਨ ਦੇ ਕਿਸੇ ਹਿੱਸੇ ਵਿਚ ਵੀ ਰਹਿ ਗਿਆ ਹੈ ਤਾਂ ਸਾਡੇ ਨਾਲ ਰਾਬਤਾ ਕਾਇਮ ਕਰੋ।” ਉਹ ਦਾਅਵਾ ਕਰ ਰਹੇ ਹਨ ਕਿ ਉਹ ਪਾਕਿਸਤਾਨ ਵਿਚ ਵਿਛੜੇ ਭੈਣ-ਭਰਾਵਾਂ ਦੇ ਮੇਲ ਲਈ ਪੰਜਾਬੀ ਸਿੱਖ ਸੰਗਤ ਰਾਹੀਂ ਹਰ ਉਪਰਾਲਾ ਕਰਨਗੇ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਤਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵਕਾਲਤ ਕੀਤੀ ਹੈ ਅਤੇ ਇਸ ਸਮਾਗਮ ਵਿਚ ਉਨ੍ਹਾਂ ਦੀ ਭਾਈਵਾਲੀ ਸੁਭਾਵਿਕ ਹੈ। ਡੇਰਾ ਬਾਬਾ ਨਾਨਕ ਵਿਚ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਿਲ ਹੋਏ ਸਨ। ਇਉਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮਰੁਤਬਾ ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮਰੁਤਬਾ ਤਨਜ਼ੀਮ ਹੈ ਅਤੇ ਦੂਜੇ ਪਾਸੇ ਕਰਤਾਰਪੁਰ ਸਾਹਿਬ ਵਿਚ ਗੁਰਦੁਆਰੇ ਦੀ ਇੰਤਜ਼ਾਮੀਆ ਹੈ। ਇਸ ਲਿਹਾਜ਼ ਉਹ ਸਮੁੱਚੇ ਸਮਾਗਮ ਦਾ ਮੇਜ਼ਬਾਨ ਸੀ ਅਤੇ ਗੋਪਾਲ ਸਿੰਘ ਚਾਵਲਾ ਇਸ ਦੇ ਨੁਮਾਇੰਦੇ ਸਨ।
ਸਿੱਧੂ ਨੂੰ ਕਿਵੇਂ ਮਿਲੇ ਗੋਪਾਲ ਚਾਵਲਾ
ਉਹ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਬਾਬਤ ਦੱਸਦੇ ਹਨ, “ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਵਜੋਂ ਆਪਣੇ ਮੁਲਕ ਵਿਚ ਆਏ ਨਵਜੋਤ ਸਿੰਘ ਸਿੱਧੂ ਦੇ ਸੁਆਗਤ ਲਈ ਗਿਆ ਸਾਂ ਅਤੇ ਉਥੇ ਫੋਟੋ ਖਿਚਵਾਈ ਸੀ। ਇਸੇ ਨਾਤੇ ਮੇਰੀਆਂ ਬਾਕੀ ਮਹਿਮਾਨਾਂ ਨਾਲ ਵੀ ਫੋਟੋਆਂ ਖਿੱਚ ਹੋਈਆਂ।” ਉਨ੍ਹਾਂ ਦੀ ਫੇਸਬੁੱਕ ਉਤੇ ਹੀ ਪਾਕਿਸਤਾਨੀ ਟੈਲੀਵਿਜ਼ਨ ਪੀ. ਟੀ. ਵੀ. ਦੀ 54ਵੀਂ ਵਰੇਗੰਢ ਮੌਕੇ ਨਨਕਾਣਾ ਸਾਹਿਬ ਵਿਚ ਹੋਏ ਸਮਾਗਮ ਦੀ ਰਪਟ ਹੈ, ਜਿਸ ਵਿਚ ਗੋਪਾਲ ਸਿੰਘ ਚਾਵਲਾ ਨੇ ਮਜਹਬੀ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨਾਲ ਸਿੱਖ ਬਰਾਬਰੀ ਦੇ ਨੁਮਾਇੰਦੇ ਵਜੋਂ ਸ਼ਿਰਕਤ ਕੀਤੀ ਸੀ।
