ਧਰਮ, ਕਰਤਾਰਪੁਰ ਦਾ ਲਾਂਘਾ ਅਤੇ ਸਿਆਸਤ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਪਿਛਲੇ ਕੁਝ ਦਿਨ ਇਸ ਤਰ੍ਹਾਂ ਦੇ ਲੰਘੇ ਜਿਵੇਂ ਕੋਈ ਸੁਪਨਮਈ ਹਫਤਾ ਚੱਲ ਰਿਹਾ ਹੋਵੇ। ਬਹੁਤ ਸੁਭਾਗੇ ਦਿਨ ਸਨ, ਜਦ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਕਰਤਾਰਪੁਰ ਸਾਹਿਬ ਦਾ ਨਾਂ ਧਰਤੀ ਤੋਂ ਅਸਮਾਨ ਤਕ ਗੂੰਜਦਾ ਰਿਹਾ। ਫਿਜ਼ਾ ਵਿਚ ਇਕੋ ਹੀ ਜ਼ਿਕਰ ਸੀ-ਧੰਨ ਗੁਰੂ ਨਾਨਕ, ਧੰਨ ਬਾਬਾ ਨਾਨਕ। ਮੈਂ ਤਾਂ ਕਈ ਵਾਰ ਅੰਤਰ ਧਿਆਨ ਹੋ ਸਤਿਗੁਰੂ ਜੀ ਦੇ ਚਰਨਾਂ ਉਤੇ ਸਿਰ ਰੱਖ ਸ਼ੁਕਰਾਨਾ ਕੀਤਾ ਕਿ ਇਸ ਜੀਵਨ ਵਿਚ ਇਹ ਅਨੰਦ ਵਿਭੋਰ ਹੋਣ ਦਾ ਸਮਾਂ ਵੀ ਮਿਲਿਆ ਹੈ, ਤੇਰੀ ਰਹਿਮਤ, ਤੇਰੀਆਂ ਅਸਚਰਜ ਖੇਡਾਂ, ਭਲਾ ਮੈਂ ਕੀ ਜਾਣਾ!

ਅਚਾਨਕ ਇਕ ਦਿਨ ਟੀæ ਵੀæ ‘ਤੇ ਖਬਰ ਵੇਖੀ-ਸੁਣੀ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਦਿੱਲੀ ਵਾਲੀ ਰਿਹਾਇਸ਼ ‘ਤੇ ਕੀਰਤਨ ਕਰਵਾਇਆ, ਜੋ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੱਥਾ ਟੇਕਣ ਆਏ। ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਵੀ ਬੁਲਾਇਆ ਗਿਆ ਸੀ। ਜ਼ਰਾ ਕੁ ਮਨ ਵਿਚ ਆਇਆ ਕਿ ਮੋਦੀ ਤਾਂ ਕਦੀ ਜਹਾਜ ਤੋਂ ਥੱਲੇ ਪੈਰ ਰੱਖਦਾ ਹੀ ਨਹੀਂ, ਫਿਰ ਉਹ ਮੱਥਾ ਟੇਕਣ ਕਿਵੇਂ ਆ ਗਿਆ? ਮਨ ਵਿਚ ਇਹ ਵੀ ਆਇਆ ਕਿ ਗੋਲਕ ਲੋਟੂਆਂ ਦੇ ਘਰੇ ਕੀਰਤਨ ਸਮਾਗਮ ਅਤੇ ਮੋਦੀ ਜੀ! ਪਰ ਫਿਰ ਵਿਚਾਰ ਆਈ ਕਿ ਕੀ ਪਤਾ ਬੰਦੇ ਨੂੰ ਕਦੋਂ ਅਕਲ ਆ ਜਾਵੇ, ਉਹ ਕਦੋਂ ਸਿੱਧੇ ਰਸਤੇ ਤੁਰ ਪਵੇ ਤੇ ਗੁਨਾਹਾਂ ਤੋਂ ਤੌਬਾ ਕਰ ਲਵੇ, ਪਰ ਫਿਰ ਵੀ ਮਨ ਮੰਨਣ ਨੂੰ ਤਿਆਰ ਨਹੀਂ ਸੀ।