ਇਕ ਵੀਡੀਓ ਵਿਚ ਉਹ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਬੋਲ ਰਹੇ ਹਨ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਮੁਕੱਦਸ ਥਾਂ ਉਤੇ ਦਮਦਮੀ ਟਕਸਾਲ ਤੋਂ ਲੈ ਕੇ 2020-ਰਾਇਸ਼ੁਮਾਰੀ (ਰੈਫਰੈਂਡਮ) ਵਾਲੇ ਆਪਣੇ ਬੈਨਰ ਲਾ ਸਕਦੇ ਹਨ, ਕਿਉਂਕਿ ਇਸ ਥਾਂ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਉਨ੍ਹਾਂ ਦਾ ਦਾਅਵਾ ਹੈ, “ਗੁਰਸਿੱਖਾਂ ਨੂੰ ਜਿੰਨੀ ਆਜ਼ਾਦੀ ਪਾਕਿਸਤਾਨ ਵਿਚ ਹੈ, ਉਹ ਦੁਨੀਆਂ ਵਿਚ ਹੋਰ ਕਿਤੇ ਨਹੀਂ ਹੈ। ਜੇ ਹਿੰਦੋਸਤਾਨ ਨੇ ਇਸੇ ਮਾਮਲੇ ਵਿਚ ਸਾਡੇ ਨਾਲ ਜ਼ਿੱਦ ਕਰਨੀ ਹੈ ਤਾਂ ਇਸੇ ਤਰ੍ਹਾਂ ਦੀ ਆਜ਼ਾਦੀ ਸਿੱਖਾਂ ਨੂੰ ਉਥੇ ਦੇ ਦੇਵੇ।”
ਇਸ ਪਿਛੋਂ ਉਹ ਕੁਝ ਚੋਣਵੀਂਆਂ ਘਟਨਾਵਾਂ ਦੇ ਹਵਾਲੇ ਨਾਲ ਭਾਰਤ ਵਿਚ ਸਿੱਖਾਂ ਖਿਲਾਫ ਹੁੰਦੇ ਜ਼ੁਲਮ ਦੀ ਗੱਲ ਕਰਦਿਆਂ ਸਾਰੇ ਮਸਲਿਆਂ ਦੇ ਹੱਲ ਵਜੋਂ ਆਜ਼ਾਦ ਖਾਲਿਸਤਾਨ ਦੀ ਮੰਗ ਕਰਦਾ ਹੈ। ਉਹ 2020-ਰਾਇਸ਼ੁਮਾਰੀ ਦੀ ਹਮਾਇਤ ਕਰਦਿਆਂ ਲੋੜ ਪੈਣ ਉਤੇ ‘ਸਿਰ ਵਾਰਨ’ ਦਾ ਵਾਅਦਾ ਕਰਦਾ ਹੈ। ਉਹ ਅਕਾਲ ਤਖਤ ਨੂੰ ਯਰਗਮਾਲ (ਬੰਦੀ) ਬਣਾ ਲਏ ਜਾਣ ਦੀ ਬਾਤ ਪਾਉਂਦਿਆਂ ਸਿੱਖ ਮਸਲਿਆਂ ਵਿਚ ਆਰ. ਐਸ਼ ਐਸ਼ ਅਤੇ ਰਾਅ (ਆਰ. ਏ. ਡਬਲਿਊ.-ਰਿਸਰਚ ਐਂਡ ਅਨੈਲੇਸਿਸ ਵਿੰਗ) ਦੇ ਦਖਲ ਬਾਰੇ ਗੱਲ ਕਰਦਾ ਹੈ। ਤਕਰੀਰ ਦੇ ਅੰਤ ਵਿਚ ਉਹ ਅਕਾਲ ਤਖਤ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮੰਨਣ ਦਾ ਮਤਾ ਪਾਸ ਕਰਵਾਉਂਦਾ ਹੈ ਅਤੇ ਖਾਲਿਸਤਾਨ ਦੇ ਨਾਅਰੇ ਲਵਾਉਂਦਾ ਹੈ। ਇਹ ਵੀਡੀਓ 25 ਨਵੰਬਰ ਨੂੰ ਪੋਸਟ ਕੀਤਾ ਗਿਆ ਹੈ।
ਇਕ ਦਿਨ ਪਹਿਲਾਂ ਇਸੇ ਮੰਚ ਤੋਂ ਪਾਕਿਸਤਾਨ ਦੇ ਮਜਹਬੀ ਮਾਮਲਿਆਂ ਦੇ ਕੇਂਦਰੀ ਮੰਤਰੀ ਪੀਰ ਨੂਰ ਹੱਕ ਕਾਦਰੀ ਤਕਰੀਰ ਕਰ ਕੇ ਗਏ ਸਨ ਅਤੇ ਗੋਪਾਲ ਸਿੰਘ ਚਾਵਲਾ ਉਨ੍ਹਾਂ ਦੇ ਪਿੱਛੇ ਖੜ੍ਹੇ ਹਨ। ਫੇਸਬੁੱਕ ਉਤੇ ਸਾਂਝੇ ਕੀਤੇ ਗਏ ਵੀਡੀਓ ਵਿਚ ਜਨਾਬ ਕਾਦਰੀ ਨੇ ਗੁਰੂ ਨਾਨਕ ਦਾ 550ਵਾਂ ਜਨਮ ਸਾਲ ਪਾਕਿਸਤਾਨ ਵਿਚ ਸ਼ਾਨ-ਓ-ਸ਼ੌਕਤ ਨਾਲ ਮਨਾਉਣ ਦਾ ਐਲਾਨ ਕੀਤਾ ਸੀ।
ਭਾਰਤੀ ਸੁਪਰੀਮ ਕੋਰਟ ਨੇ ਪਹਿਲੀ ਮਾਰਚ 1995 ਨੂੰ ਬਲਵੰਤ ਸਿੰਘ ਅਤੇ ਹੋਰ ਬਨਾਮ ਪੰਜਾਬ ਵਾਲੇ ਕੇਸ ਵਿਚ ਫੈਸਲਾ ਸੁਣਾਇਆ ਸੀ ਕਿ ਜੇ ਨਫਰਤ ਜਾਂ ਹਿੰਸਾ ਫੈਲਾਉਣ ਦਾ ਮਾਮਲਾ ਨਾ ਹੋਵੇ ਤਾਂ ਨਾਅਰੇਬਾਜ਼ੀ ਕਾਰਨ ਦੇਸ਼ਧ੍ਰੋਹ (ਧਾਰਾ 124 ਏ) ਦਾ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਇਸ ਕੇਸ ਵਿਚ ਮੁਲਜ਼ਮਾਂ ਖਿਲਾਫ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਰਾਜ ਕਰੇਗਾ ਖਾਲਸਾ’ ਦੇ ਨਾਅਰੇ ਲਾਉਣ ਦਾ ਦੋਸ਼ ਸੀ।
ਗੋਪਾਲ ਚਾਵਲਾ ਕਿਥੋਂ ਦੇ ਵਾਸੀ ਹਨ?
ਗੋਪਾਲ ਚਾਵਲਾ ਦੇ ਪੁਰਖੇ ਸਰਹੱਦੀ ਸੂਬੇ (ਖੈਬਰ ਪਖਤੂਨਖਵਾ) ਦੇ ਰਹਿਣ ਵਾਲੇ ਸਨ, ਜਿਥੇ ਉਨ੍ਹਾਂ ਦਾ ਪਿੰਡ ਤੋਰਾਬੜੀ ਜ਼ਿਲਾ ਕੁਹਾਟ ਤੇ ਤਹਿਸੀਲ ਹੰਗੂ ਵਿਚ ਪੈਂਦਾ ਹੈ। ਉਨ੍ਹਾਂ ਦੇ ਬਹੁਤੇ ਰਿਸ਼ਤੇਦਾਰ 1947 ਦੀ ਵੰਡ ਦੌਰਾਨ ਹਿਜਰਤ ਕਰ ਕੇ ਭਾਰਤ ਆ ਗਏ ਸਨ ਪਰ ਉਨ੍ਹਾਂ ਦੇ ਦਾਦਾ ਸੰਤ ਸਿੰਘ ਨੇ ਪਾਕਿਸਤਾਨ ਰਹਿਣ ਦਾ ਫੈਸਲਾ ਕੀਤਾ ਸੀ।
ਪਾਕਿਸਤਾਨ ਵਿਚ ਸਿੱਖਾਂ ਦੀ ਆਬਾਦੀ ਕਰੀਬ 20 ਹਜ਼ਾਰ ਹੈ, ਜੋ ਮੁਲਕ ਦੀ ਆਬਾਦੀ ਦੀ ਕਰੀਬ 20 ਕਰੋੜ ਆਬਾਦੀ ਦਾ ਕੋਈ ਦਸ ਹਜ਼ਾਰਵਾਂ ਹਿੱਸਾ ਹੈ। ਇਸ ਨਿਗੂਣੀ ਗਿਣਤੀ ਦੀ ਬਰਾਦਰੀ ਦੀ ਪਾਕਿਸਤਾਨ ਵਿਚ ਹੈਸੀਅਤ ਦਾ ਅੰਦਾਜ਼ਾ ਲਾਉਣ ਲਈ ਕਿਸੇ ਵਿਦਵਤਾ ਦੀ ਲੋੜ ਨਹੀਂ। ਸੰਨ 1971 ਵਿਚ ਗੋਪਾਲ ਚਾਵਲਾ ਦਾ ਨਾਨਕਾ ਪਰਿਵਾਰ ਖੈਬਰ ਪਖਤੂਨਖਵਾ ਤੋਂ ਆ ਕੇ ਨਨਕਾਣਾ ਸਾਹਿਬ ਵਸਿਆ। ਉਸ ਦਾ ਜਨਮ ਖੈਬਰ ਪਖਤੂਨਖਵਾ ਵਿਚ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ ਬਾਅਦ ਵਿਚ ਨਨਕਾਣਾ ਸਾਹਿਬ ਵਸ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਵੇਲੇ ਨਨਕਾਣਾ ਸਾਹਿਬ ਵਿਚ 250 ਤੋਂ ਵੱਧ ਸਿੱਖ ਪਰਿਵਾਰ ਹਨ।
ਗੋਪਾਲ ਦੀ ਦਸਵੀਂ ਤੱਕ ਪੜ੍ਹਾਈ ਖੈਬਰ ਪਖਤੂਨਖਵਾ ਦੇ ਆਪਣੇ ਪਿੰਡ ਵਿਚ ਹੋਈ ਅਤੇ ਹੋਮੋਪੈਥਿਕ ਡਾਕਟਰੀ ਦੀ ਚਾਰ ਸਾਲਾ ਪੜ੍ਹਾਈ ਉਨ੍ਹਾਂ ਨੇ ਫੈਸਲਾਬਾਦ (ਪੁਰਾਣਾ ਲਾਇਲਪੁਰ) ਤੋਂ ਕੀਤੀ। ਉਹ ਹੁਣ ਪੇਸ਼ੇ ਵਜੋਂ ਡਾਕਟਰ ਹਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਇਕ ਊਰਦੂ ਹਫਤਾਵਾਰੀ ਰਸਾਲੇ ਵਿਚ ਗੋਪਾਲ ਸਿੰਘ ਚਾਵਲਾ ਨਾਲ ਖਸੂਸੀ ਮੁਲਾਕਾਤ 10-16 ਨਵੰਬਰ 2013 ਦੇ ਅੰਕ ਵਿਚ ਛਪੀ ਸੀ, ਜੋ 24 ਨਵੰਬਰ 2018 ਨੂੰ ਯਾਦ ਵਜੋਂ ਫੇਸਬੁੱਕ ਉਤੇ ਸਾਂਝੀ ਕੀਤੀ ਗਈ ਹੈ। ਇਰਸ਼ਾਦ ਅਹਿਮਦ ਇਰਸ਼ਾਦ ਨਾਂ ਦੇ ਮੁਲਾਕਾਤੀ ਨੇ ਇਸ ਮੁਲਾਕਾਤ ਦਾ ਸਿਰਲੇਖ ਲਿਖਿਆ ਹੈ, “ਪਾਕਿਸਤਾਨ ਗੁਰੂ ਨਾਨਕ ਕੀ ਧਰਤੀ ਹੈ, ਇਸ ਕੀ ਹਿਫਾਜ਼ਤ ਔਰ ਮੁਹੱਬਤ ਹਮਾਰੇ ਮਜਹਬ ਕਾ ਹਿੱਸਾ ਹੈ। ਯਕੀਨ ਕਾਮਿਲ ਹੈ, ਖਾਲਿਸਤਾਨ ਕਾਇਮ ਔਰ ਮਕਬੂਜ਼ਾ ਜੰਮੂ ਕਸ਼ਮੀਰ ਜ਼ਰੂਰ ਆਜ਼ਾਦ ਹੋਗਾ। ਮੋਦੀ ਕਾ ਜ਼ੁਲਮ ਆਜ਼ਾਦੀ ਕੀ ਜਾਰੀ ਤਹਿਰੀਕੋਂ ਕੋ ਮਜ਼ਬੂਤ ਔਰ ਨਈਂ ਤਹਿਰੀਕੋਂ ਕੋ ਜਨਮ ਦੇ ਰਹਾ ਹੈ।”
ਗੋਪਾਲ ਸਿੰਘ ਚਾਵਲਾ ਮੁਤਾਬਕ ਉਨ੍ਹਾਂ ਨੇ ‘ਗੁਰੂ ਨਾਨਕ ਮਿਸ਼ਨ’ ਅਤੇ ‘ਗੁਰੂ ਗ੍ਰੰਥ ਸਾਹਿਬ ਸੇਵਾ ਜਥਾ’ ਨਾਂ ਦੀਆਂ ਗੈਰ-ਸਰਕਾਰੀ ਜਥੇਬੰਦੀਆਂ ਬਣਾਉਣ ਪਿਛੋਂ ‘ਪੰਜਾਬੀ ਸਿੱਖ ਸੰਗਤ’ ਬਣਾਈ, ਜਿਸ ਦਾ ਕੰਮ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਤੋਂ ਰੋਜ਼ਾਨਾ ਹੁਕਮਨਾਮਾ ਵੈਬਸਾਇਟ ‘ਤੇ ਪਾਉਣਾ ਹੈ ਅਤੇ ਅਹਿਮ ਸਮਾਗਮ ਸਿੱਧੇ ਨਸ਼ਰ ਕਰਨਾ ਹੈ। ਉਹ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਐਂਬੂਲੈਂਸ ਅਤੇ ਵੀਲ੍ਹ ਚੇਅਰ ਦੀ ਸੇਵਾ ਮੁਹੱਈਆ ਕਰਦੀ ਹੈ। ਇਹ ਤਨਜੀਮ 1947 ਦੇ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦਾ ਉਪਰਾਲਾ ਕਰਦੀ ਹੈ।
‘ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ’
ਖਾਲਿਸਤਾਨ ਦੇ ਨਕਸ਼ੇ ਬਾਬਤ ਪੁੱਛੇ ਗਏ ਸੁਆਲ ਦੇ ਜੁਆਬ ਵਿਚ ਗੋਪਾਲ ਕਹਿੰਦੇ ਹਨ, “ਸਾਨੂੰ ਪਹਿਲਾਂ ਸਾਰਾ ਪੰਜਾਬ ਲੈਣਾ ਚਾਹੀਦਾ ਸੀ ਪਰ 1947 ਵਿਚ ਅਸੀਂ ਪਾਕਿਸਤਾਨ ਵਾਲੇ ਇਲਾਕੇ ਦਾ ਨੁਕਸਾਨ ਤਾਂ ਕਰ ਲਿਆ। ਹੁਣ ਪਾਕਿਸਤਾਨ ਵਾਲੇ ਪਾਸੇ ਤੋਂ ਸਾਨੂੰ ਕੋਈ ਮੁਸ਼ਕਿਲ ਨਹੀਂ। ਅਸੀਂ ਕਾਇਦ-ਏ-ਆਜ਼ਮ ਦੀ ਗੱਲ ਨਹੀਂ ਮੰਨੀ ਅਤੇ ਹੁਣ ਤਾਂ ਖਾਲਿਸਤਾਨ ਉਸੇ ਪਾਸੇ ਬਣੇਗਾ।” ਉਹ ਪਾਕਿਸਤਾਨ ਵਿਚ ਗੁਰਧਾਮਾਂ ਦੇ ਹਵਾਲੇ ਨਾਲ ਪੰਜਾਬ ‘ਤੇ ਆਪਣਾ ਦਾਅਵਾ ਮੰਨਦਾ ਹਨ ਪਰ ਖਾਲਿਸਤਾਨ ਬਣਨ ਕਾਰਨ ਉਹ ਪਾਕਿਸਤਾਨ ਵਾਲੀ ਸਰਹੱਦ ਖਤਮ ਕਰਨ ਦਾ ਮਨਸੂਬਾ ਪੇਸ਼ ਕਰਦੇ ਹਨ।
ਉਨ੍ਹਾਂ ਮੁਤਾਬਕ ਖਾਲਿਸਤਾਨ ਅਤੇ ਪਾਕਿਸਤਾਨ ਇਕੋ ਮੁਲਕ ਹੋਵੇਗਾ। ਉਹ ਸਿੱਖ-ਮੁਸਲਮਾਨ ਦੀ ਸਾਂਝ ਦੇ ਕਈ ਹਵਾਲੇ ਦਿੰਦੇ ਹਨ। ਜਦੋਂ ਉਨ੍ਹਾਂ ਨੂੰ ਇਹੋ ਜਿਹੇ ਹਵਾਲਿਆਂ ਨਾਲ ਹਿੰਦੂ-ਸਿੱਖ ਦੀ ਸਾਂਝ ਬਾਬਤ ਪੁੱਛਿਆ ਗਿਆ ਤਾਂ ਜੁਆਬ ਸੀ, “ਹਿੰਦੂ ਵੀ ਸਾਡੇ ਭਰਾ ਹਨ ਪਰ ਅਸੀਂ ਹਿੰਦੂ ਨਹੀਂ ਹਾਂ। ਜਿਵੇਂ ਮੁਸਲਮਾਨ ਸਾਡੇ ਭਰਾ ਹਨ ਪਰ ਅਸੀਂ ਮੁਸਲਮਾਨ ਨਹੀਂ ਹਾਂ।” ਉਹ ਪਾਕਿਸਤਾਨ ਦੀ ਖੁਸ਼ੀ ਵਿਚ ਖਾਲਸਾ ਪੰਥ ਅਤੇ ਗੁਰੂ ਨਾਨਕ ਦੇ ਅਸਥਾਨਾਂ ਦੀ ਖੁਸ਼ੀ ਵੇਖਦੇ ਹਨ। ਉਨ੍ਹਾਂ ਦੀ ਆਖਰੀ ਦਲੀਲ ਹੈ ਕਿ ਜੇ ਮੁਸਲਮਾਨਾਂ, ਈਸਾਈਆਂ, ਹਿੰਦੂਆਂ ਅਤੇ ਯਹੂਦੀਆਂ ਦੇ ਮੁਲਕ ਹਨ ਤਾਂ ਸਿੱਖਾਂ ਦਾ ਵੀ ਮੁਲਕ ਹੋਣਾ ਚਾਹੀਦਾ ਹੈ।
ਹਾਫਿਜ਼ ਸਈਦ ਨਾਲ ਕੀ ਹੈ ਰਿਸ਼ਤਾ?