ਕਾਰਨ, ਪਿਛਲੇ ਕੁਝ ਸਮੇਂ ਵਿਚ ਸ਼ਬਦ ਗੁਰੂ ਦੀ ਬੇਅਦਬੀ ਨੂੰ ਲੈ ਕੇ ਬਰਗਾੜੀ ‘ਚ ਹੋਈਆਂ ਸ਼ਹਾਦਤਾਂ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਪੰਜਾਬ ਵਿਚ ਮਚੀ ਤਰਥੱਲੀ ਅਤੇ ਅਕਾਲੀ ਦਲ ਦੇ ਵੱਡੇ ਜਰਨੈਲਾਂ ਵਲੋਂ ਬਾਦਲ ਪਰਿਵਾਰ ਵਿਰੁਧ ਬਗਾਵਤਾਂ-ਇਹ ਸਾਰਾ ਕੁਝ ਅੰਦਰਲਾ ਮੰਨ ਨਹੀਂ ਰਿਹਾ ਸੀ ਕਿ ਸਭ ਕੁਝ ਠੀਕ ਹੈ, ਕੁਝ ਤਾਂ ਹੈ, ਜੋ ਜ਼ਰੂਰ ਬਾਹਰ ਆਉਣ ਵਾਲਾ ਹੈ। ਇਵੇਂ ਹੀ ਹੋਇਆ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਿਉਂ ਹੀ ਐਲਾਨ ਕੀਤਾ ਕਿ ਅਸੀਂ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਲਾਂਘਾ ਬਣਾਉਣ ਨੂੰ ਤਿਆਰ ਹਾਂ, ਜਿਸ ਦਾ ਨੀਂਹ ਪੱਥਰ 28 ਨਵੰਬਰ ਨੂੰ ਰੱਖਿਆ ਜਾਵੇਗਾ, ਤਾਂ ਜਿੱਥੇ ਸਿੱਖ ਕੌਮ ਵਿਚ ਠਾਠਾਂ ਮਾਰਦਾ ਚਾਅ ਉਮੜ ਆਇਆ, ਉਥੇ ਬਾਦਲਕਿਆਂ ਨੂੰ ਭਾਜੜਾਂ ਪੈ ਗਈਆਂ। ਕਾਰਨ, ਇਸ ਲਾਂਘੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਤਿੰਨ ਮਹੀਨਿਆਂ ਤੋਂ ਬਹੁਤ ਚਰਚਾ ਵਿਚ ਸਨ। ਉਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਪਾਣੀ ਪੀ ਪੀ ਕੋਸ ਰਹੀਆਂ ਸਨ, ਤੇ ਸਿੱਧੂ ਮੁਸਕਰਾ ਰਹੇ ਸਨ ਕਿ ਲਾਂਘਾ ਖੁੱਲ੍ਹਣ ਦੀਆਂ ਖਬਰਾਂ ਨੇ ਤਹਿਲਕਾ ਮਚਾ ਦਿਤਾ।
ਹੁਣ ਕੀ ਹੋਵੇ? ਪੰਜਾਬ ਵਿਚ ਸਰਕਾਰ ਕਾਂਗਰਸ ਦੀ, ਸਿੱਧੂ ਮੰਤਰੀ ਕਾਂਗਰਸ ਦਾ, ਪਰ ਦੇਖਣਾ ਇਹ ਸੀ ਕਿ ਪੰਥ ਦੇ ਆਗੂ ਅਤੇ ਪੰਜਾਬ ‘ਤੇ ਰਾਜ ਕਰਨ ਵਾਲੇ ਸਿੱਖ ਕੌਮ ਦੇ ਆਪੂੰ ਬਣੇ ਫਖਰ-ਏ-ਕੌਮ, ਹੁਣ ਕਿਹੜੀ ਚਾਲ ਚੱਲਣਗੇ?
ਮੋਦੀ ਸਰਕਾਰ ਨੇ ਝਟ ਪਟ ਮੋੜਵਾਂ ਐਲਾਨ ਕਰ ਦਿੱਤਾ ਕਿ ਅਸੀਂ ਇਸ ਲਾਂਘੇ ਦਾ ਨੀਂਹ ਪੱਥਰ ਡੇਰਾ ਬਾਬਾ ਨਾਨਕ ਵਿਚ 26 ਨਵੰਬਰ ਨੂੰ ਰੱਖਾਂਗੇ। ਸਿੱਖ ਕੌਮ ਤਾਂ ਬਉਰੀ ਹੋਈ ਪਈ ਸੀ, ਆਪਣੇ ਸਤਿਗੁਰੂ ਜੀ ਦੇ ਵਿਹੜੇ ਵਿਚ ਜਾਣ ਲਈ। ਸਿੱਖ ਕੌਮ ਦੀ ਅਰਦਾਸ ਪੂਰੀ ਹੋਣ ਲੱਗੀ ਸੀ, 71 ਸਾਲਾਂ ਪਿਛੋਂ। ਉਹ ਉਸ ਧਰਤੀ ਨੂੰ ਦੇਖਣ ਲਈ ਉਤਾਵਲੇ ਸਨ, ਜਿਥੇ ਬਾਬੇ ਨਾਨਕ ਨੇ ਹਲ ਚਲਾ ਕੇ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ ਕਿ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ।
ਸਿੱਖ ਸੰਗਤਾਂ ਦੇ ਨਾਲ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਦਾ ਹਰ ਬਾਸ਼ਿੰਦਾ ਵੀ ਇਸ ਖੁਸ਼ੀ ਵਿਚ ਗੜੂੰਦ ਸੀ ਕਿ ਕੱਲ ਨੂੰ ਇਸ ਲਾਂਘੇ ਦਾ ਨੀਂਹ ਪੱਥਰ ਰੱਖ ਹੋਵੇਗਾ। ਸਿੱਧੂ ਦੇ ਨਾਂ ਦੀ ਚਰਚਾ ਵੀ ਹਰ ਪਾਸੇ ਸੀ ਕਿ ਇਹ ਕੰਮ ਸਿੱਧੂ ਦੀ ਪਿਆਰ ਮਿਲਣੀ ਨਾਲ ਹੀ ਪਰਵਾਨ ਚੜ੍ਹ ਰਿਹਾ ਹੈ। ਪੰਜਾਬ ਸਰਕਾਰ ਵਲੋਂ ਮੁਖ ਸਮਾਗਮ ਦੀ ਤਿਆਰੀ ਹੋ ਰਹੀ ਸੀ, ਨੀਂਹ ਪੱਥਰ ਰੱਖਣ ਲਈ ਭਾਰਤ ਦੇ ਰਾਸ਼ਟਰਪਤੀ ਆ ਰਹੇ ਸਨ। ਉਧਰ ਪਾਕਿਸਤਾਨ ਸਰਕਾਰ ਵਲੋਂ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਪੱਤਰ ਮਿਲ ਚੁਕੇ ਸਨ।
ਫਿਰ ਖਬਰ ਆਈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਸਵੇਰੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰਕੇ ਅਕਾਲੀ ਲੀਡਰਸ਼ਿਪ ਅਤੇ ਸੰਗਤਾਂ ਦੇ ਨਾਲ ਸ਼ਬਦ ਕੀਰਤਨ ਕਰਦਿਆਂ ਪੈਦਲ ਤੁਰ ਕੇ ਇਸ ਸਮਾਗਮ ਵਿਚ ਸ਼ਾਮਲ ਹੋਣਗੇ। ਫਿਰ ਅਚਾਨਕ ਇਹ ਖਬਰ ਆਈ ਕਿ ਨੀਂਹ ਪੱਥਰ ਰੱਖਣ ਦਾ ਕਾਰਜ ਰਾਸ਼ਟਰਪਤੀ ਨਹੀਂ, ਉਪ ਰਾਸ਼ਟਰਪਤੀ ਕਰਨਗੇ ਅਤੇ ਇਸ ਸਮਾਗਮ ਵਿਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਪੁਰੀ ਸਾਹਿਬ ਵੀ ਪਹੁੰਚ ਰਹੇ ਹਨ। ਪਾਕਿਸਤਾਨ ਵਲੋਂ ਆਏ ਸੱਦੇ ‘ਤੇ ਬੀਬੀ ਸੁਸ਼ਮਾ ਸਵਰਾਜ ਨਹੀਂ ਬਲਕਿ ਬੀਬੀ ਹਰਸਿਮਰਤ ਕੌਰ ਬਾਦਲ ਜਾ ਰਹੇ ਹਨ। ਸਾਰੀ ਧੁੰਦਲੀ ਤਸਵੀਰ ਸਾਫ ਹੋ ਚੁਕੀ ਸੀ ਕਿ ਮੋਦੀ ਬਾਦਲ ਪਰਿਵਾਰ ਦੀਆਂ ਮਿੰਨਤਾਂ ਪ੍ਰਵਾਨ ਕਰ ਚੁਕੇ ਸਨ ਅਤੇ ਸਾਰਾ ਪ੍ਰੋਗਰਾਮ ਸਿੱਧਾ-ਪੁਠਾ ਤੈਅ ਹੋ ਚੁਕਾ ਸੀ।
ਅਸਲ ਕਹਾਣੀ ਤਾਂ ਖੜ੍ਹੇ ਪੈਰ ਉਦੋਂ ਸਾਹਮਣੇ ਆਈ, ਜਦੋਂ ਰੱਖੇ ਜਾਣ ਵਾਲੇ ਨੀਂਹ ਪੱਥਰ ‘ਤੇ ਸਾਰੇ ਬਾਦਲ ਪਰਿਵਾਰ ਦੇ ਹੀ ਨਾਂ ਲਿਖੇ ਹੋਏ ਪੰਜਾਬ ਸਰਕਾਰ ਦੇ ਸਾਹਮਣੇ ਆਏ। ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕ ਹੈਰਾਨ ਸਨ ਕਿ ਇਹ ਕੀ ਹੋ ਰਿਹਾ ਹੈ, ਪਰ ਜੋ ਵੀ ਹੋ ਰਿਹਾ ਸੀ ਸ਼ੱਰੇਆਮ ਕੀਤਾ ਜਾ ਰਿਹਾ ਸੀ। ਕੀ ਇਹ ਬੀæ ਜੇæ ਪੀæ ਦੀ ਮੋਦੀ ਸਰਕਾਰ ਅਤੇ ਬਾਦਲਾਂ ਦੀ ਮਿਲੀਭੁਗਤ ਨਹੀਂ ਸੀ ਕਿ ਪੰਜਾਬ ਸਰਕਾਰ ਨੂੰ ਗੁੱਠੇ ਲਾ ਕੇ ਬਾਦਲ ਪਰਿਵਾਰ ਨੂੰ ਹਰ ਕੰਮ ਵਿਚ ਪਹਿਲ ਦਿੱਤੀ ਜਾਵੇ? ਪਾਕਿਸਤਾਨ ਸਰਕਾਰ ਵਲੋਂ ਨੀਂਹ ਪੱਥਰ ਦੇ ਸਮਾਗਮ ਵਿਚ ਭਾਰਤ ਸਰਕਾਰ ਨੂੰ ਸੱਦਾ ਪੱਤਰ ਆਉਣ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਪਾਕਿਸਤਾਨ ਸਰਕਾਰ ਨੂੰ ਸਮਾਗਮ ਵਿਚ ਸ਼ਾਮਲ ਹੋਣ ਲਈ ਨਾ ਕਹਿਣਾ ਵੀ ਇਸੇ ਬੌਖਲਾਹਟ ਦਾ ਹੀ ਸਿੱਟਾ ਸੀ। ਹਰ ਗੁਰੂ ਨਾਨਕ ਨਾਮ ਲੇਵਾ ਦੇ ਅੰਦਰ ਜਿਥੇ ਖੁਸ਼ੀਆਂ ਦਾ ਹੜ੍ਹ ਠਾਠਾਂ ਮਾਰ ਰਿਹਾ ਸੀ, ਉਥੇ ਨਾਲ ਹੀ ਕੜਵਾਹਟ ਵੀ ਆ ਰਹੀ ਸੀ ਕਿ ਬੀæ ਜੇæ ਪੀæ ਅਤੇ ਬਾਦਲ ਪਰਿਵਾਰ ਦੀ ਇਹ ਗੰਦੀ ਰਾਜਨੀਤੀ ਇਸ ਲਾਂਘੇ ਦੇ ਕਾਰਜ ਵਿਚ ਕਿਉਂ ਘਟੀਆ ਚਾਲਾਂ ਚੱਲ ਰਹੀ ਹੈ? ਕੇਂਦਰੀ ਮੰਤਰੀ ਬੀਬੀ ਬਾਦਲ ਦਾ ਸਟੇਜ ਤੋਂ ਗੁਰਬਾਣੀ ਦੀਆਂ ਗਲਤ ਤੁਕਾਂ ਬੋਲ ਕੇ ਭਾਸ਼ਣ ਸ਼ੁਰੂ ਕਰਨਾ, ਸਹੀ ਮੁੱਦੇ ਦੀ ਗੱਲ ਛੱਡ ਕੇ ਚੁਰਾਸੀ ਦੇ ਕਤਲੇਆਮ ਨੂੰ ਲੈ ਕੇ ਮੋਦੀ ਦੇ ਕਸੀਦੇ ਪੜ੍ਹਨੇ, ਮੁੜ ਮੁੜ ਕਾਂਗਰਸ ਨੂੰ ਕੋਸਣਾ, ਭੈਣ ਦੇ ਹੱਕ ਵਿਚ ਮਜੀਠੀਆ ਅਤੇ ਉਸ ਦੀ ਫੌਜ ਦਾ ਨਾਅਰੇਬਾਜ਼ੀ ਕਰਨਾ ਇਕ ਵਾਰੀ ਫਿਰ ਬਾਦਲ ਪਰਿਵਾਰ ਦੇ ਖਿਲਾਫ ਭੁਗਤ ਗਿਆ।
ਗੁਰਬਾਣੀ ਦਾ ਫੁਰਮਾਨ ਹੈ, ਅੰਦਰ ਕਮਾਣਾ ਸਰ ਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚ ਕਮਾਈ॥
ਖੈਰ! ਦੋ ਦਿਨ ਮਗਰੋਂ ਇਹ ਮੋਦੀ ਬਨਾਮ ਬਾਦਲ ਕਾਫਲਾ ਪਾਕਿਸਤਾਨ ਪਹੁੰਚਿਆ, ਜਿਥੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਮੌਜੂਦ ਸਨ। ਪਾਕਿਸਤਾਨ ਸਰਕਾਰ ਦੇ ਨਾਲ ਨਾਲ ਉਥੋਂ ਦਾ ਸਾਰਾ ਆਵਾਮ ਅਤੇ ਹਰ ਚੈਨਲ ‘ਤੇ ਸਿੱਧੂ ਦੇ ਗੁਣ ਗਾਏ ਜਾ ਰਹੇ ਸਨ। ਸਿੱਧੂ ਸਾਹਿਬ ਆਪਣੇ ਪਿਆਰੇ ਤੇ ਨਿਆਰੇ ਅੰਦਾਜ਼ ਵਿਚ ਜਿਥੇ ਬਾਬਾ ਸਤਿਗੁਰੂ ਨਾਨਕ ਜੀ ਦੇ ਸ਼ੁਕਰਾਨੇ ਕਰ ਰਹੇ ਸਨ, ਉਥੇ ਸ਼ਿਅਰੋ ਸ਼ਾਇਰੀ ਕਰਕੇ ਖੁਸ਼ੀਆਂ ਵੀ ਬਟੋਰ ਰਹੇ ਸਨ, ਨਾ ਕੋਈ ਈਰਖਾ, ਨਾ ਨਫਰਤ, ਨਾ ਸਾੜਾ-ਉਥੇ ਆਪਸੀ ਪਿਆਰ ਅਤੇ ਸਤਿਕਾਰ ਦੀਆਂ ਗੱਲਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ। ਜਦ ਇਧਰੋਂ ਬੀæ ਜੇæ ਪੀæ ਦਾ ਕਾਫਲਾ ਲੈ ਕੇ ਬੀਬੀ ਬਾਦਲ ਪਾਕਿਸਤਾਨ ਪਹੁੰਚੇ ਤਾਂ ਮੁਖੜੇ ‘ਤੇ ਖੁਸ਼ੀ ਦੀ ਥਾਂ ਘਬਰਾਹਟ ਸੀ। ਕਿਉਂ? ਇਹ ਤਾਂ ਹਰ ਸ਼ਖਸ ਜਾਣਦਾ ਹੈ, ਅੰਦਰਲਾ ਚੋਰ ਬੰਦੇ ਨੂੰ ਅੰਦਰੋਂ ਟਿਕਣ ਕਿਥੇ ਦਿੰਦਾ ਹੈ?
ਪਾਕਿਸਤਾਨ ਦੇ ਸਦਰ ਇਮਰਾਨ ਖਾਨ ਨੇ ਆਪਣੇ ਭਾਸ਼ਣ ਵਿਚ ਜੋ ਪਾਕੀਜ਼ਗੀ ਅਤੇ ਉਚ ਪਾਏ ਦੀ ਸੰਜੀਦਗੀ ਦਿਖਾਈ, ਉਹ ਬਾਕਮਾਲ ਸੀ। ਉਸ ਦੇ ਚਿਹਰੇ ਤੋਂ ਜੋ ਖੁਸ਼ੀ ਨਜ਼ਰ ਆ ਰਹੀ ਸੀ, ਉਹ ਦੇਖਣ ਹੀ ਵਾਲੀ ਸੀ-ਨਿਰਛੱਲ ਅਤੇ ਨਿਸ਼ਕਪਟ, ਕੋਈ ਫਰੇਬ ਜਾਂ ਕੋਈ ਮਿਲਾਵਟ, ਕੁਝ ਵੀ ਨਹੀਂ। ਉਸ ਨੇ ਵਾਰ ਵਾਰ ਬਾਬੇ ਨਾਨਕ ਦੇ ਸ਼ੁਕਰਾਨੇ ਕੀਤੇ, ਦੋਹਾਂ ਮੁਲਕਾਂ ਦੇ ਆਪਸੀ ਪਿਆਰ ਦੀਆਂ ਬਾਤਾਂ ਪਾਈਆਂ ਅਤੇ ਸਾਹਮਣੇ ਵੱਡੀ ਗਿਣਤੀ ਵਿਚ ਬੈਠੀ ਦੋਹਾਂ ਮੁਲਕਾਂ ਦੀ ਸੰਗਤ ਦਾ ਵਾਰ ਵਾਰ ਧੰਨਵਾਦ ਕੀਤਾ।
ਇਮਰਾਨ ਖਾਨ ਨੇ ਜਿਥੇ ਇਕ ਬਹੁਤ ਹੀ ਸੁਲਝੇ ਹੋਏ ਉਚੇ ਕਿਰਦਾਰ ਵਾਲਾ ਇਨਸਾਨ ਹੋਣ ਦਾ ਸਬੂਤ ਦਿਤਾ, ਉਥੇ ਉਸ ਨੇ ਸਾਹਮਣੇ ਬੈਠੇ ਆਪਣੇ ਜਿਗਰੀ ਯਾਰ ਨਵਜੋਤ ਸਿੱਧੂ ਨੂੰ ਰੱਬ ਜਿੰਨਾ ਮਾਣ ਦਿਤਾ ਅਤੇ ਲਾਂਘੇ ਦਾ ਸਾਰਾ ਸ਼ਰਫ ਉਸ ਦੀ ਝੋਲੀ ਪਾ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਵਾਹ! ਪਾਕਿਸਤਾਨ ਸਰਕਾਰ ਵਲੋਂ ਤਾਂ ਬਣਾਇਆ ਗਿਆ ਨੀਂਹ ਪੱਥਰ ਹੀ ਕਮਾਲ ਦੀ ਦਿੱਖ ਵਾਲਾ ਹੈ। ਉਪਰ ਪਾਕਿਸਤਾਨ ਦਾ ਲੌਗੋ, ਫਿਰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਚਿਤਰ ਅਤੇ ਫਿਰ ਇਮਰਾਨ ਖਾਨ ਦਾ ਨਾਂ। ਕਿਆ ਸੂਝ ਹੈ, ਕਿਆ ਸਿਆਣਪ ਹੈ। ਹੁਣ ਉਥੇ ਬੈਠੇ ਸਾਡੇ ਕੇਂਦਰ ਦੇ ਮੰਤਰੀ ਜਿਸ ਹਾਲ ਵਿਚ ਸਨ, ਉਹ ਸਾਰਾ ਜਹਾਨ ਦੇਖ ਚੁਕਾ ਹੈ। ਪਰਮਾਤਮਾ ਮਿਹਰ ਕਰੇ, ਅਸੀਂ ਆਪਣੇ ਸੋਹਣੇ ਧਰਮ ਨੂੰ ਗੰਦੀ ਰਾਜਨੀਤੀ ਤੋਂ ਉਪਰ ਰੱਖਣ ਦੀ ਜੇ ਜਾਚ ਸਿੱਖ ਲਈਏ ਤਾਂ ਸ਼ਾਇਦ ਰੱਬ ਸਾਨੂੰ ਮੁਆਫ ਕਰ ਹੀ ਦੇਵੇ। ਆਓ ਅਰਦਾਸ ਕਰੀਏ, ਜਿਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਸੁਣੀ ਗਈ ਹੈ ਅਤੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਲਾਂਘਾ ਬਣਨ ਲੱਗਾ ਹੈ, ਇਕ ਦਿਨ ਆਵੇ ਕਿ ਸਾਰੇ ਹੀ ਬੰਧਨ ਟੁਟ ਜਾਣ, ਨਫਰਤਾਂ ਮੁਕ ਜਾਣ ਅਤੇ ਦੋਹਾਂ ਮੁਲਕਾਂ ਵਿਚੋਂ ਬਾਰਡਰ ‘ਤੇ ਹੋ ਰਹੀ ਠੰਢੀ ਜੰਗ ਵੀ ਮੁਕ ਜਾਵੇ। ਇਸ ਕਾਮਨਾ ਨੂੰ ਲੈ ਕੇ ਫਿਰ ਅਰਦਾਸ ਕਰੀਏ, ਗੁਰੂ ਮਿਹਰ ਕਰਨਗੇ।