ਗੋਪਾਲ ਸਿੰਘ ਚਾਵਲਾ ਹਾਫਿਜ਼ ਸਈਦ ਨਾਲ ਆਪਣੇ ਰਿਸ਼ਤਿਆਂ ਬਾਬਤ ਸੁਆਲ ਦਾ ਜੁਆਬ ਇਉਂ ਦਿੰਦੇ ਹਨ, “ਪਾਕਿਸਤਾਨ ਵਿਚ ਉਨ੍ਹਾਂ ਨੂੰ ਹਾਫਿਜ਼ ਸਈਦ ਸਾਹਿਬ ਕਹਿੰਦੇ ਹਨ। ਉਹ ਪਾਕਿਸਤਾਨ ਦੇ ਸ਼ਹਿਰੀ ਹਨ ਅਤੇ ਉਨ੍ਹਾਂ ਦੀ ਤਨਜ਼ੀਮ ਫਲਾਇ-ਇਨਸਾਨੀਅਤ ਸਾਰੇ ਪਾਕਿਸਤਾਨ ਵਿਚ ਐਂਬੂਲੈਂਸ ਦੀ ਸਹੂਲਤ ਦਿੰਦੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਵਿਚ ਥਾਰ ਦਾ ਇਲਾਕਾ ਹੈ ਜਿਥੇ ਹਿੰਦੂ ਆਬਾਦੀ ਹੈ ਅਤੇ ਉਥੇ ਹਾਫਿਜ਼ ਸਈਦ ਨੇ ਹਰ ਪਿੰਡ ਵਿਚ ਖੂਹ ਲਵਾਇਆ ਹੈ। ਉਥੇ ਦੇ ਹਿੰਦੂ ਉਸ ਨੂੰ ਆਪਣਾ ਦੇਵਤਾ ਮੰਨਦੇ ਹਨ।” ਉਹ ਅੱਗੇ ਦੱਸਦੇ ਹਨ ਕਿ ਪਾਕਿਸਤਾਨ ਵਿਚ ਮਨੁੱਖੀ ਹਕੂਕ ਦੇ ਹਰ ਸਮਾਗਮ ਵਿਚ ਮੁਸਲਮਾਨਾਂ ਦੇ ਚਾਰ ਫਿਰਕਿਆਂ ਦੇ ਨੁਮਾਇੰਦੇ ਆਉਂਦੇ ਹਨ। ਇਸ ਤੋਂ ਇਲਾਵਾ ਸਿੱਖਾਂ, ਹਿੰਦੂਆਂ ਅਤੇ ਈਸਾਈਆਂ ਦੇ ਨੁਮਾਇੰਦੇ ਆਉਂਦੇ ਹਨ। ਇਨ੍ਹਾਂ ਸਮਾਗਮਾਂ ਵਿਚ ਸਿੱਖ ਬਰਾਦਰੀ ਦੀ ਨੁਮਾਇੰਦਗੀ ਗੋਪਾਲ ਸਿੰਘ ਚਾਵਲਾ ਕਰਦੇ ਹਨ।
ਉਹ ਮੋੜਵੇਂ ਸੁਆਲ ਕਰਦੇ ਹਨ, “ਇਹ ਮੇਰਾ ਮੁਲਕ ਹੈ ਅਤੇ ਹਾਫਿਜ਼ ਸਈਦ ਇਸ ਮੁਲਕ ਦਾ ਸ਼ਹਿਰੀ ਹੈ। ਮੈਂ ਉਨ੍ਹਾਂ ਨਾਲ ਮੰਚ ਉਤੇ ਬੈਠਣ ਤੋਂ ਕਿਵੇਂ ਇਨਕਾਰ ਕਰ ਦਿਆਂ? ਮੈਂ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਿਵੇਂ ਕਰ ਦਿਆਂ? ਉਹ ਭਾਰਤ ਲਈ ਦਹਿਸ਼ਤਗਰਦ ਹੈ ਪਰ ਸਾਡਾ ਸ਼ਹਿਰੀ ਹੈ। ਉਸ ਨਾਲ ਹੱਥ ਮਿਲਾ ਕੇ ਮੈਂ ਕਿਵੇਂ ਦਹਿਸ਼ਤਗਰਦ ਹੋ ਜਾਂਵਾਗਾ?”
ਗੋਪਾਲ ਚਾਵਲਾ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਆਪਣੇ ਰਾਬਤੇ ਬਾਬਤ ਕਹਿੰਦੇ ਹਨ ਕਿ ਉਨ੍ਹਾਂ ਦਾ ਆਈ. ਐਸ਼ ਆਈ. ਨਾਲ ਕੋਈ ਰਿਸ਼ਤਾ ਨਹੀਂ ਹੈ। ਉਹ ਮਜ਼ਾਕੀਆ ਲਹਿਜ਼ੇ ਵਿਚ ਕਹਿੰਦੇ ਹਨ, “ਮੈਂ ਟੈਲੀਵਿਜ਼ਨ ਉਤੇ ਦੇਖ ਰਿਹਾ ਸੀ ਕਿ ਕਿਸੇ ਨੂੰ ਹਿੰਦੋਸਤਾਨ ਵਿਚ ਸਿਰਦਰਦ ਹੋ ਗਿਆ। ਮੈਂ ਕਿਹਾ ਕਿ ਹੁਣ ਇਹ ਨਾ ਕਹਿ ਦਿੱਤਾ ਜਾਵੇ ਕਿ ਚਾਵਲਾ ਜਾਂ ਆਈ. ਐਸ਼ ਆਈ. ਦੀ ਭੇਜੀ ਹਵਾ ਨਾਲ ਇਹ ਸਿਰਦਰਦ ਹੋਇਆ ਹੈ।” ਉਹ ਕਹਿੰਦੇ ਹਨ ਕਿ ਜਦੋਂ ਪਾਕਿਸਤਾਨ ਵਿਚ ਕੋਈ ਧਮਾਕਾ ਹੁੰਦਾ ਹੈ ਤਾਂ ਭਾਰਤੀ ਖੁਫੀਆ ਏਜੰਸੀਆਂ ਦਾ ਨਾਂ ਲਿਆ ਜਾਂਦਾ ਹੈ।
ਕੀ ਕਰਤਾਰਪੁਰ ਲਾਂਘਾ ਇਮਰਾਨ ਖਾਨ ਦੀ ਕੂਟਨੀਤਕ ਕਾਮਯਾਬੀ ਹੈ?
ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਉਤੇ ਲਗਾਤਾਰ ਨਜ਼ਰ ਰੱਖਣ ਵਾਲੇ ਪੱਤਰਕਾਰ ਗੋਬਿੰਦ ਠੁਕਰਾਲ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿਚ ਪਾਕਿਸਤਾਨ ਮੁਲਕ ਦੇ ਅੰਦਰੋਂ ਅਤੇ ਬਾਹਰੋਂ ਜ਼ਬਰਦਸਤ ਦਬਾਅ ਵਿਚ ਹੈ। ਅਮਰੀਕਾ ਦੇ ਸਾਥੀ ਵਜੋਂ ਅਫਗਾਨਿਸਤਾਨ ਵਿਚ ਉਨ੍ਹਾਂ ਦੀ ਦਖਲਅੰਦਾਜ਼ੀ ਨਾਕਾਮੀ ਸਾਬਤ ਹੋਈ ਹੈ ਅਤੇ ਹੁਣ ਅਮਰੀਕਾ ਹਰ ਇਮਦਾਦ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ। ਇਨ੍ਹਾਂ ਹਾਲਾਤ ਵਿਚ ਫੌਜ ਤੇ ਸਰਕਾਰ ਇਕਸੁਰ ਹੋਏ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਭਾਰਤ ਨਾਲ ਰਿਸ਼ਤੇ ਸੁਧਾਰਨੇ ਜ਼ਰੂਰੀ ਹਨ। ਗੋਬਿੰਦ ਠੁਕਰਾਲ ਕਹਿੰਦੇ ਹਨ, “ਇਮਰਾਨ ਖਾਨ ਨੇ ਚੋਣਾਂ ਜਿੱਤਣ ਪਿਛੋਂ ਤਿੰਨ ਪਹਿਲਕਦਮੀਆਂ ਕੀਤੀਆਂ ਹਨ, ਜੋ ਉਨ੍ਹਾਂ ਦੀ ਕੂਟਨੀਤਕ ਕਾਮਯਾਬੀ ਬਣ ਗਈਆਂ। ਪਹਿਲਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਵਿਚ ਅਮਨ ਦੀ ਬਾਤ ਪਾਈ ਅਤੇ ਫਿਰ ਆਪਣੇ ਸਹੁੰ ਚੁੱਕ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਨਾਲ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਰਾਹੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਵਾਅਦਾ ਕਰ ਲਿਆ ਤੇ ਮੁੜ ਕੇ ਆਪਣੇ ਹਿੱਸੇ ਦਾ ਲਾਂਘਾ ਬਣਾਉਣ ਦਾ ਇਕਤਰਫਾ ਐਲਾਨ ਕਰ ਦਿੱਤਾ।”
ਉਨ੍ਹਾਂ ਦਾ ਮੰਨਣਾ ਹੈ ਕਿ ਲਾਂਘੇ ਦੇ ਮਾਮਲੇ ਵਿਚ ਭਾਰਤ ਨੂੰ ਜਲਦਬਾਜ਼ੀ ਵਿਚ ਫੈਸਲਾ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਸ਼ਸ਼ੋਪੰਜ ਵਿਚ ਅਣਮੰਨੇ ਮਨ ਨਾਲ ਦੋ ਮੰਤਰੀਆਂ ਨੂੰ ਨੀਂਹ ਪੱਥਰ ਰੱਖਣ ਵਾਲੇ ਸਮਾਗਮ ਵਿਚ ਭੇਜਣਾ ਪਿਆ। ਇਨ੍ਹਾਂ ਹਾਲਾਤ ਵਿਚ ਗੋਬਿੰਦ ਠੁਕਰਾਲ ਦਾ ਕਹਿਣਾ ਹੈ, “ਇਮਰਾਨ ਖਾਨ ਦੀਆਂ ਪਹਿਲਕਦਮੀਆਂ ਨੇ ਭਾਰਤੀ ਹਕੂਮਤ ਦੀ ਅਚਵੀ ਬਾਹਰ ਕੱਢ ਲਿਆਂਦੀ ਹੈ। ਇਨ੍ਹਾਂ ਹਾਲਾਤ ਵਿਚ ਗੋਪਾਲ ਸਿੰਘ ਚਾਵਲਾ ਸ਼ਸ਼ੋਪੰਜ ਵਿਚ ਫਸੀ ਭਾਰਤੀ ਹਕੂਮਤ ਲਈ ਰਾਹਤ ਦਾ ਸਬੱਬ ਬਣਿਆ ਹੈ, ਕਿਉਂਕਿ ਉਸ ਦੇ ਹਵਾਲੇ ਨਾਲ ਭਾਰਤੀ ਅਚਵੀ ਨੂੰ ਮੀਡੀਆ ਵਿਚ ਜ਼ੁਬਾਨ ਮਿਲੀ ਹੈ।”
ਗੋਬਿੰਦ ਠੁਕਰਾਲ ਦਾ ਮੰਨਣਾ ਹੈ ਕਿ ਪਾਕਿਸਤਾਨ ਚਾਵਲਾ ਦੀ ਵਰਤੋਂ ਕਰਦਾ ਹੈ ਅਤੇ ਇਹ ਲੋੜ ਮੁਤਾਬਕ ਕਰਦਾ ਰਹੇਗਾ। ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਦਲੀਲ ਇਹ ਵੀ ਬਣਦੀ ਹੈ ਕਿ ਗੁਰਧਾਮਾਂ ਦੀ ਪਹੁੰਚ ਸੁਖਾਲੀ ਕਰਨ ਲਈ ਦੋਹਾਂ ਮੁਲਕਾਂ ਨੂੰ ਆਪਣੀ ਵਿਦੇਸ਼ ਨੀਤੀ ਦੀ ਟਕਸਾਲੀ ਸਮਝ ਦਰਕਿਨਾਰ ਕਰਨੀ ਪਈ ਹੈ। ਸਿੱਖਾਂ, ਪੰਜਾਬੀਆਂ ਅਤੇ ਮੁਕੱਦਸ ਅਸਥਾਨਾਂ ਦੇ ਨਾਲ-ਨਾਲ ਸਾਂਝੇ ਸਭਿਆਚਾਰ ਅਤੇ ਇਤਿਹਾਸ ਨੇ ਲੋਕਾਂ ਵਿਚ ਸਰਹੱਦ ਦੇ ਪਾਰ ਦੀ ਖਿੱਚ ਕਾਇਮ ਰੱਖਣੀ ਹੈ। ਸਰਹੱਦ ਨੂੰ ਸੀਲਬੰਦ ਕਰਨ ਅਤੇ ਨਵੇਂ-ਨਵੇਂ ਲਾਂਘੇ ਖੋਲ੍ਹਣ ਦੀ ਮੰਗ ਨਾਲੋ-ਨਾਲ ਹੁੰਦੀ ਰਹਿਣੀ ਹੈ। ਜੇ ਅਮਨ ਦੀ ਸਿਆਸਤ ਹੋਣੀ ਹੈ ਤਾਂ ਜੰਗ ਦੀ ਵੀ ਹੋਣੀ ਹੈ। ਹੁਣ ਗੋਪਾਲ ਸਿੰਘ ਚਾਵਲਾ ਸਰਹੱਦ ਦੀ ਪੇਚੀਦਗੀ ਦਾ ਨੁਮਾਇੰਦਾ ਬਣਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕੋਈ ਹੋਰ ਹੋ ਸਕਦਾ ਹੈ।
(ਬੀ.ਬੀ.ਸੀ. ਪੰਜਾਬੀ ਤੋਂ ਧੰਨਵਾਦ ਸਹਿਤ)